ਕਿਊਬਕ ਵਿਚ ਧਾਰਮਿਕ ਚਿੰਨ੍ਹਾਂ ‘ਤੇ ਪਾਬੰਦੀ ਲਾਉਣ ਦੀ ਤਿਆਰੀ

ਟੋਰਾਂਟੋ: ਸਿੱਖ ਬੱਚਿਆਂ ਦੇ ਪਟਕਾ ਬੰਨ੍ਹ ਕੇ ਫੁਟਬਾਲ ਖੇਡਣ ਦਾ ਮਾਮਲਾ ਨਜਿੱਠੇ ਨੂੰ ਅਜੇ ਬਹੁਤਾ ਸਮਾਂ ਨਹੀਂ ਹੋਇਆ ਕਿ ਹੁਣ ਕਿਊਬਕ ਦੀ ਸੂਬਾਈ ਸਰਕਾਰ ਆਪਣੇ ਦਫਤਰਾਂ, ਸਕੂਲਾਂ ਤੇ ਹਸਪਤਾਲਾਂ ਵਿਚੋਂ, ਪੱਗਾਂ, ਬੁਰਕੇ ਤੇ ਹੋਰ ਧਾਰਮਿਕ ਚਿੰਨ੍ਹਾਂ ‘ਤੇ ਪਾਬੰਦੀ ਲਾਉਣ ਲਈ ਕਾਨੂੰਨ ਘੜ ਰਹੀ ਹੈ। ਇਹ ਕਾਨੂੰਨ ਸਿੱਖਾਂ, ਯਹੂਦੀਆਂ, ਮੁਸਲਮਾਨਾਂ ਤੇ ਹੋਰ ਘੱਟ ਗਿਣਤੀਆਂ ਲਈ ਫਿਕਰ ਖੜ੍ਹਾ ਕਰੇਗਾ।
ਕੈਨੇਡਾ ਦਾ ਇਹ ਸੂਬਾ ਕੈਨੇਡਾ ਨਾਲੋਂ ਵੱਖ ਹੋਣ ਦਾ ਵੀ ਜ਼ੋਰ ਲਾਉਂਦਾ ਰਿਹਾ ਹੈ ਤੇ ਆਏ ਦਿਨ ਆਪਣੀ ਹਦੂਦ ਵਿਚ ਰਹਿ ਰਹੇ ਘੱਟ ਗਿਣਤੀ ਲੋਕਾਂ ਲਈ ਮੁਸੀਬਤਾਂ ਖੜ੍ਹੀਆਂ ਕਰ ਰਿਹਾ ਹੈ। ਮਾਂਟਰੀਅਲ ਦੇ ਅਖਬਾਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਸ ਕਾਨੂੰਨ ਸਬੰਧੀ ਬਹਿਸ ਪਿਛਲੇ ਪੰਜ ਛੇ ਸਾਲਾਂ ਤੋਂ ਅੰਦਰੇ ਅੰਦਰ ਚੱਲ ਰਹੀ ਹੈ। ਹੁਕਮਰਾਨ ‘ਪਾਰਟੀ ਕਿਬੈਕਵਾ’ ਦੇ ਇਸ ਵਿਚਾਰ ਨਾਲ ਜਿਥੇ ਵਿਰੋਧੀ ਪਾਰਟੀਆਂ ਅਸਹਿਮਤ ਹਨ, ਉਥੇ ਵਰਲਡ ਸਿੱਖ ਸੰਸਥਾ ਨੇ ਵੀ ਆਵਾਜ਼ ਉਠਾਈ ਹੈ। ਸੰਸਥਾ ਦੇ ਉਪ ਪ੍ਰਧਾਨ ਮੁਖਬੀਰ ਸਿੰਘ ਨੇ ਕਿਹਾ ਹੈ ਕਿ ਇਹ ਲੋਕਾਂ ਦੇ ਬੁਨਿਆਦੀ ਤੇ ਧਾਰਮਿਕ ਹੱਕਾਂ ਨਾਲ  ਧੱਕਾ ਹੈ।
ਮੀਡੀਆ ਰਿਪੋਰਟ ਮੁਤਾਬਕ ਸੂਬਾਈ ਸਰਕਾਰ ਸਿੱਖਾਂ, ਮੁਸਲਮਾਨਾਂ, ਯਹੂਦੀਆਂ ਤੇ ਹੋਰ ਧਰਮਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਆਪਣੀਆਂ ਕਥਿਤ ਧਰਮ-ਨਿਰਪੇਖ ਕਦਰਾਂ ਕੀਮਤਾਂ ਤਹਿਤ ਪਾਬੰਦੀ ਅਧੀਨ ਲਿਆਉਣਾ ਚਾਹੁੰਦੀ ਹੈ ਜਿਸ ਦਾ ਲੋਕਾਂ ਵੱਲੋਂ ਭਾਰੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਕਈ ਲੋਕ ਤਾਂ ਸੂਬਾ ਛੱਡ ਜਾਣ ਨੂੰ ਤਰਜੀਹ ਦੇਣ ਲੱਗੇ ਹਨ। ਇਸ ਦੌਰਾਨ ਕੈਨੇਡਾ ਦੀ ਲਿਬਰਲ ਪਾਰਟੀ ਦੇ ਲੀਡਰ ਜਸਟਿਨ ਟਰੁਡੋ ਦੀ ਸੂਬਾਈ ਮੁੱਖ ਮੰਤਰੀ ਪੌਲੀਨ ਮਾਰਿਸ ਨਾਲ ਗੱਲਬਾਤ ਹੋਈ ਹੈ ਜਿਸ ਤੋਂ ਪਤਾ ਲੱਗਾ ਕਿ ਇਸ ਮਾਮਲੇ ‘ਤੇ ਅਗਲੇ ਵਿਧਾਨ ਸਭਾ ਸੈਸ਼ਨ ਵਿਚ ਲੋਕ ਰਾਏ ‘ਤੇ ਆਧਾਰਤ ਬਹਿਸ ਹੋਵੇਗੀ।
ਮਾਂਟਰੀਆਲ ਦੇ ਐਮਰਜੈਂਸੀ ਵਿਭਾਗ ਵਿਚ ਤੈਨਾਤ ਡਾæ ਸਨਜੀਤ ਸਿੰਘ ਸਲੂਜਾ ਦਾ ਕਹਿਣਾ ਹੈ ਕਿ ਉਸ ਦੀ ਪੱਗ ਜਾਂ ਪਹਿਰਾਵਾ ਕੰਮ ਵਿਚ ਕਦੇ ਅੜਿੱਕਾ ਨਹੀਂ ਬਣਿਆ ਪਰ ਜੇ ਸਰਕਾਰ ਅਜਿਹਾ ਕਾਨੂੰਨ ਥੋਪੇਗੀ ਤਾਂ ਉਹ ਆਪਣੀ ਪਛਾਣ ਨਾਲੋਂ ਆਪਣੀ ਨੌਕਰੀ ਛੱਡਣ ਨੂੰ ਪਹਿਲ ਦੇਵੇਗਾ। ਉਧਰ, ਇਸ ਕਥਿਤ ਧਰਮ-ਨਿਰਪੇਖਤਾ ਨੂੰ ਹਵਾ ਦੇਣ ਵਾਲੇ ਗਰੁੱਪ ਦਾ ਮਾਈਕਲ ਲਿੰਕੋਰਟ ਧਾਰਮਿਕ ਚਿੰਨ੍ਹਾਂ ਨੂੰ ਨਿਰਾ ਪੁਰਾ ਪ੍ਰਾਪੇਗੰਡਾ ਦੱਸਦਾ ਹੈ। ਉਸ ਅਨੁਸਾਰ ਜਿਸ ਕਿਸੇ ਨੇ ਲੋਕਾਂ ਵਿਚ ਵਿਚਰਨਾ ਹੈ, ਉਹ ਜਨਤਕ ਕਾਨੂੰਨਾਂ ਦਾ ਪ੍ਰਤੀਬੱਧ ਹੋਣਾ ਚਾਹੀਦਾ ਹੈ। ਇਸ ਵੇਲੇ ਇਸ ਸੂਬੇ ਵਿਚ ਪਾਰਟੀ ਕਿਬੈਕਵਾ ਦੀ ਘੱਟ ਗਿਣਤੀ ਸਰਕਾਰ ਹੈ ਤੇ ਲਿਬਰਲ ਪਾਰਟੀ ਪ੍ਰਮੁੱਖ ਵਿਰੋਧੀ ਪਾਰਟੀ ਹੈ। ਇਸ ਮਾਮਲੇ ‘ਤੇ ਕੇਂਦਰ ਵਿਚ ਬਹੁ-ਸੱਭਿਆਚਾਰ ਮੰਤਰੀ ਜੇਸਨ ਕੇਨੀ ਨੇ ਬਿਆਨ ਦਿੱਤਾ ਹੈ ਕਿ ਧਾਰਮਿਕ ਆਜ਼ਾਦੀ ਇਕ ਸਰਬ-ਵਿਆਪਕ ਸਿਧਾਂਤ ਹੈ ਤੇ ਕੋਈ ਬੱਚਾ ਜੇ ਸਕੂਲ ਵਿਚ ਪੱਗ, ਹਿਜਾਬ ਜਾਂ ਕਿੱਪਾ (ਯਹੂਦੀਆਂ ਦੀ ਟੋਪੀ) ਪਹਿਨਦਾ ਹੈ ਤਾਂ ਉਹ ਕਿਸੇ ਗੱਲੋਂ ਘੱਟ ਕੈਨੇਡੀਅਨ ਨਹੀਂ।
