ਅਸੀਂ ਤਾਂ ਹੁਣ ਤੀਕ ਹੱਥਾਂ ਨੂੰ ਹਥਿਆਰ ਬਣਾਉਣ ਜਾਂ ਉਠਾਉਣ ਵਾਲੇ ਹੀ ਸਮਝਦੇ ਰਹੇ ਹਾਂ ਪਰ ਦੇਸ਼ ਦੀ ਸਰਬਉੱਚ ਅਦਾਲਤ ਨੇ ਹੁਣ ਸਭ ਨੂੰ ਇਹ ਦ੍ਰਿੜ ਕਰਵਾ ਦਿੱਤਾ ਹੈ ਕਿ ਹੱਥ ਹਥਿਆਰ ਵੀ ਹਨ!
ਆਪਣੇ 19 ਮਈ ਦੇ ਇਤਿਹਾਸਕ ਫੈਸਲੇ ਵਿਚ ਸੁਪਰੀਮ ਕੋਰਟ ਦੇ ਜਸਟਿਸ ਏ.ਐਮ. ਖਾਨਵਿਲਕਰ ਅਤੇ ਜਸਟਿਸ ਐਸ.ਕੇ.ਕੌਲ `ਤੇ ਆਧਾਰਤ ਬੈਂਚ ਨੇ ਕੌਮਾਂਤਰੀ ਪ੍ਰਸਿੱਧੀ ਹਾਸਲ ਕ੍ਰਿਕਟਰ, ਕੁਮਂੈਟੇਟਰ, ਸਿਆਸਤਾਨ, ਬੁਲਾਰੇ ਅਤੇ ਟੀ.ਵੀ. ਕਲਾਕਾਰ ਨਵਜੋਤ ਸਿੰਘ ਸਿੱਧੂ ਨੂੰ ਕਰੀਬ 34 ਸਾਲ ਪੁਰਾਣੇ ਕੇਸ ਵਿਚ ਇਕ ਸਾਲ ਦੀ ਬਾਮੁਸ਼ੱਕਤ ਸਜ਼ਾ ਸੁਣਾਉਂਦਿਆਂ ਹੱਥਾਂ ਨੂੰ ਹਥਿਆਰ ਵਾਂਗ ਵਰਤੇ ਜਾ ਸਕਣ ਦੀ ਗੱਲ ਕਹੀ।
ਯਾਦ ਰਹੇ ਕਿ 1988 ਦੀ ਇਕ ਸੜਕ-ਝੜਪ (ਰੋਡ ਰੇਜ) ਦੌਰਾਨ ਉਦੋਂ 25 ਸਾਲਾ ਨਵਜੋਤ ਸਿੱਧੂ ਵਲੋਂ ਇਕ 65 ਸਾਲ ਦੇ ਬਜ਼ੁਰਗ ਗੁਰਨਾਮ ਸਿੰਘ ਨੂੰ ਘਸੁੰਨ ਜੜਨ ਕਾਰਨ ਉਸ ਦੀ ਮੌਤ ਹੋ ਹਈ ਸੀ। ਇਸ ਕੇਸ ਵਿਚ ਸਿੱਧੂ ਪਹਿਲਾਂ ਸੁਪਰੀਮ ਕੋਰਟ ਦੇ ਇਕ ਬੈਂਚ, ਜਿਸ ਦੀ ਅਗਵਾਈ ਜਸਟਿਸ ਜੇ. ਚੈਲਮੇਸ਼ਵਰ ਕਰ ਰਹੇ ਸਨ, ਦੇ ਮਾਰਚ 15, 2018 ਦੇ ਫੈਸਲੇ `ਚ ਮਹਿਜ਼ 1000 ਰੁਪਏ ਦੇ ਜੁਰਮਾਨੇ ਨਾਲ ਬਰੀ ਵੀ ਹੋ ਗਿਆ ਸੀ ਪਰ ਫੈਸਲੇ ਦੀ ਨਜ਼ਰਸਾਨੀ ਪਟੀਸ਼ਨ ਉਪਰ ਸੁਣਵਾਈ ਸਮੇਂ ਹੁਣ ਵਾਲੇ ਬੈਂਚ ਨੇ ਇਸ ਜੁਰਮਾਨੇ ਦੇ ਨਾਲ ਇਕ ਸਾਲ ਦੀ ਸਜ਼ਾ ਸੁਣਾ ਦਿੱਤੀ। 