ਮੇਰਾ ਨਾਨਕ ਇਕੱਲਾ ਰਹਿ ਗਿਆ ਹੈ!

ਵਰਿਆਮ ਸਿੰਘ ਸੰਧੂ
ਫੋਨ: 647-535-1539
ਵਰਿਆਮ ਸਿੰਘ ਸੰਧੂ ਨੇ ਚੜ੍ਹਦੀ ਵਰੇਸੇ ਪੰਜਾਬੀ ਸਾਹਿਤ ਜਗਤ ਵਿਚ ਪਹਿਲਾਂ ਕਵਿਤਾ ਨਾਲ ਭਰਪੂਰ ਹਾਜ਼ਰੀ ਲਵਾਈ, ਫਿਰ ਕਹਾਣੀ ਦੇ ਖੇਤਰ ਵਿਚ ਨਵੇਂ ਪੂਰਨੇ ਪਾਏ ਅਤੇ ਫਿਰ ਵਾਰਤਕ ਦੀ ਦੁਨੀਆ ਵਿਚ ਵੀ ਆਪਣੀ ਕਲਮ ਦਾ ਲੋਹਾ ਮਨਵਾਇਆ। ਉਸ ਦੀਆਂ ਰਚਨਾਵਾਂ ਪੰਜਾਬ ਦੇ ਸਰੋਕਾਰਾਂ ਨਾਲ ਡੂੰਘੀਆਂ ਜੁੜੀਆਂ ਹੋਈਆਂ ਹਨ। ਇਸ ਲੇਖ ਵਿਚ ਉਨ੍ਹਾਂ ਸ੍ਰੀ ਗੁਰੂ ਨਾਨਕ ਅਤੇ ਭਾਈ ਮਰਦਾਨੇ ਦੇ ਹਵਾਲੇ ਨਾਲ ਕੁਝ ਅਜਿਹੀਆਂ ਗੱਲਾਂ ਕੀਤੀਆਂ ਹਨ ਜੋ ਸਾਡੇ ਸਾਹਮਣੇ ਵੱਡੇ ਸਵਾਲ ਖੜ੍ਹੇ ਕਰਦੀਆਂ ਹਨ। ਲਿਖਾਰੀ ਦੀਆਂ ਲਿਖਤਾਂ ਦੀ ਖੂਬਸੂਰਤੀ ਹੀ ਇਹ ਹੈ ਕਿ ਇਹ ਮਿੱਟੀ ਫਰੋਲਦੀਆਂ ਹਨ ਅਤੇ ਜ਼ਿੰਦਗੀ ਵਿਚ ਅਗਲਾ ਕਦਮ ਭਰਨ ਲਈ ਪ੍ਰੇਰਦੀਆਂ ਹਨ।

ਸਾਡੇ ਕਥਾ-ਵਾਚਕ ਤੇ ਸਾਖੀਕਾਰ ਬਾਬੇ ਨਾਨਕ ਦੀ ਵਡਿਆਈ ਇਸ ਗੱਲ ਵਿਚ ਦਰਸਾਉਂਦੇ ਨੇ ਕਿ ਉਹਨੇ ਮਰਦਾਨੇ ਨੂੰ ਨੀਵੀਂ ਜਾਤ ਦਾ ਡੂੰਮ, ਮਰਾਸੀ ਜਾਂ ਮੰਗ-ਖਾਣੀ ਜਾਤ ਦਾ ਹੋਣ ਦੇ ਬਾਵਜੂਦ ਆਪਣੇ ਨਾਲ ਜੋੜ ਕੇ ਜਾਤ-ਪਾਤ ਤੇ ਊਚ-ਨੀਚ ਦੇ ਬੰਧਨ ਤੋੜ ਦਿੱਤੇ ਸਨ। ਉਨ੍ਹਾਂ ‘ਏਕ ਪਿਤਾ ਏਕਸੁ ਕੇ ਹਮੁ ਬਾਰਿਕ’ ਦੇ ਕਥਨ ਨੂੰ ਅਮਲ ਵਿਚ ਪ੍ਰਗਟਾ ਦਿੱਤਾ ਸੀ। ਇਹ ਗੱਲ ਵੀ ਠੀਕ ਹੈ, ਤੇ, ਇਸਦਾ ਪ੍ਰਤੀਕਾਤਮਕ ਮਹੱਤਵ ਵੀ ਬਣਦਾ ਹੈ, ਪਰ, ਗੱਲ ਸਿਰਫ਼ ਏਨੀ ਹੀ ਨਹੀਂ ਸੀ। ਜਦ ਕੋਈ ਯਾਰ ਜਾਂ ਭਰਾ (ਭਾਈ) ਬਣ ਜਾਂਦਾ ਹੈ ਤਾਂ ਜਾਤ-ਪਾਤ ਜਾਂ ਊਚ-ਨੀਚ ਰਹਿੰਦੀ ਕਿੱਥੇ ਹੈ! ਗੁਰੂ ਸਾਹਿਬ ਨੇ ਮਰਦਾਨੇ ਨੂੰ ‘ਭਾਈ’ ਦਾ ਰੁਤਬਾ ਦੇ ਕੇ ਹਿੱਕ ਨਾਲ ਲਾਇਆ ਸੀ। ਭਾਈ ਮਰਦਾਨੇ ਦੇ ਨਾਲ ‘ਭਾਈ’ ਦਾ ਇਹ ਰੁਤਬਾ ਵੀ ਸਿੱਖ-ਪੰਥ ਵਿਚ ਅਮਰ-ਪਦ ਪ੍ਰਾਪਤ ਕਰ ਗਿਆ। ਉਨ੍ਹਾਂ ਦੀ ਸਾਂਝ ਦੋ ਸਰੀਰਾਂ ਦੀ ਨਹੀਂ, ਦੋ ਰੂਹਾਂ ਦੀ ਸਾਂਝ ਸੀ। ਦੋਵੇਂ ਇੱਕ-ਦੂਜੇ ਦੇ ਪੂਰਕ ਸਨ। ਗੁਰੂ ਸਾਹਿਬ ਨੇ ਭਾਈ ਮਰਦਾਨੇ ਨੂੰ ਗਲ ਨਾਲ ਲਾ ਕੇ, ਜਿਵੇਂ ਕਥਾਕਾਰ ਆਖਦੇ ਜਾਂ ਸਮਝਦੇ ਹਨ, ਉਸ ਉਤੇ ਅਹਿਸਾਨ ਨਹੀਂ ਸੀ ਕੀਤਾ। ਮਰਦਾਨਾ ਗੁਰੂ ਦੀ ਅਪਣੱਤ ਸੀ, ਗੁਰੂ ਦੀ ਮੁਹੱਬਤ ਸੀ, ਗੁਰੂ ਦੀ ਲੋੜ ਵੀ ਸੀ। ਗੁਰੂ ਸਾਹਿਬ ਜਦ ਵੀ ਸ਼ਬਦ ਉਚਾਰਨ ਕਰਦੇ ਤਾਂ ਸਦਾ ਇਹੋ ਆਖਦੇ, “ਭਾਈ ਮਰਦਾਨਿਆ! ਰਬਾਬ ਛੇੜ ਬਾਣੀ ਆਈ ਹੈ।” ਅਸਲ ਵਿਚ ਇਹ ਰਿਸ਼ਤਾ ਮਾਨਵੀ ਸਾਂਝ ਦਾ ਸਿਖਰ ਵੀ ਸੀ ਤੇ ਸੰਗੀਤ ਅਤੇ ਸ਼ਬਦ ਦੀ ਪੀਚਵੀਂ ਸਾਂਝ ਦੇ ਹਕੀਕੀ ਜਲੌਅ ਦਾ ਪ੍ਰਗਟਾਵਾ ਵੀ।
ਕਦੀ ਮਰਦਾਨੇ ਨੂੰ ਇਸ ਨਜ਼ਰ ਨਾਲ ਵੀ ਵੇਖਣ ਦਾ ਸੋਚੀਏ ਕਿ ਸਭ ਨੂੰ ਬਖ਼ਸ਼ਿਸ਼ਾਂ ਕਰਨ ਵਾਲੇ, ਸਭਨਾਂ ਦੀਆਂ ਮੰਗਾਂ ਪੂਰੀਆਂ ਕਰਨ ਵਾਲੇ ਗੁਰੂ ਪਾਤਸ਼ਾਹ ਦੀ ‘ਮੰਗ’ ਪੂਰੀ ਕਰਨ ਵਾਲਾ ਭਾਈ ਮਰਦਾਨਾ ਹੀ ਹੈ। ਉਹ ਓਸੇ ਵੇਲੇ ਸੁਰਤੀ-ਬਿਰਤੀ ਜੋੜ ਕੇ ਰਬਾਬ ਨੂੰ ਸੁਰ ਕਰ ਕੇ ਰਬਾਬ ਛੇੜਦਾ ਹੈ ਤੇ ਬਾਬਾ ਜੀ ਅਲਾਪ ਲੈਂਦੇ ਹਨ। ਹਵਾਵਾਂ ਵਿਚ, ਮਨਾਂ ਵਿਚ ਸ਼ਬਦ ਦੇ ਅਰਥ ਗੂੰਜਣ ਲੱਗਦੇ ਹਨ। ਮਰਦਾਨਾ ਬਾਬੇ ਦੇ ਸ਼ਬਦ ਦੀ ਅਮਰਤਾ ਨੂੰ ਮਿਠਾਸ ਨਾਲ ਭਰ ਦਿੰਦਾ ਹੈ। ਸੰਗੀਤ ਮਨਾਂ ਨੂੰ ਸੁਰ ’ਤੇ ਸ਼ਾਂਤ ਕਰਦਾ। ਮਨ-ਮਾਹੌਲ ਸੁਣਨ ਯੋਗ ਬਣ ਜਾਂਦਾ। ਰਾਗ ਦਿਲਾਂ ਵਿਚ ਸਿਆੜ ਕੱਢਦਾ ਤੇ ਬਾਬਾ ਵਗਦੇ ਸਿਆੜਾਂ ਵਿਚ ਸ਼ਬਦ ਦਾ ਬੀਜ, ਨਾਮ ਦਾ ਬੀਜ ਬੀਜਣ ਲੱਗਦਾ।
