ਉਘੇ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਹੱਤਿਆ

ਮਾਨਸਾ: ਪਿੰਡ ਜਵਾਹਰਕੇ ਵਿਚ ਦੋ ਗੱਡੀਆਂ ਵਿਚ ਸਵਾਰ ਹੋ ਕੇ ਆਏ ਅਣਪਛਾਤੇ ਹਮਲਾਵਰਾਂ ਨੇ ਅੰਨ੍ਹੇਵਾਹ ਫਾਇਰਿੰਗ ਕਰਕੇ ਨੌਜਵਾਨ ਪੰਜਾਬੀ ਗਾਇਕ ਅਤੇ ਅਦਾਕਾਰ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਹੈ। ਇਸ ਘਟਨਾ ਵਿਚ ਸਿੱਧੂ ਮੂਸੇਵਾਲਾ ਨੂੰ ਕਰੀਬ ਸੱਤ ਗੋਲੀਆਂ ਲੱਗੀਆਂ ਤੇ ਉਸ ਦੀ ਥਾਂ ‘ਤੇ ਹੀ ਮੌਤ ਗਈ।

ਹਮਲੇ ਵਿਚ ਉਸ ਦੇ ਦੋ ਹੋਰ ਸਾਥੀ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਹਨ। ਗਾਇਕ ਨੂੰ ਸੂਬਾ ਸਰਕਾਰ ਵੱਲੋਂ ਮਿਲੀ ਸੁਰੱਖਿਆ ਅਜੇ ਇਕ ਦਿਨ ਪਹਿਲਾਂ ਹੀ ਹਟਾਈ ਗਈ ਸੀ। ਹਮਲੇ ਦੀ ਖਬਰ ਸ਼ਹਿਰ ਵਿਚ ਅੱਗ ਵਾਂਗ ਫੈਲ ਗਈ ਅਤੇ ਵੱਡੀ ਗਿਣਤੀ ਵਿਚ ਲੋਕ ਮਾਨਸਾ ਦੇ ਸਿਵਲ ਹਸਪਤਾਲ ਵਿਚ ਇਕੱਠੇ ਹੋ ਗਏ। ਲੋਕਾਂ ਨੇ ਪੰਜਾਬ ਸਰਕਾਰ ਖਿਲਾਫ਼ ਮੁਰਦਾਬਾਦ ਦੇ ਨਾਅਰੇ ਲਾਏ। ਇਸ ਘਟਨਾ ਨੂੰ ਲੈ ਕੇ ਮਾਨਸਾ ਜ਼ਿਲ੍ਹੇ ਅੰਦਰ ਮਾਤਮ ਅਤੇ ਭੈਅ ਦਾ ਮਾਹੌਲ ਹੈ।
ਜਾਣਕਾਰੀ ਅਨੁਸਾਰ ਗਾਇਕ ਸਿੱਧੂ ਮੂਸੇਵਾਲਾ ਸ਼ਾਮੀਂ ਆਪਣੇ ਦੋ ਹੋਰ ਸਾਥੀਆਂ ਸਣੇ ਥਾਰ ਗੱਡੀ ਖੁਦ ਚਲਾ ਕੇ ਕਿਸੇ ਰਿਸ਼ਤੇਦਾਰੀ ਵਿਚ ਪਿੰਡ ਖਾਰਾ-ਬਰਨਾਲਾ ਵੱਲ ਜਾ ਰਿਹਾ ਸੀ। ਇਸ ਦੌਰਾਨ ਜਿਵੇਂ ਹੀ ਉਹ ਪਿੰਡ ਜਵਾਹਰਕੇ ਪੁੱਜੇ ਤਾਂ ਸਾਹਮਣਿਓਂ ਆ ਰਹੀਆਂ ਦੋ ਗੱਡੀਆਂ ‘ਚੋਂ ਬਾਹਰ ਨਿਕਲ ਕੇ ਕੁਝ ਵਿਅਕਤੀਆਂ ਨੇ ਸਿੱਧੂ ਮੂਸੇਵਾਲਾ ਦੀ ਗੱਡੀ ‘ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਕਰੀਬ 40 ਗੋਲੀਆਂ ਚੱਲੀਆਂ ਅਤੇ ਸਿੱਧੂ ਮੂਸੇਵਾਲਾ ਨੂੰ ਸੱਤ ਦੇ ਕਰੀਬ ਗੋਲੀਆਂ ਲੱਗੀਆਂ ਤੇ ਉਸ ਦੀ ਥਾਂ ‘ਤੇ ਹੀ ਮੌਤ ਹੋ ਗਈ। ਗਾਇਕ ਅਤੇ ਉਸ ਦੇ ਜਖ਼ਮੀ ਸਾਥੀਆਂ ਨੂੰ ਸਿਵਲ ਹਸਪਤਾਲ ਮਾਨਸਾ ਲਿਆਂਦਾ ਗਿਆ, ਜਿਥੇ ਸਿੱਧੂ ਮੂਸੇਵਾਲਾ ਨੂੰ ਮ੍ਰਿਤਕ ਐਲਾਨ ਦਿੱਤਾ।
ਕਾਬਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਕੋਲ ਪਹਿਲਾਂ ਅੱਠ ਗੰਨਮੈਨ ਹੁੰਦੇ ਸਨ, ਪਰ ਪੰਜਾਬ ਸਰਕਾਰ ਵੱਲੋਂ ਘਟਨਾ ਤੋਂ ਇਕ ਦਿਨ ਪਹਿਲਾਂ ਹੀ ਸੁਰੱਖਿਆ ਵਾਪਸ ਲਏ ਜਾਣ ਕਰਕੇ ਗਾਇਕ ਕੋਲ ਦੋ ਗੰਨਮੈਨ ਰਹਿ ਗਏ ਸਨ, ਜਿਨ੍ਹਾਂ ਵਿਚੋਂ ਕੋਈ ਵੀ ਘਟਨਾ ਸਮੇਂ ਮੌਜੂਦ ਨਹੀਂ ਸੀ। ਲੋਕਾਂ ਵੱਲੋਂ ਸਿੱਧੂ ਮੂਸੇਵਾਲਾ ਤੋਂ ਸੁਰੱਖਿਆ ਕਰਮੀ ਵਾਪਸ ਲੈਣ ਦਾ ਵਿਰੋਧ ਕੀਤਾ ਜਾ ਰਿਹਾ ਸੀ।
ਗਾਇਕੀ ਦੇ ਖੇਤਰ ‘ਚੋਂ ਰਾਜਨੀਤੀ ਵਿਚ ਆਏ ਸਿੱਧੂ ਮੂਸੇਵਾਲਾ ਨੂੰ ਗੈਂਗਸਟਰ ਗਰੁੱਪ ਵੱਲੋਂ ਧਮਕੀ ਦਿੱਤੀ ਹੋਈ ਦੱਸੀ ਜਾਂਦੀ ਹੈ। ਹਾਲਾਂਕਿ ਪੁਲਿਸ ਨੇ ਇਸ ਦੀ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਹੈ।
ਇਸ ਦੌਰਾਨ ਇਹ ਵੀ ਚਰਚਾ ਹੈ ਕਿ ਸਿੱਧੂ ਮੂਸੇਵਾਲਾ ਨੇ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਦਾ ਪਾਰਟੀ ਵਰਕਰਾਂ ਕੋਲ ਦਾਅਵਾ ਕੀਤਾ ਸੀ ਅਤੇ ਇਸ ਕਤਲ ਨੂੰ ਕੁਝ ਲੋਕ ਉਸ ਘਟਨਾ ਨਾਲ ਵੀ ਜੋੜ ਰਹੇ ਹਨ। ਚੇਤੇ ਰਹੇ ਕਿ ਸਿੱਧੂ ਮੂਸੇਵਾਲਾ ਨੇ ਐਤਕੀਂ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਮਾਨਸਾ ਤੋਂ ਕਾਂਗਰਸ ਦੀ ਟਿਕਟ ਉਤੇ ਚੋਣ ਲੜੀ ਸੀ, ਪਰ ਉਹ ‘ਆਪ` ਉਮੀਦਵਾਰ ਡਾ. ਵਿਜੈ ਸਿੰਗਲਾ ਕੋਲੋਂ ਲਗਭਗ 63000 ਵੋਟਾਂ ਦੇ ਫਰਕ ਨਾਲ ਹਾਰ ਗਏ ਸਨ। ਰਾਜਨੀਤੀ `ਚ ਆਉਣ ਤੋਂ ਪਹਿਲਾਂ ਉਨ੍ਹਾਂ ਆਪਣੀ ਮਾਤਾ ਨੂੰ ਪਿੰਡ ਮੂਸਾ ਦਾ ਸਰਪੰਚ ਬਣਾਇਆ ਸੀ।
ਸਰਕਾਰ ਹਾਈ ਕੋਰਟ ਦੇ ਜੱਜ ਤੋਂ ਜਾਂਚ ਕਰਵਾਏਗੀ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸਿੱਧੂ ਮੂਸੇਵਾਲੇ ਕਤਲ ਮਾਮਲੇ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਲਈ ਤਿਆਰ ਹੈ। ਭਗਵੰਤ ਮਾਨ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ‘ਤੇ ਦੁੱਖ ਪ੍ਰਗਟਾਉਂਦਿਆਂ ਉਸ ਦੇ ਪਰਿਵਾਰ ਅਤੇ ਪ੍ਰਸੰਸਕਾਂ ਨਾਲ ਹਮਦਰਦੀ ਜਤਾਈ ਹੈ। ਉਨ੍ਹਾਂ ਮੂਸੇਵਾਲਾ ਦੇ ਕਤਲ ‘ਤੇ ਸਾਰਿਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਸ੍ਰੀ ਮਾਨ ਨੇ ਕਿਹਾ ਕਿ ਮੂਸੇਵਾਲਾ ਦੀ ਹੱਤਿਆ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਕਤਲ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ: ਡੀ.ਜੀ.ਪੀ.
ਚੰਡੀਗੜ੍ਹ: ਪੰਜਾਬ ਦੇ ਡੀ.ਜੀ.ਪੀ. ਵੀ.ਕੇ.ਭਾਵਰਾ ਨੇ ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਹੋਣ ਦੀ ਪੁਸ਼ਟੀ ਕੀਤੀ ਹੈ। ਡੀ.ਜੀ.ਪੀ. ਭਾਵਰਾ ਨੇ ਦੱਸਿਆ ਕਿ ਹੁਣ ਤੱਕ ਦੀ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਹੈ। ਲਾਰੈਂਸ ਬਿਸ਼ਨੋਈ ਗੈਂਗ ਦੇ ਕੈਨੇਡਾ ਆਧਾਰਿਤ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਡੀ.ਜੀ.ਪੀ. ਨੇ ਦੱਸਿਆ ਕਿ ਪਿਛਲੇ ਵਰ੍ਹੇ ਮੁਹਾਲੀ ਵਿਚ ਵਿੱਕੀ ਮਿੱਡੂਖੇੜਾ ਦੇ ਹੋਏ ਕਤਲ ਵਿਚ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਦਾ ਨਾਮ ਆਇਆ ਸੀ, ਜੋ ਆਸਟਰੇਲੀਆ ਚਲਾ ਗਿਆ ਸੀ। ਉਨ੍ਹਾਂ ਕਿਹਾ ਕਿ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਪ੍ਰਤੀਕਿਰਿਆ ਵਿਚ ਲਾਰੈਂਸ ਬਿਸਨੋਈ ਗੈਂਗ ਨੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦਿੱਤਾ ਹੈ।
ਸਿੱਧੂ ਮੂਸੇਵਾਲਾ ਨੂੰ ਮਾਰਨ ਆਏ ਸਨ ਸੱਤ ਹਮਲਾਵਰ
ਚੰਡੀਗੜ੍ਹ: ਸਿੱਧੂ ਮੂਸੇਵਾਲਾ ਦਾ ਕਤਲ ਕਰਨ ਲਈ ਦੋ ਕਾਰਾਂ ਵਿਚ ਸੱਤ ਜਣੇ ਆਏ ਸਨ। ਹਮਲਾਵਰਾਂ ਨੇ ਮੂਸੇਵਾਲਾ ਦੀ ਥਾਰ ਦੇ ਟਾਇਰਾਂ ਵਿਚ ਗੋਲੀਆਂ ਮਾਰੀਆਂ ਤੇ ਥਾਰ ਦਾ ਸੰਤੁਲਨ ਵਿਗੜ ਗਿਆ। ਇਸ ਤੋਂ ਬਾਅਦ ਦੋਵਾਂ ਕਾਰਾਂ ਵਿਚੋਂ ਸੱਤ ਜਣੇ ਬਾਹਰ ਆਏ ਤੇ ਇਕ ਜਣੇ ਨੇ ਤੀਹ ਦੇ ਕਰੀਬ ਫਾਇਰ ਮੂਸੇਵਾਲਾ ‘ਤੇ ਕੀਤੇ ਤੇ ਬਾਕੀ ਛੇ ਜਣਿਆਂ ਨੇ ਘੇਰਾ ਪਾ ਲਿਆ। ਜਦ ਗੋਲੀਆਂ ਦੀ ਆਵਾਜ਼ ਸੁਣ ਕੇ ਲੋਕ ਬਾਹਰ ਆਏ ਤਾਂ ਹਮਲਾਵਰਾਂ ਨੇ ਲਲਕਾਰ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ।