ਆਲਮੀ ਅਮਨ ਦਾ ਹੋਕਾ ‘ਜੁਆਏਕਸ ਨੋਇਲ’

ਨੌਜਵਾਨ ਫਿਲਮਸਾਜ਼ ਜਤਿੰਦਰ ਮੌਹਰ ‘ਪੰਜਾਬ ਟਾਈਮਜ਼’ ਦੇ ਪਾਠਕਾਂ ਨਾਲ ਸ਼ਬਦ-ਸਾਂਝ ਪਾਉਣ ਇਕ ਵਾਰ ਫਿਰ ਹਾਜ਼ਰ ਹੈ। ਇਨ੍ਹਾਂ ਕਾਲਮਾਂ ਵਿਚ ਉਸ ਦਾ ਹਫਤਾਵਾਰੀ ਕਾਲਮ ‘ਪਹਿਲੀ ਗੱਲ’ ਛਪਦਾ ਰਿਹਾ ਹੈ ਜਿਸ ਨੂੰ ਵਾਹਵਾ ਹੁੰਗਾਰਾ ਮਿਲਿਆ ਸੀ। ਇਸ ਅੰਕ ਤੋਂ ਉਹ ਹਰ ਹਫਤੇ ‘ਕਲਾ ਤੇ ਜ਼ਿੰਦਗੀ’ ਕਾਲਮ ਨਾਲ ਦਸਤਕ ਦਿਆ ਕਰੇਗਾ। ਆਪਣੀ ਪਹਿਲੀ ਪੰਜਾਬੀ ਫਿਲਮ ‘ਮਿੱਟੀ’ (2010) ਨਾਲ ਉਹ ਫਿਲਮ ਜਗਤ ਵਿਚ ਆਪਣੀ ਵਿਲੱਖਣ ਪਛਾਣ ਬਣਾ ਚੁੱਕਾ ਹੈ। ਇਸ ਤੋਂ ਬਾਅਦ ਉਸ ਨੇ ‘ਸਰਸਾ’ ਬਣਾਈ। ਅੱਜਕੱਲ੍ਹ ਉਹ ਆਪਣੀ ਨਵੀਂ ਫਿਲਮ ਦੀ ਪਟਕਥਾ ਲਿਖਣ ਵਿਚ ਰੁੱਝਿਆ ਹੋਇਆ ਹੈ।

ਜਤਿੰਦਰ ਮੌਹਰ
ਅਮਰੀਕੀ ਲੋਕ-ਇਤਿਹਾਸਕਾਰ ਅਤੇ ਚਿੰਤਕ ਹਾਵਰਡ ਜ਼ਿੰਨ ਕਹਿੰਦਾ ਹੈ ਕਿ ਦਹਿਸ਼ਤ ਖ਼ਿਲਾਫ਼ ਜੰਗ ਦੀ ਗੱਲ ਕਿੰਨੀ ਕੁ ਜਾਇਜ਼ ਹੈ ਜਦੋਂ ਜੰਗ ਆਪਣੇ ਆਪ ‘ਚ ਅਤਿਵਾਦ ਦਾ ਰੂਪ ਹੈ? ਇਸ ਬਿਆਨ ‘ਚੋਂ ਬਾਬੇ ਹਾਵਰਡ ਦਾ ਨਿੱਜੀ ਤਜਰਬਾ ਬੋਲਦਾ ਹੈ। ਦੂਜੀ ਆਲਮੀ ਜੰਗ ‘ਚ ਉਹ ਅਮਰੀਕਾ ਵੱਲੋਂ ਬਰਲਿਨ, ਚੈਕਸਲੋਵਾਕੀਆ, ਹੰਗਰੀ ਅਤੇ ਫ਼ਰਾਂਸ ਦੇ ਸ਼ਹਿਰਾਂ ‘ਤੇ ਬੰਬਾਰੀ ਕਰਨ ਵਾਲੇ ਹਵਾਈ-ਦਸਤੇ ਦਾ ਹਿੱਸਾ ਸੀ। ਉਸ ਨੇ ਜੰਗ ਦੀ ਭਿਆਨਕਤਾ ਅੱਖੀਂ ਦੇਖੀ ਹੈ। ਜੰਗ ਦੀ ਬਰਬਰਤਾ ਅਤੇ ਉਸ ਦੇ ਸ਼ਿਕਾਰ ਲੋਕਾਂ ਦੀ ਹਾਲਤ ਦੇਖ ਕੇ ਬਾਬੇ ਨੇ ਜੰਗ ਦੇ ਖ਼ਿਲਾਫ਼ ਬੀੜਾ ਚੁੱਕ ਲਿਆ ਜੋ ਉਸ ਦੇ ਆਖ਼ਰੀ ਸਾਹਾਂ ਤੱਕ ਕਾਇਮ ਰਿਹਾ।
ਜੰਗ ਦੇ ਭਿਆਨਕ ਸਮਿਆਂ ਵਿਚ ਵੀ ਮਨੁੱਖ ਨੇ ਆਪਣਾ ਮੂਲ ਨਹੀਂ ਛੱਡਿਆ। ਅਜਿਹੇ ਹੀ ਸਮਿਆਂ ਦੀ ਬਾਤ ਪਾਉਂਦੀ ਫ਼ਿਲਮ ‘ਜੁਆਏਕਸ ਨੋਇਲ’ ਹੈ ਜੋ ਸੰਨ ਦੋ ਹਜ਼ਾਰ ਪੰਜ ਵਿਚ ਪਰਦਾ ਪੇਸ਼ ਹੋਈ ਸੀ। ਇਹ ਫਿਲਮ ਫਿਲਮਸਾਜ਼ ਕ੍ਰਿਸਟੀਅਨ ਕੇਰੀਅਨ ਨੇ ਬਣਾਈ ਸੀ। ਜੁਆਏਕਸ ਨੋਇਲ ਦਾ ਅਰਥ ਹੈ ‘ਕ੍ਰਿਸਮਸ ਮੁਬਾਰਕ’। ਇਹ ਆਲਮ ਦੀਆਂ ਸਭ ਤੋਂ ਬਿਹਤਰ ਜੰਗ-ਵਿਰੋਧੀ ਫ਼ਿਲਮਾਂ ‘ਚੋਂ ਇੱਕ ਹੈ ਜੋ ਪਹਿਲੀ ਆਲਮੀ ਜੰਗ ਬਾਬਤ ਹੈ। ਇਹ ਫ਼ਿਲਮ ਸੱਚੀ ਘਟਨਾ ‘ਤੇ ਆਧਾਰਿਤ ਹੈ ਜਿਸ ਦੇ ਪਾਤਰ ਅੰਗਰੇਜ਼ੀ, ਜਰਮਨ ਅਤੇ ਫਰਾਂਸੀਸੀ ਬੋਲਦੇ ਹਨ। ਫ਼ਿਲਮ ਦੀ ਸ਼ੁਰੂਆਤ ਦਿਖਾਉਂਦੀ ਹੈ ਕਿ ਸਕੂਲੀ ਬੱਚਿਆਂ ਨੂੰ ਹੋਰ ਮੁਲਕਾਂ ਨਾਲ ਨਫ਼ਰਤ ਕਰਨ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ। ਦੁਸ਼ਮਣ ਮੁਲਕ ਦੀਆਂ ਔਰਤਾਂ ਅਤੇ ਬੱਚਿਆ ਤੱਕ ਨੂੰ ਖਤਮ ਕਰਨ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਤਾਂ ਕਿ ਦੁਸ਼ਮਣ ਮੁੜ ਸਿਰ ਨਾ ਚੁੱਕ ਸਕੇ। ਇਸੇ ਕੜੀ ‘ਚ ਗੁਜਰਾਤ ਕਤਲੇਆਮ ਵੇਲੇ ਹੋਈ ਹਿੰਸਾ ਨੂੰ ਜੋੜ ਕੇ ਦੇਖਣਾ ਚਾਹੀਦਾ ਹੈ। ਮੁਸਲਮਾਨਾਂ ਦੇ ਕਤਲ, ਔਰਤਾਂ ਨਾਲ ਬਲਾਤਕਾਰ, ਘਰ ਜਾਲਣ ਦੇ ਨਾਲ ਨਾਲ ਦੁਕਾਨਾਂ ਅਤੇ ਕਾਰੋਬਾਰੀ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਕਿ ਉਹ ਲੰਬਾ ਸਮਾਂ ਮੁੜ-ਬਹਾਲੀ ਦੇ ਸੰਘਰਸ਼ ‘ਚ ਲੱਗੇ ਰਹਿਣ। ਹਿੰਦੂ ਬੁਨਿਆਦਪ੍ਰਸਤ ਅੱਜ ਵੀ ਇੱਕ ਪੂਰੀ ਨਸਲ ਨੂੰ ਖਤਮ ਕਰਨ ਦੇ ਦਮਗੱਜੇ ਮਾਰ ਰਹੇ ਹਨ। ਸਕੂਲ ਦੇ ਦ੍ਰਿਸ਼ ਤੋਂ ਬਾਅਦ ਦੂਰ ਤੱਕ ਫੈਲੀਆਂ ਸ਼ਾਂਤ ਵਾਦੀਆਂ, ਪਹਾੜਾਂ, ਪਾਣੀ ਦੇ ਸੋਮਿਆਂ, ਚਾਰਗਾਹਾਂ ਅਤੇ ਸਦੀਆਂ ਤੋਂ ਲੋਕਾਂ ਦੀਆਂ ਪੈੜਾਂ ਨਾਲ ਬਣੀਆਂ ਪਗਡੰਡੀਆਂ ਦੇ ਦ੍ਰਿਸ਼ ਦਿਖਾਈ ਦਿੰਦੇ ਹਨ। ਇਨ੍ਹਾਂ ਹੀ ਰਾਹਾਂ ‘ਤੇ ਸਕਾਟਲੈਂਡ ਦਾ ਮੁੰਡਾ ਸਾਈਕਲ ਭਜਾਈ ਜਾ ਰਿਹਾ ਹੈ ਜੋ ਜੰਗ ਦੀ ਭਿਆਨਕਤਾ ਤੋਂ ਬੇਖ਼ਬਰ ਜੰਗ ਦੇ ਸ਼ੁਰੂ ਹੋਣ ਦੀ ਖ਼ੁਸ਼ੀ ‘ਚ ਖੀਵਾ ਹੋਇਆ ਹੈ। ਉਹ ਫ਼ੌਜ ‘ਚ ਭਰਤੀ ਹੋਣ ਜਾ ਰਿਹਾ ਹੈ। ਸ਼ਾਇਦ ਉਹ ਨਹੀਂ ਜਾਣਦਾ ਕਿ ਇਸ ਕੁਦਰਤ ਅਤੇ ਉਸ ਦੇ ਜੀਆਂ ਨੇ ਜੰਗ ਦੀਆਂ ਬੇਕਿਰਕ ਲਾਟਾਂ ‘ਚ ਝੁਲਸਣਾ ਹੈ। ਇਧਰ ਜਰਮਨ ‘ਚ ਚਲਦੇ ਨਾਟਕ ਦੌਰਾਨ ਫ਼ੌਜੀ ਅਫ਼ਸਰ ਜੰਗ ਸ਼ੁਰੂ ਹੋਣ ਦਾ ਐਲਾਨ ਕਰਦਾ ਹੈ। ਉਹ ਨਾਟਕ ਕਲਾਕਾਰਾਂ ਅਤੇ ਦਰਸ਼ਕਾਂ ਨੂੰ ਫ਼ੌਜ ‘ਚ ਭਰਤੀ ਹੋਣ ਦਾ ਹੁਕਮ ਸੁਣਾ ਜਾਂਦਾ ਹੈ। ਨਾਟਕ ਦਾ ਮੁੱਖ ਅਦਾਕਾਰ/ਗਾਇਕ ਆਪਣੀ ਪ੍ਰੇਮਿਕਾ (ਜੋ ਖ਼ੁਦ ਅਦਾਕਾਰਾ/ਗਾਇਕ ਹੈ) ਨੂੰ ਛੱਡ ਕੇ ਜੰਗੀ ਮੋਰਚੇ ‘ਤੇ ਚਲਿਆ ਜਾਂਦਾ ਹੈ। ਉਸੇ ਜੰਗੀ ਮੋਰਚੇ ‘ਤੇ ਡਟਿਆ ਫ਼ਰਾਂਸੀਸੀ ਅਫ਼ਸਰ ਪਰਿਵਾਰ ਨੂੰ ਯਾਦ ਕਰ ਰਿਹਾ ਹੈ। ਅਗਲੇ ਹੀ ਪਲ ਉਸ ਨੇ ਅਪਣੀ ਪਲਟਣ ਸਮੇਤ ‘ਦੁਸ਼ਮਣ’ ਨਾਲ ਭਿੜਨਾ ਹੈ। ਲੜਨ ਤੋਂ ਪਹਿਲਾਂ ਦਿੱਤੇ ਭਾਸ਼ਣ ਵਿਚ ਉਹ ਕਹਿ ਰਿਹਾ ਹੈ ਕਿ ਅਸੀਂ ਕ੍ਰਿਸਮਸ ਜ਼ਰੂਰ ਦੇਖਾਂਗੇ। ਇਹ ਭਾਸ਼ਣ ਦਲ ਦੇ ਸਿਪਾਹੀਆਂ ਲਈ ਬੇਮਾਇਨਾ ਹੈ। ਉਹ ਜਾਣਦੇ ਹਨ ਕਿ ਲੜਾਈ ਦਾ ਮਤਲਬ ਮਰਨਾ ਜਾਂ ਮਾਰਨਾ ਹੈ ਅਤੇ ਵਾਰੀ ਕਿਸੇ ਦੀ ਵੀ ਆ ਸਕਦੀ ਹੈ। ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਦੇ ਪਲਾਂ ਦਾ ਫ਼ਿਲਮਾਂਕਣ ਇੰਨਾ ਮਾਰਮਿਕ ਹੈ ਕਿ ਦਰਸ਼ਕ ਦਾ ਸਾਹ ਕੱਢ ਦਿੰਦਾ ਹੈ। ਇਹ ਦ੍ਰਿਸ਼ ਦਿਖਾਉਂਦੇ ਹਨ ਕਿ ਲੜਨ ਵਾਲਿਆਂ ਉੱਤੇ ਵੀ ਜੰਗ ਕਿਵੇਂ ਥੋਪੀ ਜਾਂਦੀ ਹੈ। ਜਰਮਨ, ਫ਼ਰਾਂਸ ਅਤੇ ਸਕੌਟਿਸ਼ ਫ਼ੌਜੀ ਘਮਾਸਾਣ ਜੰਗ ਦੇ ਇਸ ਮੋਰਚੇ ‘ਤੇ ਆਹਮੋ-ਸਾਹਮਣੇ ਲੜ ਰਹੇ ਹਨ। ਜੰਗ ਦੀ ਖੁਸ਼ੀ ‘ਚ ਖੀਵੇ ਹੋਏ ਸਕੌਟਿਸ਼ ਮੁੰਡੇ ਨੂੰ ਛੇਤੀ ਹੀ ਹਾਲਾਤ ਦੀ ਭਿਆਨਕਤਾ ਦਾ ਅਹਿਸਾਸ ਹੋ ਜਾਂਦਾ ਹੈ।
ਜੰਗ ਸੰਵੇਦਨਾਵਾਂ ਨੂੰ ਖ਼ਤਰਨਾਕ ਮੰਨਦੀ ਹੈ। ਜਰਮਨ ਅਫ਼ਸਰ ਅਦਾਕਾਰ ਤੋਂ ਫ਼ੌਜੀ ਬਣੇ ਪਾਤਰ ਨੂੰ ਕਹਿੰਦਾ ਹੈ ਕਿ ਕਲਾਕਾਰ ਦੀ ਔਕਾਤ ਮੀਲ ਪੱਥਰ ਤੋਂ ਵਧੇਰੇ ਕੁਝ ਨਹੀਂ ਹੁੰਦੀ। ਉਹ ਮੁਰਦੇ ਦੇ ਭਾਰ ਵਰਗੀ ਸ਼ੈਅ ਹਨ। ਇਸ ਕਰ ਕੇ ਉਹ ਕਲਾਕਾਰਾਂ ਦੇ ਫ਼ੌਜੀ ਬਣਨ ਨੂੰ ਚੰਗਾ ਨਹੀਂ ਸਮਝਦਾ। ਅਦਾਕਾਰ ਫ਼ੌਜੀ ਦੀ ਪ੍ਰੇਮਿਕਾ ਮੋਰਚੇ ਦੇ ਨੇੜੇ ਤਾਇਨਾਤ ਜਰਮਨ ਅਫ਼ਸਰਾਂ ਨੂੰ ਕ੍ਰਿਸਮਸ ਪਾਰਟੀ ਮਨਾਉਣ ਲਈ ਤਿਆਰ ਕਰ ਲੈਂਦੀ ਹੈ, ਜਿੱਥੇ ਉਹ ਗੀਤ ਗਾਵੇਗੀ। ਉਹ ਪ੍ਰੇਮੀ ਨੂੰ ਇੱਕ ਦਿਨ ਦੀ ਛੁੱਟੀ ਦਿਵਾਉਣ ‘ਚ ਕਾਮਯਾਬ ਹੋ ਜਾਂਦੀ ਹੈ ਤਾਂ ਕਿ ਉਹ ਵੀ ਪਾਰਟੀ ਵਿਚ ਨਾਲ ਗਾ ਸਕੇ। ਦੋਵੇਂ ਪ੍ਰੇਮੀ ਪੰਜ ਸਾਲ ਬਾਅਦ ਮਿਲੇ ਹਨ। ਜੰਗ ਦੇ ਪੰਜ ਸਾਲਾਂ ਦੌਰਾਨ ਕਲਾਕਾਰ ਦੀ ਮਾਨਸਿਕਤਾ ਕਿਨ੍ਹਾਂ ਪੱਥਰਾਂ ਨਾਲ ਟਕਰਾਈ ਹੋਵੇਗੀ, ਇਸ ਗੱਲ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਉਸ ਤੋਂ ਗਾਇਆ ਨਹੀਂ ਜਾ ਰਿਹਾ। ਪ੍ਰੇਮਿਕਾ ਦੀ ਅਪਣੱਤ ਅਤੇ ਉਸ ਦਾ ਪਿਆਰ-ਗੀਤ ਕਲਾਕਾਰ ਨੂੰ ਦੁਬਾਰਾ ਖੜ੍ਹਾ ਕਰਦਾ ਹੈ। ਉਹ ਫ਼ੈਸਲਾ ਕਰਦਾ ਹੈ ਕਿ ਵਾਪਸ ਮੋਰਚੇ ‘ਤੇ ਜਾ ਕੇ ਅਪਣੇ ਸਾਥੀਆਂ ਦੀ ਕ੍ਰਿਸਮਸ ਰਾਤ ਨੂੰ ਯਾਦਗਾਰੀ ਬਣਾਏਗਾ। ਉਨ੍ਹਾਂ ਜੀਆਂ ਨੂੰ ਗੀਤਾਂ ਦੀ ਵਧੇਰੇ ਲੋੜ ਹੈ। ਪ੍ਰੇਮਿਕਾ ਜੰਗੀ ਖਤਰੇ ਦੇ ਬਾਵਜੂਦ ਨਾਲ ਜਾਣ ਦੀ ਜ਼ਿਦ ਮਨਾ ਲੈਂਦੀ ਹੈ।
ਇਧਰ ਫ਼ਰਾਂਸੀਸੀਆਂ ਨੂੰ ਕ੍ਰਿਸਮਸ ਦੀ ਰਾਤ ਨੂੰ ਜਰਮਨਾਂ ‘ਤੇ ਹਮਲਾ ਕਰਨ ਦਾ ਹੁਕਮ ਮਿਲਦਾ ਹੈ। ਫ਼ੌਜੀਆਂ ਦਾ ਕਹਿਣਾ ਹੈ ਕਿ ਘੱਟੋ-ਘੱਟ ਅੱਜ ਦੀ ਰਾਤ ਤਾਂ ਚੈਨ ਨਾਲ ਬਿਤਾਉਣ ਦਿੱਤੀ ਜਾਵੇ, ਪਰ ਹੁਕਮ ਤਾਂ ਹੁਕਮ ਹੈ। ਇੱਕ ਫ਼ੌਜੀ ਦੀ ਡਿਊਟੀ ਲਗਦੀ ਹੈ ਕਿ ਉਹ ਜਰਮਨਾਂ ਦੀ ਖਾਈ ਦੇ ਨੇੜੇ ਜਾ ਕੇ ਪੂਰੀ ਜਾਣਕਾਰੀ ਲਵੇਗਾ ਤੇ ਮੌਕਾ ਮਿਲਦੇ ਹੀ ਹਮਲਾ ਕੀਤਾ ਜਾਵੇਗਾ। ਸਕੌਟਿਸ਼ ਫ਼ੌਜੀਆਂ ਵਿਚ ਇੱਕ ਅਮਨਪਸੰਦ ਪਾਦਰੀ ਹੈ ਜੋ ਜ਼ਖ਼ਮੀਆਂ ਦੇ ਇਲਾਜ ਲਈ ਆਇਆ ਹੈ। ਸੰਭਾਵੀ ਹਮਲੇ ਤੋਂ ਅਣਜਾਣ ਇਹ ਪਾਦਰੀ ਕ੍ਰਿਸਮਸ ਦੀ ਖੁਸ਼ੀ ‘ਚ ਆਪਣਾ ਰਵਾਇਤੀ ਸਾਜ਼ ‘ਬੀਨ-ਬਾਜਾ’ ਵਜਾਉਣਾ ਸ਼ੁਰੂ ਕਰਦਾ ਹੈ। ਕੁਝ ਹੋਰ ਫ਼ੌਜੀ ਵੀ ਸਾਜ਼ ਚੁੱਕ ਲੈਂਦੇ ਹਨ। ਬਾਕੀ ਗਾਉਣਾ ਸ਼ੁਰੂ ਕਰ ਦਿੰਦੇ ਹਨ। ਲੋਰ ‘ਚ ਗੀਤ-ਸੰਗੀਤ ਹੋਰ ਉੱਚਾ ਹੁੰਦਾ ਹੈ। ਇਧਰ ਅਦਾਕਾਰ ਫ਼ੌਜੀ ਅਤੇ ਉਸ ਦੀ ਪ੍ਰੇਮਿਕਾ ਵੀ ਜਰਮਨ ਮੋਰਚੇ ‘ਤੇ ਆ ਪਹੁੰਚਦੇ ਹਨ ਅਤੇ ਗੀਤ ਗਾਉਣ ਦੀ ਪੇਸ਼ਕਸ਼ ਰੱਖਦੇ ਹਨ। ਮਾਮੂਲੀ ਤਕਰਾਰ ਤੋਂ ਬਾਅਦ ਵੱਡਾ ਜਰਮਨ ਅਫ਼ਸਰ ਮੰਨ ਜਾਂਦਾ ਹੈ। ਜਰਮਨ ਫ਼ੌਜੀ ਕ੍ਰਿਸਮਸ-ਰੁੱਖ ਬੰਕਰਾਂ ਉੱਪਰ ਰੱਖ ਦਿੰਦੇ ਹਨ। ਸੂਹ ਲੈਣ ਆਇਆ ਫ਼ਰਾਂਸੀਸੀ ਫ਼ੌਜੀ ਦੁਚਿੱਤੀ ‘ਚ ਪੈ ਜਾਂਦਾ ਹੈ। ਅਦਾਕਾਰ ਫ਼ੌਜੀ ਗਾਉਣਾ ਸ਼ੁਰੂ ਕਰਦਾ ਹੈ। ਇੱਕ ਜਣਾ ਮਾਊਥ ਹੌਰਨ ਵਜਾ ਰਿਹਾ ਹੈ। ਗਾਇਕ ਦੀ ਆਵਾਜ਼ ‘ਦੁਸ਼ਮਣਾਂ’ ਉਤੇ ਵੀ ਜਾਦੂਈ ਅਸਰ ਕਰਦੀ ਹੈ। ਸਕੌਟਿਸ਼ ਫ਼ੌਜੀ ਜਰਮਨ ਗੀਤ ਦੇ ਨਾਲ ਬੀਨ ਬਾਜਾ ਵਜਾਉਣਾ ਸ਼ੂਰੂ ਕਰ ਦਿੰਦਾ ਹੈ। ਅਦਾਕਾਰ ਫ਼ੌਜੀ ਬਾਜੇ ਦੇ ਨਾਲ ਸੁਰ ਮੇਲਣ ਲੱਗਦਾ ਹੈ। ਉਹ ਬੇਖ਼ੌਫ਼ ਬੰਕਰ ਦੇ ਉੱਤੇ ਚੜ੍ਹ ਕੇ ਹੋਰ ਉੱਚੀ ਗਾਉਂਦਾ ਹੈ। ਇੱਥੇ ਆਸਾਨੀ ਨਾਲ ਉਸ ਦੇ ਗੋਲੀ ਮਾਰੀ ਜਾ ਸਕਦੀ ਹੈ। ਫ਼ਰਾਂਸੀਸੀ ਅਫ਼ਸਰ ਨਾਲ ਦੇ ਨੂੰ ਗੋਲੀ ਮਾਰਨ ਤੋਂ ਰੋਕ ਦਿੰਦਾ ਹੈ। ਵੱਡਾ ਜਰਮਨ ਅਫ਼ਸਰ ਗੁੱਸੇ ‘ਚ ਅਦਾਕਾਰ ਨੂੰ ਹੇਠਾਂ ਆਉਣ ਦਾ ਹੁਕਮ ਦਿੰਦਾ ਹੈ। ਅਚਾਨਕ ਤਾੜੀਆਂ ਦੀ ਆਵਾਜ਼ ਆਉਂਦੀ ਹੈ। ਸਾਰੇ ਸਕੌਟਿਸ਼ ਫ਼ੌਜੀ ਬੰਕਰ ਤੋਂ ਬਾਹਰ ਬੈਠੇ ਗੀਤ ‘ਤੇ ਤਾੜੀਆਂ ਮਾਰ ਰਹੇ ਹਨ। ਚਾਰੇ ਪਾਸੇ ਚੁੱਪ ਪਸਰ ਜਾਂਦੀ ਹੈ। ਇਸ ਚੁੱਪ ਨੂੰ ਸਕੌਟਿਸ਼ ਫ਼ੌਜੀ ਦੇ ਬੀਨ ਬਾਜੇ ਦੀ ਕੀਲਣ ਵਾਲੀ ਆਵਾਜ਼ ਤੋੜਦੀ ਹੈ ਜੋ ਬੰਕਰ ‘ਤੇ ਖੜ੍ਹਾ ਬਾਜਾ ਵਜਾਉਣਾ ਸ਼ੁਰੂ ਕਰਦਾ ਹੈ। ਜਰਮਨ ਦਾ ਗੀਤ ਵੀ ਸ਼ੁਰੂ ਹੋ ਜਾਂਦਾ ਹੈ। ਅਦਾਕਾਰ ਹੋਰ ਜ਼ੋਰ ਨਾਲ ਗਾਉਣ ਲਗਦਾ ਹੈ ਅਤੇ ਸਕੌਟਿਸ਼ ਫ਼ੌਜੀਆਂ ਦੇ ਬੰਕਰ ਨੇੜੇ ਪਹੁੰਚ ਜਾਂਦਾ ਹੈ। ਗੀਤ ਖਤਮ ਹੋਣ ‘ਤੇ ਉਹ ਵੱਡੇ ਜਰਮਨ ਅਫ਼ਸਰ ਨੂੰ ਕਹਿੰਦਾ ਹੈ ਕਿ ਅਜਿਹਾ ਸਵਾਦ ਤਾਂ ਬਰਲਿਨ ਉਪੇਰਾ ਵਿਚ ਗਾ ਕੇ ਵੀ ਕਦੇ ਨਹੀਂ ਆਇਆ। ਤਿੰਨੇ ਫ਼ੌਜਾਂ ਦੇ ਵੱਡੇ ਅਫ਼ਸਰ ਫ਼ੈਸਲਾ ਕਰਦੇ ਹਨ ਕਿ ਅੱਜ ਦੀ ਰਾਤ ਗੋਲੀਬੰਦੀ ਰਹੇਗੀ, ਕਿਉਂਕਿ ਇੱਕ ਰਾਤ ਨਾਲ ਜੰਗ ਦਾ ਫ਼ੈਸਲਾ ਨਹੀਂ ਹੋਣ ਲੱਗਿਆ। ਇੱਕ-ਦੂਜੇ ਦੇ ਖ਼ੂਨ ਦੇ ਪਿਆਸੇ ਹੁਣ ਇਕੱਠੇ ਹੋ ਕੇ ਕ੍ਰਿਸਮਸ ਦਾ ਜਸ਼ਨ ਮਨਾ ਰਹੇ ਹਨ। ਜੰਗ ਨੂੰ ਭੁੱਲ ਕੇ ਸਭ ਸਾਂਝਾ ਵੰਡਦੇ ਹਨ। ਭੋਜਨ, ਸ਼ਰਾਬ, ਜਾਨਵਰ, ਖੋਈਆਂ ਤਸਵੀਰਾਂ ਅਤੇ ਸਿਰਨਾਵਿਆਂ ਦਾ ਵਟਾਂਦਰਾ ਹੁੰਦਾ ਹੈ। ਇੱਕ ਰਾਤ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੰਦੀ ਹੈ। ਹੁਣ ਸਾਹਮਣੇ ਖੜ੍ਹਾ ਜਣਾ ਦੁਸ਼ਮਣ ਨਹੀਂ, ਸਗੋਂ ਮਨੁੱਖ ਦੇ ਰੂਪ ‘ਚ ਦਿਸਦਾ ਹੈ। ਜਸ਼ਨ ਖਤਮ ਹੋਣ ਤੋਂ ਬਾਅਦ ਵੀ ਸਾਰੇ ਹੁਲਾਰ ‘ਚ ਹਨ। ਸਕੌਟਿਸ਼ ਪਾਦਰੀ ਦਾ ਮੰਨਣਾ ਹੈ ਕਿ ਇਹ ਸਭ ਇਸ ਕਰ ਕੇ ਹੈ ਕਿਉਂਕਿ ਉਹ ਜੰਗ ਨੂੰ ਭੁੱਲ ਗਏ ਸਨ। ਨਾਲ ਦਾ ਕਹਿੰਦਾ ਹੈ, “ਪਰ ਜੰਗ ਸਾਨੂੰ ਨਹੀਂ ਭੁੱਲਦੀ।”
ਚੜ੍ਹਦੀ ਸਵੇਰ ਨੂੰ ਤਣਾਅ ਦੇ ਬਾਵਜੂਦ ਤਿੰਨੇ ਅਫ਼ਸਰ ਕੌਫ਼ੀ ਸਾਂਝੀ ਕਰਦੇ ਹਨ ਅਤੇ ਮੁਰਦਾ ਫ਼ੌਜੀਆਂ ਨੂੰ ਦਫਨਾਉਣ ਦੀ ਆਗਿਆ ਦਿੰਦੇ ਹਨ। ਸਾਂਝਾ ਫੁੱਟਬਾਲ ਮੈਚ ਅਤੇ ਤਾਸ਼ ਖੇਡੀ ਜਾਂਦੀ ਹੈ। ਜਰਮਨ ਅਫ਼ਸਰ ‘ਦੁਸ਼ਮਣਾਂ’ ਨੂੰ ਜਰਮਨ ਬੰਬਾਰੀ ਤੋਂ ਬਚਾਉਣ ਲਈ ਆਪਣੇ ਬੰਕਰ ‘ਚ ਪਨਾਹ ਦਿੰਦਾ ਹੈ। ਫ਼ਰਾਂਸੀਸੀ ਅਫ਼ਸਰ ਦੀ ਗਰਭਵਤੀ ਘਰਵਾਲੀ ਤੱਕ ਚਿੱਠੀ ਪੁਚਾਉਣ ‘ਚ ਮਦਦ ਕਰਦਾ ਹੈ। ਜਵਾਬੀ ਹਮਲੇ ‘ਚ ਜਰਮਨਾਂ ਨੂੰ ਬਚਾਉਣ ਲਈ ਫ਼ਰਾਂਸੀਸੀ ਅਤੇ ਸਕੌਟਿਸ਼ ਉਨ੍ਹਾਂ ਨੂੰ ਅਪਣੇ ਬੰਕਰਾਂ ਵਿਚ ਪਨਾਹ ਦਿੰਦੇ ਹਨ। ਵਾਅਦਾ ਕਰਦੇ ਹਨ ਕਿ ਉਹ ਅਗਲੀ ਵਾਰ ਇੱਕ ਦੂਜੇ ਦੇ ਮੁਲਕਾਂ ‘ਚ ਮਹਿਮਾਨ ਬਣ ਕੇ ਜਾਣਗੇ, ਹਮਲਾਵਰ ਬਣ ਕੇ ਨਹੀਂ। ਸੰਗੀਤ ਨਾਲ ਇੱਕ ਦੂਜੇ ਨੂੰ ਵਿਦਾਇਗੀ ਦਿੰਦੇ ਹਨ। ਘਰਾਂ ਨੂੰ ਭੇਜੀਆਂ ਚਿੱਠੀਆਂ ਨਾਲ ਛੇਤੀ ਹੀ ਸਭ ਦਾ ਭੇਤ ਖੁੱਲ੍ਹ ਜਾਂਦਾ ਹੈ। ਸਭ ਤੋਂ ਪਹਿਲੀ ਪੇਸ਼ੀ ਅਮਨਪਸੰਦ ਸਕੌਟਿਸ਼ ਪਾਦਰੀ ਦੀ ਪੈਂਦੀ ਹੈ। ਚਰਚ ਦਾ ਮੁਖੀ ਉਸ ਦੀ ਲਾਹ-ਪਾਹ ਕਰਦਾ ਹੈ ਅਤੇ ਚਰਚ ‘ਚੋਂ ਕੱਢ ਦਿੰਦਾ ਹੈ। ਚਰਚ ਮੁਖੀ ਦਾ ਕਹਿਣਾ ਹੈ ਕਿ ਉਸ ਨੇ ਦੁਸ਼ਮਣਾਂ ਨਾਲ ਸਾਂਝ ਭਿਆਲੀ ਪਾ ਕੇ ਰੱਬ ਦੇ ਖ਼ਿਲਾਫ਼ ਜੁਰਮ ਕੀਤਾ ਹੈ। ਚਰਚ-ਮੁਖੀ ਜੰਗ ‘ਤੇ ਜਾਣ ਵਾਲੇ ਨਵੇਂ ਰੰਗਰੂਟਾਂ ਨੂੰ ਧਾਰਮਿਕ ਵਿਖਿਆਨ ਦੇਣ ਆਇਆ ਹੈ। ਉਸ ਦਾ ਵਿਖਿਆਨ ਚਰਚ ਅਤੇ ਹੁਕਮਰਾਨਾਂ ਦੇ ਆਪਸੀ ਨਾਪਾਕ ਰਿਸ਼ਤੇ ਦੀ ਹਕੀਕਤ ਬਿਆਨ ਕਰਦਾ ਹੈ। ਦੋਵੇਂ ਹੱਦ ਦਰਜੇ ਦੇ ਮਨੁੱਖਤਾ ਵਿਰੋਧੀ ਹਨ। ਉਹ ਕਹਿੰਦਾ ਹੈ, “ਸੰਤ ਮੈਥਿਊ ਦੇ ਗੋਸਪਲ ਮੁਤਾਬਕ, ਈਸਾ ਮਸੀਹ ਨੇ ਕਿਹਾ ਸੀ ਕਿ ਮੈਂ ਧਰਤੀ ‘ਤੇ ਅਮਨ ਲਈ ਨਹੀਂ ਆਇਆ। ਮੈਂ ਤਲਵਾਰ ਲੈ ਕੇ ਆਇਆਂ ਹਾਂ। ਭਰਾਵੋ, ਰੱਬ ਦੀ ਤਲਵਾਰ ਹੁਣ ਥੋਡੇ ਹੱਥ ‘ਚ ਹੈ। ਹੁਣ ਤੁਸੀਂ ਸੱਭਿਅਤਾ ਦੇ ਰਾਖੇ ਹੋ। ਤੁਸੀਂ ਬਦੀ ਦੇ ਵਿਰੁੱਧ ਨੇਕੀ ਦੀ ਤਾਕਤ ਹੋ। ਇਹ ਜੰਗ ਆਲਮੀ ਆਜ਼ਾਦੀ ਦੀ ਰੱਖਿਆ ਲਈ ਪਵਿੱਤਰ ਧਰਮ-ਯੁੱਧ ਹੈ। ਸੱਚੀ ਗੱਲ ਇਹ ਹੈ ਕਿ ਨਾ ਤਾਂ ਜਰਮਨ ਸਾਡੇ ਵਾਂਗੂ ਰੱਬ ਦੇ ਬੱਚੇ ਹਨ ਅਤੇ ਨਾ ਹੀ ਸਾਡੇ ਵਾਂਗੂ ਸੋਚਦੇ ਹਨ। ਉਨ੍ਹਾਂ ਦੇ ਸ਼ਹਿਰਾਂ ‘ਚ ਭਰੀਆਂ ਭੀੜਾਂ ਨੂੰ ਰੱਬ ਦੇ ਬੱਚੇ ਨਹੀਂ ਕਿਹਾ ਜਾ ਸਕਦਾ। ਉਹ ਹਥਿਆਰਾਂ ਨਾਲ ਲੈਸ ਹੋ ਕੇ ਔਰਤਾਂ ਅਤੇ ਬੱਚਿਆਂ ਦੀ ਢਾਲ ਪਿੱਛੇ ਲੁਕੇ ਹੋਏ ਹਨ। ਉਹ ਰੱਬ ਦੇ ਬੱਚੇ ਨਹੀਂ ਹਨ। ਰੱਬ ਦੀ ਕਿਰਪਾ ਨਾਲ ਤੁਹਾਡੇ ਲਈ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਹਰ ਜਰਮਨ ਨੂੰ ਖਤਮ ਕਰ ਦਿਉ; ਚਾਹੇ ਉਹ ਚੰਗੇ, ਮੰਦੇ, ਜਵਾਨ, ਬੁੱਢੇ ਅਤੇ ਬੱਚੇ; ਜੋ ਮਰਜ਼ੀ ਹੋਣ, ਤਾਂ ਕਿ ਉਹ ਮੁੜ ਕਦੇ ਸਿਰ ਨਾ ਚੁੱਕ ਸਕਣ। ਰੱਬ ਥੋਡੇ ਨਾਲ ਹੈ।”
