ਕੈਨੇਡਾ ਵਿਚ ਮੌਂਕੀਪੌਕਸ ਵਾਇਰਸ ਦੀ ਦਸਤਕ

ਵੈਨਕੂਵਰ: ਕੁਝ ਦਿਨਾਂ ਤੋਂ ਕੈਨੇਡਾ ਵਿਚ ਮੌਂਕੀਪੌਕਸ ਨਾਂ ਦੇ ਵਾਇਰਸ ਨੇ ਦਸਤਕ ਦਿੱਤੀ ਹੈ, ਜੋ ਦੇਸ਼ ਦੇ ਸਾਰੇ ਸੂਬਿਆਂ ਵਿਚ ਪੈਰ ਪਸਾਰ ਰਿਹਾ ਹੈ। ਬੇਸ਼ੱਕ ਕੈਨੇਡਾ ਦੇ ਸਿਹਤ ਮੰਤਰਾਲੇ ਵੱਲੋਂ ਲੋਕਾਂ ਨੂੰ ਤਸੱਲੀ ਦਿੱਤੀ ਜਾ ਰਹੀ ਹੈ ਕਿ ਇਹ ਰੋਗ ਜਾਨਲੇਵਾ ਨਹੀਂ ਹੈ ਪਰ ਕਰੋਨਾ ਦਾ ਪ੍ਰਕੋਪ ਝੱਲ ਚੁੱਕੇ ਲੋਕਾਂ ਦੇ ਮਨਾਂ ਵਿਚ ਡਰ ਹੈ।

ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਮੌਂਟਰੀਅਲ ਵਿਚ ਜਾਂਚ ਦੌਰਾਨ ਦੋ ਮਰੀਜ਼ਾਂ ਵਿਚ ਮੌਂਕੀਪੌਕਸ ਵਾਇਰਸ ਦਾ ਪਤਾ ਲੱਗਿਆ ਸੀ। ਇਸ ਮਗਰੋਂ ਕੁਝ ਹੋਰ ਸੂਬਿਆਂ ਵਿਚ ਵੀ ਇਸ ਵਾਇਰਸ ਤੋਂ ਪੀੜਤ ਮਰੀਜ਼ਾਂ ਦਾ ਪਤਾ ਲੱਗਣ ਲੱਗਿਆ ਹੈ। ਸਿਹਤ ਵਿਭਾਗ ਅਨੁਸਾਰ ਛੂਤ ਦੀ ਇਸ ਬਿਮਾਰੀ ਕਾਰਨ ਤੇਜ ਬੁਖਾਰ ਅਤੇ ਸਰੀਰ ਉਤੇ ਹਲਕੇ ਦਾਣੇ ਨਿਕਲ ਆਉਂਦੇ ਹਨ ਤੇ ਜੋੜਾਂ ਵਿਚ ਤੇਜ ਦਰਦ ਹੋਣ ਲੱਗਦਾ ਹੈ। ਵਿਭਾਗ ਵੱਲੋਂ ਜਾਰੀ ਸੂਚਨਾਵਾਂ ਅਨੁਸਾਰ ਮੌਂਕੀਪੌਕਸ ਵਾਇਰਸ ਤੋਂ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਇਸ ਦਾ ਇਲਾਜ ਅਤੇ ਦਵਾਈਆਂ ਪਹਿਲਾਂ ਹੀ ਹਸਪਤਾਲਾਂ ਵਿਚ ਮੌਜੂਦ ਹਨ। ਟੋਰਾਂਟੋ ਵਿਚ ਮੌਂਕੀਪੌਕਸ ਤੋਂ ਪੀੜਤ ਦੋ ਮਰੀਜ਼ਾਂ ਦੀ ਜਾਂਚ ਮਗਰੋਂ ਲੋਕਾਂ ਨੂੰ ਦੋ ਭੀੜ ਵਾਲੀਆਂ ਥਾਵਾਂ ‘ਤੇ ਨਾ ਜਾਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।