ਫਿਲਮ ‘ਧਰਤੀ ਕੇ ਲਾਲ’ ਦੀਆਂ ਪੈੜਾਂ

ਬਲਰਾਜ ਸਾਹਨੀ
ਸਾਡੀ ਸ਼ੂਟਿੰਗ ਸ੍ਰੀ ਸਾਊਂਡ ਸਟੂਡੀਓ ਵਿਚ ਹੁੰਦੀ ਸੀ। ਇਸ ਦੇ ਪ੍ਰਚਾਲਕ, ਰਜਨੀ ਕਾਂਤ ਪਾਂਡੇ ਕੈਮਰੇ ਦੇ ਪਾਰੰਗਤ ਉਸਤਾਦ, ਤੇ ਉਹਨਾਂ ਦੇ ਨਿੱਕੇ ਵੀਰ, ਚੰਦਰ ਕਾਂਤ ਪਾਂਡੇ ਸਾਊਂਡ ਰਿਕਾਰਡਿੰਗ ਵਿਚ ਬੇਮਿਸਾਲ ਮੰਨੇ ਜਾਂਦੇ ਸਨ। ਜਿਸ ਫਿਲਮ ਦੇ ਗਾਣਿਆਂ ਦੀ ਰਿਕਾਰਡਿੰਗ ਚੰਦਰ ਕਾਂਤ ਪਾਂਡੇ ਦੇ ਹੱਥੋਂ ਤੇ ਸ਼ੂਟਿੰਗ ਸ੍ਰੀ ਸਾਊਂਡ ਸਟੂਡੀਓ ਵਿਚ ਨਾ ਹੋਈ ਹੋਵੇ, ਉਹ ਡਿਸਟ੍ਰੀਬਿਊਟਰਾਂ ਦੀਆਂ ਨਜ਼ਰਾਂ ਵਿਚ ਨਹੀਂ ਸੀ ਚੜ੍ਹਦੀ। ਕਹਾਣੀਕਾਰਾਂ, ਸੰਗੀਤਕਾਰਾਂ, ਫਿਲਮ ਸਟਾਰਾਂ, ਪ੍ਰੋਡਿਊਸਰਾਂ ਤੇ ਡਾਇਰੈਕਟਰਾਂ ਦਾ ਦਿਨੇ-ਰਾਤੀਂ ਉੱਥੇ ਮੇਲਾ ਲੱਗਾ ਰਹਿੰਦਾ ਸੀ।

ਇਤਨੇ ਵੱਡੇ ਸਟੂਡੀਓ ਦਾ ਸਾਡੀ ਗਰੀਬੜੀ ਜਿਹੀ ਸੰਸਥਾ ਨੂੰ ਜਰ ਲੈਣਾ ਖਵਾਜਾ ਅਹਿਮਦ ਅੱਬਾਸ ਦੇ ਹੀ ਰਸੂਖ ਦਾ ਚਮਤਕਾਰ ਸੀ। ਸਾਨੂੰ ਸਦਾ ਦਿਲ ਵਿਚ ਖਹੁ ਪਿਆ ਰਹਿੰਦਾ ਕਿ ਕਿਤੇ ਸਾਡੇ ਨਿੱਤ ਦੇ ਲੜਾਈ-ਝਗੜੇ ਤੇ ਅਨਾੜੀਪੁਣੇ ਤੋਂ ਤੰਗ ਆ ਕੇ ਸਟੂਡੀਓ ਵਾਲੇ ਸਾਡਾ ਬਿਸਤਰਾ-ਬੋਰੀਆ ਗੋਲ ਨਾ ਕਰ ਦੇਣ।
ਪਰ ਹੌਲੀ-ਹੌਲੀ ਸਾਨੂੰ ਮਹਿਸੂਸ ਹੋਇਆ ਕਿ ਅਸੀਂ ਨੀਵੇਂ ਡਿੱਗਣ ਦੀ ਥਾਂ ਉਹਨਾਂ ਦੀਆਂ ਨਜ਼ਰਾਂ ਵਿਚ ਉੱਚੇ ਉਠ ਰਹੇ ਹਾਂ, ਕਿਉਂਕਿ ਸਾਡੇ ਝਗੜੇ ਸ਼ਖਸੀ ਪੱਧਰ ਦੇ ਨਹੀਂ ਸਨ। ਉਹਨਾਂ ਵਿਚ ਸਾਰੇ ਸਾਥੀਆਂ ਦੀ ਫਿਲਮ ਨੂੰ ਬਿਹਤਰ ਤੋਂ ਬਿਹਤਰ ਬਣਾਉਣ ਦੀ ਸੱਧਰ ਲੁਕੀ ਹੋਈ ਸੀ। ਹਜ਼ਾਰ ਖੁੜਭੋ-ਖੁੜਭੀ ਹੋਈਏ, ਪਲ ਭਰ ਬਾਅਦ ਅਸੀਂ ਫੇਰ ਵੀਰਾਂ ਵਾਂਗ ਇਕ ਹੋ ਜਾਂਦੇ ਸਾਂ। ਸਾਡੀ ਏਕਤਾ ਅਟੁੱਟ ਸੀ। ਆਪਣੇ ਟੀਚੇ ਉਪਰ ਪੁੱਜਣ ਲਈ ਅਸੀਂ ਆਪਣਾ ਸਭ ਕੁਝ ਵਾਰਨਾ ਚਾਹੁੰਦੇ ਸਾਂ। ਬੰਗਾਲੋਂ ਆਈ ਸਾਰੀ ਦੀ ਸਾਰੀ ਟੋਲੀ ਅੱਬਾਸ ਦੇ ਦੋ ਕਮਰਿਆਂ ਵਾਲੇ ਫਲੈਟ ਵਿਚ ਟਿਕੀ ਹੋਈ ਸੀ। ਮੈਂ ਅਤੇ ਦਮੋ (ਪਤਨੀ) ਵੀ ਕਈ ਵਾਰੀ ਉਥੇ ਜਾ ਪਨਾਹ ਲੈਂਦੇ, ਖਾਸ ਕਰ ਜਦੋਂ ਦਿਨੇ ‘ਦੂਰ ਚਲੇਂ’ ਦੀ ਅਤੇ ਰਾਤੀਂ ‘ਧਰਤੀ ਕੇ ਲਾਲ’ ਦੀ ਸ਼ੂਟਿੰਗ ਹੁੰਦੀ। ਰਾਤ ਦੀ ਸ਼ੂਟਿੰਗ ਦਾ ਉਦੋਂ ਬੜਾ ਰਿਵਾਜ ਸੀ। ਰਾਤੀਂ ਸ਼ੂਟਿੰਗ ਕਰਨੀ ਕਲਾਕਾਰ ਦੀ ਵਡਿਆਈ ਸਮਝਿਆ ਜਾਂਦਾ ਸੀ। ਅਸੀਂ ਇਕ ਦਫਾ ਚਾਰ ਦਿਨ ਅਤੇ ਚਾਰ ਰਾਤਾਂ ਨਹੀਂ ਸਾਂ ਸੁੱਤੇ। ਅੱਬਾਸ ਦਾ ਪਰਵਾਰ ਇਸ ਪ੍ਰਕਾਰ ਦੀ ਹਫੜਾ-ਦਫੜੀ ਵਿਚ ਕਿਵੇਂ ਸਮਾਂ ਕੱਟ ਰਿਹਾ ਸੀ, ਅਨੁਮਾਨ ਕਰਨਾ ਮੁਸ਼ਕਿਲ ਨਹੀਂ।
ਜਦੋਂ ਅੱਧੀ ਤੋਂ ਜ਼ਿਆਦਾ ਫਿਲਮ ਬਣ ਗਈ, ਤਾਂ ਸਟੂਡੀਓ ਦੇ ਨਿੱਕੇ ਜਿਹੇ ਪ੍ਰੋਜੈਕਸ਼ਨ ਥੀਏਟਰ ਵਿਚ ਉਸ ਦੇ ‘ਰੱਸ਼ ਪ੍ਰਿੰਟ’ ਵਿਖਾਏ ਗਏ। ਮਸ਼ਹੂਰ ਫਿਲਮ ਡਾਇਰੈਕਟਰ ਮਹੇਸ਼ ਕੌਲ ਵੀ ਚੁਪ-ਚੁਪੀਤੇ ਕੋਲ ਆ ਬੈਠੇ। ਜਦੋਂ ਵੇਖ ਕੇ ਬਾਹਰ ਨਿਕਲੇ ਤਾਂ ਉਹਨਾਂ ਦਾ ਚਿਹਰਾ ਅਨੋਖੇ ਪ੍ਰਭਾਵ ਨਾਲ ਤਮਤਮਾ ਰਿਹਾ ਸੀ। ਕਹਿਣ ਲਗੇ, “ਮੇਰਾ ਫਿਲਮਾਂ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਸੀ, ਤੁਸਾਂ ਮੁੰਡਿਆਂ ਨੇ ਇਸ ਨੂੰ ਫੇਰ ਬਰਕਰਾਰ ਕਰ ਦਿੱਤਾ ਏ।” ਰਾਜ ਕਪੂਰ ਵੀ ਉਸ ਵੇਲੇ ਉਹਨਾਂ ਕੋਲ ਖੜ੍ਹਾ ਸੀ। ਅਜੇ ਉਹ ਫਿਲਮਾਂ ਵਿਚ ਕਲਾਕਾਰ ਦੀ ਹੈਸੀਅਤ ਵਿਚ ਨਹੀਂ ਸੀ ਉਤਰਿਆ, ਤੇ ਕੇਦਾਰ ਸ਼ਰਮਾ ਨਾਲ ਸਹਾਇਕ ਲੱਗਿਆ ਹੋਇਆ ਸੀ। ਉਸ ਨੇ ਵੀ ਭਰਪੂਰ ਪ੍ਰਸੰਸਾ ਕੀਤੀ।
ਸ਼ਾਇਦ ‘ਧਰਤੀ ਕੇ ਲਾਲ’ ਤੋਂ ਪ੍ਰਭਾਵਤ ਹੋ ਕੇ ਹੀ ਮਹੇਸ਼ ਕੌਲ ਨੇ ਆਪ ਯਥਾਰਥਵਾਦੀ ਫਿਲਮ ਅਰੰਭ ਦਿੱਤੀ ਜਿਸ ਦਾ ਨਾਂ ‘ਕਾਸ਼ੀ ਨਾਥ’ ਸੀ। ‘ਧਰਤੀ ਕੇ ਲਾਲ’ ਦੀ ਹੀਰੋਇਨ ਤ੍ਰਿਪਤੀ ਭਾਦੁੜੀ (ਹੁਣ ਤ੍ਰਿਪਤੀ ਮਿਤ੍ਰਾ) ਨੂੰ ਉਹਨਾਂ ਇਸ ਦੀ ਮੁਖ ਅਭਿਨੇਤਰੀ ਬਣਾਇਆ, ਤੇ ਮੁਖ ਅਭਿਨੇਤਾ ਰਾਜ ਕਪੂਰ ਨੂੰ। ਉਹ ਵੀ ਬੜੀ ਯਾਦਗਾਰ ਫਿਲਮ ਸੀ। ਸਾਡੇ ਵਿਚੋਂ ਕੋਈ ਵੀ ਮੋਟਰ ਵਿਚ ਬੈਠ ਕੇ ਸਟੂਡੀਓ ਜਾਣ ਵਾਲਾ ਨਹੀਂ ਸੀ, ਫੇਰ ਵੀ ਰਜਨੀ ਕਾਂਤ ਪਾਂਡੇ ਤੋਂ ਲੈ ਕੇ ਛੋਟੇ ਤੋਂ ਛੋਟੇ ਕਰਮਚਾਰੀ ਤਕ ਸਾਡਾ ਬੜਾ ਆਦਰ ਕਰਦੇ ਸਨ। ਸਾਡੀਆਂ ਫਰਮਾਇਸ਼ਾਂ ਉਹ ਹੋਰ ਕੰਮ ਛੱਡ ਕੇ ਪੂਰੀਆਂ ਕਰਦੇ ਸਨ। ਅਸੀਂ ਉਹਨਾਂ ਦੀ ਨਿਗਾਹ ਵਿਚ ਦੇਸ਼ ਸੇਵਾ ਦਾ ਕੰਮ ਕਰ ਰਹੇ ਸਾਂ, ਮਹਾਨ ਸਾਂ। ਵਿਅਕਤੀਵਾਦ ਦੇ ਰੋਗੀ ਫਿਲਮੀ ਮਾਹੌਲ ਵਿਚ ਸਾਡਾ ਆਦਰਸ਼ਕ ਸਮੂਹਤਾਵਾਦ ਅਜੀਬ ਖੇੜੇ ਖਿਲਾਰਦਾ ਸੀ। ਇਸ ਦਾ ਸਬੂਤ ਨਿੱਕੀਆਂ-ਨਿਕੀਆਂ ਘਟਨਾਵਾਂ ਤੋਂ ਮਿਲਦਾ ਸੀ ਜੋ ਮੈਨੂੰ ਕਦੇ ਨਹੀਂ ਭੁਲਣਗੀਆਂ।
ਇਕ ਰਾਤ ਅਸੀਂ ਕਹਾਣੀ ਦੇ ਕੇਂਦਰੀ ਪਾਤਰ, ਪ੍ਰਧਾਨ ਮੰਡਲ ਦੇ ਕਲਕੱਤੇ ਦੀਆਂ ਸੜਕਾਂ ਉਤੇ ਭੁੱਖ ਨਾਲ ਸਿਸਕ-ਸਿਸਕ ਕੇ ਪ੍ਰਾਣ ਛੱਡਣ ਦਾ ਸੀਨ ਲੈ ਰਹੇ ਸਾਂ ਜੋ ਇਸ ਪ੍ਰਕਾਰ ਸੀ: ਬੁੱਢੇ ਕਿਸਾਨ ਦਾ ਸਰੀਰ ਤੇਜ਼ ਬੁਖਾਰ ਨਾਲ ਕੰਬ ਰਿਹਾ ਹੈ। ਉਸ ਦੀ ਬੁੱਢੀ ਵਹੁਟੀ (ਉਸ਼ਾ ਸੇਨ ਗੁਪਤਾ), ਉਸ ਦਾ ਵੱਡਾ ਲੜਕਾ (ਬਲਰਾਜ ਸਾਹਨੀ), ਛੋਟਾ ਲੜਕਾ (ਅਨਵਰ), ਵਡੀ ਨੂੰਹ (ਦਮਯੰਤੀ ਸਾਹਨੀ), ਛੋਟੀ ਨੂੰਹ (ਤ੍ਰਿਪਤੀ ਭਾਦੁੜੀ) ਅਤੇ ਪਿੰਡ ਤੇ ਕੁਝ ਇਕ ਦੋ ਹੋਰ ਬੰਦੇ ਉਹਨੂੰ ਘੇਰੀ ਬੈਠੇ ਹਨ। ਬਦਹਵਾਸੀ ਵਿਚ ਬੁੱਢੇ ਕਿਸਾਨ ਨੂੰ ਆਪਣੀਆਂ ਪੈਲੀਆਂ ਯਾਦ ਆਉਂਦੀਆਂ ਹਨ, ਝੋਨੇ ਦੀਆਂ ਝੂਮਦੀਆਂ ਫਸਲਾਂ, ਤੇ ਉਹ ਆਪਣੇ ਪੁੱਤਰਾਂ ਨੂੰ ਦਾਤਰੀਆਂ ਫੜ ਕੇ ਨੱਠਣ ਲਈ ਵੰਗਾਰਦਾ ਹੈ। “ਕਾਟੋ, ਜੋਰ ਸੇ ਕਾਟੋ”, ਉਹ ਹੱਸ-ਹੱਸ ਕੇ ਕੂਕਦਾ ਹੈ, ਜਿਵੇਂ ਵੱਟਾਂ ਉਤੇ ਖੜ੍ਹਾ ਕਟਾਈ ਦਾ ਨਜ਼ਾਰਾ ਵੇਖ ਰਿਹਾ ਹੋਵੇ। “ਕਿਤਨਾ ਧਾਨ, ਕਿਤਨਾ ਬਹੁਤ-ਬਹੁਤ ਧਾਨ!”
ਤੇ ਉਹ ਮਰ ਜਾਂਦਾ ਹੈ।
ਫੁੱਟਪਾਥ ਤੇ ਸੜਕ ਦਾ ਸੈੱਟ ਸਟੂਡੀਓ ਦੇ ਅੰਦਰ ਹੀ ਲਗਿਆ ਹੋਇਆ ਸੀ। ਪਹਿਲਾਂ ਕੈਮਰਾ ਦੂਰ ਰੱਖ ਕੇ ਲਾਂਗ ਸ਼ਾਟ ਵਿਚ ਇਹ ਸਾਰਾ ਦ੍ਰਿਸ਼ ਖਿੱਚ ਲਿਆ ਗਿਆ। ਇਸ ਲਈ ਤਿੰਨ ਚਾਰ ਘੰਟੇ ਲਾਈਟਿੰਗ ਵਿਚ ਲੱਗੇ ਪਰ ਅਸਿਸਟੈਂਟ ਡਾਇਰੈਕਟਰ ਕੈਮਰਾ ਡਿਪਾਰਟਮੈਂਟ ਦੀ ਅਣਗਹਿਲੀ ਕਾਰਨ ਫੁੱਟਪਾਥ ਉੱਤੇ ਲਗਾਏ ਬਿਜਲੀ ਦੇ ਖੰਭਿਆਂ ਦੀਆਂ ਲਾਈਟਾਂ ਅਣਜਗੀਆਂ ਰਹਿ ਗਈਆਂ। ਜਦੋਂ ਕੈਮਰਾ ਚੁੱਕ ਕੇ ਬੁੱਢੇ ਕਿਸਾਨ ਦੇ ‘ਕਲੋਜ਼-ਅਪ’ ਉਤੇ ਲਿਆਏ ਤਾਂ ਇਸ ਗਲਤੀ ਦਾ ਗਿਆਨ ਹੋਇਆ। ਹੁਣ ਕੀ ਕਰੀਏ? ਉਦੋਂ ਤਕ ਸਟੂਡੀਓ ਦੀਆਂ ਸਾਰੀਆਂ ਲਾਈਟਾਂ ਹਿਲਾਈਆਂ ਜਾ ਚੁਕੀਆਂ ਸਨ। ਹਨੇਰੀ ਰਾਤ ਵਿਚ ਬੁੱਢੇ ਕਿਸਾਨ ਦੇ ਚਿਹਰੇ ਉਪਰ ਚਾਨਣ ਪਾਉਣ ਦਾ ਇਕੋ-ਇਕ ਬਹਾਨਾ ਬਿਜਲੀ ਦੇ ਖੰਭੇ ਦੀ ਲਾਈਟ ਸੀ ਜੋ ‘ਲਾਂਗ ਸ਼ਾਟ’ ਵਿਚ ਅਣਜਗੀ ਰਹਿ ਗਈ ਸੀ।
ਸਭ ਇਕ ਦੂਜੇ ਦਾ ਮੂੰਹ ਵੇਖਣ ਤੇ ਦੋਸ਼ ਦੇਣ ਲੱਗ ਗਏ। ਜੇ ਪਹਿਲੇ ਸ਼ਾਟ ਨੂੰ ਦੁਬਾਰਾ ਲਈਏ, ਤਾਂ ਲਾਈਟਿੰਗ ਲਈ ਫੇਰ ਚਾਰ ਘੰਟੇ ਚਾਹੀਦੇ ਸਨ। ਇਸ ਤਰ੍ਹਾਂ ਪੂਰੀ ਸ਼ਿਫਟ ਹੀ ਬਰਬਾਦ ਹੋ ਜਾਂਦੀ।
ਅਚਨਚੇਤ ਲਾਈਟਿੰਗ ਵਿਭਾਗ ਦੇ ਇਕ ਮਜ਼ਦੂਰ ਨੇ ਸੁਝਾਅ ਪੇਸ਼ ਕੀਤਾ। ਸ਼ੁਰੂ ਵਿਚ ਕਿਸਾਨ ਦੇ ‘ਕਲੋਜ਼-ਅਪ’ ਨੂੰ ਬੇਸ਼ੱਕ ਨ੍ਹੇਰਾ ਰੱਖਿਆ ਜਾਏ। ਫੇਰ ਬਰੜਾਂਦੇ ਦੇ ਚਿਹਰੇ ਉਪਰ ਝੱਟ ਕਿਸੇ ਦੂਰੋਂ ਆਉਂਦੀ ਮੋਟਰ ਦਾ ਲਿਸ਼ਕਾਰਾ ਆ ਪਏ। ਜਿਉਂ-ਜਿਉਂ ਉਹ ਆਵੇਸ਼ ਵਿਚ ਆਏ, ਲਿਸ਼ਕਾਰਾ ਤੇਜ਼ ਹੁੰਦਾ ਜਾਏ। ਉਹਦੇ ਮਰਦਿਆਂ ਸਾਰ ਸ਼ਾਟ ਕੱਟ ਕਰ ਕੇ ਫੇਰ ਕਿਸੇ ਹੋਰ ਐਂਗਲ ਤੋਂ ਵਿਖਾਇਆ ਜਾਏ ਕਿ ਇਧਰ ਕਿਸਾਨ ਦਾ ਪਰਿਵਾਰ ਚੀਕਾਂ ਮਾਰਦਾ ਉਸ ਦੀ ਲਾਸ਼ ਉਪਰ ਡਿੱਗ ਪੈਂਦਾ ਹੈ, ਤੇ ਉਸੇ ਵੇਲੇ ਇਕ ਚਮ-ਚਮਾਂਦੀ ਮੋਟਰ ਜਿਵੇਂ ਉਹਨਾਂ ਦੀ ਬਿਪਤਾ ਉਤੇ ਹਾਸੀ ਉਡਾਉਂਦੀ, ਐਨ ਕੋਲੋਂ ਦੀ ਹੋ ਕੇ ਲੰਘ ਜਾਂਦੀ ਹੈ।
ਏਸ ਤਜਵੀਜ਼ ਨੂੰ ਸੁਣ ਕੇ ਅਸੀਂ ਸਕਤੇ ਵਿਚ ਆ ਗਏ। ਅੱਬਾਸ, ਸ਼ੰਭੂ, ਗੁਪਤੇ, ਮੈਂ, ਕੈਮਰਾਮੈਨ ਕਪਾਡੀਆ ਸਭ ਅਸ਼-ਅਸ਼ ਕਰ ਉੱਠੇ। ਬੁਧੀਵਾਨਾਂ ਦੀ ਕੀਤੀ ਗਲਤੀ ਨੂੰ ਅਣਪੜ੍ਹ ਮਜ਼ਦੂਰ ਨੇ ਮਹਾਨ ਕਲਾ ਵਿਚ ਬਦਲ ਦਿੱਤਾ। ‘ਧਰਤੀ ਕੇ ਲਾਲ’ ਦਾ ਸੰਗੀਤ ਰਵੀ ਸ਼ੰਕਰ ਨੇ ਦਿੱਤਾ ਸੀ। ਉਪਰੋਕਤ ਸੀਨ ਦੇ ਪਿਛੋਕੜ ਉਹਨੇ ਕੇਵਲ ਇਕ ਬੰਸਰੀ ਦੀ ਅਵਾਜ਼ ਭਰੀ, ਜਿਵੇਂ ਮਰਨ ਤੋਂ ਬਾਅਦ ਕਿਸਾਨ ਦੀ ਰੂਹ ਮੋਟਰ ਦੇ ਉਤੋਂ ਦੀ ਹੋ ਕੇ ਸਚਮੁਚ ਆਪਣੇ ਖੇਤਾਂ ਵਲ ਉੱਡ ਗਈ ਹੋਵੇ। ਇੰਜ ਇਹ ਸਾਡੀ ਫਿਲਮ ਦਾ ਅਤਿਅੰਤ ਹਿਰਦੇ-ਵੇਧਕ ਸੀਨ ਬਣ ਗਿਆ।
ਅਤੇ ਇਹ ਇਕ ਐਸੇ ਵਰਗ ਦੇ ਆਦਮੀ ਦੀ ਦੇਣ ਸੀ ਜਿਸ ਦੀ ਸ਼ੂਟਿੰਗ ਵੇਲੇ ਕਿਸੇ ਸਫੈਦ-ਪੋਸ਼ ਨਾਲ ਗੱਲ ਕਰਨ ਤਕ ਦੀ ਹਿੰਮਤ ਨਹੀਂ ਪੈਂਦੀ, ਸਲਾਹ-ਮਸ਼ਵਰਾ ਦੇਣਾ ਤਾਂ ਵੱਖ ਰਿਹਾ। ਬਕੌਲ-ਸ਼ਖਸੇ “ਹਮ ਭੀ ਮੂੰਹ ਮੇਂ ਜ਼ਬਾਨ ਰਖਤੇ ਹੈਂ, ਕਾਸ਼ ਪੂਛੋ ਕਿ ਮੁਦਆ ਕਿਆ ਹੈ।”
ਸਾਡੇ ਯੂਨਿਟ ਵਿਚ ਝੂਠੀ ਸ਼ਾਨ ਅਤੇ ਪੈਸੇ ਦੀ ਹੈਂਕੜ ਦਾ ਅਭਾਵ ਵੇਖ ਕੇ ਹੀ ਉਸ ਮਜ਼ਦੂਰ ਨੂੰ ਮੂੰਹ ਖੋਲ੍ਹਣ ਦਾ ਜੇਰਾ ਹੋਇਆ ਸੀ। ਸੱਚ ਤਾਂ ਇਹ ਹੈ ਕਿ ਪਰੋਲਤਾਰੀ ਸੂਝ-ਬੂਝ ਰਖਣ ਵਾਲੇ ਮਜ਼ਦੂਰ ਸਾਡੀ ਫਿਲਮ ਨੂੰ ਆਪਣੀ ਹੀ ਗਿਣਨ ਲਗ ਪਏ ਸਨ। ਕਮਿਊਨਿਸਟ ਪਾਰਟੀ, ਟਰੇਡ ਯੂਨੀਅਨਾਂ ਤੇ ਕਿਸਾਨ ਸਭਾ ਦੀ ਹਦਾਇਤ ਹੇਠ ਸੈਂਕੜੇ ਕਿਸਾਨ, ਮਜ਼ਦੂਰ, ਤੀਵੀਂਆਂ, ਮਰਦ ਤੇ ਬੱਚੇ ਨਿੱਕੇ-ਨਿੱਕੇ ਪਾਰਟ ਕਰਨ ਲਈ ਬਿਲਾ-ਮੁਆਵਜ਼ਾ ਅੰਦਰੂਨੀ ਤੇ ਬੈਰੂਨੀ ਸ਼ੂਟਿੰਗ ਵਿਚ ਸ਼ਾਮਲ ਹੁੰਦੇ ਸਨ। ਬੰਗਾਲੀ ਕਿਸਾਨਾਂ ਦੇ ਪਿੰਡ ਛੱਡ ਕੇ ਸ਼ਹਿਰ ਵਲ ਪਰਵਾਸ ਕਰਨ ਦੇ ਸੀਨ ਵਿਚ ਹਜ਼ਾਰਾਂ ਕਿਸਾਨਾਂ ਨੇ ਭਾਗ ਲਿਆ ਸੀ, ਸਵੇਰੇ ਚਾਰ ਵਜੇ ਤੋਂ ਇਪਟਾ ਦੀਆਂ ਬੰਗਾਲਣ ਕੁੜੀਆਂ ਨੇ ਪੇਂਡੂ ਮਰਾਠਣਾਂ ਨੂੰ ਬੰਗਾਲੀ ਢੰਗ ਨਾਲ ਧੋਤੀ ਬੰਨ੍ਹਣਾ ਸਿਖਾਉਣਾ ਸ਼ੁਰੂ ਕਰ ਦਿੱਤਾ ਸੀ। ਚਾਰ ਦਿਨ ਤਕ ਕਾਪੜਨੇ ਪਿੰਡ ਦੇ ਕਿਸਾਨਾਂ ਨੇ ਨਾ ਕੇਵਲ ਸਾਨੂੰ ਪੈਲੀਆਂ ਵਿਚ ਊਧਮ ਮਚਾਉਣ ਦੀ ਛੁੱਟੀ ਦਿੱਤੀ ਰੱਖੀ ਸਗੋਂ ਪ੍ਰਾਹੁਣਿਆਂ ਵਾਂਗ ਖੁਆਇਆ ਪਿਆਇਆ ਵੀ।
ਪਰ ਅਫਸੋਸ, ਜਿਹੜੀਆਂ ਆਸਾਂ ਇਪਟਾ ਦੇ ਆਮ ਮੈਂਬਰਾਂ ਨੇ ਇਸ ਫਿਲਮੀ ਯੋਜਨਾ ਉਪਰ ਲਾਈਆਂ ਹੋਈਆਂ ਸਨ, ਆਗੂਆਂ ਦੀ ਨਾਇਤਫਾਕੀ ਕਾਰਨ ਮਿੱਟੀ ਵਿਚ ਮਿਲ ਗਈਆਂ। ਅੰਦਰੇ-ਅੰਦਰ ਸਾਡੇ ਭੇਦ-ਭਾਵ ਤਿੱਖੇ ਹੁੰਦੇ ਚਲੇ ਗਏ। ਮੌਕਾ-ਤਾੜੂਆਂ ਨੇ ਆਪਣੇ ਸੁਆਰਥ ਸਿੱਧ ਕਰਨ ਲਈ ਆਗੂਆਂ ਦੁਆਲੇ ਧੜੇ ਬੰਨ੍ਹਣੇ ਸ਼ੁਰੂ ਕਰ ਦਿਤੇ। ਛੋਟੇ-ਮੋਟੇ ਫਿਲਮੀ ਕੰਮ ਵੀ ਹਜ਼ਾਰਾਂ ਰੁਪਿਆਂ ਦਾ ਰੋਜ਼ ਲੈਣ-ਦੇਣ ਹੁੰਦਾ ਹੈ। ਉਹ ਵੀ ਕਈ ਸਾਥੀਆਂ ਦੀ ਇਖਲਾਕੀ ਪੱਧਰ ਨੂੰ ਡੇਗਣ ਦਾ ਕਾਰਨ ਬਣਿਆ। ਜਿਸ ਕੰਮ ਨੂੰ ਇਤਨੇ ਚਾਅ ਨਾਲ ਸ਼ੁਰੂ ਕੀਤਾ ਗਿਆ ਸੀ, ਉਹ ਅੰਤ ਇਕ ਵਬਾਲ ਬਣ ਕੇ ਰਹਿ ਗਿਆ। ਛੇਤੀ-ਛੇਤੀ ਐਕਟਿੰਗ ਮੁਕੰਮਲ ਕਰ ਕੇ ਅੱਬਾਸ ਲਾਹੌਰ ਚਲਾ ਗਿਆ, ਜਿਥੇ ਉਹਨੂੰ ਹੋਰ ਇਕ ਫਿਲਮ ਦਾ ਕਾਂਟਰੈਕਟ ਮਿਲ ਗਿਆ। ਪਿਛੇ ‘ਧਰਤੀ ਕੇ ਲਾਲ’ ਡੱਬਿਆਂ ਵਿਚ ਪਈ ਲਾਵਾਰਸ ਰੁਲਦੀ ਰਹੀ। ਕਿਸੇ ਨੂੰ ਨਹੀਂ ਸੀ ਪਤਾ ਕਿ ਉਸ ਦਾ ਕੀ ਕਰਨਾ ਹੈ।
ਅੰਤ, ਜਿਸ ਦਿਨ ਉਹ ਰਿਲੀਜ਼ ਹੋਈ, ਉਸੇ ਦਿਨ ਸ਼ਹਿਰ ਵਿਚ ਫਿਰਕੂ ਫਸਾਦ ਛਿੜ ਪਏ। ਕਰਫਿਊ ਲਗ ਗਿਆ। ਫਿਲਮ ਬਣਾਉਣਾ ਵੀ ਫਸਲ ਉਗਾਉਣ ਵਾਂਗ ਕਿਸਮਤ ਨਾਲ ਜੂਆ ਖੇਡਣ ਵਾਲੀ ਗੱਲ ਹੈ। ਕਿਸੇ ਵੀ ਪੜਾਅ ਉਤੇ, ਤੇ ਕਿਸੇ ਵੀ ਕਾਰਨ ਤਿੰਨ ਕਾਣੇ ਹੋ ਸਕਦੇ ਹਨ। ਫਸਾਦ ਤਾਂ ਬਹੁਤ ਦਿਨ ਨਾ ਰਹੇ ਪਰ ਲੋਕਾਂ ਵਿਚ ਸਹਿਮ ਬਣਿਆ ਰਿਹਾ, ਤੇ ਸਿਨੇਮਾ ਹਾਲ ਖਾਲੀ ਪਏ ਰਹੇ। ਉਸ ਅਠਵਾੜੇ ਰਿਲੀਜ਼ ਹੋਈਆਂ ਸਾਰੀਆਂ ਫਿਲਮਾਂ ਆਪ-ਮੁਹਾਰ ਫੇਲ੍ਹ ਹੋ ਗਈਆਂ।
ਪਰ ਵਪਾਰਕ ਨਾਕਾਮਯਾਬੀ ਦੇ ਬਾਵਜੂਦ ‘ਧਰਤੀ ਕੇ ਲਾਲ’ ਕਲਾ ਦੇ ਪੱਖ ਤੋਂ ਨਾਕਾਮਯਾਬ ਫਿਲਮ ਨਹੀਂ ਸੀ। ਜਿਸ ਨੇ ਉਸ ਨੂੰ ਵੇਖਿਆ ਹੈ, ਉਹੀ ਤਾਰੀਫ ਕਰਦਾ ਹੈ। ਦੇਸ਼ ਤੋਂ ਕਿਤੇ ਵਧ ਬਿਦੇਸ਼ਾਂ ਵਿਚ ਉਸ ਦੀ ਕਦਰ ਹੋਈ। ਇੰਗਲੈਂਡ ਦੀ ਮਸ਼ਹੂਰ ਪੁਸਤਕ-ਮਾਲਾ, ‘ਪੈਨਗਵਿਨ’ ਨੇ ਆਪਣੇ ਇਕ ਅੰਕ ਵਿਚ ਉਹਨੂੰ ਫਿਲਮ ਇਤਿਹਾਸ ਦੀ ਇਕ ਅਹਿਮ ਫਿਲਮ ਮੰਨਿਆ। ਸਾਰੇ ਸੋਵੀਅਤ ਯੂਨੀਅਨ ਵਿਚ ਉਸ ਫਿਲਮ ਦੀ ਬਾਕਾਇਦਾ ਨੁਮਾਇਸ਼ ਹੋਈ, ਤੇ ਕਈ ਦੇਸ਼ਾਂ ਨੇ ਆਪਣੀਆਂ ਫਿਲਮ ਲਾਇਬਰੇਰੀਆਂ ਵਿਚ ਉਹਨੂੰ ਥਾਂ ਦਿਤੀ। ਨਿਰਸੰਦੇਹ ‘ਧਰਤੀ ਕੇ ਲਾਲ’ ਵਿਚ ਖਾਮੀਆਂ ਦੀ ਭਰਮਾਰ ਸੀ ਪਰ ਕਈ ਖੂਬੀਆਂ ਵੀ ਐਸੀਆਂ ਸਨ ਜੋ ਫਿਲਮਾਂ ਵਿਚ ਘੱਟ ਕਿਤੇ ਵੇਖਣ ਵਿਚ ਆਉਂਦੀਆਂ ਹਨ। ਜਿਸ ਵੱਡੇ ਪੈਮਾਨੇ ਉਤੇ ਕਿਸਾਨਾਂ ਮਜ਼ਦੂਰਾਂ ਨੇ ਉਸ ਵਿਚ ਨਿਰਸੁਆਰਥ ਹੋ ਕੇ ਹਿੱਸਾ ਪਾਇਆ ਸੀ, ਉਹਨੇ ਵੱਡੇ ਤੋਂ ਵੱਡੇ ਪ੍ਰੋਡਿਊਸਰ ਨੂੰ ਵੀ ਦੰਦਾਂ ਵਿਚ ਉਂਗਲੀਆਂ ਪਾਉਣ ਉਤੇ ਮਜਬੂਰ ਕਰ ਦਿੱਤਾ ਸੀ। ਫਿਲਮ ਦੇ ਹਰ ਦ੍ਰਿਸ਼ ਵਿਚੋਂ ਸਚਿਆਈ, ਦਿਆਨਤਦਾਰੀ ਤੇ ਮਨੁੱਖੀ ਭਾਵਨਾ ਉਘੜ ਰਹੀ ਸੀ। ਇਕ ਪ੍ਰੋਡਿਊਸਰ ਨੇ ਫਿਲਮ ਵੇਖ ਕੇ ਮੈਨੂੰ ਕਿਹਾ ਸੀ, “ਤੁਸਾਂ ਤਾਂ ਯਥਾਰਥਵਾਦ ਵਿਚ ਰੂਸੀਆਂ ਨੂੰ ਵੀ ਮਾਤ ਕਰ ਛੱਡਿਆ ਏ!”
ਬਿਮਲ ਰਾਏ ਨੇ ‘ਦੋ ਬਿੱਘਾ ਜ਼ਮੀਨ’ ਅਤੇ ਸਤਿਆਜੀਤ ਰਾਏ ਨੇ ‘ਪਥੇਰ ਪਾਂਚਾਲੀ’ ਵਿਚ ਓਹੀ ਰਾਹ ਫੜਿਆ ਜਿਸ ਦੇ ਕੰਡੇ ‘ਧਰਤੀ ਕੇ ਲਾਲ’ ਨੇ ਸਾਫ ਕੀਤੇ ਸਨ ਪਰ ਅਫਸੋਸ, ਅੱਬਾਸ ਨੇ ਆਪ ਉਹ ਰਾਹ ਛੱਡ ਦਿਤਾ। ਉਸ ਪਿਛੋਂ ਅੱਬਾਸ ਨੇ ਕਿਤਨੀਆਂ ਹੀ ਹੋਰ ਫਿਲਮਾਂ ਬਣਾਈਆਂ ਪਰ ਘਟ-ਵਧ ਹੀ ਕਿਸੇ ਵਿਚੋਂ ‘ਧਰਤੀ ਕੇ ਲਾਲ’ ਵਾਲੀ ਵਾਸ਼ਨਾ ਆਈ ਹੈ, ਤੇ ਨਾ ਹੀ ਉਸ ਪਹਿਲੀ ਫਿਲਮ ਜਿਤਨਾ ਜੱਸ ਅੱਬਾਸ ਨੇ ਫੇਰ ਕਿਸੇ ਫਿਲਮ ਵਿਚੋਂ ਖੱਟਿਆ ਹੈ। ਜਿਸ ਹੱਦ ਤਕ ਅਸੀਂ ਮਿਲ ਕੇ ਤੁਰੇ, ‘ਧਰਤੀ ਕੇ ਲਾਲ’ ਇਕ ਕਾਮਯਾਬ ਪ੍ਰਯੋਗ ਸੀ। ਜੋ ਸਾਡੇ ਅੰਦਰ ਧੀਰਜ ਹੁੰਦਾ, ਨਿਰਮਾਣਤਾ ਹੁੰਦੀ, ਇਕ-ਦੂਜੇ ਪ੍ਰਤੀ ਸਨਮਾਨ ਹੁੰਦਾ, ਸੱਚੀ ਸਹਿਯੋਗਤਾ ਦਾ ਗਿਆਨ ਹੁੰਦਾ ਤਾਂ ਅਸੀਂ ‘ਧਰਤੀ ਕੇ ਲਾਲ’ ਨੂੰ ਸ਼ਾਹਕਾਰ ਫਿਲਮ ਹੀ ਨਹੀਂ ਸਾਂ ਬਣਾ ਸਕਦੇ ਸਗੋਂ ਇਕ ਐਸੀ ਸੰਸਥਾ ਵੀ ਕਾਇਮ ਕਰ ਸਕਦੇ ਸਾਂ ਜੋ ਦੇਸ਼ ਕਲਿਆਣ ਲਈ ਫਿਲਮਾਂ ਬਣਾਉਂਦੀ ਚਲੀ ਜਾਂਦੀ ਪਰ ਇਹ ਸਾਡੇ ਨਸੀਬਾਂ ਵਿਚ ਨਹੀਂ ਸੀ ਲਿਖਿਆ। (ਚੱਲਦਾ)