ਭਦੌੜ ਦਾ ਇਤਿਹਾਸ: ਰਾਮ ਸਰੂਪ ਰਿਖੀ

ਪ੍ਰਿੰ. ਸਰਵਣ ਸਿੰਘ
ਰਾਮ ਸਰੂਪ ਰਿਖੀ ਗਹਿਰ ਗੰਭੀਰ ਲੇਖਕ ਹੈ। ਵੇਦਾਂ-ਪੁਰਾਣਾਂ ਦਾ ਗਿਆਤਾ। ਦੇਵਿੰਦਰ ਸਤਿਆਰਥੀ ਦਾ ਗਰਾਂਈਂ। ਉਸ ਨੇ ਇਕੋ ਸਮੇਂ ਆਪਣੀ ਤਰ੍ਹਾਂ ਦੇ ਤਿੰਨ ਇਸ਼ਕ ਨਿਭਾਏ ਪਰ ਕੋਈ ਡੌਂਡੀ ਨਹੀਂ ਪਿੱਟੀ। ਸਾਲਾਂਬੱਧੀ ਇਸ਼ਕ ਨਿਭਾਈ ਗਿਆ।

ਉਸ ਨੇ ਗੁਆਂਢੀ ਪਿੰਡ ਸ਼ਹਿਣੇ ਦੇ ਜੰਮਪਲ ਬਲਵੰਤ ਗਾਰਗੀ ਵਾਂਗ ਆਪਣੇ ਇਸ਼ਕਾਂ ਦੇ ਸੋਹਲੇ ਨਹੀਂ ਗਾਏ, ਅਖੇ ਜਦੋਂ ਮੈਂ ਜੀਨੀ ਨੂੰ ਸਿਆਟਲ ਵਿਚ ਮਿਲਿਆ, ਉਸ ਵੇਲੇ ਮੇਰੇ ਤਿੰਨ ਇਸ਼ਕ ਚੱਲ ਰਹੇ ਸਨ। ਤਿੰਨੇ ਕੁੜੀਆਂ ਪਿਆਰ ਵਿਚ ਡੁੱਬੀਆਂ ਹੋਈਆਂ। ਤਿੰਨੇ ਪਿਆਰ ਵਿਚ ਵਫ਼ਾਦਾਰ, ਤਿੰਨੇ ਵੇਗ-ਮੱਤੀਆਂ ਤੇ ਤਿੰਨੇ ਕੌਲ ਕਰਾਰ ਦੀਆਂ ਪੂਰੀਆਂ। ਮੈਂ ਪ੍ਰੇਸ਼ਾਨ ਸਾਂ ਕਿ ਕਿਸ ਨਾਲ ਵਿਆਹ ਕਰਾਂ, ਕਿਸ ਨੂੰ ਲਾਰਾ ਲਾਵਾਂ ਤੇ ਕਿਸ ਨੂੰ ਧੋਖਾ ਦੇਵਾਂ? ਅਖ਼ੀਰ 50 ਸਾਲਾਂ ਦੇ ਗਾਰਗੀ ਨੇ 28 ਸਾਲਾਂ ਦੀ ਜੀਨੀ ਨਾਲ ਵਿਆਹ ਕਰਵਾ ਲਿਆ। ਕੌਲਾਂ ਦੀ ਪੱਕੀ 19 ਸਾਲਾਂ ਦੀ ਮਾਰਸ਼ਾ ਵਿਚਾਰੀ ਝੁਰਦੀ ਰਹਿ ਗਈ। ਪਰ ਪੰਡਤ ਰਿਖੀ, ਬਾਣੀਏ ਗਾਰਗੀ ਵਰਗਾ ਆਸ਼ਕ ਨਹੀਂ ਸੀ। ਉਹਦੇ ਇਸ਼ਕ ਵੀ ਗਾਰਗੀ ਵਰਗੇ ਚਾਲੂ ਨਹੀਂ ਸਨ। ਰਿਖੀ ਦੇ ਤਿੰਨੇ ਇਸ਼ਕ ਗਹਿਰ ਗੰਭੀਰ ਸਨ ਜੋ ਆਪਸ ਵਿਚ ਨਹੀਂ ਭਿੜੇ ਸਗੋਂ ਇਕ ਦੂਜੇ ਦੇ ਸਹਿਯੋਗੀ ਬਣੇ ਰਹੇ। ਸਿਰਸੇ ਦੇ ਲੇਖਕ ਸਵਰਨ ਸਿੰਘ ਵਿਰਕ ਨੇ ਲਿਖਿਆ ਹੈ: ਰਾਮ ਸਰੂਪ ਰਿਖੀ ਨੇ ਅਧਿਆਪਨ, ਸਾਹਿਤ ਸਿਰਜਨ ਅਤੇ ਮੁਲਾਜ਼ਮ ਮੋਰਚੇ ਨਾਲ ਇਕੋ ਸਮੇਂ ਤਿੰਨ-ਤਿੰਨ ਇਸ਼ਕ ਨਿਭਾਏ ਹਨ ਕਿਉਂਕਿ ਇਹ ਤਿੰਨੇ ਕਾਰਜ ਇਕ ਦੂਜੇ ਲਈ ਅੜਿੱਕਾ ਨਹੀਂ ਸਗੋਂ ਸਹਾਇਕ ਸਿੱਧ ਹੁੰਦੇ ਹਨ। ਇਸੇ ਕਰਕੇ ਉਸ ਦੀ ਲਿਖਤ ਵਿਚ ਜੋ ਪੁਖ਼ਤਗੀ ਆਈ ਹੈ, ਉਸੇ ਕਾਰਨ, ਉਹ ਪੰਜਾਬੀ ਦਾ ਸਮਰੱਥ ਨਾਵਲਕਾਰ ਹੈ।
ਰਿਖੀ ਦਾ ਜਨਮ ਭਦੌੜ ਵਿਚ ਸ੍ਰੀ ਚਾਨਣ ਰਾਮ ਤੇ ਸ਼੍ਰੀਮਤੀ ਰਾਜਾ ਦੇਵੀ ਦੇ ਘਰ 29 ਮਾਰਚ, 1944 ਨੂੰ ਹੋਇਆ। ਰਾਮ ਸਰੂਪ ਰਿਖੀ ਐਮਏ ਬੀਐੱਡ ਹੈ, ਜੋ 18 ਅਕਤੂਬਰ, 1963 ਤੋਂ 29 ਮਾਰਚ, 2002 ਤਕ ਅਧਿਆਪਕ ਰਿਹਾ। ਸਾਹਿਤ ਪੜ੍ਹਨਾ ਤੇ ਲਿਖਣਾ ਉਸ ਦਾ ਸ਼ੌਕ ਵੀ ਰਿਹਾ ਤੇ ਕਿੱਤਾ ਵੀ। ਮੁਲਾਜ਼ਮ ਸੰਘਰਸ਼ ਉਹਦਾ ਮਿਸ਼ਨ ਰਿਹਾ। ਉਸ ਦੇ ਚਾਰ ਨਾਵਲ ਛਪੇ ਹਨ, ਕਿਲੇ਼ ਵਿਚ ਉਸਰਦੀ ਕੋਠੀ, ਦੀਵਾ ਬੁੱਝਿਆ ਨਹੀਂ, ਮੈਂ ਸਿ਼ਖੰਡੀ ਨਹੀਂ ਤੇ ਮੈਂ ਪ੍ਰਚੰਡ ਭਿਵਾਨੀ। ਉਸ ਦਾ ਇਕ ਨਾਵਲ ਕੁਰੂਕੁਸ਼ੇਤਰ ਯੂਨੀਵਰਸਿਟੀ ਦੇ ਐਮਏ ਪੰਜਾਬੀ ਪਾਠਕ੍ਰਮ ਦਾ ਭਾਗ ਰਿਹਾ ਤੇ ਦੋ ਨਾਵਲਾਂ ਨੂੰ ਹਰਿਆਣਾ ਸਾਹਿਤ ਅਕਾਦਮੀ ਦੇ ਐਵਾਰਡ ਮਿਲੇ। ਨਾਵਲ ‘ਮੈਂ ਸਿ਼ਖੰਡੀ ਨਹੀਂ’ ਦੇ ਅੰਗਰੇਜ਼ੀ ਤੇ ਹਿੰਦੀ ਵਿਚ ਵੀ ਅਨੁਵਾਦ ਛਪੇ ਹਨ। ਉਸ ਨੂੰ ਲਿਖਾਰੀ ਸਭਾ ਰਾਮਪੁਰ ਨੇ ਸਮਰੱਥ ਗਲਪਕਾਰ, ਸੁਚੇਤ ਇਤਿਹਾਸਕਾਰ, ਪ੍ਰਬੁੱਧ ਚਿੰਤਕ, ਜ਼ਹੀਨ ਸਿੱਖਿਆ ਮਾਹਿਰ, ਦਰਵੇਸ਼ ਅਧਿਆਪਕ, ਸੰਜੀਦਾ ਸ਼ਬਦ ਸਾਦਕ ਤੇ ਸੂਰਤ ਸੀਰਤ ਦਾ ਖ਼ੂਬਸੂਰਤ ਮੁਜੱਸਮਾ ਲਿਖਦਿਆਂ ਵਿਸ਼ੇਸ਼ ਮਾਨ ਪੱਤਰ ਨਾਲ ਸਨਮਾਨਿਆ ਹੈ।
