ਸੂਬੇ ਅੰਦਰ ਕਾਨੂੰਨ ਵਿਵਸਥਾ ਵੱਡੀ ਵੰਗਾਰ ਬਣਨ ਲੱਗੀ
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਰਾਹ ਜਾਂਦੇ ਦਿਨ-ਦਿਹਾੜੇ ਹੱਤਿਆ ਨੇ ਜਿਥੇ ਪੰਜਾਬ ਦੀ ਕਾਨੂੰਨ ਵਿਵਸਥਾ ਉਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਉਥੇ ਸਰਕਾਰ ਨੂੰ ਸੂਬੇ ਵਿਚ ਗੈਂਗਸਟਰ ਗਰੁੱਪਾਂ ਦੀਆਂ ਸਰਗਰਮੀਆਂ ਦਾ ਸ਼ੀਸ਼ਾ ਵੀ ਦਿਖਾ ਦਿੱਤਾ ਹੈ।
ਮੂਸੇਵਾਲਾ ਨੂੰ ਮਾਰਨ ਲਈ ਰੂਸ ਵਿਚ ਬਣੇ ਜਿਸ ਆਧੁਨਿਕ ਹਥਿਆਰ ਦੀ ਵਰਤੋਂ ਕੀਤੀ ਗਈ, ਉਸ ਨੇ ਵੱਡੀ ਫਿਕਰਮੰਦੀ ਖੜ੍ਹੀ ਕੀਤੀ ਹੈ। ਪੁਲਿਸ ਦਾ ਦਾਅਵਾ ਹੈ ਕਿ ਸਾਰੇ ਹਥਿਆਰ ਸਰਹੱਦ ਪਾਰੋਂ ਆਉਂਦੇ ਹਨ।
ਦੋ ਕਾਰਾਂ ਵਿਚ ਆਏ ਸੱਤ ਬਦਮਾਸ਼ਾਂ ਨੇ 40 ਦੇ ਕਰੀਬ ਫਾਇਰ ਕਰਕੇ ਬਿਨਾਂ ਕਿਸੇ ਖ਼ੌਫ ਦੇ ਘਟਨਾ ਨੂੰ ਅੰਜਾਮ ਦਿੱਤਾ ਤੇ ਆਸਾਨੀ ਨਾ ਫਰਾਰ ਹੋ ਗਏ। ਘਟਨਾ ਦੇ ਕੁਝ ਘੰਟੇ ਪਿੱਛੋਂ ਹੀ ਲਾਰੈਂਸ ਬਿਸ਼ਨੋਈ ਗੈਂਗਸਟਰ ਗਰੁੱਪ ਨੇ ਇਸ ਦੀ ਜ਼ਿੰਮੇਵਾਰੀ ਲੈ ਲਈ। ਕੁਝ ਸ਼ੱਕੀਆਂ ਨੂੰ ਹਿਰਾਸਤ ਵੀ ਲਿਆ ਹੈ ਤੇ ਮਨਪ੍ਰੀਤ ਸਿੰਘ ਨਾਮ ਦੇ ਨੌਜਵਾਨ ਦੀ ਗ੍ਰਿਫਤਾਰੀ ਵੀ ਪਾਈ ਹੈ ਪਰ ਸੂਤਰ ਦੱਸਦੇ ਹਨ ਕਿ ਪੁਲਿਸ ਦੇ ਹੱਥ ਹਾਲੇ ਹਵਾ ਵਿਚ ਹੀ ਹਨ। ਪੰਜਾਬ ਅਤੇ ਉੱਤਰਾਖੰਡ ਪੁਲਿਸ ਨੇ ਸਾਂਝੇ ਅਪਰੇਸ਼ਨ ਤਹਿਤ ਦੇਹਰਾਦੂਨ ਤੋਂ ਪੰਜ ਜਣਿਆਂ ਨੂੰ ਹਿਰਾਸਤ ਵਿਚ ਲਿਆ ਸੀ। ਇਨ੍ਹਾਂ ਵਿਚੋਂ ਇਕ ਮਨਪ੍ਰੀਤ ਵੀ ਸੀ। ਮਨਪ੍ਰੀਤ ਮਾਨਸਾ ਜਿਲ੍ਹੇ ਦੇ ਪਿੰਡ ਢੈਪਈ ਨਾਲ ਸਬੰਧਤ ਹੈ। ਉਧਰ, ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਪੰਜ ਦਿਨ ਦਾ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਦਰਅਸਲ, ਪੰਜਾਬ ਪੁਲਿਸ ਲਈ ਵਿਦੇਸ਼ਾਂ ‘ਚ ਬੈਠੇ ਗੈਂਗਸਟਰਾਂ ਵੱਲੋਂ ਸੂਬੇ ਵਿਚ ਭਾੜੇ ਦੇ ਕਾਤਲਾਂ ਰਾਹੀਂ ਚਲਾਈਆਂ ਜਾ ਰਹੀਆਂ ਅਪਰਾਧਿਕ ਗਤੀਵਿਧੀਆਂ ਨੂੰ ਨੱਥ ਪਾਉਣਾ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ। ਪੁਲਿਸ ਨੇ ਮੂਸੇਵਾਲਾ ਦੇ ਕਤਲ ਦੀਆਂ ਤਾਰਾਂ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਤਾਂ ਜੋੜ ਦਿੱਤੀਆਂ ਹਨ ਪਰ ਅਸਲ ਕਾਤਲਾਂ ਨੂੰ ਹੱਥ ਪਾਉਣਾ ਮੁਸ਼ਕਿਲ ਹੋਇਆ ਪਿਆ ਹੈ। ਪੰਜਾਬ ਪੁਲਿਸ ਦੀ ਮੁਹਾਲੀ ਸਥਿਤ ਇੰਟੈਲੀਜੈਂਸ ਵਿੰਗ ਦੀ ਇਮਾਰਤ ‘ਤੇ ਗ੍ਰਨੇਡ ਦਾਗਣ ਤੋਂ ਬਾਅਦ ਇਹ ਦੂਜੀ ਘਟਨਾ ਹੈ ਜਿਸ ਨੇ ਪੰਜਾਬ ਵਿਚ ਕਾਨੂੰਨ ਵਿਵਸਥਾ ਦੇ ਹੱਥੋਂ ਨਿਕਲਣ ਵੱਲ ਇਸ਼ਾਰਾ ਕੀਤਾ ਹੈ। ਇਸ ਵਾਰਦਾਤ ਵਿਚ ਵੀ ਹਾਲੇ ਤੱਕ ਪੁਲਿਸ ਦੇ ਹੱਥ ਖਾਲੀ ਹਨ। ਮੂਸੇਵਾਲਾ ਦੇ ਕਤਲ ਉਤੇ ਸਰਕਾਰ ਇਸ ਗੱਲੋਂ ਵੀ ਘਿਰੀ ਹੋਈ ਹੈ ਕਿ ਹਮਲੇ ਤੋਂ ਇਕ ਦਿਨ ਪਹਿਲਾਂ ਹੀ ਇਸ ਗਾਇਕ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ। ਸੁਰੱਖਿਆ ਵਾਪਸ ਲੈਣ ਤੋਂ ਬਾਅਦ ਸਰਕਾਰ ਨੇ ਇਸ ਦੇ ਦਸਤਾਵੇਜ਼ ਲੀਕ ਕਰਕੇ ਆਪਣੀ ਵਾਹ-ਵਾਹ ਖੱਟਣ ਦੀ ਕੋਸ਼ਿਸ਼ ਕੀਤੀ ਸੀ। ਸਿੱਧੂ ਮੂਸੇਵਾਲਾ ਨੂੰ 4 ਪੁਲਿਸ ਸੁਰੱਖਿਆ ਕਰਮੀ ਦਿੱਤੇ ਗਏ ਸਨ ਜਿਨ੍ਹਾਂ ਵਿਚੋਂ ਦੋ ਨੂੰ ਵਾਪਸ ਬੁਲਾਇਆ ਗਿਆ ਸੀ ਪਰ ਵਾਰਦਾਤ ਸਮੇਂ ਉਸ ਨੇ ਆਪਣੇ ਨਾਲ ਬਾਕੀ ਦੋ ਪੁਲਿਸ ਗਾਰਡਾਂ ਨੂੰ ਵੀ ਨਹੀਂ ਸੀ ਰੱਖਿਆ ਹੋਇਆ। ਇਸ ਮੌਕੇ ਦਾ ਲਾਭ ਉਠਾਉਂਦੇ ਹੋਏ ਉਸ ਦੇ ਹਮਲਾਵਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਸਿੱਧੂ ਮੂਸੇਵਾਲਾ ਦੀ ਘਟਾਈ ਗਈ ਸੁਰੱਖਿਆ ਨੂੰ ਸਾਰੀਆਂ ਸਿਆਸੀ ਧਿਰਾਂ ਕਤਲ ਕਾਂਡ ਨਾਲ ਜੋੜ ਕੇ ਦੇਖ ਰਹੀਆਂ ਹਨ। ਸਿਆਸੀ ਆਗੂਆਂ ਵੱਲੋਂ ਇਸ ਮਾਮਲੇ ਸਬੰਧੀ ਪੰਜਾਬ ਸਰਕਾਰ ਦੀ ਨਿਖੇਧੀ ਵੀ ਕੀਤੀ ਜਾ ਰਹੀ ਹੈ, ਜਦੋਂ ਕਿ ਆਮ ਆਦਮੀ ਪਾਰਟੀ ਨੇ ਇਸ ਮੁੱਦੇ ‘ਤੇ ਚੁੱਪ ਵੱਟੀ ਹੋਈ ਹੈ। ਅਸਲ ਵਿਚ, ਪੰਜਾਬ ਵਿਚ ਆਪ ਦੀ ਸਰਕਾਰ ਬਣਨ ਪਿੱਛੋਂ ਮਾੜੀ ਕਾਨੂੰਨ ਵਿਵਸਥਾ ਦਾ ਮੁੱਦਾ ਭਖਿਆ ਹੋਇਆ ਹੈ। ਵਿਰੋਧੀ ਧਿਰਾਂ ਦਾ ਦਾਅਵਾ ਹੈ ਕਿ ‘ਆਪ‘ ਸਰਕਾਰ ਦੇ ਦੋ ਮਹੀਨਿਆਂ ਦੇ ਕਾਰਜਕਾਲ ਦੌਰਾਨ 27 ਕਤਲ ਹੋ ਚੁੱਕੇ ਹਨ, 24 ਕਿਸਾਨ ਖੁਦਕੁਸ਼ੀਆਂ ਅਤੇ 62 ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਚੁੱਕੇ ਹਨ। ਪੰਜਾਬ ਸਰਕਾਰ ਇਸ ਮੁੱਦੇ ਉਤੇ ਕਿੰਨੀ ਕੁ ਗੰਭੀਰ ਹੈ, ਇਸ ਦਾ ਅੰਦਾਜ਼ਾ ਇਸ ਗੱਲੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਮਹੀਨੇ ਬਣਾਈ ਗੈਂਗਸਟਰ ਵਿਰੋਧੀ ਟਾਸਕ ਫੋਰਸ ਬਾਰੇ ਅਜੇ ਤੱਕ ਨੋਟੀਫਿਕੇਸ਼ਨ ਹੀ ਜਾਰੀ ਨਹੀਂ ਕੀਤਾ ਗਿਆ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਅਪਰਾਧੀਆਂ ਵਿਰੁੱਧ ਵੱਡੀ ਕਾਰਵਾਈ ਦੱਸਦੇ ਹੋਏ ਆਪਣੀ ਸਰਕਾਰ ਦੀ ਪਿੱਠ ਥਾਪੜੀ ਸੀ।
