ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਐਮ.ਐਸ.ਸੀ. ਕਰਦਿਆਂ ਸਾਰ ਮਨ ਵਿਚ ਸੀ ਕਿ ਪੀ.ਐਚਡੀ ਕਰਾਂ ਅਤੇ ਬਾਪ ਦੀ ਅੱਖ ਵਿਚ ਪ੍ਰੈਪ ਵਿਚੋਂ ਫੇਲ੍ਹ ਹੋਣ ਦੇ ਹਿਰਖ਼ ਨੂੰ ਸਹਿਲਾਵਾਂ ਪਰ ਘਰ ਦੇ ਆਰਥਿਕ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ, ਪੀ.ਐਚਡੀ ਕਰਨ ਦਾ ਵਿਚਾਰ ਤਿਆਗ ਕੇ ਨੌਕਰੀ ਦੀ ਭਾਲ ਵਿਚ ਤੁਰ ਪਿਆ। ਭਾਵੇਂ ਕਿ ਐਮ.ਐਸ. ਸੀ ਦੇ ਰਿਜ਼ਲਟ ਆਉਣ ‘ਤੇ ਡਾ. ਖੁਰਾਨਾ ਨੇ ਜ਼ੋਰ ਲਾਇਆ ਸੀ ਕਿ ਮੈਂ ਪੀ.ਐਚਡੀ ਕਰਾਂ।
ਮਨੁੱਖ ਦੀ ਸਫ਼਼ਲਤਾ ਦਾ ਰਾਜ਼ ਹੀ ਇਸ ਵਿਚ ਹੁੰਦਾ ਹੈ ਕਿ ਕੀ ਉਸਦੀ ਸੋਚ ਵਿਚ ਨਵੇਂ ਫੁਰਨੇ ਫੁਰਦੇ ਨੇ? ਕੀ ਉਹ ਆਪਣੀਆਂ ਤਮੰਨਾਵਾਂ ਨੂੰ ਸੰਗੋੜਦਾ ਹੈ ਜਾਂ ਫੈਲਾਉਂਦਾ ਹੈ? ਕੀ ਉਹ ਇਕ ਮੁਕਾਮ ‘ਤੇ ਆ ਕੇ ਠਹਿਰ ਜਾਂਦਾ? ਕੀ ਸਾਰੀ ਜਿ਼ੰਦਗੀ ਉਸ ਹੀ ਮੁਕਾਮ ਦੇ ਨਾਮ ਲਾ ਉਮਰ ਦੇ ਪੈਂਡੇ ਨੂੰ ਖੋਟਾ ਕਰ ਜਾਂਦਾ? ਕੀ ਉਸਦੇ ਮਨ ਵਿਚ ਲਏ ਹੋਏ ਸੁਪਨੇ ਜਿਉਂਦੇ ਨੇ? ਕੀ ਕਦੇ ਕਦਾਈਂ ਉਹ ਅਧੂਰੇ ਸੁਪਨਿਆਂ ਨੂੰ ਮਿਲਦਾ ਹੈ ਅਤੇ ਉਨ੍ਹਾਂ ਦਾ ਸੱਚ ਸਿਰਜਣ ਲਈ ਆਪਣੀਆਂ ਕੋਸਿ਼ਸਾਂ ਨੂੰ ਸਾਣ ‘ਤੇ ਲਾਉਂਦਾ ਹੈ? ਕੀ ਉਹ ਨਵੀਆਂ ਤਦਬੀਰਾਂ ਨੂੰ ਆਪਣੀ ਤਾਂਘ ਬਣਾਉਂਦਾ ਹੈ? ਕੀ ਉਸਨੂੰ ਚੇਤਿਆਂ ਵਿਚ ਸੱਜਰੇ ਲੱਗਦੇ ਨੇ ਉਹ ਪਲ ਜਦ ਤਿੜਕੇ ਸੁਪਨੇ ਦੀ ਚੀਸ ਸੀਨੇ ਵਿਚ ਛੇਕ ਕਰ ਗਈ ਸੀ ਅਤੇ ਇਸਦੀ ਪੀੜਾ ਵਿਚ ਉਹ ਖੁ਼ਦ ਵੀ ਪੀੜ ਪੀੜ ਹੋਇਆ ਸੀ? ਆਪਣੇ ਮਾਪਿਆਂ ਨੂੰ ਵੀ ਪੀੜਾਂ ਵਣਜਦੀਆਂ ਸਨ? ਕੀ ਉਹ ਨਵੀਂ ਅਤੇ ਉਚੇਰੀ ਪ੍ਰਵਾਜ਼ ਭਰਨ ਲਈ ਤਿਆਰ ਹੈ? ਕੀ ਉਸਨੂੰ ਆਪਣੇ ਆਪ ‘ਤੇ ਭਰੋਸਾ ਹੈ ਕਿ ਉਹ ਜੀਵਨ ਦੇ ਕਿਸੇ ਵੀ ਪੜਾਅ ਵਿਚ ਆਪਣੇ ਸੁਪਨਿਆਂ ਦੀ ਅਪੂਰਤੀ ਨੂੰ ਪੂਰਨਤਾ ਦਾ ਵਰਦਾਨ ਦੇ ਸਕਦਾ ਹੈ?
