ਬੰਗਲੂਰੂ: ਇਥੇ ਗਾਂਧੀ ਭਵਨ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਕਰਵਾਏ ਸਮਾਗਮ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ‘ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕਾਲੀ ਸਿਆਹੀ ਸੁੱਟੀ ਗਈ। ਇਸ ਘਟਨਾ ਤੋਂ ਫੌਰੀ ਮਗਰੋਂ ਸਮਾਗਮ ਦੇ ਪ੍ਰਬੰਧਕਾਂ ਤੇ ਸ਼ਰਾਰਤੀ ਅਨਸਰਾਂ ਵਿਚਾਲੇ ਝੜਪ ਹੋਈ। ਦੋਵਾਂ ਧਿਰਾਂ ਨੇ ਉਥੇ ਪਈਆਂ ਪਲਾਸਟਿਕ ਦੀਆਂ ਕੁਰਸੀਆਂ ਨਾਲ ਇਕ ਦੂਜੇ ‘ਤੇ ਹਮਲਾ ਕੀਤਾ। ਸਥਾਨਕ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛ-ਪੜਤਾਲ ਆਰੰਭ ਦਿੱਤੀ ਹੈ।
ਜਾਣਕਾਰੀ ਅਨੁਸਾਰ ਰਾਕੇਸ਼ ਟਿਕੈਤ ‘ਕਿਸਾਨ ਅੰਦੋਲਨ, ਅੰਦਰਝਾਤ ਤੇ ਸਪੱਸ਼ਟੀਕਰਨ` ਵਿਸ਼ੇ `ਤੇ ਰੱਖੀ ਪ੍ਰੈੱਸ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਇਥੇ ਆਏ ਸਨ। ਕਾਨਫਰੰਸ ਦਾ ਪ੍ਰਬੰਧ ਕਰਨਾਟਕ ਰਾਜ ਕਿਸਾਨ ਐਸੋਸੀਏਸ਼ਨ ਤੇ ਹਾਸੀਰੁ ਸੇੇਨੇ ਵੱਲੋਂ ਕੀਤਾ ਗਿਆ ਸੀ। ਕਾਨਫਰੰਸ ਦੌਰਾਨ ਰਾਕੇਸ਼ ਟਿਕੈਤ ਸਣੇ ਹੋਰ ਆਗੂ, ਕਿਸਾਨ ਆਗੂ ਕੋਡੀਹਾਲੀ ਚੰਦਰਸ਼ੇਖਰ `ਤੇ ਲੱਗੇ ਦੋਸ਼ਾਂ ਬਾਬਤ ਸਫਾਈ ਦੇ ਰਹੇ ਸਨ। ਸਥਾਨਕ ਮੀਡੀਆ ਨੇ ਚੰਦਰਸ਼ੇਖਰ `ਤੇ ਦੋਸ਼ ਲਾਇਆ ਸੀ ਕਿ ਕਿਸਾਨਾਂ ਵੱਲੋਂ ਕੀਤੇ ਜਾਣ ਵਾਲੇ ਧਰਨੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਉਸ ਵੱਲੋਂ ਕਥਿਤ ਵੱਢੀ ਨੂੰ ਲੈ ਕੇ ਵਿਚੋਲਗੀ ਕੀਤੀ ਜਾ ਰਹੀ ਸੀ। ਇਸ ਦੌਰਾਨ ਤਿੰਨ ਵਿਅਕਤੀ ਅਚਾਨਕ ਮੰਚ `ਤੇ ਚੜ੍ਹੇ ਤੇ ਉਨ੍ਹਾਂ ਰਾਕੇਸ਼ ਟਿਕੈਤ `ਤੇ ਕਾਲੀ ਸਿਆਹੀ ਸੁੱਟੀ।