ਸਿੱਧੂ ਮੂਸੇਵਾਲੇ ਦੇ ਬਹਾਨੇ…

ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਕਤਲ ਵੱਡੀ ਘਟਨਾ ਹੈ। ਹੁਣ ਤੱਕ ਸਾਹਮਣੇ ਆਈਆਂ ਜਾਣਕਾਰੀਆਂ ਮੁਤਾਬਕ ਇਹ ਗੈਂਗਵਾਰ ਦਾ ਨਤੀਜਾ ਹੈ। ਇਸ ਵਿਚ ਭਗਵੰਤ ਮਾਨ ਦੀ ਸਰਕਾਰ ਵੱਲੋਂ ਸੁਰੱਖਿਆ ਮਸਲੇ ਨੂੰ ਜਨਤਕ ਕਰਨਾ, ਪੁਲਿਸ-ਪ੍ਰਸ਼ਾਸਨ ਤੇ ਇੰਟੈਲੀਜੈਂਸ ਏਜੰਸੀਆਂ ਦੀ ਨਕਾਮੀ ਵੀ ਇਸ ਲਈ ਜ਼ਿੰਮੇਵਾਰ ਹੈ। ਇਉਂ ਇਹ ਕਤਲ ਮੌਜੂਦਾ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਉੱਪਰ ਵੱਡੇ ਸਵਾਲ ਖੜ੍ਹੇ ਕਰਦਾ ਹੈ। ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।

ਪਰ ਇਹ ਕਤਲ ਗੈਂਗਵਾਰ, ਫੁਰਕਪੰਥੀ ਦੇ ਉਸ ਰਾਹ ਦੀ ਸ਼ਨਾਖ਼ਤ ਕਰਨ ਦੀ ਵੀ ਮੰਗ ਕਰਦਾ ਹੈ ਜਿਸ ਉੱਪਰ ਪੰਜਾਬ ਦੀ ਜਵਾਨੀ ਦਾ ਇੱਕ ਹਿੱਸਾ ਤੁਰ ਰਿਹਾ ਹੈ ਸਗੋਂ ਤੋਰਿਆ ਜਾ ਰਿਹਾ ਹੈ। ਅਸੀਂ ਇੱਥੇ ਜੋ ਲਿਖ ਰਹੇ ਹਾਂ, ਉਸ ਦਾ ਮਕਸਦ ਸਿਰਫ਼ ਕਤਲ ਦੇ ਕਾਰਨਾਂ ਦੀ ਪੜਤਾਲ ਨਹੀਂ ਹੈ ਸਗੋਂ ਅਸੀਂ ਪੰਜਾਬ ਦੇ ਨੌਜਵਾਨਾਂ ਦੇ ਇੱਕ ਵੱਡੇ ਹਿੱਸੇ ਦੀ ਜ਼ਿੰਦਗੀ ਨਾਲ ਜੁੜੇ ਸਵਾਲਾਂ ਨੂੰ ਮੁਖਾਤਿਬ ਹੋ ਰਹੇ ਹਾਂ।
