ਸੋਵੀਅਤ ਯੂਕਰੇਨ ਦੀ ਰਾਜਧਾਨੀ ਕੀਵ ਵਿਚ

ਨਵਤੇਜ ਸਿੰਘ
ਇਸ ਵਕਤ ਰੂਸ ਅਤੇ ਯੂਕਰੇਨ ਦਰਮਿਆਨ ਜੰਗ ਹੋ ਰਹੀ ਹੈ। ਰੂਸ ਦੇ ਇਤਿਹਾਸ ਵਿਚ ਯੂਕਰੇਨ ਦੀ ਰਾਜਧਾਨੀ ਕੀਵ ਦਾ ਸਥਾਨ ਬਹੁਤ ਮਹੱਤਵਪੂਰਨ ਹੈ। ਰੂਸ ਆਰੰਭ ਵਿਚ ਕੀਵਨ ਰੂਸ ਸੀ ਜਿਸ ਦੀ ਰਾਜਧਾਨੀ ਕੀਵ ਸੀ। ਪੰਦਰ੍ਹਵੀਂ ਸਦੀ ਵਿਚ ਮਾਸਕੋ ਸੱਤਾ ਅਤੇ ਸਿਆਸਤ ਦਾ ਕੇਂਦਰ ਬਣਿਆ। ਰੂਸ ਨੂੰ ‘ਵੱਡਾ ਰੂਸ’ (ਗ੍ਰੇਟ ਰੂਸ), ਯੂਕਰੇਨ ਨੂੰ ਛੋਟਾ ਰੂਸ (ਲਿਟਲ ਰੂਸ) ਅਤੇ ਬੇਲਾਰੂਸ ਨੂੰ ਚਿੱਟਾ ਰੂਸ (ਵ੍ਹਾਈਟ ਰੂਸ) ਵੀ ਕਿਹਾ ਜਾਂਦਾ ਰਿਹਾ ਹੈ। ਉਘੇ ਕਹਾਣੀਕਾਰ ਨਵਤੇਜ ਸਿੰਘ ਦਾ ਇਹ ਲੇਖ ਜੂਨ 1975 ਦਾ ਲਿਖਿਆ ਹੋਇਆ ਹੈ।

ਮੈਂ ਕੀਵ ਵਿਚ ਪੂਰੇ ਤੇਰਾਂ ਵਰ੍ਹਿਆਂ ਬਾਅਦ ਆਇਆ ਹਾਂ। ਇਹ ਸੋਵੀਅਤ ਯੂਨੀਅਨ ਦੇ ਅਤਿ ਸੋਹਣੇ ਸ਼ਹਿਰਾਂ ਵਿਚੋਂ ਹੈ।
ਜਿਹੋ ਜਿਹਾ ਅੱਜ ਇਹ ਸ਼ਹਿਰ ਹੈ, ਜਿਹੋ ਜਿਹੀ ਅੱਜ ਏਥੇ ਸੋਵੀਅਤ ਲੋਕਾਂ ਦੀ ਜ਼ਿੰਦਗੀ ਹੈ, ਉਸ ਉੱਤੇ ਤੁਹਾਨੂੰ ਝਾਤ ਪੁਆਉਣ ਤੋਂ ਪਹਿਲਾਂ ਇਸ ਵੇਲੇ ਮੈਂ ਤੁਹਾਨੂੰ ਇਹਦੇ ਬੀਤੇ ਵਿਚ ਲੈ ਜਾਣਾ ਚਾਹੁੰਦਾ ਹਾਂ। ਜੋ ਕੱਲ੍ਹ ਸੀ, ਉਹਨੂੰ ਵੇਖਣ ਬਾਅਦ, ਤੁਸੀਂ, ਜੋ ਅੱਜ ਹੈ, ਉਹ ਸ਼ਾਇਦ ਜ਼ਿਆਦਾ ਚੰਗੀ ਤਰ੍ਹਾਂ ਸਮਝ ਸਕੋਗੇ। ਮੈਂ ਇਕ ਚੰਗੀ ਪਰ ਪੁਰਾਣੀ ਇਮਾਰਤ ਦੇ ਇਕ ਕਮਰੇ ਵਿਚ ਬੈਠਾ ਹਾਂ। ਇਹ ‘ਵਸੈਸਵਿਤ` (ਉਚਾਰਨ ਫਸੇਸਵੀਤ) ਪਰਚੇ ਦਾ ਸੰਪਾਦਕੀ ਦਫਤਰ ਹੈ। ਮੇਰੇ ਸਾਹਮਣੇ ਪ੍ਰਸਿੱਧ ਯੂਕਰੇਨੀ ਲੇਖਕ ਮਿਕੀਤੈਂਕੋ ਬੈਠਾ ਹੈ। ਉਹ ਯੂਕਰੇਨੀ ਭਾਸ਼ਾ ਵਿਚ ਛਪਦੇ ਪ੍ਰਦੇਸੀ ਸਾਹਿਤ ਦੇ ਸਾਹਿਤਕ ਰਸਾਲੇ ‘ਵਸੈਸਵਿਤ` (ਸਰਬ ਸੰਸਾਰ) ਦਾ ਮੁੱਖ ਸੰਪਾਦਕ ਹੈ। ਇਹ ਪਰਚਾ 17 ਵਰ੍ਹਿਆਂ ਤੋਂ ਪ੍ਰਕਾਸ਼ਿਤ ਹੋ ਰਿਹਾ ਹੈ। ਕੁਝ ਮਹੀਨਿਆਂ ਨੂੰ ਇਹਦਾ ਵਿਸ਼ੇਸ਼ ‘ਭਾਰਤੀ ਸਾਹਿਤ ਅੰਕ` ਵੀ ਛਾਪਿਆ ਜਾਣਾ ਹੈ। ਉਹਦੀ ਤਿਆਰੀ ਹੋ ਰਹੀ ਹੈ ਤੇ ਇਸ ਸਬੰਧ ਵਿਚ ਮਿਕੀਤੈਂਕੋ ਨੇ ਭਾਰਤ ਵੀ ਜਾਣਾ ਹੈ।
ਮਿਕੀਤੈਂਕੋ ਦੀ ਸਾਫ, ਨਿੱਘੀ, ਦੋਸਤੀ ਭਰਪੂਰ ਸ਼ਖਸੀਅਤ ਨੇ ਮਿਲਣ ਤੋਂ ਝੱਟ ਬਾਅਦ ਹੀ ਸਾਡੇ ਵਿਚਾਲੀਓਂ ਓਪਰਾਪਣ ਗੁਆ ਦਿੱਤਾ ਸੀ।
ਮਿਕੀਤੈਂਕੋ ਦੇ ਸਹਾਇਕ-ਸੰਪਾਦਕ ਨੇ ਮੈਨੂੰ ਰਾਹ ਵਿਚ ਹੀ ਦਸ ਦਿੱਤਾ ਸੀ ਕਿ ਮਿਕੀਤੈਂਕੋ ਦੇ ਪਿਤਾ ਬੜੇ ਪ੍ਰਸਿੱਧ ਯੂਕਰੇਨੀ ਲੇਖਕ ਸਨ ਪਰ ਉਹ ਸ਼ਖਸੀਅਤ-ਪ੍ਰਸਤੀ ਦੇ ਕਾਲੇ ਦੌਰ ਵਿਚ ਬੇਇਨਸਾਫੀ ਦਾ ਸ਼ਿਕਾਰ ਹੋ ਗਏ।
ਮਿਕੀਤੈਂਕੋ ਨੂੰ ਮੈਂ ਉਨ੍ਹਾਂ ਦੇ ਪਿਤਾ ਬਾਰੇ ਪੁੱਛ ਬੈਠਾ ਤਾਂ ਉਨ੍ਹਾਂ ਸਾਫ ਸਾਫ ਦੱਸਿਆ:
“ਮੇਰੇ ਪਿਆਰੇ ਪਿਤਾ, ਆਈਵਾਨ (ਈਵਾਨ) ਮਿਕੀਤੈਂਕੋ, ਇਕ ਯੂਕਰੇਨੀ ਕਿਸਾਨ ਪਰਿਵਾਰ ਵਿਚ ਪੈਦਾ ਹੋਏ ਸਨ। ਪਹਿਲੀ ਵੱਡੀ ਜੰਗ ਵਿਚ ਉਹ ਫੌਜ ਵਿਚ ਛੋਟੀ ਜਿਹੀ ਨੌਕਰੀ ਉਤੇ ਸਨ। ਖਾਨਾਜੰਗੀ ਦੇ ਦਿਨਾਂ ਵਿਚ ਉਹ ਦੱਖਣੀ ਯੂਕਰੇਨ ਵਿਚ ਡਾਕਟਰਾਂ ਦੇ ਸਹਾਇਕ ਰਹੇ। ਸੋਵੀਅਤ ਰਾਜ ਕਾਇਮ ਹੋਣ ਉਤੇ ਉਨ੍ਹਾਂ ਡਾਕਟਰੀ ਦੀ ਵਿਦਿਆ ਹਾਸਲ ਕੀਤੀ। ਵਿਚ ਵਿਚ ਉਹ ਲਿਖਣ ਲਗ ਪਏ, ਤੇ ਉਨ੍ਹਾਂ ਦੀ ਸਾਹਿਤ-ਸੂਝ ਤੇ ਪ੍ਰਤਿਭਾ ਲੋਕਾਂ ਸਾਹਮਣੇ ਉਘੜਦੀ ਗਈ। ਉਨ੍ਹਾਂ ਵਾਰਤਕ, ਕਵਿਤਾ, ਨਾਟਕ ਸਭ ਕੁਝ ਲਿਖਿਆ। ਉਹ ਨੌਜਵਾਨ ਸੋਵੀਅਤ ਯੂਕਰੇਨੀ ਸਾਹਿਤ ਦੇ ਬੜੇ ਸਰਗਰਮ ਉਸਰਈਏ ਸਨ। ਉਹ ਯੂਕਰੇਨੀ ਪ੍ਰੋਲਤਾਰੀ ਲੇਖਕ ਯੂਨੀਅਨ ਦੇ ਮੁਖੀ ਵੀ ਬਣੇ।
1920 ਤੋਂ 1930 ਤਕ ਰੂਸ, ਬਾਇਲੋਰੂਸ (ਬੇਲਾਰੂਸ), ਕਾਕੇਸ਼ੀਆ, ਜਰਮਨੀ ਤੇ ਹੋਰ ਕੁਝ ਦੂਜੇ ਮੁਲਕਾਂ ਵਿਚ ਇਸ ਤਰ੍ਹਾਂ ਦੀ ਲੇਖਕ ਜਥੇਬੰਦੀ ਹੁੰਦੀ ਰਹੀ। 1930 ਵਿਚ ਖਾਰਕੋਵ ਸਾਡੀ ਰਾਜਧਾਨੀ ਹੁੰਦੀ ਸੀ। ਓਦੋਂ ਓਥੇ 22 ਜ਼ਬਾਨਾਂ ਦੇ ਇਨਕਲਾਬੀ ਪ੍ਰੋਲਤਾਰੀ ਸਾਹਿਤਾਂ ਦੇ ਪ੍ਰਤੀਨਿਧਾਂ ਦੀ ਕੌਮਾਂਤਰੀ ਕਾਨਫਰੰਸ ਹੋਈ। ਏਥੇ ਭਾਰਤ ਦਾ ਪ੍ਰਤੀਿਨਧ ਐਮ.ਐਨ. ਰਾਏ ਵੀ ਆਇਆ ਸੀ। ਏਥੇ ਇਨਕਲਾਬੀ ਸਾਹਿਤ ਦਾ ਕੌਮਾਂਤਰੀ ਬਿਊਰੋ ਬਣਿਆ ਸੀ ਜਿਸ ਨਾਲ ਮੇਰੇ ਪਿਤਾ ਜੀ ਸਬੰਧਤ ਸਨ। 