ਅਸੀਂ ਸਾਰੇ ਸੁਪਨੇ ਲੈਂਦੇ ਹਾਂ ਅਤੇ ਫਿਰ ਸੁਪਨਿਆਂ ਨੂੰ ਭੁੱਲਣ ਦੀ ਆਦਤ ਪਾ ਲੈਂਦੇ ਹਾਂ। ਬਹੁਤੀ ਵਾਰ ਸਾਡੇ ਸੁਪਨਿਆਂ ਦੀ ਤਾਸੀਰ ਅਤੇ ਤਕਦੀਰ ਵੀ ਸਮੇਂ ਨਾਲ ਬਦਲਦੀ ਰਹਿੰਦੀ ਹੈ। ਸਾਨੂੰ ਯਾਦ ਹੀ ਨਹੀਂ ਰਹਿੰਦਾ ਕਿ ਅਸੀਂ ਕਿਸ ਰੁੱਤੇ ਕਿਹੜਾ ਸੁਪਨਾ ਲਿਆ ਸੀ ਅਤੇ ਕਿਹੜੇ ਸੁਪਨੇ ਨੂੰ ਪੂਰਾ ਕਰਨ ਲਈ ਖ਼ੁਦ ਨੂੰ ਅਰਪਿਤ ਕਰਨ ਦਾ ਪ੍ਰਣ ਲਿਆ ਸੀ। ਸਿਰਫ਼ ਕੁਝ ਬੇਹਿੰਮਤੇ ਅਤੇ ਸਿਰੜਹੀਣ ਲੋਕ ਹੁੰਦੇ ਨੇ ਜੋ ਆਪਣੀ ਤਕਦੀਰ ਨੂੰ ਕੋਸਦੇ, ਆਪਣੀਆਂ ਪੈੜਾਂ ਨੂੰ ਗਵਾਚਣ ਦੇ ਰਾਹ ਤੋਰਦੇ ਅਤੇ ਫਿਰ ਸੁਪਨਿਆਂ ਦਾ ਧੁੰਧਲਕਾ ਉਨ੍ਹਾਂ ਦੀ ਜਿ਼ੰਦਗੀ ਦੇ ਉਜਵਲ ਭਵਿੱਖ ਨੂੰ ਵੀ ਗਹਿਰ ਨਾਲ ਭਰ ਦੇਂਦਾ।
ਜ਼ਰੂਰੀ ਹੁੰਦਾ ਹੈ ਆਪਣੇ ਪੈਰਾਂ ਵਿਚ ਸਫ਼ਰ ਨੂੰ ਉਗਾਉਣਾ, ਆਪਣੇ ਦੀਦਿਆਂ ਵਿਚ ਉਚੇ ਦਿਸਹੱਦਿਆਂ ਵੰਨੀਂ ਝਾਕਣਾ ਅਤੇ ਆਪਣੀ ਸੋਚ ਦੀ ਪ੍ਰਵਾਜ਼ ਨੂੰ ਅੰਬਰ ਦਾ ਹਾਣੀ ਬਣਾਈ ਰੱਖਣਾ, ਇਸ ਨਾਲ ਕਿਸੇ ਵੀ ਅਸਥਾਈ ਰੁਕਾਵਟ ਦੇ ਕੋਈ ਅਰਥ ਨਹੀਂ ਰਹਿਣਗੇ। ਫਿਰ ਰਾਹਾਂ ਦਾ ਘੱਟਾ ਤੁਹਾਡੇ ਮਸਤਕ ਦੀ ਧੂੜ ਬਣ ਕੇ ਤੁਹਾਡੀਆਂ ਬਲਾਵਾਂ ਉਤਾਰਦਾ, ਤੁਹਾਡੀਆਂ ਪੈੜਾਂ ਨੂੰ ਨਤਮਸਤਕ ਹੋਵੇਗਾ।
ਸਰਕਾਰੀ ਕਾਲਜ ਦੀ ਸਥਾਈ ਨੌਕਰੀ ਮਿਲਣ ਅਤੇ ਸਿਰ ‘ਤੇ ਛੱਤ ਅਤੇ ਆਪਣੇ ਪਰਿਵਾਰ ਦੇ ਨਿੱਘ ਨੂੰ ਮਾਣਦਿਆਂ ਵੀ ਮਨ ਵਿਚ ਇਕ ਕਸਕ ਜ਼ਰੂਰ ਉਠਦੀ ਸੀ ਕਿ ਮੈਂ ਪੀ.ਐਚਡੀ ਕਰਾਂ। ਇਹ ਸੁਪਨਾ ਮੇਰੇ ਅਵਚੇਤਨ ਵਿਚ ਅਕਸਰ ਹੀ ਮੈਨੂੰ ਕੁਰੇਦਦਾ ਰਹਿੰਦਾ। ਇਸ ਸੁਪਨੇ ਨਾਲ ਹੀ ਬਹੁਤ ਕੁਝ ਅਜਿਹਾ ਜੁੜਿਆ ਹੋਇਆ ਸੀ ਜਿਸਨੂੰ ਪੂਰਾ ਕਰਨ ਲਈ ਮੈਂ ਆਪਣੇ ਆਪ ਨੂੰ ਪ੍ਰਖਣਾ ਅਤੇ ਨਿਰੀਖਣਾ ਚਾਹੁੰਦਾ ਸਾਂ। ਇਸ ਚਾਹਤ ਵਿਚੋਂ ਹੀ ਉਗਮੇ ਮੇਰੇ ਖਿ਼ਆਲ ਨੂੰ ਅਸਲੀਅਤ ਦਾ ਜਾਮਾ ਪਾਉਣ ਲਈ ਇਕ ਦਿਨ ਮੈਂ ਆਪਣੇ ਮਿੱਤਰ, ਬੀ.ਐਸ.ਸੀ. ਤੇ ਐਮ.ਐਸ.ਸੀ. ਵਿਚ ਮੇਰੇ ਤੋਂ ਇਕ ਸਾਲ ਜੂਨੀਅਰ ਅਤੇ ਗੁਰੂ ਨਾਨਕ ਯੂਨੀਵਰਸਿਟੀ ਵਿਚ ਫਿ਼ਜਿ਼ਕਸ ਵਿਭਾਗ ਵਿਚ ਅਸਿਸਟੈਂਟ ਪੋ੍ਰਫੈਸਰ ਵਜੋਂ ਕਾਰਜਸ਼ੀਲ ਡਾ. ਕੁਲਵੰਤ ਸਿੰਘ ਨੂੰ ਮਿਲਿਆ ਅਤੇ ਉਸ ਨਾਲ ਪੀ.ਐਚਡੀ ਕਰਨ ਦੀ ਇੱਛਾ ਜ:ਾਹਰ ਕੀਤਾ। ਇਹ ਡਾ. ਥਿੰਦ ਦੀ ਵਡੱਤਣ ਅਤੇ ਮੁਹੱਬਤੀ ਅੰਦਾਜ਼ ਸੀ ਕਿ ਉਸ ਨੇ ਇਸਦੀ ਹਾਮੀ ਭਰੀ ਅਤੇ ਮੈਂ ਪੀ.ਐਚਡੀ ਕਰਨ ਦਾ ਮਨ ਵਿਚ ਧਾਰ ਲਿਆ।
ਸਾਇੰਸ ਵਿਚ ਪੀ.ਐਚਡੀ ਕਰਨਾ, ਬਹੁਤ ਹੀ ਮਿਹਨਤ ਅਤੇ ਸਿਰੜ ਵਾਲਾ ਕਾਰਜ ਹੈ ਜਿਸ ਵਿਚ ਤੁਹਾਡੀ ਮਿਹਨਤ, ਨਿਰੰਤਰਤਾ, ਧਿਆਨ ਦਾ ਕੇਂਦਰੀਕਰਨ ਅਤੇ ਆਪਣੇ ਆਪ ਨੂੰ ਇਕ ਨਿਸ਼ਚਿਤ ਸੀਮਾ ਵਿਚ ਬੰਨ੍ਹ ਕੇ ਸਮੇਂ ਸਿਰ ਪੂਰਾ ਕਰਨਾ ਹੂੰਦਾ। ਇਹ ਖੋਜ ਕਾਰਜ ਪ੍ਰਯੋਗਕੀ ਅਤੇ ਥਿਊਰੀਕਲ ਹੁੰਦਾ ਹੈ। ਇਸ ਵਿਚ ਤੁਹਾਡੇ ਗਾਈਡ ਨੇ ਸਿਰਫ਼ ਗਾਈਡ ਕਰਨਾ ਹੁੰਦਾ। ਇਹ ਖੋਜਾਰਥੀ ‘ਤੇ ਨਿਰਭਰ ਕਰਦਾ ਕਿ ਉਹ ਆਪਣੇ ਗਾਈਡ ਦੇ ਦਿਸ਼ਾ-ਨਿਰਦੇਸ਼ਾਂ ਦੀ ਆਗਿਆ ਦਾ ਪਾਲਣ ਕਰਦਿਆਂ ਖ਼ੁਦ ਨੂੰ ਕਿੰਨਾ ਕੁ ਸਾਧਦਾ ਹੈ? ਆਪਣੇ ਖੋਜ-ਕਾਰਜ ਪ੍ਰਤੀ ਕਿੰਨਾ ਸਮਰਪਿਤ, ਸੰਜੀਦਾ ਅਤੇ ਸਮਝਦਾਰ ਹੈ। ਇਸ ਵਿਚ ਤੀਸਰੀ ਅੱਖ ਰਾਹੀਂ ਝਾਕਣਾ ਬਹੁਤ ਅਹਿਮ ਹੁੰਦਾ ਕਿ ਤੁਸੀਂ ਕੋਈ ਵੀ ਖੋਜ-ਕਾਰਜ ਕਰਦਿਆਂ, ਇਸ ‘ਚੋਂ ਕਿਹੋ ਜਿਹੇ ਸਿੱਟੇ ਕਿਆਸ ਕਰ ਸਕਦੇ ਹੋ? ਇਨ੍ਹਾਂ ਵਿਚੋਂ ਕਿਹੜੇ ਨਵੇਂ ਤੱਥ ਸਾਹਮਣੇ ਲਿਆ ਸਕਦੇ ਹੋ ਜਿਨ੍ਹਾਂ ਵਿਚੋਂ ਭੌਤਿਕ ਵਿਗਿਆਨ ਨੂੰ ਸਮੁੱਚਤਾ ਵਿਚ ਵਰਤਿਆ ਤੇ ਸਮਝਿਆ ਜਾ ਸਕਦਾ? ਇਸ ਦੀਆਂ ਕਿਹੜੀਆਂ ਲੱਭਤਾਂ ਵਿਚੋਂ ਮਨੁੱਖ ਨੂੰ ਖ਼ੁਦ ਨੂੰ ਵਿਸਥਾਰਤ ਕਰਨ ਦਾ ਮੌਕਾ ਮਿਲਦਾ ਹੈ?
ਮੇਰਾ ਪੀ.ਐਚਡੀ ਦਾ ਵਿਸ਼ਾ ਸੀ ਕਿ ਰੇਡੀਆਈ ਕਿਰਨਾਂ (ਅਲਫ਼ਾ, ਬੀਟਾ ਅਤੇ ਗਾਮਾ ਕਿਰਨਾਂ) ਵੱਖੋ-ਵੱਖਰੇ ਪਦਾਰਥਾਂ ਵਿਚੋਂ ਕਿਵੇਂ ਲੰਘਦੀਆਂ ਅਤੇ ਉਨ੍ਹਾਂ ਵਿਚ ਜ਼ਜ਼ਬ ਹੁੰਦੀਆਂ ਨੇ? ਇਨ੍ਹਾਂ ਪਦਾਰਥਾਂ ਨੂੰ ਉਨ੍ਹਾਂ ਕਿਰਨਾਂ ਤੋਂ ਬਚਾਅ ਲਈ ਮਨੁੱਖ ਕਿਵੇਂ ਵਰਤ ਸਕਦਾ ਹੈ। ਇਸ ਖੋਜ ਕਾਰਜ ਵਿਚ ਕੁਝ ਹਿੱਸਾ ਪ੍ਰੋਯੋਗਕੀ ਅਤੇ ਕੁਝ ਥਿਊਰੀਕਲ ਸੀ। ਲੈਬ ਵਿਚ ਪ੍ਰਯੋਗ ਕਰਦਿਆਂ ਅਕਸਰ ਹੀ ਰੇਡੀਆਈ ਪਦਾਰਥਾਂ ਅਤੇ ਕਿਰਨਾਂ ਨਾਲ ਵਾਹ ਪੈਂਦਾ ਸੀ ਅਤੇ ਉਨ੍ਹਾਂ ਤੋਂ ਖੁਦ ਨੂੰ ਬਚਾਉਣਾ ਵੀ ਜ਼ਰੂਰੀ ਸੀ।
ਸ਼ੁਰੂ ਸ਼ੂਰੂ ਵਿਚ ਡਾ. ਥਿੰਦ ਨੂੰ ਲੱਗਦਾ ਕਿ ਸ਼ਾਇਦ ਮੈਂ ਪੀ.ਐਚਡੀ ਨੂੰ ਪੂਰਾ ਨਾ ਕਰ ਸਕਾਂ ਕਿਉਂਕਿ ਉਨ੍ਹਾਂ ਨੇ ਦੇਖਿਆ ਸੀ ਕਿ ਕੁਝ ਕਾਲਜਾਂ ਦੇ ਪ੍ਰੋਫੈਸਰ ਯੂਜੀਸੀ ਵਲੋਂ ਫ਼ੈਲੋਸਿ਼ਪ ਲੈ ਕੇ ਪੀ.ਐਚਡੀ ਕਰਨ ਲਈ ਆਊਂਦੇ ਸਨ ਅਤੇ ਪੰਜ ਸਾਲ ਗਵਾ ਕੇ ਬਿਨਾਂ ਪੀ.ਐਚਡੀ ਕੀਤਿਆਂ ਹੀ ਵਾਪਸ ਚਲੇ ਜਾਂਦੇ ਸਨ ਪਰ ਮੈਂ ਤਾਂ ਕਾਲਜ ਵਿਚ ਪੜ੍ਹਾਉਂਦਿਆਂ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪਾਰਟ ਟਾਈਮ ਪੀ.ਐਚਡੀ ਕਰਨ ਦਾ ਫੈਸਲਾ ਕੀਤਾ ਸੀ। ਇਸ ਵਿਚ ਕਪੂਰਥਲਾ ਅਤੇ ਅੰਮ੍ਰਿਤਸਰ ਵਿਚਲੀ ਦੂਰੀ ਅਤੇ ਮੇਰੀਆਂ ਕਾਲਜ ਅਧਿਆਪਨ ਦੀਆਂ ਬੰਦਸ਼ਾਂ ਵੀ ਸਨ। ਉਨ੍ਹਾਂ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਹੀ ਪੀ. ਐਚਡੀ ਕਰਨ ਦਾ ਅਸੰਭਵ ਜਾਪਦਾ ਕਾਰਜ ਕਰਨ ਦਾ ਮਨ ਵਿਚ ਧਾਰਿਆ।
ਯਾਦ ਸੀ ਕਿ ਕੁਝ ਵੀ ਅਸੰਭਵ ਨਹੀਂ ਹੁੰਦਾ। ਇਹ ਸਿਰਫ਼ ਤੁਹਾਡੀ ਮਾਨਸਿਕਤਾ ‘ਤੇ ਨਿਰਭਰ ਕਰਦਾ ਕਿ ਤੁਸੀਂ ਕਿਸੇ ਵੀ ਕਾਰਜ ਨੂੰ ਸੰਭਵ ਜਾਂ ਅਸੰਭਵ ਸਮਝਦੇ ਹੋ? ਮਨ ਦੀ ਤਾਕਤ ਨੇ ਤੁਹਾਡੀ ਸਰੀਰਕ ਤਾਕਤ ਬਣ ਕੇ ਤੁਹਾਡੇ ਲਈ ਤਦਬੀਰਾਂ ਅਤੇ ਤਕਦੀਰਾਂ ਦੀ ਤਾਮੀਰਦਾਰੀ ਕਰਨੀ ਹੁੰਦੀ। ਇਸ ਵਿਚੋਂ ਹੀ ਤੁਹਾਡੇ ਵਿਅਕਤੀਤਵ ਦੇ ਉਸ ਰੂਪ ਨੇ ਉਜਾਗਰ ਹੋਣਾ ਹੁੰਦਾ ਜਿਸ ਤੋਂ ਤੁਸੀਂ ਵੀ ਨਾਵਾਕਫ਼ ਹੁੰਦੇ ਹੋ।
