ਸਮਾਜਿਕ ਰਿਸ਼ਤਿਆਂ ਦੀ ਮਰਿਆਦਾ ਦੇ ਨਵੇਂ ਮਾਪਦੰਡ ਸਥਾਪਿਤ ਕਰਦੀਆਂ ਕਹਾਣੀਆਂ

‘ਬੰਦਾ ਮਾਰਨਾ ਕਿਹੜਾ ਸੌਖਾ ਕੰਮ ਐ’
ਨਿਰੰਜਣ ਬੋਹਾ
ਸਵਾਮੀ ਸਰਬਜੀਤ ਪੰਜਾਬੀ ਭਾਸ਼ਾ ਦਾ ਸਰਬਾਂਗੀ ਲੇਖਕ ਹੈ। ਉਸਦੇ ਹਥਲੇ ਕਹਾਣੀ ਸੰਗ੍ਰਹਿ ‘ਬੰਦਾ ਮਾਰਨਾ ਕਿਹੜਾ ਸੌਖਾ ਕੰਮ ਐ’ ਦੇ ਪ੍ਰਕਾਸ਼ਨ ਤੋਂ ਪਹਿਲਾਂ ਉਹ ਪੰਜਾਬੀ ਸਾਹਿਤ ਦੇ ਖੇਤਰ ਵਿਚ ਪੰਜਾਬੀ ਨਾਟਕ, ਕਵਿਤਾ, ਹਾਸ ਵਿਅੰਗ, ਆਲੋਚਨਾ, ਵਾਰਤਕ ਤੇ ਮਿੰਨੀ ਕਹਾਣੀ ਵਿਧਾ ਨਾਲ ਸੰਬੰਧਤ ਵੀਹ ਮੌਲਿਕ ਤੇ ਅਨੁਵਾਦਤ ਪੁਸਤਕਾਂ ਦਾ ਵਡਮੁੱਲਾ ਯੋਗਦਾਨ ਪਾ ਚੁੱਕਾ ਹੈ।

ਇਸ ਸੰਗ੍ਰਹਿ ਵਿਚ ਉਸ ਦੀਆਂ ਪੰਜ ਲੰਬੀਆਂ ਕਹਾਣੀਆਂ ਸ਼ਾਮਲ ਹਨ। ਇਨ੍ਹਾਂ ਕਹਾਣੀਆਂ ਦੇ ਪਾਤਰ ਆਰਥਿਕ, ਸਮਾਜਿਕ ਤੇ ਸਭਿਆਚਾਰਕ ਦਬਾਵਾਂ ਕਾਰਨ ਆਪਣੇ ਹਿੱਸੇ ਆਈ ਜ਼ਿੰਦਗੀ ਨੂੰ ਆਪਣੀ ਮਰਜ਼ੀ ਨਾਲ ਨਾ ਜਿਉਂ ਸਕਣ ਦੀ ਮਜਬੂਰੀ ਵਿਚੋਂ ਲੰਘਦਿਆਂ ਮਾਨਸਿਕ ਤੌਰ `ਤੇ ਬੇਚੈਨ ਤੇ ਅਸ਼ਾਂਤ ਵਿਖਾਈ ਦਿੰਦੇ ਹਨ ਅਤੇ ਉਨ੍ਹਾਂ ਅੰਦਰਲੀ ਇਹ ਅਸ਼ਾਂਤੀ ਹੀ ਉਨ੍ਹਾਂ ਨੂੰ ਆਪਣੇ ਕਾਰਜ ਖੇਤਰ ਵਿਚ ਨਿਰੰਤਰ ਸਰਗਰਮ ਰੱਖਦੀ ਹੈ। ਉਸ ਦੀਆਂ ਕਹਾਣੀਆਂ ਵਿਅਕਤੀਗਤ ਪੱਧਰ `ਤੇ ਅਨੇਕ ਤਰ੍ਹਾਂ ਦੀਆਂ ਮਨੋ-ਸਮਾਜਿਕ ਸਮੱਸਿਆਵਾਂ ਨਾਲ ਜੂਝ ਰਹੇ ਅਜੋਕੇ ਮਨੁੱਖ ਅੰਦਰਲੀ ਮਨੋ-ਉਤੇਜਨਾ ਨੂੰ ਉਸਦੀ ਤੀਬਰਤਾ ਤੇ ਤੀਖਣਤਾ ਸਮੇਤ ਰੂਪਮਾਨ ਕਰਦੀਆਂ ਹਨ। ਇਹ ਕਹਾਣੀਆਂ ਆਪਣੇ ਮਨੁੱਖੀ ਹੱਕ ਦਬਾਏ ਜਾਣ ਤੋਂ ਆਹਤ ਭਾਰਤੀ ਔਰਤ ਦੀਆਂ ਮਾਨਸਿਕ ਪੀੜਾਂ ਨੂੰ ਬਿਆਨਣ ਦੇ ਨਾਲ ਨਾਲ ਉਨ੍ਹਾਂ ਦੀ ਮਨੋ-ਸੰਵੇਦਨਾ ਨੂੰ ਸੰਘਰਸ਼ੀ ਭਾਵਨਾਵਾਂ ਵਿਚ ਤਬਦੀਲ ਕਰਨ ਦਾ ਕਾਰਜ ਵੀ ਇਮਾਨਦਾਰੀ ਨਾਲ ਕਰਦੀਆਂ ਹਨ।
