ਭਗਤ ਭੀਖਨ ਜੀ ਭਾਰਤ ਦੀ ਮੱਧ-ਯੁਗ ਦੀ ਭਗਤੀ ਲਹਿਰ ਦੇ ਸੰਤ ਹੋਏ ਹਨ, ਜਿਨ੍ਹਾਂ ਦਾ ਸਮਾਂ ਆਮ ਤੌਰ `ਤੇ 1480-1573 ਈਸਵੀ ਮੰਨਿਆ ਜਾਂਦਾ ਹੈ। ਭਗਤ ਜੀ ਬਾਰੇ ਵਿਸਥਾਰ ਵਿਚ ਬਹੁਤੀ ਜਾਣਕਾਰੀ ਪ੍ਰਾਪਤ ਨਹੀਂ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਨ੍ਹਾਂ ਦੇ ਦੋ ਸ਼ਬਦ ਸ਼ਾਮਲ ਹਨ। ਕਿਹਾ ਜਾਂਦਾ ਹੈ ਕਿ ਅਸਲ ਵਿਚ ਇਸੇ ਨਾਮ ਦੇ ਦੋ ਭਗਤ ਹੋਏ ਹਨ: ਭਗਤ ਭੀਖਨ ਅਤੇ ਭੀਖਨ ਸੂਫ਼ੀ। ਭਗਤ ਭੀਖਨ ਜੀ ਵੀ ਭਗਤ ਰਵਿਦਾਸ ਅਤੇ ਭਗਤ ਧੰਨਾ ਜੀ ਦੀ ਪ੍ਰੰਪਰਾ ਵਿਚ ਹੀ ਭਗਤ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਉਨ੍ਹਾਂ ਦੇ ਦੋ ਸ਼ਬਦਾਂ ਤੋਂ ਸਪੱਸ਼ਟ ਹੈ ਕਿ ਉਹ ਪਰਮਾਤਮਾ ਦੇ ਨਾਮ ਦੀ ਭਗਤੀ ਨਾਲ ਜੁੜੇ ਹੋਏ ਸਨ, ਜਿਸ ਨੂੰ ਉਹ ਸਾਰੇ ਸੰਸਾਰ ਲਈ ਰੋਗਾਂ ਦਾ ਦਾਰੂ ਮੰਨਦੇ ਹਨ। ਭਗਤ ਜੀ ਦੇ ਦੋਵੇਂ ਸ਼ਬਦ ਰਾਗ ਸੋਰਠਿ ਵਿਚ ਹਨ ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਉਹ ਨਾਮ ਸਿਮਰਨ ਅਤੇ ਗੁਰੂ ਦੀ ਮਿਹਰ ਦੀ ਗੱਲ ਕਰਦੇ ਹਨ। ਪਹਿਲਾ ਸ਼ਬਦ ਹੈ:
ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ॥
ਰੂਧਾ ਕੰਠੁ ਸਬਦੁ ਨਹੀਂ ਉਚਰੈ ਅਬ ਕਿਆ ਕਰਹਿ ਪਰਾਨੀ॥1॥
ਰਾਮ ਰਾਇ ਹੋਹਿ ਬੈਦ ਬਨਵਾਰੀ॥
ਅਪਨੇ ਸੰਤਹ ਲੇਹੁ ਉਬਾਰੀ॥1॥ਰਹਾਉ॥
ਮਾਥੇ ਪੀਰ ਸਰੀਰਿ ਜਲਨ ਹੈ ਕਰਕ ਕਰੇਜੇ ਮਾਹੀ॥
ਐਸੀ ਬੇਦਨ ਉਪਜਿ ਖਰੀ ਭਈ ਵਾ ਕਾ ਅਉਖਧੁ ਨਾਹੀ॥2॥
ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ॥
ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ॥3॥1॥
(ਪੰ.659)