ਜਦ ਮੈਂ ਪਿੱਛਲਝਾਤੀ ਮਾਰਦਾ ਹਾਂ ਤਾਂ ਯਾਦ ਆਉਂਦੇ ਨੇ 1991 ਤੋਂ 1995 ਤੀਕ ਦੇ ਉਹ ਦਿਨ ਜਦ ਮੇਰਾ ਹਰ ਸ਼ਨਿਚਰਵਾਰ ਅਤੇ ਐਤਵਾਰ ਯੂਨੀਵਰਸਿਟੀ ਦੀ ਲੈਬ ਵਿਚ ਗੁਜ਼ਰਦਾ ਸੀ। ਸੋਮਵਾਰ ਨੂੰ ਪਹਿਲੀ ਬੱਸ ਲੈ ਕੇ ਕਪੂਰਥਲੇ ਆਉਂਦਾ ਸਾਂ ਅਤੇ ਕਾਲਜ ਵਿਚ ਪੜ੍ਹਾਉਣ ਜਾਂਦਾ ਸਾਂ। ਇਹ ਡਾ. ਥਿੰਦ ਦੀ ਦੀਦਾ-ਦਲੇਰੀ ਸੀ ਕਿ ਉਹ ਵੀ ਸ਼ਨਿਚਰਵਾਰ ਅਤੇ ਐਤਵਾਰ ਨੂੰ ਅਕਸਰ ਹੀ ਲੈਬ ਵਿਚ ਆ ਜਾਂਦਾ ਅਤੇ ਹੋ ਰਹੇ ਖੋਜ ਕਾਰਜ ਦੀ ਪ੍ਰਗਤੀ ਬਾਰੇ ਜਾਣਦਾ ਅਤੇ ਹੋਰ ਨਿਰੇਦਸ਼ ਦਿੰਦਾ। ਗਰਮੀਆਂ ਦੀਆਂ ਛੁੱਟੀਆਂ ਜਾਂ ਕ੍ਰਿਸਮਿਸ ਦੀਆਂ ਛੁੱਟੀਆਂ ਵੀ ਖੋਜ ਕਾਰਜ ਦੇ ਲੇਖੇ ਹੀ ਲੱਗਦੀਆਂ ਸਨ। ਘਰੋਂ ਬਾਹਰ ਰਹਿਣ ਕਰਕੇ ਘਰ ਦਾ ਸਮੁੱਚਾ ਦਾਰੋਮਦਾਰ ਪਤਨੀ ਦੀ ਅਗਵਾਈ ਵਿਚ ਪੂਰਨ ਰੂਪ ਵਿਚ ਨਿਰਵਿਘਨ ਚੱਲ ਰਿਹਾ ਸੀ।
ਉਸ ਸਮੇਂ ਵਿਚ ਬਹੁਤ ਘੱਟ ਕੰਪਿਊਟਰ ਹੁੰਦੇ ਸਨ। ਕਪੂਰਥਲਾ ਵਿਚ ਮੇਰੇ ਇਕ ਵਿਦਿਆਰਥੀ ਰਮਨ ਨੇ ਕੰਪਿਊਟਰ ਸੈਂਟਰ ਖੋਲ੍ਹਿਆ ਸੀ। ਮੇਰੇ ਖੋਜ ਕਾਰਜ ਲਈ ਲੰਮੀਆਂ ਚੌੜੀਆਂ ਕੈਲਕੁਲੇਸ਼ਨ ਕਰਨ ਲਈ ਕੰਪਿਊਟਰ ਦਾ ਪ੍ਰੋਗਰਾਮ ਵਰਤਣਾ ਜ਼ਰੂਰੀ ਸੀ। ਇਸ ਲਈ ਜਦ ਕੰਪਿਊਟਰ ਸੈਂਟਰ ਰਾਤ ਨੂੰ 8 ਵਜੇ ਬੰਦ ਹੋ ਜਾਂਦਾ ਤਾਂ ਮੈਂ ਸੈਂਟਰ ਦਾ ਕੰਪਿਊਟਰ ਵਰਤ ਕੇ ਰਾਤ ਦੇ ਬਾਰਾਂ ਵਜੇ ਤੱਕ ਕੈਲਕੁਲੇਸ਼ਨ ਕਰਦਾ ਅਤੇ ਪ੍ਰਿੰਟ ਆਊਟ ਲੈਂਦਾ ਰਹਿੰਦਾ ਸਾਂ। ਇਹ ਮੇਰੇ ਵਿਦਿਆਰਥੀ ਦੀ ਮੁਹੱਬਤ ਸੀ ਕਿ ਉਹ ਰਾਤ ਨੂੰ ਬਾਰਾਂ ਵਜੇ ਤੀਕ ਜਾਗਦਾ ਰਹਿੰਦਾ ਤਾਂ ਕਿ ਮੇਰੇ ਜਾਣ ਤੋਂ ਬਾਅਦ ਸੈਂਟਰ ਨੂੰ ਬੰਦ ਕਰ ਸਕੇ। ਇਹ ਸਭ ਕੁਝ ਇਸ ਲਈ ਕਰਨਾ ਜ਼ਰੂਰੀ ਸੀ ਕਿਉਂਕਿ ਉਨ੍ਹਾਂ ਕੈਲਕੁਲੇਸ਼ਨਾਂ ਦੇ ਅਧਾਰ ‘ਤੇ ਹੀ ਮੈਂ ਇਸ ਨੂੰ ਗਰਾਫ਼ਾਂ ਵਿਚ ਦਰਸਾਉਂਦਾ ਅਤੇ ਫਿਰ ਉਨ੍ਹਾਂ ਗਰਾਫ਼ਾਂ ਵਿਚੋਂ ਨਵੇਂ ਤੱਥ ਕੱਢ ਇਸਨੂੰ ਖੋਜ ਕਾਰਜ ਦੇ ਰੂਪ ਵਿਚ ਪ੍ਰਗਟਾਉਂਦਾ। ਇਹ ਕਾਰਜ ਨਵੇਂ ਖੋਜ ਪੱਤਰ ਦੇ ਰੂਪ ਵਿਚ ਅੰਤਰਰਾਸ਼ਟਰੀ ਮੈਗਜ਼ੀਨਾਂ ਵਿਚ ਛਪਦਾ ਸੀ।