ਸੰਗ੍ਰਹਿ ਦੀ ਪਹਿਲੀ ਕਹਾਣੀ ‘ਬਾਬਲ ਹੋਇਆ ਬੇਗਨੜਾ’ ਸਮਾਜਿਕ ਰਿਸ਼ਤਿਆਂ ਦੀ ਪਰੰਪਰਿਕ ਮਰਿਆਦਾ ਨੂੰ ਕਾਇਮ ਰੱਖਣ ਜਾਂ ਤੋੜਨ ਦੇ ਦਵੰਦ ਵਿਚੋਂ ਉਪਜੀ ਖੂਬਸੂਰਤ ਕਹਾਣੀ ਹੈ। ਇਹ ਕਹਾਣੀ ਯੂਨੀਵਰਸਿਟੀਆਂ ਵਿਚ ਖੋਜ ਕਾਰਜ ਦੇ ਨਾਂ `ਤੇ ਹੁੰਦੇ ਗੋਰਖ ਧੰਦੇ ਦਾ ਪਰਦਾਫਾਸ਼ ਕਰਦਿਆਂ ਖੋਜ ਕਾਰਜਾਂ ਦੇ ਮਰਦ ਨਿਗਰਾਨਾਂ ਵਲੋਂ ਆਪਣੇ ਅਧੀਨ ਖੋਜ ਕਰਨ ਵਾਲੀਆਂ ਕੁੜੀਆਂ ਦਾ ਜਿਨਸੀ ਸ਼ੋਸ਼ਣ ਕੀਤੇ ਜਾਣ ਦੀਆਂ ਚਰਚਾਵਾਂ ਨੂੰ ਫੋਕਸ ਵਿਚ ਰੱਖਦੀ ਹੈ। ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ਵਿਚਲੀ ਟੁੱਟ ਤੇ ਤਿੜਕ ਰਹੀ ਨੈਤਿਕ ਮਰਿਆਦਾ ਬਾਰੇ ਸੰਵਾਦਕ ਚਰਚਾ ਛੇੜਦੀ ਇਸ ਕਹਾਣੀ ਦੀ ਪਾਤਰ ਤ੍ਰਿਸ਼ਨਾ ਸੰਗੀਤ ਖੇਤਰ ਵਿਚ ਡਾਕਟਰੇਟ ਦੀ ਡਿਗਰੀ ਹਾਸਲ ਕਰਨ ਦਾ ਸੁਪਨਾ ਲੈ ਕੇ ਯੂਨੀਵਰਸਿਟੀ ਦੇ ਨਾਮਵਰ ਪ੍ਰੋਫੈਸਰ ਡਾ: ਵਿਦਵਾਨ ਕੋਲ ਜਾਂਦੀ ਹੈ ਤਾਂ ਉਹ ਸ਼ੁਰੂ ਵਿਚ ਹੀ ਆਪਣੇ ਗਾਈਡ ਅੰਦਰ ਬੈਠੇ ਕਾਮੀ ਤੇ ਠਰਕੀ ਮਨੁੱਖ ਨੂੰ ਪਛਾਣ ਲੈਂਦੀ ਹੈ। ਆਪਣੇ ਸਵਰਗੀ ਬਾਪ ਦਾ ਸੁਪਨਾ ਪੂਰਾ ਕਰਨ ਲਈ ਉਹ ਆਪਣਾ ਖੋਜ ਕਾਰਜ ਵਿਚਾਲੇ ਨਹੀਂ ਛੱਡ ਸਕਦੀ ਇਸ ਲਈ ਸਾਰਾ ਕੁਝ ਸਮਝਦਿਆਂ ਵੀ ਚੁੱਪ ਰਹਿਣ ਲਈ ਮਜਬੂਰ ਹੈ। ਡਾ. ਵਿਦਵਾਨ ਆਪਣੇ ਸਮਾਜਿਕ ਰੁਤਬੇ ਤੇ ਆਪਣੀ ਹਰਮਨ-ਪਿਆਰਤਾ ਨੂੰ ਵੀ ਕਾਇਮ ਰੱਖਣਾ ਚਾਹੁੰਦਾ ਹੈ, ਇਸ ਲਈ ਉਹ ਆਪਣੀਆਂ ਵਿਦਿਅਰਥਣਾਂ ਨਾਲ ਜ਼ੋਰ-ਜ਼ਬਰਦਸਤੀ ਕਰਨ ਦੀ ਬਜਾਏ ਉਨ੍ਹਾਂ ਨੂੰ ਭਾਵਨਾਤਮਕ ਤੌਰ `ਤੇ ਬਲੈਕਮੇਲ ਕਰ ਕੇ ਆਪਣੇ ਜਾਲ ਵਿਚ ਫਸਾਉਂਦਾ ਹੈ ਪਰ ਇਹ ਨਵੀਂ ਵਿਦਿਆਰਥਣ ਉਸ ਵਲੋਂ ਫੈਲਾਏ ਹਰ ਭਰਮ ਜਾਲ ਨੂੰ ਤੋੜ ਕੇ ਆਪਣੇ ਆਪ ਨੂੰ ਬਚਾਉਣ ਵਿਚ ਸਫ਼ਲ ਰਹਿੰਦੀ ਹੈ।
ਕਹਾਣੀ ਉਸ ਵੇਲੇ ਵੱਡਾ ਨਾਟਕੀ ਮੋੜ ਕੱਟਦੀ ਹੈ ਜਦੋਂ ਕਹਾਣੀਕਾਰ ਅਧਿਆਪਕ ਤੇ ਵਿਦਿਆਰਥਣ ਦੇ ਰਿਸ਼ਤੇ ਨੂੰ ਪਿਓ-ਧੀ ਦੇ ਰਿਸ਼ਤੋਂ ਵਜਂੋ ਪਰਿਭਾਸ਼ਤ ਕਰਦਿਆਂ ਅਜਿਹੀ ਸਥਿਤੀ ਦੀ ਸਿਰਜਣਾ ਕਰ ਦਿੰਦਾ ਹੈ ਕਿ ਇਸ ਪ੍ਰੋਫੈਸਰ ਨੂੰ ਹੀ ਅਣਚਾਹੇ ਤੌਰ `ਤੇ ਤ੍ਰਿਸ਼ਨਾ ਦੇ ਵਿਆਹ ਸਮੇਂ ਉਸਦੇ ਬਾਪੂ ਦੀ ਭੂਮਿਕਾ ਨਿਭਾਉਣੀ ਪੈਂਦੀ ਹੈ। ਇਹ ਸਥਿਤੀ ਪੈਦਾ ਹੋਣ `ਤੇ ਭਾਵੇਂ ਕਹਾਣੀ ਆਪਣੇ ਮੰਤਵੀ ਉਦੇਸ਼ ਨੂੰ ਹਾਸਲ ਕਰ ਲੈਂਦੀ ਹੈ ਪਰ ਜੇ ਸਾਡੇ ਸਮਾਜਿਕ ਤਾਣੇ-ਬਾਣੇ ਤੇ ਬਣਤਰ ਨੂੰ ਨੇੜਿਉਂ ਵੇਖਿਆ ਜਾਵੇ ਤਾਂ ਕਿਸੇ ਕੁੜੀ ਦਾ ਪਿਓ ਨਾ ਹੋਣ ਦੀ ਸਥਿਤੀ ਵਿਚ ਉਸਦੇ ਵਿਆਹ ਸਮੇਂ ਉਸਦਾ ਪੱਲੂ ਉਸਦੇ ਹੋਣ ਵਾਲੇ ਪਤੀ ਨੂੰ ਫੜਾਉਣ ਦਾ ਮਾਮਲਾ ਯਕਦਮ ਸਾਹਮਣੇ ਨਹੀਂ ਆਉਂਦਾ, ਸਗੋਂ ਅਜਿਹੀਆਂ ਸਮੱਸਿਆਵਾਂ ਦਾ ਹੱਲ ਪਹਿਲਾਂ ਹੀ ਤਲਾਸ਼ ਲਿਆ ਜਾਂਦਾ ਹੈ। ਚਾਚੇ, ਤਾਏ ਜਾਂ ਮਾਮੇ ਦੇ ਹੁੰਦਿਆਂ ਇਹ ਕਾਰਜ ਉਸਦੇ ਪ੍ਰੋਫੈਸਰ ਤੋਂ ਕਰਾਏ ਜਾਣ ਦੀ ਗੱਲ ਵੀ ਸੁਭਾਵਿਕਤਾ ਦੇ ਦਾਇਰੇ `ਚੋਂ ਥੋੜ੍ਹਾ ਬਾਹਰ ਜਾਂਦੀ ਵਿਖਾਈ ਦਿੰਦੀ ਹੈ।
ਸੰਗ੍ਰਹਿ ਦੀ ਦੂਜੀ ਕਹਾਣੀ ‘ਜੁਗਨੂੰ ਸਦਾ ਜਗਮਗਾਉਂਦੇ ਰਹਿਣਗੇ’ ਆਪਣੇ ਨਾਂ ਦੇ ਅਨੁਰੂਪ ਹੀ ਜੁਗਨੂੰਆਂ ਦੀ ਜਗਮਗਾਹਟ ਨੂੰ ਮਨੁੱਖੀ ਆਜ਼ਾਦੀ ਦੇ ਚਿੰਨ੍ਹਾਤਮਕ ਪ੍ਰਗਟਾਵੇ ਵਜੋਂ ਪੇਸ਼ ਕਰਦੀ ਹੈ। ਇਹ ਕਹਾਣੀ ਔਰਤ ਤੋਂ ਉਸਦੇ ਮਨੁੱਖੀ ਹੱਕ ਖੋਹ ਕੇ ਉਸਨੂੰ ਅਮੀਰਾਂ ਦੇ ਮਨ ਪ੍ਰਚਾਵੇ ਲਈ ਭੋਗ ਦੀ ਵਸਤੂ ਬਣਾਉਂਦੀ ਰਹੀ ਦੇਵਦਾਸੀ ਪ੍ਰਥਾ ਦਾ ਤਰਕ ਭਰਪੂਰ ਢੰਗ ਨਾਲ ਵਿਰੋਧ ਕਰਦਿਆਂ ਉਸਨੂੰ ਆਪਣੇ `ਤੇ ਹੋਣ ਵਾਲੇ ਕਾਮੁਕ ਅਤਿਆਚਾਰ ਵਿਰੁੱਧ ਲੜਨ ਤੇ ਬੋਲਣ ਸਬੰਧੀ ਨੈਤਿਕ ਬਲ ਪ੍ਰਦਾਨ ਕਰਦੀ ਹੈ। ਕਹਾਣੀ ਅਨੁਸਾਰ ਸਦੀਆਂ ਤੋਂ ਪੁਸ਼ਪਾ, ਰਜਨੀ, ਹੇਮਲਤਾ ਕਾਮਿਨੀ ਤੇ ਮੰਗਲਾ ਆਦਿ ਕੁੜੀਆਂ ਦੇਵਦਾਸੀ ਬਣਨ ਨੂੰ ਆਪਣੀ ਹੋਣੀ ਸਮਝ ਕੇ ਸਵਰਨ ਲੋਕਾਂ ਦੀ ਕਾਮੁਕ ਵਹਿਸ਼ਤ ਦਾ ਸ਼ਿਕਾਰ ਹੁੰਦੀਆਂ ਆਈਆਂ ਹਨ ਪਰ ਬਚਪਨ ਤੋਂ ਹੀ ਤੇਜ਼ ਤਰਾਰ ਤੇ ਚੁਸਤ ਦਿਮਾਗ ਵਿਧੂ ਇਹ ਅਤਿਆਚਾਰ ਸਹਿਣ ਲਈ ਤਿਆਰ ਨਹੀਂ ਹੈ। ਉਸ ਨੇ ਦੇਵ ਦਾਸੀ ਬਣੀ ਆਪਣੀ ਸਕੀ ਭੈਣ ਪੁਸ਼ਪਾ ਨੂੰ ਸੁਜਾਕ ਨਾਂ ਦੀ ਬਿਮਾਰੀ ਨਾਲ ਤੜਫ਼ ਕੇ ਮਰਦਿਆਂ ਵੇਖਿਆ ਹੈ ਇਸ ਲਈ ਉਹ ਪੱਕਾ ਮਨ ਬਣਾ ਲੈਂਦੀ ਹੈ ਕਿ ਉਹ ਆਪਣੇ `ਤੇ ਹੋਣ ਵਾਲੇ ਇਸ ਜਬਰ ਜ਼ੁਲਮ ਦਾ ਡਟ ਕੇ ਮੁਕਾਬਲਾ ਕਰੇਗੀ।
ਉਹ ਸਵਰਨ ਜਾਤੀ ਦੇ ਲੋਕਾਂ ਤੇ ਪਿੰਡ ਦੇ ਮੁਖੀਆ ਨਾਲ ਸਿੱਧੀ ਟੱਕਰ ਲੈਣ ਦੀ ਸਥਿਤੀ ਵਿਚ ਨਹੀਂ ਹੈ। ਜਦਂੋ ਉਸਨੂੰ ਆਪਣੇ ਦੇਵ ਦਾਸੀ ਬਣਾਏ ਜਾਣ ਬਾਰੇ ਪਤਾ ਚੱਲਦਾ ਹੈ ਤਾਂ ਉਹ ਆਪਣੇ `ਤੇ ਪਈ ਬਿਪਤਾ ਦਾ ਹੱਲ ਤਲਾਸ਼ਦਿਆਂ ਆਪਣੇ ਪ੍ਰੇਮੀ ਇਤਿਆਦੀ ਨਾਲ ਮਿਲ ਕੇ ਲੁਕਵੇਂ ਦਾਅਪੇਚ ਵਰਤਣ ਦੀ ਨੀਤੀ ਅਪਣਾਉਂਦੀ ਹੈ। ਦੇਵ ਦਾਸੀ ਬਣਾ ਕੇ ਦਲਿਤ ਕੁੜੀਆਂ ਨੂੰ ਭੋਗਣ ਦੀ ਚਾਲ ਦੀ ਕਾਟ ਕਰਦਿਆਂ ਉਹ ਮੁਖੀਏ ਦੇ ਛੋਟੇ ਪੁੱਤਰ ਕੰਸੀ `ਤੇ ਆਪਣੇ ਨਾਲ ਜ਼ੋਰ-ਜ਼ਬਰਦਸਤੀ ਕਰਨ ਦਾ ਦੋਸ਼ ਲਾ ਕੇ ਆਪਣੇ ਆਪ ਨੂੰ ਦੇਵੀ ਦੇ ਚਰਨਾਂ ਵਿਚ ਚੜ੍ਹਾਏ ਜਾਣ ਦੇ ਅਯੋਗ ਸਿੱਧ ਦਿੰਦੀ ਹੈ। ਜਦੋਂ ਪਿੰਡ ਦਾ ਮੁਖੀਆ ਆਪਣੇ ਪੁੱਤਰ ਨੂੰ ਬਚਾਉਣ ਤੇ ਉਸਨੂੰ ਪੱਥਰ ਮਾਰ ਕੇ ਮਾਰਨ ਦੀ ਸਜ਼ਾ ਸੁਣਾਉਂਦਾ ਹੈ ਤਾਂ ਉਸ ਦੇ ਹੱਕ ਵਿਚ ਆਏ ਦਲਿਤ ਵਰਗ ਤੇ ਕੁਝ ਇਨਸਾਫ਼ ਪਸੰਦ ਸਵਰਨਾਂ ਦਾ ਏਕਾ ਉਸਦੀ ਢਾਲ ਬਣ ਜਾਂਦਾ ਹੈ। ਚਾਹੇ ਕਹਾਣੀ ਦਾ ਵਿਸ਼ਾ ਪੁਰਾਣਾ ਹੈ ਪਰ ਇਸ ਵਲੋਂ ਵਿਖਾਇਆ ਨਾਰੀ ਮੁਕਤੀ ਦਾ ਰਾਹ ਨਵੇਂਪਣ ਦਾ ਲਿਖਾਇਕ ਹੈ।
ਸੰਗ੍ਰਹਿ ਦੀ ਤੀਸਰੀ ਕਹਾਣੀ ‘ਖੱਲਾਸੀ’ ਔਰਤ ਦੀ ਸਮਾਜਿਕ ਹੋਂਦ ਦੇ ਵਰਤਮਾਨ ਅਰਥਾਂ ਨੂੰ ਬਿਆਨਦੀ ਹੈ ਤਾਂ ਇਹ ਸਿੱਟਾ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਉਸਦੀ ਲੜਾਈ ਅਜੇ ਮੁੱਕੀ ਨਹੀਂ ਤੇ ਉਸਨੂੰ ਇਸ ਕਹਾਣੀ ਦੀ ਮੁੱਖ ਪਾਤਰ ਗੁੱਡੂ ਵਾਂਗ ਆਪਣੀ ਹੋਂਦ ਤੇ ਆਜ਼ਾਦੀ ਨੂੰ ਕਾਇਮ ਰੱਖਣ ਲਈ ਸਮਾਜ ਨਾਲ ਤਿੱਖੀ ਟੱਕਰ ਲੈਣੀ ਪਵੇਗੀ। ਗੁੱਡੂ ਦੇ ਪੜ੍ਹੇ-ਲਿਖੇ ਪਤੀ ਰਾਹੁਲ ਵਲੋਂ ਉਸਨੂੰ ਵਾਰ ਵਾਰ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਹ ਔਰਤ ਹੈ, ਇਸ ਲਈ ਉਸ ਨਾਲ ਬਰਾਬਰੀ ਦੀ ਹਰਗਿਜ਼ ਕੋਸ਼ਿਸ਼ ਨਾ ਕਰੇ। ਉਸ ਵਲੋਂ ਗਰਭ ਧਾਰਨ ਕਰਨ `ਤੇ ਉਸਦਾ ਸਹੁਰਾ ਪਰਿਵਾਰ ਹੀ ਨਹੀਂ ਸਗੋਂ ਉਸਦੀ ਮਾਂ ਵਲੋਂ ਵੀ ਉਸ ਤੋਂ ਇਹੀ ਉਮੀਦ ਰੱਖੀ ਜਾਂਦੀ ਹੈ ਕਿ ਉਹ ਕੇਵਲ ਪੁੱਤਰ ਨੂੰ ਹੀ ਜਨਮ ਦੇਵੇ। ਆਪਣੇ ਪਰਿਵਾਰਕ ਮੈਂਬਰਾਂ ਦਾ ਅਜਿਹਾ ਵਿਹਾਰ ਉਸਨੂੰ ਮਾਨਸਿਕ ਤੌਰ `ਤੇ ਬਹੁਤ ਪ੍ਰੇਸ਼ਾਨ ਕਰਦਾ ਹੈ ਪਰ ਆਪਣੀ ਸਮਾਜਿਕ ਹੋਂਦ ਕਮਜੋ਼ਰ ਹੋਣ ਕਾਰਨ ਉਹ ਇਸ ਵਿਰੁੱਧ ਖੁੱਲ੍ਹ ਕੇ ਨਹੀਂ ਬੋਲ ਸਕਦੀ। ਉਸ ਦੀ ਗੋਦ ਵਿਚ ਕੁੜੀ ਆਉਣ `ਤੇ ਘਰ ਦਾ ਬਣਿਆ ਸੋਗੀ ਵਾਤਾਵਰਨ ਪੜ੍ਹੇ ਲਿਖੇ ਪਰਿਵਾਰਾਂ ਵਿਚ ਵੀ ਔਰਤ ਦੀ ਸਮਾਜਿਕ ਹੋਂਦ ਨੂੰ ਸਵਕ੍ਰਿਤੀ ਨਾ ਦਿੱਤੇ ਜਾਣ ਦੀ ਪੁਸ਼ਟੀ ਕਰਦਾ ਹੈ।
ਦੂਸਰੀ ਵਾਰੀ ਗਰਭ ਠਹਿਰਣ `ਤੇ ਉਸਦਾ ਸਹੁਰਾ ਪਰਿਵਾਰ ਖਾਨਦਾਨ ਦੇ ਵਾਰਿਸ ਦੀ ਪ੍ਰਾਪਤੀ ਸਬੰਧੀ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ। ਇਸ ਲਈ ਉਸ ਦੇ ਪੇਟ ਵਿਚਲੇ ਬੱਚੇ ਦਾ ਲਿੰਗ ਟੈਸਟ ਕਰਨ ਲਈ ਕਿਸੇ ਡਾਕਟਰ ਨਾਲ ਗੱਲ ਕਰ ਲਈ ਜਾਂਦੀ ਹੈ। ਉਸਨੂੰ ਆਪਣੇ ਪੇਟ ਵਿਚ ਫਿਰ ਕੁੜੀ ਹੋਣ ਬਾਰੇ ਪਤਾ ਚੱਲਦਾ ਹੈ ਤਾਂ ਉਹ ਮਨ ਹੀ ਮਨ ਫੈਸਲਾ ਲੈ ਲੈਂਦੀ ਹੈ ਕਿ ਉਹ ਆਪਣੇ ਸਹੁਰੇ ਪਰਿਵਾਰ ਨੂੰ ਆਪਣੀ ਅਣਜੰਮੀ ਧੀ ਦੇ ਭਰੂਣ ਦੀ ਹੱਤਿਆ ਕਰਨ ਦੀ ਸਹਿਮਤੀ ਕਿਸੇ ਵੀ ਕੀਮਤ `ਤੇ ਨਹੀਂ ਦੇਵੇਗੀ। ਇਸ ਮੌਕੇ ਵਿਦਿਆਰਥੀ ਕਾਲ ਸਮੇਂ ਨਾਰੀ ਚੇਤਨਾ ਸਬੰਧੀ ਦਿੱਤਾ ਉਸਦਾ ਆਪਣਾ ਹੀ ਭਾਸ਼ਣ ਉਸਦਾ ਮਾਰਗ ਦਰਸ਼ਕ ਬਣ ਜਾਂਦਾ ਹੈ ਤੇ ਉਹ ਆਪਣੇ ਸਹੁਰੇ ਪਰਿਵਾਰ ਨਾਲ ਫੈਸਲਾਕੁਨ ਲੜਾਈ ਲੜਨ ਲਈ ਆਪਣੇ ਆਪ ਨੂੰ ਤਿਆਰ ਕਰ ਲੈਂਦੀ ਹੈ।
ਕਹਾਣੀ ‘ਪਾਵਰ ਡਿਸਕੋਰਸ’ ਮਨੁੱਖ ਦੇ ਅਵਚੇਤਨ ਵਿਚ ਪਈਆਂ ਬਚਪਨ ਦੀਆਂ ਯਾਦਾਂ ਤੇ ਸੰਸਕਾਰਾਂ ਵਲੋਂ ਉਸਦੇ ਭਵਿੱਖਤ ਜੀਵਨ ਵਿਚ ਨਿਭਾਈ ਜਾਣ ਵਾਲੀ ਭੂਮਿਕਾ ਨੂੰ ਪਾਠਕਾਂ ਦੇ ਦ੍ਰਿਸ਼ਟੀਗੋਚਰ ਕਰਦੀ ਹੈ। ਦਲਿਤ ਸ਼੍ਰੇਣੀ ਵਿਚ ਪੈਦਾ ਹੋਏ ਡਾ. ਬਾਲੀ ਦਾ ਸਾਰਾ ਬਚਪਨ ਧਨਾਢ ਸਵਰਨ ਸ਼੍ਰੇਣੀ ਦੀਆਂ ਵਧੀਕੀਆਂ ਨੂੰ ਸਹਿਣ ਕਰਦਿਆਂ ਬਿਤਿਆ ਹੈ, ਇਸ ਲਈ ਉਸਦੇ ਅਵਚੇਤਨ ਵਿਚ ਪਈਆਂ ਬਚਪਨ ਦੀਆਂ ਕੌੜੀਆਂ ਯਾਦਾਂ ਭਵਿੱਖ ਦੀਆਂ ਬਦਲਾ ਲਊ ਪ੍ਰਵਿਰਤੀਆਂ ਬਣ ਜਾਂਦੀਆਂ ਹਨ। ਉਸਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸਾਹਮਣੇ ਦੀ ਲੜਾਈ ਵਿਚ ਰਮਾਇਣ ਕਾਲ ਦੇ ਰਾਜਾ ਬਾਲੀ ਵਾਂਗ ਉਸਦੀ ਹਾਰ ਨਿਸ਼ਚਿਤ ਹੈ ਇਸ ਲਈ ਉਹ ਆਪਣੀ ਤੀਖਣ ਬੁੱਧੀ ਨਾਲ ਪਹਿਲਾਂ ਅਗਲੇ ਦਾ ਵਿਸ਼ਵਾਸ ਜਿੱਤਦਾ ਹੈ ਤੇ ਫਿਰ ਉਸਨੂੰ ਪੌੜ੍ਹੀ ਬਣਾ ਕੇ ਸਫਲਤਾ ਦੇ ਮੁਕਾਮ ਤੱਕ ਪੁਜਦਾ ਹੈ। ਪਹਿਲੇ ਪੜਾਅ `ਤੇ ਉਹ ਦਲਿਤ ਸ਼੍ਰੇਣੀ ਨਾਲ ਹੀ ਸਬੰਧਤ ਆਪਣੇ ਗਾਈਡ ਡਾ. ਮੰਗਤ ਨੂੰ ਪ੍ਰਭਾਵਿਤ ਕਰ ਕੇ ਯੂਨਿਵਰਸਿਟੀ ਵਿਚ ਨੌਕਰੀ ਪ੍ਰਪਤ ਕਰਦਾ ਹੈ ਤੇ ਅਗਲੇ ਪੜਾਅ `ਤੇ ਯੁਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਵਿਸ਼ਵਾਸ ਪਾਤਰ ਬਣ ਕੇ ਯੂਨੀਵਰਸਿਟੀ ਦੇ ਸਾਰੇ ਪ੍ਰਬੰਧਕੀ ਢਾਂਚੇ ਨੂੰ ਆਪਣੇ ਪ੍ਰਭਾਵ ਵਿਚ ਲੈ ਲੈਂਦਾ ਹੈ। ਉਸਦਾ ਗਾਈਡ ਡਾ. ਮੰਗਤ ਉਸ ਨਾਲ ਆਪਣੀ ਧੀ ਦਾ ਵਿਆਹ ਕਰਨਾ ਚਾਹੁੰਦਾ ਹੈ ਪਰ ਉਹ ਆਪਣੀ ਹੀ ਨਿਗਰਾਨੀ ਹੇਠ ਖੋਜ ਕਾਰਜ ਕਰਨ ਵਾਲੀ ਅਮੀਰ ਕੁੜੀ ਪੂਜਾ ਨੂੰ ਆਪਣੀ ਸਫਲਤਾ ਦੀ ਅਗਲੀ ਪੌੜ੍ਹੀ ਬਣਾਉਂਦਿਆਂ ਉਸ ਨਾਲ ਵਿਆਹ ਕਰ ਲੈਂਦਾ ਹੈ।
ਉਸਦੇ ਬਚਪਨ ਵਿਚ ਉਸ ਨਾਲ ਹੋਈਆਂ ਵਧੀਕੀਆਂ ਬਾਰੇ ਪੜ੍ਹ ਕੇ ਪਾਠਕਾਂ ਦੇ ਮਨ ਵਿਚ ਉਸ ਨਾਲ ਹਮਦਰਦੀ ਜ਼ਰੂਰ ਪੈਦਾ ਹੁੰਦੀ ਹੈ ਪਰ ਯੂਨੀਵਰਸਿਟੀ ਦੇ ਸਨਮਾਨਿਤ ਅਹੁਦੇ `ਤੇ ਹੁੰਦਿਆਂ ਉਸ ਵਲੋਂ ਵਲ ਛੱਲ ਦੀ ਨੀਤੀ ਲਗਾਤਾਰ ਜਾਰੀ ਰੱਖੇ ਜਾਣ `ਤੇ ਪਾਠਕੀ ਮਨਾਂ ਵਿਚ ਉਸਦਾ ਅਕਸ ਆਪਣੀ ਤਾਕਤ ਦੀ ਨਾਜਾਇਜ਼ ਵਰਤੋਂ ਕਰਨ ਵਾਲੇ ਚਾਲਬਾਜ਼ ਮਨੁੱਖ ਦਾ ਹੀ ਬਣਦਾ ਹੈ। ਉਸਦੇ ਅਵਚੇਤਨ ਵਿਚ ਪਿੰਡ ਦੇ ਧਨਾਢ ਹਰਮੇਲ ਸਿੰਘ ਵਲੋਂ ਉਸਦੀ ਭੈਣ ਦੀ ਇੱਜ਼ਤ ਲੁੱਟੇ ਜਾਣ ਦੀ ਘਟਨਾ ਪਈ ਹੈ ਪਰ ਜਦੋਂ ਉਹ ਚੇਤੰਨ ਤੌਰ `ਤੇ ਇਸਦਾ ਬਦਲਾ ਹਰਮੇਲ ਦੀ ਭਤੀਜੀ ਤੇ ਆਪਣੀ ਵਿਦਿਆਰਥਣ ਦੀ ਇੱਜ਼ਤ ਨਾਲ ਖਿਲਵਾੜ ਕਰ ਕੇ ਲੈਣ ਦਾ ਰਾਹ ਚੁਣਦਾ ਹੈ ਤਾਂ ਪਾਠਕਾਂ ਦੀ ਨਜ਼ਰ ਵਿਚ ਉਸ ਤੇ ਹਰਮੇਲ `ਚ ਕੋਈ ਫਰਕ ਨਹੀਂ ਰਹਿੰਦਾ।
ਸੰਗ੍ਰਹਿ ਦੀ ਆਖਰੀ ਕਹਾਣੀ ‘ਬੰਦਾ ਮਾਰਨਾ ਕਿਹੜਾ ਸੌਖਾ ਐ’ ਮਨੁੱਖ ਦੀ ਵਿਅਕਤੀਗਤ ਆਜ਼ਾਦੀ ਦੇ ਅਰਥਾਂ ਨੂੰ ਨਵੇ ਸਿਰਿਉਂ ਪਰਿਭਾਸ਼ਤ ਕਰਦੀ ਹੈ। ਕਹਾਣੀ ਵਿਚਲੀ ਗੌਰੀ ਆਪਣੇ ਪਤੀ ਨੂੰ ਪੂਰੀ ਤਰ੍ਹਾਂ ਸਮਰਪਿਤ ਸੰਸਕਾਰੀ ਪਤਨੀ ਹੈ ਪਰ ਉਸਦੀ ਇਹ ਸਮਰਪਿਤ ਭਾਵਨਾ ਹੀ ਉਸਦੇ ਪਤੀ ਦੀ ਮਾਨਸਿਕ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦੀ ਹੈ। ਆਪਣੇ ਵੱਲ ਸਮਰਪਿਤ ਭਾਵਨਾ ਦਾ ਗਲਤ ਅਨੁਵਾਦ ਕਰਦਿਆਂ ਉਹ ਸੋਚਦਾ ਹੈ ਕਿ ਗੋਰੀ ਉਸਨੂੰ ਪਿਆਰ ਨਾਲ ਆਪਣਾ ਗੁਲਾਮ ਬਣਾਉਣਾ ਚਾਹੁੰਦੀ ਹੈ। ਆਪਣੀ ਵਿਅਕਤੀਗਤ ਆਜ਼ਾਦੀ ਵਿਚ ਉਸਦੇ ਦਖ਼ਲ ਨੂੰ ਬੰਦ ਕਰਨ ਲਈ ਪਤੀ ਉਸਨੂੰ ਨੀਂਦ ਵਾਲੀਆਂ ਗੋਲੀਆਂ ਘੋਲ ਕੇ ਪਿਆ ਦਿੰਦਾ ਹੈ। ਅਜਿਹੇ ਮੌਕੇ `ਤੇ ਕਹਾਣੀ ਦੇ ਪਾਠਕ ਦੇ ਜ਼ਿਹਨ ਵਿਚ ਇਹ ਸੁਆਲ ਪੈਦਾ ਹੁੰਦਾ ਕਿ ਕੀ ਕੇਵਲ ਐਨੀ ਕੁ ਗੱਲ `ਤੇ ਹੀ ਕੋਈ ਪਤੀ ਆਪਣੀ ਪਤਨੀ ਦਾ ਕਤਲ ਕਰ ਸਕਦਾ ਹੈ? ਉਸ ਵੱਲੋਂ ਪਤਨੀ ਦੀ ਲਾਸ਼ ਦੇ ਨੇੜੇ ਬੈਠ ਕੇ ਦੂਸਰੀਆਂ ਔਰਤਾਂ ਨਾਲ ਚੈਟਿੰਗ ਕਰਨਾ ਵੀ ਪਾਠਕਾਂ ਨੂੰ ਸਹਿਜ ਵਰਤਾਰਾ ਨਹੀਂ ਲੱਗਦਾ।
