ਪੰਜਾਬ ਦੀ ਹੋਣੀ

ਨੌਜਵਾਨ ਗਾਇਕ ਸਿੱਧੂ ਮੂਸੇਵਾਲਾ (ਸ਼ੁਭਦੀਪ ਸਿੰਘ) ਦੇ ਦਿਨ-ਦਿਹਾੜੇ ਕਤਲ ਨੇ ਪੰਜਾਬ ਨੂੰ ਦਰਪੇਸ਼ ਕਈ ਤਰ੍ਹਾਂ ਦੇ ਸੰਕਟ ਇਕ ਵਾਰ ਫਿਰ ਉਘਾੜ ਦਿੱਤੇ ਹਨ। ਪੰਜਾਬ ਕਈ ਦਹਾਕਿਆਂ ਤੋਂ ਸੰਕਟ-ਦਰ-ਸੰਕਟ ਦੀ ਮਾਰ ਹੇਠ ਹੈ। ਸਿਤਮਜ਼ਰੀਫੀ ਇਹ ਹੈ ਕਿ ਪੰਜਾਬ ਦੀਆਂ ਸਿਆਸੀ ਜਮਾਤਾਂ ਨੇ ਇਸ ਨੂੰ ਸੰਕਟ ਵਿਚੋਂ ਕੱਢਣ ਦੀ ਬਜਾਇ ਇਸ ਨੂੰ ਹੋਰ ਅਗਾਂਹ ਦਲਦਲ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਹੈ।

ਇਨ੍ਹਾਂ ਜਮਾਤਾਂ ਨੇ ਚੋਣਾਂ ਜਿੱਤਣ ਲਈ ਪਤਾ ਨਹੀਂ ਕੀ-ਕੀ ਪਾਪੜ ਵੇਲੇ ਅਤੇ ਵਧੀਕੀਆਂ ਕੀਤੀਆਂ। ਇਨ੍ਹਾਂ ਵਿਚੋਂ ਇਕ ਵਧੀਕੀ ਇਹ ਸੀ ਕਿ ਪੰਜਾਬ ਹਿੰਸਾ ਦੇ ਹਵਾਲੇ ਕਰ ਦਿੱਤਾ ਗਿਆ। ਚੋਣ ਸਿਆਸਤ ਵਿਚ ਆਪਣੀ ਪੈਂਠ ਬਣਾਉਣ ਲਈ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਗੁੰਡਾ ਗਰੋਹਾਂ ਦੀ ਪੁਸ਼ਤਪਨਾਹੀ ਆਰੰਭ ਕੀਤੀ ਸੀ। ਹੌਲੀ-ਹੌਲੀ ਇਨ੍ਹਾਂ ਗਰੋਹਾਂ ਨੇ ਸੰਗੀਤ ਅਤੇ ਖੇਡ ਦੇ ਖੇਤਰਾਂ ਉਤੇ ਇਕ ਤਰ੍ਹਾਂ ਨਾਲ ਕਬਜ਼ਾ ਕਰ ਲਿਆ। ਇਸ ਕਰਕੇ ਅੱਜ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਹੈ ਤਾਂ ਇਸ ਨੂੰ ਕਿਸੇ ਇਕ ਵਿਅਕਤੀ ਦੇ ਕਤਲ ਵਜੋਂ ਨਹੀਂ ਸਗੋਂ ਵਰਤਾਰੇ ਵਜੋਂ ਵਿਚਾਰਨਾ ਚਾਹੀਦਾ ਹੈ। ਇਹ ਵਰਤਾਰਾ ਪੰਜਾਬ ਦੇ ਹਾਲਾਤ ਨਾਲ ਜੁੜਿਆ ਹੋਇਆ ਹੈ।
