ਬਾਬੇ ਨਾਨਕ ਦਾ ਘਰ ਕਿਹੜਾ?

ਹਰਪ੍ਰੀਤ ਸਿੰਘ ਕਾਹਲੋਂ
ਫੋਨ: +91-97798-88335
ਦਸਤਾਵੇਜ਼ੀ ਫਿਲਮ ‘ਐਲੇਗਰੀ- ਏ ਟੈਪਸਟ੍ਰੀ ਆਫ ਗੁਰੂ ਨਾਨਕ’ਜ਼ ਟਰੈਵਲਜ਼’ (ਸੈਨਤ- ਗੁਰੂ ਨਾਨਕ ਦੇ ਪੈਂਡਿਆਂ ਦੀ ਰੂਹਾਨੀ ਛਾਪ) ਸਿੰਗਾਪੁਰ ਰਹਿੰਦੇ ਫਿਲਮਸਾਜ਼ ਅਮਰਦੀਪ ਸਿੰਘ ਨੇ ਬਣਾਈ ਹੈ। ਉਨ੍ਹਾਂ ਨਾਲ ਕਥਾਨਕ ਲਿਖਦੀ ਦੂਜੀ ਹਦਾਇਤਕਾਰ ਵਨਿੰਦਰ ਕੌਰ ਹੈ। ਬਿੱਕੀ ਸਿੰਘ, ਜਗਤਾਰ ਸਿੰਘ ਧਾਲੀਵਾਲ ਪ੍ਰਬੰਧਕੀ ਸਾਥੀ ਹਨ। ਪਾਕਿਸਤਾਨ ਤੋਂ ਸਲਮਾਨ ਆਲਮ ਖਾਨ, ਭਾਰਤ ਤੋਂ ਦੀਪਕ ਵਰਮਾ ਸਿਨੇਮੈਟੋਗ੍ਰਾਫਰ ਹਨ। ਕੈਮਰਾਮੈਨ ਸਾਥੀਆਂ `ਚ ਭਾਰਤ ਤੋਂ ਪ੍ਰਮੋਦ ਵਿਸ਼ਵਕਰਮਾ ਅਤੇ ਪਾਕਿਸਤਾਨ ਤੋਂ ਫਾਹਦ ਮਕਬੂਲ

ਹਨ। ਦਸਤਾਵੇਜ਼ੀ ਲੜੀ ਦੇ ਸੰਪਾਦਕ ਪਾਕਿਸਤਾਨ ਤੋਂ ਮੁਹੰਮਦ ਕਾਮਰਾਨ ਫਜ਼ਲ ਹਨ। ਵਿਜ਼ੂਅਲ ਬੰਦੋਬਸਤ ਦੇਣ ਵਿਚ ਦੱਤੀ ਕੌਰ ਦਾ ਯੋਗਦਾਨ ਹੈ। ਫਿਲਮ ਲੜੀ ਦਾ ਮਜ਼ਬੂਤ ਪੱਖ ਇਹ ਹੈ ਕਿ ਗੁਰੂ ਨਾਨਕ ਬਾਣੀ ਨੂੰ ਕਿੰਝ ਗਾਵਿਆ ਜਾਵੇ? ਇਹਨੂੰ ਸਤਿੰਦਰ ਸਿੰਘ ਬੋਦਲ ਹੁਣਾਂ ਸੰਭਾਲਿਆ ਹੈ। ਇਸੇ ਸਿਲਸਿਲੇ `ਚ ਇਹ ਜ਼ਿਕਰ ਛੁੱਟ ਨਾ ਜਾਵੇ ਕਿ ਹਰਸਖੀਆਂ ਸਾਂਝ ਦੀ ਗਵੱਈਆ ਬੀਬੀ ਸਲੀਮਾ ਖਵਾਜ਼ਾ ਰਬਾਬੀ ਰਵਾਇਤ `ਚ ਗੁਰੂ ਨਾਨਕ ਪਾਤਸ਼ਾਹ ਦੇ ਸਾਰੇ ਰਾਗਾਂ ਨੂੰ ਗਾਉਣ ਵਾਲੀ ਇਕਲੌਤੀ ਬੀਬੀ ਹੋ ਨਿਬੜੀ ਹੈ। ਸਲੀਮਾ ਖਵਾਜ਼ਾ, ਬੀਨਾ ਜਾਵੇਦ ਦੀ ਧੀ ਹੈ ਅਤੇ ਉਨ੍ਹਾਂ ਰਬਾਬੀ ਰਵਾਇਤ ਨੂੰ ਬਾਬਾ ਮਰਦਾਨਾ ਦੀ ਪੀੜ੍ਹੀ `ਚੋਂ ਭਾਈ ਗੁਲਾਮ ਮੁਹੰਮਦ ਚਾਂਦ ਤੋਂ ਸਿੱਖਿਆ ਹੈ। ‘ਐਲੇਗਰੀ- ਏ ਟੈਪਸਟ੍ਰੀ ਆਫ ਗੁਰੂ ਨਾਨਕ’ਜ਼ ਟਰੈਵਲਜ਼’ 24 ਕਿਸ਼ਤਾਂ ਦੀ ਦਸਤਾਵੇਜ਼ੀ ਨੂੰ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਵਿਚ ਪੇਸ਼ ਕੀਤਾ ਹੈ। ਇਸ ਲੜੀ ਨੂੰ ਹਿੰਦੀ ਅਤੇ ਉਰਦੂ ਵਿਚ ਬਹੁਤ ਛੇਤੀ ਪੇਸ਼ ਕੀਤਾ ਜਾਵੇਗਾ। ਅਮਰਦੀਪ ਸਿੰਘ ਇਸ ਨੂੰ ਅਗੰਮੀ ਅਹਿਸਾਸ ਅਤੇ ਸਾਂਝ ਕਹਿੰਦੇ ਹਨ। ਇਸ ਲੜੀ ਨੂੰ ‘ਦਿਗੁਰੂਨਾਨਕਡਾਟਕਾਮ’ `ਤੇ ਦੇਖਿਆ ਜਾ ਸਕਦਾ ਹੈ।
ਪਾਤਸ਼ਾਹ ਦੇ ਚਰਨ ਕਿੰਨੇ ਬਾਕਮਾਲ ਹੋਣਗੇ ਜਿਨ੍ਹਾਂ ਲੰਮੀਆਂ ਉਦਾਸੀਆਂ ਕੀਤੀਆਂ। ਉਸ ਮੁਹੱਬਤ ਦੀਆਂ ਗਾਥਾਵਾਂ ਪੀੜ੍ਹੀ ਦਰ ਪੀੜ੍ਹੀ ਤੁਰੀਆਂ। ਇਹ ਇਸ ਕਰਕੇ ਮਹੱਤਵਪੂਰਨ ਹੈ ਕਿਉਂਕਿ ਇਹ ਦੁਨੀਆਂ ਉਨ੍ਹਾਂ ਦੀਆਂ ਉਦਾਸੀਆਂ ਨੂੰ ਮਹਿਸੂਸ ਕਰੇ ਜੋ ਹੁਣ ਦੇ ਨੌਂ ਦੇਸ਼ਾਂ ਵਿਚ ਫੈਲੀਆਂ ਹੋਈਆਂ ਹਨ। ਹੁਣ ਪਰਮਾਣੂ ਹਥਿਆਰਾਂ ਦਾ ਖੌਫ ਹੈ ਅਤੇ ਕੰਡਿਆਲੀਆਂ ਤਾਰਾਂ ‘ਚ ਉਲਝੀ ਜ਼ਿੰਦਗੀ ਹੈ। ਮਨ ਦੀਆਂ ਪਰਤਾਂ ਮੈਲੀਆਂ ਹਨ। ਬੰਦੇ ਦੇ ਅੰਦਰ ਟੁੱਟ-ਭੱਜ ਹੈ।
ਗੁਰੂ ਨਾਨਕ ਪਾਤਸ਼ਾਹ ਨੂੰ ਮਹਿਸੂਸ ਕਰਦਿਆਂ ਫਿਲਮਸਾਜ਼ ਅਮਰਦੀਪ ਸਿੰਘ ਨੇ ਕਿਹਾ ਸੀ ਕਿ ਅਸੀਂ ਗੁਰੂ ਨਾਨਕ ਨੂੰ ਦੁਨੀਆ ਦੇ ਹਰ ਹਿੱਸੇ ਪਹੁੰਚਾ ਦਿੱਤਾ ਹੈ ਪਰ ਆਪਣੇ ਦਿਲ ਤੱਕ ਨਹੀਂ ਪਹੁੰਚਾ ਸਕੇ। ਜੇ ਇੰਝ ਹੈ ਤਾਂ ਅੱਜ 550 ਸਾਲਾਂ ਬਾਅਦ ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਨੂੰ ਸਮਝਣਾ ਜ਼ਰੂਰੀ ਹੈ।
ਨਿਸ਼ਾਨ!
