ਜਤਿੰਦਰ ਪਨੂੰ
ਇਸ ਵਕਤ ਜਦੋਂ ਅਗਲੀਆਂ ਲੋਕ ਸਭਾ ਚੋਣਾਂ ਵਿਚ ਦੋ ਸਾਲਾਂ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ, ਸਾਡਾ ਪੰਜਾਬ ਅਸਲੋਂ ਨਵੇਂ ਸਿਆਸੀ ਹਾਲਾਤ ਵੱਲ ਵਧਣ ਦੀ ਝਲਕ ਦੇਂਦਾ ਜਾਪਦਾ ਹੈ। ਅਗਲੀਆਂ ਲੋਕ ਸਭਾ ਚੋਣਾਂ ਤੱਕ ਆਮ ਆਦਮੀ ਪਾਰਟੀ ਅੱਜ ਵਾਲੀ ਹੀ ਰਹੇਗੀ,
ਜਾਂ ਇਸ ਵਿਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਹੋਵੇਗੀ, ਇਸ ਦੀ ਕੋਈ ਝਲਕ ਹਾਲ ਦੀ ਘੜੀ ਦਿਖਾਈ ਨਹੀਂ ਦੇ ਰਹੀ, ਪਰ ਹਾਲਾਤ ਕਦੋਂ ਕਿਹੜਾ ਵਹਿਣ ਲੱਭ ਲੈਣ, ਇਸ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ, ਜਦਕਿ ਬਾਕੀ ਸਾਰੀਆਂ ਮੁੱਖ ਸਿਆਸੀ ਧਿਰਾਂ ਵਿਚ ਹਾਲਾਤ ਰੰਗ ਵਟਾ ਰਹੇ ਹਨ। ਅਜੇ ਇਹ ਕਹਿਣ ਦਾ ਸਮਾਂ ਨਹੀਂ ਕਿ ਅਕਾਲੀ ਦਲ ਦੀ ਲੀਡਰਸਿ਼ਪ ਅੱਜ ਵਾਲੀ ਰਹੇਗੀ ਜਾਂ ਹੋਰ ਹੱਥਾਂ ਵਿਚ ਚਲੀ ਜਾਵੇਗੀ ਤੇ ਜਾਵੇਗੀ ਤਾਂ ਕਿਹੜੇ ਹੱਥਾਂ ਵਿਚ ਜਾਵੇਗੀ, ਪਰ ਕਾਂਗਰਸ ਤੇ ਭਾਜਪਾ ਬਾਰੇ ਬਹੁਤ ਕੁਝ ਮਹਿਸੂਸ ਕੀਤਾ ਜਾਣ ਲੱਗ ਪਿਆ ਹੈ। ਅਗਲੇ ਦੋ ਸਾਲਾਂ ਤੱਕ ਇਨ੍ਹਾਂ ਦੋਵਾਂ ਪਾਰਟੀਆਂ ਦੀ ਲੀਡਰਸਿ਼ਪ ਵਿਚ ਬਹੁਤ ਕੁਝ ਨਵਾਂ ਵੇਖਣ ਨੂੰ ਮਿਲ ਸਕਦਾ ਹੈ।
ਅਕਾਲੀ ਦਲ ਦਾ ਹਾਲ ਓਦਾਂ ਦਾ ਹੈ, ਜਿੱਦਾਂ ਦਾ ਕਾਮਰੇਡਾਂ ਦੇ ਰਾਜ ਵਾਲੇ ਰੂਸ ਵਿਚ ਹੁੰਦਾ ਸੀ। ਇੱਕ ਬਹੁਤ ਸੀਨੀਅਰ ਕਮਿਊਨਿਸਟ ਆਗੂ ਨੇ ਇੱਕ ਵਾਰ ਲਿਖਿਆ ਸੀ ਕਿ ਕਾਮਰੇਡ ਸਟਾਲਿਨ ਦੀ ਮੌਤ ਮਗਰੋਂ ਜਦੋਂ ਖਰੁਸ਼ਚੋਵ ਦੇ ਹੱਥ ਸਾਰੀ ਤਾਕਤ ਆਈ ਤਾਂ ਉਸ ਨੇ ਪਾਰਟੀ ਦੀ ਸੈਂਟਰਲ ਕਮੇਟੀ ਵਿਚ ਸਟਾਲਿਨ ਦੇ ਖਿ਼ਲਾਫ ਧੂੰਆਂਧਾਰ ਤਕਰੀਰ ਕਰ ਕੇ ਉਸ ਨੂੰ ਭੰਡਣ ਦੀ ਸਿਖਰ ਕਰ ਦਿੱਤੀ। ਭਾਸ਼ਣ ਦੌਰਾਨ ਕਿਸੇ ਨੇ ਉਸ ਨੂੰ ਇੱਕ ਚਿੱਟ ਭੇਜ ਦਿੱਤੀ ਕਿ ਅੱਜ ਤੂੰ ਉਸ ਦੇ ਖਿ਼ਲਾਫ ਬੋਲੀ ਜਾਂਦਾ ਹੈਂ, ਉਸ ਦੇ ਹੁੰਦਿਆਂ ਕਿਉਂ ਨਹੀਂ ਸੀ ਬੋਲਦਾ? ਉਸ ਨੇ ਚਿੱਟ ਪੜ੍ਹ ਕੇ ਸੁਣਾਈ ਤੇ ਉੱਚੀ ਆਵਾਜ਼ ਵਿਚ ਪੁੱਛਿਆ: ਆਹ ਚਿੱਟ ਕੀਹਨੇ ਭੇਜੀ ਹੈ? ਕੋਈ ਨਹੀਂ ਸੀ ਬੋਲਿਆ। ਉਸ ਨੇ ਕਿਹਾ ਕਿ ਜਿਸ ਬੰਦੇ ਨੇ ਚਿੱਟ ਭੇਜੀ ਹੈ, ਜਿਵੇਂ ਮੈਥੋਂ ਡਰਦਾ ਅੱਜ ਉਹ ਨਹੀਂ ਬੋਲ ਰਿਹਾ, ਸਟਾਲਿਨ ਦੇ ਜਿਉਂਦੇ ਜੀਅ ਮੈਂ ਵੀ ਉਸ ਅੱਗੇ ਬੋਲਦਾ ਨਹੀਂ ਸੀ ਹੁੰਦਾ, ਕਿਉਂਕਿ ਮੈਨੂੰ ਵੀ ਉਹੀ ਡਰ ਲੱਗਦਾ ਸੀ, ਜਿਹੜਾ ਅੱਜ ਤੁਹਾਨੂੰ ਲੱਗਦਾ ਹੈ। ਰੂਸ ਵਿਚ ਕਮਿਊਨਿਸਟ ਸਰਕਾਰ ਦਾ ਭੋਗ ਪਾਉਣ ਦੀ ਹਮਾਇਤ ਕਰਨ ਵਾਲੇ ਉਸ ਲੀਡਰ ਨੇ ਪਤਾ ਨਹੀਂ ਇਹ ਗੱਲ ਖੁਦ ਘੜ ਕੇ ਲਿਖੀ ਸੀ ਕਿ ਸੱਚ ਸੀ, ਪਰ ਅੱਜ ਦੀ ਅਕਾਲੀ ਪਾਰਟੀ ਵਿਚ ਵੀ ਬਹੁਤ ਸਾਰੇ ਆਗੂ ਆਸੇ-ਪਾਸੇ ਤਾਂ ਆਪਣੀ ਲੀਡਰਸਿ਼ਪ ਬਾਰੇ ਉਹ ਕੁਝ ਬੋਲੀ ਜਾਂਦੇ ਹਨ ਕਿ ਸੁਣਿਆ ਨਹੀਂ ਜਾਂਦਾ, ਪਰ ਜਦੋਂ ਜਨਤਕ ਤੌਰ ਉੱਤੇ ਬੋਲਣ ਤਾਂ ਓਸੇ ਲੀਡਰਸਿ਼ਪ ਦੇ ਨਾਂ ਨਾਲ ਏਨੇ ਸਤਿਕਾਰਤ ਅਲੰਕਾਰ ਜੋੜ ਕੇ ਬੋਲਦੇ ਹਨ ਕਿ ਉਸ ਨਾਲ ਦੀ ਲੀਡਰਸਿ਼ਪ ਹੀ ਕਿਸੇ ਕੋਲ ਨਹੀਂ ਹੋਣੀ। ਇਸ ਲਈ ਇਹ ਗੱਲ ਕਹਿਣੀ ਔਖੀ ਹੈ ਕਿ ਇਸ ਪਾਰਟੀ ਵਿਚ ਇਹ ਮਾਹੌਲ ਕਦੋਂ ਤੱਕ ਚੱਲੇਗਾ ਅਤੇ ਜਿਹੜੇ ਲੀਡਰ ਆਸੇ-ਪਾਸੇ ਬੋਲਦੇ ਹਨ, ਕਦੀ ਇਹੋ ਗੱਲਾਂ ਲੋਕਾਂ ਸਾਹਮਣੇ ਕਹਿਣ ਜੋਗੇ ਹੋਣਗੇ ਕਿ ਨਹੀਂ, ਇਹ ਸਿਰਫ ਉਨ੍ਹਾਂ ਨੂੰ ਪਤਾ ਹੋਵੇਗਾ।
ਦੂਸਰੇ ਪਾਸੇ ਕਾਂਗਰਸ ਦੇ ਅੱਜ ਵਾਲੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਪਹਿਲਾਂ ਪਾਰਟੀ ਦੀ ਅਗਵਾਈ ਕਰ ਚੁੱਕੇ ਤਿੰਨੇ ਆਗੂ ਇਸ ਪਾਰਟੀ ਕੋਲ ਨਹੀਂ ਰਹਿ ਗਏ। ਜਿਹੜੇ ਨਵਜੋਤ ਸਿੰਘ ਸਿੱਧੂ ਤੋਂ ਪ੍ਰਧਾਨਗੀ ਛੁਡਾ ਕੇ ਰਾਜਾ ਵੜਿੰਗ ਨੂੰ ਦਿੱਤੀ ਸੀ, ਉਹ ਜੇਲ੍ਹ ਵਿਚ ਚਲਾ ਗਿਆ ਹੈ। ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਲਈ ਸੁਨੀਲ ਜਾਖੜ ਨੂੰ ਪਾਸੇ ਧੱਕਿਆ ਗਿਆ, ਉਹ ਨਿੱਤ ਦਿਨ ਹੁੰਦੀ ਬੇਇੱਜ਼ਤੀ ਤੋਂ ਅੱਕ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਿਆ ਹੈ। ਸੁਨੀਲ ਜਾਖੜ ਦੇ ਬਾਪ ਬਲਰਾਮ ਜਾਖੜ ਨੇ ਭਾਜਪਾ ਬਣਨ ਤੋਂ ਪਹਿਲਾਂ ਜਨ ਸੰਘ ਦੇ ਸਮਿਆਂ ਤੋਂ ਇਸ ਪਾਰਟੀ ਦਾ ਲਗਾਤਾਰ ਵਿਰੋਧ ਕੀਤਾ ਸੀ ਅਤੇ ਫਿਰ ਅੱਧੀ ਸਦੀ ਖੁਦ ਸੁਨੀਲ ਜਾਖੜ ਨੇ ਕੀਤਾ ਸੀ। ਆਖਰ ਉਹ ਉਸ ਪਾਰਟੀ ਵਿਚ ਜਾਣ ਨੂੰ ਮਜਬੂਰ ਹੋ ਗਿਆ। ਜਦੋਂ ਸੁਨੀਲ ਜਾਖੜ ਖੁਦ ਪ੍ਰਧਾਨ ਬਣਿਆ ਸੀ ਤਾਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਬਣਨ ਕਰਕੇ ਪੰਜਾਬ ਕਾਂਗਰਸ ਦੀ ਪ੍ਰਧਾਨੀ ਛੱਡੀ ਸੀ, ਉਹ ਵੱਖਰੀ ਪਾਰਟੀ ਬਣਾ ਕੇ ਉਸ ਦਾ ਲੀਡਰ ਬਣ ਚੁੱਕਾ ਹੈ ਅਤੇ ਕਾਂਗਰਸ ਅਸਲੋਂ ਨਵੇਂ ਆਗੂਆਂ ਦੇ ਹੱਥ ਵਿਚ ਹੈ। ਜਿਹੜੇ ਲੋਕ ਅੱਜ ਇਸ ਪਾਰਟੀ ਦੀ ਅਗਵਾਈ ਸੰਭਾਲ ਰਹੇ ਹਨ, ਉਹ ਸਾਰੇ ਵੀ ਆਪਸ ਵਿਚ ਮਿਲ ਕੇ ਚੱਲਣ ਜੋਗੇ ਨਹੀਂ ਅਤੇ ਰੋਜ਼ ਕਿਸੇ ਨਾ ਕਿਸੇ ਥਾਂ ਬੈਠਕਾਂ ਵਿਚ ਉਨ੍ਹਾਂ ਦੇ ਸਮਰਥਕਾਂ ਦੇ ਪੱਗੋ-ਹੱਥੀ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਇਸ ਤੋਂ ਜਾਪਦਾ ਨਹੀਂ ਕਿ ਇਹ ਪਾਰਟੀ ਅਗਲੀਆਂ ਚੋਣਾਂ ਲਈ ਤਿਆਰੀ ਕਰਦੀ ਪਈ ਹੈ, ਸਗੋਂ ਇੰਜ ਜਾਪਦਾ ਹੈ ਕਿ ਪਾਰਟੀ ਅੰਦਰਲਾ ਆਪਸੀ ਰੱਫੜ ਅਜੇ ਹੋਰ ਚੰਦ ਚਾੜ੍ਹ ਸਕਦਾ ਹੈ ਤੇ ਹੋਰ ਦੋ ਸਾਲਾਂ ਨੂੰ ਲੋਕ ਸਭਾ ਚੋਣਾਂ ਤੱਕ ਇਹ ਹੋਰ ਦੀ ਹੋਰ ਰੰਗ ਵਿਚ ਦਿਸ ਸਕਦੀ ਹੈ। ਇਨ੍ਹਾਂ ਹਾਲਾਤ ਵਿਚ ਇਹ ਪਾਰਟੀ ਕਿੱਦਾਂ ਦੀ ਜਾਂ ਕਿੰਨੇ ਜੋਗੀ ਹੋਵੇਗੀ, ਹਾਲ ਦੀ ਘੜੀ ਕਹਿਣਾ ਔਖਾ ਹੈ।
ਸਭਨਾਂ ਤੋਂ ਤਿੱਖੀ ਤੋਰ ਭਾਜਪਾ ਦੀ ਕੇਂਦਰੀ ਕਮਾਂਡ ਚੱਲਦੀ ਜਾਪਦੀ ਹੈ। ਉਸ ਦੀਆਂ ਨੀਤੀਆਂ ਵਿਚ ਭਾਰਤੀ ਲੋਕਾਂ ਦੀ ਬਹੁ-ਗਿਣਤੀ ਦੀਆਂ ਭਾਵਨਾਵਾਂ ਦਾ ਲਾਭ ਲੈਣ ਦਾ ਕੇਂਦਰੀ ਨੁਕਤਾ ਤਾਂ ਮੌਜੂਦ ਹੈ, ਪਰ ਪਾਰਟੀ ਦਾ ਘੇਰਾ ਵੱਡਾ ਕਰਨ ਵਾਸਤੇ ਉਹ ਪੁਰਾਣੇ-ਪਰਖੇ ਲੀਡਰ ਮੂਹਰੇ ਲਾਈ ਜਾਣ ਦੀ ਨੀਤੀ ਨਾਲ ਬੱਝੀ ਨਹੀਂ ਰਹੀ। ਆਸਾਮ ਦਾ ਮੁੱਖ ਮੰਤਰੀ ਸਾਲ 2015 ਤੱਕ ਕਾਂਗਰਸ ਦਾ ਆਗੂ ਤੇ ਉਸ ਰਾਜ ਦਾ ਮੰਤਰੀ ਰਹਿ ਚੁੱਕਾ ਸੀ, ਅਗਲੇ ਸਾਲ ਓਥੇ ਬਣਨ ਵਾਲੀ ਭਾਜਪਾ ਦੀ ਪਹਿਲੀ ਸਰਕਾਰ ਦਾ ਮੰਤਰੀ ਬਣਿਆ ਅਤੇ ਪੰਜ ਸਾਲਾਂ ਪਿੱਛੋਂ ਭਾਜਪਾ ਵੱਲੋਂ ਮੁੱਖ ਮੰਤਰੀ ਬਣ ਗਿਆ ਸੀ। ਅਰੁਣਾਚਲ ਦਾ ਅਜੋਕਾ ਭਾਜਪਾ ਮੁੱਖ ਮੰਤਰੀ ਸਤੰਬਰ 2016 ਤੱਕ ਕਾਂਗਰਸੀ ਹੁੰਦਾ ਸੀ ਤੇ ਭਾਜਪਾ ਵਿਚ ਆਉਣ ਪਿੱਛੋਂ ਦਸੰਬਰ 2016 ਤੋਂ ਭਾਜਪਾ ਵੱਲੋਂ ਮੁੱਖ ਮੰਤਰੀ ਹੈ। ਕਰਨਾਟਕ ਦਾ ਅਜੋਕਾ ਭਾਜਪਾ ਮੁੱਖ ਮੰਤਰੀ ਜਨਤਾ ਦਲ ਤੋਂ ਆਇਆ ਸੀ ਤੇ ਕੁਝ ਸਮਾਂ ਮੰਤਰੀ ਰਹਿਣ ਦੇ ਬਾਅਦ ਅੱਜ-ਕੱਲ੍ਹ ਪਾਰਟੀ ਦਾ ਮੁੱਖ ਮੰਤਰੀ ਹੈ। ਮਨੀਪੁਰ ਵਿਚ ਭਾਜਪਾ ਮੁੱਖ ਮੰਤਰੀ ਨਾਗਥੌਂਬਮ ਬੀਰੇਨ ਸਿੰਘ ਅਕਤੂਬਰ 2016 ਤੱਕ ਕਾਂਗਰਸ ਸਰਕਾਰ ਦਾ ਮੰਤਰੀ ਹੁੰਦਾ ਸੀ, ਭਾਜਪਾ ਵਿਚ ਜਾਣ ਤੋਂ ਪੰਜ ਮਹੀਨੇ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਪਿੱਛੋਂ ਭਾਜਪਾ ਨੇ ਮੁੱਖ ਮੰਤਰੀ ਬਣਾ ਦਿੱਤਾ। ਮੇਘਾਲਿਆ ਵਿਚ ਮੁੱਖ ਮੰਤਰੀ ਕੋਨਰਾਡ ਸੰਗਮਾ ਪੁਰਾਣੇ ਕਾਂਗਰਸ ਆਗੂ ਪੂਰਨੋ ਸੰਗਮਾ ਦਾ ਪੁੱਤਰ ਹੈ, ਜਿਸ ਨੇ ਸੋਨੀਆ ਗਾਂਧੀ ਦੀ ਲੀਡਰੀ ਵਿਰੁੱਧ ਰੋਸ ਵਜੋਂ ਕਾਂਗਰਸ ਛੱਡੀ ਸੀ। ਪੱਛਮੀ ਬੰਗਾਲ ਵਿਧਾਨ ਸਭਾ ਵਿਚ ਵਿਰੋਧੀ ਧਿਰ ਭਾਜਪਾ ਦਾ ਆਗੂ ਅਤੇ ਅਗਲੀ ਵਾਰ ਮੁੱਖ ਮੰਤਰੀ ਦਾ ਚਿਹਰਾ ਸੁਵੇਂਦੂ ਅਧਿਕਾਰੀ ਪਿਛਲੇ ਸਾਲ ਅਸੈਂਬਲੀ ਚੋਣਾਂ ਹੋਣ ਤੱਕ ਤ੍ਰਿਣਮੂਲ ਕਾਂਗਰਸ ਵਿਚ ਸੀ। ਸਾਫ ਹੈ ਕਿ ਭਾਜਪਾ ਨੂੰ ਕਿਸੇ ਵੀ ਨਵੇਂ ਆਏ ਲੀਡਰ ਦੇ ਰਾਜਸੀ ਪਿਛੋਕੜ ਨਾਲ ਕੋਈ ਮਤਲਬ ਨਹੀਂ ਰਿਹਾ।
