ਉਜਾਗਰ ਸਿੰਘ
ਫੋਨ: +91-94178-13072
‘ਪੰਜਾਬੀ ਟ੍ਰਿਬਿਊਨ’ ਦੇ ਸਾਬਕਾ ਸੰਪਾਦਕ ਸੁਰਿੰਦਰ ਸਿੰਘ ਤੇਜ ਦੁਆਰਾ ਸੰਪਾਦਿਤ ਪੁਸਤਕ ‘ਅਮੋਲਕ ਹੀਰਾ: ਅਮੋਲਕ ਸਿੰਘ ਜੰਮੂ ਦੀਆਂ ਯਾਦਾਂ ਤੇ ਯੋਗਦਾਨ’ ਜੰਮੂ ਸਾਹਿਬ ਦੀ ਜ਼ਿੰਦਗੀ ਦੀ ਜਦੋਜਹਿਦ ਦੀ ਦਾਸਤਾਂ ਬਿਆਨ ਕਰਦੀ ਹੈ।
400 ਪੰਨਿਆਂ ਦੀ ਇਸ ਪੁਸਤਕ ਵਿਚ ਅਮੋਲਕ ਸਿੰਘ ਜੰਮੂ ਵੱਲੋਂ ਆਪਣੇ ਹਫਤਾਵਾਰੀ ਪਰਚੇ ‘ਪੰਜਾਬ ਟਾਈਮਜ਼’ ਵਿਚ ਲਿਖੇ ਲੇਖ ਪਹਿਲੇ 161 ਪੰਨਿਆਂ ਵਿਚ ਦਿੱਤੇ ਗਏ ਹਨ। ਬਾਕੀ 239 ਪੰਨਿਆਂ ਵਿਚ ਵੱਖ-ਵੱਖ ਵਿਦਵਾਨ ਪੱਤਰਕਾਰਾਂ, ਲੇਖਕਾਂ ਅਤੇ ਸਾਹਿਤਕਾਰਾਂ ਵੱਲੋਂ ਅਮੋਲਕ ਸਿੰਘ ਦੀ ਪੱਤਰਕਾਰੀ ਅਤੇ ‘ਪੰਜਾਬ ਟਾਈਮਜ਼` ਦੇ ਪੱਤਰਕਾਰੀ ਵਿਚ ਪਾਏ ਯੋਗਦਾਨ ਬਾਰੇ ਲਿਖੇ ਗਏ ਲੇਖ ਹਨ।
ਸੰਪਾਦਕ ਨੇ ਪੁਸਤਕ ਨੂੰ ਮੁੱਖ ਤੌਰ ‘ਤੇ ‘ਲਿਖਤੁਮ ਖੁਦ`, ‘ਯਾਦਾਂ ਆਪਣੀ ਜੂਹ ਦੀਆਂ`, ‘ਆਗ਼ਾਜ਼ ਨਵੀਂ ਜਦੋਜਹਿਦ ਦਾ`, ‘ਸਿਰੜ ਸ਼ਖਸੀਅਤ ਅਤੇ ‘ਪੈਗ਼ਾਮ ਦਾ ਮਿਆਰ` ਪੰਜ ਭਾਗਾਂ ਵਿਚ ਵੰਡਿਆ ਹੈ। ਮੇਰਾ ਅਮੋਲਕ ਸਿੰਘ ਜੰਮੂ ਨਾਲ ਬਹੁਤਾ ਤਾਲਮੇਲ ਨਹੀਂ ਰਿਹਾ ਪਰ ਮੇਰੇ ਬੀ.ਏ. ਤੱਕ ਦੇ ਜਮਾਤੀ ਰਾਜਿੰਦਰ ਸੋਢੀ ਜੋ ‘ਪੰਜਾਬੀ ਟ੍ਰਿਬਿਊਨ’ ਵਿਚ ਪਰੂਫ ਰੀਡਰ ਸੀ, ਨਾਲ ਟ੍ਰਿਬਿਊਨ ਦੇ ਦਫ਼ਤਰ ਮਿਲਦਾ ਰਿਹਾ ਹਾਂ। ਜਦੋਂ ‘ਪੰਜਾਬੀ ਟ੍ਰਿਬਿਊਨ’ ਸ਼ੁਰੂ ਹੋਇਆ, ਉਦੋਂ ਮੈਂ ‘ਜਾਗ੍ਰਤੀ’ ਦਾ ਸਹਾਇਕ ਸੰਪਾਦਕ ਸੀ। ਰਾਜਿੰਦਰ ਸੋਢੀ ਵੀ ਸਾਹਿਤਕ ਰੁਚੀ ਕਰਕੇ ਸਕੂਲ ਵਿਚੋਂ ਲੈਬਾਰਟਰੀ ਅਟੈਂਡੈਂਟ ਦੀ ਸਰਕਾਰੀ ਨੌਕਰੀ ਛੱਡ ਕੇ ‘ਪੰਜਾਬੀ ਟ੍ਰਿਬਿਊਨ’ ਵਿਚ ਆਇਆ ਸੀ। ਫਿਰ ਜਦੋਂ ਮੈਂ ਪਟਿਆਲਾ ਵਿਚ ਸਹਾਇਕ ਲੋਕ ਸੰਪਰਕ ਅਧਿਕਾਰੀ ਲੱਗਿਆ ਤਾਂ ਖਬਰਾਂ ਲਗਵਾਉਣ ਲਈ ਟ੍ਰਿਬਿਊਨ ਦੇ ਦਫਤਰ ਜਾਂਦਾ ਰਹਿੰਦਾ ਸੀ। ਅਮੋਲਕ ਸਿੰਘ ਨਾਲ ਉਦੋਂ ਵੀ ਰਾਜਿੰਦਰ ਸੋਢੀ ਰਾਹੀਂ ਮੇਲ ਜੋਲ ਹੁੰਦਾ ਰਹਿੰਦਾ ਸੀ। ਇਕ ਦੋ ਵਾਰ ਗੁਰਦਿਆਲ ਬਲ ਨਾਲ ਵੀ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ।
ਪਹਿਲੇ ਭਾਗ ‘ਲਿਖਤੁਮ ਖੁਦ` ਵਿਚ ‘ਪੰਜਾਬ ਟਾਈਮਜ਼’ ਦੇ ਸਾਲ 2009 ਦੇ ਅੰਕਾਂ ਵਿਚ ਸੰਪਾਦਕ ਅਮੋਲਕ ਸਿੰਘ ਜੰਮੂ ਦੀ ਕਲਮ ਵਿਚੋਂ ਨਿਕਲੀ ‘ਕਮਲਿਆਂ ਦਾ ਟੱਬਰ` ਲੇਖ ਲੜੀ ਪ੍ਰਕਾਸ਼ਤ ਕੀਤੀ ਗਈ ਹੈ। ਇਸ ਭਾਗ ਵਿਚ 7 ਲੇਖ ਹਨ। ਦੂਜੇ ਭਾਗ ਵਿਚ ‘ਯਾਦਾਂ ਆਪਣੀ ਜੂਹ ਦੀਆਂ` ਵਿਚ 8 ਲੇਖ ਪਿੰਡ ਵਿਚ ਬਿਤਾਏ ਬਚਪਨ ਤੇ ਉਸ ਤੋਂ ਅਗਲੇ ਵਰ੍ਹਿਆਂ ਦੀਆਂ ਨਮਕੀਨ ਤੇ ਹੁਸੀਨ ਯਾਦਾਂ ਦਾ ਸਿਲਸਿਲਾ ਹੈ। ਇਸ ਵਿਚ ਆਪਣੇ ਪਿੰਡ ਕੁੱਤੇਵੱਡ ਵਿਚਲੀ ਪਿੰਡਾਂ ਦੀ ਜ਼ਿੰਦਗੀ ਦੇ ਖੱਟੇ ਮਿੱਠੇ ਤਜਰਬੇ ਬਹੁਤ ਦਿਲਚਸਪ ਹਨ ਜਿਨ੍ਹਾਂ ਨੂੰ ਪੜ੍ਹ ਕੇ ਵਿਦਿਆਰਥੀ ਜੀਵਨ ਅਤੇ ਆਪੋ-ਆਪਣੇ ਪਿੰਡਾਂ ਦੀ ਤਸਵੀਰ ਦਿਮਾਗ ਦੇ ਚਿਤਰਪਟ ‘ਤੇ ਉਕਰ ਜਾਂਦੀ ਹੈ। ਵਿਦਿਆਰਥੀ ਜੀਵਨ ਵਿਚ ਅਜਿਹੀਆਂ ਘਟਨਾਵਾਂ ਆਮ ਹੁੰਦੀਆਂ ਰਹਿੰਦੀਆਂ ਹਨ ਪਰ ਇਨ੍ਹਾਂ ਨੂੰ ਫੜਦਾ ਕੋਈ-ਕੋਈ ਹੈ ਜਿਵੇਂ ਅਮੋਲਕ ਸਿੰਘ ਨੇ ਫੜਿਆ ਹੈ। ਕਈ ਲੇਖ ਪੜ੍ਹ ਕੇ ਬਚਪਨ ਯਾਦ ਆ ਜਾਂਦਾ ਹੈ। ਕਹਿਣ ਤੋਂ ਭਾਵ, ਅਮੋਲਕ ਸਿੰਘ ਦੇ ਹਰ ਲੇਖ ਵਿਚ ਦਿਲਚਸਪੀ ਬਣੀ ਰਹਿੰਦੀ ਹੈ। ਪੁਸਤਕ ਦੇ ਇਕ ਹਿੱਸੇ ਵਿਚ 2010 ਵਿਚ ਛਪੇ ਅਮੋਲਕ ਸਿੰਘ ਦੇ 6 ਲੇਖ ਸ਼ਾਮਲ ਹਨ ਜਿਨ੍ਹਾਂ ਵਿਚ ਆਪਣੇ ਅਧਿਆਪਕਾਂ, ਕਾਲਜ ਦੀ ਜ਼ਿੰਦਗੀ, ਐੱਮ.ਫਿਲ. ਅਤੇ ਡਾ. ਹਰਜਿੰਦਰ ਸਿੰਘ ਦਿਲਗੀਰ ਦੇ ਸਾਥ ਬਾਰੇ ਰੌਚਿਕਤਾ ਨਾਲ ਲਿਖਿਆ ਹੋਇਆ ਹੈ।
ਇਸ ਤੋਂ ਬਾਅਦ ‘ਆਗਾਜ਼ ਨਵੀਂ ਜਦੋਜਹਿਦ ਦਾ` ਭਾਗ ਵਿਚ ‘ਪੰਜਾਬੀ ਟ੍ਰਿਬਿਊਨ’ ਵਿਚ ਨੌਕਰੀ ਤੇ ਉਸ ਨਾਲ ਜੁੜੀਆਂ ਯਾਦਾਂ ਦੀ ਚੰਗੇਰ ਵਿਚ 9 ਲੇਖ ਹਨ ਜਿਹੜੇ ਉਨ੍ਹਾਂ ਦੀ ‘ਪੰਜਾਬੀ ਟ੍ਰਿਬਿਊਨ’ ਵਿਚ ਜਦੋਜਹਿਦ ਸੰਬੰਧੀ ਹਨ ਜਿਨ੍ਹਾਂ ਨੂੰ ਪੜ੍ਹ ਕੇ ‘ਪੰਜਾਬੀ ਟ੍ਰਿਬਿਊਨ’ ਵਰਗੇ ਨਾਮੀ ਅਦਾਰੇ ਦੀ ਸੌੜੀ ਰਾਜਨੀਤੀ ਦਾ ਪਾਜ ਉਘੜਦਾ ਹੈ। ਲੋਕ ਸੰਪਰਕ ਵਿਭਾਗ ਵਿਚ ਹੋਣ ਕਰਕੇ ਮੇਰਾ ‘ਪੰਜਾਬੀ ਟ੍ਰਿਬਿਊਨ’ ਦੇ ਬਹੁਤੇ ਅਮਲੇ ਨਾਲ ਵਾਹ ਪੈਂਦਾ ਰਿਹਾ ਹੈ ਅਤੇ ਮੈਂ ਸਮਝਦਾ ਸੀ ਕਿ ਮੈਂ ਉਨ੍ਹਾਂ ਬਾਰੇ ਬਹੁਤ ਕੁਝ ਜਾਣਦਾ ਹਾਂ ਪਰ ਇਹ ਲੇਖ ਪੜ੍ਹ ਕੇ ਕਈ ਨਾਮੀ ਪੱਤਰਕਾਰਾਂ ਦੀ ਮਿਕਨਾਤੀਸੀ ਸੋਚ ਦਾ ਵੀ ਪਤਾ ਲਗਿਆ ਹੈ ਜਿਹੜੇ ਅਖਬਾਰ ਤੋਂ ਬਾਹਰ ਆਪਣਾ ਬਿਹਤਰੀਨ ਅਕਸ ਬਣਾਈ ਬੈਠੇ ਸਨ, ਅਸਲੀਅਤ ਕੁਝ ਹੋਰ ਸੀ। ਚਾਪਲੂਸੀ ਅਤੇ ਧੜੇਬੰਦੀ ਵੀ ਅਹੁਦਿਆਂ ਦੀ ਪ੍ਰਾਪਤੀ ਲਈ ਯੋਗ ਉਮੀਦਵਾਰਾਂ ਦੀਆਂ ਆਸਾਂ ਤੋਂ ਪਾਣੀ ਫੇਰਨ ਵਿਚ ਵੱਡਾ ਯੋਗਦਾਨ ਪਾਉਂਦੀ ਰਹੀ ਹੈ।
