‘ਅਪਰੇਸ਼ਨ ਮੱਛਰਦਾਨੀ` ਅਤੇ ਜੇਲ੍ਹ ਵਿਚ ਮਨੁੱਖੀ ਹੱਕਾਂ ਲਈ ਸੰਘਰਸ਼

ਬੂਟਾ ਸਿੰਘ ਮਹਿਮੂਦਪੁਰ
ਫੋਨ: +91-94634-74342
ਜੇਲ੍ਹ ਨੇਮਾਵਲੀ ਅਨੁਸਾਰ ਵਿਚਾਰ-ਅਧੀਨ ਕੈਦੀ ਬੇਕਸੂਰ ਹੁੰਦਾ ਹੈ ਅਤੇ ਉਹ ਅਤਿਅੰਤ ਮਾਨਵੀ ਵਿਹਾਰ ਦਾ ਹੱਕਦਾਰ ਹੈ ਪਰ ਜੇਲ੍ਹ ਅਧਿਕਾਰੀਆਂ ਨੂੰ ਸੱਤਾਧਾਰੀ ਰਾਜਨੀਤਕ ਆਕਾਵਾਂ ਦਾ ਆਦੇਸ਼ ਹੈ ਕਿ ਸੱਤਾ ਉੱਪਰ ਸਵਾਲ ਕਰਨ ਵਾਲਿਆਂ ਅਤੇ ਨਿਆਂ ਲਈ ਜੂਝਣ ਵਾਲਿਆਂ ਨੂੰ ਡਾਕਟਰੀ ਇਲਾਜ ਸਮੇਤ ਹਰ ਹੱਕ ਤੋਂ ਵਾਂਝੇ ਰੱਖਣਾ ਹੈ

ਅਤੇ ਤਿਲ ਤਿਲ ਕਰਕੇ ਮਾਰਨਾ ਹੈ। ਜੇਲ੍ਹ ਅਧਿਕਾਰੀਆਂ ਦੇ ਬੇਕਿਰਕ ਵਤੀਰੇ ਨੂੰ ਦੇਖਦਿਆਂ ਉਨ੍ਹਾਂ ਦਾ ਖਦਸ਼ਾ ਨਿਰਾਧਾਰ ਨਹੀਂ ਹੈ।… ਇਹ ਭਾਰਤੀ ਜੇਲ੍ਹਾਂ ਦੇ ਅੰਗਰੇਜ਼ੀ ਰਾਜ ਦੀਆਂ ਕਾਲੇਪਾਣੀ ਪਾਣੀ ਵਰਗੀਆਂ ਜੇਲ੍ਹਾਂ ਤੋਂ ਵੀ ਭਿਆਨਕ ਹਾਲਾਤ ਹਨ। ਜੇਲ੍ਹਾਂ ਨੂੰ ‘ਸੁਧਾਰ ਘਰ’ ਦਾ ਨਾਂ ਦਿੱਤਾ ਗਿਆ ਹੈ ਦਰ ਹਕੀਕਤ ਇਹ ਮਨੁੱਖੀ ਮਾਣ-ਸਨਮਾਨ ਨੂੰ ਕੁਚਲਣ ਅਤੇ ਇਨਸਾਨ ਨੂੰ ਇਨਸਾਨ ਦੇ ਤੌਰ ‘ਤੇ ਖਤਮ ਕਰਨ ਵਾਲੇ ਤਸੀਹਾ ਕੇਂਦਰ ਹਨ।
‘ਅੱਜ ਵੀ ਜੇਲ੍ਹ ਵਿਚ ਸਾਡੇ ਬੁਨਿਆਦੀ ਮਨੁੱਖੀ ਹੱਕਾਂ ਨੂੰ ਹਰ ਰੋਜ਼ ਲਤਾੜਿਆ ਜਾ ਰਿਹਾ ਹੈ, ਇਹ ਹਾਲਤ ਐਨੀ ਅਸਹਿ ਹੋ ਗਈ ਹੈ ਕਿ ਮੈਨੂੰ ਇਸ ਦੇ ਵਿਰੋਧ ਵਿਚ ਭੁੱਖ ਹੜਤਾਲ ਦੇ ਸੰਤਾਪ ਦਾ ਸਹਾਰਾ ਲੈਣਾ ਪਿਆ ਹੈ।’ ਇਹ ਸ਼ਬਦ ਜੇਲ੍ਹ ਅਧਿਕਾਰੀਆਂ ਦੇ ਅਣਮਨੁੱਖੀ ਵਤੀਰੇ ਵਿਰੁੱਧ ਮਰਨ ਵਰਤ ਰੱਖਣ ਵਾਲੇ ਕਲਾਕਾਰ ਸਾਗਰ ਗੋਰਖੇ ਦੇ ਹਨ। ਸਾਗਰ ਗੋਰਖੇ ਭੀਮਾ-ਕੋਰੇਗਾਓਂ-ਐਲਗਾਰ ਪ੍ਰੀਸ਼ਦ ਸਾਜ਼ਿਸ਼ ਕੇਸ ਤਹਿਤ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿਚ ਡੱਕੇ ਉੱਘੇ ਬੁੱਧੀਜੀਵੀਆਂ ਅਤੇ ਹੱਕਾਂ ਦੇ ਕਾਰਕੁਨਾਂ ਵਿੱਚੋਂ ਇਕ ਹੈ।
