ਸ਼ਬਦਾਂ ਦੀ ਦਰਗਾਹੇ

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਮੈਂ ਅਕਸਰ ਹੀ ਸ਼ਬਦਾਂ ਦੀ ਦਰਗਾਹੇ ਜਾਂਦਾ ਹਾਂ। ਮੇਰੇ ਲਈ ਇਸ ਦਰਗਾਹ ‘ਤੇ ਜਾਣਾ ਰੂਹੀ ਅਕੀਦਤ ਭੇਟ ਕਰਨਾ ਅਤੇ ਸ਼ਬਦਾਂ ਵਿਚੋਂ ਖੁਦ ਨੂੰ ਸਮਝਣਾ, ਸਮਝਾਉਣਾ ਅਤੇ ਉਲਥਾਉਣਾ ਵੀ ਸ਼ਾਮਲ ਹੈ।
ਸ਼ਬਦਾਂ ਦੀ ਦਰਗਾਹੇ ਕਦੇ ਅਵੇਰੇ, ਕਦੇ ਸਵੇਰੇ। ਕਦੇ ਢਲਦੇ ਪ੍ਰਛਾਂਵੀਂ, ਕਦੇ ਸਰਘੀ ਵੇਲੇ। ਕਦੇ ਤਿੱਖੜ ਦੁਪਹਿਰੀਂ ਤੇ ਕਦੇ ਲੌਢੇ ਵੇਲੇ ਮੈਂ ਇਨ੍ਹਾਂ ਦੀ ਇਬਾਦਤ ਕਰਦਾ ਹਾਂ।

ਸ਼ਬਦਾਂ ਦੀ ਦਰਗਾਹ ਮਨ ਦਾ ਸਕੂਨ, ਰੂਹ ਨੂੰ ਮਿਲਿਆ ਸੁਖਨ, ਸੋਚ ਵਿਚ ਸ਼ਾਂਤੀ ਅਤੇ ਅੰਤਰੀਵ ਦੀ ਯਾਤਰਾ ਦਾ ਸਬੱਬ। ਇਨ੍ਹਾਂ ਰਾਹੀਂ ਹੀ ਅਸੀਂ ਖੁਦ ਦੇ ਰੂਬਰੂ ਹੁੰਦੇ। ਸ਼ਬਦਾਂ ਦੀ ਦਰਗਾਹੇ ਜਾ ਕੇ ਅਸੀਂ ਖ਼ੁਦ ਨਾਲ ਸੰਵਾਦ ਰਚਾਉਂਦੇ। ਮਨ ਵਿਚ ਉਠੇ ਪ੍ਰਸ਼ਨਾਂ ਦਾ ਜਵਾਬ ਭਾਲਦੇ ਅਤੇ ਇਨ੍ਹਾਂ ਦੀ ਚੁੰਝ-ਚਰਚਾ ਨੂੰ ਸ਼ਬਦਾਂ ਰਾਹੀਂ ਵਰਕਿਆਂ ਦੇ ਨਾਮ ਕਰਦੇ। ਸ਼ਬਦਾਂ ਦੀ ਦਰਗਾਹੇ ਜਾਣਾ ਵਿਰਲਿਆਂ ਦਾ ਨਸੀਬ। ਬਹੁਤੇ ਲੋਕ ਇਸ ਦਰਗਾਹ ਤੋਂ ਪਾਸਾ ਵੱਟਦੇ। ਇਸਦੀ ਆਗੋਸ਼ ਦਾ ਨਿੱਘ ਮਾਨਣ ਤੋਂ ਨਾਬਰ। ਉਹ ਸਿਰਫ਼ ਭਰਮ-ਭੁਲੇਖਿਆਂ ਦਾ ਜੀਵਨ ਜਿਉਂਦੇ ਅਤੇ ਮੁਖੌਟਿਆਂ ਦੇ ਧਾਰਨੀ।
ਸ਼ਬਦਾਂ ਦੀ ਦਰਗਾਹ ‘ਚ ਜਾ ਕੇ ਹੀ ਮੈਂ ਆਪਣੇ ਪਿੰਡ ਨੂੰ ਮਿਲਦਾ ਹਾਂ। ਇਸਦੀ ਫਿਰਨੀ ਦਾ ਗੇੜਾ ਲਾਉਂਦਾ ਹਾਂ। ਪਿੰਡ ਦੀਆਂ ਗਲੀਆਂ ਵਿਚ ਧੁੰਧਲੀ ਪੈ ਗਈ ਆਪਣੀ ਪੈੜ ਨੂੰ ਵੀ ਦੇਖਦਾ ਹਾਂ। ਫਿਰ ਆਪਣੇ ਉਸ ਸਫ਼ਰ ਨੂੰ ਨਿਹਾਰਦਾ ਜਦ ਨਿੱਕੇ ਨਿੱਕੇ ਪੈਰਾਂ ਤੋਂ ਸ਼ੁਰੂ ਹੋਇਆ ਸਫ਼ਰ ਦੇਸ਼ਾਂ-ਵਿਦੇਸ਼ਾਂ ਦੀ ਪਰਿਕਰਮਾ ਕਰਦਿਆਂ, ਉਨ੍ਹਾਂ ਸੁਪਨਿਆਂ ਦੀ ਸਾਜ਼ਗਾਰੀ ਨੂੰ ਮਾਣਦਾ ਹਾਂ ਜਿਹੜੇ ਸੁਪਨੇ ਚੜ੍ਹਦੀ ਉਮਰੇ ਲਏ ਸਨ।
ਸ਼ਬਦਾਂ ਦੀ ਦਰਗਾਹੇ ਜਾ ਕੇ ਹੀ ਮੈਨੂੰ ਚੇਤੇ ਆਉਂਦੀ ਹੈ ਪਿੰਡ ਦੀ ਫਿ਼ਜ਼ਾ ਵਿਚ ਖੇਤਾਂ, ਖੂਹਾਂ, ਖਲਿਆਣਾਂ ਤੇ ਖ਼ਰਾਸਾਂ ‘ਚੋਂ ਪੈਦਾ ਹੋ ਰਹੀ ਸੰਗੀਤਧਾਰਾ ਜਿਸ ਵਿਚ ਮੌਲਦੀ ਸੀ ਜਿ਼ੰਦਗੀ। ਇਹ ਸੰਗੀਤਕ ਫਿ਼ਜ਼ਾ ਵਿਚ ਹੀ ਜਿ਼ੰਦਗੀ ਨੂੰ ਆਪਣੀ ਰੂਹ-ਰੇਜ਼ਤਾ ‘ਤੇ ਮਾਣ ਹੁੰਦਾ ਸੀ। ਲਹਿਰਾਉਂਦੀਆਂ ਫਸਲਾਂ ਦਾ ਦ੍ਰਿਸ਼ ਅਤੇ ਆੜਾਂ ਵਿਚ ਵਗਦੇ ਚਾਂਦੀ ਰੰਗੇ ਪਾਣੀ ਵਿਚੋਂ ਭੁੱਕ ਭਰ ਕੇ ਪਿਆਸ ਮਿਟਾਉਣ ਦਾ ਚੇਤਾ, ਸ਼ਬਦਾਂ ਦੀ ਜੂਨੇ ਪੈ ਕੇ ਵਰਕਿਆਂ ‘ਤੇ ਪਸਰਦਾ ਜਾਂਦਾ ਏ। ਇਸਦੀ ਵਸੀਹਤਾ ਵਿਚੋਂ ਹੀ ਬੰਦੇ ਨੂੰ ਆਪਣੀ ਜਿ਼ੰਦਗੀ ਦੇ ਉਨ੍ਹਾਂ ਪਲਾਂ ਦਾ ਖਿ਼ਆਲ ਆਉਂਦਾ ਜਦ ਬੀਜ ਦੇ ਕੇਰਨ ਤੋਂ ਲੈ ਕੇ ਫ਼ਸਲ ਦੀ ਕਟਾਈ ਵਿਚੋਂ ਨਿਕਲਿਆ ਸੋਰ-ਰੰਗੇ ਦਾਣਿਆਂ ਦਾ ਬੋਹਲ, ਖਾਲੀ ਭੜੌਲਿਆਂ ਲਈ ਵਰਦਾਨ ਬਣਦਾ ਸੀ।
ਸ਼ਬਦਾਂ ਦੀ ਦਰਗਾਹੇ ਜਾ ਕੇ ਹੀ ਅਸੀਂ ਆਪਣੇ ਵਡੇਰਿਆਂ ਨੂੰ ਮਿਲਦੇ ਹਾਂ। ਬਜੁ਼ਰਗ ਜਿਨ੍ਹਾਂ ਦੀਆਂ ਝੁਰੜੀਆਂ ਵਿਚੋਂ ਜੀਵਨ ਦਾ ਜਲੌਅ ਪ੍ਰਗਟਦਾ ਸੀ। ਜਿਨ੍ਹਾਂ ਦੀਆਂ ਮੱਤਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਮੱਤ ਬਖ਼ਸ਼ੀ। ਜਿਨ੍ਹਾਂ ਦੀਆਂ ਤਜਵੀਜ਼ਾਂ ਤੇ ਤਦਬੀਰਾਂ ਵਿਚੋਂ ਹੀ ਸਮਾਜ ਨੇ ਮੌਜੂਦਾ ਮੁਹਾਂਦਰਾ ਅਖਤਿਆਰ ਕੀਤਾ ਜਿਸ ‘ਤੇ ਸਭ ਨੂੰ ਨਾਜ਼ ਹੈ।
ਸ਼ਬਦਾਂ ਦੀ ਦਰਗਾਹ ਵਿਚ ਬੈਠ ਕੇ ਬੰਦਾ ਆਪਣੇ ਮਸਤਕ ਵਿਚ ਉਗੇ ਵਿਚਾਰਾਂ ਨੂੰ ਤਰਤੀਬ ਦਿੰਦਾ। ਇਨ੍ਹਾਂ ਵਿਚੋਂ ਜਗਦੇ ਚਿਰਾਗ ਹੀ ਇਸ ਦਰਗਾਹ ਨੂੰ ਰੌਸ਼ਨ ਕਰਦੇ। ਬੰਦਾ ਇਸ ਦਰਗਾਹ ਤੋਂ ਚਾਨਣ ਦੀ ਲੱਪ ਆਪਣੀ ਝੋਲੀ ਵਿਚ ਪਵਾ ਕੇ ਪਰਤਦਾ। ਇਹ ਚਾਨਣ ਹੀ ਹੁੰਦਾ ਜਿਸ ਨੇ ਜੀਵਨ ਦੀਆਂ ਰਾਹਾਂ ਨੂੰ ਰੁਸ਼ਨਾਉਣਾ ਹੁੰਦਾ ਅਤੇ ਇਨ੍ਹਾਂ ‘ਤੇ ਤੁਰਦਿਆਂ ਮੰਜ਼ਲਾਂ ਦੀ ਨਿਸ਼ਾਨਦੇਹੀ ਕਰਨੀ ਹੁੰਦੀ।
ਸ਼ਬਦਾਂ ਦੀ ਦਰਗਾਹ ਦੀ ਅਸੀਮਤਾ, ਅਜ਼ੀਮਤਾ ਅਤੇ ਅਨੂਠੇਪਣ ਤੋਂ ਸਦਕੇ ਜਾਂਦਾ ਹਾਂ। ਇਸਦੇ ਭਰੇ ਭੰਡਾਰ ਵਿਚੋਂ ਅਸੀਂ ਮਨ-ਮਰਜ਼ੀ ਦੇ ਸ਼ਬਦਾਂ ਦੀ ਤਸ਼ਬੀਹ ਅਤੇ ਤਸਵੀਰ ਸਿਰਜ ਸਕਦੇ। ਇਹ ਸ਼ਬਦੀ ਆਵੇਸ਼ ਹੀ ਹੁੰਦਾ ਜੋ ਕਦੇ ਕਵਿਤਾ ਬਣ ਕੇ ਵਹਿ ਤੁਰਦਾ, ਕਦੇ ਕਹਾਣੀ ਦਾ ਰੂਪ ਧਾਰਦਾ ਅਤੇ ਕਦੇ ਇਹ ਵਹਿਣ ਕਿਸੇ ਹੋਰ ਕਲਾ-ਕਿਰਤ ਰਾਹੀਂ ਜਿ਼ੰਦਗੀ ਦੀਆਂ ਬਾਤਾਂ ਪਾਉਂਦਾ ਅਤੇ ਇਨ੍ਹਾਂ ਵਿਚ ਜੀਵਨ-ਨਾਦ ਗੁਣਗੁਣਾਉਂਦਾ।
ਸ਼ਬਦਾਂ ਦੀ ਦਰਗਾਹੇ ਜਾ ਕੇ ਹੀ ਇਉਂ ਲੱਗਦਾ ਹੈ ਜਿਵੇਂ ਮੈਂ ਆਪਣੇ ਪਿੰਡ ਵਿਚਲੀ ਬਾਬਾ ਸ਼ਾਹ ਅਨਾਇਤ ਅਲੀ ਦੀ ਦਰਗਾਹ ‘ਤੇ ਗਿਆ ਹਾਂ ਜੋ ਮੇਰੇ ਪਿੰਡ ਵਾਸੀਆਂ ਲਈ ਅਕੀਦਤਯੋਗ ਸਥਾਨ ਹੈ। ਇਸਦੀ ਨਤਮਸਤਕਤਾ ਵਿਚੋਂ ਹੀ ਜੀਵਨ ਦੇ ਉਨ੍ਹਾਂ ਰਾਜ਼ਾਂ ਦੀ ਸੋਝੀ ਹੋਈ। ਅਜਿਹੀ ਰੂਹੇ ਦਰਗਾਹ ਨੂੰ ਸਿਜਦਾ ਕਰਦਿਆਂ ਹੀ ਬੁੱਲ੍ਹੇ ਸ਼ਾਹ ਨੇ ਨੱਚ ਕੇ ਆਪਣੇ ਪੀਰ ਬਾਬਾ ਸ਼ਾਹ ਅਨਾਇਤ ਅਲੀ ਜੀ ਨੂੰ ਮਨਾਇਆ ਸੀ। ਇਹ ਦਰਗਾਹ ਜਦ ਸ਼ਬਦਾਂ ਦੀ ਦਰਗਾਹ ਦਾ ਰੂਪ ਧਾਰਦੀ ਤਾਂ ਅਵਚੇਤਨ ਵਿਚ ਇਕ ਸੂਰਜੀ ਲੋਅ ਉਗਮਦੀ ਜਿਸਨੇ ਹਨੇਰਿਆਂ ਨਾਲ ਆਢਾ ਲਾਉਂਂਦਿਆਂ, ਕਾਲਖ਼ਾਂ ਦੀ ਰੁੱਤ ਨੂੰ ਚਾਨਣ ਦਾ ਆੜੀ ਬਣਾਉਣਾ ਹੁੰਦਾ।
ਸ਼ਬਦਾਂ ਦੀ ਦਰਗਾਹੇ ਜਾ ਕੇ ਹੀ ਮੈਂ ਆਪਣੇ ਆਪ ਨੂੰ ਮਿਲਦਾ ਹਾਂ। ਆਪਣੇ ਅੰਤਰੀਵ ਵਿਚ ਬੈਠੀ ਖੁਦੀ ਨੂੰ ਮਿਲਦਾ ਹਾਂ। ਖ਼ੁਦਦਾਰੀ ਨੂੰ ਮਿਟਾ ਕੇ ਖੁਦਾਈ ਦੇ ਰਾਹ ਦਾ ਪਾਂਧੀ ਬਣਨ ਵੰਨੀਂ ਰੁਚਿਤ ਹੁੰਦਾ ਹਾਂ। ਸ਼ਬਦ ਹੀ ਮੇਰੇ ਅੰਦਰਲੇ ਕੂੜ-ਕਪਟ ਨੂੰ ਹੂੰਝਦੇ, ਮੇਰੇ ਅੰਤਰੀਵ ਨੂੰ ਸਾਫ਼-ਸੁਥਰਾ ਕਰਦੇ ਅਤੇ ਭਵਿੱਖ ਵਿਚ ਇਸਦੀ ਪਾਕੀਜ਼ਗੀ ਨੂੰ ਮਾਲੀਨ ਹੋਣ ਤੋਂ ਰੋਕਣ ਲਈ ਸਭ ਤੋਂ ਵੱਧ ਸਾਜ਼ਗਾਰ ਸਾਬਤ ਹੁੰਦੇ।
