ਬੇਅਦਬੀ ਦਲ ਕਹਿਣਾ ਭੁੱਲ ਕੇ ‘ਬੀਬੇ’ ਕਿਵੇਂ ਬਣੇ ਜਥੇਦਾਰ?

ਤਰਲੋਚਨ ਸਿੰਘ ‘ਦੁਪਾਲ ਪੁਰ’
ਫੋਨ: 001-408-915-1268
ਬਰਗਾੜੀ ਵਾਲ਼ੀ ਬੇਅਦਬੀ ਅਤੇ ਉਸ ਤੋਂ ਬਾਅਦ ਬਹਿਬਲ ਕਲਾਂ ਤੇ ਕੋਟਕਪੂਰਾ ਵਿਖੇ ਹੋਏ ਗੋਲ਼ੀ-ਕਾਂਡਾਂ ਵਿਚ ਦੋ ਬੇਦੋਸ਼ੇ ਸਿੱਖਾਂ ਦੇ ਮਾਰੇ ਜਾਣ ਉਪਰੰਤ ਸਿੱਖ ਜਗਤ ਵਿਚ ਬਾਦਲ ਦਲ ਨੂੰ ਬੇਅਦਬੀ ਦਲ ਕਿਹਾ ਜਾਣ ਲੱਗਾ।

ਸਿਰਫ ਬਾਦਲ ਪਰਿਵਾਰ ਨਾਲ ਜੀਅ-ਹਜੂ਼ਰੀਆਂ ਵਾਂਗ ਜੁੜੇ ਸਿੱਖ ਆਗੂਆਂ ਨੂੰ ਛੱਡ ਕੇ ਸਿੱਖ ਸਿਆਸਤ ਵਿਚ ਸਰਗਰਮ ਸਾਰੇ ਹੀ ਸਿੱਖ ਆਗੂ ਸਟੇਜਾਂ ’ਤੇ ਬੋਲਣ ਵੇਲੇ ਜਾਂ ਮੀਡੀਆ ਨੂੰ ਕੋਈ ਬਿਆਨ ਦੇਣ ਵੇਲੇ ਬਾਦਲ ਦਲ ਨੂੰ ‘ਬੇਅਦਬੀ ਦਲ’ ਹੀ ਕਹਿੰਦੇ ਆ ਰਹੇ ਹਨ। ਬੀਤੇ ਦਿਨੀਂ ਬਾਦਲ ਪਰਿਵਾਰ ਦੀਆਂ ਤੈਅਸ਼ੁਦਾ ਯੋਜਨਾਵਾਂ ਤਹਿਤ ਆਪਣੇ ਬੁਰੀ ਤਰ੍ਹਾਂ ਉੱਖੜੇ ਪੈਰ ਮੁੜ ਜਮਾਉਣ ਲਈ ਬੰਦੀ ਸਿੰਘਾਂ ਦੀ ਰਿਹਾਈ ਦੇ ਬਹਾਨੇ, ਸ਼੍ਰੋਮਣੀ ਕਮੇਟੀ ਦੀ ਦੁਰਵਰਤੋਂ ਕਰਦਿਆਂ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਪੰਥਕ ਇਕੱਤਰਤਾ ਬੁਲਾਈ ਗਈ। ਉਸ ਇਕੱਠ ਵਿਚ ਜਥੇਦਾਰ ਪਰਮਜੀਤ ਸਿੰਘ ਸਰਨਾ, ਸਿਮਰਨਜੀਤ ਸਿੰਘ ਮਾਨ, ਬਾਬਾ ਦਾਦੂਵਾਲ ਅਤੇ ਬਾਦਲੀ-ਪੰਜਾਲ਼ੀ ’ਚੋਂ ਤਾਜ਼ੇ ਤਾਜ਼ੇ ਬਾਹਰ ਨਿੱਕਲ਼ੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਕਾਲਕਾ ਵਰਗੇ ਸਿੱਖ ਆਗੂਆਂ ਨੂੰ ਸ਼ਾਮਲ ਹੋਏ ਦੇਖ ਕੇ ਸਿੱਖ ਜਗਤ ਹੈਰਾਨ ਰਹਿ ਗਿਆ!
