ਸਿ਼ਵਚਰਨ ਜੱਗੀ ਕੁੱਸਾ
ਲਓ ਜੀ, ਸਾਡੇ ਨੇੜੇ ਤੇੜੇ ਹੀ ਪਿੰਡ ਸਲਾਵਤਪੁਰਾ ਵਿਖੇ ‘ਰੂਹਾਨੀ ਜਾਮ’ ਪਿਲਾਉਣ ਕਰਕੇ ਸਿਰਸੇ ਵਾਲੇ ਬਾਬੇ ਦਾ ਵਿਵਾਦ ਸਾਰੇ ਪੰਜਾਬ ਵਿਚ ਜੰਗਲ ਦੀ ਅੱਗ ਵਾਂਗੂੰ ਫ਼ੈਲਿਆ, ਤਾਂ ਸੈਂਟਰ ਗੌਰਮਿੰਟ ਤੋਂ ਲੈ ਕੇ ਪੰਜਾਬ ਗੌਰਮਿੰਟ ਤੱਕ ਸਾਰਿਆਂ ਨੂੰ ਪੰਜਾਬ ਦੇ ਹਾਲਾਤਾਂ ਦਾ ਫਿਕਰ ਪੈ ਗਿਆ। ਪੈਣਾਂ ਹੀ ਸੀ! ਅੱਗੇ ਹੀ ਵਿਚਾਰੇ ਪੰਜਾਬ ਨੇ ਦਸ-ਪੰਦਰਾਂ ਸਾਲ ਸੰਤਾਪ ਪਿੰਡੇ ‘ਤੇ ਹੰਢਾਇਆ ਹੈ।
ਇੱਕ ਪੰਜਾਬ ਦੇ ਹਾਲਾਤ ਸ਼ੂਗਰ ਦੇ ਮਰੀਜ਼ ਦੀ ਹਾਲਤ ਵਾਂਗੂੰ ਵਿਗੜਦੇ ਵੀ ਬੜੇ ਛੇਤੀ ਹਨ! ਆਮ ਤਾਂ ਗੌਰਮਿੰਟ ਨੂੰ ਪੰਜਾਬ ਦਾ ਬਹੁਤਾ ਕੋਈ ਫਿਕਰ ਨਹੀਂ ਰਹਿੰਦਾ, ਜਿਵੇਂ ਆਦੀ ਹੋਏ ਮਾਪਿਆਂ ਨੂੰ ‘ਵੈਲੀ ਪੁੱਤ’ ਦਾ ਬਹੁਤਾ ਝੋਰਾ ਨਹੀਂ ਹੁੰਦਾ, ਪਰ ਐਤਕੀਂ ਮਸਲਾ ਸਿਰਸੇ ਵਾਲੇ ਬਾਬੇ ਨਾਲ ਜੁੜਿਆ ਹੋਣ ਕਰਕੇ ਸਰਕਾਰ ਵੀ, ਸੱਪ ਨੂੰ ਦੇਖ ਕੇ ਚਿੜੀ ਦੇ ਪਿੱਟ ਸਿਆਪਾ ਕਰਨ ਵਾਂਗ, ਮਿੰਟਾਂ ਵਿਚ ਸੁਚੇਤ ਹੋ ਗਈ। ਸਰਕਾਰ ਨੂੰ ਆਪਣਾ ਵੀ ਫਿਕਰ ਸੀ, ਕਿ ਜੇ ਸਾਥੋਂ ਪੰਜਾਬ ਦੇ ਹਾਲਾਤ ਨਾ ਸੰਭਲੇ, ਤਾਂ ਪੰਜਾਬ ਵਿਚ ਗਵਰਨਰੀ ਰਾਜ ਹੋ ਸਕਦੈ ਅਤੇ ਸਾਡੀ ਰਾਜ-ਗੱਦੀ ਜਾ ਸਕਦੀ ਹੈ। ਇਸੇ ਕਰਕੇ ਤਾਂ ਵਿਚਾਰੇ ਮੰਤਰੀ ਸਾਹਿਬ ਦੇ ਪੁੱਤਰ ਨੇ ਦਿਨ-ਰਾਤ ਇੱਕ ਕਰੀ ਰੱਖੀ ਕਿ ਬਾਪੂ ਜੀ ਦੀ ਕੁਰਸੀ ਨਾ ਚਲੀ ਜਾਵੇ! ਕਿੱਡਾ ਸਲੱਗ ਪੁੱਤ ਹੈ। ਰੱਬ ਐਹੋ ਜਿਹੇ ਪੁੱਤ ਘਰ-ਘਰ ਦੇਵੇ! ਕਿੰਨਾਂ ਖਿਆਲ ਕਰਦੈ ਉਹ ਆਪਣੇ ਬਾਪੂ ਜੀ ਦਾ! ਬਿਰਧ ਜੂ ਨੇ? ਕਾਕਾ ਜੀ ਵੀ ਕੀ ਕਰਨ…?
