ਅਕਸਰ ਵਿਵਾਦਾਂ ਵਿਚ ਰਹੇ ਨੇ ਸਿੱਧੂ ਮੂਸੇਵਾਲਾ ਦੇ ਗੀਤ

ਚੰਡੀਗੜ੍ਹ: ਸਿੱਧੂ ਮੂਸੇਵਾਲਾ ਅਕਸਰ ਆਪਣੇ ਗੀਤਾਂ ‘ਚ ਭੜਕਾਊ ਸ਼ਬਦਾਂ ਦੀ ਵਰਤੋਂ ਕਾਰਨ ਵਿਵਾਦਾਂ ‘ਚ ਹੀ ਘਿਰਿਆ ਰਿਹਾ। ਉਸ ਦੇ ਆਲੋਚਕਾਂ ਨੇ ਕਦੇ ਵੀ ਉਸ ਦੇ ਗੀਤਾਂ ‘ਚ ਮੀਨ-ਮੇਖ ਕੱਢਣ ਦਾ ਮੌਕਾ ਨਹੀਂ ਖੁੰਝਾਇਆ।

ਹਾਲਾਂਕਿ, ਉਹਦੇ ਪ੍ਰਸੰਸਕਾਂ ਦੀ ਗਿਣਤੀ ਕਦੇ ਵੀ ਘੱਟ ਨਹੀਂ ਹੋਈ।
ਸਾਲ 2018 ਵਿਚ ਆਪਣੀ ਪਹਿਲੀ ਐਲਬਮ ‘ਨਿੰਜਾ` ਰਿਲੀਜ ਕਰਨ ਤੋਂ ਬਾਅਦ ਆਪਣੇ ਥੋੜ੍ਹੇ ਸਮੇਂ ਦੀ ਕਰੀਅਰ `ਚ ਮੂਸੇਵਾਲਾ ਆਪਣੇ ਗੀਤਾਂ ਰਾਹੀਂ ਹਿੰਸਾ ਤੇ ਹਥਿਆਰ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਕਰਕੇ ਸੁਰਖੀਆਂ `ਚ ਰਿਹਾ, ਹਾਲਾਂਕਿ, ਉਸ ਨੇ ਆਪਣੀਆਂ ਵੀਡੀਓਜ `ਚ ਹਮੇਸ਼ਾ ਕਿਸੇ ਵੀ ਤਰ੍ਹਾਂ ਦੇ ਹਥਿਆਰ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਤੋਂ ਇਨਕਾਰ ਕੀਤਾ।
ਇਕ ਸੇਵਾਮੁਕਤ ਮੁਲਾਜ਼ਮ ਦੇ ਪੁੱਤਰ ਮੂਸੇਵਾਲਾ ਦੇ ਪ੍ਰਸੰਸਕਾਂ ਦੀ ਗਿਣਤੀ ਬਹੁਤ ਵੱਡੀ ਰਹੀ, ਜਿਨ੍ਹਾਂ ‘ਚ ਖਾਸ ਤੌਰ ‘ਤੇ ਨੌਜਵਾਨ ਸ਼ਾਮਲ ਹਨ। ‘ਸਕੇਪਗੋਟ‘ ਨੂੰ ਯੂ-ਟਿਊਬ‘ਤੇ 2.2 ਮਿਲੀਅਨ ਤੋਂ ਵੱਧ ਸਬਸਕ੍ਰਾਈਬਰਾਂ ਨੇ ਦੇਖਿਆ। ਉਸ ਦੇ ਆਪਣੇ ਚੈਨਲ ‘ਤੇ ਉਸ ਦੇ 1 ਕਰੋੜ ਤੋਂ ਵੱਧ ਸਬਸਕ੍ਰਾਈਬਰਜ ਸਨ। ਆਪਣੇ ਗੀਤ ‘ਸੰਜੂ‘ ਵਿਚ ਉਸ ਨੇ ਆਪਣੀ ਤੁਲਨਾ ਏਕੇ 47 ਚਲਾਉਂਦੇ ਸੰਜੈ ਦੱਤ ਨਾਲ ਕੀਤੀ ਸੀ, ਜਿਸ ਨੂੰ ਆਲੋਚਕਾਂ ਨੇ ਭਾਵੇਂ ਪਸੰਦ ਨਾ ਕੀਤਾ, ਪਰ ਇਹ ਨੌਜਵਾਨਾਂ ‘ਚ ਕਾਫੀ ਮਕਬੂਲ ਹੋਇਆ। ਇਸ ਦੌਰਾਨ, ਜੁਲਾਈ 2020 ਵਿਚ ਪੁਲਿਸ ਨੇ ਉਸ ਖਿਲਾਫ ‘ਸੰਜੂ‘ ਗੀਤ ਦੇ ਮਾਮਲੇ ‘ਚ ਕੇਸ ਦਰਜ ਕਰ ਲਿਆ ਸੀ। ਉਸ ‘ਤੇ ਇਸ ਗੀਤ ਰਾਹੀਂ ਹਿੰਸਾ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਾਇਆ ਗਿਆ ਸੀ।