ਤਲਵੰਡੀ ਵਿਚ ਇੱਕ ਦਿਨ ਕਿਸੇ ਬਿਰਖ਼ ਹੇਠਾਂ ਅਰਾਮ ਕਰ ਰਹੇ ਗੁਰੂ ਨਾਨਕ ਨੂੰ ਨੇੜੇ ਹੀ ਕਿਧਰੇ ਵੱਜਦੀ ਰਬਾਬ ਦੀ ਮਿੱਠੀ ਧੁਨ ਸੁਣਾਈ ਦਿੱਤੀ। ਸੰਗੀਤ ਦੀ ਖਿੱਚ ਨੇ ਆਵਾਜ਼ ਵੱਲ ਤੋਰ ਲਿਆ। ਭਾਈ ਮਰਦਾਨਾ ਅੱਖਾਂ ਮੁੰਦੀ ਰਬਾਬ ਵਜਾ ਰਹੇ ਸਨ। ਗੁਰੂ ਜੀ ਨੇ ਕੋਲ ਜਾ ਕੇ ਪੁੱਛਿਆ, “ਭਾਈ, ਤੇਰਾ ਨਾਉਂ ਕਿਆ ਹੈ?” ਤਾਂ ਅੱਗੋਂ ਰਬਾਬ ਵਜਾਉਣ ਵਾਲੇ ਨੇ ਜਵਾਬ ਦਿੱਤਾ, “ਜੀ ਮੇਰਾ ਨਾਉਂ ‘ਦਾਨਾ’ ਹੈ, ਲੋਕ ਮਰਾਸੀ ਕਹਿੰਦੇ ਹਨ।” ਗੁਰੂ ਜੀ ਨੇ ਕਿਹਾ ਕਿ “ਤੂੰ ਰਬਾਬ ਭਲਾ ਵਜਾਇੰਦਾ ਹੈਂ, ਤੇ ਤੈਨੂੰ ਰਾਗਾਂ ਦੀ ਭਲੀ ਸੋਝੀ ਹੈ, ਪਰ ਜੇ ਤੂੰ ਅਸਾਡੀ ਸੰਗਤ ਕਰੇਂ ਤੇ ਇਹ ਰਾਗ ਸ਼ਬਦ ਪਾਇਕੈ ਗਾਵੈਂ ਤਾਂ ਤੇਰਾ ਦੀਨ ਦੁਨੀ ਵਿਚ ਉਧਾਰ ਕਰੀਏ।”
ਭਾਈ ਮਰਦਾਨੇ ਦੇ ਕੁਝ ਸਵਾਲ ਸਨ।
“ਅਸੀਂ ਤਾਂ ਧਨੀ ਲੋਕਾਂ ਨੂੰ ਰਾਗ ਸੁਣਾਇਕੈ ਚਾਰ ਪੈਸੇ ਲਿਆਂਦੇ ਹਾਂ, ਆਪਣੇ ਧੀਆਂ-ਪੁੱਤਰਾਂ ਦਾ ਦੁਨੀਆਂ ਵਿਚ ਗੁਜ਼ਰਾਨ ਕਰਦੇ ਹਾਂ। ਅਸੀਂ ਜੇ ਤੇਰੇ ਨਾਲ ਲੱਗਾਂਗੇ ਤਾਂ ਜੋ ਕੁਟੰਭੀ ਹੈਨਿ, ਸੋ ਸਭ ਭੁੱਖ ਨਾਲ ਮਰ ਜਾਣਗੇ। ਤੁਸੀਂ ਉਧਾਰ ਕਿਸਤਰ੍ਹਾਂ ਕਰੋਗੇ?”
ਇਹ ਸੁਣ ਕੇ ਗੁਰੂ ਸਾਹਿਬ ਨੇ ਬਚਨ ਕੀਤਾ, “ਦਾਨਿਆਂ! ਤੂੰ ਦੀਵਾਨਾ ਹੋਇਆ ਹੈਂ। ਸਭ ਦੀ ਪ੍ਰਤਿਪਾਲਣਾ ਈਸ਼ਵਰ ਕਰਦਾ ਹੈ। ਨਮਾਜ਼ ਅਤੇ ਰੋਜ਼ਾ ਖ਼ੁਦਾ ਦੇ ਘਰੋਂ ਬਖ਼ਸ਼ਿਸ਼ ਹੈ। ਖ਼ੁਦਾ ਦਾ ਘਰ ਮਹਾਂਪੁਰਸ਼ਾਂ ਦਾ ਰਿਦਾ ਹੈ। ਜਦ ਲੇਖਾ ਹੋਵੈਗਾ ਤਾਂ ਕਿਸੇ ਨੇ ਹਾਮੀ ਨਹੀਂ ਭਰਨੀ।”
ਫਿਰ ਗੁਰੂ ਜੀ ਨੇ ਅੰਤਮ ਬਾਤ ਆਖ ਦਿੱਤੀ, “ਦਾਨਿਆਂ! ਜੇ ਹੁਣ ਤੂੰ ਮਰਦਾਨਾ (ਸੂਰਮਾ) ਹੋਵੇਂ, ਸ਼ਬਦ ਪਾਇਕੈ ਰਾਗ਼ ਨੂੰ ਗਾਵੇਂ ਤਾਂ ਤੇਰਾ ਦੋਹਾਂ ਜਹਾਨਾਂ ਦਾ ਕਾਰਜ ਹੋਵੇਗਾ।”
ਜ਼ਾਹਿਰ ਹੈ ਸਾਖੀ ਵਿਚ ਪੇਸ਼ ਇਹ ਵਾਰਤਾਲਾਪ ਲੰਮੀ ਪ੍ਰਕਿਰਿਆ ਦਾ ਸਾਰ-ਸੰਖੇਪ ਹੈ। ਇੱਕੋ ਮਿਲਣੀ ਵਿਚ ਸ਼ਾਇਦ ਇੰਝ ਨਾ ਹੋਇਆ ਹੋਵੇ। ਦੋਵਾਂ ਵਿਚ ਕਈ ਦਿਨ ਲੰਮੀ ਚਰਚਾ ਹੁੰਦੀ ਰਹੀ ਹੋਵੇਗੀ। ਕਦੀ-ਕਦੀ ਮਰਦਾਨੇ ਨੇ ਬਾਬੇ ਦੇ ਕਹਿਣ ’ਤੇ, ਅਭਿਆਸ ਵਜੋਂ, ਸ਼ਬਦ ਨਾਲ ਰਬਾਬ ਦੀ ਸੁਰ ਮਿਲਾ ਕੇ ਵੀ ਵੇਖੀ ਹੋਵੇਗੀ। ਅਜਿਹਾ ਕਰਦਿਆਂ ਵੱਜਦ ਵਿਚ ਵੀ ਆਇਆ ਹੋਵੇਗਾ। ਰੂਹ ਵਿਚ ਕੁਝ ਜਗਦਾ ਹੋਇਆ ਵੀ ਦਿਸਣ ਲੱਗਾ ਹੋਵੇਗਾ। ਤੇ ਇੰਝ ਕਰਦਿਆਂ ਗੁਰੂ ਜੀ ਦੇ ਬਚਨ ਸੁਣ ਕੇ ਮਰਦਾਨੇ ਦੇ ਸਭ ਸ਼ੰਕੇ ਨਵਿੱਰਤ ਹੋ ਗਏ ਹੋਣਗੇ। ਉਸਨੇ ਸਿਰ ਝੁਕਾਅ ਕੇ ਗੁਰੂ ਜੀ ਦੀ ਪੇਸ਼ਕਸ਼ ਪ੍ਰਵਾਨ ਕਰ ਲਈ ਹੋਵੇਗੀ।
ਭਾਈ ਦਾਨਾ ਹੁਣ ‘ਮਰਦਾਨਾ’ ਹੋ ਗਿਆ। ‘ਸੂਰਮਾ’ ਹੋ ਗਿਆ। ਘਰ-ਪਰਿਵਾਰ ਨੂੰ ਤਿਆਗ ਕੇ ਸਾਰੀ ਉਮਰ ਗੁਰੂ ਦੇ ਲੇਖੇ ਲਾ ਦੇਣੀ ਸੂਰਮਗਤੀ ਹੀ ਤਾਂ ਸੀ। ਪਹਿਲਾਂ-ਪਹਿਲਾਂ ਤਲਵੰਡੀ ਦੀਆਂ ਜੂਹਾਂ ਵਿਚ ਮਰਦਾਨੇ ਦੀ ਰਬਾਬ ਤੇ ਗੁਰੂ ਦਾ ਸ਼ਬਦ ਗੂੰਜਣ ਲੱਗੇ। ਬਾਅਦ ਵਿਚ ਤਲਵੰਡੀ ਤੋਂ ਤੁਰਦੀ ਸ਼ਬਦ ਅਤੇ ਸੰਗੀਤ ਦੀ ਇਹ ਜੁਗਲ-ਬੰਦੀ ਕੁਲ ਸੰਸਾਰ ਦੀਆਂ ਹਵਾਵਾਂ ਵਿਚ ਘੁਲ਼ ਗਈ।