ਇਸ ਦੇ ਨਾਲ ਨਾਲ ਮੈਨੂੰ ਸ. ਬਲਵੰਤ ਸਿੰਘ ਰਾਮੂਵਾਲੀਏ ਦੀ ਗੱਲ ਯਾਦ ਆ ਗਈ, ਲਓ ਉਹ ਵੀ ਸੁਣ ਲਓ! ਉਸ ਦਾ ਕਹਿਣਾ ਹੈ ਕਿ ਜੇ ਕਿਸੇ ਕੁੜੀ ਦੇ ਜੁਆਕ ਹੋਵੇ, ਜਣੇਪਾ ਕਿਸੇ ਕਾਰਨ ਸਹੁਰੀਂ ਹੋਇਆ ਹੋਵੇ, ਤਾਂ ਉਹ ਸਵਾ ਮਹੀਨੇ ਬਾਅਦ ਆਪਣਾ ਨਵ-ਜੰਮਿਆਂ ਬਾਲ ਲੈ ਕੇ ਪੇਕੀਂ ‘ਦਿਖਾਉਣ’ ਜਾਂਦੀ ਐ। ਮੋਹ-ਵੈਰਾਗ ‘ਚ ਆਇਆ ਉਸ ਕੁੜੀ ਦਾ ਸੱਤਰ ਸਾਲਾ ਬਾਪੂ ਆਖਦੈ, ‘ਲਿਆ ਕੁੜੀਏ, ਮੈਨੂੰ ਫੜਾ ਦੋਹਤੇ ਨੂੰ, ਮੈਂ ਇਹਦਾ ਸਿਰ ਪਲੋਸਾਂ ਤੇ ਪਿਆਰ ਦੇਵਾਂ…!’ ਤਾਂ ਡਰਦੀ ਕੁੜੀ ਅੱਗਿਓਂ ਕਹਿੰਦੀ ਐ, ‘ਨਹੀਂ ਬਾਪੂ…! ਤੂੰ ਸੱਤਰਾ-ਬਹੱਤਰਾ ਹੋਇਆ ਪਿਐਂ, ਜੁਆਕ ਨੂੰ ਸਿੱਟਦੇਂਗਾ…! ਜੇ ਤੂੰ ਇੱਕ ਅੱਧਾ ਰੁਪਈਆ ਦੇਣੈਂ ਸ਼ਗਨ ਦਾ, ਤਾਂ ਮੈਨੂੰ ਊਂਈ ਫੜਾ ਦੇਹ…! ਮੈਂ ਨ੍ਹੀ ਫੜਾਉਂਦੀ ਮੁੰਡਾ ਤੈਨੂੰ…! ਡਰ ਲੱਗਦੈ…! ਕੋਈ ਸੱਟ ਫ਼ੇਟ ਲੱਗਜੂ ਜੁਆਕ ਦੇ …! ਜੇ ਕੋਈ ਬੱਜ ਪੈ ਗਈ, ਫੇਰ ਕੀਹਦੀ ਮਾਂ ਨੂੰ ਮਾਸੀ ਆਖਾਂਗੇ…?’ ਕੁੜੀ ਆਪਦਾ ਜੁਆਕ ਸੱਤਰ ਸਾਲਾ ਸਕੇ ਪਿਉ ਨੂੰ ਨਹੀਂ ਫੜਾਉਂਦੀ। ਤੇ ਸਾਡੇ ਪੰਜਾਬੀ ਐਡੇ ਦਰਿਆ ਦਿਲ ਨੇ ਕਿ ਪੂਰੇ ਦਾ ਪੂਰਾ ਪੰਜਾਬ ਹੀ ਨੱਬੇ ਸਾਲਾਂ ਦੇ ਮੰਤਰੀ ਸਾਹਿਬ ਦੇ ਹੱਥ ਫੜਾ ਦਿੱਤਾ…! ਪੰਜਾਬ ਖਾਵੇ ਖਸਮਾਂ ਨੂੰ! ਪਰ ਉਹ ਇਸ ਨੂੰ ਕਿਵੇਂ ਸਾਂਭੇ?
ਚੰਗੇ ਭਾਗ ਸੀ ਮੰਤਰੀ ਸਾਹਿਬ ਦੇ ਕਿ ਸਿਰਸੇ ਵਾਲੇ ਬਾਬੇ ਨੇ ‘ਰੂਹਾਨੀ ਜਾਮ’ ਪਿਲਾਉਣਾਂ ਸੀ ਅਤੇ ਮੰਤਰੀ ਸਾਹਿਬ ਦਾ ਵਕਤੀ ਤੌਰ ‘ਤੇ ਆਟੇ ਅਤੇ ਦਾਲ ਵਾਲੇ ਸ਼ੋਸ਼ੇ ਵੱਲੋਂ ਖਹਿੜ੍ਹਾ ਛੁੱਟਣਾ ਸੀ। ਮੰਤਰੀ ਸਾਹਿਬ ਨੂੰ ਤਾਂ ਸਿਰਸੇ ਵਾਲੇ ਸਾਧ ਦਾ ਧੰਨਵਾਦੀ ਹੋਣਾ ਚਾਹੀਦਾ ਹੈ! ਮੰਤਰੀ ਸਾਹਿਬ ਇਸ ਬਾਬੇ ਦੀ ਗ੍ਰਿਫ਼ਤਾਰੀ ਦੀ ਹਮਾਇਤ ਕਿਵੇਂ ਕਰਨ? ਜਾਂ ਕਿਉਂ ਕਰਨ? ਉਨ੍ਹਾਂ ਦਾ ਦਿਮਾਗ ਫਿਰਿਐ? ਮੰਤਰੀ ਸਾਹਿਬ ਨੂੰ ਤਾਂ ਸਿਰਸੇ ਵਾਲਾ ਬਾਬਾ ਇੱਕ ‘ਵਰਦਾਨ’ ਬਣ ਕੇ ਮਿਲਿਆ ਸੀ। ਮੰਤਰੀ ਸਾਹਿਬ ਦੇ ਮੋਢੇ ਨਾਲ ਮੋਢਾ ਡਾਹ ਕੇ ਉਨ੍ਹਾਂ ਦੇ ਪੁੱਤਰ ਜੀ ਵੀ ਸਾਥ ਦੇ ਰਹੇ ਸਨ। ਬੜਾ ਸਿਆਣਾ ਬਰਖ਼ੁਰਦਾਰ ਹੈ!
ਖ਼ੈਰ, ਗੱਲ ਚੱਲਦੀ ਸੀ ਡੇਰਾ ਵਾਦ-ਵਿਵਾਦ ਦੀ! ਲਓ ਜੀ, ਅਸੀਂ ਵੀ ਪੰਜਾਬੀ ਹਾਂ ਅਤੇ ਸਾਨੂੰ ਪੰਜਾਬ ਦਾ ਦਰਦ ਆਉਣਾ ਇੱਕ ਕੁਦਰਤੀ ਗੱਲ ਹੈ। ਅਸੀਂ ਪੰਜਾਬ ਦਾ ਖਾਨੇ ਐਂ, ਪੰਜਾਬ ‘ਚ ਵਸਦੇ ਐਂ, ਤੇ ਫੇਰ ਪੰਜਾਬ ਦਾ ਖਾ ਕੇ ਅਸੀਂ ਪੰਜਾਬ ਨੂੰ ਈ ‘ਹਲਾਲ’ ਕਰਨੈਂ! ਨਹੀਂ ਯਾਰ, ਮੇਰੇ ਮੂੰਹੋਂ ਨਿਕਲ ਗਿਆ! ‘ਹਲਾਲ’ ਤਾਂ ਆਪਣੇ ਮੰਤਰੀ-ਛੰਤਰੀ ਕਰਦੇ ਐ, ਅਸੀਂ ਤਾਂ ਪੰਜਾਬ ਦਾ ਭਲਾ ਸੋਚਣੈਂ? ਜਦੋਂ ਪੰਜਾਬ ਵਿਚ ਸਿਰਸੇ ਵਾਲੇ ਬਾਬੇ ਬਾਰੇ ਹਾਹਾਕਾਰ ਮੱਚੀ, ਤਾਂ ਸਾਡਾ ਦਿਲ ਵੀ ਬਲੱਡ ਪ੍ਰੈਸ਼ਰ ਦੇ ਮਰੀਜ਼ ਮਾਂਗੂੰ ‘ਖੜ੍ਹਬੜ੍ਹ-ਖੜ੍ਹਬੜ੍ਹ’ ਕਰਦਾ, ਡੁਬਕੀਆਂ ਲਾਉਣ ਲੱਗ ਪਿਆ! ਕਦੇ ਘਟਣ ਲੱਗ ਪਿਆ ਕਰੇ ਅਤੇ ਕਦੇ ਬੜ੍ਹਕਾਂ ਜਿਹੀਆਂ ਮਾਰਨ ਲੱਗ ਜਾਇਆ ਕਰੇ! ਦਿਲ ਦੇ ਹਾਲਾਤ ਖਤਰਨਾਕ ‘ਬਾਡਰ’ ‘ਤੇ ਪਹੁੰਚ ਗਏ! ਅਸੀਂ ਵੀ ਆਪਣੇ ‘ਡਮਾਕ’ ਨੂੰ ਪੁਰਾਣੇ ਰੇਡੀਓ ਵਾਂਗੂੰ ਧੱਫ਼ਾ ਜਿਹਾ ਮਾਰਿਆ ਕਿ ਕੀ ਐ, ਇਹਦੀ ਵੀ ਕੋਈ ਤਾਰ ਜੁੜ ਜਾਵੇ ਅਤੇ ਇਸ ਨੂੰ ਹੀ ਕੋਈ ਪੰਜਾਬ ਦਾ ਹੱਲ ਸੁੱਝ ਜਾਵੇ…?