2021 ਵਿਚ ਛਪੀ ਉਹਦੀ ਇਤਿਹਾਸਕ ਪੁਸਤਕ ਦਾ ਨਾਂ ਹੈ: ‘ਰਾਜਾਸ਼ਾਹੀ-ਲੋਕਸ਼ਾਹੀ ਭਦੌੜ ਦਾ ਇਤਿਹਾਸ’। ਰਿਖੀ ਨੇ ਇਹ ਪੁਸਤਕ ਆਪਣੀ ਮਾਤ ਭੂਮੀ ਦੇ ਕਣ-ਕਣ ਨੂੰ ਸਮਰਪਣ ਕੀਤੀ ਹੈ। ਇਹਦਾ ਤਤਕਰਾ ਹੈ, ਪੁਰਾਤਨ ਮਾਲਵਾ, ਭਦੌੜ ਦਾ ਮੁੱਢ, ਰਾਜਾਸ਼ਾਹੀ, ਫੂਲ ਵੰਸ਼, ਭਦੌੜ ਦੀ ਸਾਹਿਤਕ ਲਹਿਰ, ਲੋਕਾਸ਼ਾਹੀ ਦੀ ਲਹਿਰ, ਲਹਿਰਾਂ ਦਾ ਪ੍ਰਭਾਵ, ਮੁਜਾਰਾ ਲਹਿਰ, ਭਦੌੜੀਏ ਨਾਮਧਾਰੀ ਰਾਗੀ, ਭਦੌੜ ਦੇ ਸੰਗੀਤ ਸਭਾਲਕ, ਭਦੌੜੀਏ ਸ਼ਹੀਦ, ਜੰਡ ਦਾ ਰੁਦਨ, ਭਦੌੜ ਦਾ ਵਿਸਾਖੀ ਮੇਲਾ, ਤਿੱਥ ਤਿਉਹਾਰ, ਦੇਵਿੰਦਰ ਸਤਿਆਰਥੀ, ਸਾਹਿਤ ਸਭਾ ਭਦੌੜ, ਲੋਕ ਸੰਗੀਤ ਮੰਡਲੀ ਭਦੌੜ, ਨੌਜਵਾਨ ਭਾਰਤ ਸਭਾ, ਭਦੌੜ ਦੀ ਨਕਸਲਬਾੜੀ ਲਹਿਰ, ਤਰਕਸ਼ੀਲ ਸੁਸਾਇਟੀ ਭਦੌੜ, ਆਧੁਨਿਕ ਭਦੌੜ, ਵਿੱਦਿਆ ਮਹਿਲ ਦੇ ਉਸਰਈਏ, ਮੈਂ ਵੱਡਾ ਸਕੂਲ ਬੋਲਦਾਂ ਅਤੇ ਵੰਸ਼ਾਵਲੀ ਆਦਿ। ਇਹਦੇ ਵਿਚ ਭਦੌੜ ਦੀਆਂ ਪ੍ਰਾਚੀਨ ਤੇ ਨਵੀਨ ਖੇਡਾਂ ਬਾਰੇ 13 ਪੰਨਿਆਂ ਦਾ ਲੇਖ ਵੀ ਹੈ, ਜਿਸ ਨਾਲ ਉਹ ਪੰਜਾਬੀ ਖੇਡ ਲੇਖਕਾਂ ਵਿਚ ਵੀ ਆ ਰਲਿਆ ਹੈ। ਉਸ ਨੇ ਭਦੌੜ ਦੇ ਸਾਲਾਨਾ ਟੂਰਨਾਮੈਂਟ ਕਰਾਉਣ ਵਿਚ ਜਿ਼ਕਰਯੋਗ ਯੋਗਦਾਨ ਪਾਇਆ ਹੈ।
ਇਸ ਪੁਸਤਕ ਦੇ ‘ਮਾਂ ਭੂਮੀ ਦਾ ਰਿਣ’ ਸਿਰਲੇਖ ਅਧੀਨ ਰਿਖੀ ਨੇ ਲਿਖਿਆ ਹੈ: ਇੱਥੇ ਦੋ ਤਰ੍ਹਾਂ ਦੇ ਲੋਕ ਹੀ ਵਸਦੇ ਸਨ। ਕਦੇ ਭਦੌੜ ਵਿਚ ਰਾਜਾਸ਼ਾਹੀ ਅਤੇ ਲੋਕਸ਼ਾਹੀ। ਅੱਜ ਭਦੌੜ ਵਿਚ ਈਲੀਟ, ਸਰਮਾਏਦਾਰ, ਸਾਧਾਰਨ ਅਤੇ ਹਾਸ਼ੀਆਗਤ ਚਾਰ ਤਰ੍ਹਾਂ ਦੇ ਲੋਕ ਵਸ ਰਹੇ ਹਨ…। ਮੰਡੀ, ਮੁਕਾਬਲਾ, ਮੁਨਾਫ਼ਾ, ਕਾਰਪੋਰੇਟ ਜਗਤ ਦੇ ਤਿੰਨ ਮੰਮੇ ਹਨ। ਪਰ ਇਨ੍ਹਾਂ ਸਾਰਿਆਂ `ਚੋਂ ਅਸਲ ‘ਮੰਮਾ’ ਮਾਨਵਤਾ ਗਾਇਬ ਹੈ। ਮਨਫੀ ਕਰ ਦਿੱਤਾ ਗਿਆ ਹੈ। ਮਾਨਵਤਾ ਮੁਖੀ ਮੁਕਾਬਲੇ ਅਸਲ ਲੋਕਤੰਤਰ ਵੱਲ ਲਿਜਾਂਦੇ ਹਨ ਕਿਉਂਕਿ ਇਹ ਮਾਨਵੀ ਕਦਰਾਂ-ਕੀਮਤਾਂ ਪੈਦਾ ਕਰਦੇ ਹਨ ਜੋ ਜੀਵਨ ਨੂੰ ਸੁਹਜਮਈ ਬਣਾਉਂਦੇ ਹਨ।
ਜੀਵਨ ਦਾ ਰਹੱਸ ਰੁਮਾਂਸਵਾਦ ਜਾਂ ਭੋਗਵਾਦ ਰਾਹੀਂ ਨਹੀਂ ਜਾਣਿਆ ਜਾ ਸਕਦਾ। ਇਹ ਤਾਂ ਸੰਘਰਸ਼ ਦੇ ਲਫੇੜਿਆਂ ਰਾਹੀਂ ਹੀ ਜਾਣਿਆ ਜਾ ਸਕਦਾ ਹੈ। ਅਸਲ ਗੱਲ ਅਨੁਭਵ ਦੀ ਹੈ। ਮੈਂ ਇਸ ਪੁਸਤਕ ਵਿਚ ਆਪਣੀ ਜਨਮ ਭੂਮੀ ਤੋਂ ਪ੍ਰਾਪਤ ਕੀਤੇ ਅਨੁਭਵ ਵਿਅਕਤ ਕਰਨ ਦਾ ਯਤਨ ਕੀਤਾ ਹੈ। ਮੈਂ ਆਪਣੀ ਜਨਮ ਭੂਮੀ ਅੱਗੇ ਸੀਸ ਨਿਵਾਉਂਦਾ ਹਾਂ। ਇਹਦੇ ਰਾਜਾਸ਼ਾਹੀ ਦੇ ਜੋਧਿਆਂ, ਸੂਰਿਆਂ ਅਤੇ ਲੋਕਸ਼ਾਹੀ ਦੇ ਜੁਝਾਰੂਆਂ ਨੂੰ ਆਪਣੀ ਸਾਰੀ ਮੁਹੱਬਤ, ਪਿਆਰ, ਸਤਿਕਾਰ ਅਰਪਣ ਕਰਦਾ ਹਾਂ। ਮੇਰੇ ਪਿੰਡ ਦੀਏ ਮਿੱਟੀਏ! ਮੈਨੂੰ ਮੁਆਫ਼ ਕਰੀਂ! ਜੇ ਮੈਂ ਕੋਈ ਗ਼ਲਤੀ ਜਾਂ ਕੁੁਤਾਹੀ ਜਾਣ ਬੁੱਝ ਕੇ ਕੀਤੀ ਹੋਵੇ ਜਿਸ ਨਾਲ ਕਿਸੇ ਦਾ ਦਿਲ ਦੁਖਿਆ ਹੋਵੇ। ਮੇਰੇ ਨਗਰ ਦੇ ਜ਼ਹੀਨ ਮਾਨਵਤਾ ਭਰੇ ਲੋਕੋ! ਯਾਦ ਰੱਖੋ, ਇਤਿਹਾਸ ਸਿਰਜਣ ਵਾਲੇ ਭਦੌੜ ਦੇ ਸਪੂਤ ਹਨ। ਉਨ੍ਹਾਂ ਨੂੰ ਜਾਤਾਂ-ਗੋਤਾਂ ਵਿਚ ਨਾ ਵੰਡਿਓ!
ਰਿਖੀ ਹੁਣ ਲੁਧਿਆਣੇ ਦੀ ਚੰਡੀਗੜ੍ਹ ਰੋਡ `ਤੇ ਬਣੀ ਨਿਊ ਫਰੈਂਡਜ਼ ਕਲੋਨੀ ਵਿਚ ਰਹਿੰਦਾ ਹੈ। ਉਹਦੇ ਨੇੜੇ ਰਹਿੰਦਾ ਤੇਲੂ ਰਾਮ ਕੁਹਾੜਾ ਭਦੌੜ ਦੀ ਪੁਸਤਕ ਬਾਰੇ ਲਿਖਦਾ ਹੈ ਕਿ ਪਿੰਡ ਭਦੌੜ ਜਿ਼ਲ੍ਹਾ ਬਰਨਾਲਾ ਮੇਰੇ ਪਿੰਡ ਕੁਹਾੜਾ ਜਿ਼ਲ੍ਹਾ ਲੁਧਿਆਣਾ ਤੋਂ ਲਗਭਗ ਅੱਸੀ-ਪਚਾਸੀ ਕਿਲੋਮੀਟਰ ਹੈ। ਪਰ ਇਕ ਪਿੰਡ ਭਦੌੜ ਅਜਿਹਾ ਹੈ ਜੋ ਮੇਰੇ ਪਿੰਡ ਤੋਂ ਕੇਵਲ ਤਿੰਨ ਕੁ ਕਿਲੋਮੀਟਰ ਦੀ ਦੂਰੀ `ਤੇ ਫਰੈਂਡਜ਼ ਕਲੋਨੀ ਰਾਮਗੜ੍ਹ ਦੇ ਮਕਾਨ ਨੰ. 91 ਵਿਚ ਵਸਿਆ ਹੋਇਆ ਹੈ…। ਭਦੌੜ ਪਿੰਡ ਦਾ ਨਾਉਂ ਸੁਣ ਕੇ ਉਸ ਨੂੰ ਅਣਗੌਲਿਆ ਜਿਹਾ ਕਰ ਦੇਈਦਾ ਸੀ ਪਰ ਭਦੌੜ ਪਿੰਡ ਦੀ ਅਹਿਮੀਅਤ ਦਾ ਪਤਾ ਰਾਮ ਸਰੂਪ ਰਿਖੀ ਦੀ ਪੁਸਤਕ ਪੜ੍ਹ ਕੇ ਲੱਗਿਆ ਕਿ ਇਸ ਦੇ ਇਤਿਹਾਸ ਦੀਆਂ ਜੜ੍ਹਾਂ ਪਤਾਲ ਤੱਕ ਹਨ ਅਤੇ ਇਸ ਦੀਆਂ ਟੀਸੀਆਂ ਅਸਮਾਨ ਨੂੰ ਛੋਂਦੀਆਂ ਹਨ।
ਭਦੌੜ ਦਾ ਸਮੁੱਚਾ ਇਤਿਹਾਸ ਪੜ੍ਹ ਕੇ ਪਤਾ ਲੱਗਦਾ ਹੈ ਕਿ ਇਹ ਪਿੰਡ ਅਗਾਂਹਵਧੂ ਲਹਿਰਾਂ ਨੂੰ ਜਨਮ ਦੇਣ ਵਾਲਾ ਜਾਂ ਫਿਰ ਚੱਲ ਰਹੀਆਂ ਲਹਿਰਾਂ ਨੂੰ ਹਲੂਣਾ ਦੇਣ ਵਾਲਾ ਪਿੰਡ ਹੈ। ਚਾਹੇ ਮੁਜਾਰਾ ਲਹਿਰ ਹੋਵੇ, ਚਾਹੇ ਨਕਸਲਬਾੜੀ ਹੋਵੇ, ਤਰਕਸ਼ੀਲ ਲਹਿਰ ਹੋਵੇ ਜਾਂ ਫਿਰ ਨੌਜੁਆਨ ਸਭਾ ਦੀ ਲਹਿਰ ਹੋਵੇ, ਭਦੌੜ ਦੇ ਬਹੁਤੇ ਵਾਸੀ ਉਨ੍ਹਾਂ ਦੀ ਸਫਲਤਾ ਲਈ ਛਾਤੀ ਤਾਣ ਕੇ ਖੜ੍ਹੇ ਹਨ। ਭਾਵੇਂ ਛਾਤੀਆਂ `ਤੇ ਸਾਹਵੀਂਆਂ ਗੋਲੀਆਂ ਵੀ ਕਿਉਂ ਨਾ ਖਾਣੀਆਂ ਪਈਆਂ ਹੋਣ। ਇਨ੍ਹਾਂ ਲਹਿਰਾਂ ਵਿਚ ਬਾਬਾ ਅਰਜਨ ਸਿੰਘ, ਮੇਘ ਰਾਜ ਮਿੱਤਰ, ਰਾਜਿੰਦਰ ਭਦੌੜ, ਮਾਸਟਰ ਰਾਮ ਕੁਮਾਰ, ਭੀਸ਼ਮ ਪ੍ਰਤਿੱਗਿਆ…ਕੀਹਦਾ ਕੀਹਦਾ ਨਾਂ ਲਈਏ। ਦੇਵਿੰਦਰ ਸਤਿਆਰਥੀ ਦਾ ਜਿ਼ਕਰ ਕਰਦਿਆਂ ਲੇਖਕ ਨੇ ਉਸ ਨੂੰ ਸਾਹਿਤਕ ਅਤੇ ਸਭਿਆਚਾਰਕ ਫਕੀਰ ਦਾ ਰੁਤਬਾ ਦਿੱਤਾ ਹੈ। ਉਸ ਵੱਲੋਂ ਲਿਖੀਆਂ ਵਡਮੁੱਲੀਆਂ ਪੁਸਤਕਾਂ ਦਾ ਜਿ਼ਕਰ ਕਰਦਿਆਂ ਲੇਖਕ ਨੇ ਸਤਿਆਰਥੀ ਵੱਲੋਂ ਲਿਖੀਆਂ ਕਵਿਤਾਵਾਂ ਨੂੰ ਵੀ ਆਪਣੀ ਪੁਸਤਕ ਵਿਚ ਸੰਭਾਲਿਆ ਹੈ। ਕੁਹਾੜਾ ਇਸ ਪੁਸਤਕ ਨੂੰ ਰਸੂਲ ਹਮਜ਼ਾਤੋਵ ਦੀ ‘ਮੇਰਾ ਦਾਗਿਸਤਾਨ’, ਗਿਆਨੀ ਗੁਰਦਿੱਤ ਸਿੰਘ ਦੀ ‘ਮੇਰਾ ਪਿੰਡ’, ਵਣਜਾਰਾ ਬੇਦੀ ਦੀ ‘ਮੇਰਾ ਨਾਨਕਾ ਪਿੰਡ’ ਤੇ ਅਵਤਾਰ ਸਿੰਘ ਬਿਲਿੰਗ ਦੀ ‘ਮੇਰਾ ਪਿੰਡ ਮੇਰੇ ਲੋਕ’ ਦੀ ਕਤਾਰ ਵਿਚ ਰੱਖਦਾ ਹੈ।
ਸਵਰਨ ਸਿੰਘ ਵਿਰਕ ਨੇ ਪੁਸਤਕ ਦੇ ਸਰਵਰਕ ਉਤੇ ਲਿਖਿਆ: ਰਾਮ ਸਰੂਪ ਰਿਖੀ ਨੇ ਹੜੱਪਾ ਕਾਲ ਤੋਂ ਲੈ ਕੇ ਆਪਣੇ ਪਿੰਡ ਭਦੌੜ ਦੇ ਲਗਾਤਾਰ ਵਿਕਸਤ ਹੁੰਦੇ ਇਤਿਹਾਸ `ਤੇ ਰੌਸ਼ਨੀ ਪਾਉਣ ਦਾ ਅਨੂਠਾ ਕਾਰਜ ਕੀਤਾ ਹੈ। ਲੋਕਸ਼ਾਹੀ ਅਤੇ ਰਜਵਾੜਾਸ਼ਾਹੀ ਦੀਆਂ ਟੱਕਰਾਂ ਵਿਚੋਂ ਨਿਕਲੇ ਚੰਗਿਆੜੇ ਰਿਖੀ ਦੀ ਕਲਮ ਦੀ ਨੋਕ `ਤੇ ਨੱਚ ਉਠਦੇ ਹਨ। ਉਹ ਭਾਵੇਂ ਸਰਕਾਰੀ ਸੇਵਾ ਕਾਲ ਦੌਰਾਨ ਲੰਮਾ ਸਮਾਂ ਸਾਡੇ ਸ਼ਹਿਰ ਸਿਰਸੇ ਰਿਹਾ ਜਾਂ ਹੁਣ ਲੁਧਿਆਣੇ ਜਾ ਵਸਿਆ ਹੈ ਪਰ ਭਦੌੜ ਤਾਂ ਸਦਾ ਰਿਖੀ ਦੇ ਹਿਰਦੇ ਵਿਚ ਵਸਦਾ ਰਿਹਾ ਹੈ। ਮਿੱਟੀ ਦੇ ਇਸੇ ਮੋਹ ਨੇ ਉਸ ਤੋਂ ਖ਼ੂਬਸੂਰਤ ਅੰਦਾਜ਼ ਵਿਚ ਆਪਣੇ ਪਿੰਡ ਦੀ ਬਾਤ ਪੁਆ ਲਈ ਹੈ। ਗਲੋਬਲ ਪਿੰਡ ਦੇ ਇਸ ਦੌਰ ਵਿਚ ਰਿਖੀ ਜਿਹਾ ਕੋਈ ਦਰਵੇਸ਼ ਹੀ ਆਪਣੇ ਪਿੰਡ ਵੱਲ ਪਰਤ ਸਕਦਾ ਹੈ। ਪਿੰਡ ਦੇ ਇਤਿਹਾਸ, ਭੂਗੋਲ, ਸਾਹਿਤ, ਕਲਾ, ਸੰਗੀਤ, ਗਿਆਨ, ਸਭਿਆਚਾਰ ਅਤੇ ਸੰਸਕ੍ਰਿਤੀ ਬਾਰੇ ਬੜੀਆਂ ਗੁੱਠਾਂ ਫੋਲ ਕੇ ਪਾਠਕਾਂ ਨੂੰ ਜੋ ਹੈ ਤੇ ਭਦੌੜ ਜੋ ਹੁੰਦਾ ਸੀ, ਉਸ ਦੇ ਦਰਸ਼ਨ ਕਰਵਾਉਣ ਵਿਚ ਲੇਖਕ ਸਫ਼ਲ ਹੈ। ਸਾਥੀਓ, ਮਿੱਠੇ ਦਰਦ ਪਰੁੱਚੇ ਲੋਕ ਗੀਤਾਂ ਨੂੰ ਜਨਮ ਦੇਣ ਵਾਲੇ ਭਦੌੜ ਦੇ ਟਿੱਬਿਆਂ ਦਾ ਰੇਤਾ, ਕਿਸੇ ਨੂੰ ਦਵਿੰਦਰ ਸਤਿਆਰਥੀ ਬਣਾ ਦਿੰਦਾ ਹੈ ਤੇ ਕਿਸੇ ਨੂੰ ਰਾਮ ਸਰੂਪ ਰਿਖੀ। ਰਿਖੀ ਇਕ ਆਸ਼ਾਵਾਦੀ ਲੇਖਕ ਹੈ। ਉਹ ਆਪਣੀ ਕਲਮ ਜੂਝਦੀਆਂ ਧਿਰਾਂ ਦੇ ਹੱਕ ਵਿਚ ਵਰਤਣ ਦਾ ਅਜੂਮ ਕਰ ਚੁੱਕਾ ਹੈ।
ਮੈਂ ਰਿਖੀ ਨੂੰ ਉਦੋਂ ਤੋਂ ਜਾਣਦਾ ਹਾਂ ਜਦੋਂ ਭਦੌੜ ਦਾ ਪਬਲਿਕ ਟੂਰਨਾਮੈਂਟ ਵੇਖਣ ਜਾਇਆ ਕਰਦਾ ਸਾਂ। ਪਹਿਲੀ ਵਾਰ ਮੈਂ ਉਸੇ ਟੂਰਨਾਮੈਂਟ ਦੀ ਜਲੰਧਰ ਦੂਰਦਰਸ਼ਨ ਲਈ ਕੁਮੈਂਟਰੀ ਕੀਤੀ ਸੀ। ਉਦੋਂ ਮੈਨੂੰ ਨਹੀਂ ਸੀ ਪਤਾ ਕਿ ਮੇਰੀ ਆਵਾਜ਼ ਟੀਵੀ ਪ੍ਰਸਾਰਨ ਲਈ ਰਿਕਾਰਡ ਹੋ ਰਹੀ ਹੈ। ਬਾਅਦ `ਚ ਮੈਂ ਕਿਹਾ ਵੀ ਕਿ ਮੈਨੂੰ ਪਹਿਲਾਂ ਦੱਸ ਦਿੰਦੇ ਤਾਂ ਮੈਂ ਬਿਹਤਰ ਬੋਲਦਾ। ਪਰ ਰੌਣਕੀ ਰਾਮ ਦਾ ਕਹਿਣਾ ਸੀ ਕਿ ਪਹਿਲਾਂ ਦੱਸ ਦਿੰਦੇ ਤਾਂ ਮੌਲਿਕਤਾ ਨਹੀਂ ਸੀ ਰਹਿਣੀ। ਰਿਖੀ ਨੇ ਹੀ ਪੁਸਤਕ ਵਿਚ ਪਬਲਿਕ ਟੂਰਨਾਮੈਂਟ ਦਾ ਜਿ਼ਕਰ ਕਰ ਕੇ ਮੈਨੂੰ ਉਹ ਲਮ੍ਹੇ ਯਾਦ ਕਰਾਏ ਹਨ: ਪ੍ਰਿੰ. ਸਰਵਣ ਸਿੰਘ ਢੁੱਡੀਕੇ (ਚਕਰ) ਨੇ ‘ਅੱਖੀਂ ਡਿੱਠਾ ਖੇਡ ਮੇਲਾ’ ਦੇ ਸਿਰਲੇਖ ਹੇਠ ਲਿਖੇ ਜਾ ਰਹੇ ਆਪਣੇ ਅਖ਼ਬਾਰੀ ਕਾਲਮ ਵਿਚ ਭਦੌੜ ਦੇ ਇਸ ਖੇਡ ਮੇਲੇ ਨੂੰ ਕਿਲਾ ਰਾਇਪੁਰ ਦੇ ਖੇਡ ਮੇਲੇ ਤੋਂ ਦੂਜੇ ਨੰਬਰ ਦਾ ਖੇਡ ਮੇਲਾ ਲਿਖਿਆ। ਲੇਖਕ ਨੇ ਇਸ ਖੇਡ ਮੇਲੇ ਦੀ ਵਿਲੱਖਣਤਾ, ਵਿਸ਼ੇਸ਼ ਕਰਕੇ ਸੁਯੋਗ ਪ੍ਰਬੰਧ ਨੂੰ ਸਲਾਹਿਆ। ਉਨ੍ਹਾਂ ਲਿਖਿਆ, ਭਦੌੜ ਦਾ ਇਹ ਖੇਡ ਮੇਲਾ ਮੁਕੰਮਲ ਰੂਪ ਵਿਚ ਨਿਰੋਲ ਕਲੱਬ ਮੈਂਬਰਾਂ, ਸਕੂਲ ਵਿਦਿਆਰਥੀਆਂ, ਨਗਰ ਦੇ ਸੁਹਿਰਦ ਲੋਕਾਂ, ਖ਼ਾਸ ਕਰ ਨਵੀਂ ਪੀੜ੍ਹੀ ਦੀ ਨਵੀਂ ਸੋਚ ਨੂੰ ਪ੍ਰਣਾਏ ਗੱਭਰੂਆਂ ਵੱਲੋਂ ਕੀਤਾ ਜਾਂਦਾ ਹੈ। ਪ੍ਰਸ਼ਾਸਨ ਜਾਂ ਕਿਸੇ ਵੱਡੇ ਨੇਤਾ ਦੀ ਸਰਪ੍ਰਸਤੀ ਤੋਂ ਬਿਨਾਂ ਐਨਾ ਵਧੀਆ ਪ੍ਰਬੰਧ ਕਰਨਾ ਹੋਰਨਾਂ ਲਈ ਵਧੀਆ ਮਿਸਾਲ ਹੈ। ਜੇ ਅਨੁਸ਼ਾਸਨ ਪੱਖੋਂ ਵਾਚੀਏ ਤਾਂ ਇਹ ਖੇਡ ਮੇਲਾ ਪੰਜਾਬ ਦਾ ਅੱਵਲ ਨੰਬਰ ਖੇਡ ਮੇਲਾ ਹੈ।