ਸਾਗਰ, ਜਯੋਤੀ ਜਗਤਾਪ ਅਤੇ ਰਾਮੇਸ਼ ਗਾਏਚੋਰ ਕਬੀਰ ਕਲਾ ਮੰਚ ਦੇ ਉਹ ਕਲਾਕਾਰ ਹਨ ਜਿਨ੍ਹਾਂ ਉੱਪਰ ਭੀਮਾ-ਕੋਰੇਗਾਓਂ ਯੁੱਧ ਦੀ 200ਵੀਂ ਬਰਸੀ ਮੌਕੇ ਹੋਏ ਇਕੱਠ ਨੂੰ ਭੜਕਾਊ ਗੀਤਾਂ ਰਾਹੀਂ ਹਿੰਸਾ ਲਈ ਉਕਸਾਉਣ ਦਾ ਇਲਜ਼ਾਮ ਲਗਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਹੋਰ ਬੁੱਧੀਜੀਵੀਆਂ ਸਮੇਤ ਬਿਨਾਂ ਮੁਕੱਦਮਾ ਚਲਾਏ ਜੇਲ੍ਹ ਵਿਚ ਡੱਕਿਆ ਹੋਇਆ ਹੈ। ਸਾਗਰ ਨੇ 20 ਮਈ ਨੂੰ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਜੇਲ੍ਹ ਨੂੰ ‘ਤਸੀਹਾ ਕੈਂਪ’ ਦਾ ਨਾਮ ਦਿੱਤਾ ਹੈ। ਉਸ ਨੇ ਇਹ ਵੀ ਕਿਹਾ ਕਿ ਉਸ ਦੇ ਜੇਲ੍ਹ ਸਾਥੀ ਗੰਭੀਰ ਬਿਮਾਰੀਆਂ ਤੋਂ ਪੀੜਤ ਹਨ ਪਰ ਜੇਲ੍ਹ ਅਧਿਕਾਰੀ ਉਨ੍ਹਾਂ ਦੇ ਇਲਾਜ ਵਿਚ ਜਾਣ-ਬੁੱਝ ਕੇ ਅੜਿੱਕੇ ਡਾਹ ਰਹੇ ਹਨ। ਉਸ ਨੇ ਪੰਜ ਮੰਗਾਂ ਰੱਖੀਆਂ ਹਨ: ਭੀਮਾ-ਕੋਰੇਗਾਓਂ ਕੇਸ ਦੇ ਮੁਲਜ਼ਮਾਂ ਨੂੰ ਤੁਰੰਤ ਮੱਛਰਦਾਨੀਆਂ ਅਤੇ ਢੁੱਕਵੀਆਂ ਇਲਾਜ ਸਹੂਲਤਾਂ ਮੁਹੱਈਆ ਕਰਾਈਆਂ ਜਾਣ ਅਤੇ ਕੋਤਾਹੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ।
ਜੇਲ੍ਹ ਅਧਿਕਾਰੀਆਂ ਵੱਲੋਂ ਕੈਦੀਆਂ ਦੀਆਂ ਚਿੱਠੀਆਂ ਨੂੰ ਸਕੈਨ ਕਰਕੇ ਕੌਮੀ ਜਾਂਚ ਏਜੰਸੀ ਨੂੰ ਭੇਜਣਾ ਅਤੇ ਉਨ੍ਹਾਂ ਦੇ ਨਿੱਜਤਾ ਦੇ ਹੱਕ ਦਾ ਘਾਣ ਕਰਨਾ ਬੰਦ ਕੀਤਾ ਜਾਵੇ। ਜੇਲ੍ਹ ਵਿਚ ਪਾਣੀ ਦੀ ਬਨਾਉਟੀ ਕਿੱਲਤ ਦੇ ਬਹਾਨੇ ਕੈਦੀਆਂ ਨੂੰ ਪਾਣੀ ਵੇਚਣ ਦਾ ਅਣਮਨੁੱਖੀ ਦਸਤੂਰ ਬੰਦ ਕੀਤਾ ਜਾਵੇ। ਕੈਦੀਆਂ ਨੂੰ ਪੀਣ, ਨਹਾਉਣ ਅਤੇ ਪਖਾਨਾ ਜਾਣ ਲਈ ਸਿਰਫ਼ 15 ਲੀਟਰ ਰੋਜ਼ਾਨਾ ਦਿੱਤਾ ਜਾਂਦਾ ਹੈ, ਇਸ ਦੀ ਬਜਾਇ ਹਰ ਕੈਦੀ ਨੂੰ 135 ਲੀਟਰ ਪਾਣੀ ਦਿੱਤਾ ਜਾਵੇ। ਮੁਲਾਕਾਤੀਆਂ ਲਈ ਪੱਕੇ ਸ਼ੈੱਡ, ਪੀਣ ਵਾਲੇ ਪਾਣੀ, ਪੱਖੇ, ਵਾਸ਼ਰੂਮ ਅਤੇ ਟੋਕਨ ਪ੍ਰਣਾਲੀ ਦੀਆਂ ਸਹੂਲਤਾਂ ਮੁਹੱਈਆ ਕਰਾਈਆਂ ਜਾਣ ਅਤੇ ਗੁਜਰਾਤ ਤੇ ਤੇਲੰਗਾਨਾ ਦੀ ਤਰਜ਼ ‘ਤੇ ਕੈਦੀਆਂ ਲਈ ਆਪਣੇ ਪਰਿਵਾਰਾਂ ਨੂੰ ਜੇਲ੍ਹ ‘ਚੋਂ ਫ਼ੋਨ ਕਰਨ ਦੀ ਸਹੂਲਤ ਮੁੜ ਸ਼ੁਰੂ ਕੀਤੀ ਜਾਵੇ।
ਸਾਗਰ ਦੱਸਦੇ ਹਨ ਕਿ 20 ਮਈ ਦੀ ਰਾਤ ਨੂੰ ਅਚਾਨਕ 10-12 ਜੇਲ੍ਹ ਅਧਿਕਾਰੀਆਂ ਦੀ ਟੋਲੀ ਪੁਲਿਸ ਗਾਰਦ ਨੂੰ ਨਾਲ ਲੈ ਕੇ ਉਸ ਦੀ ਜੇਲ੍ਹ ਕੋਠੜੀ ਅੱਗੇ ਆ ਪਹੁੰਚੀ। ਜੇਲ੍ਹ ਵਿਚ ਇੰਞ ਅਚਾਨਕ ਛਾਪੇਮਾਰੀ ਦਾ ਉਦੇਸ਼ ਦਹਿਸ਼ਤ ਪਾਉਣਾ ਹੁੰਦਾ ਹੈ ਅਤੇ ਕੈਦੀ ਸਮਝ ਜਾਂਦਾ ਹੈ ਕਿ ਹੁਣ ਜੇਲ੍ਹ ਅਧਿਕਾਰੀ ਕੋਈ ਨਵੀਂ ਸਾਜ਼ਿਸ਼ ਘੜ ਕੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਜਾਂ ਕਿਸੇ ਬਹਾਨੇ ਉਸ ਉੱਪਰ ਤਸ਼ੱਦਦ ਕਰਨ ਲਈ ਆਏ ਹਨ। ਬਾਦ ‘ਚ ਪਤਾ ਲੱਗਾ ਕਿ ਇਹ ਤਾਂ ‘ਅਪਰੇਸ਼ਨ ਮੱਛਰਦਾਨੀ’ ਸੀ! ਸਾਗਰ ਵੱਲੋਂ ਦੱਸੀ ਕਹਾਣੀ ਕੁਝ ਇਸ ਤਰ੍ਹਾਂ ਹੈ: ਉਨ੍ਹਾਂ ਦਾ ਸਿੱਧਾ ਸਵਾਲ ਸੀ, ‘ਤੂੰ ਮੱਛਰਦਾਨੀ ਰੱਖੀ ਏ?’ ਜਦੋਂ ਮੈਂ ਹਾਂ ‘ਚ ਜਵਾਬ ਦਿੱਤਾ ਤਾਂ ਉਨ੍ਹਾਂ ਦਾ ਅਗਲਾ ਸਵਾਲ ਸੀ, ‘ਤੇਰੇ ਕੋਲ ਇਸ ਨੂੰ ਰੱਖਣ ਦੇ ਹੁਕਮ ਹਨ?’ ਜਦੋਂ ਮੈਂ ਪੁੱਛਿਆ ਕਿ ‘ਕਿਹੜੇ ਹੁਕਮ?’ ਤਾਂ ਉਨ੍ਹਾਂ ਦਾ ਜਵਾਬ ਸੀ, ‘ਮੱਛਰਦਾਨੀ ਰੱਖਣ ਦੇ ਹੁਕਮ।’ ਮੈਂ ਹੈਰਾਨੀ ਨਾਲ ਪੁੱਛਿਆ, ‘ਕੀ ਮੱਛਰਦਾਨੀ ਰੱਖਣ ਲਈ ਹੁਕਮ ਚਾਹੀਦੇ ਹਨ?’ ਉਨ੍ਹਾਂ ਦਾ ਜਵਾਬ ਸੀ, ‘ਹਾਂ!’ ਜਦੋਂ ਮੈਂ ਕਿਹਾ ਕਿ ਮੇਰੇ ਕੋਲ ਮੱਛਰਦਾਨੀ ਰੱਖਣ ਦੇ ਹੁਕਮ ਨਹੀਂ ਹਨ ਤਾਂ ਉਨ੍ਹਾਂ ਦਾ ਜਵਾਬ ਸੀ, ‘ਤਾਂ ਫਿਰ ਮੱਛਰਦਾਨੀ ਜਮ੍ਹਾਂ ਕਰਵਾ ਦੇ।’ ਜਦੋਂ ਮੈਂ ਆਪਣੀ ਚਿੰਤਾ ਦੱਸੀ ਕਿ ‘ਪਰ ਮੈਂ ਰਾਤ ਨੂੰ ਮੱਛਰਾਂ ਦਾ ਕੀ ਕਰਾਂਗਾ?’ ਤਾਂ ਉਨ੍ਹਾਂ ਦਾ ਜਵਾਬ ਸੀ, ‘ਇਹ ਤੂੰ ਦੇਖਣਾ ਏ?’ ਜਦੋਂ ਮੈਂ ਪੁੱਛਿਆ ਕਿ ਮੈਂ ਤਾਂ ਇਸ ਨੂੰ ਪਿਛਲੇ ਸਾਲ ਤੋਂ ਵਰਤ ਰਿਹਾ ਹਾਂ, ਇਹ ਅਚਾਨਕ ਗ਼ੈਰ-ਕਾਨੂੰਨੀ ਕਿਵੇਂ ਹੋ ਗਈ? ਤਾਂ ਉਨ੍ਹਾਂ ਦਾ ਫ਼ਰਮਾਨ ਸੀ ਕਿ ਇਹ ‘ਸੁਰੱਖਿਆ’ ਦਾ ਮਾਮਲਾ ਹੈ, ਤੁਸੀਂ ਇਸ ਨੂੰ ਫਾਹਾ ਲੈਣ ਲਈ ਵਰਤ ਸਕਦੇ ਹੋ! ਜਦੋਂ ਮੈਂ ਕਿਹਾ ਕਿ ਤੁਸੀਂ ਜੇਲ੍ਹ ਵਿਚ ਆਉਣ ‘ਤੇ ਸਾਨੂੰ ਕੰਬਲ ਅਤੇ ਚਾਦਰਾਂ ਦਿੰਦੇ ਹੋ; ਸਾਡੇ ਕੋਲ ਤੌਲੀਆ ਹੁੰਦਾ ਹੈ। ਐਨੀਆਂ ਮਜ਼ਬੂਤ ਚੀਜ਼ਾਂ ਦੇ ਹੁੰਦਿਆਂ ਕੋਈ ਮੱਛਰਦਾਨੀ ਵਰਗੀ ਕਮਜ਼ੋਰ ਚੀਜ਼ ਨਾਲ ਖੁਦਕੁਸ਼ੀ ਕਰਨ ਦਾ ਤਜ਼ਰਬਾ ਕਿਉਂ ਕਰੇਗਾ? ਖੁਦਕੁਸ਼ੀ ਕਰਨ ਵਾਲਾ ਲੋਹੇ ਦੇ ਮਜ਼ਬੂਤ ਦਰਵਾਜ਼ੇ ਨਾਲ ਟੱਕਰ ਮਾਰ ਕੇ ਵੀ ਤਾਂ ਆਪਣੀ ਜਾਨ ਲੈ ਸਕਦਾ ਹੈ! ਅਸੀਂ ਮੱਛਰਦਾਨੀ ਜ਼ਿੰਦਾ ਰਹਿਣ ਲਈ ਰੱਖਦੇ ਹਾਂ ਨਾ ਕਿ ਮਰਨ ਲਈ। ਇਹ ਸੁਣ ਕੇ ਇਕ ਅਧਿਕਾਰੀ ਉੱਚੀ ਆਵਾਜ਼ ‘ਚ ਚੀਕਿਆ, ‘ਇਸ ਨਾਲ ਬਹਿਸ ਕਿਉਂ ਕਰ ਰਹੇ ਹੋ? ਜੋ ਚਾਹੀਦਾ ਹੈ ਜ਼ਬਤ ਕਰੋ ਅਤੇ ਅੱਗੇ ਤੁਰੋ।’ ਉਸ ਦੀਆਂ ਸਾਰੀਆਂ ਦਲੀਲਾਂ, ਸਵਾਲ, ਸਮੱਸਿਆਵਾਂ ਅਤੇ ਗੁਜ਼ਾਰਿਸ਼ਾਂ ਅਣਸੁਣੀਆਂ ਕਰ ਦਿੱਤੀਆਂ ਗਈਆਂ ਅਤੇ ਜੇਲ੍ਹ ਅਧਿਕਾਰੀ ਮੱਛਰਦਾਨੀ ਜ਼ੋਰ ਜ਼ਬਰਦਸਤੀ ਇੰਞ ਖੋਹ ਕੇ ਲੈ ਗਏ ਜਿਵੇਂ ਉਨ੍ਹਾਂ ਨੇ ਕੋਈ ਖਤਰਨਾਕ ਬੰਬ ਜ਼ਬਤ ਕਰ ਲਿਆ ਹੋਵੇ! ਸਾਗਰ ਅਤੇ ਉਸ ਦੇ ਸਾਥੀ ਵਿਚਾਰ-ਅਧੀਨ ਕੈਦੀਆਂ ਨੂੰ ਇਕ ਵਾਰ ਫਿਰ ਆਪਣੇ ਹੱਕਾਂ ਲਈ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਿਆ।
ਮੱਛਰਦਾਨੀ ਬਾਰੇ ਮੀਡੀਆ ਦੇ ਸਵਾਲਾਂ ਦੇ ਅਧਿਕਾਰੀਆਂ ਵੱਲੋਂ ਦਿੱਤੇ ਜਵਾਬ ਵੀ ਅਜੀਬ ਹਨ। ਉਹ ਕਹਿੰਦੇ ਹਨ ਕਿ ਜੇਲ੍ਹ ਵਿਚ ਮੱਛਰਦਾਨੀ ਵਰਤਣ ਦੀ ਮਨਾਹੀ ਇਸ ਕਰਕੇ ਹੈ ਕਿ ਇਸ ਨਾਲ ਲੰਮੀਆਂ ਰੱਸੀਆਂ ਲੱਗੀਆਂ ਹੁੰਦੀਆਂ ਹਨ ਅਤੇ ਇਸ ਨੂੰ ਕੰਧਾਂ ਵਿਚ ਕਿੱਲਾਂ ਗੱਡ ਕੇ ਬੰਨ੍ਹਿਆ ਜਾਂਦਾ ਹੈ। ਰੱਸੀਆਂ ਅਤੇ ਕਿੱਲ ਸੁਰੱਖਿਆ ਲਈ ਖਤਰਾ ਹਨ! ਕੈਦੀ ਇਨ੍ਹਾਂ ਨਾਲ ਖੁਦਕੁਸ਼ੀ ਕਰ ਸਕਦੇ ਹਨ ਅਤੇ ਕਿੱਲਾਂ ਨਾਲ ਹੋਰ ਕੈਦੀਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਮੱਛਰਦਾਨੀ ਵਰਤਣ ਲਈ ਅਦਾਲਤ ਦੇ ਆਦੇਸ਼ ਨਹੀਂ ਹਨ। ਕੈਦੀਆਂ ਚਾਹੁਣ ਤਾਂ ਕੰਟੀਨ ਤੋਂ ਲੈ ਕੇ ਮੱਛਰ ਭਜਾਊ ਮੱਲਮ ਜਾਂ ਕਛੂਆ ਛਾਪ ਵਰਤ ਸਕਦੇ ਹਨ।
ਕੀ ਮੱਛਰਾਂ ਦੀ ਭਰਮਾਰ ਵਾਲੇ ਮੁਲਕ ‘ਚ ਮੱਛਰਦਾਨੀ ਐਨੀ ਹੀ ਖਤਰਨਾਕ ਚੀਜ਼ ਹੈ ਕਿ ਵਿਚਾਰ-ਅਧੀਨ ਨਜ਼ਰਬੰਦਾਂ ਕੋਲ ਮੱਛਰਦਾਨੀ ਹੋਣ ਨਾਲ ‘ਸੁਰੱਖਿਆ’ ਨੂੰ ਖਤਰਾ ਪੈਦਾ ਹੋ ਗਿਆ? ਜਦਕਿ ਮਲੇਰੀਆ, ਡੇਂਗੂ ਅਤੇ ਮੱਛਰਾਂ ਦੇ ਕੱਟਣ ਨਾਲ ਫੈਲਣ ਵਾਲੀਆਂ ਹੋਰ ਜਾਨਲੇਵਾ ਬਿਮਾਰੀਆਂ ਤੋਂ ਬਚਣ ਲਈ ਮੱਛਰਦਾਨੀ ਆਮ ਵਰਤੀ ਜਾਂਦੀ ਹੈ। ਜੀ ਹਾਂ, ਦੁਨੀਆ ਦਾ ‘ਸਭ ਤੋਂ ਵੱਡਾ ਲੋਕਤੰਤਰ’ ਕਹਾਉਣ ਵਾਲੇ ਮੁਲਕ ਵਿਚ ਸਭ ਇਹ ਸੰਭਵ ਹੈ। ਮੁੰਬਈ ਦੀ ਤਲੋਜਾ ਜੇਲ੍ਹ ਵਿਚ ਬੰਦ ਭੀਮਾ-ਕੋਰੇਗਾਓਂ ਸਾਜ਼ਿਸ਼ ਕੇਸ ਦੇ ਸਾਰੇ ਹੀ ਮੁਲਜ਼ਮਾਂ ਕੋਲੋਂ ਜੇਲ੍ਹ ਅਧਿਕਾਰੀਆਂ ਨੇ ਵਿਸ਼ੇਸ਼ ਮੁਹਿੰਮ ਚਲਾ ਕੇ ਮੱਛਰਦਾਨੀਆਂ ਖੋਹ ਲਈਆਂ।
ਜੇਲ੍ਹ ਨੇਮਾਵਲੀ ਅਨੁਸਾਰ ਵਿਚਾਰ-ਅਧੀਨ ਕੈਦੀ ਬੇਕਸੂਰ ਹੁੰਦਾ ਹੈ ਅਤੇ ਉਹ ਅਤਿਅੰਤ ਮਾਨਵੀ ਵਿਹਾਰ ਦਾ ਹੱਕਦਾਰ ਹੈ ਪਰ ਜੇਲ੍ਹ ਅਧਿਕਾਰੀਆਂ ਨੂੰ ਸੱਤਾਧਾਰੀ ਰਾਜਨੀਤਕ ਆਕਾਵਾਂ ਦਾ ਆਦੇਸ਼ ਹੈ ਕਿ ਸੱਤਾ ਉੱਪਰ ਸਵਾਲ ਕਰਨ ਵਾਲਿਆਂ ਅਤੇ ਨਿਆਂ ਲਈ ਜੂਝਣ ਵਾਲਿਆਂ ਨੂੰ ਡਾਕਟਰੀ ਇਲਾਜ ਸਮੇਤ ਹਰ ਹੱਕ ਤੋਂ ਵਾਂਝੇ ਰੱਖਣਾ ਹੈ ਅਤੇ ਤਿਲ ਤਿਲ ਕਰਕੇ ਮਾਰਨਾ ਹੈ। ਜੇਲ੍ਹ ਅਧਿਕਾਰੀਆਂ ਦੇ ਬੇਕਿਰਕ ਵਤੀਰੇ ਨੂੰ ਦੇਖਦਿਆਂ ਉਨ੍ਹਾਂ ਦਾ ਖਦਸ਼ਾ ਨਿਰਾਧਾਰ ਨਹੀਂ ਹੈ। ਵਕਤ ਸਿਰ ਡਾਕਟਰੀ ਸਹਾਇਤਾ ਨਾ ਦਿੱਤੇ ਜਾਣ ਕਾਰਨ ਪਿਛਲੇ ਸਾਲ 5 