ਮੇਰੇ ਖੋਜ ਕਾਰਜ ਦੀ ਨਵੀਨਤਾ ਅਤੇ ਇਸ ਵਿਚੋਂ ਨਿਕਲੇ ਸਿੱਟਿਆਂ ਦਾ ਕੇਹਾ ਆਲਮ ਸੀ ਕਿ ਮੇਰੇ ਥੀਸਸ ਦੇ 14 ਚੈਪਟਰ ਸਨ। ਇਹ ਚੈਪਟਰ ਹੀ ਖੋਜ ਪੱਤਰਾਂ ਦੇ ਰੂਪ ਵਿਚ ਵੱਖ-ਵੱਖ ਅੰਤਰਰਾਸ਼ਟਰੀ ਮੈਗਜ਼ੀਨਾਂ ਵਿਚ ਛਪ ਗਏ ਅਤੇ ਸਾਰਾ ਖੋਜ ਕਾਰਜ ਅੰਤਰਰਾਸ਼ਟਰੀ ਖੋਜ ਦਾ ਹਿੱਸਾ ਬਣ ਸਕਣ ਦੇ ਕਾਬਲ ਹੋਇਆ।
ਮੇਰੀ ਖੋਜ-ਕਾਰਜ ਪ੍ਰਤੀ ਸਮਰਪਿਤਾ ਦਾ ਇਹ ਆਲਮ ਸੀ ਕਿ ਜਿੰਨਾ ਵੀ ਕੰਮ ਮੈਨੂੰ ਦੱਸਿਆ ਜਾਂਦਾ ਉਹ ਨਿਸ਼ਚਿਤ ਸਮੇਂ ਵਿਚ ਪੂਰਾ ਕਰ ਕੇ ਮੈਂ ਯੂਨੀਵਰਸਿਟੀ ਪਹੁੰਚ ਜਾਂਦਾ ਅਤੇ ਫਿਰ ਅਗਲੇਰਾ ਪੜਾਅ ਸ਼ੁਰੂ ਕਰ ਦਿੰਦਾ। ਮੇਰੇ ਮਿੱਤਰ ਪਰ ਗਾਈਡ ਡਾ. ਥਿੰਦ ਦਾ ਕਹਿਣਾ ਸੀ, “ਗੁਰਬਖ਼ਸ਼! ਤੂੰ ਮੈਨੂੰ ਦੱਸ ਕਿ ਤੂੰ ਸੌਂਦਾ ਕੱਦ ਏਂ? ਤੂੰ ਕਾਲਜ ਵੀ ਪੜ੍ਹਾਉਂਦਾ ਅਤੇ ਕਾਲਜ ਦੇ ਸਾਰੇ ਕੰਮਾਂ ਵਿਚ ਵਧ ਚੜ੍ਹ ਕੇ ਭਾਗ ਲੈਂਦਾ ੲਂੇ। ਸਾਹਿਤ ਦਾ ਤੈਨੂੰ ਸ਼ੌਕ ਏ ਜਿਸਨੂੰ ਹੁਣ ਵੀ ਪਾਲ ਰਿਹਾ ਏਂ। ਪਰਿਵਾਰ ਨੂੰ ਸਮਾਂ ਜ਼ਰੂਰ ਦਿੰਦਾ ਹੋਵੇਂਗਾ। ਪਰ ਇਸ ਸਭ ਦੇ ਬਾਵਜੂਦ ਤੂੰ ਪੀ.ਐਚਡੀ ਲਈ ਇੰਨਾ ਸਮਾਂ ਕੱਢ ਲੈਂਦਾ ੲਂੇ, ਇਹ ਕਮਾਲ ਏ। ਮੈਂ ਕਈ ਵਾਰ ਸੋਚਦਾ ਸਾਂ ਕਿ ਤੂੰ ਕਦੇ ਤਾਂ ਆ ਕੇ ਕਹੇਂਗਾ ਕਿ ਮੈਂ ਇਸ ਹਫ਼ਤੇ ਦਾ ਕੰਮ ਨਹੀਂ ਕਰ ਸਕਿਆ ਪਰ ਤੂੰ ਹਰ ਵਾਰ ਮੈਨੂੰ ਲਾਜਵਾਬ ਕਰ ਦਿੰਦਾ ਏਂ। ਇਹ ਤੇਰੀ ਮਿਹਨਤ ਅਤੇ ਪ੍ਰਤੀਬੱਧਤਾ ਦਾ ਹੀ ਸਿੱਟਾ ਏ ਕਿ ਤੂੰ ਤਿੰਨ ਸਾਲਾਂ ਵਿਚ ਆਪਣੀ ਪੀ.ਐਚਡੀ ਕਰ ਲਈ ਜਦਕਿ ਕਈ ਤਾਂ 5-7 ਸਾਲ ਤੀਕ ਵੀ ਯੂਨੀਵਰਸਿਟੀ ਵਿਚ ਰੁਲਦੇ ਰਹਿੰਦੇ ਨੇ। ਖਾਸ ਗੱਲ ਇਹ ਹੈ ਕਿ ਤੂੰ ਪੀ.ਐਚਡੀ ਦੇ ਦੌਰਾਨ ਅੰਤਰਰਾਸ਼ਟਰੀ ਕਾਨਫਰੰਸ ਵਿਚ ਸ਼ਾਮਲ ਹੋ ਕੇ ਆਪਣੇ ਨਾਮ ਇਕ ਹੋਰ ਕਾਮਯਾਬੀ ਕੀਤੀ ਹੈ। ਤੇਰੀ ਮਿਹਨਤ ਅਤੇ ਸਮਰਪਿਤਾ ਨੂੰ ਸਲਾਮ।”
ਦਰਅਸਲ ਜਦ ਮੈਂ ਐਮ.ਐਸ.