ਭਦੌੜ ਦੀਆਂ ਖੇਡਾਂ ਦਾ ਇਤਿਹਾਸ
1955-56 ਤੀਕ ਭਦੌੜ ਕਸਬੇ ਵਿਚ ਖੇਡਾਂ ਦਾ ਕੋਈ ਵਿਧੀ-ਵਤ ਬੱਝਵਾਂ ਰੂਪ ਨਹੀਂ ਸੀ। ਭਦੌੜੀਏ ਗਭਰੂ ਸਿਆਲ ਦੀ ਰੁੱਤੇ ਮੁਗਧਰ ਚੁੱਕਦੇ ਤੇ ਮਿੱਟੀ ਦੀ ਭਰੀ ਬੋਰੀ ਦੇ ਬਾਲੇ ਕੱਢਦੇ। ਜਿਦੋ-ਜਿਦੀ ਡੰਡ ਬੈਠਕਾਂ ਮਾਰਦੇ, ਮੋਰਚੇ ਵੀਣੀਆਂ ਫੜਦੇ ਤੇ ਪੰਜੇ ਲੜਾਉਂਦੇ। ਆਪਣੀ ਸਰੀਰਕ ਸ਼ਕਤੀ ਹਾੜਨ ਨੂੰ ਖਾਧੀਆਂ ਖੁਰਾਕਾਂ ਦਾ ਸਦਉਪਯੋਗ ਕਰਦੇ ਤਾਂ ਕਿ ਸਰੀਰ ਦੀ ਸੁਡੌਲਤਾ ਬਣੀ ਰਹੇ। ਭਦੌੜ ਦਾ ਵਿਸਾਖੀ ਮੇਲਾ ਇਲਾਕੇ ਭਰ `ਚ ਮਸ਼ਹੂਰ ਹੁੰਦਾ ਸੀ ਜਿਸ ਵਿਚ ਖੇਡਾਂ ਵੀ ਹੁੰਦੀਆਂ। ਉਦੋਂ ਮੇਲਿਆਂ ਵਿਚ ਲੋਕ ਘੋੜੇ, ਊਠ, ਬਲਦ, ਗੱਡੇ-ਗੱਡੀਆਂ `ਤੇ ਜਾਂਦੇ। ਮੇਲੇ ਲਈ ਪਸ਼ੂਆਂ ਨੂੰ ਹਾਰ-ਹਮੇਲਾਂ ਪਾ ਕੇ ਸਿੰ਼ਗਾਰਿਆ ਜਾਂਦਾ, ਮਨੁੱਖ ਤੇ ਤ੍ਰੀਮਤਾਂ ਨਵੇਂ ਰੰਗ ਬਰੰਗੇ ਕੱਪੜੇ ਪਹਿਨ ਕੇ ਤਿਆਰ ਹੁੰਦੇ। ਮੇਲਿਆਂ `ਚ ਖਾਣ-ਪੀਣ, ਮਿਲਣ ਗਿਲਣ, ਨਵੀਆਂ ਪੁਰਾਣੀਆਂ ਸਾਂਝਾਂ ਜੋੜਨ, ਖੇਡਾਂ, ਘੋਲ ਘੁਲਣ, ਨੱਚਣ-ਟੱਪਣ, ਗਾਉਣ-ਵਜਾਉਣ, ਸੁਣਨ-ਸੁਣਾਉਣ ਭਾਵ ਹਰ ਪ੍ਰਕਾਰ ਦਾ ਜਨ ਸਮੂਹ ਉਮੜਿਆ ਹੁੰਦਾ। ਹਰ ਨਾਰ-ਨਾਰੀ, ਬੁੱਢੇ, ਗਭਰੂ, ਬੱਚੇ ਬੱਚੀਆਂ, ਸਭਨਾਂ ਦੇ ਮੱਥਿਆਂ `ਤੇ ਖ਼ੁਸ਼ੀ, ਹੁਲਾਸ ਅਤੇ ਬੁੱਲ੍ਹਾਂ `ਚੋਂ ਮੁਸਕਾਨ ਡੁੱਲ੍ਹ-ਡੁੱਲ੍ਹ ਪੈਂਦੀ। ਅਥਰਵ ਵੇਦ ਵਿਚ ਪੰਜਾਬੀਆਂ ਦੀ ਆਭਾ ਦਰਸਾਉਂਦੇ ਇਕ ਸ਼ਲੋਕ ਦਾ ਭਾਵ ਅਰਥ ਹੈ: ਜਿਸ ਭੂਮੀ `ਤੇ ਮਸਤ ਲੋਕ ਗਾਉਂਦੇ ਤੇ ਨੱਚਦੇ ਹਨ, ਜਿਥੇ ਜੁਆਨ ਮਰਦ ਲੜਦੇ ਤੇ ਘੁਲਦੇ ਨੇ, ਜਿਥੇ ਯੁੱਧ ਦਾ ਨਗਾਰਾ ਵੱਜਦਾ ਏ, ਉਹ ਭੂਮੀ ਵੈਰੀਆਂ ਤੋਂ ਰਹਿਤ ਕਰ ਦੇਵੋ ਤਾਂ ਕਿ ਸੁਖ ਸਮ੍ਰਿਧੀ ਪਸਰ ਜਾਵੇ। ਵੈਰ ਵਿਰੋਧ ਭਸਮ ਹੋ ਜਾਵੇ।
ਸੂਏ ਵੱਲ ਰਾਜ ਮੱਲ ਦੀ ਕਮਾਨ ਹੇਠ ਮੱਲਾਂ ਦੇ ਘੋਲਾਂ ਦੁਆਲੇ ਅਖਾੜੇ `ਚ ਤਿਲ਼ ਸੁੱਟਣ ਜੋਗੀ ਥਾਂ ਵੀ ਖਾਲੀ ਨਹੀਂ ਸੀ ਰਹਿੰਦੀ। ਇਥੇ ਨਾਮੀ ਗਰਾਮੀ ਪਹਿਲਵਾਨ ਪਹੁੰਚਦੇ। ਇਕ ਵਾਰੀ ਦਸਹਿਰੇ ਤੋਂ ਪਹਿਲਾਂ ਮੁਨਸ਼ੀ ਸਿੰਘ ਦੇ ਬੱਸ ਅੱਡੇ ਅੰਦਰ ਦਾਰੇ ਪਹਿਲਵਾਨ ਦੀ ਕੁਸ਼ਤੀ ਵੀ ਟਿਕਟਾਂ `ਤੇ ਪੁਲੀਸ ਦੇ ਪਹਿਰੇ ਹੇਠ ਕਰਾਈ ਗਈ ਸੀ। ਇਸ ਕੁਸ਼ਤੀ ਦੀਆਂ ਗੱਲਾਂ ਬੜਾ ਚਿਰ ਚਲਦੀਆਂ ਰਹੀਆਂ। ਸੌਂਚੀ ਪੱਕੀ ਵੀ ਖੇਡੀ ਜਾਂਦੀ ਸੀ। ਸੈਦੋਕੇ ਦੇ ਅੰਗਰੇਜ਼ ਅਤੇ ਕਾਂਗੜ ਦੇ ਬਾਜ਼ੀਗਰ ਵਿਚਾਲੇ ਹੋਇਆ ਕਬੱਡੀ ਦਾ ਮੈਚ ਕਈ ਸਾਲ ਚਰਚਾ `ਚ ਰਿਹਾ। ਇਸ ਪਿੱਛੋਂ ਆਦਮਪੁਰੇ ਦੇ ਮੁਖਤਿਆਰ, ਨਿਰਭੈ, ਕਿੱਲੀ ਸਲਾਬਤਪੁਰਾ ਤੇ ਗੁਲਜ਼ਾਰੇ ਹੋਰਾਂ ਨੇ ਭਾਈ ਰੂਪੇ ਦੀਆਂ ਤਿੰਨ ਟੀਮਾਂ ਦੇ ਮੈਚਾਂ ਵਿਚੋਂ ਜਿੱਤ ਪ੍ਰਾਪਤ ਕੀਤੀ। ਸਲਾਬਤਪੁਰੀਆਂ ਨੇ ਇਸ ਪਿੱਛੋਂ ਇਸ ਤਰ੍ਹਾਂ ਦੇ ਮੈਚ ਘੱਟ ਹੀ ਵੇਖੇ ਹੋਣਗੇ।
ਭਦੌੜ ਦੇ ਬਾਜ਼ੀਗਰਾਂ ਦੀ ਬਾਜ਼ੀ