ਲੈ ਬਈ, ਸਦਕੇ ਸਾਡੇ ‘ਲੈਕ’ ਡਮਾਕ ਦੇ! ‘ਘਿਰੜ੍ਹ-ਘਿਰੜ੍ਹ’ ਕਰਦੇ ਡਮਾਕ ਦੀ ਧੱਫਾ ਜਿਹਾ ਮਾਰਨ ਨਾਲ ਕੋਈ ਤਾਰ ਜੁੜ ਗਈ ਅਤੇ ਇਸ ਨੇ ਵੀ ਇੱਕ ਸਟੇਸ਼ਨ ਫੜ ਲਿਆ ਅਤੇ ਫ਼ੁਰਨੇ ਨੂੰ ਜੱਫਾ ਜਾ ਮਾਰਿਆ! ਫ਼ੁਰਨਾ ਵੀ ਕੀ…? ਬਹੁਤ ਹੀ ਤੱਤਾ ਅਤੇ ਢੁਕਵਾਂ, ਸਿਰੇ ਦਾ…! ਲਓ ਜੀ ਅਸੀਂ ਟਿੰਡ-ਫ਼ੌਹੜੀ ਚੱਕੀ ਅਤੇ ਪਿੰਡ ਦੇ ਕਾਮਰੇਡ ਲਾਵਾ ਸਿੰਘ ਕੋਲ ਚਲੇ ਗਏ। ਸੀ ਤਾਂ ਲਾਵਾ ਸਿੰਘ ਅਨਪੜ੍ਹ, ਪਰ ਸਾਡੇ ਲਈ ਸੋਨੇ ਦੀ ਇੱਕ ‘ਖਾਣ’ ਸੀ। ਬੜਾ ਸਾਡੇ ਅੜੇ-ਥੁੜੇ ਕੰਮ ਆਉਂਦਾ ਸੀ। ਅਸੀਂ ਸਾਰੀ ਗੱਲ ਉਸ ਨੂੰ ਜਾ ਦੱਸੀ। ਲਾਵਾ ਸਿੰਘ ਵੀ ਸੋਚਾਂ ਦੇ ਘਨ੍ਹੇੜ੍ਹੀਂ ਚੜ੍ਹਿਆ ਆਪਣੇ ਸੋਚ-ਸਮੁੰਦਰ ਵਿਚ ਜਾ ਡਿੱਗਿਆ। ਕਾਮਰੇਡ ਦੇ ਘਰਵਾਲੀ ‘ਜਵਾਲਾ ਮੁਖੀ’ ਵੀ ਦੰਦਾਂ ‘ਚ ਉਂਗਲ ਲਈ, ਸ਼ਸ਼ੋਪੰਜ ਵਿਚ ਪਈ ਖੜ੍ਹੀ ਸੀ।
-’ਤੂੰ ਕੰਡੇ ਆਲੀ ਚਾਹ-ਚੂਹ ਪੀ ਕੇ ਡਮਾਕ ਖੁਰਚ ਕੌਮਨਸ਼ਟਾ! ਤੇਲ ਪਾਏ ਬਿਨਾ ਇੰਜਣ ਨ੍ਹੀ ਚੱਲਣਾ…!’ ਮੈਂ ਉਸ ਨੂੰ ਹੋਰ ਸਲਾਹ ਦਿੱਤੀ।
ਆਖਰ ਕਾਫ਼ੀ ਜੱਦੋ-ਜਹਿਦ ਬਾਅਦ ਉਸ ਨੇ ਆਪਣੀ ਸੋਚਾਂ ਦੀ ਪਟਾਰੀ ਵਿਚੋਂ ਇੱਕ ਸੱਪ ਕੱਢਿਆ।
-’ਆਪਾਂ ਸ਼ਹਿਰ ਜਾ ਕੇ ਇਕ ਚਿੱਠੀ ‘ਟੈਪ’ ਕਰਾਉਨੇ ਐਂ, ਇਹ ਗੱਲ ਕਿਸੇ ਨੂੰ ਦੱਸਣ ਆਲੀ ਨ੍ਹੀ! ਕਿਸੇ ਕੋਲੇ ਗੱਲ ਨਾ ਕਰੀਂ ਮੇਰਾ ਬੀਰ! ਜੇ ਤੇਰੀ ਸਕੀਮ ਪਾਸ ਹੋਗੀ, ਗੌਰਮਿਲਟ ਨੇ ਤੈਨੂੰ ਉਮਰ ਭਰ ਆਸਤੇ ‘ਪਿਲਛਣ’ ਲਾ ਦੇਣੀ ਐਂ!’ ਲਓ ਜੀ ਕਾਮਰੇਡ ਦੀ ਗੱਲ ਸੁਣ ਕੇ ਮੇਰੇ ਤਾਂ ਸਾਰੇ ਸਰੀਰ ਦੇ ਵਾਲ ਤੱਕਲੇ ਮਾਂਗੂੰ ਖੜ੍ਹੇ ਹੋ ਗਏ ਅਤੇ ਸਾਰੇ ਪਿੰਡੇ ‘ਤੇ ਕੁਤਕੁਤੀਆਂ ਜਿਹੀਆਂ ਨਿਕਲਣ ਲੱਗ ਪਈਆਂ।
-’ਕਿੰਨੀ ਕੁ ਪਿਲਸ਼ਣ ਲਾਉਣਗੇ ਕੌਮਨਸ਼ਟਾ?’ ਮੈਂ ਝੌਰ ਉਠੀ ਵਾਲੇ ਬਲਦ ਵਾਂਗ ਪੈਰਾਂ ਹੇਠੋਂ ਮਿੱਟੀ ਕੱਢੀ।
-’ਮਹੀਨੇ ਦੀ ਦਸ ਪੰਦਰਾਂ ਹਜਾਰ ਤਾਂ ਲਾਉਣਗੇ ਈ, ਥੋੜ੍ਹੇ ਐ…? ਪੁੰਨ ਦੀ ਗਾਂ ਦੇ ਦੰਦ ਨੀ ਦੇਖੀਦੇ ਹੁੰਦੇ’ ਕਹਿ ਕੇ ਉਸ ਨੇ ਸਾਡਾ ਜਿੰਨ ਵਰਗਾ ਚਿਹਰਾ ਨਿਰਖਿਆ।
-’ਲਓ ਜੀ, ਫੇਰ ਤਾਂ ਸਾਡੀਆਂ ਪੌਂ ਬਾਰਾਂ ਹੋ ਗਈਆਂ…।’ ਮੈਂ ਮਨ ਵਿਚ ਹੀ ਹਿਸਾਬ-ਕਿਤਾਬ ਲਾਉਣਾ ਸ਼ੁਰੂ ਕਰ ਦਿੱਤਾ। ਦਾਰੂ, ਭੁੱਕੀ ਅਤੇ ਹੋਰ ਸ਼ੌਕੀਨ ਖ਼ਰਚਿਆਂ ਨੂੰ ਤਕਸੀਮ ਕੀਤਾ।
ਲਓ ਜੀ, ਅਸੀਂ ਪਿੰਡੋਂ ਮੋਗੇ ਆਲੀ ਬੱਸ ਫੜ ਲਈ। ਕਾਮਰੇਡ ਦੀ ਟਿਕਟ ਵੀ ਮੈਂ ਹੀ ਖਰੀਦੀ। ਕੰਮ ਤਾਂ ਮੇਰਾ ਸੀ। ਉਹ ਤਾਂ ਮੇਰੀ ਮੱਦਦ ਕਰ ਰਿਹਾ ਸੀ। ਖ਼ੈਰ, ਕੰਮ ਤਾਂ ਇਹ ਸਾਰੇ ਪੰਜਾਬ ਦਾ ਸੀ, ਪਰ ਕੁਪੱਤੀ ਜੰਨ ਵਿਚ ਸਭ ਤੋਂ ਭਲੇ ਮਾਣਸ ਤਾਂ ਅਸੀਂ ਸੀ! ਹੋਰ ਕਿਸੇ ਨੂੰ ਪੰਜਾਬ ਦਾ ਕੀ ਫਿ਼ਕਰ-ਫ਼ਾਕਾ? ਅਸੀਂ ਸ਼ਹਿਰ ਦੀਆਂ ਕਚਿਹਰੀਆਂ ‘ਚ ਜਾ ਕੇ ਕਰੜੀ ਜਿਹੀ ਚਾਹ ਪੀਤੀ, ‘ਚਾਹ ਨਾਲ ਡਮਾਕ ਖੁੱਲ੍ਹ ਜਾਂਦੈ!’ ਕਾਮਰੇਡ ਨੇ ਕਿਹਾ ਸੀ। ਚਾਹ ਨਾਲ ਕੜਾਕੇਦਾਰ ਮਟਰੀ ਵੀ ਅੰਦਰ ਸੁੱਟੀ। ਭੁੱਖੇ ਢਿੱਡ ਸਾਨੂੰ ਕੀ ਸੁੱਝਣਾ ਸੀ? ਭੁੱਖੇ ਢਿੱਡ ਤਾਂ ਰੱਬ ਦੇ ਭਗਤ ਵੀ ਭਗਤੀ ਕਰਨੋਂ ਮੁਨੱਕਰ ਹੋ ਗਏ ਸਨ, ਅਸੀਂ ਤਾਂ ਕਿਹੜੇ ਬਾਗ ਦੀ ਮੂਲੀ ਸੀ? ਚਲੋ ਜੀ, ਪੰਜਾਹ ਰੁਪਏ ਖਰਚ ਕੇ ਵੀ ਸੁਆਦ ਜਿਹਾ ਆ ਗਿਆ। ਨਹੀਂ ਤਾਂ ਕਦੇ ਜੁਆਕ ਸਕੂਲ ਦੀ ਫੀਸ ਮੰਗ ਲੈਂਦਾ, ਤਾਂ ਸਾਨੂੰ ਦੌਰਾ ਪੈਣ ਵਾਲਾ ਹੋ ਜਾਣਾ, ‘ਸਾਲਿਆ ਪੜ੍ਹ ਕੇ ਐੱਲਸਪੈਲਟਰ ਬਣਨੈਂ? ਵਾਹੀ ‘ਚ ਈ ਠੇਡੇ ਖਾਣੇਂ ਐਂ, ਜਦੋਂ ਮਰਜੀ ਖਾ ਲਈਂ!’ ਜੁਆਕ ਨੂੰ ਸੌ-ਸੌ ਗਾਲ੍ਹ ਦੇਣੀਂ! ਪਰ ਅੱਜ ਪੈਸੇ ਖਰਚਦਿਆਂ ਦਿਲ ਨਹੀਂ ਘਟਦਾ ਸੀ, ਸਗੋਂ ਹੌਂਸਲਾ ਸੀ! ਪੰਜਾਬ ਦਾ ਮਸਲਾ ਜਿਉਂ ਸੀ। ਚਲੋ ਪੰਜਾਬ ਦਾ ਨਹੀਂ ਤਾਂ ਸਾਡੀ ‘ਪਿਲਸ਼ਣ’ ਦਾ ਮਸਲਾ ਤਾਂ ਸੀ?
