ਦਿੱਲੀ ਹਵਾਈ ਅੱਡੇ ਤੱਕ ਦੌੜੇਗੀ ਪੀ.ਆਰ.ਟੀ.ਸੀ. ਦੀ ਲਾਰੀ

ਪਟਿਆਲਾ: ਪੀ.ਆਰ.ਟੀ.ਸੀ. ਦੀਆਂ ਬੱੱਸਾਂ ਉਤੇ ਦਿੱਲੀ ਸਥਿਤ ਕੌਮਾਂਤਰੀ ਏਅਰਪੋਰਟ ਤੱਕ ਜਾਣ ‘ਤੇ ਪੌਣੇ ਚਾਰ ਸਾਲ ਪਹਿਲਾਂ ਲੱਗੀ ਪਾਬੰਦੀ ਖੁੱਲ੍ਹਣ ਜਾ ਰਹੀ ਹੈ। ਇਸ ਸਮੇਂ ਦੌਰਾਨ ਪੀ.ਆਰ.ਟੀ.ਸੀ. ਨੂੰ 50 ਕਰੋੜ ਤੋਂ ਵੱਧ ਦਾ ਵਿੱੱਤੀ ਨੁਕਸਾਨ ਹੋਇਆ ਹੈ।

ਜ਼ਿਕਰਯੋਗ ਹੈ ਕਿ ਪਹਿਲਾਂ ਪੀ.ਆਰ.ਟੀ.ਸੀ., ਪਨਬਸ ਅਤੇ ਪੰਜਾਬ ਰੋਡਵੇਜ ਦੀਆਂ ਸਰਕਾਰੀ ਬੱਸਾਂ ਪੰਜਾਬ ਦੇ ਅੱਧੀ ਦਰਜਨ ਸ਼ਹਿਰਾਂ ਤੋਂ ਦਿੱਲੀ ਏਅਰਪੋਰਟ ਤੱਕ ਜਾਂਦੀਆਂ ਸਨ, ਪਰ ਸਤੰਬਰ 2018 ‘ਚ ਏਅਰਪੋਰਟ ਜਾਣ ਵਾਲੀਆਂ ਸਰਕਾਰੀ ਬੱਸਾਂ ‘ਤੇ ਰੋਕ ਲਾ ਦਿੱਤੀ ਗਈ ਸੀ। ਦਿੱਲੀ ਸਰਕਾਰ ਦਾ ਤਰਕ ਸੀ ਕਿ ਪੰਜਾਬ ਦੀਆਂ ਇਨ੍ਹਾਂ ਸਰਕਾਰੀ ਬੱੱਸਾਂ ਕੋਲ ਦਿੱਲੀ ਦੇ ਮੁੱਖ ਬੱੱਸ ਅੱਡੇ ਤੱਕ ਦਾ ਹੀ ਪਰਮਿਟ ਹੈ। ਇਸ ਤਰ੍ਹਾਂ ਸਤੰਬਰ 2018 ਤੋਂ ਇਹ ਬੱਸਾਂ ਏਅਰਪੋਰਟ ‘ਤੇ ਨਹੀਂ ਜਾ ਰਹੀਆਂ ਸਨ। ਉਪਰੰਤ ਪ੍ਰਾਈਵੇਟ ਬੱਸ ਕੰਪਨੀਆਂ ਦੇ ਮਾਲਕਾਂ ਨੇ ਇਨ੍ਹਾਂ ਪੌਣੇ ਚਾਰ ਸਾਲਾਂ ਦੌਰਾਨ ਖੂਬ ਹੱਥ ਰੰਗੇ।
ਪੰਜਾਬ ਸਰਕਾਰ ਦੇ ਮੈਨੇਜਿੰਗ ਡਾਇਰੈਕਟਰ ਪਨਬੱਸ ਚੰਡੀਗੜ੍ਹ ਵੱਲੋਂ ਵੱਖ-ਵੱਖ ਡਿੱਪੂ ਮੈਨੇਜਰਾਂ ਨੂੰ ਦਿੱਲੀ ਹਵਾਈ ਅੱਡੇ ਲਈ ਬੱਸਾਂ ਚਲਾਉਣ ਸਬੰਧੀ ਵਿਸ਼ੇਸ਼ ਸਰਟੀਫਿਕੇਟ ਭੇਜਣ ਦੀ ਹਦਾਇਤ ਕੀਤੀ ਗਈ ਹੈ। ਇਹ ਹਦਾਇਤ ਚੰਡੀਗੜ੍ਹ, ਰੂਪ ਨਗਰ, ਜਲੰਧਰ-1, ਲੁਧਿਆਣਾ, ਅੰਮ੍ਰਿਤਸਰ-1, ਅੰਮ੍ਰਿਤਸਰ-2, ਪਠਾਨਕੋਟ, ਮੋਗਾ, ਸ੍ਰੀ ਮੁਕਤਸਰ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਡਿੱਪੂ ਮੈਨੇਜਰਾਂ ਨੂੰ ਪੱਤਰ ਲਿਖ ਕੇ ਕੀਤੀ ਗਈ ਹੈ। ਪੱਤਰ ਵਿਚ ਆਦੇਸ਼ ਦਿੱਤੇ ਗਏ ਹਨ ਕਿ ਭਵਿੱਖ ਵਿਚ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਲਈ ਵੋਲਵੋ ਬੱਸ ਸਰਵਿਸ ਸ਼ੁਰੂ ਕੀਤੀ ਜਾਵੇ। ਪੱਤਰ ਵਿਚ ਇਹ ਯਕੀਨੀ ਬਣਾਉਣ ਲਈ ਵੀ ਲਿਖਿਆ ਹੈ ਕਿ ਜਿਹੜੀ ਵੀ ਬੱਸ ਦਿੱਲੀ ਹਵਾਈ ਅੱਡੇ ‘ਤੇ ਭੇਜੀ ਜਾਵੇ, ਉਸ ਦਾ ਟਾਈਮ ਉਡਾਣਾਂ ਨਾਲ ਮੇਲ ਖਾਂਦਾ ਹੋਵੇ ਅਤੇ ਬੱਸ ਤਕਨੀਕੀ ਪੱਖੋਂ ਠੀਕ ਹੋਵੇ; ਬੱਸ ਦਾ ਰੋਡ ਟੈਸਟ ਵੀ ਲਿਆ ਜਾਵੇ ਅਤੇ ਬੱਸਾਂ ਦੀ ਦਿੱਖ ਅੰਦਰੋਂ ਤੇ ਬਾਹਰੋਂ ਠੀਕ ਹੋਵੇ, ਜਦੋਂਕਿ ਬੱਸਾਂ ਦੀ ਸਾਫ-ਸਫਾਈ ਵਧੀਆ ਤਰੀਕੇ ਨਾਲ ਹੋਵੇ।