ਪੰਜਾਬ ਵਿਚ ‘ਆਪ` ਸਰਕਾਰ ਦੇ ਗਠਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਬਣਾਉਣ ਦਾ ਐਲਾਨ ਕੀਤਾ ਸੀ। ਸੂਤਰਾਂ ਮੁਤਾਬਕ ਏ.ਜੀ.ਟੀ.ਐਫ. ਦੇ ਗਠਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਲਈ ਪੁਲਿਸ ਵੱਲੋਂ ਸਰਕਾਰ ਨੂੰ ਭੇਜਿਆ ਗਿਆ ਪ੍ਰਸਤਾਵ ਅਜੇ ਤੱਕ ਸਿਰੇ ਨਹੀਂ ਚੜ੍ਹਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਅਜਿਹੀ ਫੋਰਸ ਦੇ ਗਠਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨਾ ਜ਼ਰੂਰੀ ਹੁੰਦਾ ਹੈ ਤਾਂ ਜੋ ਏ.ਜੀ.ਟੀ.ਐਫ. `ਚ ਅਫਸਰਾਂ ਦੀ ਤਾਇਨਾਤੀ ਨੋਟੀਫਿਕੇਸ਼ਨ ਦੇ ਆਧਾਰ `ਤੇ ਹੋਵੇ ਅਤੇ ਪੁਲਿਸ ਫੋਰਸ ਨੂੰ ਅਸਲਾ, ਗੱਡੀਆਂ ਆਦਿ ਦੀ ਅਲਾਟਮੈਂਟ ਦੇ ਨਿਯਮ ਬਣਨ। ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਸੂਬੇ ਵਿਚ ਪਿਛਲੇ ਦੋ ਕੁ ਸਾਲ ਤੋਂ ਗੈਂਗਵਾਰ, ਕਤਲੋਗਾਰਤ ਜਾਂ ਫਿਰੌਤੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਇਹ ਸਾਰੀਆਂ ਗਤੀਵਿਧੀਆਂ ਕੈਨੇਡਾ, ਫਿਲਪੀਨਜ, ਥਾਈਲੈਂਡ ਅਤੇ ਯੂਰਪ ਦੇ ਕੁੱਝ ਮੁਲਕਾਂ ਵਿਚ ਬੈਠੇ ਗੈਂਗਸਟਰਾਂ ਵੱਲੋਂ ਹੀ ਚਲਾਈਆਂ ਜਾ ਰਹੀਆਂ ਹਨ। ਇਸ ਸਮੇਂ ਦੋ ਦਰਜਨ ਦੇ ਕਰੀਬ ਅਜਿਹੇ ਗੈਂਗਸਟਰ ਹਨ ਜੋ ਵਿਦੇਸ਼ਾਂ `ਚੋਂ ਹੀ ਭਾੜੇ ਦੇ ਅਪਰਾਧੀਆਂ ਰਾਹੀਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਸੂਬੇ ਵਿਚ ਲੁਕਵੀਆਂ ਅਪਰਾਧਿਕ ਗਤੀਵਿਧੀਆਂ ਚਲਾਉਣ ਵਾਲੇ ਵਿਅਕਤੀ ਨੂੰ ਵਿਦੇਸ਼ੀ ਧਰਤੀ ਤੋਂ ਵਾਪਸ ਲਿਆਉਣ ਦੀ ਪ੍ਰਕਿਰਿਆ ਬਹੁਤ ਹੀ ਜ਼ਿਆਦਾ ਗੁੰਝਲਦਾਰ ਹੈ ਅਤੇ ਸਾਲਾਂ ਦਾ ਸਮਾਂ ਲੱਗ ਜਾਂਦਾ ਹੈ।