ਸੀ. ਤੋਂ ਬਾਅਦ ਉਚੇਰੀ ਪੜ੍ਹਾਈ ਲਈ ਕੈਨੇਡਾ ਨਾ ਜਾ ਸਕਿਆ ਤਾਂ ਇਕ ਚੀਸ ਮਨ ਵਿਚ ਘਰ ਪਾ ਬੈਠੀ। ਇਕ ਲਲਕ ਸੀ ਕਿ ਕੈਨੇਡਾ ‘ਕੇਰਾਂ ਜ਼ਰੂਰ ਜਾਣਾ ਹੈ। ਫਿਰ 1993 ਵਿਚ ਯੂਨੀਵਰਸਿਟੀ ਆਫ਼ ਵੈਸਟਰਨ ਓਂਟਾਰੀਓ, ਲੰਡਨ, ਕੈਨੇਡਾ ਵਿਚ ਅੰਤਰਰਾਸ਼ਟਰੀ ਕਾਨਫਰੰਸ ਵਿਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਨਾਲ ਮੇਰੇ ਮਨ ਵਿਚ ਬੈਠੀ ਚਸਕ ਨੂੰ ਕੁਝ ਰਾਹਤ ਜ਼ਰੂਰ ਮਿਲੀ। ਇਸ ਕਾਨਫਰੰਸ ਦਾ ਰੋਚਕ ਤੱਥ ਇਹ ਵੀ ਸੀ ਕਿ ਇਸ ਕਾਨਫਰੰਸ ਵਿਚ ਮੈਂ ਅਤੇ ਮੇਰੇ ਗੁਰੂ ਡਾ. ਹਰਦੇਵ ਸਿੰਘ ਵਿਰਕ ਸ਼ਾਮਲ ਸਨ। ਮੈਂ ਆਪਣਾ ਕੈਨੇਡਾ ਦਾ ਸਫ਼ਰਨਾਮਾ ‘ਸੁਪਨਿਆਂ ਦੀ ਜੂਹ-ਕੈਨੇਡਾ ਲਿਖਿਆ ਜੋ ਰੋਜ਼ਾਨਾ ਅਜੀਤ ਅਖਬਾਰ ਵਿਚ ਲੜੀਵਾਰ ਛਪਿਆ ਸੀ ਅਤੇ ਡਾ. ਵਿਰਕ ਦਾ ਕੈਨੇਡਾ ਸਫ਼ਰਨਾਮਾ ਪੰਜਾਬੀ ਟ੍ਰਿਬਿਊਨ ਵਿਚ ਛਪਿਆ ਸੀ।
ਪੀ.ਐਚਡੀ ਦੇ ਦੌਰਾਨ ਲੈਬ ਤੋਂ ਬਾਅਦ ਦੇ ਪਲਾਂ ਵਿਚ ਮੇਰਾ ਰੈਣ ਬਸੇਰਾ ਡਾ. ਥਿੰਦ ਦਾ ਘਰ ਹੀ ਹੁੰਦਾ ਸੀ ਜਿੱਥੇ ਆਪਣੇ ਘਰ ਵਰਗੀ ਅਣਪੱਤ ਵੀ ਮਾਣੀ। ਇਸ ਦੌਰਾਨ ਆਪਣੀ ਜੀਵਨ ਦੇ ਉਨ੍ਹਾਂ ਪਲਾਂ ਦਾ ਚਿੱਤਰਨ ਵੀ ਕਰ ਸਕਿਆ ਜੋ ਕਦੇ ਮੇਰੇ ਮਸਤਕ ਦੀ ਚਿੱਤਰਪਟ ਬਣਨ ਲਈ ਕਾਹਲੇ ਸਨ। ਆਪਣੇ ਹੀ ਆਪਣਿਆਂ ਦਾ ਨਸੀਬਾ ਬਣਨ ਲਈ ਜਦ ਅਹੁਲਦੇ ਨੇ ਤਾਂ ਫਿਰ ਕਾਮਯਾਬੀਆਂ ਦਾ ਕਾਫ਼ਲਾ ਉਨ੍ਹਾਂ ਦਾ ਨਸੀਬ ਬਣ ਜਾਂਦਾ ਜਿਨ੍ਹਾਂ ਨੇ ਜਿ਼ੰਦਗੀ ਦੀਆਂ ਤਲਖ਼ੀਆਂ, ਬੇਰੁਖੀਆਂ, ਬੇਗਾਨਗੀਆਂ ਤੇ ਬੇਤਰਤੀਬੀਆਂ ਨੂੰ ਨੰਗੇ ਪਿੰਡੇ ‘ਤੇ ਜਰਿਆ ਹੋਵੇ ਅਤੇ ਜਿਨ੍ਹਾਂ ਦਾ ਸੁਪਨ-ਸੰਸਾਰ ਉਨ੍ਹਾਂ ਤੋਂ ਵਿੱਥ ਸਿਰਜਣ ਦਾ ਆਦੀ ਹੋਵੇ।
ਜਨੂੰਨ, ਜਜ਼ਬਾ ਤੇ ਜਜ਼ਬਾਤ ਵਿਚੋਂ ਉਗੀ ਹੋਈ ਜਿੱਤ ਦੇ ਨਕਸ਼ ਜਿ਼ੰਦਗੀ ਨੂੰ ਜਿਊਣਜੋਗਾ ਕਰਦੇ ਨੇ। ਇਸ ਵਿਚੋਂ ਹੀ ਉਨ੍ਹਾਂ ਰਾਹਾਂ ਦੀ ਪਛਾਣ ਹੁੰਦੀ ਹੈ ਜਿਨ੍ਹਾਂ ਵਿਚ ਖੁਸ਼ੀਆਂ ਤੇ ਖੇੜਿਆਂ ਦੀ ਫਸਲ ਲਹਿਰਾਉਂਦੀ ਹੈ। ਅਜਿਹਾ ਹੀ ਕੇਹਾ ਵਕਤ ਦਾ ਮਿਜ਼ਾਜ਼ ਸੀ ਜਦ ਲਾਲ ਗਾਊਨ ਪਾ ਕੇ ਪੀ.