ਭਦੌੜ ਬਾਜ਼ੀ ਲਈ ਮਸ਼ਹੂਰ ਸੀ। ਹਰ ਸਾਲ ਜੇਠ-ਹਾੜ੍ਹ ਦੇ ਮਹੀਨੇ ਹਾੜ੍ਹੀ ਤੋਂ ਵਿਹਲੇ ਹੋ ਕੇ ਇਥੋਂ ਦੇ ਬਾਜ਼ੀਗਰ ਮੌੜ ਤੇ ਦੁੱਲੇ ਦੀ ਅਗਵਾਈ ਵਿਚ, ਪਿੰਡ `ਚ ਬਾਜ਼ੀ ਪਾਉਣ ਲਈ ਦੂਰ ਨੇੜੇ ਦੇ ਰਿਸ਼ਤੇਦਾਰਾਂ ਤੇ ਚੋਟੀ ਦੇ ਬਾਜ਼ੀ ਪਾਉਣ ਵਾਲੇ ਗਭਰੂਆਂ ਨੂੰ ਬੁਲਾ ਲੈਂਦੇ। ਬਾਜ਼ੀ ਆਮ ਤੌਰ `ਤੇ ਦੋ ਦਿਨ ਪਾਈ ਜਾਂਦੀ ਸੀ। ਪਹਿਲੇ ਦਿਨ ਮਾਨਾਂ ਦੀ ਜਾਂ ਕੌੜਿਆਂ ਦੀ ਸੱਥ ਵਿਚ ਬਾਜ਼ੀ ਦੀਆਂ ਛਾਲਾਂ ਲਾਉਣ ਵਾਲੀ ਥਾਂ `ਤੇ ਅਖਾੜਾ ਤਿਆਰ ਕੀਤਾ ਜਾਂਦਾ। ਬਾਜ਼ੀ ਦੇ ਕਰਤਬ ਛਾਲਾਂ, ਲੋਟ-ਪੋਟਣੀ, ਹੱਥਾਂ `ਤੇ ਤੁਰਨਾ, ਖੜ੍ਹੇ-ਖੜ੍ਹੋਤੇ ਸਿੱਧੀ ਜਾਂ ਪੁੱਠੀ ਲੋਟਣੀ ਖਾਣੀ ਹੁੰਦੇ ਸਨ। ਬਾਜ਼ੀ ਦੀਆਂ ਦੋ ਤਰ੍ਹਾਂ ਦੀਆਂ ਛਾਲਾਂ ਵੀ ਮਸ਼ਹੂਰ ਸਨ। ਇਕ ਪਟੜੀ ਦੀ ਛਾਲ ਤੇ ਦੂਜੀ ਸੂਲੀ ਦੀ ਛਾਲ। ਸੂਲੀ ਦੀ ਛਾਲ ਸਭ ਤੋਂ ਔਖੀ ਅਤੇ ਖ਼ਤਰਨਾਕ ਹੁੰਦੀ ਸੀ। ਇਸ ਛਾਲ ਦਾ ਛਲਾਰੂ ਨਿਆਰਾ ਹੀ ਹੁੰਦਾ ਸੀ। ਛਾਲ ਦਾ ਨਾਂ ਸੂਲੀ ਦੀ ਛਾਲ ਇਸ ਲਈ ਰੱਖਿਆ ਗਿਆ ਹੋਊ ਕਿ ਸੂਲੀ ਚੜ੍ਹਿਆ ਮਨੁੱਖ ਆਖ਼ਰ ਜਿਉਂਦਾ ਨਹੀਂ ਰਹਿੰਦਾ। ਸੂਲੀ ਅਖਾੜੇ ਦੇ ਇਕ ਪਾਸੇ ਗੱਡ ਦਿੱਤੀ ਜਾਂਦੀ ਸੀ। ਇਹ ਛਾਲ ਲਾਉਂਦੇ ਬਾਜ਼ੀਗਰ ਕਈ ਵਾਰ ਆਪਣੀ ਜਾਨ ਵੀ ਗਵਾ ਲੈਂਦੇ।
ਪਹਿਲੇ ਦਿਨ ਸਾਰੇ ਬਾਜ਼ੀਗਰ ਤਿਆਰ ਹੋ ਕੇ ਭਦੌੜ ਦੇ ਹਰ ਅਗਵਾੜ ਦੀ ਸੱਥ ਵਿਚ ਢੋਲ ਵਾਲੇ ਦੇ ਆਲੇ ਦੁਆਲੇ ਛਾਲਾਂ ਮਾਰਦੇ ਅਜੋਕੇ ਜਿਮਨਾਸਟਿਕਾਂ ਵਾਂਗ ਕਲਾਬਾਜ਼ੀਆਂ ਵਿਖਾਉਂਦੇ ਹੋਏ ਚੱਕਰ ਪੂਰਾ ਕਰ ਕੇ ਅਖਾੜੇ ਵਿਚ ਆ ਜਾਂਦੇ। ਅਗਲੇ ਦਿਨ ਸ਼ਾਮ ਨੂੰ ਪਿੰਡ ਦੇ ਲੋਕ ਹੁੰਮ-ਹੁਮਾ ਕੇ ਦਾਣੇ, ਕੱਪੜੇ, ਨਕਦ ਪੈਸੇ ਤੇ ਤੋਹਫ਼ੇ ਲੈ ਕੇ ਹਾਜ਼ਰ ਹੋ ਜਾਂਦੇ। ਮੌੜ ਬਾਜ਼ੀਗਰ ਅਤੇ ਦੁੱਲੇ ਬਾਜ਼ੀਗਰ ਦੀ ਅਗਵਾਈ ਵਿਚ ਨਵੇਂ ਪੱਠੇ ਆਪਣੇ ਕਮਾਏ ਹੋਏ ਸਰੀਰਾਂ ਦੇ ਕਰਤਬ ਵਿਖਾਉਣ ਲੱਗਦੇ ਜਿਵੇਂ ਜਲਦੇ ਹੋਏ ਟਾਇਰ ਵਿਚੋਂ ਦੀ ਲੰਘਣਾ, ਗੱਡੇ ਦਾ ਪਹੀਆ ਪੱਟਾਂ ਉਤੋਂ ਦੀ ਲੰਘਾਉਣਾ, ਹਿੱਕ `ਤੇ ਮਚਾਕ ਰਖਵਾ ਕੇ ਵਦਾਣੀ ਸੱਟਾਂ ਨਾਲ ਸਰੀਆ ਸਿੱਧਾ ਕਰਵਾਉਣਾ, ਅੱਖ ਦੀ ਦਾਬ ਨਾਲ ਸਰੀਆ ਮੋੜਨਾ, ਦੰਦਾਂ `ਚ ਹਲ ਚੁੱਕਣਾ, ਗੋਲ ਝਟਕਾ ਮਾਰ ਕੇ ਕੰਨ ਛੁਡਾਉਣਾ ਅਤੇ ਲੋਹੇ ਦੇ ਭੀੜੇ ਚੱਕਰ ਵਿਚੋਂ ਦੀ ਦੋ ਬਾਜ਼ੀਗਰਾਂ ਦਾ ਇਕੱਠੇ ਲੰਘਣਾ। ਪਟੜੀ ਦੀ ਛਾਲ ਦਾ ਮੁਕਾਬਲਾ ਵੱਖ ਹੁੰਦਾ ਸੀ। ਅਖਾੜੇ ਵਿਚ ਪੰਜ ਛੇ ਫੁੱਟ ਉੱਚਾ ਤੇ ਫੁੱਟ ਕੁ ਚੌੜਾ ਲਚਕਦਾਰ ਫੱਟਾ ਗੱਡ ਦਿੱਤਾ ਜਾਂਦਾ ਸੀ। ਉਸ ਤੋਂ ਅੱਗੇ ਇਕ ਪੌੜੀ ਉਤੇ ਮੰਜਾ ਬੰਨ੍ਹਿਆ ਜਾਂਦਾ ਜਿਵੇਂ ਕਬੂਤਰਾਂ ਦੀ ਛਤਰੀ ਹੁੰਦੀ ਹੈ। ਪੰਜ-ਸੱਤ ਜਣੇ ਵਾਰੀ ਵਾਰੀ ਪਟੜੀ ਦੀਆਂ ਛਾਲਾਂ ਲਾਉਂਦੇ। ਜਿਹੜਾ ਟੱਪ ਨਾ ਸਕਦਾ ਪਾਸੇ ਹੋ ਜਾਂਦਾ। ਅਖ਼ੀਰ ਮੁਕਾਬਲਾ ਦੋ ਬਾਜ਼ੀਗਰਾਂ ਵਿਚਕਾਰ ਰਹਿ ਜਾਂਦਾ। ਬਾਜ਼ੀਗਰ ਮੰਜੇ ਦੀ ਉਚਾਈ ਗਿੱਠਾਂ ਤੇ ਚੱਪਿਆਂ ਨਾਲ ਵਧਾਈ ਜਾਂਦੇ। ਅਖ਼ੀਰ ਜਿਹੜਾ ਸਭ ਤੋਂ ਵੱਧ ਉਚਾਈ ਟਪਦਾ ਉਹ ਪਟੜੀ ਦੀ ਛਾਲ ਦਾ ਜੇਤੂ ਕਰਾਰ ਦਿੱਤਾ ਜਾਂਦਾ। ਫਿਰ ਉਹ ਲੋਕਾਂ `ਚ ਗੇੜੀ ਕੱਢਦਾ ਤੇ ਦਰਸ਼ਕ ਉਹਦਾ ਪਰਨਾ ਨੋਟਾਂ ਨਾਲ ਭਰ ਦਿੰਦੇ।