ਭਾਈ ਮਰਦਾਨਾ ਉਮਰ ਵਿਚ ਗੁਰੂ ਨਾਨਕ ਦੇਵ ਜੀ ਤੋਂ 10 ਸਾਲ ਵੱਡਾ ਸੀ॥ ਉਸਨੇ ਲਗਪਗ 54 ਸਾਲ ਗੁਰੂ ਜੀ ਦੀ ਸੰਗਤ ਕੀਤੀ। ਏਨਾ ਮਾਣ ਇਤਿਹਾਸ ਵਿਚ ਭਲਾ ਹੋਰ ਕਿਸ ਨੂੰ ਮਿਲਿਆ ਹੈ! ਗੁਰੂ ਜੀ ਦੀ ਸੰਗਤ ਵਿਚ ਰਹਿ ਕੇ ਮਰਦਾਨਾ ਕੀ ਤੋਂ ਕੀ ਹੋ ਗਿਆ ਹੋਵੇਗਾ! ਭਗਤ ਕਬੀਰ ਜੀ ਕਹਿੰਦੇ ਹਨ:
ਕਬੀਰ ਚੰਦਨ ਕਾ ਬਿਰਵਾ ਭਲਾ, ਬੇੜੀਓ ਢਾਕ ਪਲਾਸ॥
ਓਇ ਭੀ ਚੰਦਨ ਹੋਇ ਰਹੇ, ਬਸੇ ਜੁ ਚੰਦਨ ਪਾਸ॥
ਜਿਵੇਂ ਚੰਦਨ ਰੁੱਖ ਦੀ ਸੰਗਤ ਕਰਕੇ ਆਸ ਪਾਸ ਦੇ ਬੂਟਿਆਂ ਤੋਂ ਵੀ ਚੰਦਨ ਦੀ ਮਹਿਕ ਆਉਣ ਲੱਗਦੀ ਹੈ। ਉਹ ਬੂਟੇ ਚੰਦਨ ਨਾਲ ਰਹਿ ਕੇ ਚੰਦਨ ਵਰਗੇ ਬਣ ਜਾਂਦੇ ਹਨ। ਇਸੇ ਤਰ੍ਹਾਂ ਸੰਤ ਦੀ ਸੰਗਤ ਕਰਨ ਵਾਲਾ ਮਨੁੱਖ ਵੀ ਸੰਤ ਵਰਗਾ ਗਿਆਨਵਾਨ ਹੋ ਜਾਂਦਾ ਹੈ।
ਮਰਦਾਨਾ ਵੀ ਚੰਦਨ ਨਾਲ ਰਹਿ ਕੇ ਚੰਦਨ ਹੋ ਗਿਆ ਸੀ। ਐਵੇਂ ਤਾਂ ਨਹੀਂ ਭਾਈ ਗੁਰਦਾਸ ਨੇ ਜੇ ਗੁਰੂ ਨਾਨਕ ਪਾਤਸ਼ਾਹ ਨੂੰ ‘ਇੱਕ’ ਕਿਹਾ ਹੈ ਤਾਂ ਮਰਦਾਨੇ ਨੂੰ ਉਸਤੋਂ ਬਾਅਦ ‘ਦੂਜਾ’ ਕਹਿ ਕੇ ਸਨਮਾਨ ਦਿੱਤਾ ਹੈ।
ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ।
ਸਿੱਖ ਇਤਿਹਾਸ ਵਿਚ ਗੁਰੂ ਨਾਨਕ ਤੋਂ ਬਾਅਦ ਦੂਜਾ ਨਾਂ ਭਾਈ ਮਰਦਾਨੇ ਦਾ ਆਉਣਾ, ਭਾਈ ਮਰਦਾਨੇ ਦੀ ਅਜ਼ਮਤ ਦਾ ਲਖਾਇਕ ਹੈ। ਗੁਰੂ ਨਾਨਕ ਨਾਲ ‘ਦੂਜਾ ਗੁਰੂ ਅੰਗਦ’ ਤਾਂ ਬਾਅਦ ਵਿਚ ਆਉਂਦਾ ਹੈ; ਬਾਅਦ ਵਿਚ ਜੁੜਦਾ ਹੈ, ਪਰ ‘ਦੂਜਾ ਰਬਾਬੀ ਮਰਦਾਨਾ’ ਪਹਿਲਾਂ ਆਉਂਦਾ ਹੈ।
ਗੁਰੂ ਜੀ ਦੀ ਪਾਰਖੂ ਅੱਖ ਨੇ ਭਾਈ ਮਰਦਾਨੇ ਨੂੰ ਐਵੇਂ ਨਹੀਂ ਸੀ ਚੁਣਿਆਂ। ਉਨ੍ਹਾਂ ਜਾਣ ਲਿਆ ਸੀ, ਸੰਗੀਤ ਭਾਈ ਮਰਦਾਨੇ ਦੀ ਆਤਮਾ ਸੀ। ਉਹ ਗਾਇਕ ਤੇ ਸੰਗੀਤਕਾਰ ਵੀ ਕੋਈ ਛੋਟਾ-ਮੋਟਾ ਨਹੀਂ ਸੀ। ਅਕਬਰ ਦੇ ਨੌ ਰਤਨਾਂ ਵਿਚੋਂ ਇੱਕ ਰਤਨ ਤਾਨਸੈਨ, ਜੋ ਸੰਸਾਰ-ਪ੍ਰਸਿੱਧ ਗਾਇਕ ਸੀ, ਉਹਦੇ ਗੁਰੂ ਦਾ ਨਾ ਹਰਿਦਾਸ ਸੀ। ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਹਰਿਦਾਸ ਭਾਈ ਮਰਦਾਨੇ ਦਾ ਸ਼ਾਗਿਰਦ ਸੀ।
ਭਾਈ ਗੁਰਦਾਸ ਆਪਣੀ ਗਿਆਰ੍ਹਵੀਂ ਵਾਰ ਵਿਚ ਲਿਖਦੇ ਹਨ:
‘ਭਲਾ ਰਬਾਬ ਵਜਾਇੰਦਾ, ਮਜਲਸ ਮਰਦਾਨਾ ਮੀਰਾਸੀ।’
ਮਜਲਸ ਵਿਚ ਕੋਈ ਭਾਈ ਮਰਦਾਨਾ ਜੀ ਵਰਗੀ ਰਬਾਬ ਨਹੀਂ ਸੀ ਵਜਾ ਸਕਦਾ।
ਏਸੇ ਕਰ ਕੇ ਤਾਂ ‘ਸਭਨਾਂ ਦੇ ਦਾਤੇ’ ਗੁਰੂ ਸਾਹਿਬ ਨੇ ਮਰਦਾਨੇ ਕੋਲੋਂ ਆਪਣੇ ਸ਼ਬਦ ਵਾਸਤੇ ਸੰਗੀਤ ਦੀ ਦਾਤ ਦੀ ‘ਮੰਗ’ ਕੀਤੀ ਸੀ। ਮਰਦਾਨਾ ਇਹ ਸੁਣ ਕੇ ਧੰਨ ਹੋ ਗਿਆ। ਫਿਰ ਸਾਰੀ ਉਮਰ ਗੁਰੂ ਦਾ ਸਾਥ ਨਹੀਂ ਛੱਡਿਆ। ਨਾਨਕ ਉਹਦੇ ਹਰ ਸਾਹ ਵਿਚ ਵੱਸ ਗਿਆ ਸੀ।
ਤਾਰੀਖ਼ਿ-ਪੰਜਾਬ ਦਾ ਲੇਖਕ ਲਿਖਦਾ ਹੈ ਕਿ ਮਰਦਾਨੇ ਦੀ ਰਬਾਬ ਦੀ ਹਰ ਤਾਰ ਵਿਚੋਂ ‘ਨਿਰੰਕਾਰ ਨਾਨਕ ਬੰਦਾ ਤੇਰਾ ਹੈ’ ਦੀ ਧੁਨੀ ਨਿਕਲਦੀ ਰਹਿੰਦੀ ਸੀ ਤੇ ਬਾਬਾ ਨਾਨਕ ਜੀ ‘ਕਰਤਾਰ-ਕਰਤਾਰ’ ਬੋਲਦੇ।
ਗੁਰੂ ਗ੍ਰੰਥ ਸਾਹਿਬ ਵਿਚ ਬਾਕੀ ਗੁਰੂ ਸਾਹਿਬਾਨ ਤੋਂ ਇਲਾਵਾ ਆਪਣੀ ਰਚਨਾ ਪਿੱਛੇ ‘ਨਾਨਕ’ ਦਾ ਨਾਂ ਦਰਜ ਕਰਨ ਦਾ ਹੱਕ ਭਾਈ ਮਰਦਾਨੇ ਨੂੰ ਹੀ ਮਿਲਿਆ। ‘ਨਾਨਕ! ਨਾਨਕ’ ਕਰਦਿਆਂ ਉਹ ‘ਨਾਨਕ ਰੂਪ’ ਹੋ ਗਿਆ ਸੀ।
ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ‘ਮਹਾਨ ਕੋਸ਼’ ’ਚ ਗੁਰੂ ਗ੍ਰੰਥ ਸਾਹਿਬ ਜੀ ਵਿਚ ਵਾਰ ਬਿਹਾਗੜਾ ਵਿਚ ਭਾਈ ਮਰਦਾਨਾ ਜੀ ਦੇ ਤਿੰਨ ਸਲੋਕਾਂ ਬਾਰੇ ਵੇਰਵਾ ਦਿੱਤਾ ਹੈ।
– ਇਕੋ ਨਾਂਉ ਤਕੜਾ ਕੀਉਨ,
ਹੋਰ ਨਾਂਵ ਸਭ ਕੀਅਨ ਖਰਾਬਾ।
ਨੇੜੈ ਨਜੀਕ ਖੁਦਾਇ ਦੇ ਬਾਬਾ।
*** ***
ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ।
ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰ।
ਮਜਲਸ ਕੂੜੈ ਲਬ ਕੀ ਪੀ ਪੀ ਹੋਇ ਖੁਆਰੁ।
ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ।
ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਅਹਾਰੁ।
ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰੁ।
*** ***
ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ।
ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ।
ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰੁ।
ਗਿਆਨੁ ਗੁੜੁ ਸਲਾਹ ਮੰਡੇ ਭਉ ਮਾਸੁ ਅਹਾਰੁ।
ਨਾਨਕ ਇਹ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ।
ਕਾਂਯਾ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ।
ਸਤਸੰਗਤਿ ਸਿਉ ਮੇਲਾਪੁ ਹੋਇ ਲਿਵ
ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰੁ।
ਓਸ਼ੋ ਨੇ ਗੁਰੂ ਨਾਨਕ ਸਾਹਿਬ ਬਾਰੇ ਕਿਹਾ ਹੈ, “ਯੋਗ ਨਹੀਂ, ਤਪੱਸਿਆ ਨਹੀਂ, ਧਿਆਨ ਨਹੀਂ, ਉਨ੍ਹਾਂ ਸਿਰਫ਼ ਗਾਇਆ ਤੇ ਗਾ ਕੇ ਪਾ ਲਿਆ। ਪਰ, ਗਾਇਆ ਪੂਰੇ ਪ੍ਰਾਣਾ ਨਾਲ, ਕਿ, ਗੀਤ ਹੀ ਯੋਗ ਹੋ ਗਿਆ। ਗੀਤ ਹੀ ਤਪ ਹੋ ਗਿਆ। ਪਰਮਾਤਮਾ ਦੇ ਰਾਹ ’ਤੇ ਨਾਨਕ ਲਈ ਗੀਤ ਤੇ ਫੁੱਲ ਹੀ ਵਿਛੇ ਹਨ। ਉਨ੍ਹਾਂ ਦਾ ਰਾਹ ਬਹੁਤ ਹੀ ਮਧੁਰ ਅਤੇ ਰਸ-ਭਰਿਆ ਹੈ।”
ਹੁਣ ਕੌਣ ਨਹੀਂ ਜਾਣਦਾ ਕਿ ਗਾਇਨ ਲਈ ਸ਼ਬਦ ਦੇ ਨਾਲ ਸੁਰ ਦਾ ਕੈਸਾ ਜੁੜਵਾਂ ਤੇ ਅਟੁੱਟ ਰਿਸ਼ਤਾ ਹੈ। ਇਹੋ ਜਿਹਾ ਹੀ ਨਾਨਕ ਤੇ ਮਰਦਾਨੇ ਦਾ ਰਿਸ਼ਤਾ ਹੈ।
ਬੁਰਾਈ-ਚੰਗਿਆਈ ਦਾ ਸਦੀਵੀ ਯੁੱਧ ਲੜਨ ਲਈ ਗੁਰੂ ਸਾਹਿਬ ਗਿਆਨ ਨੂੰ ਖੜਗ ਕਹਿੰਦੇ ਨੇ। ਗਿਆਨ ਸ਼ਬਦ ਵਿਚ ਹੈ ਤੇ ਸ਼ਬਦ ਤੇ ਸੰਗੀਤ ਜੁੜਵੇਂ ਹਥਿਆਰ ਹਨ। ਢਾਲ ਅਤੇ ਤਲਵਾਰ। ਧਰਮ-ਯੁੱਧ ਵਿਚ ਜਿੱਤ ਹਾਸਲ ਕਰਨ ਲਈ ਦੋਵਾਂ ਦਾ ਸੰਗਮ-ਸਾਥ ਲਾਜ਼ਮ ਹੈ। ਸ਼ਬਦ ਅਤੇ ਸੰਗੀਤ ਮਿਲ ਕੇ ਮਨੁੱਖ ਦਾ ਕਾਇਆ ਕਲਪ ਕਰ ਦਿੰਦੇ ਹਨ। ਉਹਨੂੰ ‘ਜੱਟੀਉਂ ਹੀਰ’ ਬਣਾ ਦਿੰਦੇ ਹਨ। ਰਾਂਝਾ ਐਵੇਂ ਨਹੀਂ ਸੀ ਹੱਥਾਂ ਵਿਚ ਵੰਝਲੀ ਲਈ ਫਿਰਦਾ! ਉਹਦੀ ਵੰਝਲੀ ਦੀ ਹੂਕ ਸੁਣ ਕੇ ਹੀਰ ਤਾਂ ਕੀ ਮੱਝਾਂ ਵੀ ਉਹਦੀ ਸੁਰ ਨਾਲ ਇੱਕ-ਸੁਰ ਹੋ ਜਾਂਦੀਆਂ ਸਨ। ਸ਼ਾਂਤਮਈ ਅੰਦੋਲਨਾਂ ਦੇ ਹੱਕ ਵਿਚ ਵਿਦਰੋਹੀ ਗੀਤ ਲਿਖਣ ਵਾਲੀ ਤੇ ਉਹੋ ਗੀਤ ਆਪਣੀ ਗਿਟਾਰ ’ਤੇ ਗਾਉਣ ਵਾਲੀ ਵੀਹਵੀਂ ਸਦੀ ਦੀ ਮਹਾਨ ਗਾਇਕਾ ਜੌਨ ਬਾਇਸ ਨੇ ਸੰਗੀਤ ਦੀ ਤਾਕਤ ਬਾਰੇ ਕਿਹਾ ਸੀ, “ਜੰਗਬਾਜ਼ਾਂ ਦੇ ਖ਼ਿਲਾਫ਼ ਲੜਨ ਵਾਸਤੇ ਮੇਰੇ ਕੋਲ ਕੇਵਲ ਇੱਕੋ ਹਥਿਆਰ ਹੈ ਤੇ ਉਹ ਹੈ ਛੇ ਤਾਰਾਂ ਵਾਲਾ ਸਾਜ਼, ਮੇਰੀ ਗਿਟਾਰ!”