ਭਗਤ ਭੀਖਨ ਜੀ ਇਥੇ ਮਨੁੱਖ ਨੂੰ ਸੰਬੋਧਿਤ ਹਨ ਕਿ ਬੁਢਾਪਾ ਆ ਜਾਣ ਕਰਕੇ ਸਰੀਰ ਕਮਜ਼ੋਰ ਹੋ ਗਿਆ ਹੈ। ਅੱਖਾਂ ਵਿਚੋਂ ਪਾਣੀ ਵਗ ਰਿਹਾ ਹੈ ਅਤੇ ਕੇਸ ਤੇਰੇ ਦੁੱਧ ਵਾਂਗ ਚਿੱਟੇ ਹੋ ਗਏ ਹਨ; ਅਰਥਾਤ ਬੁਢਾਪੇ ਕਾਰਨ ਸਰੀਰ ਦਾ ਸਾਰਾ ਪ੍ਰਬੰਧ ਹੀ ਨਿਰਬਲ ਹੋ ਗਿਆ ਹੈ। ਬਲਗਮ ਨਾਲ ਸੰਘ ਰੁਕ ਗਿਆ ਹੈ (ਬੁਢਾਪੇ ਦੀਆਂ ਰੇਸ਼ੇ ਵਰਗੀਆਂ ਅਲਾਮਤਾਂ ਕਰਕੇ ਗਲਾ ਰੁਕਿਆ ਹੋਇਆ ਹੈ) ਅਤੇ ਆਵਾਜ਼ ਵੀ ਸਾਫ਼ ਨਹੀਂ ਨਿਕਲਦੀ।
ਭਗਤ ਜੀ ਸਮਝਾਉਂਦੇ ਹਨ ਕਿ ਹੇ ਜੀਵ! ਅਜੇ ਵੀ ਤੂੰ ਸਰੀਰ ਦੇ ਮੋਹ ਵਿਚ ਫਸਿਆ ਹੋਇਆ ਹੈਂ? ਤੂੰ ਪਰਮਾਤਮਾ ਨੂੰ ਯਾਦ ਕਿਉਂ ਨਹੀਂ ਕਰਦਾ? ਭਗਤ ਜੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਆਪਣੇ ਸੰਤਾਂ ਨੂੰ ਬਚਾ ਲਓ। ਹੇ ਸੋਹਣੇ ਪ੍ਰਭੂ! ਹੇ ਸੋਹਣੇ ਰਾਮ! ਜੇ ਤੂੰ ਹਕੀਮ ਬਣੇ ਤਾਂ ਤੂੰ ਆਪਣੇ ਸੰਤਾਂ ਨੂੰ ਬਚਾ ਲੈਂਦਾ ਹੈਂ। ਭਗਤ ਜੀ ਜੀਵ ਨੂੰ ਸਮਝਾਉਂਦੇ ਹਨ ਕਿ ਬੁਢਾਪਾ ਆ ਜਾਣ ਕਰਕੇ ਤੇਰੇ ਸਿਰ ਵਿਚ ਦਰਦ ਟਿਕਿਆ ਰਹਿੰਦਾ ਹੈ, ਸਰੀਰ ਵਿਚ ਸੜਨ ਰਹਿੰਦੀ ਹੈ, ਕਲੇਜੇ ਵਿਚ ਪੀੜ ਉਠਦੀ ਹੈ। ਬੁਢਾਪੇ ਕਰਕੇ ਸਾਰੇ ਜਿਸਮ ਵਿਚ ਐਸਾ ਵੱਡਾ ਰੋਗ ਉਠ ਖਲੋਤਾ ਹੈ ਜਿਸ ਦਾ ਕੋਈ ਇਲਾਜ ਨਹੀਂ ਹੈ। (ਪ੍ਰੰਤੂ ਮਨੁੱਖ ਦਾ ਇਹ ਦੁਖਾਂਤ ਹੈ ਕਿ ਇਸ ਸਭ ਕੁੱਝ ਦੇ ਬਾਵਜੂਦ ਉਸ ਦਾ ਸਰੀਰ ਨਾਲੋਂ ਮੋਹ ਨਹੀਂ ਟੁੱਟਦਾ)।
ਇਸ ਸਾਰੇ ਰੋਗ ਦਾ ਦਰਦ, ਸਰੀਰਕ ਮੋਹ ਨੂੰ ਮਿਟਾਉਣ ਦਾ ਸੰਸਾਰ ਵਿਚ ਸਭ ਤੋਂ ਉੱਤਮ ਇਲਾਜ ਇੱਕੋ ਹੈ ਅਤੇ ਉਹ ਹੈ ਪਰਮਾਤਮਾ ਦਾ ਨਾਮ-ਰੂਪ ਨਿਰਮਲ ਅੰਮ੍ਰਿਤ-ਜਲ। ਇਹੀ ਸਾਰੇ ਦੁੱਖਾਂ ਦਾ ਦਾਰੂ ਹੈ। ਭਗਤ ਭੀਖਨ ਜੀ ਫਰਮਾਉਂਦੇ ਹਨ ਕਿ ਗੁਰੂ ਦੀ ਮਿਹਰ ਸਦਕਾ ਉਨ੍ਹਾਂ ਨੇ ਨਾਮ ਸਿਮਰਨ ਦਾ ਇਹ ਰਸਤਾ ਲੱਭ ਲਿਆ ਹੈ; ਜਿਸ ਕਰਕੇ ਉਨ੍ਹਾਂ ਨੇ ਸਰੀਰਕ ਮੋਹ ਤੋਂ ਛੁਟਕਾਰਾ ਪਾ ਲਿਆ ਹੈ।