ਸ਼ਬਦਾਂ ਦੀ ਜੂਹੇ ਜਾਣ ਲਈ ਜ਼ਰੂਰੀ ਹੁੰਦਾ ਹੈ ਖੁਦ ਨੂੰ ਸੁੱਚਾ ਕਰਨਾ। ਇਸ ਵਿਚ ਪੈਰ ਧਰਦਿਆਂ ਹੀ ਬਾਹਰਲੇ ਸੁੱਚਮ ਤੋਂ ਅੰਦਰਲੇ ਸੁੱਚਮ ਦੀ ਯਾਤਰਾ ‘ਤੇ ਤੁਰਨਾ। ਇਸ ਯਾਤਰਾ ਨੂੰ ਸਾਬਤ ਕਦਮੀਂ ਪੂਰਾ ਕਰਨਾ ਕਿਉਂਕਿ ਥਿੜਕਦੇ ਕਦਮਾਂ ਨਾਲ ਕਦੇ ਸਫ਼ਰ ਪੂਰੇ ਨਹੀਂ ਹੁੰਦੇ। ਇਹ ਦਰਗਾਹ ਹੀ ਬੰਦੇ ਨੂੰ ਖੁ਼ਦ ‘ਤੇ ਵਿਸ਼ਵਾਸ ਕਰਨਾ ਅਤੇ ਖੁਦ ‘ਤੇ ਭਰੋਸੇ ਕਰਦਿਆਂ ਖ਼ੁਦ ਵਿਚੋਂ ਹੀ ਉਨ੍ਹਾਂ ਰਾਹਾਂ ਦੀ ਤਲਾਸ਼ ਕਰਨ ਲਈ ਆਤਮ-ਵਿਸ਼ਵਾਸ਼ੀ ਬਣਾਉਂਦੀ ਜਿਹੜੇ ਰਾਹਾਂ ‘ਤੇ ਤੁਰਦਾ ਬੰਦਾ ਬੰਦਿਆਈ ਦੇ ਮਾਰਗ ਨੂੰ ਅਪਣਾਉਂਦਾ।
ਸ਼ਬਦਾਂ ਦੀ ਦਰਗਾਹੇ ਜਾ ਕੇ ਮੈਂ ਇਸਦੀ ਚਾਨਣ-ਰੰਗੀ ਫਿ਼ਜ਼ਾ ਵਿਚ ਬੈਠੇ ਉਨ੍ਹਾਂ ਅਦੀਬਾਂ ਨੂੰ ਮਿਲਦਾ ਹਾਂ ਜਿਨ੍ਹਾਂ ਨੇ ਸ਼ਬਦਾਂ ਰਾਹੀਂ ਸ਼ਬਦ-ਜੋਤ ਜਗਾਈ। ਇਸ ਜੋਤ ਦਾ ਨਿਰਵਿਘਨ ਜਗਣਾ ਹੀ ਮਨੁੱਖ ਨੂੰ ਮਨੁੱਖਤਾ ਦੇ ਰਾਹ ‘ਤੇ ਤੋਰਨ ਦਾ ਸਭ ਤੋਂ ਠੋਸ ਕਾਰਨ। ਅਦੀਬਾਂ ਨੂੰ ਮਿਲਦਿਆਂ ਹੀ ਸ਼ਬਦੀ ਲਹਿਰਾਂ ਵਿਚ ਗੜੁੱਚ ਹੋ, ਅੰਮ੍ਰਿਤ ਬੋਲਾਂ ਨੂੰ ਡੀਕ ਲਾ ਕੇ ਪੀਂਦਾ ਹਾਂ। ਸ਼ਬਦ-ਜੋਤ ਦਾ ਹੀ ਕਮਾਲ ਹੈ ਕਿ ਇਹ ਸ਼ਬਦ ਹੀ ਮੈਨੂੰ ਪਲੋਸਦੇ ਤੇ ਪਿਆਰ ਕਰਦੇ। ਇਨ੍ਹਾਂ ਸ਼ਬਦਾਂ ਦੇ ਸਾਥ ਵਿਚ ਜੀਵਨ ਦੀਆਂ ਉਹ ਬਖਸਿ਼ਸ਼ਾਂ ਮਿਲਦੀਆਂ ਜਿਨ੍ਹਾਂ ਨਾਲ ਜਿੰ਼ਦਗੀ ਜਿਊਣਜੋਗੀ ਹੋ ਜਾਂਦੀ।
ਸ਼ਬਦਾਂ ਦੀ ਦਰਗਾਹੇ ਜਾ ਕੇ ਹੀ ਬੰਦਾ ਆਪਣੀ ਵਿਰਾਸਤ ਨੂੰ ਮਿਲਦਾ। ਇਸਦੀ ਵਿਲੱਖਣਤਾ ਅਤੇ ਵਿਕਲੋਤਰੇਪਣ ਨੂੰ ਆਪਣੇ ਲਈ ਮੂਲ-ਮੰਤਰ ਸਮਝਦਾ। ਇਸ ਵਿਚੋਂ ਹੀ ਆਪਣੀ ਜਿ਼ੰਦਗੀ ਲਈ ਉਨ੍ਹਾਂ ਭਵਿੱਖੀ ਪਲਾਂ ਨੂੰ ਕਿਆਸਦਾ ਜਿਸ ਵਿਚੋਂ ਹੀ ਸੂਖ਼ਮ ਸੋਝੀ ਅਤੇ ਕਮਾਲ ਦੀਆਂ ਕਲਾਵਾਂ ਦੀ ਉਤਪਤੀ ਹੁੰਦੀ।
ਸ਼ਬਦਾਂ ਦੀ ਜੁੂਹੇ ਕਈ ਵਾਰ ਅਚੇਤ ਰੂਪ ਵਿਚ ਜਾਂਦਾ ਤੇ ਕਈ ਵਾਰ ਚੇਤਨ ਰੂਪ ਵਿਚ। ਕਦੇ ਸੁੰਨ-ਸਮਾਧੀ ਵਿਚ ਜਾਂਦਾ ਹਾਂ ਤੇ ਕਦੇ ਹੋਕਰੇ ਲਾਉਂਦਿਆਂ। ਕਦੇ ਪੋਲੇ ਪੱਬੀਂ ਪਰ ਕਈ ਵਾਰ ਨੱਚ ਕੇ ਇਸਦੀ ਸਰਦਲ ਦੀ ਧੂੜ ਨੂੰ ਮੱਥੇ ‘ਤੇ ਲਾਉਣ ਦੀ ਤਮੰਨਾ ਪੂਰੀ ਕਰਦਾ ਹਾਂ।