1935 ਵਿਚ ਪੈਰਿਸ ਵਿਚ ਹੋਈ ਬੁਧੀਵਾਨਾਂ ਤੇ ਫਾਸਿਸਟ ਵਿਰੋਧੀ ਲੇਖਕਾਂ ਦੀ ਪਹਿਲੀ ਕੌਮਾਂਤਰੀ ਕਾਨਫਰੰਸ ਵਿਚ ਵੀ ਉਹ ਸ਼ਾਮਲ ਹੋਏ ਤੇ 1937 ਵਿਚ ਮੈਡਿਰਿਡ ਵਿਚ ਦੂਜੀ ਕੌਮਾਂਤਰੀ ਕਾਨਫਰੰਸ ਲਈ ਗਏ। ਉਨ੍ਹਾਂ ਦੀ ਜ਼ਿੰਦਗੀ ਵਿਚ ਸਾਹਿਤਕਾਰੀ ਦੇ ਨਾਲ ਸਮਾਜੀ-ਰਾਜਸੀ ਸਰਗਰਮੀ ਵੀ ਜੁੜੀ ਹੋਈ ਸੀ।
ਉਨ੍ਹਾਂ ਦਿਨਾਂ ਵਿਚ ਸਾਡੇ ਦੇਸ਼ ਵਿਚ ਸ਼ਖਸੀਅਤ-ਪ੍ਰਸਤੀ ਦਾ ਬਦਕਿਸਮਤ ਦੌਰ ਸੀ ਜਿਸ ਵਿਚ ਕਈ ਉਘੀਆਂ ਸ਼ਖਸੀਅਤਾਂ ਨਾਲ ਘੋਰ ਅਨਿਆਂ ਹੋਇਆ। ਮੇਰੇ ਪਿਤਾ ਜੀ ਵੀ ਇਹਦੇ ਸ਼ਿਕਾਰ ਹੋਏ। ਓਦੋਂ ਸਰਕਾਰੀ ਤੌਰ ਉਤੇ ਕਿਹਾ ਗਿਆ ਕਿ ਉਨ੍ਹਾਂ ਆਪਣੇ ਆਪ ਨੂੰ ਗੋਲੀ ਮਾਰੀ ਹੈ। ਮੇਰੇ ਪਿਤਾ ਜੀ ਦੇ ਕੁਝ ਨਜ਼ਦੀਕੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਫੇਰ ਗੋਲੀ ਦੀ ਸਜ਼ਾ ਦਿੱਤੀ ਗਈ ਸੀ…
ਸਾਡੇ ਦੇਸ਼ ਦੀ ਕਮਿਊਨਿਸਟ ਪਾਰਟੀ ਦੀ ਇਤਿਹਾਸਕ ਵੀਹਵੀਂ ਕਾਂਗਰਸ ਨੇ ਉਨ੍ਹਾਂ ਨੂੰ ਉਕਾ ਬੇਕਸੂਰ ਸਾਬਤ ਕੀਤਾ ਤੇ ਉਨ੍ਹਾਂ ਦੀ ਯਾਦ ਨੂੰ ਪੂਰੇ ਸਤਿਕਾਰ ਤੇ ਮਾਣ ਨਾਲ ਬਹਾਲ ਕੀਤਾ।”
ਕੁਝ ਦੇਰ ਕਮਰੇ ਵਿਚ ਇਕ ਸਿਲ੍ਹੀ ਚੁੱਪ ਤਣ ਗਈ। ਫੇਰ ਮੇਰੇ ਪੁੱਛਣ ਉਤੇ ਉਹ ਮੈਨੂੰ ਭਿਆਨਕ ਫਾਸਿਸਟ ਜੰਗ ਦੇ ਦਿਨਾਂ ਦੀ ਜ਼ਿੰਦਗੀ ਵਿਚ ਲੈ ਗਏ:
“1941- ਓਦੋਂ ਮੈਂ 13 ਵਰ੍ਹਿਆਂ ਦਾ ਸਾਂ। ਮੇਰੇ ਪਿਤਾ ਜੀ ਇਸ ਦੁਨੀਆ ਤੋਂ ਵਿਛੋੜੇ ਜਾ ਚੁੱਕੇ ਸਨ। ਮੈਂ ਆਪਣੀ ਮਾਂ ਨਾਲ ਏਥੇ, ਏਸੇ ਕੀਵ ਵਿਚ, ਰਹਿੰਦਾ ਸਾਂ। ਕੀਵ, ਜ਼ਾਹਿਰ ਹੈ ਓਦੋਂ ਅੱਜ ਵਰਗਾ ਉੱਕਾ ਨਹੀਂ ਸੀ। ਕੀਵ ਉਤੇ ਜਿਵੇਂ ਮੌਤ ਦਾ ਪਰਛਾਵਾਂ ਟਿਕ ਗਿਆ ਹੋਵੇ, ਪਰ ਲੋਕ ਪੂਰੀ ਤਰ੍ਹਾਂ ਜੂਝ ਰਹੇ ਸਨ। ਮੋਰਚਾ ਨੇੜੇ ਆ ਰਿਹਾ ਸੀ, ਹੋਰ ਨੇੜੇ। ਕੀਵ ਘਿਰਿਆ ਹੋਇਆ ਸੀ। ਬੜੇ ਸਾਰੇ ਲੋਕ ਏਥੋਂ ਕੱਢ ਕੇ ਸੁਰੱਖਿਅਤ ਥਾਵਾਂ ਉਤੇ ਪੁਚਾਏ ਗਏ ਸਨ। ਇਸ ਸ਼ਹਿਰ ਦੇ ਸਭਿਆਚਾਰਕ ਭੰਡਾਰਾਂ ਵਿਚੋਂ ਜੋ ਕੁਝ ਵੀ ਸੁਰੱਖਿਅਤ ਥਾਵਾਂ ਉਤੇ ਲਿਜਾਇਆ ਜਾ ਸਕਦਾ ਸੀ, ਉਹ ਵੀ ਚੁੱਕ ਲਿਆ ਗਿਆ ਸੀ। ਏਥੋਂ ਜਿਹੜੀ ਸਨਅਤ ਪੁੱਟੀ ਜਾ ਸਕਦੀ ਸੀ, ਉਹ ਵੀ ਪੁੱਟ ਕੇ ਦੂਰ ਪਿੱਛੇ ਉਸਾਰ ਦਿੱਤੀ ਗਈ ਸੀ।
ਫੇਰ ਢਾਈ ਵਰ੍ਹੇ- ਪੂਰੇ 720 ਦਿਨ, ਸਤੰਬਰ 1941 ਤੋਂ ਨਵੰਬਰ 1943 ਤਕ, ਸਾਡੇ ਉਤੇ ਫਾਸਿਜ਼ਮ ਦੀ ਕਾਲੀ ਬੋਲੀ ਰਾਤ ਛਾਈ ਰਹੀ।
ਅੱਗਾਂ ਸਨ, ਅੱਗਾਂ ਦੇ ਭਾਂਬੜ। ਸ਼ਿਹਰ ਦਾ ਕੇਂਦਰ ਸੜ ਰਿਹਾ ਸੀ, ਤੇ ਦਹਿਸ਼ਤ ਤੇ ਜ਼ੁਲਮ ਸੀ।
ਸਾਡੇ ਓਪੇਰਾ ਥੀਏਟਰ ਵਿਚ ਓਪੇਰਾ ਖੇਡੇ ਜਾਂਦੇ ਸਨ ਪਰ ਸਿਰਫ ਜਰਮਨ ਹਮਲਾਵਰਾਂ ਲਈ ਤੇ ਉਹੀ ਓਪੇਰੇ ਜਿਹੜੇ ਉਨ੍ਹਾਂ ਨੂੰ ਪਸੰਦ ਸਨ। ਬਹੁਤੀ ਵਾਰ ਭਾਂਤ ਭਾਂਤ ਦੇ ਮਨ-ਪਰਚਾਵੇ ਦਾ ਸਸਤਾ ਜਿਹਾ ਪ੍ਰੋਗਰਾਮ ਹੁੰਦਾ ਸੀ। ਕੁਝ ਏਥੋਂ ਦੇ ਹੀ ਪੁਰਾਣੇ ਕਲਾਕਾਰ ਜਬਰੀ ਨਰੜੇ ਗਏ ਸਨ, ਤੇ ਕੁਝ ਹਮਲਾਵਰਾਂ ਨੇ ਬਾਹਰੋਂ ਲਿਆਂਦੇ ਸਨ।
ਪਹਿਲੇ 4 ਮਹੀਨੇ ਸਾਰੀ ਸੋਵੀਅਤ ਵਸੋਂ ਲਈ ਖੁਰਾਕ ਦਾ ਉੱਕਾ ਹੀ ਕੋਈ ਪ੍ਰਬੰਧ ਨਹੀਂ ਸੀ। ਛਲੀਆਂ ਦੇ ਤੁਕੇ, ਤੇ ਭਾਂਤ ਭਾਂਤ ਦੀਆਂ ਗਿਟਕਾਂ ਵਿਚੋਂ ਨਿਕਲੀਆਂ ਗਿਰੀਆਂ। ਫੇਰ ਨਕਲੀ ਜਿਹੀ, ਹਰ ਤਰ੍ਹਾਂ ਦੀਆਂ ਫਾਲਤੂ ਚੀਜ਼ਾਂ ਤੋਂ ਰਲਾ ਮਿਲਾ ਕੇ ਬਣਾਈ ‘ਰੋਟੀ` 200 ਗਰਾਮ ਦਿੱਤੀ ਜਾਣ ਲੱਗ ਪਈ। ਜਿਨ੍ਹਾਂ ਦਾ ਸਖਤ ਕੰਮ ਕਰਕੇ ਬਹੁਤਾ ਲਿਹਾਜ਼ ਕੀਤਾ ਜਾਂਦਾ ਸੀ, ਉਨ੍ਹਾਂ ਨੂੰ ਇਹ ਰੋਟੀ 400 ਗਰਾਮ ਦਿੱਤੀ ਜਾਂਦੀ। ਸਭ ਤੋਂ ਵੱਡੀ ਸਮੱਸਿਆ ਲੂਣ ਲੱਭਣ ਦੀ ਸੀ। ਮੈਨੂੰ ਚੇਤੇ ਵੇ ਇਕ ਵਾਰ 200 ਗਰਾਮ ਚਰਬੀ ਕਿਤੋਂ ਮੈਨੂੰ ਲੱਭ ਪਈ- ਮੈਂ ਤੇ ਮਾਂ ਫੁਲੇ ਨਹੀਂ ਸਾਂ ਸਮਾਉਂਦੇ। ਖਾਣ ਨੂੰ ਸਿਰਫ ਜਰਮਨ ਹਾਕਮਾਂ ਲਈ ਸੀ, ਜਾਂ ਉਨ੍ਹਾਂ ਟਾਂਵੇਂ ਵਿਰਲੇ ਸ਼ਹਿਰੀਆਂ ਲਈ ਜਿਹੜੇ ਦੁਸ਼ਮਣ ਨਾਲ ਜਾ ਰਲੇ ਸਨ। ਮੇਰੀ ਮਾਂ ਕਮਿਊਨਿਸਟ ਨਹੀਂ ਸੀ। ਹਾਕਮਾਂ ਨੂੰ ਮੇਰੇ ਪਿਤਾ ਜੀ ਨਾਲ ਹੋਈ ਦੁਰਘਟਨਾ ਦਾ ਵੀ ਪਤਾ ਸੀ। ਸੋ, ਉਨ੍ਹਾਂ ਮੇਰੀ ਮਾਂ ਨੂੰ ਆਪਣੇ ਵੱਲ ਜਿੱਤਣ ਦੀ ਬੜੀ ਕੋਸ਼ਿਸ਼ ਕੀਤੀ। ਉਹ ਸਾਡੇ ਘਰ ਬਹੁਤ ਸਾਰੀ ਵਧੀਆ ਡਬਲ-ਰੋਟੀ ਤੇ ਹੋਰ ਖੁਰਾਕ ਲੈ ਕੇ ਆਏ। ਉਹ ਮੇਰੀ ਮਾਂ ਨੂੰ ਇਹ ਸਭ ਕੁਝ ਇਸ ਲਈ ਦੇ ਰਹੇ ਸਨ ਕਿ ਉਹ ਜਰਮਨ ਹਾਕਮਾਂ ਨਾਲ ਰਲ ਜਾਏ।
ਮੇਰੀ ਮਾਂ ਭਾਵੇਂ ਕਮਿਊਨਿਸਟ ਨਹੀਂ ਸੀ ਪਰ ਉਹ ਸੋਵੀਅਤ ਦੇਸ਼ਭਗਤ ਸੀ, ਤੇ ਉਹਨੇ ਉੱਕਾ ਇਨਕਾਰ ਕਰ ਦਿੱਤਾ। ਉਹ ਸਭ ਚੰਗੀ ਖੁਰਾਕ, ਜਿਹੜੀ ਹੁਣੇ ਹੁਣੇ ਸਾਡੇ ਮੇਜ਼ ਉਤੇ ਪਈ ਸੀ- ਉਹ ਆਪਣੇ ਨਾਲ ਵਾਪਸ ਲੈ ਗਏ। ਉਤੋਂ ਪਾਲਾ ਅੰਤਾਂ ਦਾ ਸੀ। ਠੰਢੇ ਠਾਰ ਘਰ। ਸਾਡੇ ਘਰ ਗਰਮਾਉਣ ਦਾ ਕੋਈ ਸਾਧਨ ਨਾ। ਘਰ ਸਿਰਫ ਜਰਮਨ ਹਾਕਮਾਂ ਦੇ ਹੀ ਗਰਮਾਏ ਜਾਂਦੇ ਸਨ।
ਭੋਖੜਿਆਂ ਤੇ ਪਾਲੇ ਨਾਲ ਮੇਰੀ ਮਾਂ ਬਹੁਤ ਹੀ ਬਿਮਾਰ ਹੋ ਗਈ। ਅਸੀਂ ਨਕਲੀ ਕਾਫੀ ਪੀਂਦੇ ਸਾਂ ਜੋ ਬਲੂਤ ਦੇ ਦਰਖਤਾਂ ਦੇ ਬੀਜਾਂ ਤੋਂ ਬਣਦੀ ਸੀ; ਤੇ ਸਟਾਰਚ ਜੇ ਕਿਸੇ ਨੁਕਰੇ ਲੱਭ ਪੈਂਦੀ, ਭਾਵੇਂ ਕੰਧਾਂ ਉਤੇ ਲਾਏ ਕਾਗਜ਼ਾਂ ਥਲੜੀ ਲੇਵੀ ਦੀ ਸ਼ਕਲ ਵਿਚ ਹੀ, ਉਹ ਘੋਲ ਕੇ ਪੀਂਦੇ ਸਾਂ।
ਤੇ ਫੇਰ ਪਾਣੀ ਵੀ ਬਹੁਤ ਮੁਸ਼ਕਿਲ ਮਿਲਣ ਲੱਗ ਪਿਆ। ਕਹਿਰਾਂ ਦੇ ਪਾਲੇ ਕਰਕੇ ਹਰ ਥਾਂ ਪਾਣੀ ਜੰਮ ਗਿਆ। ਪਾਣੀ ਦਾ ਕੋਈ ਪ੍ਰਬੰਧ ਸੋਵੀਅਤ ਸ਼ਹਿਰੀਆਂ ਲਈ ਹਮਲਾਵਰਾਂ ਨੇ ਨਹੀਂ ਸੀ ਕੀਤਾ ਹੋਇਆ। ਇਕ ਦਿਨ ਸਾਨੂੰ ਮਾਂ-ਪੁੱਤਰ ਨੂੰ ਜਾਪਿਆ ਕਿ ਬਸ ਹੁਣੇ ਸਾਡੇ ਪ੍ਰਾਣ ਨਿਕਲੇ ਕਿ ਨਿਕਲੇ। ਓਦੋਂ ਹੀ ਮੇਰੇ ਚਾਚੇ ਦਾ ਪੁੱਤਰ ਜਿਹੜਾ ਏਥੋਂ 500 ਕਿਲੋਮੀਟਰ ਦੂਰ ਕਿਸੇ ਪਿੰਡ ਵਿਚ ਰਹਿੰਦਾ ਸੀ, ਚੋਰੀ ਛੁਪੇ ਸਾਡੇ ਲਈ ਸੂਰ ਦਾ ਮਾਸ, ਆਂਡੇ ਤੇ ਆਟਾ ਲੈ ਆਇਆ। ਉਹਨੇ ਇਹ ਕਿਸੇ ਤਰ੍ਹਾਂ ਦੁਸ਼ਮਣ ਦੀ ਨਜ਼ਰੋਂ ਓਹਲੇ ਲੁਕਾ ਰੱਖੇ ਸਨ ਤੇ ਆਪਣੀ ਜਿੰਦ ਹੂਲ ਕੇ ਸਾਡੇ ਤਕ ਰਾਹ ਲੱਭ ਲਿਆ ਸੀ।