ਅਸੀਂ ਕਹਿ ਸਕਦੇ ਹਾਂ ਕਿ ਇਸ ਸ਼ਬਦ ਵਿਚ ਭਗਤ ਭੀਖਨ ਜੀ ਜੀਵ ਨੂੰ ਯਾਦ ਦੁਆਉਂਦੇ ਹਨ ਕਿ ਉਮਰ ਲੰਘਦੀ ਜਾਂਦੀ ਹੈ, ਬੁਢਾਪਾ ਆ ਗਿਆ ਹੈ; ਜੋ ਸਮਾਂ ਬਚਦਾ ਹੈ ਉਸ ਨੂੰ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਵੱਲ ਲਾਉਣਾ ਚਾਹੀਦਾ ਹੈ। ਪਰਮਾਤਮਾ ਦਾ ਨਾਮ ਅਜਿਹੀ ਦਵਾਈ ਹੈ ਜੋ ਇਸ ਸੰਸਾਰ ਤੋਂ ਜਾਣ ਤੱਕ ਦੇ ਦੁੱਖ ਨੂੰ ਵੀ ਦੂਰ ਕਰ ਦਿੰਦੀ ਹੈ। ਗੁਰੂ ਤੇਗ ਬਹਾਦਰ, ਨੌਵੀਂ ਨਾਨਕ ਜੋਤਿ ਨੇ ਵੀ ਮਨੁੱਖ ਨੂੰ ਆਗਾਹ ਕੀਤਾ ਹੈ ਕਿ ਹੇ ਮਨੁੱਖ! ਬੁਢਾਪਾ ਆ ਗਿਆ ਹੈ, ਕੁੱਝ ਸੁਝਦਾ ਨਹੀਂ ਅਤੇ ਮੌਤ ਦਾ ਸਮਾਂ ਨੇੜੇ ਆ ਗਿਆ ਹੈ। ਬਾਵਰੇ ਮਨੁੱਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਿਉਂ ਨਾ ਕੀਤਾ ਜਾਵੇ? ਨਾਮ ਸਾਰੇ ਦੁੱਖਾਂ ਦਾ ਦਾਰੂ ਹੈ। ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ ਕਿ ਬੁਢਾਪਾ ਆ ਜਾਣ `ਤੇ ਸਿਰ ਕੰਬ ਰਿਹਾ ਹੈ ਅਤੇ ਪੈਰ ਡਗਮਗਾ ਰਹੇ ਹਨ, ਅੱਖਾਂ ਤੋਂ ਬੁਢਾਪੇ ਕਾਰਨ ਜੋਤ ਚਲੀ ਗਈ ਹੈ। ਹਾਲਤ ਇਸ ਤਰ੍ਹਾਂ ਦੀ ਹੋ ਗਈ ਹੈ, ਫਿਰ ਵੀ ਤੂੰ ਪਰਮਾਤਮਾ ਦੇ ਨਾਮ ਦਾ ਰਸ ਕਿਉਂ ਨਹੀਂ ਲੈਂਦਾ? ਕਿਉਂ ਨਾਮ ਦਾ ਸਿਮਰਨ ਨਹੀਂ ਕਰਦਾ (ਜਦੋਂ ਇਹ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਅੰਤਮ ਸਮਾਂ ਆਉਣ ਵਾਲਾ ਹੈ):
ਬਿਰਧਿ ਭਇਓ ਸੂਝੈ ਨਹੀ ਕਾਲੁ ਪਹੂਚਿਓ ਆਨਿ॥
ਕਹੁ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨੁ॥4॥(ਪੰ.1426)
ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੇ ਹੀਨ॥
ਕਹੁ ਨਾਨਕ ਇਹ ਬਿਧਿ ਭਈ ਤਊ ਨ ਹਰਿ ਰਸਿ ਲੀਨ॥47॥(ਪੰ.1428)
