ਸਿੱਧੂ ਮੂਸੇਵਾਲਾ ਨੂੰ ਨਮ ਅੱਖਾਂ ਨਾਲ ਅੰਤਮ ਵਿਦਾਈ

ਮਾਨਸਾ: ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਅੰਤਿਮ ਸੰਸਕਾਰ ਪਿੰਡ ਮੂਸਾ ਵਿਖੇ ਕਰ ਦਿੱਤਾ ਗਿਆ ਹੈ। ਇਸ ਵੇਲੇ ਹਜ਼ਾਰਾਂ ਸੇਜਲ ਅੱਖਾਂ ਨਾਲ ਉਨ੍ਹਾਂ ਨੂੰ ਵਿਦਾਇਗੀ ਦਿੱਤੀ ਗਈ ਹੈ। ਪੰਜਾਬ, ਹਰਿਆਣਾ, ਰਾਜਸਥਾਨ ਤੋਂ ਵੱਡੀ ਗਿਣਤੀ ਵਿਚ ਲੋਕ ਪੁੱਜੇ ਹੋਏ ਸਨ।

ਇਸ ਮੌਕੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁੱਤ ਦੇ ਸਿਰ ਉਤੇ ਆਖਰੀ ਵਾਰ ਜੂੜਾ ਕੀਤਾ ਅਤੇ ਪਿਤਾ ਬਲਕੌਰ ਸਿੰਘ ਵੱਲੋਂ ਆਪਣੇ ਪੁੱਤਰ ਦੇ ਸਿਰ ਉਤੇ ਨਾਬੀ ਰੰਗ ਦੀ ਪੱਗ ਨੂੰ ਅੰਤਿਮ ਵਿਦਾਇਗੀ ਵੇਲੇ ਸਜਾਇਆ ਗਿਆ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਲੋਕਾਂ ਦੀ ਜੁੜੀ ਵੱਡੀ ਭੀੜ ਦਾ ਆਪਣੇ ਸਿਰ ਤੋਂ ਪੱਗ ਲਾਹ ਕੇ ਧੰਨਵਾਦ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਰਾਜਸੀ ਨੇਤਾ ਜੁੜੇ ਹੋਏ ਸਨ। ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੇ ਅੰਤਿਮ ਦਰਸ਼ਨਾਂ ਲਈ ਵੱਡੇ ਪੱਧਰ ਉਤੇ ਲੋਕਾਂ ਦਾ ਇਕੱਠ ਜੁੜਿਆ। ਲੋਕ ਅੱਧੀ ਰਾਤ ਤੋਂ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਤੋਂ ਪੁੱਜੇ। ਦੇਹ ਨੂੰ ਸਸਕਾਰ ਲਈ ਸਿੱਧੂ ਮੂਸੇਵਾਲਾ ਦੇ ਮਨਪਸੰਦ ਟਰੈਕਟਰ 5911 ਉਤੇ ਲਿਜਾਇਆ ਗਿਆ। ਸਸਕਾਰ ਪਿੰਡ ਮੂਸਾ ਦੀ ਸ਼ਮਸ਼ਾਨ ਭੂਮੀ ਵਿੱਚ ਕਰਨ ਦੀ ਥਾਂ, ਸਗੋਂ ਉਸ ਦੇ ਆਪਣੇ ਖੇਤਾਂ ਵਿਚ ਕੀਤਾ ਗਿਆ। ਉਸ ਦੀ ਮਾਂ ਚਰਨ ਕੌਰ ਸਮੇਤ ਹੋਰਨਾਂ ਰਿਸ਼ਤੇਦਾਰਾਂ ਦਾ ਵਿਰਲਾਪ ਝੱਲਿਆ ਨਹੀਂ ਜਾ ਰਿਹਾ ਸੀ। ਲੋਕਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਸੁਰੱਖਿਆ ਵਾਪਸੀ: ਪੰਜਾਬ ਸਰਕਾਰ ਦੀ ਖਿਚਾਈ
ਚੰਡੀਗੜ੍ਹ: ਪੰਜਾਬ ਹਰਿਆਣਾ ਹਾਈ ਕੋਰਟ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਘਟਨਾ ਮਗਰੋਂ ਸੁਰੱਖਿਆ ਵਾਪਸ ਲੈਣ ਦੇ ਮੁੱਦੇ ‘ਤੇ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਰਿਪੋਰਟ ਮੰਗੀ ਹੈ। ਕਾਂਗਰਸੀ ਸਿਆਸਤਦਾਨ ਅਤੇ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਉਣ ਅਤੇ ਹੱਤਿਆ ਦਾ ਹਾਈ ਕੋਰਟ ਨੇ ਗੰਭੀਰ ਨੋਟਿਸ ਲਿਆ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਉਨ੍ਹਾਂ ਹਸਤੀਆਂ ਬਾਰੇ ਰਿਪੋਰਟ ਪੇਸ਼ ਕੀਤੀ ਜਾਵੇ ਜਿਨ੍ਹਾਂ ਦੀ ਸੁਰੱਖਿਆ ਘਟਾਈ ਜਾਂ ਫਿਰ ਵਾਪਸ ਲਈ ਗਈ ਹੈ। ਸੁਰੱਖਿਆ ਕਿਸ ਆਧਾਰ ‘ਤੇ ਵਾਪਸ ਲਈ ਗਈ, ਉਸ ਬਾਰੇ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਵੱਲੋਂ ਸੁਰੱਖਿਆ ਵਾਪਸੀ ਦੇ ਮੁੱਦੇ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਸੀ ਜਿਸ ਦਾ ਦਾਇਰਾ ਵਧਾ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਕਿਸੇ ਦੀ ਸੁਰੱਖਿਆ ਵਧਾਉਣਾ ਜਾਂ ਘਟਾਉਣਾ ਸਰਕਾਰ ਦਾ ਵਿਸ਼ੇਸ਼ ਅਧਿਕਾਰ ਹੈ ਪਰ ਇਹ ਮਾਮਲਾ ਬਹੁਤ ਹੀ ਸੰਵੇਦਨਸ਼ੀਲ ਹੈ।