ਐਚਡੀ ਦੀ ਡਿਗਰੀ ਲੈਣ ਗਿਆ ਸਾਂ। ਉਸ ਸਮੇਂ ਦੌਰਾਨ ਮੇਰੇ ਪਰਿਵਾਰ ਵਾਲਿਆਂ ਦੇ ਮੁਖੜੇ ‘ਤੇ ਨੂਰੀ ਆਭਾ ਵਿਚੋਂ ਮੈਂ ਆਪਣੀ ਕਿਸਮਤ ਦੀਆਂ ਸੁਰਖ਼-ਰੇਖਾਵਾਂ ਨੂੰ ਕਿਆਸ ਸਕਦਾ ਸਾਂ। ਇਸ ਮੌਕੇ ਡਾ. ਥਿੰਦ ਦੇ ਬੋਲਾਂ ਵਿਚਲਾ ਪਿਆਰ ਅਤੇ ਆਪਣੇ ਮਿੱਤਰ ਨੂੰ ਚੇਲੇ ਦੇ ਰੂਪ ਵਿਚ ਇਸ ਅਕਾਦਮਿਕ ਪ੍ਰਾਪਤੀ ਦਾ ਸਿਰਲੇਖ ਬਣਿਆ ਦੇਖਣਾ ਬਹੁਤ ਚੰਗਾ ਲੱਗਾ ਸੀ। ਉਸ ਪਲ ਭੁੱਲ ਹੀ ਗਿਆ ਸੀ ਪਿਛਲੇ ਸਾਲਾਂ ਦੀ ਦੌੜ-ਭੱਜ, ਅੰਮ੍ਰਿਤਸਰ ਤੇ ਕਪੂਰਥਲੇ ਦਰਮਿਆਨ ਮਾਰੇ ਹੋਏ ਬੇੇਹਿਸਾਬ ਗੇੜੇ ਅਤੇ ਅੱਧੀ ਅੱਧੀ ਰਾਤ ਤੀਕ ਕਿਤਾਬਾਂ ਨਾਲ ਮੱਥਾ ਮਾਰਦਿਆਂ ਆਪਣੇ ਖੋਜ ਕਾਰਜ ਨੂੰ ਸਿਰੇ ਚਾੜ੍ਹਨ ਦੀ ਜਿੱ਼ਦ ਦੌਰਾਨ ਉਨੀਂਦਰੀਆਂ ਰਾਤਾਂ। ਆਪਣੀ ਕਾਰਜ ਦੌਰਾਨ ਭੁੱਖ, ਨੀਂਦ ਅਤੇ ਪਿਆਸ ਤੋਂ ਅਣਭਿੱਜਤਾ। ਸਕੂਨ ਅਤੇ ਸੁਖਨ ਨਾਲ ਲਬਰੇਜ਼ ਉਹ ਕੇਹੀ ਮਾਨਸਿਕ ਅਵਸਥਾ ਸੀ ਜਿਸ ਵਿਚੋਂ ਮੈਨੂੰ ਆਪਣੇ ਬਾਪ ਦਾ ਉਹ ਦੈਵੀ ਮੁਖੜਾ ਨਜ਼ਰ ਆਇਆ ਜਿਸ ‘ਤੇ ਕਦੇ ਮੇਰੇ ਪ੍ਰੈਪ ਵਿਚੋਂ ਫੇਲ੍ਹ ਹੋਣ ‘ਤੇ ਸਿ਼ਕਨ ਉਗੀ ਸੀ ਪਰ ਉਸ ਮੁੱਖ ‘ਤੇ ਮਾਣ ਭਰੀ ਆਭਾ ਦਾ ਜਲੋਅ ਮੇਰੇ ਖ਼ੁਆਬਾਂ ਨੂੰ ਹੋਰ ਉਚੇਰੀਆਂ ਪੁਲਾਂਘਾਂ ਪੁੱਟਣ ਲਈ ਉਤਸ਼ਾਹਿਤ ਕਰ ਗਿਆ।
ਜਜ਼ਬੇ ਤੇ ਜਨੂੰਨ ਦੀ ਜ਼ਰਬ ਵਿਚੋਂ ਉਗੀ ਪੀ.ਐਚਡੀ ਦੀ ਡਿਗਰੀ ਦੀ ਹਾਸਲਤਾ, ਜਸ਼ਨਮਈ ਕਾਮਯਾਬੀ ਸੀ ਜਿਸਨੂੰ ਕਦੇ ਸੁਪਨਈ ਰੂਪ ਵਿਚ ਦੇਖਿਆ ਸੀ ਪਰ ਹੁਣ ਇਹ ਸੱਚ ਮੇਰਾ ਹਾਸਲ ਬਣ ਚੁੱਕਿਆ ਸੀ। ਇਹ ਪੀਐਚਡੀ ਹੀ ਸੀ ਜਿਸ ਤੋਂ ਮਹਿਰੂਮ ਕਰਨ ਲਈ ਮੇਰੇ ਆਪਣਿਆਂ ਨੇ ਮੈਨੂੰ ਕੈਨੇਡਾ ਜਾਣ ਤੋਂ ਹੋੜਿਆ ਸੀ। ਪਰ ਇਸ ਡਿਗਰੀ ਅਤੇ ਮਾਪਿਆਂ ਦੀਆਂ ਦੁਆਵਾਂ ਨੇ ਹੀ ਮੈਨੂੰ ਅਮਰੀਕਾ ਦੀ ਯੂਨੀਵਰਸਟੀ ਵਿਚ ਪੜ੍ਹਾਉਣ ਦਾ ਮੌਕਾ ਪ੍ਰਦਾਨ ਕੀਤਾ, ਵਰਨਾ ਮੰਡ ਵਿਚ ਪਸ਼ੂ ਚਾਰਨ ਵਾਲੇ ਦੇ ਭਾਗਾਂ ਵਿਚ ਕਿੱਥੇ ਸੀ ਵਿਦੇਸ਼ ਪੜ੍ਹਾਉਣਾ ਅਤੇ ਆਪਣੇ ਵਿਦਿਆਰਥੀਆਂ ਨੂੰ ਉਹ ਕੁਝ ਵਾਪਸ ਦੇ ਰਿਹਾ ਹਾਂ ਜੋ ਮੈਨੂੰ ਸਮਾਜ ਨੇ ਦਿੱਤਾ ਸੀ ਅਤੇ ਜਿਸਦੀ ਤਵੱਕੋਂ ਮੇਰੇ ਮਾਪਿਆਂ ਨੇ ਮੇਰੇ ਕੋਲੋਂ ਕੀਤੀ ਸੀ। ਮੈਂ ਆਪਣੇ ਮਾਪਿਆਂ ਦੀ ਕਿਰਤਾਰਥਾ ਦਾ ਕਰਜ਼ ਉਤਾਰਨ ਲਈ ਹੁਣ ਤੀਕ ਵੀ ਯਤਨਸ਼ੀਲ ਹਾਂ। ਇਹ ਸਫ਼ਰ ਆਖਰੀ ਸਾਹ ਤੀਕ ਇੰਝ ਹੀ ਜਾਰੀ ਰਹੇ। ਇਹੀ ਇਕ ਮਨ ਦੀ ਤਮੰਨਾ ਹੈ ਜੋ ਮੈਨੂੰ ਜਿਊਣ ਦਾ ਸਬੱਬ ਬਖਸ਼ਦੀ ਏ।