ਅੰਗਰੇਜ਼ੀ ਭਾਸ਼ਾ ਵਿਚ ਪੰਜਾਬੀ ਸਾਹਿਤ ਦੀ ਪ੍ਰਮਾਣਕ ਪੁਸਤਕ

ਛੱਡ ਤੁਰੇ ਹਨ, ਇੱਕ ਹੋਰ ਗੈਰਾਂ ਦੀ ਜ਼ਮੀਨ, ਛੱਜਾਂ ਵਾਲੇ
ਜਾ ਰਿਹਾ ਏ ਇਕ ਲੰਮਾ ਲਾਰਾ
ਝਿੜਕਾਂ ਦੇ ਭੰਡਾਰ ਲੱਦੀ
ਲੰਮੇ ਸਾਇਆਂ ਦੇ ਨਾਲ ਨਾਲ

ਗਧਿਆਂ `ਤੇ ਬੈਠੇ ਜੁਆਕ
ਪਿਓਆਂ ਦੇ ਹੱਥਾਂ ’ਚ ਕੁੱਤੇ
ਮਾਵਾਂ ਦੀ ਪਿੱਠ ਪਿੱਛੇ ਬੰਨੇ ਪਤੀਲੇ ਹਨ
ਤੇ ਪਤੀਲਿਆਂ ’ਚ ਮਾਵਾਂ ਦੇ ਪੁੱਤ ਸੁੱਤੇ ਹਨ
ਜਾ ਰਿਹਾ ਏ ਇਕ ਲੰਮਾ ਲਾਰਾ
ਮੋਢਿਆਂ ਉੱਤੇ ਚੁੱਕੀ ਕੁੱਲੀਆਂ ਦੇ ਬਾਂਸ
ਇਹ ਭੁੱਖਾਂ ਦੇ ਮਾਰੇ
ਕੌਣ ਆਰੀਅਨ ਹਨ।
ਇਹ ਜਾ ਰਹੇ ਨੇ
ਰੋਕਣ ਕਿਸ ਭਾਰਤ ਦੀ ਜ਼ਮੀਨ
ਨਕਸਲੀ ਧਾਰਾ ਨੂੰ ਪਰਨਾਏ ਤੇ ਟਰੱਕ ਯੂਨੀਅਨ ਦੇ ਡਰਾਈਵਰਾਂ ਲਈ ਚਾਹ ਦਾ ਸਟਾਲ ਚਲਾਉਂਦੇ ਕਵੀ ਲਾਲ ਸਿੰਘ ਦਿਲ ਦੀਆਂ ਇਹ ਸਤਰਾਂ ਜਸਪਾਲ ਸਿੰਘ ਰਚਿਤ ‘ਰੀਡਿੰਗਜ਼ ਇਨ ਪੰਜਾਬੀ ਲਿਟਰੇਚਰ’ (ਚੋਣਵਾਂ ਪੰਜਾਬੀ ਸਾਹਿਤ) ਦੇ ਪ੍ਰਥਮ ਭਾਗ ਵਿਚੋਂ ਹਨ, ਜਿਸਨੂੰ ਲੇਖਕ ਨੇ ‘ਵੈਟਰਨਜ਼ ਵਿਜ਼ਨ’ (ਅਨੁਭਵੀ ਦਿ੍ਰਸ਼ਟੀ) ਨਾਂ ਦਿੱਤਾ ਹੈ। ਇਸ ਭਾਗ ਵਿਚ ਵਿਚਾਰੇ ਗਏ ਲੇਖਕਾਂ ਵਿਚ ਹੋਰਨਾਂ ਤੋਂ ਬਿਨਾਂ ਅੰਮ੍ਰਿਤਾ ਪ੍ਰੀਤਮ, ਬਲਵੰਤ ਗਾਰਗੀ, ਗਿਆਨੀ ਗੁਰਦਿੱਤ ਸਿੰਘ, ਦਲੀਪ ਕੌਰ ਟਿਵਾਣਾ, ਹਰਿਭਜਨ ਸਿੰਘ, ਜਸਵੰਤ ਸਿੰਘ ਕੰਵਲ, ਕਿਰਪਾਲ ਸਿੰਘ ਕਸੇਲ, ਰਾਮ ਸਰੂਪ ਅਣਖੀ, ਜਸਵੰਤ ਵਿਰਦੀ, ਸੁਰਜੀਤ ਹਾਂਸ, ਸੰਤੋਖ ਸਿੰਘ ਧੀਰ ਤੇ ਤੇਰਾ ਸਿੰਘ ਚੰਨ ਤੇ ਇਨ੍ਹਾਂ ਦੇ ਹੋਰ ਸਮਕਾਲੀਆਂ ਸਮੇਤ ਢਾਈ ਦਰਜਨ ਮਹਾਰਥੀ ਹਨ, ਜਿਨ੍ਹਾਂ ਵਿਚੋਂ ਕਸੇਲ, ਕੰਵਲ, ਗਾਰਗੀ ਤੇ ਹਾਂਸ ਬਾਰੇ ਦੋ ਤੋਂ ਵੱਧ ਲੇਖ ਹਨ। ਇਨ੍ਹਾਂ ਵਿਚ ਹਰ ਲੇਖਕ ਦੀਆਂ ਇਕ ਤੋਂ ਚਾਰ ਜਾਂ ਪੰਜ ਪੁਸਤਕਾਂ ਉੱਤੇ ਨਵੀਂ ਤੇ ਨਰੋਈ ਟਿੱਪਣੀ ਹੈ। ਲੇਖਕ ਦੀ ਇਸ ਪੁਸਤਕ ਦੇ ਚਾਰ ਭਾਗ ਹੋਰ ਹਨ, ਜਿਨ੍ਹਾਂ ਵਿਚ ਕੁੱਲ ਮਿਲਾ ਕੇ 154 ਲੇਖਾਂ ਵਿਚ ਚੋਣਵੇਂ ਪੰਜਾਬੀ ਸਾਹਿਤ ਉੱਤੇ ਡੂੰਘੀ ਝਾਤ ਪਾਈ ਗਈ ਹੈ। ਲੇਖਕ ਵਲੋਂ ਇਨ੍ਹਾਂ ਲੇਖਾਂ ਤੇ ਲੇਖਕਾਂ ਨੂੰ ਪੁਸਤਕ ਰੂਪ ਦੇਣ ਦਾ ਸਵਾਗਤ ਕਰਨਾ ਬਣਦਾ ਹੈ। ਇਸ ਵਿਚ ਵੀਹਵੀਂ ਸਦੀ ਦੇ ਪੰਜਾਬੀ ਸਾਹਿਤ ਨੂੰ ਉਨ੍ਹਾਂ ਪਾਠਕਾਂ ਦੀ ਨਜ਼ਰ ਪੇਸ਼ ਕੀਤਾ ਗਿਆ ਹੈ, ਜਿਹੜੇ ਗੁਰਮੁਖੀ ਲਿੱਪੀ ਤੋਂ ਜਾਣੂ ਨਹੀਂ ਤੇ ਅੰਗਰੇਜ਼ੀ ਭਾਸ਼ਾ ਵਿਚ ਮੁਹਾਰਤ ਰੱਖਦੇ ਹਨ। ਅੱਗੇ ਤੋਂ ਅਜਿਹੇ ਪਾਠਕ ਗਿਆਨੀ ਗੁਰਦਿੱਤ ਸਿੰਘ ਦੀ ਪੰਜਾਬ ਦੇ ਪੁਰਾਤਨ ਪਿੰਡ ਬਾਰੇ ਹਰਮਨ-ਪਿਆਰੀ ਤੇ ਚਰਚਿਤ ਰਚਨਾ ‘ਮੇਰਾ ਪਿੰਡ’, ਦਰਸ਼ਨ ਸਿੰਘ ਦੇ ਪ੍ਰਸਿੱਧ ਕਮਿਊਨਿਸਟ ਨੇਤਾ ਹਰਕਿਸ਼ਨ ਸਿੰਘ ਸੁਰਜੀਤ ਨੂੰ ਨਾਇਕ ਬਣਾ ਕੇ ਰਚੇ ਨਾਵਲ ‘ਭਾਊ’ ਜਾਂ ਤੇਰਾ ਸਿੰਘ ਚੰਨ ਦੇ ਅਮਨ ਲਹਿਰ ਨਾਲ ਜੁੜੇ ਗੀਤ ‘ਕਾਗ ਸਮੇਂ ਦਾ ਬੋਲਿਆ ਅਮਨਾ ਦੀ ਬੋਲੀ’ ਤੋਂ ਬਖੂਬੀ ਜਾਣੂ ਹੋ ਸਕਦੇ ਸਨ।