ਚਲੋ ਜੀ, ਅਸੀਂ ਇੱਕ ‘ਟੈਪ’ ਕਰਨ ਆਲ਼ੇ ਕੋਲ਼ ਚਲੇ ਗਏ। ਉਸ ਨੂੰ ਸਾਰੀ ਸਕੀਮ ਦੱਸੀ ਅਤੇ ਗੁਪਤ ਰੱਖਣ ਲਈ ਪੰਜਾਹ ਰੁਪਏ ਵੀ ‘ਝੋਕ’ ਦਿੱਤੇ! ਪੈਸੇ ਬਿਨਾ ਤਾਂ ਅੱਜ-ਕੱਲ੍ਹ ਕੋਈ ਰੱਬ ਨੂੰ ਮੱਥਾ ਨ੍ਹੀ ਟੇਕਦਾ? ਮੈਂ, ਕਾਮਰੇਡ ਅਤੇ ‘ਟੈਪ’ ਕਰਨ ਆਲੇ-ਤਿੰਨਾਂ ਨੇ ਆਪਣੀ ਹਿੰਦੀ ‘ਇਕੱਤਰ’ ਕੀਤੀ ਅਤੇ ਰਾਸ਼ਟਰਪਤੀ ਜੀ ਨੂੰ ਚਿੱਠੀ ਲਿਖਣ ਲੱਗ ਪਏ! ਕਾਮਰੇਡ ਅਤੇ ਮੈਂ ਲਿਖਵਾ ਰਹੇ ਸੀ ਅਤੇ ‘ਟੈਪ’ ਕਰਨ ਵਾਲਾ ਆਪਣੀਆਂ ਉਂਗਲਾਂ ਦੇ ਜੌਹਰ ਦਿਖਾ ਰਿਹਾ ਸੀ। ਉਸ ਦੀ ‘ਟਿੱਕ-ਟਿੱਕ’ ਸਾਡੇ ਖ਼ੁਸ਼ੀ ਦੀਆਂ ਕੁਤਕੁਤੀਆਂ ਕੱਢੀ ਜਾ ਰਹੀ ਸੀ।
-’ਸਤਿਕਾਰਯੋਗ ਹਿੰਦੋਸਤਾਨ ਕੇ ਰਾਸ਼ਟਰਪਤੀ ਜੀ, ਸਾਸਰੀਕਾਲ, ਨਮਿੱਸ਼ਕਾਰ, ਸਲਾਮ ਔਰ ਜੈ ਹਿੰਦ ਜੀ…! ਹਮ ਯਹਾਂ ਪਰ ਰਾਜੀ ਖ਼ੁਸ਼ੀ ਹਾਂ ਔਰ ਹਮ ਆਪ ਕੀ ਰਾਜੀ ਖੁਸ਼ੀ ਰੱਬ ਪਾਸੋਂ ਨੇਕ ਚਾਹਤੇ ਹੈਂ ਜੀ। ਸਭ ਰਾਜੀ ਖ਼ੁਸ਼ੀ ਕੇ ਬਾਅਦ ਸਮਾਚਾਰ ਇਹ ਹੈ ਕਿ ਹਮ ਆਪ ਕੀ ਬਹੂਤ ਕਦਰ ਕਰਤੇ ਹੈਂ, ਆਪ ਵਾਕਿਆ ਹੀ ਹਿੰਦੋਸਤਾਨ ਕੇ ਅੱਛੇ ਰਾਸ਼ਟਰਪਤੀ ਹੈਂ ਜੀ। ਆਪ ਕੇ ਫ਼ੈਸਲੇ ਹਮੇਸ਼ਾ ਹੀ ਹਿੰਦੋਸਤਾਨ ਕੇ ਹਿਤੋਂ ਕੇ ਹੱਕ ਮੇਂ ਜਾਤੇ ਹੈਂ, ਔਰ ਆਪ ਸਮਝਦਾਰ ਹੈਂ ਜੀ। ਦੂਸਰੇ ਮੰਤਰੀਓਂ ਕੀ ਤਰ੍ਹਾਂ ਗਿੱਦੜਮਾਰ ਨਹੀਂ! ਚਲੋ ਮੰਤਰੀ ਤੋ ਹੂਏ ਛੋਟੇ ਲੋਕ, ਪਰ ਆਪ ਤੋ ਹਿੰਦੋਸਤਾਨ ਕੇ ਰਾਸ਼ਟਰਪਤੀ ਜੀ ਹੈਂ ਜੀ। ਦੂਸਰੇ ਮੰਤਰੀਓਂ ਕੀ ਬਾਤ ਛੋੜੋ, ਵੋਹ ਤੋ ਜੀ ਕਹਿਨਾ ਕੁਛ ਔਰ ਕਰਨਾ ਕੁਛ…। ਆਪ ਬੜੇ ਸੁਲਝੇ ਇਨਸਾਨ ਹੈਂ ਜੀ।’
-’ਰਾਸ਼ਟਰਪਤੀ ਜੀ ਮੇਰਾ ਨਾਮ ਸੱਜਣ ਸਿੰਘ ਹੈ, ਸੱਜਣ ਸਿੰਘ ਉਰਫ਼ ਬੱਕਰੀਆਂ ਵਾਲਾ ਕਰਕੇ ਮਸ਼ਾਹੂਰ ਹੈ ਜੀ। ਸੱਜਣ ਬੱਕਰੀਆਂ ਵਾਲਾ ਅਪਨੇ ਦੇਸ਼ ਪੰਜਾਬ ਕੇ ਲਿਏ ਬਹੂਤ ਈਮਾਨਦਾਰ ਹੈ ਜੀ! ਹਮ ਦੇਸ਼ ਕੇ ਲਿਏ ਦੁਸ਼ਮਣ ਕਾ ਖ਼ੂਨ ਪੀ ਭੀ ਸਕਤੇ ਹੈਂ ਔਰ ਦੇਸ਼ ਕੇ ਲਿਏ ਅਪਨਾ ਖ਼ੂਨ ਵਹਾ ਭੀ ਸਕਤੇ ਹੈਂ! ਆਹ ਜੋ ਸਿਰਸੇ ਵਾਲੇ ਬਾਬਾ ਨੇ ਜੋ ਰੱਪੜ ਪਾਯਾ ਹੈ, ਉਸ ਕੇ ਬਾਰੇ ਮੇਂ ਆਪ ਕੋ ਏਕ ਸਲਾਹ ਦੇਣੀਂ ਚਾਹਤਾ ਹੂੰ! ਆਪ ਹਮ ਕੋ ਆ ਕਰ ਮਿਲੇਂ ਜੀ! ਕਾਮ ਸੁਧਰ ਜਾਏਗਾ ਜੀ। ਆਪ ਫਿ਼ਕਰ ਮੱਤ ਕਰਨਾ! ਹਮ ਆਪਕੇ ਨਾਲ ਹੈਂ। ਜਦੋਂ ਆਖੇਂਗੇ, ਹਮ ਚਾਰ ਬੱਕਰੀਆਂ ਬੇਚ ਡਾਲੇਂਗੇ ਜੀ! ਹਮ ਬਹੂਤ ਦਿਲ ਦਰਿਆ ਹਾਂ ਜੀ! ਖਰਚੇ ਕਾ ਫਿ਼ਕਰ ਨਾ ਕਰਨਾ! ਹਮਾਰੀ ਏਕ ਏਕ ਬੱਕਰੀ ਪਾਂਚ-ਪਾਂਚ ਹਜ਼ਾਰ ਮੇ ਬਿਕਤੀ ਹੈ! ਏਕ-ਦੋ ਬੱਕਰਾ ਵੀ ਪਾਲਾ ਹੂਆ ਹੈ। ਉਸ ਕੋ ਬੇਚ ਕਰ ਵੀ ਹਮ ਅਪਨੇ ਪੰਜਾਬ ਪਰ ਲਾ ਦੇਂਗੇ! ਹਮ ਆਪ ਕੇ ਊਪਰ ਸੇ ਸਾਰਾ ਬੱਕਰੀਆਂ ਵਾਲਾ ਵਾੜਾ ਵਾਰ ਦੇਂਗੇ ਜੀ! ਹਮ ਕੋ ਲੋਕ ‘ਫ਼ਾਟੇ ਚੂਕ’ ਪੰਜਾਬੀ ਕਹਿਤੇ ਹੈਂ, ਔਰ ਹਮ ਕੂਤੀਓਂ ਕੋ ਕੰਧੋਂ ਪਰ ਚਾਹੜ ਦੇਤੇ ਹੈਂ ਜੀ! ਹਮ ਬੱਕਰੀ ਕੋ ਵੀ ‘ਗੂਲੋਂ’ ਪਰ ਚਾੜ੍ਹਨੇ ਲੱਗੇ ਦੇਖਤੇ ਵਿਚਾਰਤੇ ਨਹੀਂ ਜੀ! ਲੇਕਿਨ ਹਮਾਰੀ ਪਿਲਸ਼ਣ ਕਾ ਖਿਆਲ ਰੱਖਨਾ ਜੀ! ਜਬ ਯੇ ਪੰਗਾ ਖ਼ਤਮ ਹੋ ਗਯਾ, ਮੁਝੇ ਪਿਲਸ਼ਣ ਜਰੂਰ ਬਰ ਜਰੂਰ ਚਾਲੂ ਕਰਵਾ ਦੇਣੀਂ ਜੀ! ਹਮ ਆਪ ਕੋ ਏਕ ਗੁਪਤ ਸਲਾਹ ਦੇਣਾ ਹੈ। ਯੇਹ ਗੁਪਤ ਸਲਾਹ ਆਪ ਕੋ ਇਕੱਲੇ ਕੋ ਸੁਨਾਨੀ ਪੜਨੀ ਹੈ ਜੀ! ਹਮਾਰੀ ਰੈਅ ਜਰੂਰ ਲੇਨੀ ਜੀ ਔਰ ਇਸ ਕੋ ਖ਼ਤ ਨਹੀਂ, ਤਾਰ ਸਮਝਨਾ। ਖ਼ਤ ਕਾ ਜਵਾਬ ਆਤੀ ਡਾਕ ਮੇ ਦੇਨਾ…!’ ਖ਼ੈਰ, ਅਸੀਂ ਸਾਰੀ ਰਾਜ਼ੀ-ਖ਼ੁਸ਼ੀ ਲਿਖ ਕੇ ਆਪਣੀ ਰੈਅ ਗੁਪਤ, ਰਾਖਵੀਂ ਰੱਖ ਲਈ। ਮਨ-ਮੰਦਰ ਅੰਦਰ!
ਸ਼ਹਿਰੋਂ ਤੁਰਦਿਆਂ ਅਸੀਂ ਠੇਕੇ ਤੋਂ ਮੋਟੇ ਸੰਤਰੇ ਦੀ ਬੋਤਲ ਲੈ ਲਈ। ਮੈਂ ਅਤੇ ਕਾਮਰੇਡ ‘ਸੰਧੂਰੀ’ ਜਿਹੇ ਹੋ ਕੇ ਘਰੇ ਆਏ! ਘਰਵਾਲ਼ੀ ਦੇ ਹੱਥੋਂ ਅੱਜ ਰੋਟੀ ਖਾਣ ਨੂੰ ਦਿਲ ਨਾ ਕਰੇ। ਆਪਣੀਆਂ ਸਾਰੀਆਂ ਬੱਕਰੀਆਂ ਅਤੇ ਪਠੋਰੇ, ਪਠੋਰੀਆਂ ਨੂੰ ਪਲੋਸ-ਪਲੋਸ ਕੇ ਦੇਖਿਆ ਕਿ ਪਤਾ ਨਹੀਂ ਕਿਹੜੀ ਦੀ, ਕਦੋਂ ‘ਬਲੀ’ ਦੇਣੀ ਪੈ ਜਾਵੇ? ਖ਼ੈਰ ਜੀ ਰਾਸ਼ਟਰਪਤੀ ਜੀ ਦੇ ਦਰਬਾਰ ਵਿਚ ਸਾਡੀ ਚਿੱਠੀ ਪਹੁੰਚਣ ਦੀ ਦੇਰ ਸੀ ਕਿ ਸਿਆਸਤ ‘ਚ ਤਾਂ ਭੂਚਾਲ਼ ਆ ਗਿਆ…! ਤਾਰਾਂ ਖੜਕ ਪਈਆਂ। ਰਾਸ਼ਟਰਪਤੀ ਜੀ ਨੇ ਸਿੱਧੀ ਪੰਜਾਬ ਦੇ ਗਵਰਨਰ ਨੂੰ ‘ਤਾਰ’ ਮਾਰੀ! ਗਵਰਨਰ ਨੇ ਜਿਲ੍ਹੇ ਦੇ ਐਸ. ਪੀ. ਨੂੰ ਅਤੇ ਐਸ. ਪੀ. ਸਾਹਿਬ ਨੇ ਐੱਸ. ਐੱਸ. ਪੀ., ਡੀ. ਸੀ. ਅਤੇ ਡੀ. ਐਸ. ਪੀ ਨੂੰ ਫ਼ੋਨ ਖੜਕਾ ਦਿੱਤੇ! ਸਾਰਾ ਠਾਣਾ ਸਾਡੇ ਪਿੰਡ ਆ ਢੇਰੀ ਹੋਇਆ। ਸੱਜਣ ਸਿੰਘ ਉਰਫ਼ ਬੱਕਰੀਆਂ ਆਲੇ ਦੀ ਭਾਲ ਸ਼ੁਰੂ ਹੋ ਗਈ। ਬੜੀ ਖ਼ੁਸ਼ੀ ਹੋਈ ਕਿ ਚਲੋ ਸਾਡੀ ਪੁੱਛ ਦੱਸ ਤਾਂ ਹੋਈ? ਅਫ਼ਸਰ ‘ਸਰਦਾਰ ਜੀ’ ਤੋਂ ਬਿਨਾ ਗੱਲ ਨਾ ਕਰੇ! ਪਿੰਡ ਦੀ ਪੰਚਾਇਤ ਸਮੇਤ ਮੈਨੂੰ ਬੜੀ ਸ਼ਾਨ, ਬੜੀ ਠਾਠ ਨਾਲ ਠਾਣੇ ਲੈ ਗਏ ਅਤੇ ਚਾਹ ਪਾਣੀ ਦੀ ਸੇਵਾ ਤੋਂ ਬਾਅਦ ਡੀ. ਐੱਸ. ਪੀ. ਸਾਹਿਬ ਨੇ ਸਭਾ ਲਾ ਲਈ।
-’ਹਾਂ ਬਈ ਸੱਜਣ ਸਿਆਂ…! ਕੀ ਨੁਸਕਾ ਐ ਤੇਰੇ ਕੋਲੇ ਇਸ ਵਾਦ-ਵਿਵਾਦ ਦੇ ਹੱਲ ਦਾ?’ ਡੀ. ਐੱਸ. ਪੀ. ਸਾਹਿਬ ਨੇ ਬੜੇ ਪਿਆਰ ਸਤਿਕਾਰ ਨਾਲ ਪੁੱਛਿਆ।
-’ਰਾਸ਼ਟਰਪਤੀ ਸਾਹਬ ਆਪ ਨ੍ਹੀ ਆਏ?’ ਮੈਂ ਬੜੀ ਹੈਰਾਨੀ ਨਾਲ ਪੁੱਛਿਆ।
-’ਉਨ੍ਹਾਂ ਕੋਲੇ ਟਾਈਮ ਨਹੀਂ ਸੀ, ਮੇਰੀ ਡਿਊਟੀ ਲਾਈ ਐ ਉਨ੍ਹਾਂ ਨੇ!’ ਉਸ ਨੇ ਹੱਸ ਕੇ ਕਿਹਾ। ਮੈਨੂੰ ਬੜਾ ਗੁੱਸਾ ਆਇਆ ਕਿ ਪੰਜਾਬ ਨੂੰ ਅੱਗ ਲੱਗੀ ਪਈ ਐ ਅਤੇ ਇਹ ਹੱਸਣ ਲੱਗ ਪਿਆ?
-’ਤੁਸੀਂ ਜੀ ਮਾੜਾ ਜਿਆ ਪੜਦੇ ਨਾਲ ਪੁੱਛੋ! ਐਡਾ ਵੱਡਾ ਨੁਕਸਾ, ਤੇ ਜਬਾਬ ਸਾਰਿਆਂ ਦੇ ਸਾਹਮਣੇ ਈ ਮੰਗੀ ਜਾਨੇ ਐਂ? ਮੇਰੀ ‘ਪਿਲਸ਼ਣ’ ਦਾ ਵੀ ਖਿਆਲ ਕਰੋ!’ ਮੈਂ ਅਫ਼ਸਰ ਦੇ ਕੰਨ ਕੋਲ ਹੋ ਕੇ ਕਿਹਾ।
-’ਚਲੋ ਆਪਾਂ ਇੱਕ ਪਾਸੇ ਚੱਲ ਵੜਦੇ ਹਾਂ!’ ਕਹਿ ਕੇ ਡੀ. ਐੱਸ. ਪੀ. ਸਾਹਿਬ ਮੈਨੂੰ ਇੱਕ ਪਾਸੇ ਲੈ ਗਏ।
-’ਹਾਂ ਹੁਣ ਦੱਸ…? ਐਥੇ ਆਪਾਂ ‘ਕੱਲੇ ਈ ਐਂ!’ ਉਸ ਨੇ ਆਖਿਆ।
-’ਕਿਸੇ ਕੋਲੇ ਗੱਲ ਨਾ ਕਰਿਓ ਸਰਕਾਰ! ਮੇਰੀ ਪਿਲਸ਼ਣ ਦਾ ਸੁਆਲ ਐ!’
-’ਜਮਾਂ ਈ ਨ੍ਹੀ ਕਰਦਾ, ਤੂੰ ਗੱਲ ਕਰ, ਹੱਲ ਦੱਸ…?’
ਮੈਂ ਆਸਾ-ਪਾਸਾ ਨਿਰਖ, ਸੁੰਘ ਕੇ ਕਹਿਣਾ ਸ਼ੁਰੂ ਕੀਤਾ।
-’ਜਨਾਬ ਸਿਰਸੇ ਵਾਲੇ ਬਾਬੇ ਦਾ ਇੱਕੋ ਹੀ ਹੱਲ ਐ ਮੇਰੇ ਕੋਲੇ…!’
-’ਦੱਸ ਵੀ…? ਸਾਡਾ ਕਾਲਜਾ ਕਿਉਂ ਕੱਢੀ ਜਾਨੈਂ?’ ਅਫ਼ਸਰ ਵੀ ਮੇਰੇ ਹੋਰ ਨੇੜੇ ਹੋ ਗਿਆ।
-’ਉਹਨੂੰ ਸਮੂਹ ਸੰਗਤ ਅੱਗੇ ਪੇਸ਼ ਹੋ ਕੇ ਸਾਰੇ ਜਗਤ ਤੋਂ ਮੁਆਫ਼ੀ ਮੰਗ ਲੈਣੀ ਚਾਹੀਦੀ ਐ ਤੇ ਮੁੜ ਕੇ ਐਹੋ ਜੀ ਘਤਿੱਤ ਨ੍ਹੀ ਕਰਨੀ ਚਾਹੀਦੀ…! ਕੰਮ ਸਾਰਾ ਈ ਲੋਟ ਆਜੂ ਸਰਕਾਰ..! ਸਿੱਖ ਕੌਮ ਬੜੀ ਭੋਲੀ ਤੇ ਬਗਸ਼ਣਹਾਰ ਐ..! ਪਲ ‘ਚ ਭਾਫ਼ਾਂ ਛੱਡਣ ਲੱਗ ਜਾਂਦੀ ਐ ਤੇ ਅਗਲੇ ਮਿਲਟ ‘ਚ ਸ਼ਾਂਤ ਵੀ ਹੋ ਜਾਂਦੀ ਐ, ਸਰਕਾਰ..!’
-’ਆਹੀ ਹੱਲ ਸੀ ਤੇਰੇ ਕੋਲੇ?’ ਉਹ ਹੈਰਾਨ ਹੋ ਗਿਆ।
-’ਇਹ ਹੱਲ ਕੋਈ ਛੋਟਾ ਮੋਟੈ ਜੀ? ਪੰਜਾਬ ਦੀ ਸ਼ਾਂਤੀ ਦਾ ਸੁਆਲ ਐ!’ ਮੈਂ ਕਿਹਾ ਤਾਂ ਡੀ. ਐਸ. ਪੀ. ਸਾਹਿਬ ਨੇ ਭਰਿੰਡਾਂ ਵਾਂਗੂੰ ਸਿਪਾਹੀ ਇਕੱਠੇ ਕਰ ਲਏ!
-’ਇਹ ਤਾਂ ਸਾਰੇ ਜੱਥੇਦਾਰ ਤੇ ਪੰਜਾਬ ਦੇ ਲੋਕ ਵੀ ਪਿੱਟੀ ਜਾਂਦੇ ਐ, ਓਦਣ ਦੇ! ਤੇਰੇ ਕੋਲੇ ਕੋਈ ਨਵਾਂ ਹੱਲ ਐ ਇਹੇ? ਉਏ ਮੁੰਡਿਓ…! ਇਹਨੂੰ ਕੰਜਰ ਨੂੰ ਕੁੱਟੋ ਘੱਟ, ਤੇ ਘੜ੍ਹੀਸੋ ਜਾਅਦੇ! ਤੇ ਫੇਰ ਇਹਨੂੰ ਕਿਸੇ ਕਮਲਿਆਂ ਦੇ ਹਸਪਤਾਲ਼ ‘ਚ ਸਿੱਟ ਦਿਓ ਅਤੇ ਡਾਕਟਰ ਤੋਂ ਰਿਪੋਰਟ ਲਓ ਕਿ ਇਹ ਬੰਦਾ ਦਿਮਾਗੀ ਤੌਰ ‘ਤੇ ਪਾਗਲ ਐ! ਧਿਆਨ ਰੱਖਿਓ, ਇਹ ਰਿਪੋਰਟ ‘ਉਪਰ’ ਜਾਣੀ ਐਂ!’