ਪੁਲਿਸ ਸੂਤਰਾਂ ਮੁਤਾਬਕ ਪੰਜਾਬ ਦੇ ਜਿਹੜੇ ਗੈਂਗਸਟਰ ਤਿਹਾੜ ਜੇਲ੍ਹ ‘ਚ ਬੰਦ ਹਨ, ਉਨ੍ਹਾਂ ਦੇ ਵੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਤੱਥ ਹਨ। ਪੰਜਾਬ ਵਿਚ ‘ਆਪ‘ ਸਰਕਾਰ ਦੇ ਗਠਨ ਤੋਂ ਬਾਅਦ ਕਬੱਡੀ ਖਿਡਾਰੀਆਂ ਸਮੇਤ ਹੋਰ ਕਈ ਕਤਲਾਂ ਦੀ ਯੋਜਨਾ ਵਿਦੇਸ਼ ਤੋਂ ਹੀ ਘੜੀ ਹੋਣ ਦੇ ਤੱਥ ਸਾਹਮਣੇ ਆ ਚੁੱਕੇ ਹਨ। ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਦਫਤਰ ‘ਤੇ ਰਾਕੇਟ ਲਾਂਚਰ ਨਾਲ ਹੋਏ ਹਮਲੇ ਪਿੱਛੇ ਵੀ ਪੁਲਿਸ ਨੇ ਕੈਨੇਡਾ ‘ਚ ਬੈਠੇ ਗੈਂਗਸਟਰਾਂ ਦਾ ਹੱਥ ਹੋਣ ਦਾ ਦਾਅਵਾ ਕੀਤਾ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਸੂਬੇ ‘ਚ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਾਂ ਭਾਵੇਂ ਕਾਬੂ ਆ ਜਾਂਦੇ ਹਨ ਪਰ ਸਾਰੀ ਸਾਜ਼ਿਸ਼ ਘੜਨ ਵਾਲੇ ਗ੍ਰਿਫਤ ‘ਚੋਂ ਬਾਹਰ ਰਹਿੰਦੇ ਹਨ।
ਪੰਜਾਬ ਵਿਚ ਵਿਦੇਸ਼ਾਂ ਤੋਂ ਗਤੀਵਿਧੀਆਂ ਚਲਾ ਰਹੇ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਰਾਜ ਸਰਕਾਰ ਪੂਰੀ ਤਰ੍ਹਾਂ ਕੇਂਦਰ ਸਰਕਾਰ ‘ਤੇ ਨਿਰਭਰ ਹੈ। ਇਸ ਮਾਮਲੇ ਵਿਚ ਕੋਈ ਵੀ ਸਫਲਤਾ ਨਹੀਂ ਮਿਲ ਰਹੀ। ਸੂਤਰਾਂ ਮੁਤਾਬਕ ਪੁਲਿਸ ਅਧਿਕਾਰੀਆਂ ਵੱਲੋਂ ਸੂਬੇ ਦੇ ਗ੍ਰਹਿ ਵਿਭਾਗ ਰਾਹੀਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੰਜਾਬ ‘ਚ ਅਪਰਾਧਿਕ ਗਤੀਵਿਧੀਆਂ ਚਲਾ ਰਹੇ ਗੈਂਗਸਟਰਾਂ ਨੂੰ ਭਾਰਤ ਲਿਆਉਣ ਲਈ ਪੱਤਰ ਵਿਹਾਰ ਕਈ ਵਾਰੀ ਕੀਤਾ ਹੈ ਪਰ ਕੁਝ ਵੀ ਹੱਥ ਪੱਲੇ ਨਹੀਂ ਪਿਆ।
