ਸਿ਼ਵਚਰਨ ਜੱਗੀ ਕੁੱਸਾ
ਕਿਸੇ ਮੰਤਰੀ ਨੇ ਇਸ ਸ਼ਹਿਰ ਵਿਚ ‘ਚਰਨ’ ਪਾਉਣੇਂ ਸਨ। ਇਸ ਸ਼ਹਿਰ ਨੂੰ ਭਾਗ ਲਾਉਣੇਂ ਸਨ ਅਤੇ ਇਸ ਸ਼ਹਿਰ ਨੂੰ ‘ਜਿਲ੍ਹਾ’ ਕਰਾਰ ਦੇਣਾ ਸੀ! ਸੜਕਾਂ ਧੋਤੀਆਂ ਜਾ ਰਹੀਆਂ ਸਨ, ਕੂੜਾ ਕਬਾੜਾ ਅਤੇ ਗੰਦ ਚੁੱਕ ਕੇ ਬਾਹਰ ਸੁੱਟਿਆ ਜਾ ਰਿਹਾ ਸੀ। ਮੰਤਰੀ ਦੇ ਲੰਘਣ ਵਾਲੇ ਰਸਤੇ ਦੀਆਂ ਕੰਧਾਂ ‘ਤੇ ਕੂਚਾ-ਕੂਚੀ ਤਾਂ ਦੋ ਦਿਨ ਪਹਿਲਾਂ ਹੀ ਕੀਤੀ ਜਾ ਚੁੱਕੀ ਸੀ।
ਬੱਸਾਂ ਦੇ ਮੂੰਹ ਦੂਜੀ ਦਿਸ਼ਾ ਵੱਲ ਕਰਵਾ ਦਿੱਤੇ ਗਏ ਸਨ ਅਤੇ ਚੌਰਾਹੇ ਤੋਂ ਉਰ੍ਹੇ ਕਿਸੇ ਵੀ ਬੱਸ ਨੂੰ ਮੁੜਨ ਦਾ ਆਰਡਰ ਨਹੀਂ ਸੀ। ਟਰੈਫਿ਼ਕ ਦੇ ਅਨੁਸਾਸ਼ਨ ‘ਜੁੱਤੀ’ ਨਾਲ ਲਾਗੂ ਕਰਵਾਏ ਜਾ ਰਹੇ ਸਨ, ਟਰੈਫਿ਼ਕ ਲਾਈਟਾਂ ਵਾਰ-ਵਾਰ ਸਾਫ਼ ਕਰਵਾਈਆਂ ਜਾ ਚੁੱਕੀਆਂ ਸਨ। ਟਰੱਕਾਂ ਵਾਲਿਆਂ ‘ਤੇ ਛਿੱਤਰ ਫੇਰਿਆ ਜਾ ਚੁੱਕਾ ਸੀ, ‘ਥੋਡਾ ਜਰਦਾ ਦਾਰੂ ਦੋ ਦਿਨ ਬਿਲਕੁਲ ਬੰਦ! ਦਾਹੜੀ ਦੇ ਖਤ ਵੀ ਨ੍ਹੀ ਕੱਢਣੇ! ਲੱਤਾਂ ਵੀ ਨ੍ਹੀ ਮੁੰਨਣੀਆਂ! ਚਾਦਰਾ ਬੰਦਿਆਂ ਮਾਂਗੂੰ ਬੰਨਣੈਂ! ਹੋਰ ਨਾ ਸਾਰਾ ‘ਸਮਾਨ’ ਈ ਵਿਚ ਦੀ ਦਿਸੀ ਜਾਵੇ, ਝੱਗਾ-ਝੁੱਗਾ ਪਾ ਕੇ ਰੱਖਣੈਂ! ਮੁੱਛਾਂ ਥੱਲੇ ਰੱਖਣੀਐਂ! ਗੁੰਡੇ ਲੱਗਦੇ ਓਂ! ਆਪਾਂ ਹੁਣ ਜਿਲ੍ਹੇ ਆਲੇ ਐਂ, ਥੋੜਾ ਜਿਆ ਬੰਦੇ ਬਣ ਕੇ ਰਿਹਾ ਕਰੋ! ਕਿਸੇ ਕੁੜੀ ਕੱਤਰੀ ਵੱਲ ਨ੍ਹੀ ਦੇਖਣਾ, ਅੱਖ ਮਾਰ ਕੇ ਗੱਲ ਨ੍ਹੀ ਕਰਨੀ, ਟਰੱਕ ‘ਚ ਚਮਕੀਲਾ ਵੀ ਨ੍ਹੀ ਲਾਉਣਾ, ਭੁੱਲਗੀ ਮੈਂ ਘੁੰਡ ਕੱਢਣਾ ਜੇਠਾ ਵੇ ਮਾਫ਼ ਕਰੀਂਂ, ਜਾਂ ਚੱਕਲੋ ਡਰੈਵਰੋ ਪੁਰਜੇ ਨੂੰ ਨਿਕਲ ਹੱਥੋਂ ਨਾ ਜਾਵੇ, ਜਾਂ ਹਿੱਕ ਉਤੇ ਸੌਂ ਜਾ ਵੇ ਸ਼ਰਾਬੀ ਬਣ ਕੇ ਅਰਗੇ ਗੀਤ ਨ੍ਹੀ ਸੁਣਨੇ, ਜਦੋਂ ਕਿਸੇ ਨਾਲ ਗੱਲ ਕਰਨੀਂ ਐਂ ਨਿਮਰਤਾ ਨਾਲ ਕਰਨੀ ਐਂ, ਨਹੀਂ ਥੋਡੇ ਲਸੰਸ ਕੈਂਸਲ ਤੇ ਟਰੱਕ ਠਾਣੇ ਦੇ ਅੰਦਰ!’ ਡੀ. ਟੀ. ਓ. ਦਾ ਹੁਕਮ ਸੀ। ਉਹ ਸਿੱਧਾ ਟਰੱਕ ਯੂਨੀਅਨ ਆ ਕੇ ਹਦਾਇਤਾਂ ਦੇ ਕੇ ਗਿਆ ਸੀ।
-’ਥੋਨੂੰ ਜੈ ਹਿੰਦ ਕਹਿਣਾ ਆਉਂਦੈ ਸਾਰਿਆਂ ਨੂੰ…?’ ਪੀ. ਏ. ਦਾ ਡਰਾਈਵਰਾਂ ਨੂੰ ਸੁਆਲ ਸੀ।
-’ਆਹੋ, ਆਉਂਦੈ ਜੀ…!’ ਸਾਰੇ ਬੋਲੇ।
-’ਅਸੀਂ ਤਾਂ ਕੱਢ ਦਿਆਂਗੇ ਜੈ ਹਿੰਦ ਕਹਿਣ ਆਲ਼ੀ, ਧੁੱਕੀ!’
-’ਅੱਜ ਤੋਂ ਬਾਅਦ ‘ਸੁਣਾ ਪਟੋਲ੍ਹਿਆ’‘ਸਦਕੇ ਲੇਹ ਦਿਆ ਫੁੱਲਾ’‘ਕਿਵੇਂ ਐਂ ਮਾਲ’‘ਬੋਲ ਨੱਢੀਏ’ ਵਰਗੀਆਂ ਅਵਲ਼ੀਆਂ-ਸਵਲ਼ੀਆਂ ਗੱਲਾਂ ਨ੍ਹੀ ਕਹਿਣੀਆਂ, ਜਿਹੜਾ ਮਿਲੇ ‘ਜੈ ਹਿੰਦ’ ਆਖਣੀ ਐਂ!’
-’ਜੇ ਕੋਈ ‘ਜਿਹੜੀ’ ਮਿਲਜੇ ਫੇਰ ਜੀ…?’ ਘੋੜੇ ਡਰਾਈਵਰ ਨੇ ਪੁੱਛਿਆ। ਉਹ ਸਾਰੇ ਡਰਾਈਵਰਾਂ ‘ਚੋਂ ਘਤਿੱਤੀ ਸੀ।
-’ਫੇਰ ਵੀ ਜੈ ਹਿੰਦ ਬੁਲਾਉਣੀ ਐਂ!’
-’ਕਿੰਨ੍ਹਾ ਕੁ ਚਿਰ ਜੀ…?’
-’ਜਿੰਨਾਂ ਚਿਰ ਮੰਤਰੀ ਜੀ ਆ ਕੇ ਨ੍ਹੀ ਮੁੜ ਜਾਂਦੇ!’