ਸੰਨ ਸੰਤਾਲੀ ਦੀ ਵੰਡ ਬਾਰੇ ਗੁਲਜ਼ਾਰ ਨੇ ਕਹਾਣੀ ‘ਰਾਵੀ ਪਾਰ’ ਲਿਖੀ। ਇਸ ਕਹਾਣੀ ‘ਚ 1947 ਦੀ ਵੰਡ ਮੌਕੇ ਦਰਸ਼ਨ ਸਿੰਘ ਦੇ ਘਰ ਜੌੜਿਆਂ ਨੇ ਜਨਮ ਲਿਆ। ਇਕ ਦੀ ਮੌਤ ਹੋ ਗਈ। ਰਾਵੀ ਲੰਘਦਿਆਂ ਕਿਸੇ ਕਿਹਾ ਕਿ ਮਰਿਆ ਬੱਚਾ ਜਲ ਪ੍ਰਵਾਹ ਕਰ ਦਿਓ। ਅੰਮ੍ਰਿਤਸਰ ਆ ਕੇ ਪਤਾ ਲੱਗਾ ਕਿ ਜਿਊਂਦਾ ਬੱਚਾ ਰਾਵੀ ਵਿਚ ਸੁੱਟ ਦਿੱਤਾ ਸੀ ਅਤੇ ਮਰਿਆ ਮਾਂ ਨੇ ਛਾਤੀ ਨਾਲ ਘੁੱਟਿਆ ਸੀ। ਗੁਲਜ਼ਾਰ ਦੀ ਕਹਾਣੀ ਦਾ ਬਿਆਨ ਹੈ ਕਿ ਵੰਡ ਦੌਰਾਨ ਪੰਜਾਬ ਇੰਝ ਹੀ ਹੱਸਦੀਆਂ ਖੇਡਦੀਆਂ ਜਿਊਂਦੀਆਂ ਯਾਦਾਂ ਰਾਵੀ ਵਿਚ ਸੁੱਟ, ਮਰੀਆਂ ਯਾਦਾਂ ਨੂੰ ਸੀਨਿਆਂ ‘ਚ ਦਫਨ ਕਰ ਨਾਲ ਲੈ ਆਇਆ। ਇਹ ਟੀਸ ਤੀਜੀ ਪੀੜ੍ਹੀ ਤੱਕ ਹੈ ਅਤੇ ਅਗਾਂਹ ਵੀ ਰਹਿਣੀ ਹੈ। ਸਾਡੀ ਅਰਦਾਸ ਵਿਚ ਨਨਕਾਣਾ ਸਾਹਿਬ ਅਤੇ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਆਰਜਾ ਹੈ।
ਜੋ ਅੰਦਰ ਸੀ ਉਹਨੂੰ ਲੱਭਦਿਆਂ…
ਗੁਰੂ ਨਾਨਕ ਸਾਹਿਬ ਦੀਆਂ ਚਾਰ ਉਦਾਸੀਆਂ ਨੂੰ ਦਰਜ ਕਰਦੀ ‘ਸੈਨਤ- ਗੁਰੂ ਨਾਨਕ ਦੇ ਪੈਂਡਿਆਂ ਦੀ ਰੂਹਾਨੀ ਛਾਪ’ (ਐਲੇਗਰੀ- ਏ ਟੈਪਸਟ੍ਰੀ ਆਫ ਗੁਰੂ ਨਾਨਕ’ਜ਼ ਟਰੈਵਲਜ਼) ਦਸਤਾਵੇਜ਼ੀ ਫਿਲਮ ਲੜੀ ਅਮਰਦੀਪ ਸਿੰਘ ਨੇ ਬਣਾਈ ਹੈ। 24 ਕਿਸ਼ਤਾਂ ਦੀ ਇਸ ਲੜੀ ਨੂੰ ਦੇਖਣ ਤੋਂ ਪਹਿਲਾਂ ਇਸ ਤੰਦ ਤੱਕ ਪਹੁੰਚਣਾ ਜ਼ਰੂਰੀ ਹੈ ਕਿ ਇਹਦੀ ਸਿਰਜਣਾ ਪਿਛਲੇ ਬੰਦੇ ਦਾ ਇਨ੍ਹਾਂ ਕਹਾਣੀਆਂ ਨੂੰ ਕਹਿਣ ਦਾ ਮੁੱਢ ਕਿੰਝ ਬੱਝਿਆ। ਇਹ ਬਤੌਰ ਲਿਖਾਰੀ, ਹਦਾਇਤਕਾਰ ਅਮਰਦੀਪ ਸਿੰਘ ਅਤੇ ਦਰਸ਼ਕਾਂ ਤੇ ਸੰਗਤ ਦਾ ਜੋੜ ਹੈ।
ਉੱਠ ਗਏ ਗਵਾਂਢੋ ਯਾਰ!
ਸਿੰਗਾਪੁਰ ਰਹਿੰਦੇ ਅਮਰਦੀਪ ਸਿੰਘ ਹੁਣਾਂ ਵੰਡ ਦੀ ਇਸੇ ਟੀਸ ‘ਚੋਂ ਆਪਣੇ ਬਜ਼ੁਰਗਾਂ ਦਾ ਵਿਹੜਾ ਦੇਖਣ ਦੀ ਉਮੀਦ ਰੱਖੀ ਸੀ। ਇਹ ਤੰਦ ਮਕਬੂਜ਼ਾ ਕਸ਼ਮੀਰ ਵਿਚਲੇ ਮੁਜ਼ੱਫਰਾਬਾਦ ਨਾਲ ਜੁੜਦੀ ਹੈ। ਅਮਰਦੀਪ ਸਿੰਘ ਦੇ ਪਿਤਾ ਇੱਥੋਂ ਦੇ ਸਨ ਅਤੇ ਮਾਂ ਐਬਟਾਬਾਦ ਤੋਂ ਸੀ। ਅਮਰਦੀਪ ਮੁਤਾਬਿਕ ਜਿਉਂ-ਜਿਉਂ ਸਫਰ ਤੁਰਿਆ ਤਾਂ ਤੁਸੀਂ ਮਹਿਸੂਸ ਕਰਦੇ ਹੋ ਕਿ ਇਹ ਸਫਰ ਨਿੱਜ ਦੀ ਵਿਰਾਸਤ ਤੋਂ ਵੀ ਪਾਰ ਤੁਹਾਡੇ ਪੁਰਖਿਆਂ ਦੇ ਇਤਿਹਾਸਕ ਪਿਛੋਕੜ ਦੀ ਬਹੁਤ ਪੁਰਾਤਨ ਅਤੇ ਮਹਾਨ ਸਾਂਝੀ ਵਿਰਾਸਤ ਤੱਕ ਦਾ ਦਸਤਾਵੇਜ਼ ਹੈ।
ਹਰ ਬੰਦੇ ਦੇ ਅੰਦਰ ਸਫਰ ਹੈ। ਇਸ ਸਫਰ ‘ਤੇ ਤੁਰ ਪੈਣਾ ‘ਵਿਰਾਸਤਾਂ ਦਾ ਸਫਰ’ ਹੈ
ਯਾਤਰਾ ਅਤੇ ਸਭਿਅਤਾਵਾਂ ਦੇ ਇਤਿਹਾਸ ‘ਚ ਇਹਦੀ ਨਿਸ਼ਾਨਦੇਹੀ ਦਾ ਆਪਣਾ ਹੀ ਜਲਾਲ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ‘ਚ ਬਾਣੀ ਉਚਾਰੀ ਅਤੇ ਉਸ ਨੂੰ ਗਾਵਿਆ। ਉਨ੍ਹਾਂ ਉਦਾਸੀਆਂ ਕੀਤੀਆਂ। ਕਰਤਾਰਪੁਰ ਸਾਹਿਬ ਦੀ ਮੁਕੱਦਸ ਧਰਤੀ ‘ਤੇ ਖੇਤੀ ਕੀਤੀ। ਗ੍ਰਹਿਸਥ ਜ਼ਿੰਦਗੀ ਦਾ ਮੂਲ ਸਮਝਾਇਆ। ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਦਾ ਰੂਹਾਨੀ ਮੰਤਰ ਦਿੱਤਾ।
ਬਾਬਾ ਨਾਨਕ ਨੇ ਆਪਣੇ ਸਿੱਖਾਂ ਨੂੰ ਕੀ ਸਿਖਾਇਆ?
ਘੁੰਮਣਾ ਅਤੇ ਦੁਨੀਆਂ ਦੀ ਪ੍ਰਾਹੁਣਾਚਾਰੀ ਨੂੰ ਸਮਝਣਾ, ਬੰਦੇ ਦੀ ਖੋਜ ਅਤੇ ਸਿਦਕ ਸੰਤੋਖ ਦੀ ਸਾਧਨਾ, ਇਹੋ ਤਾਂ ਹੈ ਬਾਬੇ ਨਾਨਕ ਦੇ ਘਰ ਦਾ ਸਿਰਨਾਵਾਂ!
ਅਮਰਦੀਪ ਸਿੰਘ ਦਸਤਾਵੇਜ਼ੀ ਲੜੀ ਬਣਾਉਣ ਵੇਲੇ ‘ਕੱਲਾ-ਕਾਰਾ ਨਹੀਂ ਤੁਰਦਾ। ਉਹ ਦੁਨੀਆ ਦੀ ਇਸੇ ਪ੍ਰਾਹੁਣਾਚਾਰੀ ਨੂੰ ਲੱਭਦਾ ਹੈ।
