‘ਅਮੋਲਕ ਹੀਰਾ` ਪੁਸਤਕ ਰਿਲੀਜ਼ ਮੌਕੇ ਵਿਚਾਰ ਚਰਚਾ

ਵਰਲਡ ਪੰਜਾਬੀ ਸੈਂਟਰ ਨੇ ਕਰਵਾਇਆ ਸਮਾਗਮ
ਪਟਿਆਲਾ (ਬਿਊਰੋ): ‘ਪੰਜਾਬੀ ਟ੍ਰਿਬਿਊਨ` ਨਾਲ ਜੁੜੇ ਰਹੇ ਅਤੇ ਫਿਰ ਅਮਰੀਕਾ ਵਿਚ ਹਫਤਾਵਾਰੀ ਅਖਬਾਰ ‘ਪੰਜਾਬ ਟਾਈਮਜ਼’ ਕੱਢਣ ਵਾਲੇ ਅਮੋਲਕ ਸਿੰਘ ਜੰਮੂ ਅਤੇ ਉਨ੍ਹਾਂ ਦੀਆਂ ਲਿਖਤਾਂ ਨੂੰ ਸਮਰਪਿਤ ਪੁਸਤਕ ‘ਅਮੋਲਕ ਹੀਰਾ` ਇਥੇ ਪੰਜਾਬੀ ਯੂਨੀਵਰਸਿਟੀ ਵਿਚ ਰਿਲੀਜ਼ ਕੀਤੀ ਗਈ। ਇਹ ਪੁਸਤਕ ਰਿਲੀਜ਼ ਕਰਨ ਲਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪੋ੍ਰਫੈਸਰ ਅਰਵਿੰਦ ਉਚੇਚੇ ਤੌਰ ‘ਤੇ ਪਹੁੰਚੇ। ਇਸ ਪੁਸਤਕ ਦੀ ਸੰਪਾਦਨਾ ‘ਪੰਜਾਬੀ ਟ੍ਰਿਬਿਊਨ` ਦੇ ਸਾਬਕਾ ਸੰਪਾਦਕ ਸੁਰਿੰਦਰ ਸਿੰਘ ਤੇਜ ਨੇ ਕੀਤੀ ਹੈ।

ਇਸ ਰਿਲੀਜ਼ ਸਮਾਗਮ ਮੌਕੇ ਇਸ ਪੁਸਤਕ ਬਾਰੇ ਵਿਚਾਰ ਗੋਸ਼ਟੀ ਵੀ ਹੋਈ।
ਇਸ ਮੌਕੇ ਸਮਾਗਮ ਦੀ ਪ੍ਰ੍ਰਧਾਨਗੀ ਉੱਘੇ ਸ਼ਾਇਰ ਸੁਰਜੀਤ ਪਾਤਰ ਨੇ ਕੀਤੀ। ਉਨ੍ਹਾਂ ਕਿਹਾ ਕਿ ਇਹ ਪੁਸਤਕ ਪੜ੍ਹ ਕੇ ਪੰਜਾਬ ਬਾਰੇ ਬਹੁਤ ਕੁਝ ਸਮਝਿਆ ਅਤੇ ਸਮਝਾਇਆ ਜਾ ਸਕਦਾ ਹੈ। ਇਸ ਕਿਤਾਬ ਅੰਦਰ ਤਕਰੀਬਨ ਪੰਜ ਦਹਾਕਿਆਂ ਦੀ ਗਾਥਾ ਮੌਜੂਦ ਹੈ। ਇਹ ਨਵੇਂ ਸੰਵਾਦ ਨੂੰ ਵੀ ਥਾਂ ਦਿੰਦੀ ਹੈ। ਸਮਾਗਮ ਦੇ ਮੁੱਖ ਵਕਤਾ ਅਮਰਜੀਤ ਸਿੰਘ ਗਰੇਵਾਲ ਦਾ ਕਹਿਣਾ ਸੀ ਕਿ ਪੰਜਾਬ ਪਰਵਾਸ ਦੇ ਰਾਹ ਪੈ ਚੁੱਕਾ ਹੈ। ਉੱਚੇ-ਸੁੱਚੇ ਮਿਆਰ ਵਾਲੇ ਬਹੁਤੇ ਲੋਕ ਬੇਗਾਨੀ ਧਰਤੀ ‘ਤੇ ਵੀ ਮਿਆਰ ਨੂੰ ਡਿੱਗਣ ਨਹੀਂ ਦਿੰਦੇ। ਅਮੋਲਕ ਸਿੰਘ ਨੇ ਵੀ ਵਿਦੇਸ਼ੀ ਧਰਤੀ ‘ਤੇ ਜਾ ਕੇ ਵੀ ਪੱਤਰਕਾਰੀ ਦੇ ਮਿਆਰ ਨੂੰ ਡਿੱਗਣ ਨਹੀਂ ਦਿੱਤਾ। ਪ੍ਰੋ. ਬਾਵਾ ਸਿੰਘ ਨੇ ਇਸ ਪੁਸਤਕ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ। ਉਨ੍ਹਾਂ ਇਸ ਪੁਸਤਕ ਨੂੰ ਚਾਰ ਹਿੱਸਿਆਂ ਵਿਚ ਵੰਡ ਕੇ ਇਸ ਦਾ ਮੁਲੰਕਣ ਕੀਤਾ। ਉਨ੍ਹਾਂ ਕਿਹਾ ਕਿ ਅਮੋਲਕ ਸਿੰਘ ਪੱਤਰਕਾਰ ਵਜੋਂ ਉਸਾਰੂ ਕਾਰਜਾਂ ਖਾਤਰ ਜਾਨ ਵੀ ਜੋਖਮ ਵਿਚ ਪਾਉਂਦੇ ਰਹੇ, ਇਸੇ ਕਰਕੇ ਅੱਜ ਪੰਜਾਬੀਆਂ ਦੇ ਮਨਾਂ ਅੰਦਰ ‘ਪੰਜਾਬ ਟਾਈਮਜ਼’ ਲਈ ਇੰਨਾ ਸਤਿਕਾਰ ਹੈ। ਪੁਸਤਕ ਦੇ ਸੰਪਾਦਕ ਸੁਰਿੰਦਰ ਸਿੰਘ ਤੇਜ ਦਾ ਕਹਿਣਾ ਸੀ ਕਿ ਇਸ ਪੁਸਤਕ ਦਾ ਸੰਪਾਦਨ ਬੜਾ ਪੇਚੀਦਾ ਕੰਮ ਸੀ ਪਰ ਉਨ੍ਹਾਂ ਯਤਨ ਕੀਤਾ ਹੈ ਕਿ ਇਸ ਵਿਚੋਂ ਅਮੋਲਕ ਸਿੰਘ ਅਤੇ ‘ਪੰਜਾਬ ਟਾਈਮਜ਼’ ਹੀ ਨਹੀਂ, ਪੂਰੇ ਪੰਜਾਬ ਦੇ ਦਰਸ਼ਨ ਹੋ ਸਕਣ ਤਾਂ ਕਿ ਇਹ ਪੁਸਤਕ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਬਣ ਸਕੇ। ਪ੍ਰੋ. ਕੁਲਦੀਪ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਵਿਚ ਤਬਦੀਲੀ ਦੇ ਹੋਰ ਕਾਰਨ ਵੀ ਹੋਣਗੇ ਪਰ ਪੂੰਜੀਵਾਦ ਵੀ ਅਹਿਮ ਕਾਰਨ ਹੈ। ਇਸ ਪ੍ਰਸੰਗ ਵਿਚ ਉਨ੍ਹਾਂ ਅਮੋਲਕ ਸਿੰਘ ਵੱਲੋਂ ਇਨ੍ਹਾਂ ਕਾਰਨਾਂ ਦੀ ਨਿਸ਼ਾਨਦੇਹੀ ਕੀਤੇ ਜਾਣ ਨੂੰ ਪੱਤਰਕਾਰੀ ਦਾ ਅਹਿਮ ਪੜਾਅ ਦੱਸਿਆ। ਪੱਤਰਕਾਰ ਜਸਵੀਰ ਸਮਰ ਨੇ ਅਮੋਲਕ ਸਿੰਘ ਅਤੇ ਉਨ੍ਹਾਂ ਦੇ ਜਿਗਰੀ ਦੋਸਤ ਨਰਿੰਦਰ ਸਿੰਘ ਭੁੱਲਰ ਦੇ ਹਵਾਲੇ ਨਾਲ ਅਮੋਲਕ ਸਿੰਘ ਦੀ ਪੱਤਰਕਾਰੀ ਅਤੇ ‘ਪੰਜਾਬ ਟਾਈਮਜ਼’ ਦੀ ਖਾਸੀਅਤ ਬਾਰੇ ਗੱਲਾਂ ਕੀਤੀਆਂ। ਇਸ ਪ੍ਰਸੰਗ ਵਿਚ ਹੀ ‘ਪੰਜਾਬੀ ਟ੍ਰਿਬਿਊਨ’ ਦੀ ਚਰਚਾ ਹੋਈ ਜਿਥੋਂ ਦਾ ਤਰਾਸ਼ਿਆ ‘ਅਮੋਲਕ ਹੀਰਾ’ ਅਮਰੀਕਾ ਵਿਚ ‘ਪੰਜਾਬ ਟਾਈਮਜ਼’ ਵਰਗਾ ਵਿਲੱਖਣ ਪਰਚਾ ਕੱਢਣ ਵਿਚ ਕਾਮਯਾਬ ਰਿਹਾ। ਅੰਤ ਵਿਚ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਬਲਕਾਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਸਮਾਗਮ ‘ਚ ਡਾ. ਸੁਮਨਦੀਪ ਕੌਰ, ਅੰਗਰੇਜ਼ੀ ਵਿਭਾਗ ਦੇ ਰਿਸਰਚ ਸਕਾਲਰ ਹਰਵੀਰ ਪਾਲ ਸਿੰਘ, ਮਾਸਟਰ ਸਤਵੀਰ ਗਿੱਲ, ਡਾ. ਗੌਰਵੀ ਸ਼ਰਮਾ ਅਤੇ ਹੋਰਾਂ ਨੇ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਇਸ ਪੁਸਤਕ ‘ਚ ਜਿਥੇ ਅਮੋਲਕ ਸਿੰਘ ਦੀਆਂ ਲਿਖਤਾਂ ਹਨ, ਉਥੇ ਪੱਤਰਕਾਰ ਕਰਮਜੀਤ ਸਿੰਘ, ਗੁਰਦਿਆਲ ਬੱਲ, ਪ੍ਰਿ੍ਰੰਸੀਪਲ ਸਰਵਣ ਸਿੰਘ, ਪ੍ਰੋ. ਹਰਪਾਲ ਸਿੰਘ, ਬੂਟਾ ਸਿੰਘ ਆਦਿ ਦੇ ਲੇਖ ਹਨ। ਪੁਸਤਕ ‘ਚ ਅਨੰਦਪੁਰ ਦੇ ਮਤੇ ਤੋਂ ਲੈ ਕੇ ਸਿੱਖਾਂ ਦੇ ਰਾਜਨੀਤਕ ਸਫਰ ਸਮੇਤ ਪੰਜਾਬੀ ਸੱਭਿਆਚਾਰ ਦੀ ਮੌਲਿਕਤਾ, ਭੂਤਵਾੜੇ ਦੀ ਗਾਥਾ, ਭਗਤ ਸਿੰਘ ਦੀ ਸ਼ਹਾਦਤ, ਡਾ.ਅੰਬੇਦਕਰ ਦੀ ਵਿਚਾਰਧਾਰਾ ਅਤੇ ਪੂੰਜੀਵਾਦੀ ਦੇ ਦੌਰ ਵਿਚ ਪੰਜਾਬ ਦੀ ਆਰਥਿਕ ਦਸ਼ਾ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ ਹੈ। ਇਹ ਪੁਸਤਕ ਸੰਘਰਸ਼ਮਈ ਵਿਅਕਤੀਤਵ ਦੀ ਸਿਰਜਣਾ ਦੀ ਸਮਰੱਥਾ ਨੂੰ ਵੀ ਦਰਸਾਉਂਦੀ ਹੈ।