ਜਿਵੇਂ ਸੂਰਮੇਂ ਪਿੱਠ ਨਾਲ ਪਿੱਠ ਜੋੜ ਕੇ ਮੈਦਾਨ-ਏ-ਜੰਗ ਵਿਚ ਲੜਦੇ ਹਨ, ਗੁਰੂ ਸਾਹਿਬ ਅਤੇ ਮਰਦਾਨਾ ਗੋਡੇ ਨਾਲ ਗੋਡਾ ਜੋੜ ਕੇ ਸ਼ਬਦ-ਗਾਇਨ ਕਰਦੇ ਹੋਏ ਇਹ ਯੁੱਧ ਲੜਦੇ ਸਨ। ਗਿਆਨ ਦੀ ਖੜਗ ਸੰਗੀਤ ਦੀ ਧਾਰ ਨਾਲ ਹੋਰ ਤਿੱਖੀ ਹੋ ਕੇ ਚੱਲਦੀ। ਹਨੇਰਿਆਂ ਨੂੰ ਚੀਰਦੀ ਜਾਂਦੀ। ਮਨ-ਮਸਤਕ ਰੌਸ਼ਨ ਹੁੰਦੇ ਜਾਂਦੇ। ਵਲੀਆਂ ਦੇ ਵਲ਼ ਨਿਕਲਦੇ ਜਾਂਦੇ। ਕੌਡੇ ਵਰਗੇ ਰਾਖ਼ਸ਼ਾਂ ਵਿਚ ਬੰਦਿਆਈ ਪ੍ਰਵੇਸ਼ ਕਰਦੀ ਜਾਂਦੀ। ਸੱਜਣ ਵਰਗੇ ਠੱਗਾਂ ਦੇ ਮਨ ਦੀ ਮੈਲ ਧੋਤੀ ਜਾਂਦੀ।
ਗੁਰੂ ਨਾਨਕ ਦੇ ਸਫ਼ਰ ਵਿਚ ਮਰਦਾਨਾ ਉਨ੍ਹਾਂ ਦਾ ਪੱਕਾ ਸਾਥੀ ਰਿਹਾ।
ਸੁਰਜੀਤ ਪਾਤਰ ਨੇ ਕਿਤੇ ਲਿਖਿਆ ਸੀ, “ਕਾਲੀਆਂ ਰਾਤਾਂ ਨਾਲ ਲੜਨ ਲਈ, ਮੈਂ ਵੀ ਆ ਪਹੁੰਚਾ ਹਾਂ ਆਪਣਾ ਸਾਜ਼ ਲਈ।”
ਭਾਈ ਮਰਦਾਨੇ ਨੇ ਵੀ ਗੁਰੂ ਸਾਹਿਬ ਨੂੰ ਸ਼ਾਇਦ ਇੰਝ ਹੀ ਕਿਹਾ ਹੋਵੇਗਾ।
ਅਸੀਂ ਤਾਂ ਐਵੇਂ ਗੁਰੂ ਦੇ ਸਿੱਖ ਅਖਵਾਉਣ ਦਾ ਦਾਅਵਾ ਕਰਦੇ ਫਿਰਦੇ ਹਾਂ। ਭਾਈ ਮਰਦਾਨੇ ਤੋਂ ਵੱਡਾ ਸਿੱਖ ਕੌਣ ਹੋ ਸਕਦਾ ਹੈ, ਜਿਸ ਨੇ ਗੁਰੂ ਦੇ ਨਾਲ ਹੀ ਆਪਣਾ ਘਰ-ਘਾਟ ਤਿਆਗ ਕੇ ਜੀਵਨ ਦੇ ਅਤਿ ਬਿਖ਼ਮ ਰਾਹ ’ਤੇ ਤੁਰਨ ਦਾ ਜੇਰਾ ਕੀਤਾ। ਇਹ ਉਹ ਦੌਰ ਸੀ ਜਦੋਂ ਹਕੂਮਤ ਦੇ ਦਾਬੇ ਤੋਂ ਡਰਦੇ ਖੱਤਰੀ ਵੀ ਧਰਮ ਛੱਡਦੇ ਜਾ ਰਹੇ ਸਨ (ਖੱਤਰੀਆਂ ਤਾਂ ਧਰਮ ਛੋੜਿਆ) ਪਰ ਇਹ ਭਾਈ ਮਰਦਾਨਾ ਹੀ ਸੀ ਜਿਸ ਨੇ ਮੁਸਲਮਾਨ ਹੁੰਦੇ ਹੋਏ ਵੀ ਹਿੰਦੂ ਖੱਤਰੀ ਗੁਰੂ ਦਾ ਸੇਵਕ ਬਣ ਕੇ ਉਹਨੂੰ ਆਪਣਾ ਆਪ ਸਮਰਪਤਿ ਕਰ ਦਿੱਤਾ।
ਨਹੀਂ, ਮੈਨੂੰ ਸ਼ਾਇਦ ਇੰਝ ਨਹੀਂ ਕਹਿਣਾ ਚਾਹੀਦਾ। ਅਸਲ ਵਿਚ ਉਹ ਹਿੰਦੂ-ਮੁਸਲਮਾਨ ਰਹਿ ਹੀ ਕਿੱਥੇ ਗਏ ਸਨ! ਉਹ ਜਾਤਾਂ-ਪਾਤਾਂ ਦੀਆਂ ਹੱਦਾਂ ਤੋੜ ਕੇ, ਸਭ ਟੋਏ-ਟਿੱਬੇ ਪੱਧਰੇ ਕਰ ਕੇ ਬਰਾਬਰ ਹੋ ਗਏ ਸਨ। ਇੱਕ ਦੇਹ-ਇੱਕ ਜਾਨ ਹੋ ਗਏ ਸਨ। ਗੁਰੂ ਨਾਨਕ ਦੇ ਸੰਗ-ਸਾਥ ਵਿਚ ਰਹਿ ਕੇ ਕੋਈ ਨੀਚ ਕਿਵੇਂ ਰਹਿ ਸਕਦਾ ਏ! ਗੁਰੂ ਨਾਨਕ ਪਾਤਸ਼ਾਹ ਨੇ ਉਹਨੂੰ ਹਿੱਕ ਨਾਲ ਲਾ ਕੇ ‘ਸੋਨਾ’ ਕਰ ਲਿਆ ਸੀ।
ਵੇਖਣ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਓਨਾ ਚਿਰ ਉਦਾਸੀ ’ਤੇ ਨਹੀਂ ਤੁਰਦੇ, ਜਿੰਨਾਂ ਚਿਰ ਮਰਦਾਨਾ ਉਨ੍ਹਾਂ ਨਾਲ ਜਾਣ ਲਈ ਰਾਜ਼ੀ ਨਹੀਂ ਹੁੰਦਾ। ਗੁਰੂ ਜੀ ਨੇ ਮਰਦਾਨੇ ਨੂੰ ਕਿਹਾ, “ਭਾਈ ਮਰਦਾਨਿਆ! ਆਪਣਾ ਪਰਿਵਾਰ ਬਹੁਤ ਵੱਡਾ ਹੈ, ਆਪਾਂ ਦੂਰ-ਦੂਰ ਤੱਕ ਆਪਣੇ ਜੀਆਂ ਨੂੰ ਮਿਲਣ ਜਾਣਾ ਹੈ। ਤੁਸੀਂ ਨਾਲ ਚੱਲੋ। ਇਕੱਠੇ ਚਲਾਂਗੇ ਤਾਂ ਖ਼ਰੀ ਖ਼ੁਸ਼ੀ ਮਿਲੇਗੀ।”
ਮਰਦਾਨੇ ਨੇ ਸਵਾਲ ਕੀਤਾ, “ਬਾਬਾ! ਚਲੇ ਤਾਂ ਚੱਲਦੇ ਹਾਂ, ਪਰ, ਸਫ਼ਰ ਵਿਚ ਖਾਵਾਂਗੇ ਕੀ ਤੇ ਕਿਥੋਂ ਖਾਵਾਂਗੇ?” ਬਾਬਾ ਜੀ ਨੇ ਕਿਹਾ, “ਜੋ ਦੌਲਤ ਤੁਸਾਂ ਪਾਸ ਹੈ, ਹੋਰ ਕਿਸੇ ਪਾਸ ਨਾਹੀਂ। ਤੁਹਾਡੇ ਸਦਕਾ ਕਈਆਂ ਹੋਰਨਾਂ ਨੂੰ ਰਿਜ਼ਕ ਮਿਲੇਗਾ।”
ਅੱਜ ਹਜ਼ਾਰਾਂ ਰਾਗੀ-ਢਾਡੀ ਕੀਰਤਨ ਕਰ ਕੇ ਆਪਣਾ ਗੁਜ਼ਰਾਨ ਕਰ ਰਹੇ ਹਨ। ਉਨ੍ਹਾਂ ਦਾ ਰਿਜ਼ਕ-ਦਾਤਾ ਵਡੇਰਾ ਗੁਰੂ ਨਾਨਕ ਹੀ ਨਹੀਂ, ਭਾਈ ਮਰਦਾਨਾ ਵੀ ਹੈ।
ਮਰਦਾਨਾ ਗੁਰੂ ਦਾ ਆਪਣਾ ਸੀ। ਮਰਦਾਨਾ ਹੀ ਗੁਰੂ ਦੀ ਨਹੀਂ ਸੀ ਸੁਣਦਾ-ਮੰਨਦਾ। ਗੁਰੂ ਸਾਹਿਬ ਵੀ ਉਹਦੀ ਸੁਣਦੇ-ਮੰਨਦੇ ਸਨ। ਜਦੋਂ ਉਦਾਸੀ ’ਤੇ ਤੁਰਨ ਲੱਗੇ ਤਾਂ ਵਿਛੜਣ ਵੇਲੇ ਵੱਜਣ ਵਾਲੇ ਮੋਹ ਦੇ ਉਛਾਲਿਆਂ ਦਾ ਸੋਚ ਕੇ ਗੁਰੂ ਸਾਹਿਬ ਆਪਣੇ ਪਰਿਵਾਰ ਨੂੰ ਮਿਲਣ ਤਲਵੰਡੀ ਨਹੀਂ ਗਏ। ਪਰ ਜਦ ਬੇਬੇ ਨਾਨਕੀ ਨੂੰ ਮਿਲੇ ਬਗ਼ੈਰ ਜਾਣ ਲੱਗੇ ਤਾਂ ਭਾਈ ਮਰਦਾਨੇ ਨੇ ਸੌ ਦੀ ਇੱਕ ਸੁਣਾ ਦਿੱਤੀ, “ਬੇਬੇ ਨੂੰ ਮਿਲੇ ਬਗ਼ੈਰ ਨਹੀਂ ਜਾਣਾ!”