ਜ਼ਿਕਰਯੋਗ ਹੈ ਕਿ ਗਾਇਕ ਸਿੱਧੂ ਮੂਸੇਵਾਲਾ ‘ਤੇ ਇਕ ਵਾਰ ਬੰਦੂਕ ਸੱਭਿਆਚਾਰ ਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਹੇਠ ਕੇਸ ਦਰਜ ਹੋ ਚੁੱਕਿਆ ਸੀ। ਸਾਲ 2019 ਵਿਚ ਉਸ ਦਾ ਗੀਤ ‘ਜੱਟੀ ਜਿਊਣੇ ਮੌੜ ਦੀ ਬੰਦੂਕ ਵਰਗੀ‘ ਉਸ ਵੇਲੇ ਵਿਵਾਦਾਂ ‘ਚ ਘਿਰ ਗਿਆ ਸੀ ਜਦੋਂ ਇਸ ਵਿਚ ਕਥਿਤ ਤੌਰ ‘ਤੇ ਮਾਈ ਭਾਗੋ ਨੂੰ ਮਾੜੀ ਰੌਸ਼ਨੀ ਵਿਚ ਦਿਖਾਇਆ ਗਿਆ ਸੀ, ਜਿਸ ਲਈ ਸਿੱਧੂ ਨੇ ਮੁਆਫੀ ਵੀ ਮੰਗੀ ਸੀ। ਕੋਵਿਡ- 19 ਮਹਾਮਾਰੀ ਦੌਰਾਨ ਗਾਇਕ ਦੀ ਇਕ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਵਿਚ ਉਹ ਇਕ ਫਾਇਰਿੰਗ ਰੇਂਜ ‘ਚ ਏਕੇ-47 ਰਾਈਫਲ ‘ਚੋਂ ਗੋਲੀਆਂ ਚਲਾਉਂਦਾ ਨਜ਼ਰ ਆਇਆ ਸੀ ਜਿਸ ਨਾਲ ਕੁਝ ਪੁਲਿਸ ਅਧਿਕਾਰੀ ਵੀ ਸਨ। ਉਸ ਖਲਿਾਫ ਬਾਅਦ ਵਿਚ ਅਸਲਾ ਐਕਟ ਤਹਿਤ ਕੇਸ ਵੀ ਦਰਜ ਹੋਇਆ ਸੀ।
ਗਾਇਕ ਤੋਂ ਸਿਆਸਤ ਤੱਕ ਦਾ ਸਫਰ
ਮਾਨਸਾ: ਨੇੜਲੇ ਪਿੰਡ ਮੂਸਾ ਵਿਖੇ ਬਲਕੌਰ ਸਿੰਘ ਸਿੱਧੂ ਦੇ ਘਰ ਮਾਤਾ ਚਰਨ ਕੌਰ ਦੀ ਕੁੱਖੋਂ 11 ਜੂਨ 1993 ਨੂੰ ਜੰਮੇ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਬੀ.ਟੈੱਕ ਮਕੈਨੀਕਲ ਦੀ ਡਿਗਰੀ ਕਰਨ ਉਪਰੰਤ ਉੱਚ-ਸਿੱਖਿਆ ਲਈ ਕੈਨੇਡਾ ਚਲਾ ਗਿਆ ਸੀ। ਉਨ੍ਹਾਂ ਆਪਣੀ ਗਾਇਕੀ ਦਾ ਸਫਰ ਵਿਦੇਸ਼ ਤੋਂ ਸ਼ੁਰੂ ਕੀਤਾ। ਕੁਝ ਵਰ੍ਹਿਆਂ ਵਿਚ ਉਹ ਸੰਗੀਤ ਜਗਤ ਵਿਚ ਵੱਖਰੀ ਪਛਾਣ ਬਣਾ ਕੇ ਦੁਨੀਆ ਭਰ ਵਿਚ ਮਸ਼ਹੂਰ ਹੋ ਗਿਆ। ਮੂਸੇਵਾਲਾ ਦੀ ਮਾਤਾ ਪਿੰਡ ਦੀ ਸਰਪੰਚ ਹੈ। ਲੰਘੀਆਂ ਵਿਧਾਨ ਸਭਾ ਚੋਣਾਂ ਵਿਚ ਸਿੱਧੂ ਮੂਸੇਵਾਲਾ ਨੇ ਮਾਨਸਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਉਤੇ ਚੋਣ ਲੜੀ ਸੀ, ਪਰ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਵਿਜੇ ਸਿੰਗਲਾ ਤੋਂ 63 ਹਜ਼ਾਰ ਤੋਂ ਵਧੇਰੇ ਵੋਟਾਂ ਨਾਲ ਹਾਰ ਗਏ।