ਜਦੋਂ ਉਸ ਅੰਦਰਲੀਆਂ ਉਤੇਜਿਤ ਭਾਵਨਾਵਾਂ ਵਿਚ ਕੁਝ ਠਹਿਰਾਉ ਆਉਂਦਾ ਹੈ ਤਾਂ ਉਸਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਉਹ ਕਿੱਡੀ ਵੱਡੀ ਗਲਤੀ ਕਰ ਚੁੱਕਾ ਹੈ। ਪਤਨੀ ਦੇ ਮੁਰਦਾ ਸਮਝੇ ਜਾ ਰਹੇ ਸਰੀਰ ਵਿਚ ਹਰਕਤ ਹੋਣ `ਤੇ ਉਸਨੂੰ ਮਿਲੀ ਮਾਨਸਿਕ ਰਾਹਤ ਹੀ ਇਸ ਕਹਾਣੀ ਦੇ ਗਲਪੀ ਬਿੰਬ ਨੂੰ ਠੀਕ ਤਰ੍ਹਾਂ ਉਘੇੜਦੀ ਹੈ। ਇਹ ਰਾਹਤ ਉਸ ਅੰਦਰ ਪੈਦਾ ਹੋਏ ਪਛਤਾਵੇ ਦੀ ਵੀ ਸੂਚਕ ਬਣਦੀ ਹੈ ਤੇ ਪਤੀ-ਪਤਨੀ ਦੇ ਰਿਸ਼ਤੇ ਵਿਚਲੇ ਨਿੱਘ ਤੇ ਸਦੀਵਤਾ ਨੂੰ ਵੀ ਸਨਮਾਨ ਦੇਣ ਦਾ ਕਾਰਜ ਕਰਦੀ ਹੈ।
ਪੰਜਾਬੀ ਰੰਗਮੰਚ ਨਾਲ ਉਸਦੀ ਵੱਧ ਮਾਨਸਿਕ ਨੇੜਤਾ ਕਾਰਨ ਉਸ ਦੀਆਂ ਸਾਰੀਆਂ ਕਹਾਣੀਆਂ ਵਿਚ ਕੁਝ ਨਾਟਕੀ ਅੰਸ਼ ਸੁਭਾਵਿਕ ਰੂਪ ਵਿਚ ਹੀ ਪ੍ਰਵੇਸ਼ ਕਰ ਗਏ ਹਨ। ਉਸਦੀ ਕਹਾਣੀ ‘ਪਾਵਰ ਡਿਸਕੋਰਸ’ ਵਿਚਲਾ ਮੁੱਖ ਪਾਤਰ ਡਾ. ਬਾਲੀ ਤਾਂ ਸਿੱਧੇ ਤੌਰ `ਤੇ ਨਾਟਕੀ ਵਿਧੀ ਵਾਂਗ ਹੀ ਸੂਤਰਧਾਰ ਦੇ ਰੂਪ `ਚ ਕਹਾਣੀਆਂ ਦੀਆਂ ਖਿੰਡੀਆਂ ਕੜੀਆਂ ਨੂੰ ਸੂਤਰਬੱਧ ਕਰਦਾ ਹੈ। ਉਸ ਦੀਆਂ ਕਹਾਣੀਆਂ ਵਿਚਲੇ ਇਹ ਨਾਟਕੀ ਅੰਸ਼ ਕਹਾਣੀ ਦੀ ਤੋਰ ਨੂੰ ਤੇਜ਼ ਕਰਨ ਵਿਚ ਸਹਾਈ ਬਣਦੇ ਹਨ। ਉਸ ਦੀਆਂ ਕਹਾਣੀਆਂ ਆਪਣੀ ਸਮਕਾਲੀ ਸਮਾਜਿਕ ਵਿਵਸਥਾ ਦੀਆਂ ਅੱਖਾਂ `ਚ ਅੱਖਾਂ ਪਾ ਕੇ ਵੇਖਣ ਦੀ ਕੋਸ਼ਿਸ਼ ਕਰਦੀਆਂ ਹਨ ਤੇ ਇਸਦੇ ਨੰਗੇਜ਼ `ਤੇ ਪਰਦਾ ਪਾਉਣ ਦੀ ਬਜਾਇ ਇਸਨੂੰ ਸਰਵਜਨਕ ਕਰਨ ਦਾ ਦਮ ਵੀ ਰੱਖਦੀਆਂ ਹਨ। ਕਹਾਣੀਆਂ ਦੇ ਪਾਤਰਾਂ ਦਾ ਆਪਸੀ ਸੰਵਾਦ ਕਹਾਣੀ ਦੇ ਗਹਿਰੇ ਅਰਥਾਂ ਤੱਕ ਲੈ ਕੇ ਜਾਣ ਵਿਚ ਪਾਠਕਾਂ ਦੀ ਮਦਦ ਕਰਦਾ ਹੈ। 176 ਪੰਨਿਆਂ ਵਾਲੀ ਇਸ ਪੁਸਤਕ ਦਾ ਮੁੱਲ 250 ਰੁਪਏ ਹੈ ਤੇ ਇਸਨੂੰ ਚੇਤਨਾ ਪਿਊਪਲ ਆਰਟ ਪਟਿਆਲਾ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।