ਸੂਲੀ ਦੀ ਖ਼ਤਰਨਾਕ ਛਾਲ
ਇਹ ਛਾਲ ਸਭ ਤੋਂ ਆਖਰ ਵਿਚ ਲਾਈ ਜਾਂਦੀ ਸੀ। ਸੂਲੀ ਦੀ ਛਾਲ ਵਿਸ਼ੇਸ਼ ਤੌਰ `ਤੇ ਸਾਧੇ ਜੁੱਸੇ ਦਾ ਗਭਰੂ ਹੀ ਲਾ ਸਕਦਾ ਸੀ ਜਿਸ ਦਾ ਸਰੀਰ ਬੈਂਤ ਦੀ ਛਟੀ ਵਰਗਾ ਹੋਵੇ, ਫੁਰਤੀ ਚੀਤੇ ਵਰਗੀ, ਨਿਗਾਹ ਕਾਂ ਵਰਗੀ ਹੋਵੇ ਤੇ ਸ਼ਾਂਤ ਮੱਥਾ ਬਾਲੇ ਚੰਦ ਵਰਗਾ। ਉਸ ਬਾਜ਼ੀਗਰ ਨੂੰ ਸੂਲੀ ਦੀ ਛਾਲ ਲਈ ਵਿਸ਼ੇਸ਼ ਸਿਖਲਾਈ ਤੇ ਖੁਰਾਕ ਦਿੱਤੀ ਜਾਂਦੀ ਸੀ। ਰੋਟੀ ਘੱਟ ਤੋਂ ਘੱਟ, ਉਹ ਵੀ ਮਿੱਟੀ ਦੇ ਚਕਲੇ ਵੇਲਣੇ ਦੀ ਵੇਲੀ ਹੋਈ ਤੇ ਮਿੱਟੀ ਦੇ ਤਵੇ ਉਤੇ ਪਕਾਈ ਹੋਈ ਦਿੱਤੀ ਜਾਂਦੀ ਸੀ ਤਾਂ ਕਿ ਸਰੀਰ ਲਚਕਦਾਰ ਅਤੇ ਫੁਰਤੀਲਾ ਰਵ੍ਹੇ। ਉਹ ਲੰਬੀਆਂ ਦੌੜਾਂ ਲਾਉਂਦਾ ਅਤੇ ਛਾਲਾਂ ਮਾਰਨ ਦੀਆਂ ਕਸਰਤਾਂ ਵੀ ਕਰਦਾ ਰਹਿੰਦਾ।
ਸੂਲੀ ਦੀ ਛਾਲ ਲਾਉਂਦਾ ਬਾਜ਼ੀਗਰ, ਕਬੂਤਰਾਂ ਦੀ ਛਤਰੀ ਵਰਗੀ ਫੱਟੀ ਉਤੇ ਖੜ੍ਹ ਕੇ, ਬੁੜ੍ਹਕ ਕੇ ਪੁੱਠੀ ਛਾਲ ਮਾਰਦਾ ਹੋਇਆ ਮੁੜ ਕੇ ਫੱਟੀ `ਤੇ ਹੀ ਪੈਰਾਂ ਪਰਨੇ ਆ ਖੜ੍ਹਦਾ ਸੀ। ਰਤਾ ਕੁ ਵੀ ਏਧਰ ਓਧਰ ਹੋ ਜਾਂਦਾ ਤਾਂ ਭੁੰਜੇ ਆ ਡਿੱਗਦਾ ਜਿਸ ਦਾ ਮਤਲਬ ਮੌਤ ਹੋ ਸਕਦੀ ਸੀ। ਤਦੇ ਇਸ ਨੂੰ ਸੂਲੀ ਦੀ ਛਾਲ ਦਾ ਨਾਂ ਦਿੱਤਾ ਗਿਆ। ਇਸ ਛਾਲ ਦਾ ਮਾਹਿਰ ਭਦੌੜ ਦਾ ਅਮਰ ਸਿੰਘ ਮੁਸਾਫਿ਼ਰ ਪੁੱਤਰ ਸ. ਦੁੱਲਾ ਸਿੰਘ ਪੁੱਤਰ ਸ. ਨਿੱਕਾ ਸਿੰਘ ਸੀ। ਪੰਦਰਾਂ ਵੀਹ ਫੁੱਟ ਉੱਚੇ ਬਾਂਸ ਜਾਂ ਪੌੜੀ `ਤੇ ਬੰਨ੍ਹੀ ਫੱਟੀ ਉਤੇ ਪੁੱਠੀ ਲੋਟਣੀ ਲਾ ਕੇ ਪੈਰਾਂ `ਤੇ ਖੜ੍ਹੇ ਹੋਣਾ ਬਹੁਤ ਵੱਡੇ ਜੋਖਮ ਵਾਲਾ ਕਾਰਨਾਮਾ ਸੀ। ਜੇਕਰ ਜ਼ਰਾ ਜਿੰਨਾ ਵੀ ਭਾਰ ਜਾਂ ਸਰੀਰ ਦਾ ਅੰਗ ਵੱਧ ਘੱਟ ਲਿਫ ਜਾਵੇ ਤਾਂ ਬਾਜ਼ੀਗਰ ਧਰਤੀ `ਤੇ ਪਟਕ ਸਕਦਾ ਸੀ। ਉਚਾਈ ਤੋਂ ਧਰਤੀ `ਤੇ ਪਟਕਿਆ ਬੰਦਾ ਘੱਟ ਹੀ ਬਚਦਾ ਸੀ। ਇਸੇ ਲਈ ਭਦੌੜ ਦੇ ਸਿਆਣੇ ਜਿ਼ੰਮੇਵਾਰ ਵਿਅਕਤੀਆਂ ਨੇ ਸੂਲੀ ਦੀ ਛਾਲ ਬੰਦ ਕਰਾ ਦਿੱਤੀ ਸੀ। ਭਦੌੜ ਦੇ ਬਾਜ਼ੀਗਰ ਲੋਕ ਵੱਡੇ ਇਤਬਾਰੀ ਆਦਮੀ ਸਨ। ਧੀਆਂ-ਭੈਣਾਂ ਦਾ ਸਮਾਨ ਬੋਤੀ `ਤੇ ਲੱਦ ਕੇ ਸਹੁਰੇ ਘਰ ਛੱਡ ਕੇ ਆਉਂਦੇ ਅਤੇ ਲੈ ਕੇ ਵੀ ਆਉਂਦੇ ਸਨ। ਇਹ ਕੰਮ ਉਹ ਆਪਣੇ ਜਜਮਾਨਾਂ ਦੇ ਘਰਾਂ ਦਾ ਹੀ ਕਰਦੇ ਜਿਸ ਦਾ ਹਾੜ੍ਹੀ ਸਾਉਣੀ ਲਾਗ ਲੈਂਦੇ। ਆਉਂਦੇ ਹੋਏ ਬਰਨਾਲੇ ਜਾਂ ਰਾਮਪੁਰੇ ਦੀ ਮੰਡੀ `ਚੋਂ ਦੁਕਾਨਾਂ ਦਾ ਸਮਾਨ ਲਿਆਉਂਦੇ।
ਸੌਂਚੀ ਪੱਕੀ ਤੇ ਘੋਲ ਕਬੱਡੀ
ਇਸੇ ਤਰ੍ਹਾਂ ਦੀ ਇਕ ਖੇਡ ਸੌਂਚੀ ਪੱਕੀ ਹੁੰਦੀ ਸੀ। ਇਸ ਨੂੰ ਕਈ ਥਾਈਂ ਖੇਡ ਚੜ੍ਹਨਾ ਵੀ ਕਹਿੰਦੇ। ਇਸ ਵਿਚ ਇਕ ਸਮੇਂ ਦੋ ਜਣੇ ਖੇਡਦੇ, ਇਕ ਧਾਵੀ ਦੂਜਾ ਜਾਫੀ। ਧਾਵੀ ਜਾਫੀ ਦੇ ਤਲ਼ੀਆਂ ਮਾਰਦਾ ਪਿੱਛਲਖੁਰੀ ਮੁੜਦਾ। ਜਾਫੀ ਧੌਣ `ਤੇ ਧੌਲਾਂ ਮਾਰ-ਮਾਰ ਕੇ ਗੁੱਟ ਫੜ ਕੇ ਰੋਕਦਾ। ਧਾਵੀ ਨੂੰ ਪਿੰਡੇ `ਤੇ ਤੇਲ ਲਾ ਲੈਣ ਦੀ ਖੁੱਲ੍ਹ ਹੁੰਦੀ ਸੀ ਜਿਸ ਕਰਕੇ ਉਹਦੇ ਪਿੰਡੇ `ਤੇ ਹੱਥ ਨਹੀਂ ਸੀ ਅਟਕਦਾ। ਅਖਾੜੇ ਵਿਚ ਘੋਲ ਹੁੰਦੇ। ਸ਼ਾਮ ਦੇ ਸਮੇਂ ਕਹੀ ਨਾਲ ਅਖਾੜਾ ਪੁੱਟ ਕੇ ਮੱਲ ਕਾਂਟੇ ਦੀ ਕੁਸ਼ਤੀ ਲੜਦੇ। ਭਦੌੜ ਦੀ ਛਿੰਝ ਪਹਿਲਵਾਨ ਰਾਜ ਸਿੰਘ ਪੁਆਉਂਦਾ ਸੀ ਜੋ ਇਲਾਕੇ ਦਾ ਮਸ਼ਹੂਰ ਮੱਲ ਸੀ। ਉਹ ਛਿੰਝ ਦਾ ਬਹੁਤ ਖਰਚਾ ਆਪਣੀ ਜੇਬ ਵਿਚੋਂ ਕਰਦਾ। ਉਦੋਂ ਘੋਲ ਅੱਜ ਵਾਂਗ ਨੰਬਰਾਂ ਦੇ ਆਧਾਰ `ਤੇ ਨਹੀਂ ਸਨ ਘੁਲੇ ਜਾਂਦੇ। ਸਿੱਧਾ ਢੂਹੀ ਲਾਉਣ ਵਾਲਾ ਜੇਤੂ ਹੁੰਦਾ ਸੀ। ਭਦੌੜ ਦੇ ਸੰਤ ਰਾਮ ਤੇ ਢੱਟੀ ਭਲਵਾਨ ਉੱਚੇ ਜੋੜ ਦੀਆਂ ਕੁਸ਼ਤੀਆਂ ਲੜਦੇ।
1956-57 ਦੇ ਸਾਲ ਭਦੌੜ ਦੇ ਕਬੱਡੀ ਖਿਡਾਰੀ ਅਗਵਾੜਾਂ ਦੀਆਂ ਟੀਮਾਂ ਬਣਾ ਕੇ ਅੰਤਰ-ਅਗਵਾੜ ਕਬੱਡੀ ਮੈਚ ਖੇਡਣ ਲੱਗੇ। ਦੋ ਮੁੱਖ ਟੀਮਾਂ ਕੌੜਿਆਂ ਦੇ ਅਗਵਾੜ ਦੀ ਜਿਸ ਦੇ ਦੱਲ ਸਿੰਘ ਦੱਲੋ ਤੇ ਛੋਟਾ ਪੁੱਤਰ ਜੰਗੀਰ ਸਿੰਘ ਅਤੇ ਹਰਨਾਮ ਸਿੰਘ ਪਾੜ੍ਹਾ ਬਹੁਤ ਤਕੜੇ ਖਿਡਾਰੀ ਸਨ। ਦੂਜੀ ਟੀਮ ਵਿਚ ਭਾਗ ਸਿੰਘ ਛੁਰਾ, ਪੰਡਤ ਰਤਨ ਚੰਦ, ਲਾਲ ਚੰਦ ਸੁਨਿਆਰਾ ਤੇ ਸੁਰਜੀਤ ਬੱਟੂ ਤਕੜੇ ਖਿਡਾਰੀ ਹੁੰਦੇ ਸਨ। ਸਭ ਤੋਂ ਤਕੜਾ ਪਲੇਅਰ ਭਾਗ ਸਿੰਘ ਛੁਰਾ ਸੀ। ਇਥੇ ਬਾਹਰਲੇ ਪਿੰਡਾਂ ਦੀਆਂ ਟੀਮਾਂ ਵੀ ਦਿਨ ਬੰਨ੍ਹ ਕੇ ਮੈਚ ਖੇਡਣ ਆਉਂਦੀਆਂ ਸਨ…।
1968-69 ਦੇ ਸਾਲ ਪਹਿਲਾ ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ ‘ਰਾਜਾ ਨਿਰਪਾਲ ਸਿੰਘ ਟੂਰਨਾਮੈਂਟ’ ਦੇ ਨਾਂ `ਤੇ ਕੀਤਾ ਗਿਆ। ਫੂਲਕਿਆਂ ਵਿਚੋਂ ਰਾਜਾ ਨਿਰਪਾਲ ਸਿੰਘ ਬੇਔਲਾਦਾ ਗਿਆ। ਉਸ ਦੀਆਂ ਪਤਨੀਆਂ ਰਾਣੀ ਹਰਭਜਨ ਕੌਰ ਅਤੇ ਵੱਡੀ ਰਾਣੀ ਕਪੂਰ ਕੌਰ ਦੋਵੇਂ ਸਕੀਆਂ ਭੈਣਾਂ ਸਨ। ਟੂਰਨਾਮੈਂਟ ਦਾ ਨਾਂ ਰਾਜਾ ਨਿਰਪਾਲ ਟੂਰਨਾਮੈਂਟ ਰੱਖਣ ਨਾਲ ਸਾਰਾ ਖਰਚਾ ਜੋ ਉਸ ਸਮੇਂ ਪੰਜ ਸੌ ਆਉਣਾ ਸੀ ਦੇਣ ਦਾ ਵਾਇਦਾ ਕਰ ਲਿਆ। ਇਸ ਟੂਰਨਾਮੈਂਟ ਦਾ ਕਰਤਾ ਧਰਤਾ ਅਜਮੇਰ ਸਿੰਘ ਪੀਟੀ ਸਾਹਿਬ ਸੀ। ਟੂਰਨਾਮੈਂਟ ਵਧੀਆ ਢੰਗ ਨਾਲ ਹੋ ਗਿਆ ਪਰ ਰਾਣੀਆਂ ਨੇ ਮੰਨਿਆ ਖਰਚਾ ਦੇਣ ਤੋਂ ਨਾਂਹ ਕਰ ਦਿੱਤੀ। ਸਕੂਲ ਦੇ ਸਟਾਫ ਤੇ ਪਿੰਡ ਵਾਲਿਆਂ ਨੂੰ ਖਰਚਾ ਪੱਲਿਓਂ ਝੱਲਣਾ ਪਿਆ। ਰਾਣੀਆਂ ਦੀ ਥਾਂ ਪਬਲਿਕ ਤੋਂ ਪੈਸੇ `ਕੱਠੇ ਕਰਨ ਕਰਕੇ ਟੂਰਨਾਮੈਂਟ ਦਾ ਨਾਂ ਹੀ ‘ਪਬਲਿਕ ਟੂਰਨਾਮੈਂਟ ਭਦੌੜ’ ਰੱਖ ਲਿਆ ਗਿਆ ਜੋ 1974-75 ਤੋਂ ਹਰ ਸਾਲ ਹੋਣ ਲੱਗਾ। ਹੁਣ ਇਹ ਪੰਜਾਬ ਦਾ ਮਾਡਲ ਟੂਰਨਾਮੈਂਟ ਹੈ।