ਰਾਗੁ ਸੋਰਠਿ ਵਿਚ ਹੀ ਭਗਤ ਭੀਖਨ ਜੀ ਦਾ ਦੂਸਰਾ ਸ਼ਬਦ ਹੈ ਜੋ ਪਰਮਾਤਮਾ ਦੇ ਨਾਮ ਦੀ ਮਹੱਤਤਾ `ਤੇ ਚਾਨਣਾ ਪਾਉਂਦਾ ਹੈ ਜਿਸ ਵਿਚ ਦੱਸਿਆ ਹੈ ਕਿ ਪਰਮਾਤਮਾ ਦਾ ਨਾਮ ਮਨੁੱਖ ਲਈ ਬੇਸ਼ਕੀਮਤੀ ਰਤਨ ਹੈ, ਅਮੋਲਕ ਹੀਰਾ ਹੈ:
ਐਸਾ ਨਾਮੁ ਰਤਨੁ ਨਿਰਮੋਲਕੁ ਪੁੰਨਿ ਪਦਾਰਥੁ ਪਾਇਆ॥
ਅਨਿਕ ਜਤਨ ਕਰਿ ਹਿਰਦੈ ਰਾਖਿਆ ਰਤਨੁ ਨ ਛਪੈ ਛਪਾਇਆ॥1॥
ਹਰਿ ਗੁਨ ਕਹਤੇ ਕਹਨੁ ਨ ਜਾਈ॥
ਜੈਸੇ ਗੂੰਗੇ ਕੀ ਮਠਿਆਈ॥1॥ਰਹਾਉ॥
ਰਸਨਾ ਰਮਤ ਸੁਨਤ ਸੁਖੁ ਸ੍ਰਵਨਾ ਚਿਤ ਚੇਤੇ ਸੁਖੁ ਹੋਈ॥
ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾਂ ਤਹਿ ਸੋਈ॥2॥2॥
ਭਗਤ ਜੀ ਪਰਮਾਤਮ-ਨਾਮ ਦੀ ਮਹਿਮਾ ਦੱਸਦੇ ਹੋਏ ਇਸ ਦੀ ਤੁਲਨਾ ਅਜਿਹੇ ਰਤਨ ਨਾਲ ਕਰਦੇ ਹਨ ਜਿਸ ਦਾ ਮੁੱਲ ਆਂਕਿਆ ਨਹੀਂ ਜਾ ਸਕਦਾ, ਜੋ ਨਿਰਮੋਲਕ ਹੈ ਅਤੇ ਬਹੁਤ ਹੀ ਚੰਗੇ ਭਾਗਾਂ, ਚੰਗੀ ਕਿਸਮਤ ਨਾਲ ਮਿਲਦਾ ਹੈ। ਇਹ ਅਜਿਹਾ ਰਤਨ ਹੈ ਜਿਸ ਨੂੰ ਜੇ ਅਨੇਕਾਂ ਉਪਰਾਲੇ ਕਰ ਕੇ ਹਿਰਦੇ ਵਿਚ ਛੁਪਾ ਕੇ ਵੀ ਰੱਖੀਏ ਤਾਂ ਵੀ ਇਹ ਛੁਪਦਾ ਨਹੀਂ ਪ੍ਰਗਟ ਹੋ ਜਾਂਦਾ ਹੈ, ਲੁਕਾਇਆਂ ਲੁਕਦਾ ਨਹੀਂ। ਭਗਤ ਜੀ ਨੇ ਪਰਮਾਤਮਾ ਦੇ ਗੁਣਾਂ ਦੀ ਸਿਫ਼ਤਿ-ਸਾਲਾਹ ਦੀ ਤੁਲਨਾ ਇੱਥੇ ਗੂੰਗੇ ਦੇ ਗੁੜ ਖਾਣ ਨਾਲ ਕੀਤੀ ਹੈ। ਗੂੰਗਾ ਗੁੜ ਖਾ ਲੈਂਦਾ, ਉਸ ਦਾ ਸੁਆਦ ਲੈਂਦਾ ਹੈ ਪਰ ਨਾ ਬੋਲ ਸਕਣ ਕਰਕੇ ਦੱਸ ਨਹੀਂ ਸਕਦਾ ਕਿ ਗੁੜ ਦਾ ਸੁਆਦ ਕਿਹੋ ਜਿਹਾ ਹੈ। ਇਸੇ ਤਰ੍ਹਾਂ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦਿਆਂ ਉਨ੍ਹਾਂ ਦਾ ਅਨੰਦ ਮਾਣਿਆ ਜਾ ਸਕਦਾ ਹੈ, ਪਰ ਉਸ ਰਹੱਸਮਈ ਅਨੰਦ ਦੀ ਵਿਆਖਿਆ ਕਰ ਕੇ ਕਿਸੇ ਹੋਰ ਨੂੰ ਨਹੀਂ ਦੱਸਿਆ ਜਾ ਸਕਦਾ ਕਿ ਇਹ ਅਨੰਦ ਕਿਹੋ ਜਿਹਾ ਹੈ।
ਇਸ ਰਤਨ-ਰੂਪ ਨਾਮ ਦਾ ਜਦੋਂ ਆਪਣੀ ਜੀਭ ਨਾਲ ਜਾਪ ਕਰੀਦਾ ਹੈ, ਸਿਮਰਨ ਕਰੀਦਾ ਹੈ ਤਾਂ ਜੀਭ ਨੂੰ ਸੁਆਦ ਆਉਂਦਾ ਹੈ, ਅਨੰਦ ਮਿਲਦਾ ਹੈ, ਕੰਨਾਂ ਨੂੰ ਸੁਖ ਮਿਲਦਾ ਹੈ। ਭਗਤ ਭੀਖਨ ਜੀ ਆਪਣੇ ਆਪੇ ਨੂੰ ਸੰਬੋਧਨ ਕਰਦੇ ਹਨ ਕਿ ਭੀਖਨ ਤੂੰ ਵੀ ਆਖ ਕਿ ਇਸ ਨਾਮ ਦਾ ਸਿਮਰਨ ਕਰਨ ਨਾਲ ਮੇਰੀਆਂ ਅੱਖਾਂ ਨੂੰ ਠੰਢਕ ਪਹੁੰਚ ਗਈ ਅਤੇ ਮੈਂ ਜਿਸ ਪਾਸੇ ਵੀ ਦੇਖਦਾ ਹਾਂ ਤਾਂ ਮੈਨੂੰ ਪਰਮਾਤਮਾ ਹੀ ਨਜ਼ਰ ਆਉਂਦਾ ਹੈ, ਉਸ ਦੀ ਵਿਆਪਕਤਾ ਦਾ ਅਹਿਸਾਸ ਹੁੰਦਾ ਹੈ।
ਲੇਖ ਦੇ ਅਰੰਭ ਵਿਚ ਹੀ ਜ਼ਿਕਰ ਕੀਤਾ ਹੈ ਕਿ ਭੀਖਨ ਨਾਮ ਦੇ ਦੋ ਭਗਤ ਹੋਏ ਹਨ: ਭਗਤ ਭੀਖਨ ਅਤੇ ਭੀਖਨ ਸੂਫ਼ੀ। ਪ੍ਰੋਫੈਸਰ ਸਾਹਿਬ ਸਿੰਘ ਭਗਤ ਭੀਖਨ ਜੀ ਦੇ ਸ਼ਬਦਾਂ ਦਾ ਟੀਕਾ ਕਰਦਿਆਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਵਿਚ ਲਿਖਦੇ ਹਨ ਕਿ “ਭਗਤ-ਬਾਣੀ ਦੇ ਵਿਰੋਧੀ ਸੱਜਣ ਭਗਤ ਭੀਖਨ ਜੀ ਬਾਰੇ ਇਉਂ ਲਿਖਦੇ ਹਨ “ਦਸਿਆ ਹੈ ਕਿ ਭਗਤ ਭੀਖਨ ਜੀ ਇਬਰਾਹੀਮ ਦੇ ਸ਼ਿਸ਼ ਸਨ; ਪਰ ਇਹ ਖੋਜ ਸੱਚੀ ਸਿਧ ਨਹੀਂ ਹੁੰਦੀ। ਆਮ ਤੌਰ ਪਰ ਇਨ੍ਹਾਂ ਦਾ ਦਿਹਾਂਤ ਸੰਮਤ 1625 ਦੇ ਗਿਰਦੇ ਮੰਨੀਦਾ ਹੈ। ਵਾਸਤਵ ਵਿਚ ਭੀਖਨ ਜੀ ਕੋਈ ਬੇ-ਮਲੂਮ ਭਗਤ ਜਾਪਦੇ ਹਨ। ਭਗਤ-ਮੰਡਲੀ ਵਿਚ ਇਨ੍ਹਾਂ ਦੀ ਕੋਈ ਖ਼ਾਸ ਪ੍ਰਸਿੱਧੀ ਸਿਧ ਨਹੀਂ ਹੁੰਦੀ। ਇਸ ਨਾਲੋਂ ਜੱਲਣ, ਕਾਹਨਾ, ਛੱਜੂ ਆਦਿ ਭੀ ਵਧ ਪ੍ਰਸਿੱਧ ਹਨ। ਆਪ ਅਸਲੋਂ ਸੂਫ਼ੀ ਮੁਸਲਮਾਨ ਫਕੀਰਾਂ ਵਿਚੋਂ ਸਨ। ਆਪ ਜੀ ਨੂੰ ਸ਼ੇਖ ਫ਼ਰੀਦ ਜੀ ਨਾਲ ਮਿਲਾ ਦੇਂਦੇ ਹਨ, ਪਰ ਇਹ ਪੁਸ਼ਟੀ ਇਨ੍ਹਾਂ ਦੀ ਬਾਣੀ ਤੋਂ ਨਹੀਂ ਹੁੰਦੀ। ਵੈਸੇ ਇਨ੍ਹਾਂ ਦੀ ਰਚਨਾ ਹਿੰਦੂ ਬੈਰਾਗੀ ਸਾਧੂਆਂ ਨਾਲ ਮਿਲਦੀ ਹੈ, ਇਸਲਾਮ ਸ਼ਰਹ ਦਾ ਇਕ ਲਫ਼ਜ਼ ਭੀ ਨਹੀਂ ਮਿਲਦਾ ਜਾਪਦਾ। ਇਸਲਾਮ ਮਤ ਛੱਡ ਕੇ ਜੀਵ-ਅਹਿੰਸਕ ਸਾਧਾਂ ਨਾਲ ਵਿਚਰਦੇ ਰਹੇ। ਆਪ ਜੀ ਦੇ ਦੋ ਸ਼ਬਦ ਭਗਤ ਬਾਣੀ ਸੰਗ੍ਰਹਿ ਵਿਖੇ ਆਏ ਹਨ , ਜਿਹਾ ਕਿ-
