ਸ਼ਹੀਦ ਊਧਮ ਸਿੰਘ ਮੈਮੋਰੀਅਲ ਸਕੂਲ ਤੇ ਲਾਇਬ੍ਰੇਰੀ

ਗੁਲਜ਼ਾਰ ਸਿੰਘ ਸੰਧੂ
ਮੈਨੂੰ ਆਪਣੀ ਅੰਮ੍ਰਿਤਸਰ ਦੀ ਸੱਜਰੀ ਫੇਰੀ ਸਮੇਂ ਉਥੋਂ ਦੇ ਖਾਲਸਾ ਯਤੀਮਖਾਨਾ ਵਿਚ ਸ਼ਹੀਦ ਊਧਮ ਸਿੰਘ ਯਾਦਗਾਰੀ ਸਕੂਲ ਤੇ ਲਾਇਬ੍ਰੇਰੀ ਵੇਖਣ ਦਾ ਮੌਕਾ ਮਿਲਿਆ। ਏਸ ਸਕੂਲ ਵਿਚ ਅਕਾਦਮਿਕ ਤੇ ਵਿਹਾਰਕ ਸਿੱਖਿਆ ਤੋਂ ਬਿਨਾਂ ਕੰਪਿਊਟਰ ਸਿੱਖਿਆ ਦੇਣ ਦਾ ਯੋਗ ਪ੍ਰਬੰਧ ਹੈ। ਇਸ ਲਾਇਬ੍ਰੇਰੀ ਵਿਚ 15000 ਪੁਸਤਕਾਂ ਹਨ ਜਿਨ੍ਹਾਂ ਦੀ ਵਰਤੋਂ ਕਰ ਕੇ ਬੱਚੇ ਖ਼ੁਸ਼ ਹੰੁਦੇ ਹਨ।

ਚੇਤੇ ਰਹੇ ਕਿ ਇਹ ਯਤੀਮਖਾਨਾ 1904 ਵਿਚ ਚੀਫ ਖਾਲਸਾ ਦੀਵਾਨ ਵਲੋਂ ਸਥਾਪਤ ਕੀਤਾ ਗਿਆ ਸੀ, ਜਿਸ ਵਿਚ 1907 ਤੋਂ 1919 ਤਕ ਊਧਮ ਸਿੰਘ ਦਾ ਪਾਲਣ ਪੋਸ਼ਣ ਹੋਇਆ। ਏਥੋਂ ਦੀ ਗੁੜ੍ਹਤੀ ਸਦਕਾ ਹੀ ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਦਾ ਬਦਲਾ ਲਿਆ ਸੀ, ਜਿਸ ਨੇ ਉਸਨੂੰ ਅਮਰ ਸ਼ਹੀਦ ਦੀ ਪਦਵੀ ਦਿਵਾਈ।
ਇਸ ਯਤੀਮਖਾਨੇ ਦੇ ਹੋਂਦ ਵਿਚ ਆਉਣ ਦਾ ਕਿੱਸਾ ਵੀ ਘੱਟ ਰੌਚਕ ਨਹੀਂ। ਹੋਇਆ ਇੰਜ ਕਿ ਜਦੋਂ 1904 ਵਿਚ ਦੀਵਾਨ ਦਾ ਇਕ ਮੋਢੀ ਮੈਂਬਰ ਹਰਬੰਸ ਸਿੰਘ ਸਿੰਧ (ਪਾਕਿਸਤਾਨ) ਗਿਆ ਤਾਂ ਉਥੇ ਉਸਨੂੰ ਇਕ ਲਾਵਾਰਸ ਬੱਚਾ ਨਜ਼ਰੀਂ ਪਿਆ ਤੇ ਉਹ ਬੱਚੇ ਨੂੰ ਅੰਮ੍ਰਿਤਸਰ ਲੈ ਆਇਆ ਜਿਸ ਦੇ ਪਾਲਣ-ਪੋਸ਼ਣ ਤੋਂ ਪੈਦਾ ਹੋਈ ਸਿੱਖੀ ਭਾਵਨਾ ਸਦਕਾ ਹੀ ਇਸ ਯਤੀਮਖਾਨੇ ਦੀ ਸਥਾਪਨਾ ਹੋਈ, ਜਿੱਥੇ ਅੱਜ 350 ਬੱਚੇ ਪਰਵਰਿਸ਼ ਹਾਸਲ ਕਰ ਰਹੇ ਹਨ। ਇਨ੍ਹਾਂ ਦੀ ਰਿਹਾਇਸ਼ ਲਈ 60 ਹਵਾਦਾਰ ਕਮਰੇ, ਸ੍ਰੀ ਗੁਰੂ ਗੋਬਿੰਦ ਸਿੰਘ ਬਾਲ ਭਵਨ ਤੇ ਖੇਡਣ ਲਈ ਸਟੇਡੀਅਮ ਹੈ। ਭਵਨ ਵਿਚ ਡੀਪ ਫਰੀਜ਼ਰ ਤੇ ਵਾਟਰ ਕੂਲਰ ਦੀਆਂ ਸਹੂਲਤਾਂ ਹਨ ਤੇ ਸਟੇਡੀਅਮ ਵਿਚ 200 ਮੀਟਰ ਦਾ ਟਰੈਕ ਹੀ ਨਹੀਂ ਬਾਸਕਟਬਾਲ, ਹੈਂਡਬਾਲ, ਵਾਲੀਬਾਲ ਤੇ ਬੈਡਮਿੰਟਨ ਦੇ ਮੈਦਾਨ ਹਨ।
ਏਸੇ ਤਰ੍ਹਾਂ ਏਥੇ 1979 ਵਿਚ ਸਥਾਪਤ ਹੋਏ ਭਾਈ ਵੀਰ ਸਿੰਘ ਗੁਰਮਤਿ ਕਾਲਜ ਵਿਚ ਸ਼ਬਦ ਕੀਰਤਨ, ਤਬਲਾ, ਹਾਰਮੋਨੀਅਮ, ਦਿਲਰੁਬਾ, ਤਾਨਪੁਰਾ ਦੀ ਸਿਖਲਾਈ ਦੇ ਨਾਲ ਨਾਲ ਤਿੰਨ ਸਾਲਾ ਗੁਰਮਤਿ ਕੋਰਸ ਕਰਾਇਆ ਜਾਂਦਾ ਹੈ।
ਆਸ਼ਰਮ ਦੇ ਆਧੁਨਿਕ ਸਹੂਲਤਾਂ ਵਾਲੇ ਗੈਸਟ ਹਾਊਸ ਦਾ ਨਾਂ ਭਾਈ ਵੀਰ ਸਿੰਘ ਦੇ ਨਾਂ ਉੱਤੇ ਹੈ ਤੇ ਰਿਹਾਇਸ਼ੀ ਬਲਾਕ ਭਾਈ ਘਨੱਈਆ ਦੇ ਨਾਂ ਵਾਲਾ। ਵਿਦਿਆਰਥੀਆਂ ਨੂੰ ਗੁਰ-ਮਰਯਾਦਾ ਨਾਲ ਜੋੜਨ ਲਈ ਏਸ ਕੰਪਲੈਕਸ ਵਿਚ ਗੁਰਦੁਆਰਾ ਸਾਹਿਬ ਵੀ ਹੈ ਤੇ ਅੱਠ ਨੁੱਕਰਾਂ ਵਾਲਾ ਨਾਮ ਸਿਮਰਨ ਕੇਂਦਰ ਵੀ।
ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਇਸ ਆਸ਼ਰਮ ਵਿਚ ਸਿੱਖਿਆ ਪ੍ਰਾਪਤ ਕਰ ਚੁੱਕੀਆਂ ਹਸਤੀਆਂ ਵਿਚ ਅੰਤਰ-ਰਾਸ਼ਟਰੀ ਪ੍ਰਸਿੱਧੀ ਵਾਲੇ ਕੀਰਤਨੀਏ, ਸੰਗੀਤਕਾਰ, ਸਾਹਿਤਕਾਰ ਤੇ ਸੈਨਿਕ ਸ਼ਾਮਲ ਹਨ।
ਭਾਈ ਸੰਤਾ ਸਿੰਘ, ਭਾਈ ਸਮੰੁਦ ਸਿੰਘ, ਭਾਈ ਗੋਪਾਲ ਸਿੰਘ, ਭਾਈ ਗੁਰਮੇਜ ਸਿੰਘ, ਪ੍ਰਿੰਸੀਪਲ ਐਸ. ਐਸ. ਅਮੋਲ ਤੇ ਮੇਜਰ ਜਨਰਲ ਸੁਬੇਗ ਸਿੰਘ ਵਰਗੇ ਮਹਾਰਥੀ ਏਥੋਂ ਦੀ ਪੈਦਾਵਾਰ ਹਨ। ਇਸ ਦੀ ਉੱਤਮਤਾਈ ਏਨੀ ਪ੍ਰਸਿੱਧ ਹੈ ਕਿ ਸੱਤ ਸਮੰੁਦਰ ਪਾਰ ਦੇ ਦਾਨੀ ਸਮੇਂ ਸਮੇਂ ਆਪਣੀ ਦਸਾਂ ਨਹੁੰਆਂ ਦੀ ਕਮਾਈ ਵਿਚੋਂ ਇਹਦੇ ਲਈ ਮਾਇਕ ਸਹਾਇਤਾ ਦਿੰਦੇ ਰਹਿੰਦੇ ਹਨ।
ਅਜਿਹੇ ਆਸ਼ਰਮ ਨੂੰ ਸੁਚੱਜੇ ਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਨੇਕ ਦਿਲ, ਵਿਦਵਾਨ ਤੇ ਇਮਾਨਦਾਰ ਪ੍ਰਬੰਧਕਾਂ ਦੀ ਲੋੜ ਹੰੁਦੀ ਹੈ। ਸ਼ੁਰੂ ਤੋਂ ਹੁਣ ਤਕ ਅਜਿਹਾ ਯੋਗਦਾਨ ਪਾਉਣ ਵਾਲੇ ਮਹਾਪੁਰਖਾਂ ਵਿਚ ਸ. ਸੰੁਦਰ ਸਿੰਘ ਮਜੀਠੀਆ, ਸ. ਹਰਬੰਸ ਸਿੰਘ ਅਟਾਰੀ, ਦੀਵਾਨ ਕ੍ਰਿਸ਼ਨ ਸਿੰਘ ਸੋਢੀ, ਸ. ਸੰਤ ਸਿੰਘ ਆਦਿ ਕਈ ਹਸਤੀਆਂ ਸ਼ਾਮਲ ਹਨ, ਜਿਨ੍ਹਾਂ ਨੇ ਸ਼ਹੀਦ ਊਧਮ ਸਿੰਘ ਦੀ ਭਾਵਨਾ ਉੱਤੇ ਫੁੱਲ ਚੜ੍ਹਾਏ ਹਨ। ਮੇਰੇ ਨਿੱਜ ਨੂੰ ਏਸ ਗੱਲ ਦੀ ਖ਼ੁਸ਼ੀ ਹੈ ਕਿ ਮੇਰਾ ਮਿੱਤਰ ਡਾ. ਐਸ. ਐਸ. ਛੀਨਾ ਇਸ ਵਧੀਆ ਧਾਰਨਾ ਵਾਲੀ ਸੰਸਥਾ ਨੂੰ ਆਨਰੇਰੀ ਸੇਵਾ ਪ੍ਰਦਾਨ ਕਰਦਾ ਰਿਹਾ ਤੇ ਕਰ ਰਿਹਾ ਹੈ।
ਅਕਾਲੀ ਨੇਤਾ ਆਤਮਾ ਸਿੰਘ ਨੂੰ ਚੇਤੇ ਕਰਦਿਆਂ
27 ਮਈ ਨੂੰ ਅਕਾਲੀ ਨੇਤਾ ਆਤਮਾ ਸਿੰਘ ਨੂੰ ਫਾਨੀ ਸੰਸਾਰ ਤੋਂ ਕੂਚ ਕੀਤਿਆਂ 25 ਸਾਲ ਹੋ ਗਏ ਹਨ। ਮੇਰੀ ਉਨ੍ਹਾਂ ਨਾਲ ਸਿੱਧੀ ਮਿਲਣੀ ਤਾਂ ਨਹੀਂ ਹੋਈ ਪਰ ਮੈਂ ਉਨ੍ਹਾਂ ਨੂੰ ਨੇੜਿਓਂ ਜਾਨਣ ਵਾਲੇ ਤਰਲੋਚਨ ਸਿੰਘ, ਹਰਵਿੰਦਰ ਸਿੰਘ ਖਾਲਸਾ ਤੇ ਉਨ੍ਹਾਂ ਦੀ ਬੇਟੀ ਉਪਿੰਦਰਜੀਤ ਕੌਰ ਨੂੰ ਜਾਣਦਾ ਹਾਂ। ਉਪਿੰਦਰਜੀਤ ਪੰਜਾਬੀ ਯੂਨੀਵਰਸਟੀ ਪਟਿਆਲਾ ਵਿਚ ਪੜ੍ਹਾਉਂਦੀ ਰਹੀ ਹੈ ਜਿਥੇ ਹਰਵਿੰਦਰ ਖਾਲਸਾ ਉਨ੍ਹਾਂ ਕੋਲੋਂ ਪੜ੍ਹਦਾ ਰਿਹਾ ਹੈ। ਤਰਲੋਚਨ ਸਿੰਘ ਨੇ ਉਨ੍ਹਾਂ ਨਾਲ 1953 ਵਿਚ 36 ਦਿਨ ਬਸੀ ਪਠਾਣਾ ਦੀ ਪੁਰਾਣੀ ਜੇਲ੍ਹ ਦੇ ਇਕ ਕਮਰੇ ਵਿਚ ਕੈਦ ਕੱਟੀ ਸੀ। ਕਾਰਨ ਇਹ ਕਿ ਤਤਕਾਲੀ ਕੇਂਦਰ ਸਰਕਾਰ ਪੰਥ ਦੀਆਂ ਕੁਝ ਮੰਗਾਂ ਨਹੀਂ ਸੀ ਮੰਨ ਰਹੀ ਤੇ ਪੈਪਸੂ ਅਕਾਲੀ ਦਲ ਦੇ ਸਾਰੇ ਮੈਂਬਰ ਪੰਡਤ ਨਹਿਰੂ ਨਾਲ ਸਖਤ ਨਾਰਾਜ਼ ਸਨ। ਫੇਰ ਜਦੋਂ ਪੰਡਤ ਨਹਿਰੂ ਨੇ ਫਤਹਿਗੜ੍ਹ ਸਾਹਿਬ ਆ ਕੇ ਆਪਣੀ ਮਜਬੂਰੀ ਦੱਸਣ ਦਾ ਐਲਾਨ ਕੀਤਾ ਤਾਂ ਅਕਾਲੀ ਨੌਜਵਾਨਾਂ ਨੇ ਪੰਡਤ ਨਹਿਰੂ ਨੂੰ ਬੋਲਣ ਹੀ ਨਹੀਂ ਦਿੱਤਾ ਤੇ ਉਹ ਜੀਪ ਵਿਚ ਬੈਠ ਕੇ ਵਾਪਸ ਚਲੇ ਗਏ ਸਨ। ਇਸ ਜੁਰਮ ਹੇਠ ਇਨ੍ਹਾਂ ਨੌਜਵਾਨਾਂ ਨੂੰ ਸਵਾ ਮਹੀਨਾ ਜੇਲ੍ਹ ਕੱਟਣੀ ਪਈ ਸੀ। ਇਨ੍ਹਾਂ ਵਿਚ ਆਤਮਾ ਸਿੰਘ ਤੇ ਤਰਲੋਚਨ ਸਿੰਘ ਦਿੲਲੀ ਵੀ ਸ਼ਾਮਲ ਸਨ। 1975 ਦੀ ਐਮਰਜੈਂਸੀ ਸਮੇਂ 19 ਮਹੀਨੇ ਜੇਲ੍ਹ ਕੲਟਣ ਵਾਲਿਆਂ ਵਿਚ ਵੀ ਆਤਮਾ ਸਿੰਘ ਸਭ ਤੋਂ ਪ੍ਰਮੁੱਖ ਸੀ।
28 ਜਨਵਰੀ 1912 ਨੂੰ ਕਿਲ੍ਹਾ ਸ਼ਿਵਦੇਵ ਸਿੰਘ ਜ਼ਿਲ੍ਹਾ ਸ਼ੇਖੂਪੁਰਾ (ਪਾਕਿਸਤਾਨ) ਵਿਚ ਜਨਮੇ ਆਤਮਾ ਸਿੰਘ ਨੇ ਰੋਜ਼ੀ ਰੋਟੀ ਲਈ ਖਾਲਸਾ ਹਾਈ ਸਕੂਲ ਨਨਕਾਣਾ ਸਾਹਿਬ ਵਿਚ ਪੜ੍ਹਾਇਆ ਤੇ ਏਧਰ ਆ ਕੇ ਪੰਜਾਬੀ ਭਾਈਚਾਰੇ ਲਈ ਕਪੂਰਥਲਾ ਵਿਖੇ ਉੱਚ ਵਿਦਿਅਕ ਸੰਸਥਾਵਾਂ ਦੀ ਸਥਾਪਨਾ ਕਰਵਾਈ। ਬੰਬਈ ਵਿਖੇ 1937 ਰੂਹ-ਏ-ਰਵਾਂ ਵੀ ਆਤਮਾ ਸਿੰਘ ਹੀ ਸਨ। ਦੇਸ਼ ਵੰਡ ਦੇ ਹਨੇਰੇ ਕਾਲ ਵਿਚ ਚਾਲੀ ਖਾਲੀ ਬੱਸਾਂ ਤੇ ਟਰੱਕਾਂ ਦਾ ਪ੍ਰਬੰਧ ਕਰ ਕੇ ਪਾਕਿਸਤਾਨ ਦੇ ਹਿੰਦੂ-ਸਿੱਖ ਭਾਈਚਾਰੇ ਨੂੰ ਏਧਰ ਲਿਆਉਣ ਵਾਲੇ ਵੀ ਉਹੀਓ ਸਨ। ਉਨ੍ਹਾਂ ਦੀ ਦਲੇਰੀ ਤੇ ਦ੍ਰਿੜ੍ਹਤਾ ਦਾ ਕੋਈ ਜਵਾਬ ਨਹੀਂ ਸੀ।
ਚੇਤੇ ਰਹੇ ਕਿ ਆਪਣੀ ਈਮਾਨਦਾਰੀ, ਸਲੀਕੇ ਤੇ ਸਿਦਕ ਸਦਕਾ ਆਤਮਾ ਸਿੰਘ ਕਪੂਰਥਲਾ ਤੋਂ ਪੰਜ ਵਾਰ ਵਿਧਾਇਕ ਚੁਣ ਗਏ ਅਤੇ 1969 ਵਿਚ ਮਾਲ ਮੰਤਰੀ ਪੰਜਾਬ ਤੇ 1977 ਵਿਚ ਵਿਕਾਸ ਮੰਤਰੀ ਪੰਜਾਬ ਰਹੇ। ਮੈਂ ਉਨ੍ਹਾਂ ਦੀ ਸਪੁੱਤਰੀ ਬੀਬੀ ਉਪਿੰਦਰਜੀਤ ਕੌਰ ਨੂੰ ਨੇੜਿਓਂ ਜਾਣਿਆ ਹੈ, ਜਿਸ ਵਿਚ ਆਪਣੇ ਪਿਤਾ ਵਾਲੇ ਗੁਣ ਹਨ। ਉਸ ਨੇ ਖੁਦ ਵੀ ਪੰਜਾਬ ਮੰਤਰੀ ਮੰਡਲ ਵਿਚ ਪਹਿਲਾਂ ਤਕਨੀਕੀ ਸਿੱਖਿਆ, ਕਲਚਰ, ਸ਼ਹਿਰੀ ਵਿਕਾਸ ਅਤੇ ਫਿਰ ਸਿੱਖਿਆ, ਸਿਵਿਲ ਏਵੀਏਸ਼ਨ ਅਤੇ ਵਿਜੀਲੈਂਸ ਅਤੇ ਨਿਆਂ ਅਤੇ 2010 ਵਿਚ ਪੰਜਾਬ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਨਿਭਾਈ ਹੈ।
ਮੇਰੇ ਮਿੱਤਰ ਹਰਵਿੰਦਰ ਸਿੰਘ ਖਾਲਸਾ ਨੇ ਉਨ੍ਹਾਂ ਬਾਰੇ ‘ਅਨੋਖਾ ਅਕਾਲੀ ਯੋਧਾ ਸ. ਆਤਮਾ ਸਿੰਘ’ (ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ, ਪੰਨੇ 164, ਮੁੱਲ 750 ਰੁ.) ਸਚਿੱਤਰ ਪੁਸਤਕ ਛਪਵਾ ਕੇ ਚੰਗੇ ਅਕਾਲੀ ਨੇਤਾ ਨੂੰ ਮੁੜ ਚੇਤੇ ਕਰਵਾਇਆ ਹੈ। ਸਵਾਗਤ ਹੈ।
ਅੰਤਿਕਾ
ਸੁਰਿੰਦਰ ਸੋਹਲ
ਬਿਰਖ ਦਾ ਤਾਂ ਧਰਮ ਹੈ
ਹਰ ਹਾਲ ਵਿਚ ਵੰਡਣਾ ਸਕੂਨ
ਛਾਂ ’ਚ ਬਹਿ, ਜਾਂ ਸੇਕ ਲੈ,
ਜਾਂ ਫਿਰ ਬਣਾ ਇਸਦਾ ਰਬਾਬ।