ਲਓ ਜੀ, ਗੋਡੇ, ਕੂਹਣੀਆਂ ਤੇ ਘਸੁੰਨ ਮਾਰ-ਮਾਰ ਮੇਰਾ ਤਾਂ ਪਾ ਦਿੱਤਾ ਉਨ੍ਹਾਂ ਨੇ ਗਾਹ…! ਬੱਖੀਆਂ ਕਰਤੀਆਂ ਪੋਲੀਆਂ..! ਕੱਢਤਾ ਕਚੂੰਬਰ…! ਮੇਰੇ ਤਾਂ ਹੱਡ ਲਾ ਦਿੱਤੇ ਟੱਸ-ਟੱਸ ਕਰਨ ਪਤੰਦਰਾਂ ਨੇ…! ਮੈਂ ਬਥੇਰ੍ਹੀ ਹਾਲ ਦੁਹਾਈ ਪਾਈ ਬਈ ਜੇ ਥੋਨੂੰ ਮੇਰਾ ਨੁਕਸਾ ਨਹੀਂ ਫਿ਼ੱਟ, ਤਾਂ ਮੈਂ ਇਹਨੂੰ ਮੋੜ ਕੇ ਲੈ ਜਾਨੈਂ, ਪਰ ਮੇਰੇ ‘ਚ ਚਿੱਬ ਨਾ ਪਾਓ! ਮੈਂ ਭੁੱਲ ਗਿਆ…! ਮੇਰੀ ਭਿਆਂ…! ਚਾਹੇ ਬਾਪੂ ਕਹਾਲੋ…! ਮੈਂ ਸੋਚਿਆ ਬਈ ਇਹ ‘ਰਿਪੋਟ’ ਉਪਰ ਭੇਜਣ ਤੋਂ ਪਹਿਲਾਂ ਕਿਤੇ ਮੈਨੂੰ ਨਾ ‘ਉਪਰ’ ਧਰਮਰਾਜ ਦੇ ਦਰਬਾਰ ਭੇਜ ਦੇਣ! ਚਲੋ ਜੀ, ਮੇਰੇ ਸਰੀਰ ਦਾ ਭੁੱਗਾ ਕੁੱਟ ਕੇ, ਚਿੱਤ ਖ਼ੁਸ਼ ਕਰਕੇ, ਤਸੱਲੀ ਕਰਕੇ ਸਹੁਰੇ ਮੈਨੂੰ ਕਮਲਿਆਂ ਆਲੇ ਹਸਪਤਾਲ ਸਿੱਟ ਆਏ! ਪਹਿਲਾਂ ਤਾਂ ਕਮਲਿਆਂ ਦੇ ਹਸਪਤਾਲ ਆਲੇ ਡਾਕਟਰ ਦੀਆਂ ਮਿੰਨਤਾਂ-ਤਰਲੇ, ਬੰਨ੍ਹ-ਸੁੱਬ ਕਰਕੇ ਖਹਿੜ੍ਹਾ ਛੁਡਾਇਆ। ਤੇ ਫੇਰ ਦਸ ਹਜਾਰ ਪੁਲਸ ਨੂੰ ਮੱਥਾ ਟੇਕਿਆ। ਪੁਲਸ ਆਲੇ ਤਾਂ ਖਸਮਾਂ ਨੂੰ ਖਾਣੇ ਨਿੱਤ ਮੇਰੇ ਘਰੇ ਭੂਤ ਮਾਂਗੂੰ ਆ ਵੱਜਿਆ ਕਰਨ, ਅਖੇ ਕੋਈ ਹੋਰ ਸਕੀਮ ਨ੍ਹੀ ਤਿਆਰ ਕੀਤੀ…? ਮੈਂ ਹੱਥ ਜੋੜਿਆ ਕਰਾਂ ਬਈ ਸਰਕਾਰ ਜੀ ਮੈਨੂੰ ਬਗਸ਼ੋ…! ਗਲਤੀ ਕਰ ਬੈਠਾ…! ਪਤੰਦਰ ਵਾੜੇ ‘ਚ ਖੜ੍ਹੇ ਪਠੋਰਿਆਂ ‘ਚੋਂ ਇੱਕ-ਅੱਧਾ ਜਿਪਸੀ ‘ਚ ਲੱਦ ਕੇ ਲੈ ਤੁਰਿਆ ਕਰਨ, ਜਿਵੇਂ ਬਾਪੂ ਦੇ ਹੁੰਦੇ ਐ! ਜਦੋਂ ਪਠੋਰੇ ਮੁੱਕ ਗਏ, ਫੇਰ ਵਿਚਾਰੀਆਂ ਬੱਕਰੀਆਂ ਨੂੰ ਆ ਚਿੰਬੜੇ। ਜਦ ਬੱਕਰੀਆਂ ਨਿੱਬੜ ਗਈਆਂ, ਫੇਰ ਮੇਰੇ ਬੋਕ ਨੂੰ ਵੀ ਜੀਪ ‘ਚ ਚਾੜ੍ਹ ਕੇ ਲੈ ਗਏ। ਲਓ ਜੀ, ਸਾਥੋਂ ਆਪਣਾ ਵਾੜਾ ਪੰਜਾਬ ‘ਤੇ ਜਾਂ ਰਾਸ਼ਟਰਪਤੀ ਸਾਹਿਬਾਨ ਤੋਂ ਤਾਂ ਵਾਰਿਆ ਨਹੀਂ ਗਿਆ। ਪਰ ਪੁਲ਼ਸ ਵਾਲੇ ਚੁਸਤ ਮੀਰਜ਼ਾਦੇ ਮਾਂਗੂੰ ਜ਼ਰੂਰ ਵਾੜੇ ਦੀਆਂ ‘ਵੇਲਾਂ’ ਕਰਵਾ ਕੇ ਲੈ ਗਏ! ਲਓ ਜੀ, ਹੁਣ ਸਾਨੂੰ ਪੰਜਾਬ ਮਸਲੇ ਦਾ ਹੱਲ ਤਾਂ ਕੀ ਲੱਭਣਾ ਸੀ? ਹੁਣ ਤਾਂ ਸਾਨੂੰ ਸਾਡੇ ਜੁਆਕਾਂ ਦੀ ਰੋਟੀ ਦਾ ਵੀ ਹੱਲ ਨ੍ਹੀ ਲੱਭਦਾ…! ਸਾਡਾ ਬੋਕ ਵਿਚਾਰਾ ਨਿੱਤ ਸਾਡੇ ਕੰਨਾਂ ਵਿਚ ਮਿਆਂਕਦਾ ਸੁਣਦੈ!