ਕਥਾ ਹੈ ਕਿ ਬਾਬਾ ਸ਼ੇਖ ਇਬਰਾਹਿਮ (ਬਾਬਾ ਫਰੀਦ ਦੇ ਗੱਦੀਨਸ਼ੀਨ) ਨੂੰ ਜਦੋਂ ਗੁਰੂ ਨਾਨਕ ਪਾਤਸ਼ਾਹ ਮਿਲੇ ਤਾਂ ਮਰਦਾਨੇ ਨੇ ਰਬਾਬ ਛੇੜੀ। ਬਾਬੇ ਨੇ ਬਾਣੀ ਗਾਵੀ ਤਾਂ ਸ਼ੇਖ ਇਬਰਾਹਿਮ ਆਪਣੀ ਗੱਦੀਓਂ ਉੱਠੇ, ਕੁਟੀਆ ਅੰਦਰ ਗਏ ਤੇ ਬਾਬਾ ਫਰੀਦ ਦੇ ਸ਼ਲੋਕਾਂ ਦੇ ਪੱਤਰੇ ਲੈ ਆਏ।
ਗੁਰੂ ਨਾਨਕ ਤੇ ਭਾਈ ਮਰਦਾਨੇ ਨੇ ਸ਼ਲੋਕ ਗਾਏ ਤਾਂ ਸ਼ੇਖ ਇਬਰਾਹਿਮ ਬਾਬਾ ਫਰੀਦ ਦੀ ਬਾਣੀ ਦੇ ਸਾਰੇ ਪੱਤਰੇ ਲੈ ਆਏ ਤੇ ਬੋਲੇ ਕਿ ਇਹ ਤੁਸਾਂ ਦੇ, ਤੁਸਾਂ ਹੀ ਲੈ ਜਾਵੋ। ਇੰਝ ਗੁਰੂ ਨਾਨਕ ਦੇਵ ਜੀ ਦਾ ਪਾਕਪਟਨ ਵਿਖੇ ਬਾਬਾ ਫਰੀਦ ਨਾਲ ਮੇਲ ਹੋਇਆ। ਇਹ ਪ੍ਰਾਹੁਣਾਚਾਰੀ ਅਤੇ ਸਾਂਝੀਵਾਲਤਾ ਹੈ। ਅਜਿਹੇ ਇਸ਼ਾਰਿਆਂ ਨੂੰ ਦਰਜ ਕਰਦਾ ਅਮਰਦੀਪ ਸਿੰਘ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਨਾਲ ਆਪਣੀ ਯਾਤਰਾ ਨੂੰ ਤੋਰਦਾ ਹੈ।
ਇਲਾਹੀ ਦਖਲ
ਅਮਰਦੀਪ ਸਿੰਘ ਇਸ ਨੂੰ ਇਲਾਹੀ ਦਖਲ ਕਹਿੰਦਾ ਹੈ। ਉਸ ਮੁਤਾਬਿਕ ਇਹ ਸਿਰਫ ਧਾਰਮਿਕ ਨਹੀਂ ਹੈ। ਇਸ ਵਿਚ ਵਿਰਾਸਤ ਹੈ, ਭਾਵਨਾ ਹੈ ਅਤੇ ਸਫਰ ਹੈ ਜਿਸ ਦੀ ਗੁੜ੍ਹਤੀ ਸਾਨੂੰ ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਪੜ੍ਹ-ਪੜ੍ਹ ਮਿਲੀ ਹੈ। ਇਹ ਦਸਤਾਵੇਜ਼ੀ ਫਿਲਮ ਦੇ ਰੂਪ ‘ਚ ਦਰਜ ਕਰਨਾ ਨਿਰਾ ਗੁਰਦੁਆਰਿਆਂ ਦੀ ਯਾਤਰਾ ਕਰਨਾ ਨਹੀਂ। ਗੁਰੂ ਨਾਨਕ ਸਾਹਿਬ ਤਾਂ ਇਸ ਤੋਂ ਬਾਹਰ ਹੋਰ ਥਾਵਾਂ ‘ਤੇ ਵੀ ਘੁੰਮੇ ਸਨ। ਇਸ ਵਿਚ ਕਥਾ ਮਹੱਤਵਪੂਰਨ ਹੈ। ਇਹ ਲਿਖਤੀ ਇਤਿਹਾਸ ਨਾਲ ਸਾਡੀ ਮਿਲਣੀ ਹੈ। ਅਸੀਂ ਇਸੇ ਬਿਰਤਾਂਤ ਨੂੰ ਪੇਸ਼ ਕਰਨਾ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਚੱਜਾ ਦਸਤਾਵੇਜ਼ ਹੋਵੇ।
ਸੈਨਤ- ਗੁਰੂ ਨਾਨਕ ਦੇਵ ਜੀ ਦੇ ਪੈਂਡਿਆਂ ਦੀ ਰੂਹਾਨੀ ਛਾਪ
ਅਮਰਦੀਪ ਸਿੰਘ ਮੁਤਾਬਿਕ ਇਸ ਦਸਤਾਵੇਜ਼ੀ ਫਿਲਮ ਦੇ ਮੁੱਢ ‘ਚ ਇਹ ਮਹਿਸੂਸ ਕਰਦਿਆਂ ਇਹਨੂੰ ਦੇਖਦੇ ਜਾਵੋ। ਜਦੋਂ ਸਰਹੱਦਾਂ ਇਸ ਰੂਪ ‘ਚ ਨਹੀਂ ਸਨ। ਪੰਦਰ੍ਹਵੀਂ ਸਦੀ ਦਾ ਦੌਰ ਸੀ। ਬਾਦਸ਼ਾਹ ਆਪਣੇ ਰਾਜ ਦਾ ਵਿਸਥਾਰ ਕਰ ਰਹੇ ਸਨ। ਉਨ੍ਹਾਂ ਸਮਿਆਂ ‘ਚ ਹਿੰਦੂ ਅਤੇ ਮੁਸਲਮਾਨ ਸਨ।