ਨੈਨਹੁ …..ਮੋਖ ਦੁਆਰਾ। “-ਸੋਰਠਿ।
“ਇਸ ਸ਼ਬਦ ਤੋਂ ਸਿੱਧ ਹੁੰਦਾ ਹੈ ਕਿ ਭਗਤ ਜੀ ਬੁਢੇਪੇ ਅਥਵਾ ਮੌਤ ਦੇ ਨੇੜ ਨੂੰ ਵੇਖ ਕੇ ਕਾਫ਼ੀ ਘਾਬਰ ਗਏ ਹਨ। ਉਸ ਵੇਲੇ ਬਨਵਾਰੀ (ਕ੍ਰਿਸ਼ਨ) ਜੀ ਨੂੰ ਯਾਦ ਕਰਦੇ ਹੋਏ ਵਾਸਤੇ ਕੱਢਦੇ ਹਨ ਪਰ ਗੁਰਮਤਿ ਅੰਦਰ ਮੌਤ ਨੂੰ ਇਕ ਖੇਡ ਸਮਝਿਆ ਗਿਆ ਹੈ ਅਤੇ ਜੰਮਣ ਮਰਨ ਨੂੰ ਸੰਸਾਰੀ ਖੇਡ ਸਮਝ ਕੇ ਕੋਈ ਵੁਕਅਤ ਨਹੀਂ ਦਿਤੀ ਜਾਂਦੀ। …ਖਾਲਸੇ ਦੇ ਸਾਹਮਣੇ ਮੌਤ ਖੇਡ ਅਤੇ ਇਕ ਬਾਜ਼ੀ ਹੈ। ”
ਪ੍ਰੋਫੈਸਰ ਸਾਹਿਬ ਸਿੰਘ ਅਨੁਸਾਰ ਵਿਰੋਧੀ ਸੱਜਣ ਨੇ ਭੀਖਨ ਜੀ ਬਾਰੇ ਹੇਠ-ਲਿਖੀ ਖੋਜ ਕੀਤੀ ਹੈ:
1.ਭੀਖਨ ਜੀ ਸੂਫ਼ੀ ਮੁਸਲਮਾਨ ਫ਼ਕੀਰਾਂ ਵਿਚੋਂ ਸਨ। ਇਸਲਾਮ ਛੱਡ ਕੇ ਜੀਵ-ਅਹਿੰਸਕ ਸਾਧਾਂ ਨਾਲ ਵਿਚਰਦੇ ਰਹੇ।
2.ਇਨ੍ਹਾਂ ਦੀ ਰਚਨਾ ਹਿੰਦੂ ਬੈਰਾਗੀ ਸਾਧੂਆਂ ਨਾਲ ਮਿਲਦੀ ਹੈ।
3.ਬੁਢੇਪੇ ਤੇ ਮੌਤ ਤੋਂ ਘਾਬਰ ਕੇ ਭੀਖਨ ਜੀ ਇਸ ਸ਼ਬਦ ਰਾਹੀਂ ਕ੍ਰਿਸ਼ਨ ਜੀ ਅਗੇ ਵਾਸਤੇ ਕੱਢਦੇ ਹਨ।
ਪ੍ਰੋਫੈਸਰ ਸਾਹਿਬ ਸਿੰਘ ਇਸ ਖੋਜ ਨੂੰ ਵਿਚਾਰ ਕੇ ਨਤੀਜਾ ਕੱਢਦੇ ਹਨ ਕਿ:
1.ਵਿਰੋਧੀ ਸੱਜਣ ਨੇ ਆਪ ਹੀ ਤਰਦੀਦ ਕਰ ਦਿਤੀ ਹੈ ਅਤੇ ਲਿਖਿਆ ਹੈ ਕਿ ਇਨ੍ਹਾਂ ਦੀ ਰਚਨਾ ਵਿਚ ‘ਇਸਲਾਮੀ ਸ਼ਰਹ ਦਾ ਇਕ ਲਫ਼ਜ਼ ਭੀ ਨਹੀਂ ਮਿਲਦਾ ਜਾਪਦਾ।’ ਪਰ ਇਹ ਤਰਦੀਦ ਭੀ ਖੁਲ੍ਹ ਕੇ ਨਹੀਂ ਕਰਦੇ, ਅਜੇ ਭੀ ਲਫ਼ਜ਼ “ਮਿਲਦਾ ਜਾਪਦਾ” ਹੀ ਲਿਖਦੇ ਹਨ। …ਆਪੇ ਹੀ ਘੜੇ ਹੋਏ ਸ਼ੱਕ ਨੂੰ ਪਾਠਕ ਦੇ ਮਨ ਵਿਚ ਟਿਕਾਈ ਰੱਖਣ ਵਾਸਤੇ। ਸਾਰੇ ਹੀ ਸ਼ਬਦ ਵਿਚ ਕਿਤੇ ਇੱਕ ਭੀ ਐਸਾ ਲਫ਼ਜ਼ ਨਹੀਂ, ਜਿਥੋਂ ਇਹ ਕਿਹਾ ਜਾ ਸਕੇ ਕਿ ਭੀਖਨ ਜੀ ਕਿਸੇ ਮੁਸਲਮਾਨੀ ਘਰ ਵਿਚ ਜੰਮੇ ਪਲੇ ਸਨ।