-’ਸੱਤ ਬਚਨ ਜੀ।’ ਪੀ. ਏ. ਤੁਰ ਗਿਆ।
ਦੁਕਾਨਦਾਰਾਂ ਦੀਆਂ ਦੁਕਾਨਾਂ ਤੋਂ ਮੁਫ਼ਤੀ ਵਿਚ ਫੁੱਲ-ਬੂਟੇ ਲਿਆ ਕੇ ਲਾਂਘੇ ‘ਤੇ ਸਜਾਏ ਜਾ ਰਹੇ ਸਨ। ਸ਼ਹਿਰ ਦਾ ਸਾਰਾ ਸਰਕਾਰੀ ਅਮਲਾ-ਫ਼ੈਲਾ ਖ਼ੁਦ ਸਫ਼ਾਈ ਦੀ ਜਾਂਚ ਕਰ ਰਿਹਾ ਸੀ। ਸਾਈਕਲ, ਰੇੜ੍ਹੀ, ਗੱਡਾ, ਰਿਕਸ਼ਾ ਸਭ ਨੂੰ ਘਰੇ ਰਹਿਣ ਦੀ ਹਦਾਇਤ ਸੀ। ਇੱਕ ਬਜੁਰਗ ਨੂੰ ਨਾਕੇ ਵਾਲਿਆਂ ਨੇ ਰੋਕ ਲਿਆ।
-’ਸਾਸਰੀਕਾਲ ਜੀ..!’ ਬਜੁਰਗ ਨੇ ਪੁਲੀਸ ਦਾ ਅਦਬ ਕੀਤਾ।
-’ਕੀ ਨਾਂ ਐਂ..?’ ਚੰਗਿਆੜੇ ਛੱਡਦੇ ਪੁਲਸ ਦੇ ਸਿਪਾਹੀ ਨੇ ਪੁੱਛਿਆ।
-’ਸੱਭਿਆਚਾਰ ਐ ਜੀ, ਨਾਲੇ ਸਾਸਰੀਕਾਲ ਸਰਕਾਰ..!’
-’ਸਾਸਰੀਕਾਲ ਦਿਆ ਲੱਗਦਿਆ, ਤੈਨੂੰ ਸਾਡੀਆਂ ਹਦਾਇਤਾਂ ਦਾ ਨ੍ਹੀ ਪਤਾ ਉਏ?’ ਇੱਕ ਭੂਤਰੇ ਸਿਪਾਹੀ ਨੇ ਸੱਭਿਆਚਾਰ ਦੇ ਸਾਈਕਲ ‘ਤੇ ਡੰਡਾ ਮਾਰਿਆ।
-’ਨਾ ਸ਼ੇਰਾ ਇਹ ਤਾਂ ਮੇਰਾ ਪੁੱਤਾਂ ਮਾਂਗੂੰ ਰੱਖਿਆ ਵਿਐ!’ ਸੱਭਿਆਚਾਰ ਨੇ ਆਪਣੇ ਸਾਈਕਲ ਨੂੰ ਪਲੋਸਿਆ।
-’ਤੈਨੂੰ ਪੁੱਛਿਆ ਕੀ ਐ, ਤੂੰ ਬੋਲਦਾ ਕੀ ਐਂ…? ਛੱਡੀਦਾ ਤੈਨੂੰ ਮੱਝ ਥੱਲੇ ਐ, ਜਾ ਤੂੰ ਕੱਟੇ ਥੱਲੇ ਵੜਦੈਂ..! ਕੀ ਅਲ਼ੱਥ ਫ਼ੜਿਐ ਤੂੰ..?’