ਇਹ ਗੱਲ ਜੱਗ ਜ਼ਾਹਿਰ ਹੈ ਕਿ ਗੈਂਗਸਟਰ ਆਪਣੇ ਆਪ ਵਿਚ ਕੁਝ ਨਹੀਂ ਹਨ ਸਗੋਂ ਉਹਨਾਂ ਨੂੰ ਹਾਕਮ ਜਮਾਤ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ, ਲੀਡਰਾਂ ਦੀ ਪੂਰੀ ਸ਼ਹਿ ਹੈ। ਇਹ ਗੁੰਡਾ-ਸਿਆਸੀ-ਪੁਲਿਸਾ ਗੱਠਜੋੜ ਇੰਨਾ ਮਜ਼ਬੂਤ ਹੈ ਕਿ ਜੇਲ੍ਹਾਂ ਵਿਚ ਬੈਠੇ ਗੈਂਗਟਸਰ ਵੀ ਆਪਣੇ ਗੁੰਡਾ-ਗਰੋਹ ਚਲਾਉਂਦੇ ਹਨ। ਸਭ ਸਿਆਸੀ ਪਾਰਟੀਆਂ ਨੇ ਆਪਣੇ ਗੁੰਡਾ ਗਰੋਹ ਪਾਲੇ ਹੋਏ ਹਨ ਜੋ ਨੌਜਵਾਨਾਂ ਨੂੰ ਆਪਣੇ ਕੋਝ ਹਿੱਤਾਂ ਲਈ ਵਰਤਦੀਆਂ ਹਨ ਤੇ ਲੋੜ ਖਤਮ ਹੋਣ ‘ਤੇ ਉਹਨਾਂ ਨੂੰ ਖਤਮ ਕਰ ਦਿੰਦੀਆਂ ਹਨ ਜਾਂ ਭੈੜੀ ਮੌਤ ਮਰਨ ਲਈ ਸਿੱਟ ਦਿੰਦੀਆਂ ਹਨ। ਇਹਨਾਂ ਗੁੰਡਿਆਂ ਰਾਹੀਂ ਸਿਆਸੀ ਲੀਡਰ ਨਜਾਇਜ਼ ਕਬਜ਼ਿਆਂ, ਫਿਰੌਤੀਆਂ, ਉਗਰਾਹੀ, ਨਸ਼ਿਆਂ ਆਦਿ ਦੇ ਰੂਪ ਵਿਚ ਕਮਾਈਆਂ ਕਰਦੇ ਹਨ, ਆਪਣੇ ਵਿਰੋਧੀਆਂ ਨੂੰ ਗੁੱਠੇ ਲਾਉਂਦੇ ਹਨ ਤੇ ਲੋੜ ਪੈਣ ‘ਤੇ ਸਮਾਜਿਕ ਕਾਰਕੁਨਾਂ ਨੂੰ ਕਤਲ ਕਰਨ ਤੇ ਲੋਕ ਲਹਿਰਾਂ ਨੂੰ ਵੀ ਕੁਚਲਣ ਦਾ ਕੰਮ ਵੀ ਲੈਂਦੇ ਹਨ। ਕਾਂਗਰਸ, ਭਾਜਪਾ, ਅਕਾਲੀ ਦਲ ਅਤੇ ਆਪ ਜਿਹੀਆਂ ਹਾਕਮ ਜਮਾਤ ਦੀਆਂ ਪਾਰਟੀਆਂ ਦੇ ਨੌਜਵਾਨ ਵਿੰਗ ਤੇ ਵਿਦਿਆਰਥੀ ਵਿੰਗ ਇਹਨਾਂ ਕੰਮਾਂ ਲਈ ਨੌਜਵਾਨਾਂ ਨੂੰ ਭਰਤੀ ਕਰਨ ਤੇ ਉਹਨਾਂ ਦੀ ਸਿਖਲਾਈ ਦੇ ਅੱਡੇ ਹਨ। ਪੰਜਾਬ ਵਿਚ ਇਸ ਗੁੰਡਾ-ਸਿਆਸੀ ਗੱਠਜੋੜ ਦੀ ਗ੍ਰਿਫ਼ਤ ਗੀਤਾਂ, ਫਿਲਮਾਂ ਦੀਆਂ ਨਾਮੀ ਹਸਤੀਆਂ ਤੱਕ ਫੈਲੀ ਹੋਈ ਹੈ। ਇਹਨਾਂ ਕਲਾਕਾਰਾਂ ਨਾਲ ਯਾਰਾਨੇ, ਉਹਨਾਂ ਦੀ ਮਸ਼ਹੂਰੀ, ਸ਼ੋਅ ਕਰਵਾਉਣੇ, ਸੁਰੱਖਿਆ ਕਰਨ ਤੋਂ ਲੈ ਕੇ ਡਰਾ-ਧਮਕਾ ਕੇ ਉਹਗਾਰੀ ਕਰਨ ਜਿਹੇ ਰੂਪਾਂ ਨਾਲ ਗੀਤਾਂ-ਫਿਲਮਾਂ ਦਾ ਜਗਤ ਇਸ ਗੁੰਡਾ-ਸਿਆਸੀ ਜਗਤ ਨਾਲ ਜੁੜਿਆ ਹੋਇਆ ਹੈ।
ਇਹ ਸਿਰਫ਼ ਪੰਜਾਬ ਚ ਹੀ ਨਹੀਂ ਹੋ ਰਿਹਾ। ਬਹੁਤੇ ਸੂਬਿਆਂ ਵਿਚ ਹਾਕਮ ਜਮਾਤ ਦੀਆਂ ਪਾਰਟੀਆਂ ਨੇ ਇਉਂ ਗੁੰਡਾ ਗਰੋਹ ਖੜ੍ਹੇ ਕੀਤੇ ਹਨ। ਉੱਤਰ ਪ੍ਰਦੇਸ਼ ਚ ਯੋਗੀ ਸਰਕਾਰ ਨੇ ਪਹਿਲਾਂ ਮੌਜੂਦ ਗੁੰਡਾਗਰਦੀ ਨੂੰ ਨੱਥ ਪਾਈ ਪਰ ਨਾਲ ਹੀ ਆਪਣੀ ਭਗਵੀਂ ਗੁੰਡਾ ਬ੍ਰਿਗੇਡ ਵੀ ਖੜ੍ਹੀ ਕੀਤੀ ਹੈ। ਇਸ ਗੈਂਗਵਾਰ ਦੇ ਨਾਮ ਉੱਪਰ ਕੱਲ੍ਹ ਨੂੰ ਪੰਜਾਬ ਵਿਚ ਮਹਾਂਰਾਸ਼ਟਰ ਦੀ ਤਰਜ਼ ਉੱਪਰ ‘ਪਕੋਕਾ’ ਲਿਆਂਦਾ ਜਾ ਸਕਦਾ ਹੈ ਜਿਸ ਨੂੰ ਲਿਆਉਣ ਦੀ ਕੋਸ਼ਿਸ਼ ਪਹਿਲਾਂ ਕਾਂਗਰਸ ਨੇ ਵੀ ਕੀਤੀ ਸੀ। ਅਜਿਹੇ ਕਾਨੂੰਨ ਮੁੜ ਕੇ ਸਮਾਜਿਕ-ਸਿਆਸੀ ਕਾਰਕੁਨਾਂ ਤੇ ਪੰਜਾਬ ਦੇ ਬੇਦੋਸ਼ੇ ਨੌਜਵਾਨਾਂ ਨੂੰ ਜੇਲ੍ਹੀਂ ਡੱਕਣ ਦਾ ਹਥਿਆਰ ਬਣਨਗੇ।
ਹਾਕਮ ਜਮਾਤ ਦੀ ਸ਼ਹਿ ਉੱਪਰ ਪਲ ਰਹੀ ਇਸ ਗੁੰਡਾਗਰਦੀ ਦਾ ਪ੍ਰਗਟਾਵਾ ਗੀਤਾਂ-ਫਿਲਮਾਂ ਵਿਚ ਵੀ ਹੋ ਰਿਹਾ ਹੈ। ਸਿੱਧੂ ਮੂਸੇਵਾਲ਼ਾ ਦੀ ਗਾਇਕੀ ਇਸੇ ਦੀ ਨੁਮਾਇੰਦਗੀ ਕਰਦੀ ਹੈ ਤੇ ਅਜਿਹੇ ਗਾਇਕ-ਗੀਤਕਾਰ ਹੀ ਅੱਜ ਭਾਰੂ ਹਨ। ਇੰਝ ਗੁੰਡਾਗਰਦੀ, ਵਿਅਕਤੀਵਾਦ, ਸੁਆਰਥ, ਹਿੰਸਾ, ਹਥਿਆਰਾਂ ਤੇ ਮਰਦ-ਪ੍ਰਧਾਨਤਾ ਦੀ ਜਿਹੜੀ ਪੇਸ਼ਕਾਰੀ ਗੀਤਾਂ ਵਿਚ ਹੁੰਦੀ ਹੈ ਉਹ ਅਸਲ ਜ਼ਿੰਦਗੀ ਦਾ ਹੀ ਇੱਕ ਪ੍ਰਗਟਾਵਾ ਹੈ। ਇਸ ਕਰਕੇ ਇਹਨਾਂ ਗੀਤਾਂ ਦੇ ਪਹਿਲੇ ਦੋਸ਼ੀ ਇਹ ਗਾਇਕ, ਗੀਤਕਾਰ ਨਹੀਂ ਹਨ, ਜਿੰਨਾ ਚਿਰ ਅਸਲ ਜ਼ਿੰਦਗੀ ਵਿਚ ਹਾਕਮ ਜਮਾਤਾਂ ਵੱਲੋਂ ਪਾਲੀ-ਪੋਸੀ ਗੁੰਡਾਗਰਦੀ ਮੌਜੂਦਾ ਹੈ, ਓਨਾ ਚਿਰ ਅਜਿਹੇ ਗੀਤ-ਫਿਲਮਾਂ ਬਣਦੀਆਂ ਹੀ ਰਹਿਣਗੀਆਂ ਪਰ ਅਜਿਹੇ ਗੀਤ ਇਸ ਗੁੰਡਾ ਸੱਭਿਆਚਾਰ ਨੂੰ ਹੋਰ ਵਧਾਉਣ, ਇਸ ਜ਼ਿੰਦਗੀ ਦੀ ਚਮਕ-ਦਮਕ ਦਿਖਾਉਣ, ਨਕਲੀ ਨਾਇਕ ਪੇਸ਼ ਕਰਨ ਆਦਿ ਜ਼ਰੀਏ ਅਲੂੰਏਂ ਜਿਹੇ ਨੌਜਵਾਨਾਂ ਵਿਚ ਅਜਿਹੀ ਜ਼ਿੰਦਗੀ ਜਨੂਨ ਜਗਾਉਣ ਦਾ ਕੰਮ ਵੀ ਕਰਦੇ ਹਨ। ਜਦੋਂ 15-16 ਸਾਲ ਦੇ ਮੁੰਡੇ ਆਪਸ ਵਿਚ ‘ਫਲਾਨਾ ਗਾਇਕ ਘੈਂਟ ਆ ਕਿ ਢਿਮਕਾ?’ ਪਿੱਛੇ ਲੜ ਪੈਂਦਾ ਹਨ ਤਾਂ ਇਹਨਾਂ ਗੀਤਾਂ ਦਾ ਅਸਰ ਮਹਿਸੂਸ ਕੀਤਾ ਜਾ ਸਕਦਾ ਹੈ। ਇਉਂ ਸਿੱਧੂ ਮੂਸੇਵਾਲਾ ਨੇ ਜਿਸ ਜਗਤ ਦੇ ਗੀਤ ਗਾ ਕੇ ਸ਼ੁਹਰਤ ਕਮਾਈ ਹੈ, ਉਹ ਉਸੇ ਜਗਤ ਦੀ ਭੇਂਟ ਚੜ੍ਹਿਆ ਹੈ।
ਹਾਕਮ ਜਮਾਤਾਂ ਦੇ ਸਿਆਸੀ-ਗੁੰਡਾ ਗੱਠਜੋੜ ਦੀ ਇਹ ਜ਼ਿੰਦਗੀ ਨੌਜਵਾਨਾਂ ਨੂੰ ਧੜਾ-ਧੜ ਨਿਗਲ ਰਹੀ ਹੈ। ਇਸ ਵਿਚ ਇੱਕ ਪਾਸੇ ਖਾਂਦੇ-ਪੀਂਦੇ, ਧਨਾਢ ਤਬਕੇ ਦੇ ਉਹ ਨੌਜਵਾਨ ਖਿੱਚੇ ਜਾਂਦੇ ਹਨ ਜਿਹਨਾਂ ਨੂੰ ਲਗਦਾ ਹੈ ਕਿ ਆਪਣੀ ਹਰਾਮ ਦੀ ਦੌਲਤ ਤੇ ਸਿਆਸੀ ਚੌਧਰ ਸਦਕਾ ਹਰ ਚੀਜ਼ ਖਰੀਦ ਸਕਦੇ ਹਨ, ਕਬਜ਼ਾ ਕਰ ਸਕਦੇ ਹਨ, ਆਪਣੀ ਜੁੱਤੀ ਥੱਲੇ ਲੈ ਸਕਦੇ ਹਨ; ਦੂਜੇ ਪਾਸੇ ਬੇਰੁਜ਼ਗਾਰੀ, ਲਾਚਾਰੀ ਦੇਝੰਬੇ ਤੇ ਦਿਸ਼ਾਹੀਣ ਭਟਕਦੇ ਹੇਠਲੇ ਤਬਕੇ ਦੇ ਨੌਜਵਾਨ ਹਨ ਜਿਹੜੇ ਨਸ਼ਿਆਂ, ਜੁਰਮਾਂ, ਗੁੰਡਾਗਰਦੀ ਤੇ ‘ਤਕੜਿਆਂ’ ਨਾਲ ਬਣਾ ਕੇ ਰੱਖਣ ਜਿਹੇ ਕੁ-ਚੱਕਰਾਂ ‘ਚ ਮੁਕਤੀ ਭਾਲਣ ਦੀ ਕੋਸ਼ਿਸ਼ ਕਰਦੇ ਹਨ। ਨਵ-ਉਦਾਰਵਾਦੀ ਯੁੱਗ ਨੇ ਸਰਮਾਏਦਾਰੀ ਦੀ ਬੇਗਾਨਗੀ, ਵਿਅਕਤੀਵਾਦ, ਆਤਮਿਕ ਸੱਖਣੇਪਣ, ਸੁਆਰਥ, ਕਾਮੁਕ-ਹਿੰਸਕ ਰੁਚੀਆਂ ਦੇ ਸੱਭਿਆਚਾਰ ‘ਚ ਅਥਾਹ ਵਾਧਾ ਕੀਤਾ ਹੈ, ਇਹ ਵੀ ਨੌਜਵਾਨਾਂ ਨੂੰ ਇਸ ਜ਼ਿੰਦਗੀ ਵੱਲ ਧੱਕਣ ਦਾ ਕਾਰਨ ਬਣਦਾ ਹੈ।
ਇਉਂ ਅਸੀਂ ਅੱਜ ਜੋ ਵਰਤਾਰਾ ਦੇਖ ਰਹੇ ਹਾਂ ਇਹ ਪੰਜਾਬ ਦਾ ਨਹੀਂ ਸਗੋ ਸਰਮਾਏਦਾਰੀ ਯੁੱਗ ਦਾ ਵਰਤਾਰਾ ਹੈ। ਇਸ ਯੁੱਗ ਦੀ ਆਰਥਿਕ ਜ਼ਿੰਦਗੀ ਨੌਜਵਾਨਾਂ ਨੂੰ ਜ਼ਿੱਲਤ ਵੱਲ ਧੱਕ ਰਹੀ ਹੈ, ਇਹਦਾ ਸਭਿਆਚਾਰਕ ਪ੍ਰਦੂਸ਼ਣ ਨੌਜਵਾਨਾਂ ਨੂੰ ਨਸ਼ੇ ਵਾਂਗ ਖੋਖਲੀ ਜ਼ਿੰਦਗੀ ਵੱਲ ਧੱਕ ਰਿਹਾ ਹੈ ਤੇ ਹਾਕਮ ਜਮਾਤ ਦੀ ਸਿਆਸਤ ਨੌਜਵਾਨਾਂ ਨੂੰ ਵਰਤ ਰਹੀ ਹੈ। ਸਾਡੇ ਸਮਾਜ ਨੂੰ ਨੌਜਵਾਨਾਂ ਨੂੰ ਸ਼ਿਕਾਰ ਬਣਾਉਣ ਵਾਲੀ ਬੇਰੁਜ਼ਗਾਰੀ, ਲਚਾਰੀ ਤੇ ਦਿਸ਼ਾਹੀਣਤਾ, ਬੇਗਾਨਗੀ ਤੇ ਕੋਝੀ ਸਿਆਸਤ ਤੋਂ ਹਾਲੇ ਜਲਦੀ ਕੋਈ ਛੁਟਕਾਰਾ ਨਹੀਂ ਮਿਲਣਾ। ਹਾਲੇ ਗੀਤਾਂ-ਫਿਲਮਾਂ ‘ਚ ਨੌਜਵਾਨਾਂ ਅੱਗੇ ਜੋ ਰਾਹ, ਜੋ ਨਾਇਕ ਪਰੋਸੇ ਜਾ ਰਹੇ ਹਨ ਉਹ ਵੀ ਇੰਝ ਹੀ ਜਾਰੀ ਰਹਿਣਾ ਹੈ। ਇਸ ਹਾਲਤ ਵਿਚ ਅਸੀਂ ਨੌਜਵਾਨਾਂ ਨੂੰ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨਾਲ ਟਾਕਰਾ ਕਰਨ ਦਾ ਕੀ ਰਾਹ ਦੇਣਾ ਹੈ? ਇਸ ਜ਼ਿੰਦਗੀ ਦਾ ਕੀ ਬਦਲ ਦੇਣਾ ਹੈ? ਮੌਜੂਦਾ ਸਭਿਆਚਾਰ ਦਾ ਕੀ ਬਦਲ ਦੇਣਾ ਹੈ? ਸਾਡੇ ਨੌਜਵਾਨਾਂ ਦੇ ਨਾਇਕ ਕੌਣ ਹੋਣੇ ਚਾਹੀਦੇ ਹਨ? ਸਾਡੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਨਾਇਕਾਂ ਤੇ ਉਹਨਾਂ ਦੇ ਦਰਸਾਏ ਰਾਹ ਦੀ ਲੋੜ ਹੈ ਜਿਹਨਾਂ ਵਿਚ ਨਾ ਸਿਰਫ਼ ਮਨੁੱਖਤਾ ਲਈ ਡੂੰਘੇ ਦਰਦ ਰੱਖਣ ਵਾਲੇ ਦਿਲ, ਲੋਕਾਂ ਲਈ ਆਪਾ ਵਾਰਨ ਦੀ ਭਾਵਨਾ ਤੇ ਜ਼ਹੀਨ ਬੁੱਧੀ ਸੀ ਸਗੋਂ ਜਿਹਨਾਂ ਦੀ ਬਹਾਦਰੀ, ਵੇਲੇ ਦੇ ਵੱਡੇ ਤੋਂ ਵੱਡੇ ਹੁਕਮਰਾਨਾਂ ਨੂੰ ਵੀ ਦੁਸ਼ਮਣ ਆਖ ਕੇ ਲਲਕਾਰਨ ਦੀ ਦਲੇਰੀ ਅਤੇ ਮੌਤ ਨੂੰ ਹੱਸਦੇ ਹੋਏ ਗਲ਼ ਲਾਉਣ ਦੀ ਮੜਕ ਸਾਹਮਣੇ ਅੱਜ ਨੌਜਵਾਨਾਂ ਅੱਗੇ ਪੇਸ਼ ਕੀਤੇ ਜਾ ਰਹੇ ਖੋਖਲੇ ਨਾਇਕ ਬੌਣੇ ਹਨ। ਇਹਨਾਂ ਇਨਕਲਾਬੀ ਸ਼ਹੀਦਾਂ ਨੂੰ ਆਪਣੇ ਨਾਇਕ ਮੰਨਣ ਤੇ ਉਹਨਾਂ ਦੇ ਦਰਸਾਏ ਰਾਹ ‘ਤੇ ਚੱਲਣ ਤੋਂ ਬਿਨਾਂ ਸਾਡੇ ਨੌਜਾਵਨ ਦਿਸ਼ਾਹੀਣਤਾ ‘ਚ ਭਟਕਦੇ ਰਹਿਣਗੇ।
-ਲਲਕਾਰ