20 ਮਈ ਨੂੰ ਸਿੱਧੂ ਨੇ ਕੋਰਟ ਅੱਗੇ ਸਮਰਪਣ ਕਰ ਦਿੱਤਾ ਤੇ ਉਹ ਹੁਣ ਪਟਿਆਲਾ ਜੇਲ੍ਹ ਵਿਚ ਹੈ (ਉਸ ਦਾ ਸਿਆਸੀ ਦੁਸ਼ਮਣ ਬਿਕਰਮ ਮਜੀਠੀਆ ਪਹਿਲਾਂ ਤੋਂ ਹੀ ਓਥੇ ਹੈ)।
ਇੱਥੇ ਅਸੀਂ ਇਸ ਕੇਸ ਬਾਰੇ ਨਹੀਂ ਲਿਖ ਰਹੇ ਕਿਉਂਕਿ ਇਸ ਸਬੰਧੀ ਬਹੁਤ ਕੁਝ ਲਿਖਿਆ ਤੇ ਬੋਲਿਆ ਜਾ ਚੁੱਕੈ। ਅਸੀਂ ਸਿਰਫ ਬੈਂਚ ਵਲੋਂ ਹੱਥਾਂ ਉਪਰ ਕੀਤੀ ਗਈ ਟਿੱਪਣੀ ਤਕ ਹੀ ਸੀਮਤ ਰਹਾਂਗੇ। ਜੱਜਮੈਂਟ ਲਿਖਦਿਆਂ ਜਸਟਿਸ ਕੌਲ ਨੇ ਕਿਹਾ,’ਮਾਨਵੀ ਹੱਥ ਇਕ ਹਥਿਆਰ ਵਜੋਂ ਵਰਤਿਆ ਜਾ ਸਕਦੈ, ਖਾਸ ਕਰਕੇ ਜਦੋਂ ਇਹ ਹੱਥ ਕਿਸੇ ਬਹੁਤ ਹੀ ਰਿਸ਼ਟ-ਪੁਸ਼ਟ (ਫਿਟ) ਬੰਦੇ ਦਾ ਹੋਵੇ, ਉਹ ਭਾਵੇਂ ਇਕ ਕ੍ਰਿਕਟਰ, ਮੁੱਕੇਬਾਜ਼ ਜਾਂ ਪਹਿਲਵਾਨ ਹੋਵੇ। ਇਸ ਲਈ ਜਦੋਂ ਇਕ 25 ਸਾਲਾ ਬੰਦਾ, ਜੋ ਇਕ ਕੌਮਾਂਤਰੀ ਕ੍ਰਿਕਟਰ ਸੀ, ਆਪਣੇ ਤੋਂ ਦੁੱਗਣੀ ਉਮਰ ਦੇ ਬੰਦੇ ਉਪਰ ਹਮਲਾ ਕਰਦੈ ਅਤੇ ਆਪਣੇ ਖਾਲੀ ਹੱਥਾਂ ਨਾਲ ਹੀ ਪੀੜਤ ਦੇ ਸਿਰ ਉਪਰ ਇਕ ਜ਼ੋਰ ਦਾ ਮੁੱਕਾ ਮਾਰ ਕੇ ਸੱਟ ਲਾ ਦਿੰਦੈ ਤਾਂ ਬੇਇਰਾਦਨ ਕੀਤੇ ਨੁਕਸਾਨ ਦੇ ਨਤੀਜੇ ਵਾਜਿਬਨ ਹੀ ਉਸ ਉਪਰ ਹੋਣਗੇ ਕਿਉਂਕਿ ਤਾਰਕਿਕ ਤੌਰ `ਤੇ ਉਸ ਨੂੰ ਅਜਿਹਾ ਹੋਣ ਦੀ ਅਗਾਊਂ ਸੂਝ ਹੋਣੀ ਚਾਹੀਦੀ ਸੀ’।
ਬੈਂਚ ਨੇ ਕਿਹਾ ਕਿ ਕੁਝ ਪਹਿਲੂ\ਗੱਲਾਂ ਪਹਿਲੇ ਬੈਂਚ ਨੇ ਨਰਮੀ ਦਿਖਾਉਂਦਿਆ ਨਜ਼ਰਅੰਦਾਜ਼ ਕਰ ਦਿੱਤੀਆਂ ਸਨ ਜਿਨ੍ਹਾਂ ਵਿਚ ਸਿੱਧੂ ਦੀ ਸਰੀਰਕ ਫਿੱਟਨੈਸ, ਕਿਉਂਕਿ ਉਹ ਕੌਮਾਂਤਰੀ ਕ੍ਰਿਕਟਰ ਸੀ, ਲੰਮ-ਝਲੰਮਾ, ਰਿਸ਼ਟ-ਪੁਸ਼ਟ ਸੀ ਅਤੇ ਇਸ ਗੱਲ ਨੂੰ ਭਲ਼ੀ-ਭਾਂਤ ਜਾਣਦਾ ਸੀ ਕਿ ਉਸ ਦੇ ਹੱਥ ਦੇ ਮੁੱਕੇ ਵਿਚ ਕਿੰਨੀ ਤਾਕਤ ਹੋਏਗੀ। ਬੈਂਚ ਨੇ ਇਹ ਵੀ ਕਿਹਾ ਕਿ ਸਿੱਧੂ ਇਹ ਨਹੀਂ ਕਹਿ ਸਕਦਾ ਕਿ ਉਸ ਨੂੰ ਘਸੁੰਨ ਦੇ ਅਸਰ ਦਾ ਨਹੀਂ ਸੀ ਪਤਾ ਜਾਂ ਉਹ ਇਸ ਬਾਰੇ ਅਣਜਾਣ ਸੀ।
ਬੈਂਚ ਨੇ ਬੜੀ ਮਹੱਤਵਪੂਰਨ ਟਿੱਪਣੀ ਕਰਦਿਆਂ ਕਿਹਾ, ‘ਸਜ਼ਾਵਾਂ ਇਸ ਕਰਕੇ ਨਹੀਂ ਸੁਣਾਈਆਂ ਜਾਂਦੀਆਂ ਕਿ ਜੈਸੇ ਕੋ ਤੈਸਾ ਕਰਨੈ, ਸਗੋਂ ਇਸ ਲਈ ਦਿੱਤੀਆਂ ਜਾਂਦੀਆਂ ਹਨ ਕਿ ਇਨ੍ਹਾਂ ਦਾ ਸਮਾਜ ਉਪਰ ਢੁੱਕਵਾਂ ਪ੍ਰਭਾਵ ਪਵੇ…ਨਾਕਾਫੀ ਸਜ਼ਾ ਦੇਣ ਵੇਲੇ ਕਿਸੇ ਪ੍ਰਕਾਰ ਦੀ ਵੀ ਨਾਵਾਜਬ ਹਮਦਰਦੀ ਨਿਆਂ ਪ੍ਰਣਾਲੀ ਲਈ ਵਧੇਰੇ ਹਾਨੀਕਾਰਕ ਹੋਵੇਗੀ ਅਤੇ ਜਨਤਾ ਦਾ ਕਾਨੂੰਨ ਦੇ ਕਾਰਗਰ ਹੋਣ ਦੇ ਭਰੋਸੇ `ਚ ਖੋਰਾ ਲੱਗੇਗਾ’।
ਖੈਰ, ਆਪਾਂ ਤਾਂ ਹੱਥਾਂ ਬਾਰੇ ਗੱਲ ਕਰਨੀ ਹੈ। ਅਰਸਤੂ ਹੱਥਾਂ ਨੂੰ ਸੰਦਾਂ ਦੇ ਸੰਦ\ਹਥਿਆਰਾਂ ਦੇ ਹਥਿਆਰ (ਟੂਲਜ਼ ਆਫ ਟੂਲ) ਕਹਿ ਕੇ ਵਡਿਆਉਂਦਾ ਹੈ। ਹੱਥ ਸਰੀਰ ਦਾ ਬੜਾ ਪ੍ਰਗਟਵਾਂ ਤੇ ਕਿਰਿਆਸ਼ੀਲ ਅੰਗ ਹੈ। ਇਹ ਸਾਡੇ ਗੁੱਟ ਤੋਂ ਅੱਗੇ ਹੁੰਦੈ ਅਤੇ ਬਾਂਹ ਦਾ ਆਖਰੀ ਹਿੱਸਾ। ਇਹ ਆਸ਼ੀਰਵਾਦ ਦੇਣ ਲਈ ਵੀ ਵਰਤਿਆ ਜਾਂਦੈ। ਸਾਡੇ ਬਜ਼ੁਰਗ ਅਕਸਰ ਧੀਆਂ-ਧਿਆਣੀਆਂ ਦੇ ਸਿਰ ਉਪਰ ਹੱਥ ਰੱਖ ਕੇ ਆਸ਼ੀਰਵਾਦ ਦਿੰਦੇ ਹਨ। ਇਹ ਤਾਕਤ, ਸ਼ਕਤੀ ਅਤੇ ਸੁਰੱਖਿਆ ਦਾ ਪ੍ਰਤੀਕ ਹਨ। ਪਰ ਇਹ ਦਰਿਆਦਿਲੀ, ਪ੍ਰਾਹੁਣਚਾਰੀ, ਸੇਵਾ ਅਤੇ ਸਥਿਰਤਾ ਦੇ ਵੀ ਲਖਾਇਕ ਹਨ।
ਹੱਥ ਬੜੇ ਸਮਰੱਥ, ਕਾਰਸਾਜ਼ ਅਤੇ ਕ੍ਰਿਸ਼ਮਾਕਾਰੀ ਹੁੰਦੇ ਹਨ। ਮਿਲ ਜਾਣ ਤਾਂ ਮਿੱਤਰਤਾ, ਜੁੜ ਜਾਣ ਤਾਂ ਅਰਦਾਸ\ਅਰਜੋ਼ਈ, ਸਤਿ ਸ੍ਰੀ ਅਕਾਲ\ ਨਮਸਕਾਰ, ਫੈਲ\ਅੱਡੇ ਜਾਣ ਤਾਂ ਮੰਗਤੇ, ਤਣ ਜਾਣ ਤਾਂ ਥੱਪੜ\ਲਾਫੜ, ਮਿਚ ਜਾਣ ਤਾਂ ਮੁੱਠੀ\ਮੁੱਕਾ, ਉਠ ਜਾਣ ਤਾਂ ਬਗਾਵਤ\ਨਾਅਰਾ ਬਣ ਜਾਂਦੇ ਹਨ। ਕਿਸੇ ਦਾ ਹੱਥ ਵਟਾ ਦੇਣ ਤਾਂ ਸਾਂਝ ਬਣ ਜਾਂਦੇ ਹਨ (ਯਾਦ ਹੈ ਨਾ 1957 ਦੀ ਫਿਲਮ ‘ਨਯਾ ਦੌਰ’ ਦਾ ਗਾਣਾ-‘ਸਾਥੀ ਹਾਥ ਬੜਾਨਾ, ਏਕ ਅਕੇਲਾ ਥਕ ਜਾਏਗਾ ਮਿਲ ਕਰ ਬੋਝ ਉਠਾਨਾ)।
ਹੱਥ ਨਾਲਦੇ ਨਾਲ ਕਿੰਗੜੀ ਪਾ ਲੈਣ ਤਾਂ ਕਿਕਲੀ, ਬਹੁਤੇ ਸਾਰੇ ਮਿਲ ਜਾਣ ਤਾਂ ਮਾਨਵੀ ਕੰਧ, ਤਾੜੀ ਮਾਰ ਦੇਣ ਤਾਂ ਉਡਾਰੀ ਮਰਵਾ ਦੇਣ (ਤਾੜੀ ਮਾਰ ਉਡਾ ਨਾ ਬਾਹੂ ਅਸੀਂ ਖੁਦ ਹੀ ਉਡਣਹਾਰੇ ਹੂ)। ਰਾਹ ਵਿਚ ਕਿਧਰੇ ਪਿਆਸ ਲੱਗ ਜਾਏ ਤਾਂ ਨਲਕੇ\ਟੂਟੀ\ਟਿਊਬਵੈਲ ਤੋਂ ਪਾਣੀ ਪੀਣ ਲਈ ਬੁੱਕ\ਓਕ ਬਣ ਕੇ ਕੱਪ\ਪਿਆਲੇ ਦਾ ਕਾਰਜ ਵੀ ਕਰ ਦਿੰਦੇ ਹਨ। ਕਿਸੇ ਨੂੰ ਉਤਸ਼ਾਹੱਥ ਕਰਨ ਲਈ ਜਾਂ ਕੋਈ ਖੁਸ਼ੀ ਪ੍ਰਗਟ ਕਰਨ ਲਈ ਵੀ ਤਾੜੀਆਂ ਬਣ ਜਾਂਦੇ ਹਨ!
