ਸੁਰੱਖਿਆ ਦੀ ਅਣਗਹਿਲੀ ਦੇ ਮਾਮਲੇ ਨੇ ਖੜ੍ਹੇ ਕੀਤੇ ਸ਼ੱਕ

ਚੰਡੀਗੜ੍ਹ: ਨੌਜਵਾਨ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਆਪਣੀ ਸੁਰੱਖਿਆ ਦੀ ਅਣਗਹਿਲੀ ਕੀਤੇ ਜਾਣ ਦਾ ਭੇਤ ਬਣ ਗਿਆ ਹੈ ਜਿਸ ਤੋਂ ਕਈ ਸ਼ੰਕੇ ਖੜ੍ਹੇ ਹੋ ਰਹੇ ਹਨ। ਬੇਸ਼ੱਕ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਨੂੰ ਦਿੱਤੇ ਚਾਰ ਸੁਰੱਖਿਆ ਕਮਾਂਡੋ ‘ਚੋਂ ਦੋ ਵਾਪਸ ਲੈ ਲਏ ਸਨ ਪਰ ਉਹ ਆਪਣੇ ਨਾਲ ਤਾਇਨਾਤ ਦੋ ਸੁਰੱਖਿਆ ਕਮਾਂਡੋ ਨੂੰ ਵੀ ਨਾਲ ਨਹੀਂ ਲੈ ਕੇ ਗਿਆ ਸੀ।

ਪਹਿਲਾਂ ਇਹ ਸੁਰੱਖਿਆ ਕਮਾਂਡੋ ਉਸ ਦੇ ਅੰਗ ਸੰਗ ਰਹਿੰਦੇ ਸਨ। ਜਦੋਂ ਸਿੱਧੂ ਮੂਸੇਵਾਲਾ ਘਰੋਂ ਰਵਾਨਾ ਹੋਇਆ ਤਾਂ ਉਸ ਨੇ ਕਮਾਂਡੋਜ਼ ਨੂੰ ਘਰ ਹੀ ਰਹਿਣ ਦੀ ਹਦਾਇਤ ਕਰ ਦਿੱਤੀ।
ਸਿੱਧੂ ਮੂਸੇਵਾਲਾ ‘ਤੇ ਜਦੋਂ ਹਮਲਾ ਹੋਇਆ ਤਾਂ ਉਦੋਂ ਉਸ ਨਾਲ ਤਿੰਨ ਦੋਸਤ ਸਵਾਰ ਸਨ। ਉਹ ਆਪਣੀ ਕਾਲੀ ਥਾਰ ਗੱਡੀ ਵਿਚ ਘਰੋਂ ਨਿਕਲਿਆ ਸੀ, ਹਾਲਾਂਕਿ ਉਨ੍ਹਾਂ ਕੋਲ ਬੁਲਟ ਪਰੂਫ ਫਾਰਚੂਨਰ ਗੱਡੀ ਹੈ ਜਿਸ ਦੀ ਅਕਸਰ ਉਹ ਵਰਤੋਂ ਕਰਦਾ ਸੀ। ਉਨ੍ਹਾਂ ਵੱਲੋਂ ਬੁਲਟ ਪਰੂਫ ਗੱਡੀ ਦੀ ਥਾਂ ਥਾਰ ਗੱਡੀ ਵਿਚ ਜਾਣਾ ਵੀ ਭੇਤ ਡੂੰਘੇ ਕਰ ਰਿਹਾ ਹੈ। ਲੋਕ ਦੱਸਦੇ ਹਨ ਕਿ ਪਹਿਲਾਂ ਜਦੋਂ ਵੀ ਸਿੱਧੂ ਮੂਸੇਵਾਲਾ ਘਰੋਂ ਬਾਹਰ ਜਾਂਦਾ ਸੀ ਤਾਂ ਉਸ ਨਾਲ ਦੋ ਗੱਡੀਆਂ ਹੋਰ ਵੀ ਚੱਲਦੀਆਂ ਸਨ ਜਿਨ੍ਹਾਂ ‘ਚ ਪ੍ਰਾਈਵੇਟ ਆਦਮੀ ਹੁੰਦੇ ਸਨ। ਇੰਟੈਲੀਜੈਂਸ ਬਿਊਰੋ ਵੱਲੋਂ ਗਾਇਕਾਂ ਅਤੇ ਅਦਾਕਾਰਾਂ ‘ਚੋਂ ਸਿੱਧੂ ਮੂਸੇਵਾਲਾ ਨੂੰ ਸਭ ਤੋਂ ਵੱਧ ਖਤਰਾ ਦੱਸਿਆ ਗਿਆ ਸੀ, ਹਾਲ ਹੀ ਵਿਚ ਹੋਰ ਵੀ ਬਹੁਤ ਸਾਰੇ ਗਾਇਕਾਂ ਅਤੇ ਅਦਾਕਾਰਾਂ ਨੂੰ ਫਿਰੌਤੀ ਲਈ ਕਾਲਾਂ ਵੀ ਆ ਰਹੀਆਂ ਸਨ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਆਪਣੇ ਕੋਲ ਹਮੇਸ਼ਾ ਹਥਿਆਰ ਰੱਖਦਾ ਸੀ ਪਰ ਉਸ ਨੂੰ ਚਲਾਉਣ ਦਾ ਮੌਕਾ ਹੀ ਨਹੀਂ ਮਿਲ ਸਕਿਆ, ਜਦੋਂ ਹਮਲਾ ਹੋਇਆ, ਉਦੋਂ ਉਹ ਖੁਦ ਗੱਡੀ ਚਲਾ ਰਿਹਾ ਸੀ।
ਹਾਲ ਹੀ ਵਿਚ ਆਏ ਗੀਤ ‘ਚ ਹੈ ਮੌਤ ਦਾ ਜ਼ਿਕਰ
ਪਟਿਆਲਾ: ਸਿੱਧੂ ਮੂਸੇਵਾਲਾ ਨੇ ਹਾਲ ਹੀ ਵਿਚ ਆਏ ਆਪਣੇ ਇਕ ਗੀਤ ‘ਚ ਆਪਣੀ ਮੌਤ ਦਾ ਜ਼ਿਕਰ ਕੀਤਾ ਸੀ। ਗੀਤ ਵਿਚ ਉਸ ਨੇ ਲਿਖਿਆ ਸੀ ਕਿ ‘ਉਹ ਜੋਬਨ ਰੁੱਤੇ ਹੀ ਤੁਰ ਜਾਵੇਗਾ‘। ‘ਦਿ ਲਾਸਟ ਰਾਈਡ‘ ਨਾਂ ਦੇ ਆਪਣੇ ਗੀਤ ਵਿਚ ਮੂਸੇਵਾਲਾ ਨੇ ਲਿਖਿਆ ਹੈ ਕਿ ਉਸ ਦਾ ‘ਜਨਾਜ਼ਾ‘ ਜਵਾਨੀ ਵਿਚ ਹੀ ਨਿਕਲੇਗਾ। ਗੀਤ ਦੇ ਬੋਲ ਸਨ ‘ਚੋਬਰ ਦੇ ਚਿਹਰੇ ਉਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ ‘ਚ ਜਨਾਜ਼ਾ ਮਿੱਠੀਏ‘। ਉਸ ਦੀ ਮੌਤ ਦੇ ਕੁਝ ਮਿੰਟਾਂ ਬਾਅਦ ਹੀ ਗੀਤ ‘ਦਿ ਲਾਸਟ ਰਾਈਡ‘ ਸੋਸ਼ਲ ਮੀਡੀਆ ਉਤੇ ਵੱਡੇ ਪੱਧਰ ‘ਤੇ ਸ਼ੇਅਰ ਕੀਤਾ ਗਿਆ। ਲੱਖਾਂ ਦੀ ਗਿਣਤੀ ਵਿਚ ਲੋਕਾਂ ਨੇ ਉਸ ਦੀ ਮੌਤ ਉਤੇ ਸੋਸ਼ਲ ਮੀਡੀਆ ਉਤੇ ਡੂੰਘਾ ਅਫਸੋਸ ਜ਼ਾਹਿਰ ਕੀਤਾ ਹੈ।