ਠੇਕਾ ਭਰਤੀ: ਪੰਜਾਬ ਦੀ ‘ਆਪ` ਸਰਕਾਰ ਵੀ ਰਵਾਇਤੀ ਧਿਰਾਂ ਵਾਲੇ ਰਾਹ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਵਜ਼ਾਰਤ ਦੀ ਮੀਟਿੰਗ ਵਿਚ ਸੂਬੇ ਵਿਚ 1766 ਸੇਵਾ ਮੁਕਤ ਕਾਨੂੰਗੋ ਤੇ ਪਟਵਾਰੀ ਨੂੰ ਠੇਕੇ ਦੇ ਆਧਾਰ ‘ਤੇ ਭਰਤੀ ਕਰਨ ਨੂੰ ਹਰੀ ਝੰਡੀ ਦਿੱਤੀ ਹੈ। ਇਹ ਮੁਲਾਜ਼ਮ ਪਟਵਾਰੀਆਂ ਦੀ ਰੈਗੂਲਰ ਨਿਯੁਕਤੀ ਤੱਕ ਸੇਵਾਵਾਂ ਨਿਭਾਉਣਗੇ।

ਪੰਜਾਬ ਸਰਕਾਰ ਮਾਲ ਵਿਭਾਗ ਵਿਚ ਪਟਵਾਰੀਆਂ ਦੀ ਪੱਕੀ ਭਰਤੀ ਤੱਕ 64 ਸਾਲ ਦੀ ਉਮਰ ਤੋਂ ਘੱਟ ਸਾਫ ਸੁਥਰੇ ਰਿਕਾਰਡ ਵਾਲੇ 1766 ਸੇਵਾਮੁਕਤ ਪਟਵਾਰੀਆਂ ਨੂੰ ਠੇਕੇ ‘ਤੇ ਰੱਖਣ ਲਈ ਹਰੀ ਝੰਡੀ ਦੇਣ ਨਾਲ ਰਵਾਇਤੀ ਪਾਰਟੀਆਂ ਦੇ ਰਾਹ ਪੈ ਗਈ ਹੈ। ਜਦੋਂ ਤਤਕਾਲੀ ਕਾਂਗਰਸ ਸਰਕਾਰ ਨੇ 24 ਅਗਸਤ 2021 ਨੂੰ ਇਹੀ ਫੈਸਲਾ ਲਿਆ ਸੀ ਉਦੋਂ ਆਮ ਆਦਮੀ ਪਾਰਟੀ ਨੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਵਕਾਲਤ ਕੀਤੀ ਸੀ। ਠੇਕੇ ‘ਤੇ ਭਰਤੀ ਦਾ ਵਿਰੋਧ ਕਰਦੀ ਆ ਰਹੀ ਆਮ ਆਦਮੀ ਪਾਰਟੀ ਦੇ ਰਵਾਇਤੀ ਪਾਰਟੀਆਂ ਦੇ ਰਾਹ ਪੈਣ ਕਾਰਨ ਪੰਜਾਬ ਵਿਚ ‘ਬਦਲਾਅ‘ ਦੀ ਆਸ ਘੱਟ ਹੀ ਜਾਪਦੀ ਹੈ।
ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਵਿਚ ਤਤਕਾਲੀ ਕਾਂਗਰਸ ਸਰਕਾਰ ਸਮੇਂ ਸੇਵਾਮੁਕਤ ਪਟਵਾਰੀਆਂ ਦੀ ਭਰਤੀ ਕਰਨ ਦੇ ਫੈਸਲੇ ਖਿਲਾਫ ‘ਆਪ‘ ਆਗੂ ਗੁਰਮੀਤ ਸਿੰਘ ਮੀਤ ਹੇਅਰ ਇਹ ਕਹਿੰਦੇ ਦਿਖਾਈ ਦੇ ਰਹੇ ਹਨ ਕਿ ਇਸ ਭਰਤੀ ਲਈ ਅਪਲਾਈ ਕਰਨ ਵਾਲੇ ਸੇਵਾਮੁਕਤ ਪਟਵਾਰੀ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਦਾ ਹੱਕ ਖੋਹ ਰਹੇ ਹਨ। ਉਹ ਵੀਡੀਓ ਰਾਹੀਂ ਸੇਵਾਮੁਕਤ ਪਟਵਾਰੀਆਂ ਨੂੰ ਸਰਕਾਰ ਦੇ ਇਸ ਭ੍ਰਿਸ਼ਟਾਚਾਰ ਵਿਚ ਭਾਗੀਦਾਰ ਨਾ ਬਣ ਕੇ ਇਹ ਅਸਾਮੀਆਂ ਨੌਜਵਾਨਾਂ ਲਈ ਛੱਡਣ ਦੀ ਅਪੀਲ ਕਰਦੇ ਸੁਣਾਈ ਦਿੰਦੇ ਹਨ।
‘ਆਪ` ਸਰਕਾਰ ਦੇ ਸੇਵਾਮੁਕਤ ਪਟਵਾਰੀਆਂ ਨੂੰ ਮੁੜ ਭਰਤੀ ਕਰਨ ਦੇ ਫੈਸਲੇ ਨੇ ‘ਘਰ-ਘਰ ਰੁਜ਼ਗਾਰ` ਉਡੀਕ ਰਹੇ ਨੌਜਵਾਨਾਂ ਤੋਂ ਨਵੇਂ ਮੌਕੇ ਖੋਹ ਲਏ ਹਨ। ਸੇਵਾਮੁਕਤ ਪਟਵਾਰੀਆਂ ਦੀ ਭਰਤੀ ਚਾਰ ਮੈਂਬਰੀ ਕਮੇਟੀ ਕਰੇਗੀ, ਜਿਸ ਦੇ ਮੈਂਬਰ ਸਬੰਧਤ ਜਿਲ੍ਹੇ ਦਾ ਡੀਸੀ, ਚੇਅਰਮੈਨ, ਏ.