ਕਤਲ ਦੀ ਸਾਜ਼ਿਸ਼ ਤਿਹਾੜ ਜੇਲ੍ਹ ‘ਚ ਰਚੀ ਹੋਣ ਦਾ ਸ਼ੱਕ: ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਰਚੀ ਗਈ ਹੋਣ ਦਾ ਸ਼ੱਕ ਹੈ ਕਿਉਂਕਿ ਗਾਇਕ ਦੇ ਕਤਲ ਸਬੰਧੀ ਇਕ ਫੋਨ ਨੰਬਰ ਨੂੰ ਜੇਲ੍ਹ ਤੋਂ ਟਰੈਕ ਕਰ ਲਿਆ ਗਿਆ ਹੈ। ਕੁਝ ਦਿਨ ਪਹਿਲਾਂ ਦਿੱਲੀ ਪੁਲਿਸ ਨੇ ਸ਼ਾਹਰੁਖ ਨਾਂ ਦੇ ਇਕ ਅਪਰਾਧੀ ਨੂੰ ਗ੍ਰਿਫਤਾਰ ਕੀਤਾ ਸੀ। ਉਹ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨਾਲ ਜੇਲ੍ਹ ਤੋਂ ਗੱਲਬਾਤ ਕਰਨ ਲਈ ਮੈਸੇਜਿੰਗ ਐਪ ਦੀ ਵਰਤੋਂ ਕਰਦਾ ਪਾਇਆ ਗਿਆ ਹੈ ਜਿਸ ਨੇ ਗਾਇਕ ਦੀ ਮੌਤ ਦੀ ਜ਼ਿੰਮੇਵਾਰੀ ਲਈ ਹੈ। ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ। ਬਿਸ਼ਨੋਈ ਇਸ ਸਮੇਂ ਰਾਜਸਥਾਨ ਦੀ ਜੇਲ੍ਹ ਵਿਚ ਬੰਦ ਹੈ।
ਕੈਨੇਡਾ ਪੁਲਿਸ ਕੋਲ ਗੋਲਡੀ ਬਰਾੜ ਦਾ ਕੋਈ ਅਪਰਾਧਕ ਰਿਕਾਰਡ ਨਹੀਂ
ਵੈਨਕੂਵਰ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਲਡੀ ਬਰਾੜ ਦਾ ਕੈਨੇਡਾ ਪੁਲਿਸ ਕੋਲ ਕੋਈ ਅਪਰਾਧਕ ਰਿਕਾਰਡ ਨਹੀਂ ਹੈ। ਇਸ ਨਾਮ ਵਾਲੇ ਵਿਅਕਤੀ ਬਾਰੇ ਕਿਧਰੇ ਵੀ ਕੋਈ ਜਾਣਕਾਰੀ ਜਾਂ ਹਵਾਲਾ ਨਹੀਂ ਮਿਲਦਾ। ਇਸ ਨਾਮ ਦੇ ਚਰਚਾ ਵਿਚ ਆਉਣ ਤੋਂ ਬਾਅਦ ਵੱਖ-ਵੱਖ ਸ਼ਹਿਰਾਂ ਵਿਚਲੇ ਜਾਣਕਾਰਾਂ ਤੇ ਹੋਰ ਸੂਤਰਾਂ ਕੋਲੋਂ ਉਸ ਬਾਰੇ ਕੁਝ ਪਤਾ ਨਹੀਂ ਲੱਗਾ। ਕੈਨੇਡੀਅਨ ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਰਾੜ ਗੋਤ ਵਾਲੇ ਚਾਰ ਕੁ ਦਰਜਨ ਨਾਂ ਪੁਲਿਸ ਰਿਕਾਰਡ ਵਿਚ ਹਨ ਪਰ ਇਨ੍ਹਾਂ ‘ਚੋਂ ਕਿਸੇ ਦਾ ਨਾਮ ਗੋਲਡੀ ਨਹੀਂ ਹੈ। ਉਸ ਦਾ ਅਸਲ ਨਾਮ ਕੁਝ ਹੋਰ ਹੋ ਸਕਦਾ ਹੈ।