ਗੁਰੂ ਬਾਬੇ ਨੇ ਨੀਵੀਂ ਪਾ ਕੇ ਕਿਹਾ, “ਤੇਰਾ ਆਖਾ ਮੋੜਨਾ ਨਹੀਂ ਭਾਈ!”
ਜਿਸ ਮਰਦਾਨੇ ਦਾ ਆਖਿਆ ਬਾਬਾ ਮੋੜ ਨਹੀਂ ਸਕਦਾ, ਉਹ ਮਰਦਾਨਾ ‘ਕੇਵਲ ਮਾਂਗਤ’ ਹੀ ਕਿਵੇਂ ਹੋ ਸਕਦਾ ਏ?
ਮਰਦਾਨੇ ਕੋਲ ਜਿਹੜੀ ਸੰਗੀਤ ਦੀ ਦੌਲਤ ਸੀ, ਗੁਰੂ ਜੀ ਉਸ ਕੀਮਤ ਨੂੰ ਜਾਣਦੇ ਸਨ। ਜਿਸ ਗੁਰੂ ਨੂੰ ਮਰਦਾਨੇ ਕੋਲ ਦੌਲਤਾਂ ਨਜ਼ਰ ਆਉਂਦੀਆਂ ਸਨ, ਉਹ ਮਰਦਾਨਾ ਮੰਗ-ਖਾਣਾ ਕਿਵੇਂ ਹੋ ਸਕਦਾ ਹੈ! ਉਹਦੇ ਕੋਲ ਰਾਗ ਦਾ ਹੁਨਰ ਸੀ। ਉਹ ਤੇ ਉਹਦੇ ਵਡੇਰੇ ਹੁਣ ਤੱਕ ਰਾਗ ਗਾ ਕੇ ਹੀ ਗੁਜ਼ਰਾਨ ਕਰਦੇ ਆਏ ਸਨ। ਮਰਦਾਨਾ ਗੁਰੂ ਪਾਤਸ਼ਾਹ ਨਾਲ ਨਾ ਵੀ ਤੁਰਦਾ ਤਾਂ ਆਪਣੇ ਹੁਨਰ ਨਾਲ ਗੁਜ਼ਰਾਨ ਕਰ ਸਕਦਾ ਸੀ। ਪਰ ਉਹ ਗੁਰੂ ਸਾਹਿਬ ਦੀ ਅਜ਼ਮਤ ਜਾਣਦਾ ਸੀ। ਉਹਨੂੰ ਸਮਝ ਸੀ ਕਿ ਗੁਰੂ ਪਾਤਸ਼ਾਹ ਉਹਨੂੰ ਆਪਣਾ ਸੰਗੀ-ਸਾਥੀ ਬਣਾ ਕੇ ਕੇਡਾ ਵੱਡਾ ਮਾਣ ਬਖ਼ਸ਼ ਰਹੇ ਹਨ। ਉਹਨੇ ਇੱਕ ਵਾਰ ਵੀ ਨਾਂਹ ਨਹੀਂ ਕੀਤੀ। ਗੁਰੂ ਸਾਹਿਬ ਦੇ ਕਹਿਣ ’ਤੇ ਨਵੀਂ ਰਬਾਬ ਖ਼ਰੀਦ ਕੇ ਉਨ੍ਹਾਂ ਨਾਲ ਲੰਮੀਆਂ ਉਦਾਸੀਆਂ ’ਤੇ ਤੁਰ ਪਿਆ। ਆਪਣਾ ਆਪ ਗੁਰੂ ਪਾਤਸ਼ਾਹ ਨੂੰ ਸਪਰਪਤਿ ਕਰ ਦਿੱਤਾ।
ਜੰਗਲਾਂ-ਬੀਆਬਾਨਾਂ ਵਿਚ ਗੁਰੂ ਦੇ ਸੰਗ-ਸਾਥ ਵਿਚ ਰਿਹਾ। ਸੂਲਾਂ ਅਤੇ ਰੋੜਾਂ ’ਤੇ ਸੌਣਾ ਪ੍ਰਵਾਨ ਕਰ ਲਿਆ, ਪਰ ਗੁਰੂ ਦਾ ਸਾਥ ਨਹੀਂ ਛੱਡਿਆ। ਪਰ ਗੁਰੂ ਸਾਹਿਬ ਨੇ ਵੀ ਮਰਦਾਨੇ ਦੀ ਕਦਰ ਕਰਨ ਵਿਚ ਕੋਈ ਕਸਰ ਨਹੀਂ ਸੀ ਛੱਡੀ। ਜਦ ਵੀ ਮਰਦਾਨੇ ਦੀ ਨਮਾਜ਼ ਪੜ੍ਹਣ ਦਾ ਵਕਤ ਹੁੰਦਾ, ਗੁਰੂ ਸਾਹਿਬ ਓਸੇ ਵਕਤ ਆਪਣੇ ਪੈਰ ਰੋਕ ਲੈਂਦੇ। ਉਹਦੇ ਵਿਸ਼ਵਾਸ ਨੂੰ ਮਾਣ ਦਿੰਦੇ।
ਸਾਰੀ ਉਮਰ ਮਰਦਾਨਾ ਗੁਰੂ ਜੀ ਦੇ ਸੰਗ-ਸਾਥ ਵਿਚ ਰਿਹਾ, ਪਰ ਗੁਰੂ ਸਾਹਿਬ ਨੇ ਇੱਕ ਵਾਰ ਵੀ ਉਹਨੂੰ ਆਪਣਾ ਅਕੀਦਾ ਤਿਆਗਣ ਲਈ ਨਹੀਂ ਕਿਹਾ। ਉਹ ਜਾਣਦੇ ਸਨ ਕਿ ਮਰਦਾਨਾ ‘ਜਿਹੜੀ ਨਮਾਜ਼’ ਅਦਾ ਕਰ ਰਿਹਾ ਹੈ, ਉਹ ਵਿਖਾਵੇ ਦੀ ਨਮਾਜ਼ ਨਹੀਂ। ਕੋਈ ਪਾਖੰਡ ਨਹੀਂ। ਉਹ ਉਹੋ ਨਮਾਜ਼ ਹੈ ਜਿਸ ਬਾਰੇ ਉਹ ਫ਼ੁਰਮਾਉਂਦੇ ਹਨ:
॥ ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਾਲ ਕੁਰਾਣ॥ ਸਰਮ ਸੁੰਨਤਿ ਸੀਲ ਰੋਜਾ ਹੋਹੁ ਮੁਸਲਮਾਨ॥
ਮਰਦਾਨਾ ਅਜਿਹਾ ਮੁਸਲਮਾਨ ਹੋ ਗਿਆ ਸੀ।
ਜਿਹੜੇ ਸਾਖੀਕਾਰ ਮਰਦਾਨੇ ਨੂੰ ਭੁੱਖ ਤੋਂ ਆਤੁਰ ਹੋ ਕੇ ਵਾਰ-ਵਾਰ ਘਰ ਪਰਤਣ ਦੇ ਤਰਲੇ ਲੈਂਦਾ ਵਿਖਾਉਂਦੇ ਹਨ, ਉਹ ਮਰਦਾਨੇ ਦੇ ਸਮਰਪਣ ਨੂੰ ਕੀ ਜਾਨਣ! ੳਹ ਮਰਦਾਨੇ ਦੀ ਦੂਰ-ਦ੍ਰਿਸ਼ਟੀ ਨੂੰ ਕੀ ਸਮਝਣ! ਉਹਦਾ ਨਾਨਕ ਉਹਨੂੰ ਭੁੱਖਾ ਕਿਵੇਂ ਰੱਖ ਸਕਦਾ ਸੀ? ਨਾਨਕ ਦੇ ਸਾਥ ਵਿਚ ਉਹ ਭੁੱਖਾ ਕਿਵੇਂ ਰਹਿ ਸਕਦਾ ਸੀ? ਉਹ ਭਗੌੜਾ ਕਿਵੇਂ ਹੋ ਸਕਦਾ ਸੀ? ਉਹਦੇ ਲਈ ਤਾਂ ਉਹਦਾ ਯਾਰ, ਉਹਦਾ ਭਰਾ, ਉਹਦਾ ਰੱਬ ਉਹਦਾ ਨਾਨਕ ਹੀ ਤਾਂ ਸੀ। ਜਿਸ ਨੇ ਨਾਨਕ ਨੂੰ ਪਾ ਲਿਆ, ਉਹਨੂੰ ਹੋਰ ਲੋੜ ਕਿਸ ਚੀਜ਼ ਦੀ ਰਹਿ ਜਾਂਦੀ ਹੈ!