2.ਕੋਈ ਲਫ਼ਜ਼ ਐਸੇ ਨਹੀਂ ਜਿਥੋਂ ਇਹ ਸਾਬਤ ਹੋ ਸਕੇ ਕਿ ਭੀਖਨ ਜੀ ਦੀ ਰਚਨਾ ਹਿੰਦੂ ਬੈਰਾਗੀ ਸਾਧੂਆਂ ਨਾਲ ਮਿਲਦੀ ਹੈ। ਸਾਰੇ ਲਫ਼ਜ਼ ਗਹੁ ਨਾਲ ਵੇਖੋ-
ਨੈਨ, ਨੀਰੁ, ਤਨੁ, ਖੀਨ, ਕੇਸ, ਦੁਧਵਾਨੀ, ਰੂਧਾ, ਕੰਠੁ, ਸਬਦੁ, ਉਚਰੈ, ਪਰਾਨੀ, ਰਾਮਰਾਇ, ਬੈਦੁ ਬਨਵਾਰੀ, ਸੰਤਹ, ਉਬਾਰੀ, ਮਾਥੇ, ਪੀਰ, ਜਲਨਿ, ਕਰਕ, ਕਰੇਜੇ, ਬੇਦਨ, ਅਉਖਧੁ, ਹਰਿ ਕਾ ਨਾਮੁ, ਅੰਮ੍ਰਿਤੁ ਜਲੁ, ਨਿਰਮਲ, ਜਗਿ, ਪਰਸਾਦਿ, ਪਾਵਉ, ਮੋਖ ਦੁਆਰਾ” ਇਨ੍ਹਾਂ ਲਫ਼ਜ਼ਾਂ ਨੂੰ ਵੇਖ ਕੇ ਇਹ ਤਾਂ ਕਹਿ ਸਕਦੇ ਹਾਂ ਕਿ ਭੀਖਨ ਜੀ ਮੁਸਲਮਾਨ ਨਹੀਂ ਹਨ; ਪਰ ਇਹ ਕਿਥੋਂ ਲੱਭ ਲਿਆ ਕਿ ਉਹ ਬੈਰਾਗੀ ਸਾਧੂ ਸਨ? ਗੁਰੂ ਸਾਹਿਬ ਦੀ ਆਪਣੀ ਮੁਖ-ਵਾਕ ਬਾਣੀ ਵਿਚ ਇਹ ਸਾਰੇ ਲਫ਼ਜ਼ ਅਨੇਕਾਂ ਵਾਰੀ ਆਏ ਹਨ। ਪਰ ਕੋਈ ਸਿੱਖ ਨਹੀਂ ਕਹਿ ਸਕਦਾ ਕਿ ਸਤਿਗੁਰੂ ਜੀ ਦੀ ਬਾਣੀ ਹਿੰਦੂ ਬੈਰਾਗੀ ਸਾਧੂਆਂ ਨਾਲ ਮਿਲਦੀ ਹੈ।
3.ਲਫ਼ਜ਼ ‘ਬਨਵਾਰੀ’ ਦਾ ਅਰਥ ਵਿਰੋਧੀ ਸੱਜਣ ਨੇ ਕ੍ਰਿਸ਼ਨ ਕੀਤਾ ਹੈ। ਪਰ ਬਾਕੀ ਦੇ ਸਾਰੇ ਸ਼ਬਦ ਵਲੋਂ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ। ਲਫ਼ਜ਼ ‘ਰਾਮਰਾਇ’ ਦਾ ਅਰਥ ਕਿਸੇ ਭੀ ਖਿੱਚ ਘਸੀਟ ਨਾਲ ‘ਕ੍ਰਿਸ਼ਨ’ ਨਹੀਂ ਕੀਤਾ ਜਾ ਸਕਦਾ। ਉਸ ‘ਬਨਵਾਰੀ’ ਵਾਸਤੇ ਅਖ਼ੀਰ ਤੇ ਲਫ਼ਜ਼ ‘ਹਰਿ’ ਭੀ ਵਰਤਿਆ ਗਿਆ ਹੈ।
4.ਇਹ ਆਖਣਾ ਕਿ ਭੀਖਨ ਜੀ ਨੇ ਬੁਢੇਪੇ ਮੌਤ ਤੋਂ ਘਾਬਰ ਕੇ ਵਾਸਤੇ ਕੱਢੇ ਹਨ, ਇਹ ਤਾਂ ਮਹਾਂ ਪੁਰਖਾਂ ਦੀ ਨਿਰਾਦਰੀ ਕੀਤੀ ਗਈ ਹੈ ਤੇ, ਕਿਸੇ ਭੀ ਗੁਰਸਿੱਖ ਨੂੰ ਇਹ ਗੱਲ ਸੋਭਦੀ ਨਹੀਂ, ਫਿਰ ਇਹ ਤਾਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਏ ਸ਼ਬਦ ਉਤੇ ਮਖੌਲ ਉਡਾ ਕੇ ਲੱਖਾਂ ਸ਼ਰਧਾਲੂ ਸਿੱਖਾਂ ਦੇ ਹਿਰਦੇ ਜ਼ਖ਼ਮੀ ਕੀਤੇ ਜਾ ਰਹੇ ਹਨ। ”