ਡੀ.ਸੀ. (ਜਨਰਲ) ਐਸ.ਡੀ.ਐਮ. ਤੇ ਜ਼ਿਲ੍ਹਾ ਮਾਲ ਅਫਸਰ ਕਮੇਟੀ ਹੋਣਗੇ। ਪਤਾ ਲੱਗਿਆ ਹੈ ਕਿ ਠੇਕੇ `ਤੇ ਪਟਵਾਰੀ ਨੂੰ ਉੱਕਾ ਪੁੱਕਾ 25 ਹਜ਼ਾਰ ਰੁਪਏ ਮਾਣ ਭੱਤਾ ਮਿਲੇਗਾ, ਉਸ ਦਾ ਸੇਵਾ ਕਾਲ ਰਿਕਾਰਡ ਸਾਫ-ਸੁਥਰਾ ਅਤੇ ਉਮਰ 64 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਉਧਰ, ਆਲ ਇੰਡੀਆ ਕਾਨੂੰਗੋ ਐਸੋਸੀਏਸ਼ਨ ਦੇ ਮੈਂਬਰ ਅਤੇ ਸਾਬਕਾ ਸੂਬਾ ਪ੍ਰਧਾਨ ਪਟਵਾਰ ਯੂਨੀਅਨ ਮੋਹਣ ਸਿੰਘ ਭੇਡਪੁਰਾ ਨੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਸੂਬੇ ਵਿਚ ਘੱਟੋ-ਘੱਟ 3500 ਪਟਵਾਰੀਆਂ ਦੀ ਪੱਕੀ ਭਰਤੀ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ‘ਚ ਕੁੱਲ 4716 ਵਿੱਚੋਂ ਕਰੀਬ 2979 ਪਟਵਾਰ ਸਰਕਲ ਖਾਲੀ ਹੋਣ ਕਰਕੇ ਸੂਬਾ ਭਰ ਦੇ ਕਰੀਬ 8200 ਪਿੰਡ ਪਟਵਾਰੀਆਂ ਤੋਂ ਸੱਖਣੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਹੀ ਸੇਵਾਵਾਂ ਦੇਣ ਲਈ ਪਟਵਾਰੀ ਨੂੰ ਵਾਧੂ ਹਲਕਿਆਂ ਦਾ ਚਾਰਜ ਦੇਣਾ ਗਲਤ ਹੈ, ਜਿਸ ਨਾਲ ਉਨ੍ਹਾਂ ਦਾ ਸ਼ੋਸ਼ਣ ਹੁੰਦਾ ਹੈ ਅਤੇ ਮਜਬੂਰੀਵੱਸ ਪਟਵਾਰੀਆਂ ਨੂੰ ਪ੍ਰਾਈਵੇਟ ਕਰਿੰਦੇ ਰੱਖਣੇ ਪੈਂਦੇ ਹਨ, ਹਾਲਾਂਕਿ ਉਹ ਇਸ ਦੇ ਖਿਲਾਫ ਹਨ।
ਨੌਜਵਾਨਾਂ ਨੂੰ ਰੁਜ਼ਗਾਰ ਲਈ ਸਰਕਾਰ ਵਚਨਬੱਧ: ਜਿੰਪਾ
ਚੰਡੀਗੜ੍ਹ: ਪੰਜਾਬ ਦੇ ਮਾਲ, ਮੁੜ-ਵਸੇਬਾ ਤੇ ਆਫਤ ਪ੍ਰਬੰਧਨ ਅਤੇ ਜਲ ਸਰੋਤ ਮੰਤਰੀ ਬ੍ਰਮ ਸੰਕਰ ਜਿੰਪਾ ਨੇ ਕਿਹਾ ਕਿ ਰੁਜ਼ਗਾਰ ਦੀ ਤਲਾਸ਼ ਵਿਚ ਵਿਦੇਸ਼ ਜਾ ਰਹੇ ਪੰਜਾਬ ਦੇ ਨੌਜਵਾਨਾਂ ਨੂੰ ਰੋਕਣ ਲਈ ਰਾਜ ਸਰਕਾਰ ਵੱਲੋਂ ਵਧੀਆ ਸਿੱਖਿਆ ਦੇਣ, ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਨੌਜਵਾਨਾਂ ਲਈ ਸੂਬੇ ਵਿਚ ਹੀ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਉਤੇ ਪੂਰੀ ਤਰ੍ਹਾਂ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਮਾਲਟਾ ਕਾਂਡ ਅਤੇ ਹੋਰ ਦੁਖਦਾਈ ਘਟਨਾਵਾਂ ਨੂੰ ਯਾਦ ਕਰਦਿਆਂ ਕੈਬਨਿਟ ਮੰਤਰੀ ਨੇ ਸੁਪਨੇ ਸਾਕਾਰ ਕਰਨ ਲਈ ਵਿਦੇਸ਼ ਭੇਜਣ ਦੇ ਓਹਲੇ ਹੋ ਰਹੀ ਮਨੁੱਖੀ ਤਸਕਰੀ ਉਤੇ ਡੂੰਘੀ ਚਿੰਤਾ ਪ੍ਰਗਟਾਈ।