ਮਨੁੱਖੀ ਖੁਰਾ ਤਲਾਸ਼ਦਿਆਂ (ਹਰਜੀਤ ਦਿਓਲ, ਬਰੈਂਪਟਨ)

ਜਨਮ ਲੈਂਣ ਉਪਰੰਤ ਹੋਸ਼ ਸੰਭਾਲਦਿਆਂ ਹੀ ਇਨਸਾਨੀ ਦਿਮਾਗ ਦਾ ਅਣਗਿਣਤ ਜਿਗਿਆਸਾਵਾਂ ਨਾਲ ਟਾਕਰਾ ਹੋਣਾ ਸੁਭਾਵਕ ਹੀ ਹੈ ਕਿਉਂਕਿ ਇਹੀ ਵਰਤਾਰਾ ਸਾਨੂੰ ਜਾਨਵਰਾਂ ਦੀ ਦੁਨੀਆ ਤੋਂ ਨਿਖੇੜਦਾ ਹੈ।

ਵਨਸਪਤੀ ਅਤੇ ਜੀਵ-ਜੰਤੂ ਵੀ ਇਸ ਧਰਤੀ ਉੱਪਰਲੇ ਜੀਵਨ ਦਾ ਇੱਕ ਹਿੱਸਾ ਹਨ ਪਰ ਕੁਦਰਤ ਨੇ ਮਨੁੱਖੀ ਦਿਮਾਗ ਨੂੰ ਬੁੱਧੀਮਾਨੀ ਦਾ ਇਕ ਨਿਵੇਕਲਾ ਤੋਹਫਾ ਬਖ਼ਸਿ਼ਆ ਹੈ ਜਿਸ ਰਾਹੀਂ ਉਸ ਨੇ ਗਿਆਨ ਵਿਗਿਆਨ ਦੀਆਂ ਅਨੰਤ ਹੱਦਾਂ ਪਾਰ ਕਰਦੇ ਹੋਏ ਆਪਣੀ ਜੀਵਨ ਸ਼ੈਲੀ `ਚ ਹੈਰਾਨੀਜਨਕ ਤਬਦੀਲੀਆਂ ਲਿਆਂਦੀਆਂ। ‘ਕਿੱਥੋਂ ਆਇਆ ਇਹ ਜਗਤ ਪਸਾਰਾ’ ਵਰਗੀ ਗੁੰਝਲਦਾਰ ਬੁਝਾਰਤ ਨੇ ਇਸ ਦੇ ਦਿਮਾਗ ਨੂੰ ਹਲੂਣਿਆ ਤਾਂ ਇਸ ਪ੍ਰਜਾਤੀ ਨੇ ਇਸਦਾ ਉੱਤਰ ਤਲਾਸ਼ਣ ਲਈ ਕਮਰ ਕੱਸ ਲਈ। ਅੱਜ ਤੱਕ ਦੇ ਵਿਗਿਆਨਕ ਵਿਕਾਸ ਨੇ ਸਿੱਧ ਕੀਤਾ ਹੈ ਕਿ ਮਨੁੱਖੀ ਸਮਰੱਥਾ ਦਾ ਕੋਈ ਅੰਤ ਨਹੀਂ। ਤਸਵੀਰ ਦਾ ਇੱਕ ਦੂਜਾ ਪਾਸਾ ਵੀ ਹੈ ਤੇ ਉਹ ਹੈ ਮਨੁੱਖ ਦਾ ਰੱਬੀ ਉਲਝਣਾਂ ਵਿਚ ਫਸਣਾ ਜਿਸ ਨੇ ਵੱਖ ਵੱਖ ਧਰਮਾਂ ਨੂੰ ਜਨਮ ਦੇ ਕੇ ਮਨੁੱਖਤਾ ਨੂੰ ਕਾਲਪਨਿਕ ਗੈਬੀ ਸ਼ਕਤੀਆਂ ਦੇ ਭਰਮ ਜਾਲ ਵਿਚ ਫਸਾਈ ਰੱਖਿਆ। ਇਹ ਵਰਤਾਰਾ ਕਿਸੇ ਨਾ ਕਿਸੇ ਰੂਪ `ਚ ਅੱਜ ਵੀ ਦੇਖਿਆ ਜਾ ਸਕਦਾ ਹੈ। ਖੈਰ ਆਪਾਂ ਗੱਲ ਕਰਨੀ ਹੈ ਆਪਣੀ ਹੋਂਦ ਦੇ ਮੁੱਢ ਤਲਾਸ਼ਣ ਦੀ ਜਿਸ ਖੇਤਰ ਵਿਚ ਸਿਰੜੀ ਵਿਗਿਆਨਕਾਂ ਨੇ ਸ਼ਲਾਘਾਯੋਗ ਕੰਮ ਕਰ ਕੇ ਸਾਡੀਆਂ ਬੇਅੰਤ ਜਿਗਿਆਸਾਵਾਂ ਦਾ ਸਮਾਧਾਨ ਹੀ ਨਹੀਂ ਕੀਤਾ ਸਗੋਂ ਸਾਨੂੰ ਰੱਬ ਅਤੇ ਧਰਮਾਂ ਦੇ ਮੱਕੜਜਾਲ ਵਿਚੋਂ ਬਾਹਰ ਨਿਕਲਣ ਦਾ ਰਾਹ ਵੀ ਦਿਖਾਇਆ।
ਲੰਮੇ ਸਮੇਂ ਤੋਂ ਵਿਗਿਆਨਕ ਇਸ ਧਰਤੀ `ਤੇ ਪੱਲਰੇ ਜੀਵਨ ਦਾ ਇਤਿਹਾਸ ਜਾਨਣ ਲਈ ਜੀ ਜਾਨ ਨਾਲ ਜੁਟੇ ਹਨ ਅਤੇ ਇਸ ਖੇਤਰ ਵਿਚ ਵਿਗਿਆਨਕ ਚਾਰਲਸ ਡਾਰਵਿਨ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਸਮਰਪਿਤ ਕਰ ਹੈਰਾਨੀਜਨਕ ਤੱਥ ‘ਜੀਵ ਵਿਕਾਸ ਦਾ ਸਿਧਾਂਤ’ (ਥਿਊਰੀ ਆਫ ਐਵੋਲੂਸ਼ਨ) ਪੇਸ਼ ਕੀਤਾ ਜਿਸ ਤੋਂ ਸੇਧ ਲੈ ਪੁਰਾਤੱਤਵ ਵਿਗਿਆਨੀ ਲਗਾਤਾਰ ਨਵੀਂਆਂ ਜਾਣਕਾਰੀਆਂ ਨਸ਼ਰ ਕਰ ਰਹੇ ਹਨ। ਕੁਝ ਸਮਾਂ ਹੋਇਆ ਜਦ ਇਸੇ ਖੋਜ ਕੜੀ ਵਿਚ ਹੋਰ ਵਾਧਾ ਕਰਦਿਆਂ ਪੁਰਾਤੱਤਵ ਵਿਗਿਆਨੀਆਂ ਨੇ ਦੱਖਣੀ ਅਫਰੀਕਾ ਵਿਚ ਇੱਕ ਐਸੀ ਫਾਸਿਲ (ਜ਼ਮੀਂਦੋਜ਼ ਸੁਰੱਖਿਅਤ ਰਹਿ ਗਏ ਜੀਵਾਸ਼ੇਸ਼) ਸਾਈਟ ਲੱਭਣ ਵਿਚ ਕਾਮਯਾਬੀ ਹਾਸਲ ਕੀਤੀ ਜਿੱਥੇ ਉਨ੍ਹਾਂ ਨੂੰ ਦੋ ਮਿਲੀਅਨ ਸਾਲ ਪੁਰਾਣੀ ਆਦਮ ਮਨੁੱਖੀ ਖੋਪੜੀ ਹਾਸਲ ਹੋਈ। ਜੀਵ ਵਿਕਾਸ ਦੀਆਂ ਲੜੀਆਂ ਵਿਚ ਵਣ ਮਾਨਸ (ਗੋਰਿੱਲਾ) ਨੂੰ ਸਾਡਾ ਆਦੀ ਪੂਰਵਜ ਹੋਣ ਦਾ ਰੁਤਬਾ ਹਾਸਲ ਹੋਇਆ ਹੈ। ਸਾਢੇ ਚਾਰ ਕੁ ਬਿਲੀਅਨ ਸਾਲ ਪਹਿਲਾਂ ਜਨਮੀ ਇਸ ਧਰਤੀ ਉੱਤੇ ਲਗਭਗ ਚਾਰ ਕੁ ਬਿਲੀਅਨ ਸਾਲ ਪਹਿਲਾਂ ਸਿੰਗਲ ਸੈਲ ਬੈਕਟੀਰੀਆ ਦੇ ਰੂਪ ਵਿਚ ਜੀਵਨ ਅਰੰਭ ਹੋਇਆ ਜੋ ਕਈ ਮਿਲੀਅਨ ਸਾਲਾਂ ਦਾ ਪੰਧ ਮੁਕਾਉਂਦਾ ਹੋਇਆ ਭਾਂਤ ਭਾਂਤ ਦੇ ਜੀਵ ਅਤੇ ਵਨਸਪਤੀਆਂ ਦਾ ਰੂਪ ਧਾਰਦਾ ਗਿਆ। ਇਹ ਰੂਪ ਬਦਲਣਾ ਕੀ ਹੋਇਆ? ਇਸ ਪਿੱਛੇ ਡਾਰਵਿਨ ਨੇ ਜੋ ਸਿਧਾਂਤ ਪੇਸ਼ ਕੀਤੇ ਹਨ ਅਗਲੇਰੇ ਵਿਗਿਆਨੀਆਂ ਨੇ ਉਸ `ਤੇ ਸਹਿਮਤੀ ਦੀ ਮੁਹਰ ਲਾਈ ਹੈ। ਪਹਿਲੇ ਸਿਧਾਂਤ ਅਨੁਸਾਰ ‘ਨਾ ਹੀ ਸਭ ਤੋਂ ਤਾਕਤਵਰ ਅਤੇ ਨਾ ਹੀ ਸਭ ਤੋਂ ਬੁੱਧੀਮਾਨ ਜੀਵ ਆਪਣੀ ਹੋਂਦ ਕਾਇਮ ਰੱਖਣ ਵਿਚ ਸਫਲ ਹੁੰਦੇ ਹਨ ਬਲਕਿ ਵਾਤਾਵਰਨ ਦੀ ਤਬਦੀਲੀ ਅਨੁਸਾਰ ਆਪਣੇ ਆਪ ਨੂੰ ਢਾਲ ਸਕਣ ਦੇ ਯੋਗ ਜੀਵ ਹੀ ਆਪਣੀ ਹੋਂਦ ਬਚਾ ਪਾਉਂਦੇ ਹਨ।’ ਧਰਤੀ ਨੇ ਕਈ ਹਿਮਯੁਗ ਹੰਢਾਏ ਅਨੇਕਾਂ ਜਵਾਲਾਮੁਖੀਆਂ ਦੀ ਤਪਸ਼ ਝੱਲੀ, ਭੂਚਾਲਾਂ ਅਤੇ ਸੁਨਾਮੀਆਂ ਦਾ ਟਾਕਰਾ ਕਰਦੇ ਹੋਏ ਇਹ ਲਗਾਤਾਰ ਆਪਣੀ ਧੁਰੀ `ਤੇ ਘੁੰਮਦੀ ਰਹੀ ਅਤੇ ਇਸ ਉੱਪਰ ਪਨਪ ਰਹੇ ਜੀਵ-ਜੰਤੂ ਵੀ ਇਨ੍ਹਾਂ ਬਦਲਦੇ ਹਾਲਾਤ ਅਨੁਸਾਰ ਆਪਣੇ ਆਪ ਨੂੰ ਢਾਲਦੇ ਰਹੇ ਭਾਵ ਕਾਲ ਦੇ ਗਰਭ `ਚ ਸਮਾ ਗਏ। ਆਪਣੀ ਹੋਂਦ ਬਚਾਉਣ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਦੂਜਾ ਸਿਧਾਂਤ ਲਾਗੂ ਹੁੰਦਾ ਹੈ ‘ਸਰਵਾਈਵਲ ਆਫ ਫਿਟੈਸਟ’। ਕੁਦਰਤੀ ਆਫਤਾਂ ਨਾਲ ਨਜਿੱਠਣ ਉਪਰੰਤ ਇਨ੍ਹਾਂ ਦਾ ਆਪਸੀ ਮੁਕਾਬਲੇ ਦਾ ਘੋਲ ਸ਼ੁਰੂ ਹੁੰਦਾ ਹੈ ਜਿਸ ਵਿਚ ਮਨੁੱਖ ਦੇ ਵਿਕਸਤ ਹੋ ਰਹੇ ਦਿਮਾਗ ਨੇ ਉਸ ਦਾ ਸਾਥ ਦਿੱਤਾ ਅਤੇ ਉਹ ਧਰਤੀ `ਤੇ ਵਿਚਰ ਰਹੇ ਸਾਰੇ ਜੀਵਾਂ ਦਾ ਸਰਤਾਜ ਬਣ ਬੈਠਾ।
ਵਿਗਿਆਨੀਆਂ ਦਾ ਮੰਨਣਾ ਹੈ ਕਿ ਸਿ਼ਕਾਰ ਅਤੇ ਵਨਸਪਤੀਆਂ ਦਾ ਸੇਵਨ ਕਰਨ ਵਾਲੀ ਜੀਵ ਲੜੀ ਦੀ ਇਹ ਪ੍ਰਜਾਤੀ (ਹੰਟਰ ਗੈਦਰਰ) 1,30,000 ਤੋਂ 10,000 ਸਾਲ ਪਹਿਲਾਂ ਤੱਕ ਅਫਰੀਕਾ ਤੋਂ ਪਰਵਾਸ ਕਰ ਸਾਰੀ ਧਰਤੀ `ਤੇ ਫੈਲਦੀ ਗਈ। ਪੁਰਾਤੱਤਵ ਮਾਹਿਰ ਇਸ ਵਿਕਸਤ ਹੋ ਰਹੀ ਪ੍ਰਜਾਤੀ ਨੂੰ ਹੋਮੋ ਸੇਪੀਅਨ ਕਹਿੰਦੇ ਹਨ ਜੋ ਮਨੁੱਖ ਦੇ ਨੇੜਲੇ ਪੂਰਵਜ ਬਣ ਜਾਂਦੇ ਹਨ। ਅੰਤਮ ਹਿਮ ਯੁਗ ਸਮਾਪਤ ਹੋਣ ਕੰਢੇ ਇਸ ਪ੍ਰਜਾਤੀ ਨੇ ਧਰਤੀ ਉੱਪਰ ਆਪਣਾ ਅਮਲਾ ਫੈਲਾ ਕਾਇਮ ਕਰਨਾ ਅਰੰਭ ਕਰ ਲਿਆ। ਇਹ ਲੋਕ ਪੱਥਰਾਂ ਦਾ ਇਸਤੇਮਾਲ ਆਪਣੇ ਔਜ਼ਾਰਾਂ ਅਤੇ ਹਥਿਆਰਾਂ ਲਈ ਕਰਨ ਲੱਗੇ ਸਨ ਅਤੇ ਖੋਜਾਂ ਦੱਸਦੀਆਂ ਹਨ ਕਿ ਇਹ ਚੱਟਾਨਾਂ ਉੱਪਰ ਚਿੱਤਰਕਾਰੀ ਦਾ ਸ਼ੌਕ ਵੀ ਰੱਖਦੇ ਸਨ। ਇਨ੍ਹਾਂ ਦੀਆਂ ਗੁਫਾਵਾਂ ਵਿਚ ਕੀਤੀਆਂ ਚਿੱਤਰਕਾਰੀਆਂ ਨਾਲ ਉਸ ਸਮੇਂ ਦੇ ਜਾਨਵਰ ਅਤੇ ਉਨ੍ਹਾਂ ਦੀਆਂ ਸਿ਼ਕਾਰ ਵਿਧੀਆਂ ਦਾ ਪਤਾ ਲੱਗਦਾ ਹੈ। ਛੇਤੀ ਹੀ ਆਪਣੇ ਵਿਕਸਤ ਹੋ ਰਹੇ ਦਿਮਾਗ ਸਦਕਾ ਧਰਤੀ ਦੇ ਇਨ੍ਹਾਂ ਆਦਿਵਾਸੀਆਂ ਨੇ ਖੇਤੀ ਕਰਨੀ ਵੀ ਸਿੱਖ ਲਈ ਅਤੇ ਘੁਮੰਤੂ ਜੀਵਨ ਛੱਡ ਇੱਕ ਜਗ੍ਹਾ ਸਮੂਹ ਬਣਾ ਰਹਿਣ ਲੱਗੇ। ਇਹ ਹੁਣ ਗੁਫਾਵਾਂ ਦੀ ਥਾਂ ਪੱਥਰਾਂ ਦੇ ਘਰ ਬਣਾਉਣ ਲੱਗੇ ਅਤੇ ਕਈ ਤਰ੍ਹਾਂ ਦੇ ਜਾਨਵਰਾਂ ਨੂੰ ਪਾਲਤੂ ਬਣਾਉਣਾ ਵੀ ਅਰੰਭ ਹੋ ਗਿਆ। ਅੱਗ ਅਤੇ ਪਹੀਏ ਦੀ ਖੋਜ ਹੋਣ ਬਾਅਦ ਧਰਤੀ ਦਾ ਇਹ ਬੁੱਧੀਮਾਨ ਪ੍ਰਾਣੀ ਤੇਜ਼ੀ ਨਾਲ ਤਰੱਕੀ ਦੀਆਂ ਪੌੜੀਆਂ ਚੜ੍ਹਦਾ ਹੋਇਆ ਕੁਝ ਕੁ ਹਜ਼ਾਰ ਸਾਲਾਂ ਵਿਚ ਸਾਡੇ ਨਾਲ ਆ ਰਲਿਆ। ਧਰਤੀ ਉਤਲੇ ਸਾਰੇ ਪ੍ਰਾਣੀਆਂ ਨਾਲੋਂ ਉੱਤਮ ਬੁੱਧੀ ਦਾ ਮਾਲਕ ਮਨੁੱਖ ਜਿੱਥੇ ਅੱਜ ਵਿਗਿਆਨਕ ਖੋਜਾਂ ਸਦਕਾ ਇਸ ਧਰਤੀ ਦਾ ਬਾਦਸ਼ਾਹ ਬਣ ਗਿਆ ਹੈ ਉੱਥੇ ਧਾਰਮਿਕ ਕੱਟੜਤਾ ਦੀਆਂ ਮਾਰੂ ਬਿਰਤੀਆਂ ਦਾ ਸਿ਼ਕਾਰ ਹੋ ਸਭਿਅਕ ਸੰਸਾਰ ਲਈ ਵੱਡਾ ਖਤਰਾ ਬਣਦਾ ਜਾ ਰਿਹਾ ਹੈ। ਮਨੁੱਖਤਾ ਦੇ ਹਿਤੈਸ਼ੀਆਂ ਅਤੇ ਸੂਝਵਾਨਾਂ ਨੂੰ ਇਸ ਪਾਸੇ ਡੂੰਘੇ ਚਿੰਤਨ ਦੀ ਲੋੜ ਹੈ।