‘ਸਿਰੜੀ ਸ਼ਖਸੀਅਤ` ਵਾਲੇ ਭਾਗ ਵਿਚ 8 ਲੇਖਕਾਂ ਗੁਰਦਿਆਲ ਬੱਲ, ਪ੍ਰਿੰਸੀਪਲ ਸਰਵਣ ਸਿੰਘ, ਸੁਰਿੰਦਰ ਸੋਹਲ, ਪ੍ਰੋ ਹਰਪਾਲ ਸਿੰਘ, ਨੀਲਮ ਲਾਜ ਸੈਣੀ, ਮੇਜਰ ਸਿੰਘ ਕੁਲਾਰ, ਕਰਮਜੀਤ ਸਿੰਘ ਅਤੇ ਕੁਲਜੀਤ ਦਿਆਲਪੁਰੀ ਦੇ ਲੇਖ ਹਨ ਜਿਹੜੇ ਅਮੋਲਕ ਸਿੰਘ ਜੰਮੂ ਦੀ ਜ਼ਿੰਦਗੀ ਬਾਰੇ ਵਿਸਤਾਰ ਪੂਰਬਕ ਜਾਣਕਾਰੀ ਦਿੰਦੇ ਹਨ। ਇਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਕੰਮ ਸੰਸਥਾ ਤੋਂ ਵੀ ਵੱਧ ਸੀ। ਉਨ੍ਹਾਂ ਨੇ ਪੱਤਰਕਾਰੀ ਦੇ ਮਿਆਰ ਵਿਚ ਵਾਧਾ ਹੀ ਨਹੀਂ ਕੀਤਾ ਸਗੋਂ ਪੱਤਰਕਾਰੀ ਨੂੰ ਸਹੀ ਲੀਹਾਂ ‘ਤੇ ਲਿਆਉਣ ਵਿਚ ਵਡਮੁਲਾ ਯੋਗਦਾਨ ਪਾਇਆ। ਉਨ੍ਹਾਂ ਦੀ ਸੰਪਾਦਕੀ ਸੂਝ ਦਾ ਕੋਈ ਮੁਕਾਬਲਾ ਨਹੀਂ ਸੀ। ਇਹ ਪੁਸਤਕ ਪੜ੍ਹ ਕੇ ਅਮੋਲਕ ਸਿੰਘ ਦੀ ਸ਼ਕਲ ਜ਼ਿਹਨ ਵਿਚ ਘੁੰਮਣ ਲੱਗ ਜਾਂਦੀ ਹੈ। ਅਮੋਲਕ ਸਿੰਘ ਦੀ ਇਕ ਹੋਰ ਕਮਾਲ ਦੀ ਗੱਲ ਸੀ ਕਿ ਉਨ੍ਹਾਂ ਦੀਆਂ ਲਿਖਤਾਂ ਪੜ੍ਹ ਕੇ ਸੀਨ ਸਾਹਮਣੇ ਆ ਜਾਂਦੇ ਹਨ। ਉਹ ਅਖਬਾਰ ਲਈ ਆਏ ਮੈਟਰ ਦਾ ਇਕ-ਇਕ ਸ਼ਬਦ ਬੜੀ ਨੀਝ ਨਾਲ ਪੜ੍ਹਦੇ ਸਨ, ਜੇਕਰ ਲੇਖਕ ਕੋਲੋਂ ਕੋਈ ਗ਼ਲਤ ਗੱਲ ਲਿਖੀ ਗਈ ਤਾਂ ਉਨ੍ਹਾਂ ਦੀ ਬਰੀਕ ਨੀਝ ਉਸ ਨੂੰ ਦਰੁਸਤ ਕਰਨ ਦਾ ਕੰਮ ਕਰਦੀ ਸੀ। ਉਨ੍ਹਾਂ ਦੀ ਇਕ ਹੋਰ ਬਿਹਤਰੀਨ ਗੱਲ ਇਹ ਸੀ ਕਿ ਉਹ ਸਾਰੇ ਮੈਟਰ ਨੂੰ ਬਰੀਕ ਛਾਨਣੀ ਨਾਲ ਪੁਣਦੇ ਸਨ। ਉਨ੍ਹਾਂ ਨੇ ਆਪਣੇ ਅਖਬਾਰ ਵਿਚ ਕੁਝ ਕਾਲਮ ਸ਼ੁਰੂ ਕੀਤੇ ਹੋਏ ਸਨ ਜਿਨ੍ਹਾਂ ਨੂੰ ਪਾਠਕ ਦਿਲਚਸਪੀ ਨਾਲ ਪੜ੍ਹਦੇ ਸਨ ਅਤੇ ਅਖਬਾਰ ਦੀ ਹਰ ਹਫ਼ਤੇ ਉਡੀਕ ਕਰਦੇ ਰਹਿੰਦੇ ਸਨ।
‘ਪੈਗ਼ਾਮਾਂ ਦਾ ਮਿਆਰ` ਭਾਗ ਵਿਚ ਚੋਟੀ ਦੇ ਲੇਖਕਾਂ ਦੀਆਂ ਮਿਆਰੀ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਅਮੋਲਕ ਸਿੰਘ ਮੈਟਰ ਦੀ ਚੋਣ ਕਰਨ ਸਮੇਂ ਪਰਖਣ ਤੋਂ ਬਾਅਦ ਹੀ ਪ੍ਰਕਾਸ਼ਤ ਕਰਦੇ ਸਨ। ਅਭੈ ਸਿੰਘ, ਚੰਡੀਗੜ੍ਹ ਦਾ ‘ਇਹ ਬੇਲਾ ਸੱਚ ਕੀ ਨਹੀਂ ਹੈ` ਸਿਰਲੇਖ ਵਾਲਾ ਲੰਬਾ ਖਤ ਜਸਵੰਤ ਸਿੰਘ ਕੰਵਲ ਦੀਆਂ ਰਚਨਾਵਾਂ ਬਾਰੇ ਲਿਖਿਆ ਸ਼ਾਮਲ ਕੀਤਾ ਹੈ। ਜਦੋਂ ਕੋਈ ਅਜਿਹੀ ਬਹਿਸ ਛਿੜਦੀ ਸੀ ਤਾਂ ਉਹ ਦੋਹਾਂ ਪੱਖਾਂ ਦੇ ਲੇਖ ਲਗਾਉਂਦੇ ਸਨ। ਇਸ ਤੋਂ ਇਲਾਵਾ ਦਰਿਆਈ ਪਾਣੀਆਂ ਬਾਰੇ ਇੰਜ ਪਾਲ ਸਿੰਘ ਢਿੱਲੋਂ ਦਾ ਲੇਖ ‘ਕਹਾਣੀ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਜਨੀਤਕ ਬਰਬਾਦੀ ਦੀ` ਦਾ ਵੀ ਪ੍ਰਕਾਸ਼ਤ ਕੀਤਾ ਗਿਆ ਹੈ ਤਾਂ ਜੋ ‘ਪੰਜਾਬ ਟਾਈਮਜ਼’ ਦੇ ਪਾਠਕਾਂ ਨੂੰ ਅਸਲੀਅਤ ਪਤਾ ਲੱਗ ਸਕੇ। ਇਸੇ ਤਰ੍ਹਾਂ ਸਿਰਦਾਰ ਕਪੂਰ ਸਿੰਘ ਆਈ.ਸੀ.