ਜੂਨ ਸਟੇਨ ਸਵਾਮੀ ਜੇਲ੍ਹ ਹਿਰਾਸਤ ਵਿਚ ਦਮ ਤੋੜ ਗਏ। ਜੇਲ੍ਹ ਅਧਿਕਾਰੀਆਂ ਨੇ ਉਨ੍ਹਾਂ ਨੂੰ ਤੜਫਾ ਤੜਫਾ ਕੇ ਮਾਰਿਆ। ਕਮਜ਼ੋਰ ਸਿਹਤ ਅਤੇ ਪਾਰਕਿਨਸਨ ਦੀ ਬਿਮਾਰੀ ਕਾਰਨ ਉਨ੍ਹਾਂ ਦੇ ਹੱਥ ਐਨੇ ਕੰਬਦੇ ਸਨ ਕਿ ਉਹ ਚਾਹ ਜਾਂ ਪਾਣੀ ਦਾ ਕੱਪ ਫੜ ਕੇ ਨਹੀਂ ਸੀ ਪੀ ਸਕਦੇ। ਉਨ੍ਹਾਂ ਨੇ ਸਿੱਪਰ ਦੀ ਮੰਗ ਕੀਤੀ ਤਾਂ ਉਹ ਵੀ ਨਹੀਂ ਦਿੱਤਾ ਗਿਆ।
ਬਹੁਤ ਹਾਹਾਕਾਰ ਮੱਚਣ ਤੋਂ ਬਾਅਦ ਹੀ ਪ੍ਰੋਫੈਸਰ ਵਰਾਵਰਾ ਰਾਓ ਨੂੰ ਇਲਾਜ ਲਈ ਜੇਲ੍ਹ ਤੋਂ ਬਾਹਰ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਇਸੇ ਕਰਕੇ ਸਾਗਰ ਗੋਰਖੇ ਨੂੰ ਮੱਛਰਦਾਨੀ, ਡਾਕਟਰੀ ਇਲਾਜ, ਪਾਣੀ ਵਰਗੇ ਬੁਨਿਆਦੀ ਮਨੁੱਖੀ ਹੱਕ ਲੈਣ ਲਈ ਮਰਨ ਵਰਤ ਰੱਖਣਾ ਪਿਆ। ਪਹਿਲਾਂ ਜਦੋਂ ਗੌਤਮ ਨਵਲੱਖਾ ਦੀ ਐਨਕ ਟੁੱਟ ਗਈ ਸੀ, ਉਸ ਨੂੰ ਐਨਕ ਲੈਣ ਲਈ ਸੰਘਰਸ਼ ਕਰਨਾ ਪਿਆ। ਹੁਣ ਉਸ ਨੂੰ ਮੱਛਰਦਾਨੀ ਲੈਣ ਲਈ ਅਦਾਲਤ ਤੱਕ ਪਹੁੰਚ ਕਰਨੀ ਪਈ। ਕਿਉਂਕਿ ਡਾਕਟਰਾਂ ਨੇ ਉਸ ਨੂੰ ਉਸ ਦੀ ਕਮਜ਼ੋਰ ਸਿਹਤ ਦੇ ਮੱਦੇਨਜ਼ਰ ਮਲੇਰੀਆ, ਡੇਂਗੂ ਆਦਿ ਤੋਂ ਬਚਣ ਲਈ ਮੱਛਰਦਾਨੀ ਵਰਤਣ ਦਾ ਮਸ਼ਵਰਾ ਦਿੱਤਾ ਸੀ। ਰਿਪੋਰਟਾਂ ਅਨੁਸਾਰ ‘ਅਪਰੇਸ਼ਨ ਮੱਛਰਦਾਨੀ’ ਰਾਹੀਂ ਮੱਛਰਦਾਨੀਆਂ ਜ਼ਬਤ ਕਰਨ ਵਿਰੁੱਧ ਵਿਚਾਰ-ਅਧੀਨ ਕੈਦੀਆਂ ਨੇ 21 ਮਈ ਸਮੂਹਿਕ ਭੁੱਖ ਹੜਤਾਲ ਕੀਤੀ। ਭਾਵੇਂ ਮੁੰਬਈ ਦੇ ਮੈਂਬਰ ਆਫ ਲੈਜਿਸਲੇਟਿਵ ਕੌਂਸਲ ਵੱਲੋਂ ਭਰੋਸਾ ਦੇਣ ਤੋਂ ਬਾਦ ਸਾਗਰ ਨੇ ਮਰਨ ਵਰਤ ਵਾਪਸ ਲੈ ਲਿਆ ਹੈ ਪਰ ਮਨੁੱਖੀ ਹੱਕਾਂ ਲਈ ਸੰਘਰਸ਼ ਮੁੱਕਿਆ ਨਹੀਂ ਹੈ।
