ਗੁਰਨਾਮ ਕੌਰ ਕੈਨੇਡਾ
ਸੱਤਵੀਂ ਵਾਰ ਦੀ ਇਸ ਸੋਲ੍ਹਵੀਂ ਪਉੜੀ ਵਿਚ ਭਾਈ ਗੁਰਦਾਸ ਅਕਾਲ ਪੁਰਖ ਦੀ ਉਪਮਾ ਕਰਦੇ ਹੋਏ ਉਸ ਦੇ ਖਾਸ ਕਰਤਾਰੀ ਗੁਣਾਂ ਦਾ ਜ਼ਿਕਰ ਕਰਦੇ ਹਨ। ਭਾਈ ਗੁਰਦਾਸ ਦਾ ਕਥਨ ਹੈ ਕਿ ਅਕਾਲ ਪੁਰਖ ਦਾ ਵਰਣਨ ਕਰ ਸਕਣਾ ਸੰਭਵ ਨਹੀਂ ਹੈ ਕਿਉਂਕਿ ਉਹ ਅਪ੍ਰੰਪਾਰ ਹੈ;
ਇਥੋਂ ਤੱਕ ਕਿ ਵੇਦ (ਹਿੰਦੂ ਧਰਮ ਦੇ ਸ਼ਾਸਤਰ) ਅਤੇ ਕਤੇਬ (ਸਾਮੀ ਧਰਮਾਂ ਦੇ ਧਾਰਮਿਕ ਪੁਸਤਕ) ਆਦਿ ਧਾਰਮਿਕ ਗ੍ਰੰਥਾਂ ਵਿਚ ਵੀ ਉਸ ਦਾ ਸੰਪੂਰਨ ਵਰਣਨ ਸੰਭਵ ਨਹੀਂ ਹੋ ਸਕਿਆ ਅਤੇ ਉਸ ਨੂੰ ਪੂਰੀ ਤਰ੍ਹਾਂ ਲਿਖ ਸਕਣਾ ਅਸੰਭਵ ਹੈ, ਕਿਉਂਕਿ ਉਹ ਇਸ ਸੰਸਾਰ ਵਿਚ ਹੀ ਵਿਆਪਕ ਨਹੀਂ ਬਲਕਿ ਇਸ ਤੋਂ ਪਰੇ ਵੀ ਹੈ। ਗੁਰੂ ਅਰਜਨ ਦੇਵ ਪਾਤਿਸ਼ਾਹ ਨੇ ਵੀ ਫਰਮਾਇਆ ਹੈ “ਬੇਦ ਕਤੇਬ ਸੰਸਾਰ ਹਭਾ ਹੁੂੰ ਬਾਹਰਾ॥ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ॥” ਜਿਸ ਦਾ ਅਰਥ ਹੈ ਕਿ ਨਾਨਕ ਦਾ ਪਾਤਿਸ਼ਾਹ ਭਾਵ ਕਰਤਾ ਪੁਰਖ ਕੇਵਲ ਇਸ ਦਿਸਦੇ ਸੰਸਾਰ ਵਿਚ ਹੀ ਵਿਆਪਕ ਨਹੀਂ ਹੈ ਬਲਕਿ ਇਸ ਦਿਸਦੇ ਸੰਸਾਰ ਤੋਂ ਬਾਹਰ ਭੀ ਹਰ ਥਾਂ ਮੌਜੂਦ ਹੈ; ਵੇਦ ਕਤੇਬ ਆਦਿਕ ਕੋਈ ਧਰਮ-ਪੁਸਤਕ ਉਸ ਦਾ ਸਰੂਪ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਦੇ। ਨਾਨਕ ਦਾ ਪਾਤਿਸ਼ਾਹ ਹਰ ਥਾਂ ਪ੍ਰਤੱਖ ਦਿਸ ਰਿਹਾ ਹੈ। ਭਾਈ ਗੁਰਦਾਸ ਅਨੁਸਾਰ ਉਸ ਦਾ ਰੂਪ ਬੇਹੱਦ ਵਿਸਮਾਦੀ ਹੈ ਜਿਸ ਨੂੰ ਗਿਆਨ-ਇੰਦ੍ਰੀਆਂ ਰਾਹੀਂ ਦ੍ਰਿਸ਼ਟੀਗੋਚਰ ਕਰ ਸਕਣਾ ਸੰਭਵ ਨਹੀਂ ਹੈ ਕਿਉਂਕਿ ਉਹ ਇੰਦ੍ਰੀਆਂ ਦੀ ਪਹੁੰਚ ਤੋਂ ਪਰੇ ਹੈ। ਉਸ ਨੇ ਆਪਣੇ ਇਕ ਹੁਕਮ ਨਾਲ ਹੀ ਸਾਰੇ ਸੰਸਾਰ ਦਾ ਪਾਸਾਰ ਕਰ ਦਿੱਤਾ ਜਿਸ ਨੂੰ ਕਿਸੇ ਤਰ੍ਹਾਂ ਨਾਲ ਵੀ ਮਾਪਿਆ ਜਾਂ ਤੋਲਿਆ ਨਹੀਂ ਜਾ ਸਕਦਾ; ਕਹਿਣ ਤੋਂ ਭਾਵ ਹੈ ਕਿ ਉਸ ਦੀ ਕੁਦਰਤ ਦਾ ਪਾਸਾਰ ਬੇਅੰਤ ਹੈ। ਗੁਰੂ ਨਾਨਕ ਸਾਹਿਬ ਨੇ ਜਪੁਜੀ ਵਿਚ ਅਕਾਲ ਪੁਰਖ ਦੇ ਇੱਕ ਹੁਕਮ ਨਾਲ ਇਸ ਬ੍ਰਹਮੰਡ ਦੇ ਹੋਂਦ ਵਿਚ ਆ ਜਾਣ ਦਾ ਵਰਣਨ ਕੀਤਾ ਹੈ ਕਿ ਉਸ ਨੇ ਇਕੋ ਹੁਕਮ ਨਾਲ ਸ੍ਰਿਸ਼ਟੀ ਦਾ ਵਿਸਥਾਰ ਕੀਤਾ ਅਤੇ ਉਸ ਦੇ ਹੁਕਮ ਨਾਲ ਹੀ ਜੀਵਨ ਦੇ ਲੱਖਾਂ ਦਰਿਆਉ ਹੋਂਦ ਵਿਚ ਆ ਗਏ। ਗੁਰੂ ਨਾਨਕ ਕਹਿੰਦੇ ਹਨ ਕਿ ਉਨ੍ਹਾਂ ਦੀ ਕੋਈ ਤਾਕਤ ਨਹੀਂ ਹੈ ਕਿ ਉਹ ਕਾਦਰ ਦੀ ਕੁਦਰਤਿ ਦਾ ਵੀਚਾਰ ਕਰ ਸਕਣ ਅਤੇ ਉਹ ਉਸ ਤੋਂ ਇਕ ਵਾਰੀ ਵੀ ਸਦਕੇ ਹੋਣ ਜੋਗੇ ਨਹੀਂ ਹਨ:
ਕੀਤਾ ਪਸਾਉ ਏਕੋ ਕਵਾਉ॥
ਤਿਸ ਤੇ ਹੋਏ ਲਖ ਦਰੀਆਉ॥
ਕੁਦਰਤਿ ਕਵਣ ਕਹਾ ਵੀਚਾਰੁ॥
ਵਾਰਿਆ ਨ ਜਾਵਾ ਏਕ ਵਾਰ॥
ਭਾਈ ਗੁਰਦਾਸ ਵੀ ਇਸੇ ਵਿਚਾਰ ਦੀ ਪ੍ਰੋੜਤਾ ਕਰਦੇ ਹਨ ਕਿ ਉਸ ਪਰਮ ਹਸਤੀ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਭਾਵੇਂ ਬਹੁਤਿਆਂ ਨੇ ਉਸ ਦੇ ਸ਼ਬਦ ਨਾਲ ਆਪਣੀ ਲਿਵ ਲਾਈ ਅਤੇ ਥੱਕ ਗਏ ਪ੍ਰੰਤੂ ਉਹ ਵੀ ਉਸ ਦਾ ਬਿਆਨ ਨਹੀਂ ਕਰ ਸਕੇ। ਉਹ ਅਕਾਲ ਪੁਰਖ ਮਨ, ਬਚਨ ਅਤੇ ਗਿਆਨ ਤੋਂ ਪਰੇ ਹੈ। ਸਿਆਣਪ, ਬੁੱਧੀ ਅਤੇ ਹੋਰ ਹਰ ਤਰ੍ਹਾਂ ਦੀ ਕਿਰਿਆ ਉਸ ਦੀ ਥਾਹ ਪਾ ਸਕਣ ਤੋਂ ਅਸਮੱਰਥ ਹੈ। ਉਹ ਅਦਵੈਤ ਹਸਤੀ ਜਿਸ ਨੂੰ ਛਲਿਆ ਨਹੀਂ ਜਾ ਸਕਦਾ, ਛੇਦਿਆ ਨਹੀਂ ਜਾ ਸਕਦਾ ਜੋ ਸਮੇਂ ਤੋਂ ਉਪਰ ਹੈ, ਆਪਣੇ ਭਗਤਾਂ `ਤੇ ਮਿਹਰਬਾਨ ਹੈ ਅਤੇ ਸਾਧਸੰਗਤਿ ਵਿਚ ਵਸਦੀ ਹੈ। ਉਹ ਆਪ ਵੀ ਮਹਾਨ ਹੈ ਅਤੇ ਉਸ ਦੀ ਸਿਫ਼ਤਿ-ਸਾਲਾਹ ਵੀ ਮਹਾਨ ਹੈ:
ਵੇਦ ਕਤੇਬਹੁ ਬਾਹਰਾ ਲੇਖ ਅਲੇਖ ਨ ਲਖਿਆ ਜਾਈ।
ਰੂਪੁ ਅਨੂਪੁ ਅਚਰਜੁ ਹੈ ਦਰਸਨੁ ਦ੍ਰਿਸਟਿ ਅਗੋਚਰ ਭਾਈ।
ਇਕੁ ਕਵਾਉ ਪਸਾਉ ਕਰਿ ਤੋਲੁ ਨ ਤੁਲਾਧਾਰ ਨ ਸਮਾਈ।
ਕਥਨੀ ਬਦਨੀ ਬਾਹਰਾ ਥਕੈ ਸਬਦੁ ਸੁਰਤਿ ਲਿਵ ਲਾਈ।
ਮਨ ਬਚ ਕਰਮ ਅਗੋਚਰਾ ਮਤਿ ਬੁਧਿ ਸਾਧਿ ਸੋਝੀ ਥਕਿ ਪਾਈ।
ਅਛਲ ਅਛੇਦ ਅਭੇਦ ਹੈ ਭਗਤਿ ਵਛਲੁ ਸਾਧਸੰਗਤਿ ਛਾਈ।
ਵਡਾ ਆਪਿ ਵਡੀ ਵਡਿਆਈ॥16॥
ਭਾਈ ਗੁਰਦਾਸ ਆਪਣੀ ਗੱਲ ਸਮਝਾਉਣ ਲਈ ਆਲੇ-ਦੁਆਲੇ ਦੇ ਸਮਾਜਿਕ ਅਤੇ ਕੁਦਰਤੀ ਵਰਤਾਰੇ ਵਿਚੋਂ ਉਦਾਹਰਨਾਂ ਦੀ ਵਰਤੋਂ ਕਰਦੇ ਹਨ। ਅਗਲੀ ਪਉੜੀ ਵਿਚ ਭਾਈ ਗੁਰਦਾਸ ਗੁਰਮੁਖਿ ਦੇ ਸੁਖਫਲ ਦੀ ਵਿਆਖਿਆ ਕਰਦੇ ਹਨ। ਭਾਈ ਗੁਰਦਾਸ ਅਨੁਸਾਰ ਬੀਆਵਾਨ, ਉਜਾੜ, ਅਣਜਾਣ, ਦੁਰਾਡੀਆਂ ਥਾਵਾਂ `ਤੇ ਜੰਗਲ, ਬਨਸਪਤੀ ਉੱਗੀ ਹੁੰਦੀ ਹੈ। ਉਸ ਉੱਗੀ ਹੋਈ ਬਨਸਪਤੀ ਵਿਚੋਂ ਚੁਣ ਚੁਣ ਕੇ ਮਾਲੀ ਪੌਦੇ ਲਿਆਉਂਦੇ ਹਨ ਅਤੇ ਬਾਦਸ਼ਾਹਾਂ ਦੇ ਬਾਗਾਂ ਵਿਚ ਲਾਉਂਦੇ ਅਤੇ ਬਾਗਾਂ ਨੂੰ ਸੁਆਰਦੇ ਹਨ। ਉਨ੍ਹਾਂ ਨੂੰ ਸਿੰਜ ਕੇ ਭਾਵ ਪਾਣੀ ਲਾ ਲਾ ਕੇ ਸਮਝਦਾਰ ਮਨੁੱਖ ਵੱਡਿਆਂ ਕਰਦੇ ਅਤੇ ਸੰਭਾਲਦੇ ਹਨ। ਰੁੱਤ ਆਉਣ `ਤੇ ਉਹ ਬੂਟੇ ਸਫ਼ਲ ਹੁੰਦੇ ਹਨ, ਉਨ੍ਹਾਂ ਨੂੰ ਫਲ ਲਗਦੇ ਹਨ ਅਤੇ ਉਹ ਫਲ ਅੰਮ੍ਰਿਤ-ਰਸ ਨਾਲ ਭਰਪੂਰ ਹੋ ਜਾਂਦੇ ਹਨ, ਭਰ ਜਾਂਦੇ ਹਨ। ਬਿਰਛਾਂ ਜਾਂ ਬੂਟਿਆਂ ਵਿਚੋਂ ਸੁਆਦ ਨਹੀਂ ਆਉਂਦਾ ਪ੍ਰੰਤੂ ਉਨ੍ਹਾਂ ਦੇ ਫਲਾਂ ਵਿਚੋਂ ਸੁਆਦ ਵੀ ਆਉਂਦਾ ਹੈ ਅਤੇ ਸੁਗੰਧ ਵੀ ਆਉਂਦੀ ਹੈ। ਪੂਰਨ ਬ੍ਰਹਮ ਇਸ ਸਾਰੇ ਸੰਸਾਰ ਵਿਚ ਵਿਆਪਕ ਹੈ ਅਤੇ ਨਿਰੰਕਾਰ ਆਪ ਗੁਰਮੁਖਾਂ ਦੀ ਸੰਗਤਿ ਵਿਚ ਵਸਦਾ ਹੈ। ਭਾਈ ਗੁਰਦਾਸ ਨਤੀਜਾ ਇਹ ਕੱਢਦੇ ਹਨ ਕਿ ਬੂਟਿਆਂ ਦੇ ਫਲਾਂ ਦੀ ਤਰ੍ਹਾਂ ਹੀ, ਅਸਲ ਵਿਚ ਗੁਰਮੁਖਿ ਆਪ ਇਸ ਸੰਸਾਰ ਵਿਚ ਅਨੰਤ ਖੁਸ਼ੀ ਜਾਂ ਅਨੰਦ ਦੇਣ ਵਾਲਾ ਫਲ ਹਨ:
ਵਣ ਵਣ ਵਿਚਿ ਵਣਾਸਪਤਿ ਰਹੈ ਉਜਾੜਿ ਅੰਦਰਿ ਅਵਸਾਰੀ।
ਚੁਣਿ ਚੁਣਿ ਆਂਜਨਿ ਬੂਟੀਆ ਪਤਿਸਾਹੀ ਬਾਗੁ ਲਾਇ ਸਵਾਰੀ।
ਸਿੰਜਿ ਸਿੰਜਿ ਬਿਰਖ ਵਡੀਰੀਅਨਿ ਸਾਰਿ ਸਮ੍ਹਾਲਿ ਕਰਨ ਵੀਚਾਰੀ।
ਹੋਨਿ ਸਫਲ ਰੁਤਿ ਆਈਐ ਅੰਮ੍ਰਿਤ ਫਲੁ ਅੰਮ੍ਰਿਤ ਰਸੁ ਭਾਰੀ।
ਬਿਰਖਹੁ ਸਾਉ ਨ ਆਵਈ ਫਲ ਵਿਚਿ ਸਾਉ ਸੁਗੰਧਿ ਸੰਜਾਰੀ।
ਪੂਰਨ ਬ੍ਰਹਮ ਜਗਤ੍ਰ ਵਿਚਿ ਗੁਰਮੁਖਿ ਸਾਧਸੰਗਤਿ ਨਿਰੰਕਾਰੀ।
ਗੁਰਮੁਖਿ ਸੁਖ ਫਲੁ ਅਪਰ ਅਪਾਰੀ॥17॥
ਇਸ ਤੋਂ ਅੱਗੇ ਅਠਾਰਵੀਂ ਪਉੜੀ ਵਿਚ ਭਾਈ ਗੁਰਦਾਸ ਕਰਤਾਰ ਅਤੇ ਉਸ ਦੀ ਕੁਦਰਤਿ ਦੀ ਅਨੰਤਤਾ ਨੂੰ ਅੰਬਰ ਅਰਥਾਤ ਅਕਾਸ਼ ਅਤੇ ਉਸ ਵਿਚ ਉਡ ਰਹੇ ਪੰਛੀਆ ਦੇ ਦ੍ਰਿਸ਼ਟਾਂਤ ਰਾਹੀਂ ਸਮਝਾਉਂਦੇ ਹਨ ਕਿ ਕਾਦਰ ਅਤੇ ਉਸ ਦੀ ਕੁਦਰਤਿ ਦੀ ਥਾਹ ਪਾ ਸਕਣਾ ਅਸੰਭਵ ਹੈ; ਇਸ ਨੂੰ ਕਿਸੇ ਵੀ ਤਰ੍ਹਾਂ ਨਾਲ ਆਂਕਿਆ ਜਾਂ ਮਾਪਿਆ ਨਹੀਂ ਜਾ ਸਕਦਾ। ਇਹ ਬੇਅੰਤ ਅਤੇ ਅਸੀਮ ਹੈ। ਭਾਈ ਗੁਰਦਾਸ ਫਰਮਾਉਂਦੇ ਹਨ ਕਿ ਅੰਬਰ ਮਨੁੱਖ ਨੂੰ ਨਜ਼ਰ ਆਉਂਦਾ ਹੈ ਪਰ ਇਹ ਕਿੰਨਾ ਕੁ ਵੱਡਾ ਹੈ, ਇਸ ਦੀਆਂ ਹੱਦਾਂ-ਬੰਨ੍ਹੇ ਕਿੱਥੋਂ ਤੱਕ ਹਨ, ਕੋਈ ਵੀ ਦੱਸ ਨਹੀਂ ਸਕਦਾ। ਇਹ ਸੁੰਨ ਰੂਪ ਵਿਚ ਫੈਲਿਆ ਹੋਇਆ ਕਿੰਨਾ ਕੁ ਉੱਚਾ ਹੈ, ਕੋਈ ਵੀ ਇਸ ਦਾ ਅੰਦਾਜ਼ਾ ਨਹੀਂ ਲਗਾ ਸਕਦਾ ਭਾਵ ਇਹ ਅਨੰਤ ਅਤੇ ਅਸੀਮ ਹੈ। ਪੰਛੀ ਦੂਰ ਦੂਰ ਤੱਕ ਆਕਾਸ਼ ਵਿਚ ਉਡਾਰੀਆਂ ਲਾਉਂਦੇ ਹਨ ਅਤੇ ਕਈ ਪੰਛੀ ਜਿਹੜੇ ਆਕਾਸ਼ ਵਿਚ ਹੀ ਉਡਦੇ ਰਹਿੰਦੇ ਹਨ ਉਹ ਵੀ ਇਸ ਦੀ ਥਾਹ ਨਹੀਂ ਪਾ ਸਕਦੇ ਕਿ ਇਹ ਕਿੱਥੋਂ ਤੱਕ ਫੈਲਿਆ ਹੋਇਆ ਹੈ। ਇਸ ਦਾ ਅਰੰਭ ਕਿੱਥੋਂ ਹੁੰਦਾ ਹੈ ਅਤੇ ਓੜਕ ਕਿੱਥੋਂ ਤੱਕ ਹੈ ਕੋਈ ਵੀ ਇਸ ਰਹੱਸ ਨੂੰ ਲੱਭ ਨਹੀਂ ਸਕਿਆ; ਸਾਰੇ ਹੈਰਾਨ ਹੁੰਦੇ ਹਨ, ਅਸਚਰਜ ਪ੍ਰਗਟ ਕਰਦੇ ਹਨ ਪ੍ਰੰਤੂ ਅੰਦਾਜ਼ਾ ਨਹੀਂ ਲਗਾ ਸਕਦੇ। ਭਾਈ ਗੁਰਦਾਸ ਕਹਿੰਦੇ ਮੈਂ ਉਸ ਕਾਦਰ ਅਤੇ ਉਸ ਦੀ ਕੁਦਰਤਿ ਤੋਂ ਕੁਰਬਾਨ ਜਾਂਦਾ ਹਾਂ; ਲੱਖਾਂ ਆਕਾਸ਼ ਵੀ ਉਸ ਕਾਦਰ ਦੀ ਸ਼ਾਨ ਨੂੰ ਬਿਆਨ ਨਹੀਂ ਕਰ ਸਕਦੇ। ਉਹ ਪਾਰਬ੍ਰਹਮ, ਜੋ ਅਪ੍ਰੰਪਰ ਹੈ, ਅਸੀਮ ਹੈ, ਜਿਸ ਦੀ ਥਾਹ ਨਹੀਂ ਪਾ ਸਕੀਦੀ ਉਹ ਸਤਿਗੁਰ ਪੁਰਖ ਸਾਧਸੰਗਤਿ ਵਿਚ ਵਸ ਰਿਹਾ ਹੈ। ਭਾਈ ਗੁਰਦਾਸ ਨਤੀਜਾ ਇਹ ਕੱਢਦੇ ਹਨ ਕਿ ਉਹ ਭਗਤ ਉਸ ਦੀ ਪਛਾਣ ਕਰਦਾ ਹੈ ਜਿਹੜਾ ਆਪਣੇ ਅੰਦਰੋਂ ਹਉਮੈ ਨੂੰ ਮਾਰ ਦਿੰਦਾ ਹੈ, ਆਪਣੇ ਅੰਦਰੋਂ ‘ਮੈਂ’ ਨੂੰ ਮਾਰ ਕੇ ਪੂਰਨ ਸਮਰਪਣ ਕਰਦਾ ਹੈ:
ਅੰਬਰੁ ਨਦਰੀ ਆਂਵਦਾ ਕੇਵਡੁ ਵਡਾ ਕੋਇ ਨ ਜਾਣੈ।
ਉਚਾ ਕੇਵਡੁ ਆਖੀਐ ਸੁੰਨ ਸਰੂਪ ਨ ਆਖਿ ਵਖਾਣੈ।
ਲੈਨਿ ਉਡਾਰੀ ਪੰਖਣੂ ਅਨਲ ਮਨਲ ਉਡਿ ਖਬਰਿ ਨ ਆਣੈ।
ਓੜਿਕੁ ਮੂਲਿ ਨ ਲਭਈ ਸਭੇ ਹੋਇ ਫਿਰਨਿ ਹੈਰਾਣੈ।
ਲਖ ਅਗਾਸ ਨ ਅਪੜਨਿ ਕੁਦਰਤਿ ਕਾਦਰੁ ਨੋ ਕੁਰਬਾਣੈ।
ਪਾਰਬ੍ਰਹਮ ਸਤਿਗੁਰ ਪੁਰਖੁ ਸਾਧਸੰਗਤਿ ਵਾਸਾ ਨਿਰਬਾਣੈ।
ਮੁਰਦਾ ਹੋਇ ਮੁਰੀਦੁ ਸਿਞਾਣੈ॥18॥
ਅਗਲੀ ਪਉੜੀ ਵਿਚ ਭਾਈ ਗੁਰਦਾਸ ਗੁਰੂ ਦੀ ਮਹਿਮਾ `ਤੇ ਚਾਨਣਾ ਪਾਉਂਦੇ ਹਨ। ਭਾਈ ਗੁਰਦਾਸ ਗੁਰੂ ਨੂੰ ਪੂਰਨ ਬ੍ਰਹਮ ਦੀ ਮੂਰਤਿ ਮੰਨਦੇ ਹਨ ਕਿਉਂਕਿ ਜਿਸ ਤਰ੍ਹਾਂ ਸੂਰਜ ਹਰ ਇੱਕ ਨੂੰ ਆਪਣੀ ਰੌਸ਼ਨੀ ਨਾਲ ਰੁਸ਼ਨਾਉਂਦਾ ਹੈ ਇਸੇ ਤਰ੍ਹਾਂ ਗੁਰੂ ਆਪਣੇ ਗਿਆਨ ਦੇ ਚਾਨਣ ਨਾਲ ਹਰ ਇੱਕ ਦੇ ਮਨ ਨੂੰ ਰੁਸ਼ਨਾਉਂਦਾ ਹੈ। ਜਿਸ ਤਰ੍ਹਾਂ ਕੰਵਲ ਦੇ ਫੁੱਲ ਨੂੰ ਸੂਰਜ ਨਾਲ ਪ੍ਰੇਮ ਹੁੰਦਾ ਹੈ ਇਸੇ ਤਰ੍ਹਾਂ ਪਰਮਾਤਮਾ ਦਾ ਭਗਤ ਆਪਣੀ ਪ੍ਰੇਮਾ-ਭਗਤੀ ਰਾਹੀਂ ਉਸ ਪ੍ਰਭੂ ਨੂੰ ਜਾਣਦਾ ਹੈ। ਗੁਰੂ ਦਾ ਸ਼ਬਦ ਪੂਰਨ ਬ੍ਰਹਮ ਹੈ ਜੋ ਸਾਰੇ ਗੁਣਾਂ ਦੀ ਇਕ ਧਾਰ ਬਣ ਕੇ ਹਰ ਇਕ ਦੇ ਅੰਦਰ ਇਕ ਰਸ ਵਗ ਰਿਹਾ ਹੈ। ਇਸੇ ਨਿਝਰ ਧਾਰ ਦੇ ਕਾਰਨ ਬ੍ਰਿਛ ਬੂਟੇ ਉਗਦੇ ਅਤੇ ਵੱਡੇ ਹੁੰਦੇ ਹਨ ਅਤੇ ਸਾਰਿਆਂ ਨੂੰ ਫਲ ਦਿੰਦੇ ਹਨ ਅਤੇ ਚੰਦਨ ਵਰਗੇ ਦਰੱਖਤਾਂ ਦੀ ਸੁਗੰਧ ਸਾਰੇ ਫੈਲਦੀ ਹੈ। ਭਾਵੇਂ ਕਿਸੇ ਨੂੰ ਫਲ ਲੱਗਦੇ ਹਨ ਅਤੇ ਕਿਸੇ ਨੂੰ ਨਹੀਂ ਪਰ ਸਾਰਿਆਂ ਪ੍ਰਤੀ ਸਮਦ੍ਰਿਸ਼ਟੀ ਹੈ, ਕਿਸੇ ਪ੍ਰਤੀ ਮੋਹ, ਵੈਰ-ਵਿਰੋਧ, ਦਵੈਤ ਅਤੇ ਭਰਮ ਆਦਿ ਨਹੀਂ। ਗੁਰਮੁਖਿ ਦਾ ਸੁਖਫਲ ਇਹ ਹੈ ਕਿ ਉਹ ਭਗਤੀ ਰਾਹੀਂ ਜੀਵਨਮੁਕਤੀ ਪ੍ਰਾਪਤ ਕਰਦਾ ਹੈ ਅਤੇ ਰੱਬੀ ਪ੍ਰੇਮ ਦਾ ਰਸ ਮਾਣਦਾ ਹੈ। ਭਾਈ ਗੁਰਦਾਸ ਅੰਤਮ ਸਿੱਟਾ ਇਹ ਕੱਢਦੇ ਹਨ ਕਿ ਸਾਧਸੰਗਤਿ ਵਿਚ ਜਾ ਕੇ ਹੀ ਸਹਿਜ ਦੀ ਪ੍ਰਾਪਤੀ ਹੁੰਦੀ ਹੈ:
ਗੁਰ ਮੂਰਤਿ ਪੂਰਨ ਬ੍ਰਹਮੁ ਘਟਿ ਘਟਿ ਅੰਦਰਿ ਸੂਰਜੁ ਸੁਝੈ।
ਸੂਰਜ ਕਵਲੁ ਪਰੀਤਿ ਹੈ ਗੁਰਮੁਖਿ ਪ੍ਰੇਮ ਭਗਤਿ ਕਰਿ ਬੁਝੈ।
ਪਾਰਬ੍ਰਹਮੁ ਗੁਰ ਸਬਦੁ ਹੈ ਨਿਝਰ ਧਾਰ ਵਰ੍ਹੈ ਗੁਣ ਗੁਝੈ।
ਕਿਰਖਿ ਬਿਰਖੁ ਹੋਇ ਸਫਲੁ ਫਲਿ ਚੰਨਣਿ ਵਾਸੁ ਨਿਵਾਸੁ ਨ ਖੁਝੈ।
ਅਫਲ ਸਫਲ ਸਮਦਰਸ ਹੋਇ ਮੋਹੁ ਨ ਧੋਹੁ ਨ ਦੁਬਿਧਾ ਲੁਝੈ।
ਗੁਰਮੁਖਿ ਸੁਖ ਫਲੁ ਪਿਰਮ ਰਸੁ ਜੀਵਨ ਮੁਕਤਿ ਭਗਤਿ ਕਰਿ ਦੁਝੈ।
ਸਾਧਸੰਗਤਿ ਮਿਲਿ ਸਹਜਿ ਸਮੁਝੈ॥19॥
ਇਸ ਪਿਛਲੀ ਪਉੜੀ ਵਿਚ ਭਾਈ ਗੁਰਦਾਸ ਨੇ ਗੁਰੂ ਦੀ ਮਹਿਮਾ ਦੱਸੀ ਹੈ, ਗੁਰੂ ਬਾਰੇ ਦੱਸਿਆ ਹੈ ਅਤੇ ਇਸ ਵਾਰ ਦੀ ਵੀਹਵੀਂ ਅਤੇ ਆਖ਼ਰੀ ਪਉੜੀ ਵਿਚ ਗੁਰੂ ਦੇ ਸ਼ਬਦ ਬਾਰੇ ਗੱਲ ਕੀਤੀ ਹੈ। ਅਸੀਂ ਜਾਣਦੇ ਹਾਂ ਕਿ ਸਿੱਖ ਧਰਮਚਿੰਤਨ ਅਰਥਾਤ ਗੁਰਮਤਿ ਵਿਚ ਸ਼ਬਦ ਨੂੰ ਬਹੁਤ ਮਹੱਤਤਾ ਦਿੱਤੀ ਗਈ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਸਮ ਪਾਤਿਸ਼ਾਹ ਹਜ਼ੂਰ ਨੇ ਬਕਾਇਦਾ ਗੁਰੂ ਨਾਨਕ ਸਾਹਿਬ ਵੱਲੋਂ ਨਿਰਧਾਰਤ ਕੀਤੀ ਗਈ ਮਰਯਾਦਾ ਅਨੁਸਾਰ ਗੁਰਗੱਦੀ ਸੌਂਪੀ ਅਤੇ ਸਰਬ ਸਮਿਆਂ ਲਈ ਸਿੱਖ ਪੰਥ ਨੂੰ ਸ਼ਬਦਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ ਲੈਣ ਦਾ ਹੁਕਮ ਕੀਤਾ; ਗੁਰੂ ਗ੍ਰੰਥ ਸਾਹਿਬ ਨੂੰ “ਪਰਗਟ ਗੁਰਾਂ ਕੀ ਦੇਹਿ” ਦਾ ਦਰਜਾ ਪ੍ਰਾਪਤ ਹੈ। ਗੁਰੂ ਨਾਨਕ ਸਾਹਿਬ ਨੇ ਵੀ ਆਪਣੀ ਬਾਣੀ ਵਿਚ ਸ਼ਬਦ `ਤੇ ਵਿਚਾਰ ਕਰਨ ਦਾ ਆਦੇਸ਼ ਕੀਤਾ ਹੈ। ਉਦਾਹਰਨ ਲਈ ਅਸੀਂ ਰਾਮਕਲੀ ਰਾਗੁ ਵਿਚ ਗੁਰੂ ਨਾਨਕ ਸਾਹਿਬ ਦੀ ਰਚੀ ਬਾਣੀ ‘ਸਿਧ ਗੋਸਟਿ’ ਦੇਖ ਸਕਦੇ ਹਾਂ ਜੋ ਕਿ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨਾਲ ਹੋਈ ਵਿਚਾਰ-ਚਰਚਾ `ਤੇ ਅਧਾਰਤ ਕਰ ਕੇ ਰਚੀ ਹੈ। ਬਾਣੀ ਦੇ ਅਰੰਭ ਵਿਚ ਹੀ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਜੋਗੀਆਂ ਵਾਂਗ ਫਿਰਦੇ ਰਹਿਣ ਨਾਲ ਕੀ ਬਣਦਾ ਹੈ? ਸੱਚ ਦੁਆਰਾ ਹੀ ਸੁੱਚੇ ਹੋ ਸਕੀਦਾ ਹੈ, ਸੱਚੇ ਸ਼ਬਦ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ, “ਕਿਆ ਭਵੀਐ ਸਚਿ ਸੂਚਾ ਹੋਇ॥