ਸ਼ਬਦਾਂ ਦੀ ਦਰਗਾਹੇ ਜਾਣ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਮਨ ਵਿਚ ਜਾਣ ਦੀ ਤਾਂਘ ਹੋਵੇ ਤਾਂ ਜਾਣ ਦੀਆਂ ਤਦਬੀਰਾਂ ਬਣਦੀਆਂ ਨੇ। ਬਾਅਦ ਵਿਚ ਬੰਦਾ ਇਸ ਦਰਗਾਹ ਨੂੰ ਹਰ ਰੋਜ਼ ਮੱਥਾ ਟੇਕਣ ਲਈ ਅਹੁਲਦਾ ਜੋ ਉਸਦੇ ਜੀਵਨ ਦਾ ਨਿੱਤ ਦਾ ਕਰਮ ਬਣਦਾ।
ਸ਼ਬਦਾਂ ਦੀ ਦਰਗਾਹੇ ਜਾਣ ਤੋਂ ਕਿਸੇ ਨੂੰ ਨਾ ਹੋੜੋ ਕਿਉਂਕਿ ਤੁਹਾਡਾ ਰੋਕਣਾ ਸ਼ਬਦ-ਸ਼ਰਧਾਲੂ ਦੇ ਮਨ ਵਿਚ ਨਾਬਰੀ ਪੈਦਾ ਕਰ ਸਕਦਾ। ਇਹ ਨਾਬਰੀ ਹੀ ਬਗਾਵਤੀ ਸੁਰ ਨਾਲ ਸਮੁੱਚੀ ਫਿਜ਼ਾ ਨੂੰ ਆਪਣੀ ਲਪੇਟ ਵਿਚ ਲੈਂਦਾ, ਸ਼ਬਦਾਂ ਦੀ ਜੂਹ ਨੂੰ ਅਕੀਦਤਯੋਗ ਥਾਂ ਬਣਾਉਣ ਵਿਚ ਪ੍ਰਮੁੱਖ ਰੋਲ ਅਦਾ ਕਰਦਾ।
ਸ਼ਬਦਾਂ ਦੀ ਦਰਗਾਹ ਦਾ ਕੇਹਾ ਕਮਾਲ ਕਿ ਬੰਦੇ ਦੇ ਅੰਦਰ ਪ੍ਰਗਟਦਾ ਜਾਹੋ-ਜਲਾਲ। ਇਹ ਸ਼ਬਦਾ ਦਾ ਉਬਾਲ ਹੀ ਹੁੰਦਾ ਜਿਸ ਵਿਚੋਂ ਹੀ ਕਈ ਵਾਰ ਨਵੀਆਂ ਸੁਰਾਂ, ਨਵੇਂ ਗੀਤ, ਨਵੀਆਂ ਕਵਿਤਾਵਾਂ ਅਤੇ ਅਜ਼ੀਮ ਕਲਾ-ਕਿਰਤਾਂ ਜਨਮ ਲੈਂਦੀਆਂ।
ਸ਼ਬਦਾਂ ਦੀ ਦਰਗਾਹੇ ਵੱਸਦੇ
ਫੱਕਰਾਂ ਵਰਗੇ ਲੋਕ।
ਜਿਨ੍ਹਾਂ ਦੀ ਲੱਗੀ ਰਹਿੰਦੀ
ਖ਼ੁਦ ਦੀ ਖ਼ੁਦ ਨਾਲ ਝੋਕ।
ਸ਼ਬਦਾਂ ਦੀ ਦਰਗਾਹੇ ਜਾਂਦੇ,
ਮੰਗਣ ਵਾਲੇ ਫਕੀਰ।
ਉਨ੍ਹਾਂ ਦੀ ਖਾਲੀ ਝੋਲੀਏ,
ਲਿਸ਼ਕੇ ਚਾਨਣ ਲਕੀਰ।
ਸ਼ਬਦਾਂ ਦੀ ਦਰਗਾਹੇ ਓਟੀਂ,
ਜਗੇ ਚਿਰਾਗਾਂ ਦੀ ਡਾਰ।
ਜਿਸਦੇ ਚਾਨਣ ‘ਚ ਹੁੰਦਾ,
ਬੰਦੇ ਦਾ ਪਾਰ-ਉਤਾਰ।
ਸ਼ਬਦਾਂ ਦੀ ਜੂਹੇ ਵਿਚ ਪਸਰੀ,
ਇਕ ਅਲਹਾਮੀ ਚੁੱਪ।
ਜਿਸਦੀ ਆਗੋਸ਼ ‘ਚ ਬੈਠਿਆਂ,
ਦੁੱਖ ਵਟੇਂਦਾ ਸੁੱਖ।
ਸ਼ਬਦਾਂ ਦੀ ਜੂਹੇ ਸੁਣਦਾ,
ਸ਼ਬਦੀਂ ਰਚਿਆ ਨਾਦ।
ਜੋ ਮਨ ਦੀ ਸੱਖਣੇ ਖੂੰਝੇ,
ਭਰ ਦੇਂਦਾ ਵਿਸਮਾਦ।
ਸ਼ਬਦਾਂ ਦੇ ਰੂਹੀ ਰੰਗ ‘ਚ,
ਜਾਂ ਰੱਤਿਆ ਜਾਵੇ ਬੰਦਾ।
ਤਾਂ ਕਰਮ-ਧਰਮ ਜਾਪਦਾ,
ਮਾਣਸ-ਰੱਤਾ ਧੰਦਾ।
ਸ਼ਬਦਾਂ ਦੀ ਦਰਗਾਹੇ ਜਾ ਕੇ ਹੀ ਅਸੀਂ ਆਪਣੇ ਬਚਪਨੇ ਨੂੰ ਮਿਲਦੇ। ਬਚਪਨੀ ਦੋਸਤਾਂ ਤੇ ਸ਼ਰਾਰਤਾਂ ਨੂੰ ਮਿਲਦੇ। ਉਨ੍ਹਾਂ ਪਲਾਂ ਨੂੰ ਸ਼ਬਦਾਂ ਵਿਚ ਉਲਥਾਉਂਦੇ ਜਦ ਬੇਫਿਕਰੀ ਨਾਲ ਜੀਵਨ ਦੀਆਂ ਸਭ ਨਿਆਮਤਾਂ ਨੂੰ ਮਾਣਦੇ ਸਾਂ। ਸੁਪਨਿਆਂ ਦੀ ਨਗਰੀ ਦੇ ਵਾਸੀ ਬਣੇ ਆਪਣੀਆਂ ਸੁਪਨ-ਉਡਾਰੀਆਂ ਵਿਚ ਵਕਤ ਦਾ ਵਿਸਥਾਰ ਕਰਦੇ ਸਾਂ।
ਇਹ ਸ਼ਬਦ ਹੀ ਹੁੰਦੇ ਜੋ ਸਾਨੂੰ ਕਿਤਾਬਾਂ ਅਤੇ ਧਾਰਮਿਕ ਗ੍ਰੰਥਾਂ ਰਾਹੀਂ ਸੰਬੋਧਤ ਹੁੰਦੇ। ਇਹ ਸ਼ਬਦ ਮਨੁੱਖ ਦਾ ਮਾਰਗ-ਦਰਸ਼ਨ ਕਰਦੇ ਅਤੇ ਇਸਨੂੰ ਜੀਵਨ-ਜਾਚ ਦਾ ਅੰਗ ਬਣਾਉਂਦੇ।
ਸ਼ਬਦਾਂ ਦੀ ਦਰਗਾਹੇ ਜਾਂਦੇ,
ਕੁਝ ਕੁ ਲੋਕ ਅਵੱਲੇ।
ਖੁਦ ਦੀ ਉਹ ਸਾਰ ਨਾ ਲੈਂਦੇ,
ਲੋਕੀਂ ਆਖਣ ਝੱਲੇ।
ਭੀੜ ਦਾ ਨਾ ਹਿੱਸਾ ਬਣਦੇ,
ਤੁਰਦੇ ਰਹਿੰਦੇ ‘ਕੱਲੇ।
ਦੁਨੀਆਂ ਦੀ ਆਲਮੀ ਦੌਲਤਾਂ,
ਹੁੰਦੀਆਂ ਉਨ੍ਹਾਂ ਦੇ ਪੱਲੇ।

ਸ਼ਬਦਾਂ ਦੀ ਦਰਗਾਹੇ ਹੁੰਦਾ,
ਚੰਨ-ਤਾਰਿਆਂ ਦਾ ਡੇਰਾ
ਮੱਥੇ ਦੀਆਂ ਸੋਚਾਂ ਦਾ ਬਣਦਾ,
ਅੰਬਰ ਜੇਡਾ ਘੇਰਾ।
ਇਥੇ ਆਵਣ ਵਾਲਿਆਂ ਲਈ,
ਨਹੀਂ ਹੁੰਦਾ ਤੇਰਾ-ਮੇਰਾ
ਉਨ੍ਹਾਂ ਲਈ ਸਮੂਹ ਲੋਕਾਈ,
ਹੁੰਦੀ ਚਾਰ-ਚੁਫੇਰਾ।

ਸ਼ਬਦਾਂ ਦੀ ਦਰਗਾਹੇ ਵਗਦੀ,
ਅਰਥਾਂ ਦੀ ਪੁਰਵਾਈ।
ਕਲਮ-ਕਿਰਤਾਂ ਦੀ ਜੂਹ ਹੁੰਦੀ,
ਅਰਥਾਂ ਨੇ ਮਹਿਕਾਈ।
ਸਮਿਆਂ ਦੇ ਵਰਕੇ ‘ਤੇ ਉਕਰੇ,
ਤਵਾਰੀਖ਼ੀ ਅਸ਼ਨਾਈ।
ਤੇ ਭਵਿੱਖ ਦੇ ਗਰਭ ‘ਚ ਉਗਮੇ,
ਜੀਵਨ ਦੀ ਰੁਸ਼ਨਾਈ।
ਸਾਡੇ ਧਾਰਮਿਕ ਗ੍ਰੰਥ ਸ਼ਬਦਾਂ ਦੀ ਸਭ ਤੋਂ ਉਚੀ ਤੇ ਸੁੱਚੀ ਦਰਗਾਹ ਹੀ ਤਾਂ ਹਨ। ਇਨ੍ਹਾਂ ਵਿਚਲੀ ਸ਼ਬਦ-ਜੋਤ ਹੀ ਸਮੁੱਚੀ ਮਾਨਵਤਾ ਲਈ ਕਿਰਨਾਂ ਦਾ ਕਾਫ਼ਲ਼ਾ ਬਣਦੀ ਹੈ ਅਤੇ ਫਿਰ ਇਹ ਜੀਵਨ ਨੂੰ ਕਰਮ ਦਾਨ ਕਰਦੀਆਂ ਹਨ।
ਸ਼ਬਦਾਂ ਦੀ ਦਰਗਾਹੇ ਸ਼ਬਦ ਇਕ ਦੂਜੇ ਨੂੰ ਮਿਲਦੇ ਅਤੇ ਇਕ ਦੂਜੇ ਦਾ ਦਰਦ ਜਾਣਦੇ। ਇਕ ਦੂਜੇ ਨਾਲ ਸ਼ਬਦੀ ਸਾਂਝ ਵਧਾਉਂਦੇ ਅਤੇ ਅਰਥ ਗਲਵਕੜੀ ਪਾਉਂਦੇ। ਸ਼ਬਦਾਂ ਦਾ ਇਕ ਪ੍ਰਵਾਹ ਦਰਗਾਹ ਤੋਂ ਸ਼ੁਰੂ ਹੋ ਕੇ ਸਮੁੱਚੀ ਕਾਇਨਾਤ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ। ਇਹ ਸ਼ਬਦਾਂ ਦੀ ਦਰਗਾਹ ਵਿਚ ਸ਼ਬਦਾਂ ਦੀ ਜੁਗਲਬੰਦੀ ਦਾ ਹੀ ਕਮਾਲ ਹੈ ਕਿ ਸ਼ਬਦਾਂ ਵਿਚੋਂ ਹੋਰ ਸ਼ਬਦ ਪੈਦਾ ਹੁੰਦੇ। ਫਿਰ ਕਿਤਾਬਾਂ ਜਨਮ ਲੈਂਦੀਆਂ। ਕਿਤਾਬਾਂ ਦਾ ਕਾਫ਼ਲਾ ਪਾਠਕ ਦੇ ਮਨ-ਮਸਤਕ ਵਿਚ ਬੈਠ ਕੇ ਜੀਵਨ-ਜੁਗਤਾਂ ਨੂੰ ਉਨ੍ਹਾਂ ਦੇ ਨਾਮ ਲਾਉਂਦਾ ਜਿਸਦੇ ਮਨ ਵਿਚ ਇਨ੍ਹਾਂ ਨੂੰ ਅਪਨਾਉਣ ਦੀ ਜਗਿਆਸਾ ਹੁੰਦੀ।
ਸ਼ਬਦਾਂ ਦੀ ਦਰਗਾਹ ਦਾ ਸਫ਼ਰ ਪੈਰਾਂ ਨਾਲ ਨਹੀਂ ਸਗੋਂ ਮਾਨਸਿਕ ਧਰਾਤਲ ਤੋਂ ਸ਼ੁਰੂ ਹੋ ਕੇ ਮਨਾਸਿਕ ਪੱਧਰ ‘ਤੇ ਹੀ ਖ਼ਤਮ ਹੁੰਦਾ। ਇਹ ਮਨ ਤੋਂ ਸੋਚ ਅਤੇ ਫਿਰ ਇਹ ਸੋਚ ਕਰਮ ਵਿਚ ਤਬਦੀਲ ਹੋ ਕੇ ਨਵੇਂ ਕੀਰਤੀਮਾਨਾਂ ਦੀ ਸਿਰਹਜਣਹਾਰੀ ਬਣ ਜਾਂਦੀ। ਪੈਰੀਂ ਤੁਰ ਕੇ ਜਾਣ ਵਾਲੇ ਲੋਕ ਸਿਰਫ਼ ਆਉਣ ਜਾਣ ਦੇ ਪੈਂਡੇ ਵਿਚ ਹੀ ਆਪਣਾ ਜੀਵਨ ਵਿਅਰਥ ਵਿਹਾਜ ਦਿੰਦੇ। ਲੋੜ ਹੈ ਕਿ ਅਸੀਂ ਰੂਹ ਤੋਂ ਸ਼ਬਦਾਂ ਦੀ ਦਰਗਾਹੇ ਅਕੀਦਤ ਕਰਨ ਜਾਈਏ। ਅਕੀਦਤ ਵਿਚੋਂ ਮਨੁੱਖ ਉਹ ਸਭ ਕੁਝ ਹਾਸਲ ਕਰ ਲੈਂਦਾ ਜਿਸਦੀ ਲੋਚਾ ਉਸਨੇ ਕਦੇ ਆਪਣੇ ਮਨ ਵਚ ਪਾਲੀ ਹੁੰਦੀ ਆ।
ਜਦ ਕਿਸੇ ਦੇ ਅਵਚੇਤਨ ਵਿਚ ‘ਸੁਰਤਿ ਸਬਦੁ ਧੁਨਿ ਅੰਤਰਿ ਜਾਗੀ’ ਦਾ ਇਲਹਾਮ ਪੈਦਾ ਹੁੰਦਾ ਤਾਂ ਸ਼ਬਦ-ਸੋਝੀ ਨਾਲ ਅੰਤਰੀਵ ਜਗਮਗ ਕਰ ਉਠਦਾ। ਇਹ ਜਗਮਗਾਹਟ ਹੀ ਹੁੰਦੀ ਹੈ ਜਿਹੜੀ ਇਕ ਵਿਅਕਤੀ ਨੂੰ ਦੂਸਰੇ ਨਾਲੋਂ ਅੱਡਰਾ ਕਰਦੀ ਹੈ।