ਇਸੇ ਤਰ੍ਹਾਂ ਨਾਗਪੁਰ ਕੇਂਦਰੀ ਜੇਲ੍ਹ ਵਿਚ ਪ੍ਰੋਫੈਸਰ ਸਾਈਬਾਬਾ 21 ਮਈ ਤੋਂ ਭੁੱਖ ਹੜਤਾਲ ‘ਤੇ ਹਨ। ਜੇਲ੍ਹ ਵਿਚ ਇਹ ਉਨ੍ਹਾਂ ਦੀ ਦੂਜੀ ਭੁੱਖ ਹੜਤਾਲ ਹੈ। ਉਹ ਜੇਲ੍ਹ ਦੇ ਅੰਡਾ ਸੈੱਲ (ਜੇਲ੍ਹ ਦੇ ਅੰਦਰ ਖਤਰਨਾਕ ਕੈਦੀਆਂ ਨੂੰ ਬੰਦ ਰੱਖਣ ਲਈ ਉੱਚ ਸੁਰੱਖਿਆ ਵਾਲੀ ਚਾਨਣ ਵਿਹੂਣੀ ਬੰਦ ਕੋਠੜੀ) ਵਿਚ ਬੰਦ ਹਨ। ਡੇਢ ਸਾਲ ਪਹਿਲਾਂ ਉਨ੍ਹਾਂ ਨੇ ਕੋਵਿਡ ਸਬੰਧੀ ਲੌਕਡਾਊਨ ਦੌਰਾਨ ਭੁੱਖ ਹੜਤਾਲ ਕੀਤੀ ਸੀ। ਉਨ੍ਹਾਂ ਦੀ ਮੁੱਖ ਮੰਗ ਇਹ ਸੀ ਕਿ ਪਰਿਵਾਰ ਵੱਲੋਂ ਉਸ ਲਈ ਭੇਜੀਆਂ ਜਾਂਦੀਆਂ ਜੀਵਨ-ਬਚਾਊ ਦਵਾਈਆਂ, ਕਿਤਾਬਾਂ ਅਤੇ ਚਿੱਠੀਆਂ ਉਸ ਨੂੰ ਤੁਰੰਤ ਪਹੁੰਚਾਈਆਂ ਜਾਣ। ਕੁਝ ਮੰਗਾਂ ਮੰਨ ਲਈਆਂ ਗਈਆਂ ਅਤੇ ਕੁਝ ਅਜੇ ਵੀ ਬਾਕੀ ਹਨ। ਗਰਮੀ ਦੇ ਮੌਸਮ ਵਿਚ ਉਹ ਉੱਠ ਕੇ ਪਾਣੀ ਨਹੀਂ ਪੀ ਸਕਦੇ ਇਸ ਲਈ ਉਨ੍ਹਾਂ ਨੇ ਆਪਣੀ ਵਕੀਲ ਰਾਹੀਂ ਪਾਣੀ ਦੀ ਬੋਤਲ ਭੇਜੇ ਜਾਣ ਦੀ ਗੁਜ਼ਾਰਿਸ਼ ਕੀਤੀ ਸੀ। ਬੋਤਲ ਨੂੰ ਆਪਣੇ ਲਾਗੇ ਰੱਖ ਕੇ ਉਹ ਰਾਤ ਨੂੰ ਪਿਆਸ ਲੱਗਣ ‘ਤੇ ਪਾਣੀ ਪੀ ਸਕਦੇ ਸਨ। ਵਕੀਲ ਨੇ ਪਾਣੀ ਦੀ ਬੋਤਲ ਭੇਜੀ ਤਾਂ ਅਧਿਕਾਰੀਆਂ ਨੇ ਬਹਾਨੇ ਬਣਾ ਕੇ ਬੋਤਲ ਰੋਕ ਲਈ। ਬੋਤਲ ਲੈਣ ਲਈ ਵੀ ਸਾਈਬਾਬਾ ਨੂੰ ਸੰਘਰਸ਼ ਕਰਨਾ ਪਿਆ। ਪ੍ਰੋਫੈਸਰ ਸਾਈਬਾਬਾ ਦੀ ਮੰਗ ਹੈ ਕਿ ਅਤਿਅੰਤ ਗਰਮੀ ਦੇ ਮੱਦੇਨਜ਼ਰ ਉਸ ਨੂੰ ਅੰਡਾ ਸੈੱਲ ਦੀ ਬਜਾਏ ਆਮ ਬੈਰਕ ਵਿਚ ਭੇਜਿਆ ਜਾਵੇ। ਪਰਿਵਾਰ ਮੰਗ ਕਰ ਰਿਹਾ ਹੈ ਕਿ 90% ਅਪਾਹਜ ਹੋਣ ਕਾਰਨ ਨਾਗਪੁਰ ਜੇਲ੍ਹ ਦੀ ਬਜਾਏ ਉਸ ਦਾ ਤਬਾਦਲਾ ਹੈਦਰਾਬਾਦ ਦੀ ਚੇਰਲਾਪਲੀ ਜੇਲ੍ਹ ਵਿਚ ਕੀਤਾ ਜਾਵੇ ਜਿੱਥੇ ਉਹ ਉਸ ਦੀ ਸਿਹਤ ਦੀ ਖਬਰਸਾਰ ਲੈ ਸਕਣ ਅਤੇ ਇਲਾਜ ਸਬੰਧੀ ਸੰਪਰਕ ਰੱਖ ਸਕਣ। ਇਹ ਵਾਜਬ ਮੰਗਾਂ ਮੰਨਣ ਦੀ ਬਜਾਏ ਸਗੋਂ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਘਟੀਆ ਤਰੀਕੇ ਅਖਤਿਆਰ ਕੀਤੇ ਜਾ ਰਹੇ ਹਨ। ਥੋੜ੍ਹੇ ਦਿਨ ਪਹਿਲਾਂ ਉਸ ਦੀ ਕੋਠੜੀ ਦੇ ਬਾਹਰ ਉਸ ਨੂੰ ਦੱਸੇ ਬਿਨਾਂ ਸੀ.ਸੀ.ਟੀ.