ਉਦੋਂ ਗੁਰੂ ਨਾਨਕ ਸਾਹਿਬ ਅਵਤਾਰ ਧਾਰਦੇ ਹਨ ਅਤੇ ਮਨੁੱਖਤਾ ਤੇ ਸਾਂਝੀਵਾਲਤਾ ਦਾ ਸੁਨੇਹਾ ਕੁੱਲ ਦੁਨੀਆਂ ਨੂੰ ਦਿੰਦੇ ਹਨ। ਉਹ ਰਾਗਾਂ ‘ਚ ਬਾਣੀ ਰਚਦੇ ਹਨ। ਉਹ ਹਿੰਦੂ ਨੂੰ ਮਿਲਦੇ ਹਨ। ਉਹ ਮੁਸਲਮਾਨਾਂ, ਕਬੀਲਿਆਂ, ਵੱਖ-ਵੱਖ ਕੌਮਾਂ ਅਤੇ ਸੱਭਿਆਚਾਰਾਂ ਦੇ ਲੋਕਾਂ ਨੂੰ ਮਿਲਦੇ ਹਨ ਅਤੇ ਅਕਾਲ ਪੁਰਖ ਦਾ ਸੰਦੇਸ਼ ਦਿੰਦਿਆਂ ਵੱਖ-ਵੱਖ ਥਾਵਾਂ ਦੀ ਯਾਤਰਾ ਕਰਦੇ ਹਨ।
ਗੁਰੂ ਨਾਨਕ ਦੇਵ ਜੀ ਚਾਰ ਉਦਾਸੀਆਂ ਕਰਦੇ ਹਨ। ਉਨ੍ਹਾਂ ਵੱਲੋਂ ਗਾਹਿਆ ਵੱਡਾ ਖੇਤਰ ਹੁਣ ਨੌਂ ਦੇਸ਼ਾਂ ‘ਚ ਫੈਲਿਆ ਹੈ। ਤਿੱਬਤ, ਭਾਰਤ, ਪਾਕਿਸਤਾਨ, ਚੀਨ, ਬੰਗਲਾਦੇਸ਼, ਸ੍ਰੀਲੰਕਾ, ਸਾਊਦੀ ਅਰਬ, ਇਰਾਕ, ਇਰਾਨ, ਅਫਗਾਨਿਸਤਾਨ ਜਿਹੇ ਦੇਸ਼ਾਂ ਨੂੰ ਬਾਬਾ ਨਾਨਕ ਦੀ ਚਰਨ ਛੋਹ ਪ੍ਰਾਪਤ ਹੈ।
ਅਮਰਦੀਪ ਸਿੰਘ ਦੇ ਦੱਸਣ ਮੁਤਾਬਿਕ ਸਾਡੇ ਕਾਰਜ ਨੂੰ ਕੁਝ ਇਸ ਤਰ੍ਹਾਂ ਸਮਝਿਆ ਜਾਵੇ ਕਿ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਉਨ੍ਹਾਂ ਦੀਆਂ ਉਦਾਸੀਆਂ ਅਤੇ ਸਿੱਖਿਆਵਾਂ ਦੇ ਸਾਡੇ ਤੱਕ ਪਹੁੰਚਣ ਦੀਆਂ ਤਿੰਨ ਰਵਾਇਤਾਂ ਹਨ।
15ਵੀਂ-16ਵੀਂ ਸਦੀ ‘ਚ ਮੌਖਿਕ ਰਵਾਇਤ ਮਾਰਫਤ ਇਹ ਕਹਾਣੀਆਂ ਤੁਰਦੀਆਂ ਰਹੀਆਂ ਜੋ 17ਵੀਂ ਸਦੀ ‘ਚ ਜਨਮਸਾਖੀਆਂ ਦੀ ਰਵਾਇਤ ‘ਚ ਪੇਸ਼ ਹੋਇਆ। ਅਸੀਂ ਭਾਈ ਬਾਲੇ ਵਾਲੀ ਜਨਮਸਾਖੀ, ਭਾਈ ਗੁਰਦਾਸ ਦੀਆਂ ਲਿਖਤਾਂ, ਬਾਬਾ ਮਿਹਰਬਾਨ, ਮਹਿਮਾ ਪ੍ਰਕਾਸ਼ ਆਦਿ ਸਰੋਤਾਂ ਤੋਂ ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ ਨੂੰ ਜਾਣਦੇ ਗਏ। ਹੁਣ 21ਵੀਂ ਸਦੀ ਵਿਜ਼ੁਅਲ ਮੀਡੀਆ ਦਾ ਦੌਰ ਹੈ। ਇਸੇ ਲਈ ਅਸੀਂ ਨੌਂ ਮੁਲਕਾਂ ਦੀ ਯਾਤਰਾ ਕਰਦਿਆਂ ਗੁਰੂ ਨਾਨਕ ਸਾਹਿਬ ਦੇ ਸਫਰ ਨੂੰ ਦਸਤਾਵੇਜ਼ੀ ਫਿਲਮ ਦਾ ਰੂਪ ਦਿੱਤਾ ਹੈ।
ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਸਮਝਦੇ ਹਾਂ ਤਾਂ ਇਸ ਨਜ਼ਰੀਏ ਨੂੰ ਧਿਆਨ ‘ਚ ਰੱਖੀਏ ਕਿ ਇਹ ਸਿਰਫ ਗੁਰਦੁਆਰੇ ਨਹੀਂ ਹਨ ਜਿਵੇਂ ਮਿਸਾਲ ਵਜੋਂ ਪਾਕਿਸਤਾਨ ‘ਚ ਗੁਰਦੁਆਰਾ ਨਨਕਾਣਾ ਸਾਹਿਬ, ਪੰਜਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਤੋਂ ਇਲਾਵਾ 45 ਤੋਂ ਵੱਧ ਅਜਿਹੀਆਂ ਥਾਵਾਂ ਹਨ ਜੋ ਦੋ ਧਰਮਾਂ ਦੇ ਆਪਸੀ ਸਹਿਚਾਰ ਦਾ ਪ੍ਰਤੀਕ ਹਨ। ਇਸ ਵਿਸ਼ਵਾਸ ‘ਚ ਸੂਫੀ ਦਰਗਾਹਾਂ, ਮੰਦਰ ਵੀ ਹਨ ਜਿਨ੍ਹਾਂ ਨਾਲ ਉਦਾਸੀਆਂ ਵੇਲੇ ਗੁਰੂ ਨਾਨਕ ਸਾਹਿਬ ਨਾਲ ਰਿਸ਼ਤਾ ਜੁੜਦਾ ਹੈ। ਇਹ ਗੁਰੂ ਨਾਨਕ ਜੀ ਦੇ ਰਾਹਵਾਂ ਦੀ ਨਿਸ਼ਾਨਦੇਹੀ ਹੈ ਜੋ ਸਾਨੂੰ ਸਾਖੀ ਪਰੰਪਰਾ ਤੋਂ ਮਹਿਸੂਸ ਹੁੰਦੀ ਹੈ।
ਇਹੋ ਕਥਾਵਾਂ ਹਨ। ਇਹ ਵੱਡਾ ਵਰਤਾਰਾ ਹੈ। ਇਸ ‘ਚ ਕਈ ਗੱਲਾਂ ਨੂੰ ਨਿਖੇੜਨ ਦੀ ਵੀ ਲੋੜ ਹੈ। ਇਹ ਖੋਜ ਦਾ ਵਿਸ਼ਾ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਇੰਡੋਨੇਸ਼ੀਆ ਅਤੇ ਰੋਮ ਤੱਕ ਜਾਣ ਦੀ ਚਰਚਾ ਵੀ ਤੁਰਦੀ ਹੈ। ਅਜਿਹੇ ‘ਚ ਸਾਨੂੰ ਸੁਚੇਤ ਹੋਣਾ ਚਾਹੀਦਾ ਹੈ ਕਿ ਇਤਿਹਾਸਕ ਹਵਾਲਿਆਂ, ਸਾਖੀਆਂ ਅਤੇ ਉਨ੍ਹਾਂ ਰਾਹਵਾਂ ਨੂੰ ਸੁਹਿਰਦ ਹੋ ਕੇ ਸਮਝਣ ਦੀ ਲੋੜ ਹੈ ਕਿ ਸਹੀ ਕੀ ਹੈ ਅਤੇ ਅਤਿਕਥਨੀ ਕੀ।
ਦਸਤਾਵੇਜ਼ੀ ਪੜਾਅ ਦੇ ਸਾਥੀ
ਅਮਰਦੀਪ ਸਿੰਘ ਅਤੇ ਉਨ੍ਹਾਂ ਦੇ ਵੀਡੀਓ ਡਾਇਰੈਕਟਰ ਸਾਥੀ ਸਲਮਾਨ ਨੇ 11 ਜਨਵਰੀ 2019 ਨੂੰ ਇਹ ਸ਼ਾਨਦਾਰ ਸਫਰ ਸ਼ੁਰੂ ਕੀਤਾ। ਇਸ ਦੌਰਾਨ 11 ਮਹੀਨਿਆਂ ਵਿਚ ਉਹ ਨੌਂ ਮੁਲਕਾਂ ਦੀਆਂ 150 ਤੋਂ ਵੱਧ ਥਾਵਾਂ ‘ਤੇ ਪਹੁੰਚੇ। ਅਮਰਦੀਪ ਸਿੰਘ ਇਸ ਨੂੰ ਵੱਡੀ ਚੁਣੌਤੀ ਮੰਨਦਾ ਹੈ। ਉਸ ਮੁਤਾਬਿਕ ਦਸਤਾਵੇਜ਼ੀ ਫਿਲਮ ਬਣਾਉਣ ਦੌਰਾਨ ਅਸੀਂ ਭਾਰਤ-ਪਾਕਿਸਤਾਨ ਤਾਂ ਸੌਖਿਆਂ ਘੁੰਮ ਸਕੇ ਪਰ ਵੱਡੀ ਚੁਣੌਤੀ ਸ੍ਰੀਲੰਕਾ ਸੀ ਜਿੱਥੋਂ ਅਸੀਂ ਸ਼ੁਰੂਆਤ ਕੀਤੀ।