ਸ਼ਬਦ ਹੀ ਸਭ ਕੁਝ ਹੈ ਤਾਂ ਹੀ ਗੁਰਬਾਣੀ ਦਾ ਫੁਰਮਾਨ ਹੈ। ‘ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ’। ਸਮੁੱਚੀ ਗੁਰਬਾਣੀ ਸ਼ਬਦ ਦੀ ਮਹਿਮਾ ਨਾਲ ਭਰੀ ਹੋਈ ਹੈ ਕਿਉਂਕਿ ਸ਼ਬਦ ਹੀ ਜੀਵਨ ਦਾ ਸੱਚ ਤੇ ਸਾਰ। ਜੀਵਨ ਦਾ ਜਲੌਅ ਅਤੇ ਅਧਾਰ। ਸ਼ਬਦ ਬਿਨ ਸਭ ਨਿਰਾਰਥ ਤੇ ਅਕਾਰਥ। ਸ਼ਬਦ ਵਿਚੋਂ ਹੀ ਪੈਦਾ ਹੁੰਦਾ ਸੁਰ ਤੇ ਸੰਗੀਤ। ਖਵਿਤਾ, ਗ਼ਜ਼ਲ ਤੇ ਗੀਤ। ਸ਼ਬਦ ਜੀਵਨੀ ਸਰੋਕਾਰ ਤੇ ਸ਼ਬਦ ਜੀਵਨੀ ਰੀਤ। ਸ਼ਬਦ ਨਾਲ ਹੀ ਵਕਤ ਦੀ ਵਹਿੰਗੀ ਪਾਲੇ ਸਰਵਣੀ ਪ੍ਰੀਤ।
ਸ਼ਬਦਾਂ ਦੀ ਦਰਗਾਹੇ ਬੈਠ ਕੇ, ਸ਼ਬਦ, ਸ਼ਬਦਾਂ ਦਾ ਭਰਨ ਹੁੰਗਾਰਾ। ਸ਼ਬਦ, ਸ਼ਬਦਾਂ ਦਾ ਭਾਈਚਾਰਾ ਅਤੇ ਸ਼ਬਦ ਹੀ ਸ਼ਬਦਾਂ ਦਾ ਸਮੁੱਚ-ਸੰਸਾਰਾ।
ਸ਼ਬਦਾਂ ਦੀ ਦਰਗਾਹੋਂ ਆਉਂਦੇ ਅਗੰਮੀ ਤੇ ਅਲਾਹੀ ਆਦੇਸ਼। ਇਥੇ ਬੈਠ ਕੇ ਮਨ ਵਿਚ ਪਨਪੇ ਇਕ ਆਵੇਸ਼। ਇਸ ਅਨੂਠੀ ਅਵਸਥਾ ਵਿਚ ਮਨ-ਪ੍ਰਦੇਸੀ ਫਿਰਦਾ ਏ ਕਈ ਦੇਸ਼ ਅਤੇ ਤਨ ਦੀ ਤਖ਼ਤੀ ‘ਤੇ ਪਾਉਂਦਾ ਕਾਲਾ ਮੈਂਡਾ ਵੇਸ।
ਸ਼ਬਦਾਂ ਦੇ ਸੰਸਾਰ ਦੀਆਂ ਰੰਗੀਨੀਆਂ ਲੁਭਾਉਣੀਆਂ ਵੀ ਹੁੰਦੀਆਂ, ਮਨਮੋਹਣੀਆਂ ਵੀ ਅਤੇ ਭਰਮਾਉਣੀਆਂ ਵੀ ਹੁੰਦੀਆਂ। ਇਨ੍ਹਾਂ ਰੰਗਾਂ ਵਿਚੋਂ ਖੁਦ ਨੂੰ ਸਤਯੁੱਗੀ ਰੰਗਾਂ ਨਾਲ ਰੰਗਣਾ ਜਾਂ ਆਲੇ-ਦੁਆਲੇ ਵਿਚ ਕਾਲਖ਼ ਦਾ ਵਪਾਰ ਕਰਨਾ, ਇਹ ਮਨੁੱਖੀ ਤਾਸੀਰ ਅਤੇ ਤਰਬੀਅਤ ‘ਤੇ ਨਿਰਭਰ।
ਸ਼ਬਦਾਂ ਦੀ ਦਰਗਾਹ ਵਿਚ ਜਾ ਕੇ ਰੂਹ ਨੂੰ ਸੁੱਚੇ ਸ਼ਬਦਾਂ ਦੇ ਰੰਗ ਵਿਚ ਰੰਗੋ। ਤੁਸੀਂ ਖ਼ੁਦ ਵੀ ਸੁੱਚਮ ਦੇ ਸਮੁੰਦਰ ਦਾ ਮੁਹਾਂਦਰਾ ਬਣ ਜਾਵੋਗੇ।
ਸ਼ਬਦਾਂ ਦੀ ਦਰਗਾਹ ਤੁਹਾਡੇ ਅੰਦਰ ਵੀ ਹੁੰਦੀ। ਇਸ ਦਰਗਾਹ ਨੂੰ ਕਦੇ ਵੀ ਨਾ ਵਿਸਾਰੋ। ਸਗੋਂ ਇਸਨੂੰ ਸਿਜਦਾ ਕਰਦੇ ਰਹੋ। ਇਸਦੀ ਸਦਾਕਤ ਵਿਚੋਂ ਹੀ ਮਨੁੱਖ ਨੂੰ ਮਿਲਦੀ ਹੈ ਸਫ਼ਾਕਤ। ਮਨ ਵਿਚ ਮੌਲਦੀ ਹੈ ਲਿਆਕਤ। ਤੁਸੀਂ ਕਰਦੇ ਹੋ ਖ਼ੁਦ ਹੀ ਖੁ਼ਦ ਦੀ ਜਿ਼ਆਰਤ ਅਤੇ ਇਹ ਜਿ਼ਆਰਤ ਹੀ ਬੰਦੇ ਲਈ ਹੁੰਦੀ ਏ ਇਨਾਇਤ।