ਸ਼੍ਰੋਮਣੀ ਅਕਾਲੀ ਦਲ ਜਿਹੀ ਸ਼ਹੀਦਾਂ ਦੀ ਜਥੇਬੰਦੀ ਨੂੰ ਬਾਦਲ ਦਲ ਫਿਰ ‘ਬੇਅਦਬੀ ਦਲ’ ਬਣਾ ਦੇਣ ਦੇ ਦੋਸ਼, ਬਾਦਲ ਪਰਿਵਾਰ ਉੱਤੇ ਲਾਉਂਦੇ ਆ ਰਹੇ ਇਹ ਸਾਰੇ ਜਥੇਦਾਰ, ਉਸੇ ਸੁਖਬੀਰ ਸਿੰਘ ਬਾਦਲ ਦੇ ਗੋਡੇ ਨਾਲ਼ ਗੋਡਾ ਜੋੜ ਕੇ ਬਹਿ ਗਏ ਜਿਸ ਨੇ ਉਪ ਮੁੱਖ ਮੰਤਰੀ ਹੁੰਦਿਆਂ ਦੋ ਸਿੱਖ ਗੱਭਰੂਆਂ ਨੂੰ ਗੋਲ਼ੀਆਂ ਚਲਾ ਕੇ ਮਾਰਨ ਵਾਲ਼ੇ ਪੁਲ਼ਸੀਆਂ ਨੂੰ ‘ਅਣਪਛਾਤੇ’ ਲਿਖਵਾਇਆ ਸੀ। ਬੇਅਦਬੀ ਕਾਂਡ ਯਾਦ ਕਰ ਕੇ ਬਾਦਲ ਪਿਉ-ਪੁੱਤ ਜਾਂ ਉਨ੍ਹਾਂ ਦੇ ਦਲ ਨੂੰ ਚਿਮਟੇ ਨਾਲ਼ ਵੀ ਛੂਹਣਾ ਮਹਾਂ ਪਾਪ ਸਮਝਣ ਵਾਲ਼ੇ ਉਪਰੋਕਤ ਪੰਥਕ ਆਗੂਆਂ ਨੂੰ ਬਾਦਲਾਂ ਦੇ ਸਾਰੇ ਕਾਰੇ ਇਕਦਮ ਕਿਵੇਂ ਭੁੱਲ ਗਏ ? ਸਮੁੰਦਰੀ ਹਾਲ ਦੇ ਉਕਤ ਇਕੱਠ ਵਿਚ ਭਾਵੇਂ ਬਾਬੇ ਦਾਦੂਵਾਲ ਨੇ ਕੁੱਝ ਕੁ ਸੈਨਤਾਂ ਕੀਤੀਆਂ ਪਰ ਕੁੱਲ ਮਿਲ਼ਾ ਕੇ ਉਹ ਸਾਰੇ ਆਗੂ ਹੀ ‘ਬੀਬੇ ਰਾਣੇ’ ਬਣੇ ਵੇਖੇ ਗਏ। ਲੰਘੀਆਂ ਵਿਧਾਨ ਸਭਾਈ ਚੋਣਾਂ ਮੌਕੇ ਬਾਦਲ ਦਲ ਨੂੰ ਪੂਰੀ ਤਰ੍ਹਾਂ ਨਕਾਰਨ ਤੇ ਦੁਰਕਾਰਨ ਵਾਲ਼ੇ ਸਿੱਖਾਂ ਸਮੇਤ ਪ੍ਰਵਾਸੀ ਸਿੱਖ ਤਾਂ ਇਸ ਸ਼ਿਅਰ ਵਾਂਗ ਤਵੱਕੋ ਕਰ ਰਹੇ ਸਨ:
‘ਸੁਨਾ ਥਾ ਕਿ ਗਾਲਿਬ ਕੇ ਉਡੇਂਗੇ ਪਰਖਚੇ
ਦੇਖਨੇ ਹਮ ਭੀ ਗਏ ਲੇਕਿਨ ਤਮਾਸ਼ਾ ਨਾ ਹੂਆ।’
ਸ਼੍ਰੋਮਣੀ ਕਮੇਟੀ ਦਾ ਸਾਬਕਾ ਮੈਂਬਰ ਹੋਣ ਨਾਤੇ ਇਨ੍ਹਾਂ ਸਤਰਾਂ ਦੇ ਲੇਖਕ ਨੂੰ ਇਸ ਮੌਕੇ ਦੀ ਇਕ ਬੜੀ ਦਿਲਚਸਪ ‘ਸੂਹ’ ਮਿਲ਼ੀ ਹੈ। ਕਹਿੰਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਜਥੇਦਾਰ ਸਿਮਰਨਜੀਤ ਸਿੰਘ ਮਾਨ ਅਤੇ ਜਥੇਦਾਰ ਸਰਨਾ ਸਾਹਬ ਵਰਗੇ ਆਗੂਆਂ ਨੂੰ ਬੈਠੇ ਦੇਖ ਕੇ ਹੇਠਾਂ ਇਕ ਬੰਦ ਕਮਰੇ ਵਿਚ ਬੈਠੇ ਸ੍ਰੀ ਭੂੰਦੜ, ਸ੍ਰੀ ਚੰਦੂਮਾਜਰਾ ਤੇ ਭਾਈ ਵਲਟੋਹਾ ਵਰਗੇ ਸੀਨੀਅਰ ਬਾਦਲ ਦਲੀਏ ‘ਭਰਦਾਨ’ ਸੁਖਬੀਰ ਸਿੰਘ ਬਾਦਲ ਨੂੰ ‘ਤਿਆਰ ਕਰਦਿਆਂ’ ਨਸੀਹਤਾਂ ਦੇ ਰਹੇ ਸਨ ਕਿ ਸਮੁੰਦਰੀ ਹਾਲ ਵਿਚ ਸ਼ਾਂਤੀ ਨਾਲ਼ ਸੁਣੀ ਜਾਈਂ, ਬੁਲਾਰਿਆਂ ਨੇ ਬਹੁਤ ਕੁੱਝ ਤੇਰੇ ਖਿ਼ਲਾਫ ਬੋਲਣਾ ਐਂ…ਬੇਅਦਬੀ ਕਾਂਡ ਅਤੇ ਗੋਲ਼ੀ ਕਾਂਡ ਦੀਆਂ ਲਾਹਣਤਾਂ ਪਾਉਣੀਆਂ ਨੇ… ਉਹ ਸਾਰਾ ਕੁੱਝ ਤੈਨੂੰ ਸੁਣਨਾ ਪੈਣਾ ਹੈ… ਸੁਣ ਕੇ ਮੱਥੇ ’ਤੇ ਤਿਊੜੀਆਂ ਨਾ ਪਾਈਂ…ਖਾਮੋਸ਼ ਹੋ ਕੇ ਸ੍ਰੋਤਾ ਬਣਿਆ ਰਹੀਂ! ਕਹਿੰਦੇ ਸਹੁਰੇ ਤੁਰਨ ਲੱਗੀ ਕੁੜੀ ਨੂੰ ਮਾਈਆਂ ਵਲੋਂ ਸਿੱਖ-ਮੱਤ ਦੇਣ ਵਾਂਗ ਭਾਈ ਭੂੰਦੜ ਹੁਣੀ ਸੁਖਬੀਰ ਸਿੰਘ ਬਾਦਲ ਨੂੰ ਸਮੁੰਦਰੀ ਹਾਲ ਵਿਚ ਲੈ ਕੇ ਗਏ ਪਰ ਉਨ੍ਹਾਂ ਸਾਰਿਆਂ ਦੀ ਆਸ ਦੇ ਉਲਟ ਸਟੇਜਾਂ ’ਤੇ ਗੱਜਣ ਵਾਲ਼ੇ ‘ਬੀਬੇ ਰਾਣੇ’ ਹੀ ਬਣੇ ਰਹੇ…! (ਭੂੰਦੜ ਤੇ ਚੰਦੂਮਾਜਰੇ ਹੁਣੀ ਮਗਰੋਂ ਹੱਸੇ ਬਹੁਤ ਹੋਣਗੇ!)
ਇਹ ਬਿਰਤਾਂਤ ਦੇਖ ਕੇ ਮੈਨੂੰ ਮੁਗਲ ਕਾਲ ਦਾ ਇੱਕ ਇਤਹਾਸਕ ਵਾਕਿਆ ਯਾਦ ਆ ਗਿਆ,
ਕਹਿੰਦੇ ਜਦ ਦਿੱਲੀ ਦੇ ਤਖਤ ’ਤੇ ਬੈਠੇ ਤੈਮੂਰ ਲੰਗ ਨੂੰ ਗੁਲਾਮ ਕਾਦਰ ਰੁਹੇਲਾ (1758-1789) ਨੇ ਹਰਾ ਕੇ ਖੁਦ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ ਤਾਂ ਜੇਤੂ ਰੁਹੇਲਾ, ਤੈਮੂਰ ਲੰਗ ਦੇ ਹਰਮ (ਜਨਾਨਖਾਨੇ) ਵਿਚ ਜਾ ਵੜਿਆ। ਉਸ ਨੇ ਸ਼ਾਹਜ਼ਾਦੀਆਂ ਨੂੰ ਨਿਰਵਸਤਰ ਹੋ ਕੇ ਆਪਣੇ ਸਾਹਮਣੇ ਨੱਚਣ ਦਾ ਹੁਕਮ ਦਿੱਤਾ। ਇਸ ਮੌਕੇ ਉਸ ਨੇ ਤੈਮੂਰ ਦੇ ਪਰਿਵਾਰ ਨੂੰ ਪਰਖਣਾ ਚਾਹਿਆ। ਕਹਿੰਦੇ ਰੁਹੇਲੇ ਨੇ ਕੋਲ਼ ਰੱਖ ਲਈਆਂ ਸ਼ਰਾਬ ਦੀਆਂ ਬੋਤਲਾਂ ਤੇ ਨੇੜੇ ਪਏ ਮੇਜ ਉੱਤੇ ਆਪਣੀ ਖੰਜਰ ਰੱਖ ਦਿੱਤੀ। ਆਪ ਉਹ ਉਣੀਂਦਾ ਜਿਹਾ ਹੋਣ ਦੇ ‘ਨਾਟਕ’ ਵਜੋਂ ਥੋੜ੍ਹੀਆਂ ਥੋੜ੍ਹੀਆਂ ਅੱਖਾਂ ਮੀਚਣ ਲੱਗ ਪਿਆ। ਓਧਰ ਜਦ ਤੈਮੂਰ ਘਰਾਣੇ ਦੀਆਂ ਬੀਬੀਆਂ ਲੱਗੀਆਂ ਆਪਣੇ ਕੱਪੜੇ ਉਤਾਰਨ ਤਾਂ ਰੁਹੇਲਾ ਕਾਦਰ ਛਾਲ਼ ਮਾਰ ਕੇ ਉੱਠਿਆ ਤੇ ਉਨ੍ਹਾਂ ਨੂੰ ਕਰੜਾਈ ਨਾਲ ਵਸਤਰ ਨਾ ਉਤਾਰਨ ਲਈ ਕਹਿ ਕੇ ਬੋਲਿਆ ਕਿ ਬੱਸ ਰਹਿਣ ਦਿਉ ! ਮੈਂ ਦੇਖਣਾ ਹੀ ਸੀ ਕਿ ਤੈਮੂਰ ਦੇ ਖਾਨਦਾਨ ’ਚ ਅਣਖ ਹੋਵੇਗੀ ਕਿ ਨਹੀਂ ? ਜੇ ਅਣਖ ਹੁੰਦੀ ਤਾਂ ਤੁਹਾਡੇ ’ਚੋਂ ਕੋਈ ਮੇਜ ਤੋਂ ਖੰਜਰ ਚੁੱਕ ਕੇ ਮੇਰੇ ’ਤੇ ਹਮਲਾਵਰ ਹੋ ਜਾਂਦੀ। ਇਸ ਵਾਕਿਆ ਨੂੰ ਡਾਕਟਰ ਮੁਹੰਮਦ ਇਕਬਾਲ ਨੇ ਵੀ ਆਪਣੀ ਸ਼ਾਇਰੀ ਵਿਚ ਬਿਆਨਿਆ ਹੈ:-
‘ਮੇਰਾ ਮਕਸਦ ਥਾ ਇਸ ਸੇ ਕਿ
ਕੋਈ ਤੈਮੂਰ ਕੀ ਬੇਟੀ
ਮੁਝੇ ਮਾਰ ਡਾਲੇ
ਮੇਰੇ ਹੀ ਖੰਜਰ ਸੇ
ਮਗਰ ਯਿਹ ਰਾਜ਼ ਖੁੱਲ੍ਹ ਗਯਾ
ਸਾਰੇ ਜ਼ਮਾਨੇਂ ਮੇਂ
ਕਿ ਗ਼ੈਰਤ ਨਾਮ ਹੈ ਜਿਸਕਾ
ਗਈ ਤੈਮੂਰ ਕੇ ਘਰ ਸੇ।’
ਚਲੋ, ‘ਦੇਰ ਆਇ ਦਰੁਸਤ ਆਇ’ ਵਾਂਗ ਹੁਣ ਭਾਈ ਦਾਦੂਵਾਲ ਅਤੇ ਕਈ ਹੋਰ ਸਿੰਘ ਅਤੇ ਜਥੇਬੰਦੀਆਂ ਵੀ ਇਹ ਮੰਗ ਕਰਨ ਲੱਗੀਆਂ ਹਨ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਮਗਰਮੱਛ ਦੇ ਹੰਝੂ ਕੇਰਦੇ ਸੁਖਬੀਰ ਬਾਦਲ ਨੂੰ ਕਮੇਟੀ ’ਚੋਂ ਬਾਹਰ ਕੱਢੋ। ਵਰ੍ਹਿਆਂ ਤੋਂ ਜੇਲ੍ਹਾਂ ਵਿਚ ਸੜਦੇ ਬੰਦੀ ਸਿੰਘਾਂ ਪ੍ਰਤੀ ਸੁਖਬੀਰ ਬਾਦਲ ਦੇ ‘ਯੋਗਦਾਨ’ ਬਾਰੇ ਸੋਚਦਿਆਂ ਇਹ ਸ਼ਿਅਰ ਜ਼ਿਹਨ ਵਿਚ ਆਉਂਦਾ ਹੈ:
‘ਹਮੀਂ ਕੋ ਕਤਲ ਕਰਕੇ
ਫਿਰ ਹਮੀਂ ਸੇ ਪੂਛਤੇ ਹੈਂ ਵੋਹ
ਸ਼ਹੀਦੇ-ਨਾਜ਼ ਬਤਾ
ਮੇਰੀ ਤਲਵਾਰ ਕੈਸੀ ਹੈ ।’