ਸਾਬਕਾ ਮੰਤਰੀ ਤੋਤਾ ਸਿੰਘ ਦਾ ਦੇਹਾਂਤ

ਮੁਹਾਲੀ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਖੇਤੀਬਾੜੀ ਤੇ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ ਦਾ ਦੇਹਾਂਤ ਹੋ ਗਿਆ। ਉਹ ਇਥੋਂ ਦੇ ਫੋਰਟਿਸ ਹਸਪਤਾਲ ‘ਚ ਜੇਰੇ ਇਲਾਜ ਸਨ। ਜਥੇਦਾਰ ਪਿਛਲੇ ਕਈ ਦਿਨਾਂ ਤੋਂ ਫੇਫੜਿਆਂ ਦੀ ਇਨਫੈਕਸ਼ਨ ਤੋਂ ਪੀੜਤ ਸਨ। ਉਹ ਇਕ ਵਾਰ ਬਿਮਾਰੀ ਤੋਂ ਉੱਭਰ ਆਏ ਸਨ ਪਰ ਬੀਤੇ ਦਿਨੀਂ ਉਨ੍ਹਾਂ ਦੀ ਸਿਹਤ ਮੁੜ ਵਿਗੜ ਗਈ ਜਿਸ ਕਾਰਨ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਜਥੇਦਾਰ ਤੋਤਾ ਸਿੰਘ ਦੋ ਵਾਰ ਮੋਗਾ ਤੋਂ ਅਤੇ ਇਕ ਵਾਰ ਧਰਮਕੋਟ ਤੋਂ ਵਿਧਾਇਕ ਰਹੇ ਹਨ। ਤੋਤਾ ਸਿੰਘ ਪਹਿਲੀ ਵਾਰ ਮੋਗਾ ਵਿਧਾਨ ਸਭਾ ਸੀਟ ਤੋਂ ਸਾਲ 1997 ਵਿਚ ਚੋਣ ਜਿੱਤੇ ਸਨ, ਬਾਦਲ ਸਰਕਾਰ ਵਿਚ ਵੀ ਪਹਿਲੀ ਵਾਰ ਉਨ੍ਹਾਂ ਨੂੰ ਸਿੱਖਿਆ ਮੰਤਰੀ ਵਜੋਂ ਕੈਬਨਿਟ ਰੈਂਕ ਮਿਲਿਆ ਸੀ। ਉਹ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵੀ ਰਹੇ। ਜਥੇਦਾਰ ਤੋਤਾ ਸਿੰਘ ਦਾ ਜਨਮ 2 ਮਾਰਚ, 1941 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਦੀਦਾਰ ਸਿੰਘ ਵਾਲਾ ਵਿਖੇ ਪਿਤਾ ਬਾਬੂ ਸਿੰਘ ਦੇ ਘਰ ਮਾਤਾ ਬਸੰਤ ਕੌਰ ਦੀ ਕੁੱਖੋਂ ਹੋਇਆ। ਮੁਢਲੀ ਵਿੱਦਿਆ ਪਿੰਡ ਤੋਂ ਲੈਣ ਤੋਂ ਬਾਅਦ ਉਨ੍ਹਾਂ ਨੇ ਡੀ.ਐਮ. ਕਾਲਜ ਮੋਗਾ ਤੋਂ ਐਫ.ਏ. ਦੀ ਪੜ੍ਹਾਈ ਕਰਨ ਉਪਰੰਤ ਸਾਲ 1961 ਵਿਚ ਉਹ ਪਿੰਡ ਦੀਦਾਰ ਸਿੰਘ ਵਾਲਾ ਦੇ ਪਹਿਲੀ ਵਾਰ ਸਰਪੰਚ ਬਣੇ। ਜਿਥੋਂ ਉਨ੍ਹਾਂ ਦਾ ਸਿਆਸੀ ਜੀਵਨ ਸ਼ੁਰੂ ਹੋਇਆ। ਸਾਲ 1969 ਵਿਚ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਬਣੇ, ਜਦੋਂਕਿ ਪੰਜਾਬ ਦੇ ਸਿਰਫ 12 ਜ਼ਿਲ੍ਹੇ ਸਨ। ਸਾਲ 1985 ਵਿਚ ਉਹ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਣੇ। ਸਾਲ 1997 ਵਿਚ ਜਥੇਦਾਰ ਤੋਤਾ ਸਿੰਘ ਪੰਜਾਬ ਦੇ ਸਿੱਖਿਆ ਮੰਤਰੀ ਬਣੇ, ਸਾਲ 2002 ਵਿਚ ਉਹ ਮੋਗਾ ਤੋਂ ਬਤੌਰ ਵਿਧਾਇਕ ਚੁਣੇ ਗਏ। ਸਾਲ 2012 ਵਿਚ ਉਹ ਹਲਕਾ ਧਰਮਕੋਟ ਤੋਂ ਵਿਧਾਇਕ ਚੁਣੇ ਗਏ ਅਤੇ ਖੇਤੀਬਾੜੀ ਮੰਤਰੀ ਬਣੇ। ਸਾਲ 1978 ਤੋਂ ਲੈ ਕੇ ਹੁਣ ਤੱਕ ਉਹ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਵੱਖ-ਵੱਖ ਅਹੁਦਿਆਂ ਉਤੇ ਬਿਰਾਜਮਾਨ ਰਹੇ।