ਪ੍ਰੋ. ਸਾਹਿਬ ਸਿੰਘ ਦਲੀਲ ਨੂੰ ਸਮੇਟਦੇ ਹੋਏ ਦੱਸਦੇ ਹਨ ਕਿ “ਭੀਖਨ ਜੀ ਸ਼ਬਦ ਦੇ ਅਖ਼ੀਰ ਵਿਚ ਆਖਦੇ ਹਨ, “ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ”, ਭਾਵ, ਸਤਿਗੁਰੂ ਦੀ ਕਿਰਪਾ ਨਾਲ ਮੈਂ ਮੋਖ ਦਾ ਰਾਹ ਲੱਭ ਲਿਆ ਹੈ। ਉਹ ਕਿਹੜਾ ਰਾਹ ਹੈ? ਇਹ ਭੀ ਭੀਖਨ ਜੀ ਆਪ ਹੀ ਕਹਿੰਦੇ ਹਨ “ਹਰਿ ਕਾ ਨਾਮੁ।” ਤੇ, ਆਖਦੇ ਹਨ ਕਿ ਜਗਤ ਵਿਚ ਇਕੋ ਇੱਕ ਇਲਾਜ ਹੈ ਉਸ ਦਾ, ਜਿਸ ਤੋਂ ਖ਼ਲਾਸੀ ਪਾਉਣ ਦਾ ਰਸਤਾ ਮੈਂ ਗੁਰੂ ਦੀ ਕਿਰਪਾ ਨਾਲ ਲੱਭ ਲਿਆ ਹੈ।
ਵਿਰੋਧੀ ਸੱਜਣ ਨੇ ਭੀਖਨ ਜੀ ਦੇ ਦੂਜੇ ਸ਼ਬਦ ਨੂੰ ਸ਼ਾਇਦ ਪੜ੍ਹਿਆ ਹੀ ਨਹੀਂ। ਜੇ ਉਸ ਨੂੰ ਗਹੁ ਨਾਲ ਪੜ੍ਹਦੇ ਤਾਂ ਲਫ਼ਜ਼ ‘ਬਨਵਾਰੀ’ ਦਾ ਅਰਥ ਕ੍ਰਿਸ਼ਨ ਕਰਨ ਦੀ ਲੋੜ ਨਾਂਹ ਪੈਂਦੀ। ਉਨ੍ਹਾਂ ਦਾ ‘ਬਨਵਾਰੀ’ ਉਹ ਹੈ ਜਿਸ ਨੂੰ ਉਹ “ਜਹ ਦੇਖਾ ਤਹ ਸੋਈ” ਆਖਦੇ ਹਨ।”
ਭਗਤ ਭੀਖਨ ਜੀ `ਤੇ ਕੀਤੀ ਇਸ ਵਿਚਾਰ ਚਰਚਾ ਦਾ ਉਲੇਖ ਕਰਨ ਦਾ ਮਕਸਦ ਇਸ ਤੱਥ ਨੂੰ ਸਮਝਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤੀ ਗਈ ਭਗਤਾਂ ਦੀ ਬਾਣੀ ਦਾ ਸਬੰਧ ਉਸ ਇੱਕ ਪਰਮਾਤਮਾ ਦੇ ਨਾਮ ਸਿਮਰਨ ਨਾਲ ਹੈ, ਕਿਸੇ ਅਵਤਾਰ, ਦੇਵੀ-ਦੇਵਤੇ ਆਦਿ ਦੀ ਪੂਜਾ ਅਰਚਨਾ ਨਾਲ ਨਹੀਂ ਹੈ। ਬਨਵਾਰੀ, ਗੋਬਿੰਦ, ਗੋਪਾਲ, ਬੀਠਲ, ਰਾਮ ਆਦਿ ਸ਼ਬਦ ਪਰਮਾਤਮਾ ਲਈ ਵਰਤੇ ਗਏ ਹਨ, ਕਿਸੇ ਖਾਸ ਅਵਤਾਰ ਜਾਂ ਦੇਵਤੇ ਆਦਿ ਲਈ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤਾਂ ਦੀ ਉਹ ਬਾਣੀ ਸ਼ਾਮਲ ਕੀਤੀ ਗਈ ਹੈ ਜੋ ਗੁਰੂਆਂ ਦੀ ਵਿਚਾਰਧਾਰਾ ਨਾਲ ਸੁਮੇਲ ਰੱਖਦੀ ਹੈ।