ਇਸ ਤੋਂ ਇਲਾਵਾ ਅਜਿਹੀਆਂ ਕਈ ਥਾਵਾਂ ਹਨ ਜਿੱਥੇ ਪਹੁੰਚਣਾ ਸੌਖਾ ਨਹੀਂ ਹੈ। ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਦਾ ਰਾਹ ਹੁਣ ਦੇ 70 ਫੀਸਦੀ ਵਿਵਾਦਤ ਖੇਤਰਾਂ ‘ਚ ਹੈ। ਸਾਡੇ ਲਈ ਚੁਣੌਤੀ ਸੀ ਕਿ ਅਸੀਂ ਇਰਾਨ, ਤਿੱਬਤ, ਇਰਾਕ ਅਤੇ ਸਾਊਦੀ ਅਰਬ ‘ਚ ਫਿਲਮ ਕਿਵੇਂ ਬਣਾਵਾਂਗੇ।
ਦੂਜਾ ਸਾਡੇ ਲਈ ਕਥਾ ਦਾ ਮਹੱਤਵ ਹੈ ਜਿਸ ਮਾਰਫਤ ਇਤਿਹਾਸਕ ਗਵਾਹੀ ਬਣੇ। ਅਸੀਂ ਉਨ੍ਹਾਂ ਥਾਵਾਂ ‘ਤੇ ਪਹੁੰਚਣਾ ਸੀ ਜਿੱਥੇ ਆਮ ਲੋਕਾਂ ਦਾ ਜਾਣਾ ਸੌਖਾ ਨਹੀਂ। ਅਸੀਂ ਗੁਰੂ ਨਾਨਕ ਸਾਹਿਬ ਦੇ ਰਾਹਵਾਂ ਦੀ ਕਹਾਣੀ ਨੂੰ ਬਹੁਤ ਸੁਹਿਰਦਤਾ ਨਾਲ ਕਹਿਣਾ ਚਾਹੁੰਦੇ ਸੀ। ਇਸ ‘ਚ ਸਾਨੂੰ ਬਹੁਤ ਸਾਰੇ ਦਾਨੀ ਸੱਜਣਾਂ ਅਤੇ ਸਿੱਖ ਲੈਨਜ਼ ਦਾ ਸਹਿਯੋਗ ਹਾਸਲ ਹੈ।
ਅਸੀਂ ਆਪਣੇ ਸਫਰ ਦੇ ਦੋ ਪੜਾਅ ਉਲੀਕੇ ਸਨ। ਪਹਿਲੇ ਪੜਾਅ ‘ਚ ਸ੍ਰੀਲੰਕਾ, ਪਾਕਿਸਤਾਨ, ਅਫਗਾਨਿਸਤਾਨ, ਇਰਾਨ ਅਤੇ ਤਿੱਬਤ ਸ਼ਾਮਲ ਸੀ ਅਤੇ ਦੂਜੇ ਪੜਾਅ ‘ਚ ਇਰਾਕ, ਸਾਊਦੀ ਅਰਬ, ਬੰਗਲਾਦੇਸ਼ ਅਤੇ ਭਾਰਤ।
ਇਨ੍ਹਾਂ 150 ਤੋਂ ਵੱਧ ਥਾਵਾਂ ਨੂੰ ਪੇਸ਼ ਕਰਦੀ 24 ਕਿਸ਼ਤਾਂ ਦੀ ਦਸਤਾਵੇਜ਼ੀ ਫਿਲਮ ਹੈ। ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਸਮਝ ਬਣਾਉਂਦਿਆਂ ਇਹ ਮਹਿਸੂਸ ਕਰੋ ਕਿ ਉਨ੍ਹਾਂ ਜਿਹੜੀਆਂ ਹੱਦਬੰਦੀਆਂ ਨੂੰ ਤੋੜਦਿਆਂ ਅਧਿਆਤਮਕ ਸੰਵਾਦ ਕੀਤਾ ਉਹ ਇਸਲਾਮਿਕ, ਸੂਫੀ, ਬੁੱਧ, ਜੈਨ, ਹਿੰਦੂ ਰਵਾਇਤਾਂ ਦੀ ਆਪਸੀ ਸਾਂਝ ਦਾ ਦਸਤਾਵੇਜ਼ ਹੈ। ਨਫਰਤ ਦੇ ਦੌਰ ‘ਚ ਇਸ ਸਾਂਝੀਵਾਲਤਾ ਦੀ ਤੰਦ ਦਾ ਸਭ ਤੱਕ ਪਹੁੰਚਣਾ ਜ਼ਰੂਰੀ ਹੈ।