ਇਸ ਵਕਤ ਪੰਜਾਬ ਦੇ ਹਾਲਾਤ ਇਹ ਹਨ ਕਿ ਨਵੀਂ ਪੀੜ੍ਹੀ ਨਸ਼ਿਆਂ ਦੀ ਮਾਰ ਹੇਠ ਹੈ। ਬੇਰੁਜ਼ਗਾਰੀ ਇੰਨੀ ਜ਼ਿਆਦਾ ਹੈ ਕਿ ਨੌਜਵਾਨਾਂ ਲਈ ਗੁੰਡਾ ਗਰੋਹ ਖਿੱਚ ਦਾ ਕੇਂਦਰ ਬਣ ਰਹੇ ਹਨ। ਇਨ੍ਹਾਂ ਗਰੋਹਾਂ ਦੀ ਖਿੱਚ ਦਾ ਇਕ ਕਾਰਨ ਸੌਖਿਆਂ ਅਤੇ ਛੇਤੀ ਪੈਸੇ ਇਕੱਠੇ ਕਰਨਾ ਵੀ ਹੈ। ਬੇਰੁਜ਼ਗਾਰੀ ਦੀ ਇਸੇ ਮਾਰ ਦਾ ਦੂਜਾ ਪਾਸਾ ਨਵੀਂ ਪੀੜ੍ਹੀ ਦਾ ਪਰਦੇਸਾਂ ਵਿਚ ਹੋ ਰਿਹਾ ਪਰਵਾਸ ਹੈ। ਪਿਛਲੇ ਕੁਝ ਸਾਲਾਂ ਦੌਰਾਨ ਇਸ ਪਰਵਾਸ ਵਿਚ ਤੇਜ਼ੀ ਆਈ ਹੈ। ਕਰੋਨਾ ਵਾਲੇ ਸਮੇਂ ਦੌਰਾਨ ਸੰਸਾਰ ਪੱਧਰ ਉਤੇ ਸਭ ਕੁਝ ਠੱਪ ਹੋਣ ਕਾਰਨ ਪਰਵਾਸ ਨੂੰ ਠੱਲ੍ਹ ਪਈ ਸੀ ਪਰ ਕਰੋਨਾ ਕਾਲ ਤੋਂ ਬਾਅਦ ਹਾਲਾਤ ਆਮ ਹੁੰਦਿਆਂ ਹੀ ਇਹ ਪਰਵਾਸ ਪਹਿਲਾਂ ਨਾਲੋਂ ਵੀ ਵੱਧ ਤੇਜ਼ੀ ਫੜ ਗਿਆ ਹੈ ਅਤੇ ਨੌਜਵਾਨ ਧੜਾਧੜ ਵਿਦੇਸ਼ ਜਾ ਰਹੇ ਹਨ। ਇਸ ਨਾਲ ਪੰਜਾਬ ਬਹੁਤ ਤੇਜ਼ੀ ਨਾਲ ਉਸ ਆਰਥਿਕ ਸੰਕਟ ਵੱਲ ਵੀ ਵਧ ਰਿਹਾ ਹੈ ਜਿਸ ਨੇ ਆਉਣ ਵਾਲੇ ਸਮੇਂ ਵਿਚ ਇਸ ਦੀਆਂ ਚੂਲਾਂ ਬੁਰੀ ਤਰ੍ਹਾਂ ਹਿਲਾ ਕੇ ਰੱਖ ਦੇਣੀਆਂ ਹਨ। ਅਸਲ ਵਿਚ, ਪਰਦੇਸ ਜਾ ਰਹੇ ਨੌਜਵਾਨਾਂ ਦੇ ਨਾਲ-ਨਾਲ ਲੱਖਾਂ-ਕਰੋੜਾਂ ਦੇ ਹਿਸਾਬ ਨਾਲ ਪੰਜਾਬ ਦਾ ਸਰਮਾਇਆ ਵੀ ਵਿਦੇਸ਼ ਜਾ ਰਿਹਾ ਹੈ। ਆਰਥਿਕ ਮਾਹਿਰ ਦੱਸਦੇ ਹਨ ਕਿ ਫਿਲਹਾਲ ਵਿਦੇਸ਼ਾਂ ਤੋਂ ਪੰਜਾਬ ਆ ਰਿਹਾ ਸਰਮਾਇਆ, ਬਾਹਰ ਜਾ ਰਹੇ ਸਰਮਾਏ ਨਾਲੋਂ ਵਧੇਰੇ ਹੈ। ਜਿਸ ਦਿਨ ਪੰਜਾਬ ਤੋਂ ਬਾਹਰ ਜਾ ਰਿਹਾ ਸਰਮਾਇਆ, ਪੰਜਾਬ ਅੰਦਰ ਆ ਰਹੇ ਸਰਮਾਏ ਨਾਲੋਂ ਵਧੇਰੇ ਹੋ ਗਿਆ, ਉਸ ਦਿਨ ਪੰਜਾਬ ਨੂੰ ਲੈਣੇ ਦੇ ਦੇਣੇ ਪੈ ਜਾਣਗੇ। ਫਿਰ ਆਰਥਿਕ ਪੱਖ ਤੋਂ ਪੈਰ ਬੰਨ੍ਹਣੇ ਮੁਸ਼ਕਿਲ ਹੋਣਗੇ।