ਪੰਜਾਬ ਵਿਚ ਭਾਜਪਾ ਅਗਲੀਆਂ ਲੋਕ ਸਭਾ ਚੋਣਾਂ ਤੱਕ ਪਾਰਟੀ ਦੀ ਮੌਜੂਦਾ ਲੀਡਰਸਿ਼ਪ ਨੂੰ ਲਾਂਭੇ ਕਰਨ ਤੇ ਉਸ ਦੀ ਥਾਂ ਧੜੱਲੇਦਾਰ ਲੀਡਰਸਿ਼ਪ ਖੜੀ ਕਰਨ ਲਈ ਚਿਰਾਂ ਤੋਂ ਕੋਸਿ਼ਸ਼ ਕਰਦੀ ਪਈ ਸੀ। ਸੁਨੀਲ ਜਾਖੜ ਦੇ ਰੂਪ ਵਿਚ ਉਸ ਕੋਲ ਇੱਕ ਆਗੂ ਆ ਗਿਆ ਹੈ, ਜਿਸ ਨੂੰ ਪੰਜਾਬ ਦੇ ਕਿਸੇ ਵੀ ਹੋਰ ਭਾਜਪਾ ਆਗੂ ਤੋਂ ਚੰਗੀ ਪੰਜਾਬੀ ਬੋਲਣੀ ਅਤੇ ਆਮ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨ ਦੀ ਜਾਚ ਹੈ। ਇਹ ਪ੍ਰਭਾਵ ਅਸ਼ਵਨੀ ਸ਼ਰਮਾ, ਸ਼ਵੇਤ ਮਲਿਕ, ਮਦਨ ਮੋਹਨ ਮਿੱਤਲ ਤੇ ਮਨੋਰੰਜਨ ਕਾਲੀਆ ਵਰਗੇ ਸ਼ਹਿਰੀ ਖੇਤਰ ਤੋਂ ਆਏ ਆਗੂ ਨਹੀਂ ਸੀ ਬਣਾ ਸਕੇ। ਡੇਰਾ ਬਾਬਾ ਨਾਨਕ ਜਦੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਉਦਘਾਟਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਤਾਂ ਉਸ ਵੇਲੇ ਹੀ ਸੁਨੀਲ ਜਾਖੜ ਨੂੰ ਇਹ ਗੱਲ ਕਹਿ ਗਏ ਸਨ ਕਿ ਕਦੀ ਦਿੱਲੀ ਆਉਂਦੇ ਹੋ ਤਾਂ ਮਿਲ ਜਾਇਆ ਕਰੋ। ਕਾਂਗਰਸੀਆਂ ਨੂੰ ਜਿਹੜੀ ਸਮਝ ਨਹੀਂ ਸੀ ਪਈ, ਉਹ ਪੱਤਰਕਾਰੀ ਖੇਤਰ ਦੇ ਕਈ ਲੋਕਾਂ ਨੂੰ ਓਦੋਂ ਪੈ ਗਈ ਸੀ ਤੇ ਇੱਕ ਸੀਨੀਅਰ ਪੱਤਰਕਾਰ ਨੇ ਅਗਲੇ ਦਿਨ ਜਲੰਧਰ ਵਿਚ ਕਈ ਪੱਤਰਕਾਰਾਂ ਨਾਲ ਬੈਠਿਆਂ ਇਸ ਦੀ ਚਰਚਾ ਬੜੀ ਉਚੇਚ ਨਾਲ ਕੀਤੀ ਸੀ। ਹਾਲਾਤ ਸਮਝਣ ਵਿਚ ਕਾਂਗਰਸੀਆਂ ਦੀ ਗਲਤੀ ਆਪਣੀ ਥਾਂ, ਅਹੁਦਿਆਂ ਲਈ ਹਾਬੜ ਆਪਣੀ ਥਾਂ, ਅਸਲ ਗੱਲ ਇਹ ਹੈ ਕਿ ਭਾਜਪਾ ਪੰਜਾਬ ਦੀ ਰਾਜਨੀਤੀ ਨੂੰ ਭੁਆਂਟਣੀ ਦੇਣ ਲਈ ਲੰਮੇ ਸਮੇਂ ਤੋਂ ਕੰਮ ਕਰਦੀ ਆਈ ਹੈ। ਅੱਜ ਇਹ ਕਹਿਣ ਦੀ ਕਿਸੇ ਨੂੰ ਵੀ ਲੋੜ ਨਹੀਂ ਕਿ ਕਾਂਗਰਸ ਪਾਰਟੀ ਆਪਣੇ ਆਖਰੀ ਸਫਰ ਦੀਆਂ ਤਿਆਰੀਆਂ ਕਰਦੀ ਪਈ ਹੈ ਤੇ ਇਸ ਦੀ ਮੌਜੂਦਾ ਪ੍ਰਧਾਨ ਦੇ ਪੁੱਤਰ-ਮੋਹ ਨੇ ਇਸ ਪਾਰਟੀ ਨੂੰ ਕਾਸੇ ਜੋਗੀ ਛੱਡਣਾ ਹੀ ਨਹੀਂ, ਪਰ ਉਹ ਸਭ ਭੁਲਾ ਕੇ ਪੰਜਾਬ ਬਾਰੇ ਸੋਚੀਏ ਤਾਂ ਸਾਫ ਦਿਸਦਾ ਹੈ ਕਿ ਭਾਜਪਾ ਪਲੈਨ-2024 ਲਈ ਆਪਣੀ ਸਿਆਸੀ ਖੇਡ ਦੇ ਮੋਹਰੇ ਵਿਛਾ ਚੁੱਕੀ ਹੈ ਅਤੇ ਉਹ ਸੁਨੀਲ ਜਾਖੜ ਨੂੰ ਅੱਜ ਅੱਗੇ ਲਾਉਣ ਜਾਂ ਚਾਰ ਦਿਨ ਠਹਿਰ ਕੇ, ਅਗਲੀ ਚੋਣ ਤੱਕ ਇਸ ਪਾਰਟੀ ਦੀ ਅਗਵਾਈ ਉਸ ਆਗੂ ਦੇ ਹੱਥ ਦਿੱਤੀ ਜਾਣ ਵਾਲੀ ਹੈ, ਜਿਹੜਾ ਪਹਿਲਾਂ ਕਾਂਗਰਸ ਦੀ ਅਗਵਾਈ ਏਸੇ ਪੰਜਾਬ ਰਾਜ ਵਿਚ ਬਾਖੂਬੀ ਕਰ ਚੁੱਕਾ ਹੈ।
ਅਗਲੀਆਂ ਲੋਕ ਸਭਾ ਚੋਣਾਂ ਵਿਚ ਮਸਾਂ ਦੋ ਸਾਲ ਬਾਕੀ ਰਹਿੰਦੇ ਤੋਂ ਜਿਹੜੇ ਹਾਲਾਤ ਬਣਦੇ ਜਾਪਦੇ ਹਨ ਤੇ ਜਿੱਦਾਂ ਦੇ ਸਿਆਸੀ ਸੰਕੇਤ ਸਾਫ ਦਿਸਣ ਲੱਗੇ ਹਨ, ਉਸ ਬਾਰੇ ਪੰਜਾਬ ਦੀ ਇੱਕ ਵੀ ਰਾਜਸੀ ਪਾਰਟੀ ਦੇ ਲੀਡਰਾਂ ਨੂੰ ਪਤਾ ਹੋਵੇ, ਇਸ ਬਾਰੇ ਕੋਈ ਨਹੀਂ ਜਾਣਦਾ। ਅਗਲੀ ਵਾਰੀ ਦੀਆਂ ਚੋਣਾਂ ਦੌਰਾਨ ਪੰਜਾਬ ਵਿਚ ਵੱਡੀ ਰਾਜਸੀ ਤਬਦੀਲੀ ਲਈ ਜਿਹੜਾ ਮੈਦਾਨ ਤਿਆਰ ਹੁੰਦਾ ਪਿਆ ਹੈ, ਉਸ ਦੇ ਸਿੱਟਿਆਂ ਬਾਰੇ ਹਾਲ ਦੀ ਘੜੀ ਅਸੀਂ ਕੁਝ ਨਹੀਂ ਕਹਿ ਰਹੇ।