ਜਦ ਸ਼ਬਦ ਤੇ ਸਾਜ਼ ਇੱਕ ਹੋ ਕੇ ਵੱਜਦ ਵਿਚ ਗੂੰਜਦੇ ਤਾਂ ਇਹਨਾਂ ਅਮਰ-ਪਲਾਂ ਵਿਚ ਮਰਦਾਨੇ ਨੇ ਇੱਕ ਦਿਨ ਪੂਰੇ ਮਾਣ ਵਿਚ ਭਿੱਜ ਕੇ ਕਿਹਾ ਸੀ, “ਭਾਈ ਨਾਨਕਾ! ਤੂੰ ਤਾਂ ਰੱਬ ਦੇਖਿਆ ਹੀ ਹੈ, ਮੈਂ ਤਾਂ ਪਾਇਆ ਹੈ!”
ਜਿਹੜੇ ਮਰਦਾਨੇ ਨੇ ਨਾਨਕ ਵਿਚ ਰੱਬ ਪਾ ਪਿਆ, ਉਹਦੇ ਕੋਲ ਹੋਰ ਪਾਉਣ ਲਈ ਬਚਿਆ ਹੀ ਕੀ ਸੀ? ਉਹਦੀ ਰੂਹ ਤਾਂ ਰੱਜੀ ਹੋਈ ਸੀ। ਉਹਦਾ ਰੱਬ ਤਾਂ ਚੱਤੋ-ਪਹਿਰ ਉਹਦੇ ਅੰਗ-ਸੰਗ ਰਹਿੰਦਾ ਸੀ। ਸਾਖੀ ਆਉਂਦੀ ਹੈ ਕਿ ਜਦ ਭਾਈ ਮਰਦਾਨੇ ਦੇ ਸਰੀਰ ਤਿਆਗਣ ਦਾ ਵੇਲਾ ਆਣ ਪਹੁੰਚਾ ਤਾਂ ਗੁਰੂ ਜੀ ਨੇ ਮਰਦਾਨੇ ਦੇ ਸੀਸ ਨੂੰ ਗੋਦ ਵਿਚ ਲਿਆ ਹੋਇਆ ਹੈ ਤੇ ਪੁੱਛਦੇ ਹਨ, “ਮਰਦਾਨਿਆਂ! ਜੇ ਚਾਹੇਂ ਤਾਂ ਤੇਰੀ ਦੇਹੀ ਨੂੰ ਬ੍ਰਾਹਮਣ ਵਾਂਗ ਦਰਿਆ ਵਿਚ ਸੁੱਟ ਦੇਈਏ? ਮਰਦਾਨਿਆਂ! ਜੇ ਤੇਰੀ ਖ਼ਾਹਿਸ਼ ਹੋਵੇ ਤਾਂ ਖੱਤਰੀ ਵਾਂਗ ਸਾੜ ਦੇਈਏ, ਜੇ ਤੇਰੀ ਇੱਛਾ ਹੋਵੇ ਤਾਂ ਵੈਸ਼ ਵਾਗੂੰ ਹਵਾ ਵਿਚ ਉਛਾਲ ਦੇਈਏ, ਜੇ ਤੇਰਾ ਚਿੱਤ ਹੋਵੇ ਤਾਂ ਸ਼ੂਦਰ ਵਾਂਗ ਦਬਾ ਦੇਈਏ?”
ਭਾਈ ਮਰਦਾਨੇ ਕੇ ਕਿਹਾ, “ਵਾਹ! ਬਾਬਾ ਵਾਹ! ਅਜੇ ਵੀ ਸਰੀਰਾਂ ਦੇ ਚੱਕਰ ਵਿਚ? ਤੁਹਾਡੇ ਉਪਦੇਸ਼ ਕਰ ਤਾਂ ਦੇਹੀ ਦਾ ਖ਼ਿਆਲ ਹੀ ਮੁੱਕ ਗਿਆ ਹੈ। ਮੈਂ ਤਾਂ ਕੇਵਲ ਆਪਣੀ ਆਤਮਾ ਨੂੰ ਆਪਣੇ ਸਰੀਰ ਦਾ ਸਾਥੀ ਸਮਝਦਾ ਹਾਂ।”
ਫਿਰ ਗੁਰੂ ਸਾਹਿਬ ਨੇ ਕਿਹਾ, “ਮਰਦਾਨਿਆਂ! ਮੇਰਾ ਚਿੱਤ ਕਰਦਾ ਹੈ ਕਿ ਤੇਰੀ ਸਮਾਧ ਬਣਾ ਕੇ ਤੈਨੂੰ ਜਗਤ-ਪ੍ਰਸਿੱਧ ਕਰ ਦੇਈਏ।”
ਮਰਦਾਨੇ ਨੇ ਬੜੀ ਗੰਭੀਰ ਮੁਦਰਾ ਵਿਚ ਕਿਹਾ, “ਬਾਬਾ! ਬੜੀ ਮੁਸ਼ਕਲ ਨਾਲ ਤਾਂ ਸਰੀਰ ਰੂਪੀ ਸਮਾਧ ਵਿਚੋਂ ਨਿਕਲਣ ਲੱਗੇ ਹਾਂ, ਇਸਨੂੰ ਫਿਰ ਪੱਥਰ ਦੀ ਸਮਾਧ ਵਿਚ ਕਿਉਂ ਪਾਂਵਦੇ ਹੋ।”
ਗੁਰੂ ਸਾਹਿਬ ਨੇ ਮਰਦਾਨੇ ਨੂੰ ਗਲ ਨਾਲ ਲਾ ਕੇ ਘੁੱਟ ਲਿਆ ਤੇ ਬਚਨ ਕੀਤਾ, “ਤੂੰ ਬ੍ਰਹਮ ਨੂੰ ਪਛਾਣ ਲਿਆ ਹੈ ਮਰਦਾਨਿਆਂ!”
ਤਾਂ ਮਰਦਾਨੇ ਨੇ ਸੌ ਗੱਲਾਂ ਦੀ ਇੱਕੋ ਗੱਲ ਆਖੀ, “ਬਾਬਾ! ਤੂੰ ਖ਼ੁਦਾਇ ਦਾ ਡੂੰਮ, ਮੈਂ ਤੇਰਾ ਡੂੰਮ। ਤੂੰ ਖ਼ੁਦਾਇ ਨੂੰ ਪਾਇਆ, ਮੈਂ ਤੈਨੂੰ ਪਾਇਆ। ਤੇਰਾ ਕਿਹਾ ਖ਼ੁਦਾਈ ਮੰਨਦੀ ਹੈ ਅਰ ਮੇਰਾ ਕਿਹਾ ਤੂੰ ਮੰਨਦਾ ਹੈਂ। ਤੁਧ ਅੱਗੇ ਅਸਾਂ ਦੀ ਬੇਨਤੀ ਹੈ ਅੱਜ ਇੱਕ। ਅਸਾਂ ਨੂੰ ਬਿਛੋੜਨਾ ਨਾਹੀਂ ਆਪਣੇ ਨਾਲੋਂ। ਨਾ ਹੀ ਏਥੇ, ਨਾ ਹੀ ਓਥੇ।”
ਗੁਰੂ ਸਾਹਿਬ ਨੇ ਮੁਹੱਬਤ ਵਿਚ ਭਿੱਜ ਕੇ ਕਿਹਾ, “ਮਰਦਾਨਿਆ! ਤੁਧ ਉਪਰ ਅਸਾਂ ਦੀ ਖ਼ਰੀ ਖ਼ੁਸ਼ੀ ਹੈ। ਜਿੱਥੇ ਤੇਰਾ ਵਾਸਾ, ਤਿਥੇ ਮੇਰਾ ਵਾਸਾ।”
ਅਸੀਂ ਆਖ ਚੁੱਕੇ ਹਾਂ ਕਿ ਜਿੰਨਾਂ ਚਿਰ ਮਰਦਾਨਾ ਨਾਲ ਨਹੀਂ ਤੁਰਿਆ, ਓਨਾ ਚਿਰ ਗੁਰੂ ਸਾਹਿਬ, ਉਦਾਸੀਆਂ ’ਤੇ ਨਹੀਂ ਤੁਰੇ। ਮਰਦਾਨਾ ਸਰੀਰ ਤੇ ਸਾਥ ਛੱਡ ਜਾਂਦਾ ਹੈ ਤਾਂ ਗੁਰੂ ਜੀ ਆਪਣੀ ਚਾਦਰ ਲਾਹ ਕੇ ਮਰਦਾਨੇ ਦੀ ਦੇਹ ’ਤੇ ਪਾਉਂਦੇ ਹਨ। ਮਰਦਾਨੇ ਦੀ ਰਬਾਬ ਗਲ਼ ਨਾਲ ਲਾਉਂਦੇ ਹਨ ਤੇ ਉਦਾਸੀਆਂ ਵਿਚੇ ਛੱਡ ਕੇ ਤਲਵੰਡੀ ਪਰਤ ਆਉਂਦੇ ਹਨ। ਸਿੱਧਾ ਮਰਦਾਨੇ ਦੇ ਘਰ ਜਾਂਦੇ ਹਨ. ਮਰਦਾਨੇ ਦਾ ਪੁੱਤਰ ਸ਼ਹਿਜ਼ਾਦ ਬਾਬੇ ਨੂੰ ਨਤਮਸਤਕ ਹੁੰਦਾ ਹੈ, ਪਰ, ਇੱਕਲ੍ਹਾ ਆਇਆ ਵੇਖ ਕੇ ਪੁੱਛਦਾ ਹੈ, “ਬਾਬਾ! ਅੱਬੂ ਕਿੱਥੇ ਹਾਈ?”