ਮੈਂ ਆਪਣੇ ਉਪਰੋਕਤ ਕਥਨ ਦੀ ਪੁਸ਼ਟੀ ਲਈ ਜਗਤਾਰ ਪਪੀਹਾ ਵਾਲੇ ਲੇਖਕ ਦੀਆਂ ਜਸਪਾਲ ਸਿੰਘ ਵਲੋਂ ਚੁਣੀਆਂ ਤੁਕਾਂ ਦਾ ਹਵਾਲਾ ਦੇਣਾ ਚਾਹਾਂਗਾ:
ਜਿਨ੍ਹਾਂ ਨੇ ਮਿੱਟੀ ਨੂੰ ਰੋਂਦਿਆ ਸੀ,
ਜਿਨ੍ਹਾਂ ਨੇ ਮਿੱਟੀ ’ਤੇ ਜ਼ੁਲਮ ਕੀਤੇ
ਮੈਂ ਖਾਸ ਹੰੁਦੇ ਉਹ ਤਾਜ ਦੇਖੇ,
ਖਾਕ ਹੰੁਦੇ ਉਹ ਤਖਤ ਦੇਖੇ।

ਬੜਾ ਹੀ ਕਾਤਲਾਂ ਨੇ ਕਤਲਗਾਹ ਵਿਚ
ਜਸ਼ਨ ਕਰਨਾ ਸੀ
ਜੇ ਮੇਰੀ ਅੱਖ ’ਚ ਇਕ ਵੀ ਅੱਥਰੂ,
ਚਿਹਰੇ `ਤੇ ਡਰ ਹੰੁਦਾ।

ਹੈ ਦੁਸ਼ਮਣ ਚਾਨਣੀ ਮੇਰੀ,
ਤੇ ਦੁਸ਼ਮਣ ਹੈ ਹਨੇਰਾ ਵੀ
ਬਣੇ ਦੀਵਾਰ ਇਕ ਰਾਹ ਦੀ,
ਤੇ ਇਕ ਰਸਤਾ ਭੁਲਾ ਦੇਵੇ।

ਤਕਸੀਮ ਤਾਂ ਬੁਰੀ ਨਹੀਂ
ਪਰ ਇਸਦੇ ਫਲਸਰੂਪ
ਨਫਰਤ ਦਾ ਬੀਜ
ਘਰ ਨੂੰ ਹੈ ਮਲਬਾ ਬਣਾ ਗਿਆ।

ਹੀਰ ਦੀ ਦਰਗਾਹ ਹੈ
ਮੇਰੇ ਲਈ ਹੱਜ ਦਾ ਮੁਕਾਮ
ਇਸ ਲਈ ਸਤਿਕਾਰ ਮੇਰੇ ਦਿਲ ’ਚ
ਸਾਰੇ ਝੰਗ ਦਾ ਹੈ।

ਇਹ ਕੌਣ ਆਇਆ ਨਗਰ ਵਿਚ,
ਮਹਿਕੀਆਂ ਗਲੀਆਂ ਤੇ ਰਾਹ ਜਾਗੇ
ਇਹ ਸੁੱਤੇ ਜ਼ਖਮ ਵਿਸਰੀ ਦਾਸਤਾਂ
ਨਾ ਮੁੜ ਜਗਾ ਦੇਵੇ।
ਜਸਪਾਲ ਸਿੰਘ ਨੇ ਅੰਗਰੇਜ਼ੀ ਭਾਸ਼ਾ ਦੇ ਲੇਖਕ ਅਰਨੈਸਟ ਹੈਮਿੰਗਵੇ ਦੀ ਸਾਹਿਤ ਰਚਨਾ ਦੇ ਵਿਸ਼ੇ ਉੱਤੇ ਡਾਕਟਰੇਟ ਕੀਤੀ ਹੈ ਤੇ ਲੰਮਾ ਸਮਾਂ ਚੰਡੀਗੜ੍ਹ ਦੇ ਕਾਲਜਾਂ ਵਿਚ ਅੰਗਰੇਜ਼ੀ ਭਾਸ਼ਾ ਤੇ ਸਾਹਿਤ ਪੜ੍ਹਾਇਆ ਹੈ। ਹਥਲੀ ਪੁਸਤਕ ਵਿਚ ਉਸ ਨੇ ਲੇਖਕਾਂ ਦੀਆਂ ਪੰਜਾਬੀ ਤੁਕਾਂ ਨੂੰ ਸੁਚੱਜੀ ਅੰਗਰੇਜ਼ੀ ਵਿਚ ਉਲਥਾ ਕੇ ਲਿਖਿਆ ਹੈ।
ਇਸ ਪੁਸਤਕ ਦੇ 154 ਲੇਖਕਾਂ ਵਿਚ ਪੰਜਾਬੀ ਦੇ 115 ਲੇਖਕਾਂ ਬਾਰੇ ਜਾਣਕਾਰੀ ਮਿਲਦੀ ਹੈ। ਹਰ ਲੇਖਕ ਦੇ ਕਿੱਤੇ, ਪਿਛੋਕੜ ਤੇ ਜੀਵਨ ਦਿ੍ਰਸ਼ਟੀ ਤੋਂ ਬਿਨਾ ਕਿਸੇ ਨਾ ਕਿਸੇ ਪੁਸਤਕ ਬਾਰੇ ਗੰਭੀਰ ਚਰਚਾ ਤੇ ਟਿੱਪਣੀ ਹੈ।
ਪੁਸਤਕ ਦੇ ਦੂਜੇ ਭਾਗ ਨੂੰ ਲੇਖਕ ਸਿਆਣਿਆਂ ਦੀਆਂ ਸਿਆਣਪਾਂ ਕਹਿੰਦਾ ਹੈ। ਇਸ ਵਿਚ ਮੋਹਨਜੀਤ, ਮੋਹਨ ਭੰਡਾਰੀ, ਪਿਆਰਾ ਸਿੰਘ ਭੋਗਲ, ਹਰਭਜਨ ਸਿੰਘ ਹੰੁਦਲ, ਤੇਜਵੰਤ ਗਿੱਲ ਤੇ ਸੁਰਿੰਦਰ ਗਿੱਲ ਤੇ ਦਾਸ ਦੀਆਂ ਅਜਿਹੀਆਂ ਰਚਨਾਵਾਂ ਦੀ ਚਰਚਾ ਕੀਤੀ ਗਈ ਹੈ, ਜਿਹੜੀ ਦਿ੍ਰਸ਼ਟੀ ਤੇ ਦਿ੍ਰਸ਼ਟੀਕੋਣ ਦੇ ਪੱਖ ਤੋਂ ਸਪੱਸ਼ਟ ਹਨ। ਇਨ੍ਹਾਂ ਵਿਚ ਸਬੰਧਤ ਲੇਖਕਾਂ ਦੀਆਂ ਯਾਦਾਂ ਵੀ ਹਨ, ਮੁਲਾਕਾਤਾਂ ਵੀ ਤੇ ਬੀਤੇ ਦੇ ਪਰਛਾਵੇਂ ਵੀ। ਜੇ ਇਸ ਭਾਗ ਨੂੰ ਕਾਵਿਕ ਬੋਲਾਂ ਨਾਲ ਦਰਸਾਉਣਾ ਹੋਵੇ ਤਾਂ ਇਸ ਵਿਚ ਦਰਜ ਸੁਰਿੰਦਰ ਗਿੱਲ ਦੀ ਇਕ ਕਵਿਤਾ ਦੇ ਕੁਝ ਬੋਲਾਂ ਦੀ ਟੇਕ ਲਈ ਜਾ ਸਕਦੀ ਹੈ।
ਜਾਗ ਜੀਵਨ ਦੇ ਕਵੀ,
ਜਾਗ ਤੱਕ ਦੀ ਹੇਕ ਲਾ
ਸੱਚ ਤੇ ਇਨਸਾਫ ਦਾ ਕੋਈ ਗੀਤ ਗਾ
ਜਗਾ ਆਪਣੇ ਦੇਸ਼ ਦੇ ਸੁੱਤੇ ਕਿਸਾਨਾ,
ਕਾਮਿਆਂ ਤੇ ਕਲਾਕਾਰਾਂ ਨੂੰ ਜਗਾ
ਹੱਕ ਦਾ ਤੇ ਸੱਚ ਦਾ ਕੋਈ ਗੀਤ ਗਾ।
ਤੀਜੇ ਭਾਗ ਵਿਚ ਵਿਦੇਸ਼ੀ ਵਸਦੇ ਸਾਹਿਤਕਾਰਾਂ ਦਾ ਵਖਿਆਨ ਹੈ, ਜਿਸ ਵਿਚ ਅਮਰਜੀਤ ਚੰਦਨ ਦੀਆਂ ਰਚਨਾਵਾਂ ਪ੍ਰਧਾਨ ਹਨ। ਤਿੰਨੋਂ ਅਵਤਾਰ (ਧਾਲੀਵਾਲ, ਬਿਲਿੰਗ, ਸਾਦਿਕ), ਗੁਰਦੇਵ ਚੌਹਾਨ, ਗੁਰਚਰਨ ਰਾਮਪੁਰੀ, ਜਰਨੈਲ ਸਿੰਘ, ਜੋਗਿੰਦਰ ਸ਼ਮਸ਼ੇਰ, ਪਰਮਿੰਦਰ ਸੋਢੀ, ਮੇਜਰ ਮਾਂਗਟ, ਰਣਜੀਤ ਧੀਰ, ਸੋਹਨ ਕਾਦਰੀ, ਦੇਵ, ਸੁਖਦੇਵ, ਸਵਰਨ ਚੰਦਨ, ਸੁਰਜਨ ਜ਼ੀਹਵੀ ਤੇ ਵਰਿਆਮ ਸੰਧੂ ਦੀ ਹਾਜ਼ਰੀ ਵੀ ਨਿੱਠ ਕੇ ਭਰੀ ਗਈ ਹੈ। ਇਨ੍ਹਾਂ ਦੀਆਂ ਰਚਨਾਵਾਂ ਵਿਚ ਰਚੇਤਿਆਂ ਵਲੋਂ ਪਿੱਛੇ ਛੱਡੇ ਪੂਰਬ ਦਾ ਪਿਆਰ ਉਤਰਦਾ ਹੈ, ਜਿਵੇਂ ਗੁਰਚਰਨ ਰਾਮਪੁਰੀ ਦੇ ਇਹ ਬੋਲ।
ਕਿਉਂ ਪੰਛੀ ਪਰ ਮਾਰ ਰਹੇ ਨੇ,
ਟੁੱਟਦੇ ਜਾਂਦੇ ਜਾਲ
ਕਿਉਂ ਰਾਤਾਂ ਦਾ ਜਾਦੂ ਟੁੱਟਦੈ,
ਪੂਰਬ ਹੰੁਦੈ ਲਾਲ।
ਨਵੇਂ ਸਾਹਿਤਕਾਰਾਂ ਤੇ ਸਾਹਿਤਕ ਰਚਨਾਵਾਂ ਦੀ ਬਾਤ ਪਾਉਂਦੇ ਚੌਥੇ ਭਾਗ ਦਾ ਸਿਰਲੇਖ ‘ਆਧੁਨਿਕ ਤਰਾਨੇ’ ਹੈ। ਇਸ ਵਿਚ ਅਮਰ ਗਿਰੀ, ਅਮਰਜੀਤ ਘੰੁਮਣ, ਅਨੂਪ ਵਿਰਕ, ਆਤਮਜੀਤ, ਬਲਬੀਰ ਮਾਧੋਪੁਰੀ, ਬਲਦੇਵ ਧਾਲੀਵਾਲ, ਬਲਦੇਵ ਸੜਕਨਾਮਾ, ਚਮਨ ਲਾਲ, ਦਰਸ਼ਨ ਬੁੱਟਰ, ਜਸਬੀਰ ਭੁੱਲਰ, ਈਸ਼ਵਰ ਦਿਆਲ ਗੌੜ, ਜੰਗ ਬਹਾਦਰ ਗੋਇਲ, ਮਨਜੀਤ ਟਿਵਾਣਾ, ਮਨਮੋਹਨ, ਨਿੰਦਰ ਘੁਗਿਆਣਵੀ, ਪਰਮਿੰਦਰਜੀਤ, ਪਾਲ ਕੌਰ, ਸੁਖਵਿੰਦਰ ਅੰਮ੍ਰਿਤ ਤੇ ਸੁਰਜੀਤ ਪਾਤਰ ਦੀਆਂ ਪੁਸਤਕਾਂ ਉੱਤੇ ਨਜ਼ਰਸਾਨੀ ਕੀਤੀ ਮਿਲਦੀ ਹੈ ਭਾਵੇਂ ਇਸ ਭਾਗ ਵਿਚ ਪ੍ਰਧਾਨਗੀ ਗੁਰਬਚਨ, ਹਰਭਜਨ ਸਿੰਘ ਭਾਟੀਆ ਤੇ ਜਸਵੰਤ ਦੀਦ ਦੀਆਂ ਪੁਸਤਕਾਂ ਹਨ। ਗੁਰਬਚਨ ਦਾ ਬੋਲਬਾਲਾ ਉਸ ਦੀਆਂ ਚਰਚਿਤ ਪੁਸਤਕਾਂ ‘ਸਾਹਿਤਨਾਮਾ’ ਤੇ ‘ਸਾਹਿਤ ਦੇ ਸਿਕੰਦਰ’ ਸਦਕਾ ਹੈ। ਚੇਤੇ ਰਹੇ ਕਿ ਇਸ ਵੱਡ ਆਕਾਰੀ ਪੁਸਤਕ ਦਾ ਆਰੰਭ ਵਾਰਿਸ ਸ਼ਾਹ ਦੀ ਹੀਰ ਦੇ ਬਾਰਾਂ ਮਾਹ ਨਾਲ, ਹੀਰ ਤੇ ਰਾਂਝਾ ਦੀ ਉਸ ਤਸਵੀਰ ਨੂੰ ਟਾਈਟਲ ਉੱਤੇ ਦੇ ਕੇ ਕੀਤਾ ਗਿਆ ਹੈ, ਜਿਸ ਵਿਚ ਰਾਂਝਾ ਆਪਣੀ ਬਾਂਸੁਰੀ ਦੀਆਂ ਧੁਨਾਂ ਰਾਹੀਂ ਹੀਰ ਨੂੰ ਭਰਮਾ ਰਿਹਾ ਹੈ। ਪੁਸਤਕ ਦੇ ਅੰਤਲੇ ਦੋ ਲੇਖਕਾਂ ਵਿਚ ਨਵੀਆਂ ਪੁਸਤਕਾਂ ਦੀ ਗਿਣਤੀ ਇਨ੍ਹਾਂ ਵਿਚਲੀ ਗੁਣਤਾ ਨੂੰ ਝੂਠਿਆਉਂਦੀ ਹੈ, ਜਿਸ ਵੱਲ ਅੱਜ ਦੇ ਲੇਖਕਾਂ ਤੇ ਪ੍ਰਕਾਸ਼ਕਾਂ ਨੂੰ ਧਿਆਨ ਦੇਣ ਦੀ ਲੋੜ ਹੈ।
ਅੰਤਿਕਾ (ਹਥਲੀ ਪੁਸਤਕ ਵਿਚੋਂ)
ਸੁਖਵਿੰਦਰ ਅੰਮ੍ਰਿਤ
ਸੁਪਨੇ ਵਿਚ ਇਕ ਰੁੱਖ `ਤੇ ਲਿਖਿਆ
ਰਾਤੀਂ ਤੇਰਾ ਨਾਮ ਅਸੀਂ
ਦਿਨ ਚੜ੍ਹਦੇ ਨੂੰ ਹੋ ਗਏ ਸਾਰੇ
ਜੰਗਲ ਵਿਚ ਬਦਨਾਮ ਅਸੀਂ
ਓਧਰ ਸਾਡੇ ਚੰਦ ਨੂੰ ਖਾ ਗਏ
ਟੁੱਕ ਸਮਝ ਕੇ ਭੁੱਖੇ ਲੋਕ
ਏਧਰ ਨੇਰੇ ਦੀ ਬੁੱਕਲ ਵਿਚ
ਕਰਦੇ ਰਹੇ ਆਰਾਮ ਅਸੀਂ।