ਸਾਚ ਸਬਦ ਬਿਨੁ ਮੁਕਤਿ ਨ ਕੋਇ॥” ਇਸੇ ਤਰ੍ਹਾਂ ਅੱਗੇ ਚੱਲ ਕੇ ਦੱਸਿਆ ਹੈ ਕਿ ਇਸ ਸੰਸਾਰ ਵਿਚ ਰਹਿੰਦਿਆਂ ਹੋਇਆਂ ਵੀ ਇਸ ਤੋਂ ਨਿਰਲੇਪ ਹੋ ਕੇ ਰਹਿਣਾ ਹੈ, ਜਿਸ ਤਰ੍ਹਾਂ ਕੰਵਲ ਦਾ ਫੁੱਲ ਪਾਣੀ ਵਿਚ ਉਗਦਾ ਹੈ ਪ੍ਰੰਤੂ ਪਾਣੀ ਤੋਂ ਨਿਰਲੇਪ ਰਹਿੰਦਾ ਹੈ, ਮੁਰਗਾਬੀ ਨਦੀ ਵਿਚ ਤੈਰਦੀ ਹੈ ਪ੍ਰੰਤੂ ਉਸ ਦੇ ਖੰਭ ਪਾਣੀ ਵਿਚ ਨਹੀਂ ਭਿੱਜਦੇ ਉਹ ਪਾਣੀ ਤੋਂ ਨਿਰਲੇਪ ਰਹਿੰਦੇ ਹਨ। ਇਸੇ ਤਰ੍ਹਾਂ ਗੁਰੂ ਦੇ ਸ਼ਬਦ ਵਿਚ ਸੁਰਤਿ ਨੂੰ ਜੋੜ ਕੇ ਉਸ ਅਕਾਲ ਪੁਰਖ ਦਾ ਨਾਮ ਜਪਿਆਂ ਇਸ ਸੰਸਾਰ ਸਾਗਰ ਤੋਂ ਪਾਰ ਹੋ ਸਕੀਦਾ ਹੈ; ਇਸ ਨੂੰ ਤਰ ਸਕੀਦਾ ਹੈ, “ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ॥ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ॥” ‘ਸਿਧ ਗੋਸਟਿ’ ਬਾਣੀ ਵਿਚ ਸ਼ਬਦ ਬਾਰੇ ਇਹ ਸਿਲਸਿਲਾ ਲਗਾਤਾਰ ਵਿਚਾਰ ਦਾ ਵਿਸ਼ਾ ਬਣਿਆ ਰਹਿੰਦਾ ਹੈ। ਸ਼ਬਦ ਨੂੰ ਹੀ ਉਸ ਕਰਤਾ ਪੁਰਖ ਨਾਲ ਜੁੜੇ ਰਹਿਣ ਦਾ ਅਤੇ ਮੁਕਤੀ ਪ੍ਰਾਪਤ ਕਰਨ ਦਾ ਰਸਤਾ ਦੱਸਿਆ ਹੈ। ਜੋਗੀਆਂ ਦਾ ਪ੍ਰਸ਼ਨ ਹੈ ਕਿ ਲੁਕਿਆ ਹੋਇਆ ਕੌਣ ਹੈ ਅਤੇ ਉਹ ਕੌਣ ਹੈ ਜੋ ਮੁਕਤ ਹੈ? ਕੌਣ ਹੈ ਜੋ ਅੰਦਰੋਂ ਬਾਹਰੋਂ ਮਿਲਿਅਿਾ ਹੋਇਆ ਹੈ ਭਾਵ ਇਕਸੁਰ ਹੈ, “ਕਵਨੁ ਸੁ ਗੁਪਤਾ ਕਵਨੁ ਸੁ ਮੁਕਤਾ॥ਕਵਨੁ ਸੁ ਅੰਤਰਿ ਬਾਹਰਿ ਜੁਗਤਾ॥” ਅਤੇ ਗੁਰੂ ਪਾਤਿਸ਼ਾਹ ਨੇ ਇਸ ਦਾ ਉਤਰ ਦਿੱਤਾ ਹੈ, “ਘਟਿ ਘਟਿ ਗੁਪਤਾ ਗੁਰਮੁਖਿ ਮੁਕਤਾ॥ ਅੰਤਰਿ ਬਾਹਰਿ ਸਬਦਿ ਸੁ ਜੁਗਤਾ॥” ਅਰਥਾਤ ਜੋ ਘਟ-ਘਟ ਵਿਚ ਵਿਆਪਕ ਹੈ ਉਹ ਵਾਹਿਗੁਰੂ ਗੁਪਤ ਹੋ ਰਿਹਾ ਹੈ ਅਤੇ ਗੁਰਮੁਖਿ ਭਾਵ ਗੁਰੂ ਦੇ ਰਸਤੇ `ਤੇ ਚੱਲਣ ਵਾਲਾ ਮੁਕਤ ਹੈ ਜੋ ਅੰਦਰੋਂ ਬਾਹਰੋਂ ਭਾਵ ਤਨ ਅਤੇ ਮਨ ਕਰਕੇ ਸ਼ਬਦ ਨਾਲ ਜੁੜਿਆ ਹੋਇਆ ਹੈ। ਇਸੇ ਤਰ੍ਹਾਂ ਜੋਗੀਆਂ ਦੇ ਧਾਰਨ ਕੀਤੇ ਜਾਂਦੇ ਭੇਖ ਦੇ ਚਿੰਨ੍ਹਾਂ ਰਾਹੀਂ ਹੀ ਗੁਰੂ ਦੇ ਸ਼ਬਦ ਦੀ ਮਹੱਤਤਾ ਦੱਸਦੇ ਹੋਏ ਗੁਰੂ ਨਾਨਕ ਫਰਮਾਉਂਦੇ ਹਨ ਕਿ ਸਤਿਗੁਰੂ ਦੇ ਸ਼ਬਦ ਨੂੰ ਮਨ ਵਿਚ ਇਕਰਸ ਵਸਾਉਣਾ ਕੰਨਾਂ ਦੀਆਂ ਮੁੰਦਰਾਂ ਹਨ ਕਿਉਂਕਿ ਸ਼ਬਦ ਨੂੰ ਮਨ ਵਿਚ ਵਸਾ ਕੇ ਮਨੁੱਖ ਹਉਮੈ ਅਤੇ ਮਮਤਾ ਨੂੰ ਦੂਰ ਕਰ ਲੈਂਦਾ ਹੈ; ਕਾਮ, ਕ੍ਰੋਧ ਅਤੇ ਅਹੰਕਾਰ ਉਸ ਦੇ ਅੰਦਰੋਂ ਮਿਟ ਜਾਂਦੇ ਹਨ ਅਤੇ ਗੁਰੂ ਦੇ ਸ਼ਬਦ ਰਾਹੀਂ ਉਸ ਨੂੰ ਚੰਗੀ ਸੋਝੀ ਪੈ ਜਾਂਦੀ ਹੈ, “ਅੰਤਰਿ ਸਬਦੁ ਨਿਰੰਤਰਿ ਮੁਦ੍ਰਾ ਹਉਮੈ ਮਮਤਾ ਦੂਰਿ ਕਰੀ॥ਕਾਮੁ ਕ੍ਰੋਧੁ ਅਹੰਕਾਰੁ ਨਿਵਾਰੈ ਗੁਰ ਕੈ ਸਬਦਿ ਸੁ ਸਮਝ ਪਰੀ॥” ਜਦੋਂ ਜੋਗੀ ਪ੍ਰਸ਼ਨ ਕਰਦੇ ਹਨ ਕਿ ਜੀਵਨ ਦਾ ਮੂਲ ਕੀ ਹੈ ਅਤੇ ਕਿਹੜੀ ਸਿੱਖਿਆ ਲੈਣ ਦਾ ਇਹ ਮਨੁੱਖਾ ਜਨਮ ਵੇਲਾ ਹੈ? ਤੂੰ ਕਿਸ ਗੁਰੂ ਦਾ ਚੇਲਾ ਹੈਂ? “ਕਵਣ ਮੂਲੁ ਕਵਣ ਮਤਿ ਵੇਲਾ॥ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ॥” ਤਾਂ ਗੁਰੂ ਨਾਨਕ ਸਾਹਿਬ ਉੱਤਰ ਦਿੰਦੇ ਹਨ ਕਿ ਪ੍ਰਾਣ ਹੀ ਹਸਤੀ ਦਾ ਮੁੱਢ ਹਨ ਅਤੇ ਇਹ ਮਨੁੱਖਾ ਜਨਮ ਦਾ ਸਮਾਂ ਸਤਿਗੁਰੂ ਦੀ ਸਿੱਖਿਆ ਲੈਣ ਦਾ ਹੈ। ਸ਼ਬਦ ਮੇਰਾ ਗੁਰੂ ਹੈ ਮੇਰੀ ਸੁਰਤਿ ਦਾ ਸ਼ਬਦ ਵਿਚ ਟਿਕਣਾ ਉਸ ਗੁਰੂ ਦਾ ਸਿੱਖ ਹੋਣਾ ਹੈ, “ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ਸਬਦੁ ਗੁਰੂ ਸੁਰਤਿ ਧੁਨਿ ਚੇਲਾ॥” ਅਸੀਂ ਕਹਿ ਸਕਦੇ ਹਾਂ ਕਿ ਬੇਸ਼ੱਕ ‘ਸਿਧ ਗੋਸਟਿ’ ਬਾਣੀ ਦੀ ਸਾਰੀ ਵਿਚਾਰ ਚਰਚਾ ਸ਼ਬਦ ਦੀ ਮਹੱਤਤਾ `ਤੇ ਚਾਨਣਾ ਪਾਉਂਦੀ ਪ੍ਰੰਤੂ ਇਹ ਕੁੱਝ ਕੁ ਉਦਾਹਰਨਾਂ ਸ਼ਬਦ ਦੀ ਮਹੱਤਤਾ ਵੱਲ ਸੰਕੇਤ ਕਰਨ ਲਈ ਦਿੱਤੀਆਂ ਹਨ।
ਸ਼ਬਦ ਦੇ ਗੁਰੂ ਹੋਣ ਦੇ ਇਸ ਸਿਧਾਂਤ ਦੀ ਪ੍ਰੋੜਤਾ ਭਾਈ ਗੁਰਦਾਸ ਇਸ ਪਉੜੀ ਵਿਚ ਕਰ ਰਹੇ ਹਨ। ਭਾਈ ਗੁਰਦਾਸ ਫਰਮਾਉਂਦੇ ਹਨ ਕਿ ਗੁਰੂ ਦੇ ਸ਼ਬਦ ਨੂੰ ਗੁਰੂ ਜਾਣ ਲੈਣਾ ਜਾਂ ਮੰਨ ਲੈਣਾ ਚਾਹੀਦਾ ਹੈ ਅਤੇ ਗੁਰਮੁਖਿ ਹੋ ਕੇ ਅਰਥਾਤ ਗੁਰੂ ਦੀ ਸਿੱਖਿਆ ਅਨੁਸਾਰ ਚੱਲਦਿਆਂ ਆਪਣੀ ਸੁਰਤਿ ਨੂੰ ਸ਼ਬਦ ਵਿਚ ਜੋੜਨਾ ਹੀ ਸਿੱਖ ਹੋਣਾ ਹੈ। ਜਦੋਂ ਗੁਰਮੁਖਿ ਸਾਧਸੰਗਤਿ ਰੂਪੀ ਸਚਿਖੰਡ ਨਾਲ ਜੁੜ ਜਾਂਦਾ ਹੈ ਤਾਂ ਪ੍ਰੇਮਾ ਭਗਤੀ ਰਾਹੀਂ ਉਸ ਦਾ ਪਰਮਾਤਮਾ ਨਾਲ ਮੇਲ ਹੋ ਜਾਂਦਾ ਹੈ। ਗੁਰਮੁਖਿ ਗਿਆਨ, ਧਿਆਨ ਅਤੇ ਸਿਮਰਨ ਆਦਿ ਗੁਣਾਂ ਦੀ ਜੁਗਤਿ ਨੂੰ ਆਪਣੇ ਅੰਦਰ ਪੈਦਾ ਕਰ ਲੈਂਦਾ ਹੈ। ਉਦਾਹਰਨ ਕੂੰਜ, ਕੱਛੂ ਅਤੇ ਹੰਸ ਦੀ ਦਿੱਤੀ ਹੈ ਕਿ ਜਿਵੇਂ ਵਿਵੇਕ ਰਾਹੀਂ, ਉਸ ਦਾ ਧਿਆਨ ਲਗਾ ਕੇ, ਉਸ ਦੇ ਨਾਮ ਦਾ ਸਿਮਰਨ ਕਰ ਕੇ ਕੂੰਜ, ਕੱਛੂ ਅਤੇ ਹੰਸ ਕਰਦੇ ਹਨ; ਇਹ ਤਿੰਨੇ ਇਨ੍ਹਾਂ ਦੀ ਵੰਸ਼ ਦੇ ਨਵੀਨ ਗੁਣ ਮੰਨੇ ਜਾਂਦੇ ਹਨ। ਹੰਸਾਂ ਦੀ ਵੰਸ਼ ਨਾਲ ਦੁੱਧ ਅਤੇ ਪਾਣੀ ਨੂੰ ਨਿਖੇੜ ਸਕਣ ਦੇ ਵਿਵੇਕ ਦਾ ਮਿੱਥ ਜੁੜਿਆ ਹੋਇਆ ਹੈ; ਧਿਆਨ ਦੀ ਜੁਗਤਿ ਵਿਚ ਕੱਛੂ ਦੀ ਵੰਸ਼ ਪ੍ਰਬੀਨ ਮੰਨੀ ਜਾਂਦੀ ਹੈ ਅਤੇ ਸਿਮਰਨ ਕਰਨ ਵਿਚ ਕੂੰਜ ਦੀ ਕਿਉਂਕਿ ਮੰਨਿਆ ਜਾਂਦਾ ਹੈ ਕਿ ਸਿਮਰਨ ਰਾਹੀਂ ਹੀ ਕੂੰਜ ਦੇ ਬੱਚੇ ਉਸ ਦੀ ਗ਼ੈਰਹਾਜ਼ਰੀ ਵਿਚ ਪਲ ਜਾਂਦੇ ਹਨ। ਇਹ ਸਾਰੇ ਗੁਣ ਗੁਰਮੁਖਿ ਵਿਚ ਆ ਜਾਂਦੇ ਹਨ। ਰੁੱਖ ਨੂੰ ਫਲ ਲੱਗਦਾ ਹੈ ਅਤੇ ਫਲ ਵਿਚ ਬੀਜ ਪੈਦਾ ਹੋ ਕੇ ਫਿਰ ਉਸ ਤੋਂ ਰੁੱਖ ਬਣ ਜਾਂਦਾ ਹੈ; ਇਸ ਤਰ੍ਹਾਂ ਰੁੱਖ ਅਤੇ ਫਲ, ਫਲ ਅਤੇ ਰੁੱਖ ਇੱਕੋ ਹਨ; ਇਨ੍ਹਾਂ ਵਿਚ ਕੋਈ ਅੰਤਰ ਨਹੀਂ ਹੈ। ਇਸੇ ਤਰ੍ਹਾਂ ਗੁਰੂ ਤੋਂ ਸਿੱਖ, ਸਿੱਖ ਤੋਂ ਗੁਰੂ ਸੁਹੇਲੇ ਮੰਤਰ ਦੁਆਰਾ ਹੋਇਆ ਹੈ। ਗੁਰੂ ਅਤੇ ਸਿੱਖ ਵਿਚ ਕੋਈ ਅੰਤਰ ਨਹੀਂ ਹੈ। ਗੁਰੂ ਦਾ ਸ਼ਬਦ ਇਸ ਸੰਸਾਰ ਵਿਚ ਵਰਤ ਰਿਹਾ ਹੈ ਪ੍ਰੰਤੂ ਸੰਸਾਰ ਤੋਂ ਵੀ ਪਰੇ ਉਹ ਕਰਤਾ ਪੁਰਖ ਹੈ ਜੋ ਮਨ ਬਾਣੀ ਤੋਂ ਪਰੇ ਹੋ ਕੇ ਸਿਰਜਣਾ ਕਰਨ ਅਤੇ ਇਸ ਨੂੰ ਸਮੇਟਣ ਦੇ ਆਪਣੇ ਗੁਪਤ ਖੇਲ ਵਿਚ ਲੱਗਾ ਹੋਇਆ ਹੈ। ਉਸ ਆਦਿ ਪੁਰਖ ਨੂੰ ਆਦੇਸ਼ ਕਰ ਕੇ ਸ਼ਬਦ ਦੀ ਇਹ ਸ਼ਕਤੀ ਉਸ ਆਦਿ ਪੁਰਖ ਦੇ ਹੁਕਮ ਵਿਚ ਸਮਾ ਜਾਂਦੀ ਹੈ। ਭਾਈ ਗੁਰਦਾਸ ਨਤੀਜਾ ਇਹ ਦਿੰਦੇ ਹਨ ਕਿ ਅੰਮ੍ਰਿਤ ਵੇਲਾ ਉਸ ਕਰਤਾ ਪੁਰਖ ਦੀ ਸਿਫ਼ਤਿ-ਸਾਲਾਹ ਕਰਨ ਦਾ ਵਧੀਆ ਅਰਥਾਤ ਸਹੀ ਸਮਾਂ ਹੈ; ਗੁਰੂ ਨਾਨਕ ਸਾਹਿਬ ਨੇ “ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥” ਦਾ ਉਪਦੇਸ਼ ਦਿੱਤਾ ਹੈ। ਭਾਈ ਗੁਰਦਾਸ ਅਨੁਸਾਰ:
ਸਬਦੁ ਗੁਰੂ ਗੁਰੁ ਜਾਣੀਐ ਗੁਰਮੁਖਿ ਹੋਇ ਸੁਰਤਿ ਧੁਨਿ ਚੇਲਾ।
ਸਾਧ ਸੰਗਤਿ ਸਚਖੰਡ ਵਿਚਿ ਪ੍ਰੇਮ ਭਗਤਿ ਪਰਚੈ ਹੋਇ ਮੇਲਾ।
ਗਿਆਨੁ ਧਿਆਨੁ ਸਿਮਰਣੁ ਜੁਗਤਿ ਕੂੰਜ ਕਰਮ ਹੰਸ ਵੰਸ ਨਿਵੇਲਾ।
ਬਿਰਖਹੁੰ ਫਲ ਫਲ ਤੇ ਬਿਰਖੁ ਗੁਰਸਿਖ ਸਿਖਗੁਰ ਮੰਤੁਸੁਹੇਲਾ।
ਵੀਹਾ ਅੰਦਰਿ ਵਰਤਮਾਨ ਹੋਇ ਇਕੀਹ ਅਗੋਚਰੁ ਖੇਲਾ।
ਆਦਿ ਪੁਰਖੁ ਆਦੇਸੁ ਕਰਿ ਆਦਿ ਪੁਰਖ ਆਦੇਸ ਵਹੇਲਾ।
ਸਿਫਤਿ ਸਲਾਹਣੁ ਅੰਮ੍ਰਿਤੁ ਵੇਲਾ॥20॥