ਗੁਰੂ ਪਾਤਸ਼ਾਹ ਨੇ ਸ਼ਹਿਜ਼ਾਦ ਨੂੰ ਗਲ਼ ਨਾਲ ਲਾਇਆ। ਅਸੀਸਾਂ ਦੇਣ ਲੱਗੇ। ਸ਼ਹਿਜ਼ਾਦ ਸਮਝ ਗਿਆ ਕਿ ਉਹਦਾ ਬਾਪ ਇਸ ਦੁਨੀਆਂ ਵਿਚ ਨਹੀਂ ਰਿਹਾ। ਗੁਰੂ ਸਾਹਿਬ ਨੂੰ ਕਹਿੰਦਾ, “ਸਾਨੂੰ ਓਹੋ ਦਿਉ, ਜੋ ਅੱਬੂ ਨੂੰ ਦਿੱਤਾ ਸਾਈ।”
ਗੁਰੂ ਸਾਹਿਬ ਨੇ ਭਾਈ ਮਰਦਾਨੇ ਦੀ ਰਬਾਬ ਉਹਨੂੰ ਸੌਂਪ ਦਿੱਤੀ।
ਸਦੀਆਂ ਤੋਂ ਮਰਦਾਨੇ ਦੀ ਅੰਸ-ਬੰਸ ਨੇ ਬਾਬੇ ਦੀ ਦਿੱਤੀ ਬਖ਼ਸ਼ਿਸ਼ ਨੂੰ ਗਲ਼ ਨਾਲ ਲਾਈ ਰੱਖਿਆ। ਪੀੜ੍ਹੀ-ਦਰ-ਪੀੜ੍ਹੀ ਗੁਰੂ ਘਰਾਂ ਤੇ ਗੁਰੂ ਦਰਾਂ ’ਤੇ ਸਦਾ ਗੁਰੂ ਦੀ ਬਾਣੀ ਗਾਉਂਦੇ ਰਹੇ। ਨਨਕਾਣੇ ਵੀ ਤੇ ਅੰਬਰਸਰ ਦੇ ਗੁਰੂ ਘਰਾਂ ਵਿਚ ਵੀ ਉਹ ਗੁਰਬਾਣੀ ਦਾ ਗਾਇਨ ਕਰਦੇ ਰਹੇ। ਮਰਦਾਨੇ ਕੇ, ਗੁਰੂ ਦੇ ਆਪਣੇ ਸਨ, ਗੁਰੂ ਘਰਾਂ ਦੇ ਆਪਣੇ ਸਨ, ਗੁਰੂ ਦੇ ਸਿੱਖਾਂ ਦੇ ਆਪਣੇ ਸਨ। ਮਰਦਾਨੇ ਕੇ ਗੁਰੂ ਦੇ ਸਿੱਖ ਹੀ ਸਨ।
ਗੁਰੂ ਸਾਹਿਬ ਨੇ ਤਾਂ ਕਿਹਾ ਸੀ, “ਮਰਦਾਨਿਆਂ! ਜਿੱਥੇ ਤੇਰਾ ਵਾਸਾ, ਤਿਥੇ ਮੇਰਾ ਵਾਸਾ।”
ਪਰ ਅਸੀਂ ਉਨ੍ਹਾਂ ਦੇ ਵਾਸੇ ਅੱਡ-ਅੱਡ ਕਰ ਛੱਡੇ।
ਸ਼ਾਇਦ ਏਸੇ ਸੱਚ ਨੂੰ ਬਿਆਨ ਕਰਦਿਆਂ ਡਾ ਹਰਿਭਜਨ ਸਿੰਘ ਆਪਣੀ ਨਜ਼ਮ ਵਿਚ ਪੁਕਾਰ ਉਠਿਆ ਸੀ,
“ਮੇਰਾ ਨਾਨਕ ਇੱਕਲਾ ਰਹਿ ਗਿਆ ਹੈ
ਬਹੁਤ ਦਿਨ ਬੀਤ ਗਏ
ਸੰਗਤ ’ਚ ਮਰਦਾਨਾ ਨਹੀਂ ਆਇਆ.
ਮਰਦਾਨਾ ਗੁਰੂ ਦਾ ਯਾਰ ਸੀ
ਉਹਦੇ ਸਦਕਾ ਗੁਰੂ ਦੇ ਆਸੇ-ਪਾਸੇ ਦੋਸਤੀ ਦੀ ਮਹਿਕ ਸੀ
ਜਦੋਂ ਰੱਬਾਬ ਚੋਂ ਸਰਗਮ ਉਦੈ ਹੁੰਦੀ
ਗੁਰੂ ਦੇ ਬੋਲ ਸਵੇਰੀ ਪੌਣ ਵਾਂਗੂੰ ਜਾਗਦੇ ਸਨ
ਅਜ ਵੀ ਸੰਗਤ ’ਚ ਗੁਰੂ ਦੇ ਬੋਲ ਨੇ
ਪਰ ਸੁਰ ਨਹੀਂ ਹੈ
ਗੁਰੂ ਦਾ ਸ਼ਬਦ ਹੈ
ਪਰ ਅਰਥ ਗੁੰਮ ਹੋ ਗਿਆ ਹੈ
ਕੀਰਤਨ ਦੀ ਭੀੜ ਹੈ
ਸੰਗੀਤ ਦਾ ਚਿਹਰਾ ਨਹੀਂ ਦਿਸਦਾ
ਕਿਸੇ ਖੂੰਜੇ ’ਚ ਗੁੰਮ-ਸੁਮ ਚੁੱਪ ਪਈ ਰੱਬਾਬ
ਕਈ ਸਾਲਾਂ ਤੋਂ ਇਸ ਦੀ ਤਾਰ ਚੋਂ ਝਨਕਾਰ ਨਹੀਂ ਜਾਗੀ
ਕਿਸੇ ਆਸ਼ਕ ਦੀ ਮਹਿਰਮ ਛੋਹ ਬਿਨਾਂ
ਸਾਜ਼ ’ਚੋਂ ਸੁਰਤਾਲ ਦਾ ਜਾਦੂ ਨਹੀਂ ਉਗਦਾ
ਕੋਈ ਜਾਵੋ ਲਿਆਵੋ ਸਾਜ਼ ਦੇ ਮਹਿਰਮ ਨੂੰ ਪਾਰੋਂ ਮੋੜ ਕੇ
ਕਿਸੇ ਵੀ ਸਾਜ਼ ਬਿਨ
ਆਵਾਜ਼ ਦਾ ਕੁੱਝ ਭੇਤ ਨਹੀਂ ਪਾਇਆ
ਬਹੁਤ ਦਿਨ ਬੀਤ ਗਏ
ਸੰਗਤ ’ਚ ਮਰਦਾਨਾ ਨਹੀਂ ਆਇਆ
ਅਸੀਂ ਇਹ ਕੀ ਕੀਤਾ? ਅਸੀਂ ਅੱਜ ਮਰਦਾਨੇ-ਕਿਆਂ ਲਈ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ। ਉਨ੍ਹਾਂ ਲਈ ਦਰਬਾਰ ਸਾਹਿਬ ਵਿਚ ਕੀਰਤਨ ਕਰਨਾ ਵਰਜਿਤ ਹੋ ਗਿਆ। ਸਾਡੀ ਆਪੇ ਬਣਾਈ ਮਰਿਆਦਾ ਨੇ ਬਾਬੇ ਤੇ ਮਰਦਾਨੇ ਨੂੰ ਵਿਛੋੜ ਦਿੱਤਾ ਹੈ। ਗੁਰੂ ਸਹਿਬ ਨੇ ਤਾਂ ਮਰਦਾਨੇ ਨੂੰ ਭਰੋਸਾ ਦਿੱਤਾ ਸੀ, “ਮਰਦਾਨਿਆ! ਜਿੱਥੇ ਤੇਰਾ ਵਾਸਾ, ਤਿਥੇ ਮੇਰਾ ਵਾਸਾ।”
ਪਰ ਅਸੀਂ ਉਨ੍ਹਾਂ ਦਾ ਵਸੇਬ ਵੀ ਨਿਖੇੜ ਦਿੱਤਾ ਤੇ ਉਨ੍ਹਾਂ ਦੀ ਸੋਚ ਵੀ ਤਿਆਗ ਦਿੱਤੀ।
ਅਸੀਂ ਅਜੇ ਵੀ ਮਾਣ ਨਾਲ ਕਹਿੰਦੇ ਹਾਂ, “ਅਸੀਂ ਗੁਰੂ ਨਾਨਕ ਦੇ ਸਿੱਖ ਹਾਂ!”
ਅਸੀਂ ਇਹ ਕਿਹੋ ਜਿਹੇ ਸਿੱਖ ਹੋ ਗਏ ਹਾਂ?
(ਨਵੀਂ ਛਪੀ ਪੁਸਤਕ ‘ਗੁਰੂ ਨਾਨਕ ਪਾਤਸ਼ਾਹ ਨੂੰ ਮਿਲਦਿਆਂ’ ਵਿਚੋਂ)