ਇਸ ਵਕਤ ਪੰਜਾਬ ਵਿਚ ਜਿਹੜੀ ਸਿਆਸੀ ਜਮਾਤ ਸੱਤਾ ਵਿਚ ਹੈ, ਉਹ ਬਹੁਤ ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਕਰਕੇ ਇਸ ਮੁਕਾਮ ਤੱਕ ਅੱਪੜੀ ਹੈ। ਉਂਝ, ਇਸ ਸਰਕਾਰ ਨੇ ਪਿਛਲੇ ਦੋ ਮਹੀਨਿਆਂ ਦੌਰਾਨ ਅਜਿਹਾ ਕੋਈ ਕੰਮ ਨਹੀਂ ਕੀਤਾ ਜਿਸ ਤੋਂ ਇਹ ਸੰਕੇਤ ਮਿਲਦਾ ਹੋਵੇ ਕਿ ਇਹ ਸਰਕਾਰ ਪੰਜਾਬ ਦੇ ਸੰਕਟ ਨੂੰ ਗਹਿਰਾਈ ਨਾਲ ਸਮਝ ਕੇ ਇਸ ਨੂੰ ਸੁਲਝਾਉਣ ਲਈ ਸੰਜੀਦਾ ਹੈ। ਸਰਕਾਰ ਦਾ ਸਾਰਾ ਜ਼ੋਰ ਲੋਕਾਂ ਨੂੰ ਇਹ ਜਚਾਉਣ ‘ਤੇ ਲੱਗਿਆ ਹੋਇਆ ਹੈ ਕਿ ਸਰਕਾਰ ਕੰਮ ਕਰ ਰਹੀ ਹੈ। ਇਸ ਪ੍ਰਸੰਗ ਵਿਚ ਲਗਾਤਾਰ ਇਸ਼ਤਿਹਾਰ ਛਪਵਾਏ ਜਾ ਰਹੇ ਹਨ। ਕੁਝ ਇਸ਼ਤਿਹਾਰ ਤਾਂ ਉਨ੍ਹਾਂ ਸੂਬਿਆਂ ਅੰਦਰ ਵੀ ਛਪਵਾਏ ਜਾ ਗਏ ਹਨ ਜਿੱਥੇ ‘ਆਪ’ ਸਰਕਾਰ ਦੀ ਮਸ਼ਹੂਰੀ ਕਰਨ ਦੀ ਕੋਈ ਤੁਕ ਨਹੀਂ। ਪੰਜਾਬ ਤਾਂ ਪਹਿਲਾਂ ਹੀ ਕਰੋੜਾਂ ਅਰਬਾਂ ਰੁਪਏ ਦੇ ਕਰਜ਼ੇ ਹੇਠ ਹੈ। ਹਾਂ, ਇਕ ਗੱਲ ਜ਼ਰੂਰ ਹੈ ਕਿ ਆਮ ਆਦਮੀ ਪਾਰਟੀ ਉਨ੍ਹਾਂ ਸੂਬਿਆਂ ਵਿਚ ਆਪਣੀ ਪਾਰਟੀ ਦੀ ਠੁੱਕ ਬਣਾਉਣ ਲਈ ਇਹ ਇਸ਼ਹਿਤਾਰ ਛਪਵਾ ਰਹੀ ਹੈ।
ਹੁਣ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ‘ਤੇ ਸਰਕਾਰ ਦੀ ਹਾਲਤ ਬੜੀ ਕਸੂਤੀ ਬਣੀ ਹੋਈ ਹੈ। ਕਤਲ ਤੋਂ ਇਕ ਦਿਨ ਪਹਿਲਾਂ ਕੁਝ ਹੋਰ ਲੋਕਾਂ ਸਮੇਤ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ। ਸਰਕਾਰ ਨੇ ਇਹ ਸੁਰੱਖਿਆ ਵਾਪਸ ਤਾਂ ਲਈ ਹੀ, ਨਾਲ ਇਸ ਬਾਰੇ ਸੂਚਨਾ ਵੀ ਨਸ਼ਰ ਕੀਤੀ ਜਿਸ ਕਾਰਨ ਹੁਣ ਇਸ ਦੀ ਤਿੱਖੀ ਨੁਕਤਾਚੀਨੀ ਹੋ ਰਹੀ ਹੈ। ਅਸਲ ਵਿਚ, ਸਰਕਾਰ ਚਲਾ ਰਹੇ ਆਮ ਆਦਮੀ ਪਾਰਟੀ ਦੇ ਆਗੂ ਅਜਿਹੇ ਫੈਸਲੇ ਨਸ਼ਰ ਕਰਕੇ ਇਹੀ ਜਚਾਉਣਾ ਚਾਹੁੰਦੇ ਹਨ ਕਿ ਸਰਕਾਰ ਕੰਮ ਕਰ ਰਹੀ ਹੈ। ਹੋਰ ਤਾਂ ਹੋਰ, ਸੁਰੱਖਿਆ ਵਾਪਸ ਲੈਂਦੇ ਸਮੇਂ ਸਬੰਧਤ ਵਿਅਕਤੀਆਂ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਨੂੰ ਵੀ ਸੰਜੀਦਗੀ ਨਾਲ ਵਿਚਾਰਿਆ ਨਹੀਂ ਗਿਆ। ਸਿਆਸੀ ਆਗੂਆਂ ਤੋਂ ਸਰਕਾਰੀ ਮਕਾਨ ਕਾਲੀ ਕਰਵਾਉਣ ਤੋਂ ਬਾਅਦ ਵੀ ਅਜਿਹਾ ਹੋਛਾਪਣ ਦਿਖਾਇਆ ਗਿਆ ਸੀ। ਆਰਥਿਕ ਫਰੰਟ ‘ਤੇ ਸਰਕਾਰ ਨੇ ਅਜੇ ਤੱਕ ਇਕ ਵੀ ਪੂਣੀ ਨਹੀਂ ਕੱਤੀ ਹੈ। ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਵੱਡੇ ਪੱਧਰ ‘ਤੇ ਤਬਦੀਲੀਆਂ ਲੋੜੀਂਦੀਆਂ ਹਨ। ਸੂਬੇ ਦਾ ਖੇਤੀ ਸੰਕਟ ਅਤੇ ਇਸ ਜੁੜਿਆ ਪਾਣੀ ਦਾ ਮਸਲਾ ਉਚੇਚਾ ਧਿਆਨ ਮੰਗਦਾ ਹੈ ਪਰ ਸਰਕਾਰ ਨੇ ਅਜੇ ਤੱਕ ਖੇਤੀ ਅਤੇ ਪਾਣੀ ਬਾਰੇ ਕੋਈ ਨੀਤੀਗਤ ਫੈਸਲਾ ਨਹੀਂ ਕੀਤਾ ਹੈ। ਪੰਜਾਬ ਸਰਕਾਰ ‘ਤੇ ਸਗੋਂ ਇਹ ਦੋਸ਼ ਮੁਢਲੇ ਦਿਨਾਂ ਤੋਂ ਹੀ ਲੱਗ ਰਹੇ ਹਨ ਕਿ ਇਹ ਦਿੱਲੀ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਦੇ ਪ੍ਰਭਾਵ ਹੇਠ ਹੈ। ਸਾਰੇ ਫੈਸਲੇ ਦਿੱਲੀ ਤੋਂ ਕੀਤੇ ਜਾ ਰਹੇ ਹਨ। ਇਸ ਸਬੰਧੀ ਕੁਝ ਪੁਖਤਾ ਸਬੂਤ ਵੀ ਸਾਹਮਣੇ ਆ ਚੁੱਕੇ ਹਨ ਅਤੇ ਦਿੱਲੀ ਦਾ ਪੰਜਾਬ ਸਰਕਾਰ ਦੇ ਰੋਜ਼ਮੱਰਾ ਕੰਮਾਂ ਵਿਚ ਦਖਲ ਦਿਸ ਵੀ ਰਿਹਾ ਹੈ। ਇਸ ਸੂਰਤ ਵਿਚ ਪੰਜਾਬ ਸਰਕਾਰ ਇਨ੍ਹਾਂ ਸਮੁੱਚੇ ਹਾਲਾਤ ਨਾਲ ਕਿੰਝ ਨਜਿੱਠੇਗੀ, ਇਹ ਬਹੁਤ ਵੱਡਾ ਸਵਾਲ ਹੈ। ਵਿਰੋਧੀ ਧਿਰ ਦੀ ਹਾਲਤ ਇੰਨੀ ਮਾੜੀ ਹੈ ਕਿ ਵੱਖ-ਵੱਖ ਆਗੂ ਸਿਰਫ ਹਾਜ਼ਰੀ ਲੁਆਉਣ ਖਾਤਰ ਬਿਆਨ ਦਾਗ ਰਹੇ ਹਨ। ਇਹ ਪੰਜਾਬ ਲਈ ਸੱਚਮੁੱਚ ਔਖੀ ਘੜੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਸੰਕਟ ਵਿਚੋਂ ਨਿੱਕਲਿਆ ਜਾ ਸਕੇਗਾ ਜਾਂ ਸੰਕਟ ਹੋਰ ਗਹਿਰਾ ਹੋਵੇਗਾ।