ਓਸ ਵੇਲੇ ਖੁਰਾਕ ਬਾਰੇ ਬੜੇ ਸਖਤ ਕਾਨੂੰਨ ਸਨ। ਜਿਹੜਾ ਕੋਈ ਬਿਨਾਂ ਇਜਾਜ਼ਤ ਆਪਣੇ ਘਰ ਦਾ ਸਾਮਾਨ ਆਦਿ ਖੇਤੀਬਾੜੀ ਦੀ ਉਪਜ ਨਾਲ ਵਟਾਂਦਾ ਫੜਿਆ ਜਾਂਦਾ ਸੀ, ਉਹਨੂੰ ਦੋ ਸਾਲ ਦੀ ਸਖਤ ਸਜ਼ਾ ਦਿੱਤੀ ਜਾਂਦੀ ਸੀ।
ਸਿਰਫ ਏਥੇ ਹੀ ਸਜ਼ਾ ਨਹੀਂ ਸਗੋਂ ਏਥੋਂ ਚੁੱਕ ਕੇ ਜਰਮਨੀ ਦੇ ਕਿਸੇ ਤਸੀਹਾ-ਕੈਂਪ ਵਿਚ ਭੇਜੇ ਜਾਣ ਦਾ ਖਤਰਾ ਵੀ ਸਿਰ ਉਤੇ ਲਟਕਣ ਲੱਗ ਪੈਂਦਾ ਸੀ। ਮੈਂ ਪੰਜ ਕੁ ਵਰ੍ਹੇ ਸਕੂਲ ਪੜ੍ਹ ਚੁੱਕਿਆ ਸਾਂ। ਹੁਣ ਮੇਰੇ ਲਈ ਕੋਈ ਸਕੂਲ ਨਹੀਂ ਸੀ। ਸਭ ਸੋਵੀਅਤ ਸਕੂਲ ਬੰਦ ਕਰ ਦਿੱਤੇ ਗਏ ਸਨ ਤੇ ਜਰਮਨ ਹਾਕਮਾਂ ਨੇ ਜੋ ਨਵੇਂ ਕੁਝ ਖੋਲ੍ਹੇ ਸਨ, ਉਹ ਸਿਰਫ ਪਹਿਲੀ ਤੋਂ ਚੌਥੀ ਤਕ ਸਨ। ਸਾਰੇ ਦਿਨ ਵਿਚ ਇਹ ਤਿੰਨਾਂ ਘੰਟਿਆਂ ਲਈ ਖੁੱਲ੍ਹਦੇ ਸਨ ਤੇ ਬੜੇ ਹੀ ਮਾਮੂਲੀ ਪੱਧਰ ਦੀ ਪੜ੍ਹਾਈ ਹੁੰਦੀ ਸੀ।
ਸਾਰਾ ਦਿਨ ਵਿਹਲਾ। ਭਲੇ ਸਮਿਆਂ ਵਿਚ ਇਕ ਮਿੰਟ ਵੀ ਵਿਹਲ ਨਹੀਂ ਸੀ ਮਿਲਦੀ ਹੁੰਦੀ: ਪੜ੍ਹਾਈ ਤੇ ਫੇਰ ਕਿੰਨੇ ਹੀ ਸਾਥੀ ਮੁੰਡੇ ਕੁੜੀਆਂ ਹੁੰਦੇ ਸਨ, ਤੇ ਕਿੰਨੀਆਂ ਹੀ ਖੇਡਾਂ।
ਹੁਣ ਤਾਂ ਕਿੰਨੇ ਕਿੰਨੇ ਦਿਨ ਕੋਈ ਹਮਜੋਲੀ ਵੀ ਨਹੀਂ ਸੀ ਮਿਲਦਾ। ਕਦੇ ਜੇ ਕੋਈ ਟਾਵਾਂ ਵਿਰਲਾ ਮਿਲ ਪੈਂਦਾ ਤਾਂ ਉਨ੍ਹਾਂ ਪੈਸਿਆਂ ਨਾਲ ਨਿਸ਼ਾਨੇ ਮਾਰਨਾ ਅਸੀਂ ਗਲੀਆਂ ਵਿਚ ਖੇਡ ਲੈਂਦੇ ਸਾਂ, ਜਿਹੜੇ ਪੈਸੇ ਹੁਣ ਕੁਝ ਵੀ ਖਰੀਦ ਨਹੀਂ ਸਨ ਸਕਦੇ।
ਹਾਂ, ਸਾਡੇ ਘਰ ਕਿਤਾਬਾਂ ਬੜੀਆਂ ਸਨ ਤੇ ਉਨ੍ਹਾਂ ਵਿਚੋਂ ਮੈਂ ਇਨ੍ਹਾਂ ਢਾਈ ਵਰ੍ਹਿਆਂ ਵਿਚ ਕਾਫੀ ਕੁਝ ਪੜ੍ਹਿਆ ਤੇ ਇਸ ਤਰ੍ਹਾਂ ਆਪਣੇ ਆਪ ਆਪਣੀ ਪੜ੍ਹਾਈ ਵਧਾਈ।
ਬਿਜਲੀ ਓਦੋਂ ਸਿਰਫ ਜਰਮਨਾਂ ਲਈ ਹੀ ਹੁੰਦੀ ਸੀ। ਸਾਡੇ ਘਰ, ਬਹੁਤੇ ਘਰਾਂ ਵਾਂਗ ਹਨੇਰਾ ਹੀ ਰਹਿੰਦਾ ਸੀ। ਹਾਂ, ਜੇ ਕਦੇ ਚੰਗੀ ਕਿਸਮਤ ਹੁੰਦੀ ਤਾਂ ਕੁੱਤੇ ਦੀ ਚਰਬੀ ਮਿਲ ਜਾਂਦੀ ਤੇ ਦੀਵੇ ਵਿਚ ਪਾ ਕੇ ਅਸੀਂ ਕੁਝ ਚਿਰ ਲਈ ਚਾਨਣ ਕਰ ਲੈਂਦੇ।
ਮੇਰੇ ਸਾਹਮਣੇ ਕੁਝ ਨਹੀਂ ਸੀ, ਨਾ ਭਵਿਖ ਲਈ ਕੁਝ ਪ੍ਰੋਗਰਾਮ, ਨਾ ਹੁਣ ਕਰਨ ਨੂੰ ਕੁਝ। ਸਾਰੇ ਦਿਨ ਦਾ ਆਦਰਸ਼: ਖਾਣ ਲਈ ਕੁਝ ਲੱਭਣਾ, ਆਲੇ-ਦੁਆਲੇ ਜਿਹੜੇ ਖਤਰੇ ਸਨ ਉਨ੍ਹਾਂ ਤੋਂ ਬਚਣਾ, ਚੋਰ ਬਾਜ਼ਾਰ ਵਿਚ ਜਾ ਕੇ ਕੁਝ ਵਟਾਂਦਰਾ ਕਰਨਾ, ਕਿਤੇ ਲੱਕੜ ਦਾ ਕੋਈ ਟੋਟਾ, ਕੋਈ ਟਹਿਣੀ ਲੱਭ ਲਿਆਣੀ। ਤੇ ਦਿਨ ਵੀ ਬੜਾ ਸੀਮਿਤ ਹੁੰਦਾ ਸੀ, 7 ਵਜੇ ਤੋਂ 7 ਵਜੇ ਤੱਕ। ਬਾਕੀ ਦੇ ਘੰਟੇ ਕਰਫਿਊ।
ਜਰਮਨ ਫਾਸਿਜ਼ਮ ਨੇ ਆਪਣੇ ਸਾਹਮਣੇ ਇਹ ਟੀਚਾ ਰੱਖਿਆ ਹੋਇਆ ਸੀ: ਸਲਾਵ ਨਸਲ ਨੂੰ ਸਰੀਰਕ ਤੌਰ ਉਤੇ ਹੀ ਖਤਮ ਕਰ ਦਿੱਤਾ ਜਾਏ। ਗੈਰ-ਸਲਾਵ ਨਸਲਾਂ ਦੇ ਲੋਕਾਂ ਨੂੰ ਉਹ ਜਰਮਨਿਆਣਾ ਚਾਂਹਦੇ ਸਨ। ਆਪਣੇ ਇਸ ਟੀਚੇ ਦੀ ਪੂਰਤੀ ਲਈ ਉਨ੍ਹਾਂ ਪਹਿਲਾਂ ਬੁਧੀਵਾਨਾਂ ਨੂੰ ਖਤਮ ਕਰਨਾ ਸ਼ੁਰੂ ਕੀਤਾ। ਬਸ, ਅਸੀਂ ਸਭ ਉਡੀਕ ਰਹੇ ਸਾਂ, ਕਿਤੇ ਕੁਝ ਹੋ ਜਾਏ… ਜਰਮਨ ਹਾਕਮ ਚਾਹੁੰਦੇ ਸਨ ਕਿ ਉਹ ਕੁਝ ਅਜਿਹਾ ਕਰਨ ਜਿਸ ਨਾਲ ਇਹ ਪ੍ਰਭਾਵ ਪੈ ਸਕੇ ਕਿ ਕੀਵ ਵਿਚ ਜ਼ਿੰਦਗੀ ਆਮ ਦਿਨਾਂ ਵਾਂਗ ਬੜੀ ਠੀਕ ਠਾਕ ਚਲ ਰਹੀ ਸੀ।
ਸਾਡੀ ‘ਡਾਇਨਾਮੋ` ਫੁਟਬਾਲ ਟੀਮ ਬੜੀ ਪ੍ਰਸਿੱਧ ਸੀ। ਉਹਦੇ ਜਿੰਨੇ ਖਿਡਾਰੀ ਉਸ ਵੇਲੇ ਤਕ ਜਿਊਂਦੇ ਸਨ, ਉਨ੍ਹਾਂ ਨੂੰ ਜੇਲ੍ਹ ਜਾਂ ਵਗਾਰੀ ਕੰਮਾਂ ਤੋਂ ਜਰਮਨ ਹਾਕਮਾਂ ਨੇ ਮੈਚ ਖੇਡਣ ਲਈ ਹਿੱਕ ਲਿਆਂਦਾ। ਹਾਕਮਾਂ ਨੇ ਸੋਵੀਅਤ ਯੂਕਰੇਨੀ ‘ਡਾਇਨਾਮੋ` ਫੁਟਬਾਲ ਟੀਮ ਦਾ ਆਪਣੇ ਫੌਜੀ ਯੂਨਿਟ ਦੀ ਫੁਟਬਾਲ ਟੀਮ ਨਾਲ ਮੈਚ ਰੱਖਿਆ।
ਇਸ ਮੈਚ ਨੂੰ ਵੇਖਣ ਲਈ ਉਨ੍ਹਾਂ ਯੂਕਰੇਨੀ ਵਸੋਂ ਨੂੰ ਜ਼ੋਰੀ ਇਕੱਠਾ ਕੀਤਾ। ਇਸ ਤਰ੍ਹਾਂ ਜਰਮਨ ਹਾਕਮਾਂ ਦਾ ਇਕ ਮੰਤਵ ਇਹ ਵੀ ਸੀ ਕਿ ਯੂਕਰੇਨੀ ਲੋਕ ਆਪ ਦੇਖ ਲੈਣਗੇ ਕਿ ਜਰਮਨ ਖਿਡਾਰੀ ਉਨ੍ਹਾਂ ਦੀ ਟੀਮ ਨਾਲੋਂ ਕਿੰਨੇ ਵਧੀਆ ਹਨ, ਤੇ ਸ਼ਹਿਰੀਆਂ ਦਾ ਹੌਂਸਲਾ ਡਿਗੇਗਾ।
ਮੈਚ ਸ਼ੁਰੂ ਹੋਇਆ। ‘ਡਾਇਨਾਮੋ` ਦੇ ਖਿਡਾਰੀਆਂ ਨੇ ਅਸਾਧਾਰਨ ਉਤਸ਼ਾਹ ਨਾਲ ਖੇਡਣਾ ਸ਼ੁਰੂ ਕੀਤਾ, ਭਾਵੇਂ ਉਹ ਜੇਲ੍ਹਾਂ ਵਿਚ ਰਹਿ ਕੇ ਤੇ ਫਾਕੇ ਕੱਟ ਕੇ ਬੜੇ ਹੀ ਕਮਜ਼ੋਰ ਹੋਏ ਪਏ ਸਨ।
ਜਰਮਨ ਫੌਜੀ ਟੀਮ ਰਿਸ਼ਟ-ਪੁਸ਼ਟ ਸੀ, ਉਨ੍ਹਾਂ ਬੁੱਚੜਾਂ ਵਾਂਗ ਖੇਡ ਸ਼ੁਰੂ ਕੀਤੀ। ਇੰਟਰਵਲ ਤਕ ਯੂਕਰੇਨੀ ਟੀਮ ਖੇਡ ਵਿਚ ਅੱਗੇ ਰਹੀ। ਇੰਟਰਵਲ ਵੇਲੇ ਯੂਕਰੇਨੀ ਟੀਮ ਉਤੇ ਮਨੋਵਿਗਿਆਨਕ ਦਬਾ ਪਾਇਆ ਗਿਆ। ਇਲਾਕੇ ਦੇ ਵੱਡੇ ਜਰਮਨ ਹਾਕਮ ਨੇ ਉਨ੍ਹਾਂ ਨੂੰ ਧਮਕਾਇਆ, ਤਾੜਨਾ ਕੀਤੀ ਕਿ ਉਹ ਜਿੱਤਣ ਦੀ ਮੂਰਖਤਾ ਨਾ ਕਰਨ। ਜਿੱਤਣਾ ਉਨ੍ਹਾਂ ਲਈ ਸਿੱਧਾ ਮੌਤ ਦਾ ਸੱਦਾ ਹੋਏਗਾ। ਇੰਟਰਵਲ ਬਾਅਦ ਫੇਰ ਖੇਡ ਸ਼ੁਰੂ ਹੋਈ। ਸਾਡੀ ‘ਡਾਇਨਾਮੋ` ਟੀਮ ਪਹਿਲਾਂ ਤੋਂ ਵੀ ਵੱਧ ਹੁਨਰਮੰਦੀ ਤੇ ਜੋਸ਼ ਨਾਲ ਖੇਡੀ। ਮੈਚ ਵੇਖਣ ਲਈ ਜੁੜੀ ਭੀੜ ਨੂੰ ਵੀ ਭਿਣਕ ਪੈ ਚੁੱਕੀ ਸੀ ਕਿ ਇਹ ‘ਮੌਤ ਦਾ ਮੈਚ` ਹੈ, ਤੇ ਇਸ ਵਿਚ ਉਨ੍ਹਾਂ ਦੀ ਟੀਮ ਦੀ ਜਿੱਤ ਦਾ ਕੀ ਨਤੀਜਾ ਨਿਕਲੇਗਾ! ਮੈਚ ਦਾ ਖਾਤਮਾ ਜਿਉਂ-ਜਿਉਂ ਨੇੜੇ ਆ ਰਿਹਾ ਸੀ, ਵਾਤਾਵਰਨ ਹੋਰ ਖਿਚਾਅ ਭਰਿਆ ਤੇ ਗੰਭੀਰ ਹੁੰਦਾ ਜਾ ਰਿਹਾ ਸੀ।
ਸਾਡੀ ਟੀਮ ਜਿੱਤ ਗਈ… ਸਾਡੇ ਦਿਲਾਂ ਅੰਦਰ ਜਿਹੜੀ ਲੋਅ ਇਨ੍ਹਾਂ ਕਾਲੇ ਵਰ੍ਹਿਆਂ ਵਿਚ ਸਦਾ ਬਲਦੀ ਰਹੀ ਸੀ, ਉਹ ਯਕਦਮ ਕੁਝ ਉੱਚੀ ਹੋਈ।
ਇਸ ਉੱਚੀ ਹੋਈ ਲੋਅ ਦੇ ਸਾਂਝੇ ਚਾਨਣ ਵਿਚ ਜਿਵੇਂ ਸਾਨੂੰ ਭਵਿੱਖ ਦਾ ਝਲਕਾਰਾ ਪਿਆ ਹੋਵੇ- ਆਜ਼ਾਦ ਭਵਿੱਖ ਦਾ, ਇਸ ਅੱਜ ਦੀ ਸਾੜ੍ਹਸਤੀ ਤੋਂ ਮੁਕਤੀ ਦੇ ਭਵਿੱਖ ਦਾ…
ਸਾਡੀ ਟੀਮ ਸਟੇਡੀਅਮ ਤੋਂ ਸਿੱਧੀ ਤਸੀਹੇ-ਕੈਂਪ ਵਿਚ ਹਿੱਕ ਦਿੱਤੀ ਗਈ।
ਉਨ੍ਹਾਂ ਯਾਰਾਂ (ਗਿਆਰਾਂ) ਖਿਡਾਰੀਆਂ ਵਿਚੋਂ ਸਿਰਫ ਦੋ ਹੀ ਹੁਣ ਜਿਊਂਦੇ ਨੇ…।”
ਮੇਰੇ ਨਵੇਂ ਬਣੇ ਦੋਸਤ ਮਿਕੀਤੈਂਕੋ ਨੂੰ ਉਹਦੇ ਸੰਪਾਦਕੀ ਮੰਡਲ ਦੀ ਜ਼ਰੂਰੀ ਮੀਟਿੰਗ ਬੁਲਾ ਰਹੀ ਸੀ। ਵੇਲਾ ਵੀ ਕਾਫੀ ਹੋ ਗਿਆ ਸੀ। ਭਰੀਆਂ ਅੱਖਾਂ ਨਾਲ ਅਸੀਂ ਇਕ ਦੂਜੇ ਕੋਲੋਂ ਵਿਦਾ ਹੋਏ।