ਭਾਵੇਂ ਇਨ੍ਹਾਂ ਵਿਚ ਸਾਡੀ ਕਿਸਮਤ ਦੀਆਂ ਲਕੀਰਾਂ ਲਿਖੀਆਂ ਸਮਝੀਆਂ ਜਾਂਦੀਆਂ ਹਨ ਪਰ ਸਮਰੱਥਵਾਨ ਹੱਥ ਆਪਣੀ ਕਿਸਮਤ ਦੇ ਘਾੜੇ ਆਪ ਹੁੰਦੇ ਹਨ। ਇਕ ਕਵੀ ਨੇ ਕਿਹੈ, ‘ਹੱਥ ਰੇਖਾ ਦੀ ਚਿੰਤਾ ਨਾ ਕਰੋ,\ਹੱਥ ਸਿਰਜਣਹਾਰ ਨੇ ਤਕਦੀਰ ਦੇ’। ਬਾਬਾ ਨਜ਼ਮੀ ਦੀਆਂ ਸਤਰਾਂ ਭਲਾ ਕੌਣ ਭੁੱਲ ਸਕਦੈ:
‘ਬੇਹਿੰਮਤੇ ਨੇ ਜਿਹੜੇ ਬਹਿ ਕੇ
ਸ਼ਿਕਵਾ ਕਰਨ ਮੁਕੱਦਰਾਂ ਦਾ,
ਉੱਗਣ ਵਾਲੇ ਉਗ ਪੈਂਦੇ ਨੇ
ਸੀਨਾ ਪਾੜ ਕੇ ਪੱਥਰਾਂ ਦਾ’।
ਹੱਥ ਨੂੰ ਅੰਗਰੇਜ਼ੀ ਵਿਚ ‘ਹੈਂਡ’ ਕਹਿੰਦੇ ਹਨ। ਸ਼ਬਦ-ਵਿਗਿਆਨ ਅਨੁਸਾਰ ਇਹ ਸ਼ਬਦ ਮਿਡਲ\ਓਲਡ ਅੰਗਰੇਜ਼ੀ ਦੇ ‘ਹੋਂਡ’, ਹੈਂਡ, ਪਰੋਟੋ-ਜਰਮੈਨਿਕ ਦੇ ‘ਹੈਂਡੂਜ਼’, ਸੰਸਕ੍ਰਿਤ ਦੇ ‘ਹਸਤ’ ਦੇ ਮੂਲ ਤੋਂ ਆਇਆ ਹੈ। ਇਨ੍ਹਾਂ ਜੜ੍ਹਾਂ ਦਾ ਅਰਥ ਪਕੜਨਾ, ਲੈਣਾ, ਇਕੱਤਰ ਕਰਨਾ ਅਦਿ ਹਨ। ਮਹਾਨਕੋਸ਼ ਵਿਚ ਵੀ ਹੱਥ ਦਾ ਮੂਲ ਸੰਸਕ੍ਰਿਤ ਦਾ ਸ਼ਬਦ ਹਸਤ ਹੈ। ਫਾਰਸੀ ਵਿਚ ਇਸ ਨੂੰ ਦਸਤ ਕਹਿੰਦੇ ਹਨ (ਇਹ ਸ਼ਬਦ ਦਸਤਖਤ, ਦਸਤਕਾਰੀ, ਦਸਤਦਰਾਜ਼ੀ, ਦਸਤਬਸਤਾ, ਦਸਤਗੀਰੀ, ਦਸਤਬੋਜ਼ੀ ਆਦਿ ਸ਼ਬਦਾਂ ਦਾ ਮੂਲ ਹੈ)। ਕੋਸ਼ ਵਿਚ ਹੱਥ ਲਈ ਹੋਰ ਸ਼ਬਦ ਹਾਥ, ਕਰ, ਪਾਣਿ, ਦਸਤ ਕੀਤੇ ਗਏ ਹਨ। ਇਕ ਅਰਥ ਪ੍ਰਹਾਰ, ਆਘਾਤ, ਵਾਰ ਵੀ ਕੀਤਾ ਗਿਐ (ਸਿੱਧੂ ਤੇ ਇਹੀ ਅਰਥ ਢੁਕਾਇਆ ਗਿਐ ਲੱਗਦੈ)।