ਵੀ. ਕੈਮਰਾ ਲਗਾ ਦਿੱਤਾ ਗਿਆ ਜਿਸ ਨਾਲ ਉਸ ਉੱਪਰ ਚੌਵੀ ਘੰਟੇ ਨਜ਼ਰ ਰੱਖੀ ਜਾ ਰਹੀ ਸੀ। ਇਹ ਮਨੁੱਖ ਦੀ ਨਿੱਜਤਾ ਦਾ ਘੋਰ ਉਲੰਘਣ ਹੈ। ਪ੍ਰੋਫੈਸਰ ਸਾਈਬਾਬਾ ਉੱਚ ਜੇਲ੍ਹ ਅਧਿਕਾਰੀਆਂ, ਰਾਜ ਦੇ ਗ੍ਰਹਿ ਮੰਤਰੀ ਆਦਿ ਨੂੰ ਚਿੱਠੀਆਂ ਲਿਖ ਕੇ ਆਪਣੀਆਂ ਮੰਗਾਂ ਲਗਾਤਾਰ ਰੱਖ ਰਹੇ ਹਨ। ਫਿਲਹਾਲ ਭੁੱਖ ਹੜਤਾਲ ਦੇ ਦਬਾਓ ਹੇਠ ਜੇਲ੍ਹ ਅਧਿਕਾਰੀਆਂ ਨੇ ਸੀ.ਸੀ.ਟੀ.ਵੀ. ਕੈਮਰੇ ਦਾ ਮੂੰਹ ਉਸ ਦੀ ਬੈਰਕ ਤੋਂ ਪਾਸੇ ਕਰਨ ਦੀ ਮੰਗ ਮੰਨ ਲਈ ਹੈ ਪਰ ਸਾਈਬਾਬਾ ਨੂੰ ਇਸ ਦਾ ਭਾਰੀ ਮੁੱਲ ਚੁਕਾਉਣਾ ਪਿਆ ਹੈ। ਉਨ੍ਹਾਂ ਦੀ ਸਿਹਤ ਐਨੀ ਵਿਗੜ ਗਈ ਉਸ ਦੇ ਅੰਦਰੋਂ ਬਹੁਤ ਜ਼ਿਆਦਾ ਖੂਨ ਆਉਣਾ ਸ਼ੁਰੂ ਹੋ ਗਿਆ ਅਤੇ ਉਸ ਨੂੰ ਜੇਲ੍ਹ ਦੇ ਹਸਪਤਾਲ ‘ਚ ਦਾਖਲ ਕਰਾਉਣਾ ਪੈ ਗਿਆ।
ਇਹ ਭਾਰਤੀ ਜੇਲ੍ਹਾਂ ਦੇ ਅੰਗਰੇਜ਼ੀ ਰਾਜ ਦੀਆਂ ਕਾਲੇਪਾਣੀ ਪਾਣੀ ਵਰਗੀਆਂ ਜੇਲ੍ਹਾਂ ਤੋਂ ਵੀ ਭਿਆਨਕ ਹਾਲਾਤ ਹਨ। ਜੇਲ੍ਹਾਂ ਨੂੰ ‘ਸੁਧਾਰ ਘਰ’ ਦਾ ਨਾਂ ਦਿੱਤਾ ਗਿਆ ਹੈ ਦਰ ਹਕੀਕਤ ਇਹ ਮਨੁੱਖੀ ਮਾਣ-ਸਨਮਾਨ ਨੂੰ ਕੁਚਲਣ ਅਤੇ ਇਨਸਾਨ ਨੂੰ ਇਨਸਾਨ ਦੇ ਤੌਰ ‘ਤੇ ਖਤਮ ਕਰਨ ਵਾਲੇ ਤਸੀਹਾ ਕੇਂਦਰ ਹਨ। ਇਸ ਆਦਮਖੋਰ ਪ੍ਰਬੰਧ ਨੂੰ ਬਦਲਣ ਲਈ ਸੰਘਰਸ਼ ਜ਼ਰੂਰੀ ਹੈ। ਜੇਲ੍ਹਾਂ ਦੇ ਅੰਦਰ ਇਨਸਾਨ ਦੇ ਇਨਸਾਨ ਵਜੋਂ ਜ਼ਿੰਦਾ ਰਹਿਣ ਲਈ ਸੰਘਰਸ਼ ਹੋਰ ਵੀ ਜ਼ਰੂਰੀ ਹੈ। ਮੁਲਕ ਦੇ ਨਾਗਰਿਕਾਂ ਨੂੰ ਜੇਲ੍ਹਾਂ ਵਿਚ ਸੜ ਰਹੇ ਆਪਣੇ ਹਮ-ਵਤਨੀਆਂ ਦੇ ਮਨੁੱਖੀ ਹੱਕਾਂ ਨੂੰ ਆਪਣੀ ਸੋਚ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਸੰਘਰਸ਼ਾਂ ਦੇ ਹੱਕ ਵਿਚ ਬਾਹਰੋਂ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਜੁ ਬੇਕਿਰਕ ਜੇਲ੍ਹ ਪ੍ਰਬੰਧ ਵਿਚਾਰ-ਅਧੀਨ ਨਜ਼ਰਬੰਦਾਂ ਅਤੇ ਕੈਦੀਆਂ ਦੀਆਂ ਜਾਨਾਂ ਨਾ ਲੈ ਸਕੇ।