__________________________________
ਸੁਖਬੀਰ ਨੇ ਪ੍ਰਧਾਨ ਮੰਤਰੀ ਤੋਂ ਦਖ਼ਲ ਮੰਗਿਆ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਤੇ ਵਿਦੇਸ਼ ਮੰਤਰੀ ਸਲਮਾਨ ਖ਼ੁਰਸ਼ੀਦ ਨੂੰ ਅਪੀਲ ਕੀਤੀ ਹੈ ਕਿ ਉਹ ਕੈਨੇਡਾ ਦੇ ਕਿਊਬੈਕ ਸੂਬੇ ਦੀ ਵਿਧਾਨ ਪਾਲਿਕਾ ਵੱਲੋਂ ਪੱਗ ਤੇ ਕਿਰਪਾਨ ਪਹਿਨਣ ‘ਤੇ ਪਾਬੰਦੀ ਲਾਉਣ ਸਬੰਧੀ ਲਿਆਂਦੇ ਜਾ ਰਹੇ ਪ੍ਰਸਤਾਵ ਵਿਰੁੱਧ ਕੈਨੇਡਾ ਸਰਕਾਰ ਨਾਲ ਤੁਰੰਤ ਗੱਲਬਾਤ ਕਰਨ ਤਾਂ ਜੋ ਸਿੱਖ ਕੌਮ ਦੇ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ। ਸ਼ ਬਾਦਲ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਕਿਊਬੈਕ ਸੂਬੇ ਵਿਚ ਜਾਣਬੁੱਝ ਕੇ ਸਿੱਖਾਂ ਦੇ ਪੱਗ ਤੇ ਕਿਰਪਾਨ ਪਹਿਨਣ ਤੇ ਹੋਰ ਘੱਟ ਗਿਣਤੀਆਂ ਦੇ ਧਾਰਮਿਕ ਚਿੰਨ੍ਹਖ਼ ਜਨਤਕ ਥਾਵਾਂ, ਸਕੂਲਾਂ, ਕਾਲਜਾਂ ਵਿਚ ਪਹਿਨਣ ‘ਤੇ ਪਾਬੰਦੀ ਲਾਈ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਿਊਬੈਕ ਸਰਕਾਰ ਵੱਲੋਂ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੂੰ ਇਸ ਪਾਬੰਦੀ ਵਿਰੁੱਧ ਕੈਨੇਡਾ ਵਿਚ ਆਪਣੇ ਹਮਰੁਤਬਾ ਸਟੀਫਨ ਹਾਰਪਰ ਨਾਲ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਪਿੱਛੇ ਜਿਹੇ ਸ੍ਰੀ ਹਾਰਪਰ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ਗਏ ਹਨ ਤੇ ਉਹ ਸਿੱਖਾਂ ਦੀ ਧਾਰਮਿਕ ਵਿਰਾਸਤ ਤੋਂ ਜਾਣੂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਕੈਨੇਡਾ ਦੇ ਪੰਜਾਬੀ ਮੂਲ ਵਾਲੇ ਸੰਸਦ ਮੈਂਬਰਾਂ ਨੂੰ ਵੀ ਇਸ ਪ੍ਰਸਤਾਵ ਵਿਰੁੱਧ ਆਵਾਜ਼ ਉਠਾਉਣ ਲਈ ਕਿਹਾ ਗਿਆ ਹੈ।

Be the first to comment

Leave a Reply

Your email address will not be published.