ਵਿਖਿਆਨ ਖਤਮ ਹੋਣ ‘ਤੇ ਅਮਨਪਸੰਦ ਪਾਦਰੀ ਗਲ ‘ਚੋਂ ਸਲੀਬ ਲਾਹ ਕੇ ਡੰਡੇ ‘ਤੇ ਟੰਗ ਜਾਂਦਾ ਹੈ। ਸ਼ਾਇਦ ਇਹੀ ਉਸ ਦੀ ਨਾਬਰੀ ਦਾ ਪ੍ਰਗਟਾਵਾ ਹੈ। ਤਿੰਨੇ ਪਲਟਣਾਂ ਨੂੰ ਮੋਰਚੇ ਤੋਂ ਹਟਾ ਕੇ ਦੂਰ ਭੇਜਿਆ ਜਾ ਰਿਹਾ ਹੈ। ਜ਼ਾਬਤੇ ਦੀ ਉਲੰਘਣਾ ਦੀ ਸਜ਼ਾ ਤੋਂ ਉਨ੍ਹਾਂ ਨੂੰ ਇੱਕ ਹੀ ਚੀਜ਼ ਬਚਾ ਰਹੀ ਹੈ ਕਿ ਫ਼ੌਜੀਆਂ ਦੀ ਏਡੀ ਵੱਡੀ ਗਿਣਤੀ ਨੂੰੰ ਗੋਲੀਆਂ ਨਾਲ ਨਹੀਂ ਉਡਾਇਆ ਜਾ ਸਕਦਾ; ਉਹ ਵੀ ਘਮਾਸਾਣ ਜੰਗ ਦੀ ਹਾਲਤ ਵਿਚ, ਜਿੱਥੇ ਨਫਰੀ ਪਹਿਲਾਂ ਹੀ ਘੱਟ ਹੈ।
ਫ਼ਿਲਮ ਦੇ ਆਖਰੀ ਦ੍ਰਿਸ਼ ‘ਚ ਅਮਨ ਦੀ ਤਾਂਘ ਰੱਖਣ ਵਾਲੇ ਜਰਮਨ ਫ਼ੌਜੀਆਂ ਨੂੰ ਕਿਸੇ ਹੋਰ ਮੋਰਚੇ ‘ਤੇ ਭੇਜਿਆ ਜਾ ਰਿਹਾ ਹੈ। ਵੱਡਾ ਅਫ਼ਸਰ, ਜਰਮਨ ਸਿਪਾਹੀ ਦਾ ਮੂੰਹ ਨਾਲ ਵਜਾਉਣ ਵਾਲਾ ਵਾਜਾ ਖੋਹ ਕੇ ਤੋੜ ਦਿੰਦਾ ਹੈ। ਸਿਪਾਹੀ ਗੁਣਗੁਣਾਉਣਾ ਸ਼ੁਰੂ ਕਰਦਾ ਹੈ। ਨਾਲ ਹੀ ਬਾਕੀ ਵੀ ਆਵਾਜ਼ ਮਿਲਾਉਂਦੇ ਹਨ। ਧੁਨ ਉੱਚੀ ਹੋ ਰਹੀ ਹੈ। ਸਿਪਾਹੀ ਜੰਗ ਦੇ ਖ਼ਿਲਾਫ਼ ਮਨੁੱਖੀ ਅਹਿਦ ਨੂੰ ਭੁੰਝੇ ਨਹੀਂ ਲੱਗਣ ਦਿੰਦੇ।
ਗੀਤ ਉਨ੍ਹਾਂ ਦੀ ਤਾਕਤ ਹਨ ਜੋ ਉਨ੍ਹਾਂ ਤੋਂ ਕੋਈ ਨਹੀਂ ਖੋਹ ਸਕਦਾ। ਫ਼ਿਲਮ ਦਾ ਇਹ ਦ੍ਰਿਸ਼ ਦੇਖ ਕੇ ਤੁਰਕਿਸਤਾਨ ਦੇ ਕਵੀ ਨਾਜ਼ਿਮ ਹਿਕਮਤ ਦਾ ਚੇਤਾ ਆਉਂਦਾ ਹੈ। ਉਸ ਦੀ ਕੁਲ ਇਕਾਹਟ ਵਰ੍ਹਿਆਂ ਦੀ ਜ਼ਿੰਦਗੀ ‘ਚੋਂ ਚਾਲ੍ਹੀ ਵਰ੍ਹੇ ਜੇਲ੍ਹਾਂ ਦੇ ਲੇਖੇ ਲੱਗ ਗਏ। ਉਸ ਦੇ ਗੀਤਾਂ ਅਤੇ ਰਚਨਾਵਾਂ ਉੱਤੇ ਬਗ਼ਾਵਤ ਭੜਕਾਉਣ ਦਾ ਦੋਸ਼ ਸੀ। ਉਸ ਦਾ ਮੁਕੱਦਮਾ ਜੰਗੀ ਜਹਾਜ਼ ਵਿਚ ਚਲਾਇਆ ਗਿਆ। ਸਜ਼ਾ ਸੁਣਾਉਣ ਸਮੇਂ ਨਾਜ਼ਿਮ ਨੂੰ ਗੋਡੇ ਗੋਡੇ ਗੰਦ ‘ਚ ਖਲੋਣ ਲਈ ਮਜਬੂਰ ਕੀਤਾ ਗਿਆ। ਸਜ਼ਾ ਸੁਣਨ ਤੋਂ ਬਾਅਦ ਉਹ ਹੱਸਿਆ ਅਤੇ ਗਾਉਣਾ ਸ਼ੁਰੂ ਕਰ ਦਿੱਤਾ। ਉਸ ਦੀ ਆਵਾਜ਼ ਉੱਚੀ ਹੁੰਦੀ ਗਈ ਅਤੇ ਉਸ ਨੇ ਦੁਨੀਆਂ ਭਰ ਦੇ ਪਿਆਰ-ਗੀਤ ਗਾ ਛੱਡੇ।

Be the first to comment

Leave a Reply

Your email address will not be published.