ਹੱਥਾਂ ਨਾਲ ਅਨੇਕਾਂ ਮੁਹਾਵਰੇ-ਅਖਾਣ ਜੁੜੇ ਹਨ, ‘ਹੱਥ ਕੰਗਣ ਨੂੰ ਆਰਸੀ ਕੀ’, ‘ਹੱਥ ਠੂਠਾ ਤੇ ਦੇਸ ਮੋਕਲਾ, ਹੱਥ ਕਾਰ ਵਲ ਦਿਲ ਯਾਰ ਵਲ, ਹੱਥ ਨਾ ਪੱਲੇ ਬਾਜ਼ਾਰ ਖੜ੍ਹੀ ਹੱਲੇ, ਹੱਥ ਨੂੰ ਹੱਥ ਪਛਾਣਦਾ ਹੈ, ਹੱਥ ਪੁਰਾਣੇ ਖੋਸੜੇ ਬਸੰਤੇ ਹੋਰੀਂ ਆਏ, ਹੱਥ ਪੈਰ ਨਰੋਏ ਤੇ ਸਭ ਸੌਦੇ ਹੋਏ, ਹੱਥੜਿਉਂ ਨਾ ਕਿਰਾਂ ਤੇ ਮੁਖੜਿਉਂ ਪਈ ਤਿੜਾਂ, ਹੱਥਾਂ ਦੀਆਂ ਦਿੱਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ ਨੇ, ਹੱਥੀਂ ਦੇਈਏ ਹੱਥੀਂ ਲਈਏ, ਹੱਥੀਂ ਬੰਨ੍ਹੀਏ ਪੱਲੇ\ਐਸਾ ਕੋਈ ਨਾ ਦੇਖਿਆਂ ਜੋ ਪਿਛਿਉਂ ਵੀ ਘੱਲੇ, ਹੱਥਾਂ ਬਾਝ ਕਰਾਰਿਆਂ ਵੈਰੀ ਮਿਤ ਨਾ ਹੋਇ, ਹੱਥ ਦੀ ਹੱਥ ਵਿਚ ਰਹਿ ਗਈ ਮੂੰਹ ਵਿਚ ਰਿਹਾ ਗ੍ਰਾਹ, ਲਖ ਲਾਹਨਤ ਉਸ ਨੂੰ ਸੁਥਰਿਆ, ਜੋ ਦਮ ਦਾ ਕਰੇ ਵਿਸਾਹ, ਹੱਥੋ ਹੱਥ ਨਬੇੜਾ ਨਾ ਝਗੜਾ ਨਾ ਝੇੜਾ, ਹੱਥੀਂ ਲਾਉਂਦਾ ਪੈਰੀਂ ਬੁਝਾਉਂਦਾ ਏ, ਹੱਥ ਅੱਡਣਾ, ਹੱਥ ਚੁੱਕਣਾ, ਹੱਥ ਦੇਣਾ, ਹੱਥ ਚੜ੍ਹਨਾ, ਹੱਥ ਫੜਨਾ, ਹੱਥ ਲਗਣਾ, ਹੱਥ ਪੈਣਾ, ਹੱਥ ਪੈਰ ਮਾਰਨੇ, ਹੱਥ ਪੀਲੇ ਕਰਨੇ, ਹੱਥਾਂ ਪੈਰਾਂ ਦੀ ਪੈ ਜਾਣੀ, ਹੱਥ ਫੇਰ ਜਾਣਾ, ਹੱਥ ਮਲਦੇ ਰਹਿ ਜਾਣਾ, ਹੱਥ ਲਗਣੇ, ਹੱਥ ਧੋ\ਝਾੜ ਕੇ ਮਗਰ\ਪਿੱਛੇ ਪੈ ਜਾਣਾ, ਹੱਥ ਸਾਫ ਕਰਨਾ, ਇਕ ਹੱਥ ਲੈਣਾ ਦੂਜੇ ਹੱਥ ਦੇਣਾ।