ਐਸ. ਦਾ ‘ਸ੍ਰੀ ਅਨੰਦਪੁਰ ਸਾਹਿਬ ਦਾ 1973 ਵਾਲਾ ਮਤਾ` ਸਿਰਲੇਖ ਵਾਲਾ ਲੇਖ ਅਤੇ ਇਸਦੇ ਨਾਲ ਹੀ 1978 ਵਾਲਾ ਅਨੰਦਪੁਰ ਸਾਹਿਬ ਮਤਾ ਵੀ ਪ੍ਰਕਾਸ਼ਤ ਕੀਤਾ ਗਿਆ ਹੈ। ਡਾ. ਜਸਬੀਰ ਸਿੰਘ ਆਹਲੂਵਾਲੀਆ ਦਾ ‘ਅਨੰਦਪੁਰ ਸਾਹਿਬ ਦੇ ਮਤਿਆਂ ਦੇ ਜਨਮ ਦੀ ਸਾਚੀ ਸਾਖੀ` ਸਿਰਲੇਖ ਵਾਲਾ ਲੇਖ ਵੀ ਪ੍ਰਕਾਸ਼ਤ ਕੀਤਾ ਕਿਉਂਕਿ ਅਮੋਲਕ ਸਿੰਘ ਹਮੇਸ਼ਾ ਸਾਰੇ ਪੱਖਾਂ ਦੇ ਲੇਖ ਪ੍ਰਕਾਸ਼ਤ ਕਰਦੇ ਸਨ ਤਾਂ ਜੋ ਪਾਠਕ ਕਿਸੇ ਭੁਲੇਖੇ ਵਿਚ ਨਾ ਰਹਿ ਜਾਣ। ਅਮੋਲਕ ਸਿੰਘ ਜੰਮੂ ਭਾਵੇਂ ਕਿਸੇ ਪੱਖ ਨਾਲ ਪ੍ਰਤੀਬੱਧ ਨਹੀਂ ਸਨ ਅਤੇ ਨਾ ਹੀ ਕਿਸੇ ਧੜੇ ਨਾਲ ਜੁੜੇ ਹੋਏ ਸਨ ਪਰ ਸਿੱਖ ਮਸਲਿਆਂ ਦੇ ਵੱਖ-ਵੱਖ ਪੱਖਾਂ ਸੰਬੰਧੀ ਲੇਖ ਜ਼ਰੂਰ ਪ੍ਰਕਾਸ਼ਤ ਕਰਦੇ ਸਨ। ਇਸ ਪੁਸਤਕ ਵਿਚ ਵੀ ਅਮਰਜੀਤ ਪਰਾਗ ਦਾ ‘ਮੁੱਦਾ ਸਿੱਖਾਂ ਦੀ ਅਕਾਂਖਿਆ ਦਾ`, ਗੁਰਦੀਪ ਸਿੰਘ ਦੇਹਰਾਦੂਨ ਦਾ ‘ਸਿੱਖਾਂ ਦੀ ਸਿਧਾਂਤਕ ਘੇਰਾਬੰਦੀ` ਦੇ ਪ੍ਰਸੰਗ, ਗੁਰਬਚਨ ਦਾ ‘ਹਿੰਦੂ ਰਾਸ਼ਟਰ ਦਾ ਅਵਚੇਤਨ ਤੇ ਪੰਜਾਬੀ’ ਅਤੇ ਗੁਰਭਗਤ ਸਿੰਘ ਦਾ ‘ਪੰਜਾਬ, ਪੰਜਾਬੀ ਸਭਿਆਚਾਰ ਦੀ ਮੌਲਿਕਤਾ’ ਲੇਖ ਉਨ੍ਹਾਂ ‘ਪੰਜਾਬ ਟਾਈਮਜ਼’ ਵਿਚ ਪ੍ਰਕਾਸ਼ਤ ਕੀਤੇ ਜਿਨ੍ਹਾਂ ਨੂੰ ਇਸ ਪੁਸਤਕ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੁਰਿੰਦਰ ਸਿੰਘ ਤੇਜ ਅਤੇ ਗੁਰਦਿਆਲ ਸਿੰਘ ਬਲ ਨੇ ਹੋਰ ਵੀ ਇਕ ਦਰਜਨ ਲੇਖ ਸ਼ਾਮਲ ਕੀਤੇ ਹਨ।
ਪੁਸਤਕ ਦੱਸਦੀ ਹੈ ਕਿ ਅਮੋਲਕ ਸਿੰਘ ਜੰਮੂ ਦੇ ਬਿਹਤਰੀਨ ਇਨਸਾਨ, ਪੱਤਰਕਾਰ ਅਤੇ ਸੁਜੱਗ ਸੰਪਾਦਕ ਸਨ।