ਹੱਥ ਭਾਵੇਂ ਬਰਫੀ ਦੇ ਟੁਕੜੇ ਵਰਗੇ ਕਿਸੇ ਮਹਿਬੂਬਾ ਦੇ ਮਲਾਈਦਾਰ ਹੱਥਾਂ ਵਰਗੇ ਮੁਲਾਇਮ ਹੋਣ ਜਾਂ ਰਕੜ ਜ਼ਮੀਨ ਵਾਂਗ ਸਖਤ ਕਿਸੇ ਕਿਰਤੀ ਦੇ ਰਟਣਾਂ ਵਾਲੇ ਹੱਥਾਂ ਵਰਗੇ, ਜ਼ਿੰਦਗੀ ਨਾਲ ਹੱਥੋ-ਹੱਥੀਂ ਹੋਇਆਂ ਹੀ ਹੱਥਾਂ ਦੀਆਂ ਲਿਖੀਆਂ ਮਿਟਾਈਆਂ ਜਾ ਸਕਦੀਆਂ ਹਨ। ਦੋ-ਚਾਰ ਹੱਥ ਕਰ ਕੇ ਹੀ ਆਪਣੇ ਹੋਣ ਦੀ ਹੋਂਦ ਦਾ ਅਹਿਸਾਸ ਹੋ ਸਕਦੈ, ਹੋਣੀ ਹਾਣ ਦੀ ਕੀਤੀ ਜਾ ਸਕਦੀ ਹੈ।
ਗੁਰੂੁ ਗੋਬਿੰਦ ਸਿੰਘ ਜੀ ਤਾਂ ਸਾਫ ਫੁਰਮਾਉਂਦੇ ਹਨ, ‘ਚੂੰ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥ (ਜਦੋਂ ਹੋਰ ਸਾਰੇ ਹੀਲੇ ਅਸਫਲ ਹੋ ਜਾਣ ਤਾਂ ਫਿਰ ਤਲਵਾਰ ਚੁੱਕਣੀ\ਤਲਵਾਰ ਨੂੰ ਹੱਥ ਪਾਉਣਾ ਜਾਇਜ਼ ਹੈ)। ਪਰ ਇਹ ਤਲਵਾਰ ਜ਼ੁਲਮ ਅਤੇ ਜਬਰ ਵਿਰੁੱਧ ਅਤੇ ਮਜ਼ਲੂਮ ਦੀ ਰੱਖਿਆ ਲਈ ਚੁੱਕਣੀ ਜਾਇਜ਼ ਹੈ, ਕਿਸੇ ਕਮਜ਼ੋਰ, ਨਿਤਾਣੇ `ਤੇ ਤਾਂ ਹੱਥ ਵੀ ਨਹੀਂ ਚੁਕਣਾ ਚਾਹੀਦਾ ਕਿਉਂਕਿ ਹੱਥ ਵੀ ਹਥਿਆਰ ਹਨ!
ਪ੍ਰੋ. ਜਸਵੰਤ ਸਿੰਘ ਗੰਡਮ,
ਫੋਨ: 98766-55055