-’ਮੈਂ ਤਾਂ ਸਰਕਾਰ ਅੱਜ ਪੰਜਵੇਂ ਦਿਨ ਘਰ ਨੂੰ ਆਉਨੈਂ। ਪੰਜ ਦਿਨਾਂ ਦਾ ਖੇਤ ਈ ਤਾੜਿਆ ਵਿਆ ਸੀ ਜੀ। ਕਹਿੰਦੇ ਸੀ ਬਾਵਰੀਆਂ ਆਲੇ ਗਾਇਕਾਂ ਨੇ ਆਉਣੈਂ, ਉਨ੍ਹਾਂ ਨੇ ਗੀਤ ਗਾਉਣੇਂ ਐ: ਤੇਰੀ ਤੰਗ ਪਜਾਮੀ ਦੇਖ ਕੇ ਪਾਟ ਗਿਆ ਮੇਰਾ ਝੱਗਾ। ਤਿੰਨ ਦਿਨ ਮੇਲਾ ਲੱਗਣੈਂ, ਅਖੇ ਸੱਭਿਆਚਾਰਕ ਮੇਲਾ! ਬਲਾਊਜ਼ ਚੱਡੀਆਂ ਆਲੀਆਂ ਬੀਬੀਆਂ ਵੀ ਨੱਚਣਗੀਆਂ, ਅਖੇ ਤੂੰ ਖਰੂਦ ਕਰੇਂਗਾ ਬੀਬੀਆਂ ਦੀਆਂ ਨੰਗੀਆਂ ਲੱਤਾਂ ਦੇਖ ਕੇ। ਸਰਕਾਰ ਮੈਨੂੰ ਥੋਡੇ ਸੱਭਿਅਕ ਬੰਦੇ ਖੇਤ ਰਹਿਣ ਦੀ ਸਖ਼ਤ ਹਦਾਇਤ ਕਰ ਆਏ, ਕਹਿੰਦੇ ਜੇ ਤਿੰਨ ਦਿਨ ਸ਼ਹਿਰ ਵੜਿਆ ਤਾਂ ਲੱਤਾਂ ਭੰਨ ਦਿਆਂਗੇ। ਮੈਨੂੰ ਥੋਡੇ ਹੁਕਮ ਦਾ ਕੀ ਪਤਾ ਲੱਗਣਾ ਸੀ? ਪਰ ਸਰਕਾਰ ਆਹ ਐਨੀ ਸਫ਼ਾਈ ਕੀਤੀ ਪਈ ਐ, ਕਿਸੇ ਮਹਾਂਪੁਰਖ ਨੇ ਆਉਣੈਂ..?’
-’ਤੈਨੂੰ ਅਸ਼ਟਾਮ ‘ਤੇ ਲਿਖ ਕੇ ਦੇਈਏ? ਚੱਲ ਦਫ਼ਾ ਹੋ ਐਥੋਂ…!’ ਸਿਪਾਹੀ ਨੇ ਇੱਕ ਡੰਡਾ ਹੋਰ ਸਾਈਕਲ ‘ਤੇ ਮਾਰਿਆ।
-’ਸਰਕਾਰ, ਇਹਦੇ ਨਾ ਮਾਰੋ, ਮੇਰਾ ਛੈਂਕਲ ਪੁੱਤਾਂ ਮਾਂਗੂੰ ਪਾਲਿਆ ਵਿਐ, ਮੇਰੇ ਚਾਹੇ ਦੋ ਮਾਰਲੋ!’
-’ਚੱਲ ਤੂੰ ਦਫ਼ਾ ਹੋ ਯਾਰ…।’ ਦੂਜਾ ਸਿਪਾਹੀ ਬੋਲਿਆ।
-’ਸਰਕਾਰ ਮੇਰੀ ਗੱਲ ਦਾ ਕਿਸੇ ਨੇ ਗੌਗਾ ਈ ਨ੍ਹੀ ਗੌਲਿਆ? ਆਬਦੀਆਂ ਸੁਣਾ ਕੇ ਈ ਚੁੱਪ ਕਰਗੇ। ਮੈਂ ਪੁੱਛਿਆ ਸੀ ਬਈ ਕਿਸੇ ਸਾਧ ਸੰਤ ਨੇ ਆਉਣੈਂ, ਐਨੀ ਸਫ਼ਾਈ ਹੋਈ ਜਾਂਦੀ ਐ? ਕਿਧਰੇ ਝੰਡੀਆਂ, ਕਿਧਰੇ ਫੁੱਲਝੜੀਆਂ, ਕਿਧਰੇ ਫੁੱਲ ਬੂਟੇ ਝੂਲਣ ਲੱਗਪੇ। ਐਥੋਂ ਤਾਂ ਸਰਕਾਰ ਮੱਝ ਵੀ ਨੱਕ ਸਕੋੜ ਕੇ ਲੰਘਦੀ ਸੀ, ਤੇ ਅੱਜ ਤਾਂ ਓਸ ਗੱਲ ਦੇ ਆਖਣ ਮਾਂਗੂੰ ਨਵੀਂ ਵਿਆਹੀ ਮਾਂਗੂੰ ਮਹਿਕਾਂ ਆਉਂਦੀਐਂ, ਰੰਗ ਭਾਗ ਲੱਗੇ ਪਏ ਐ…!’
-’ਮੰਤਰੀ ਨੇ ਆਉਣੈਂ।’ ਸਿਪਾਹੀ ਨੇ ਖਹਿੜਾ ਜਿਹਾ ਛੁਡਾਉਣ ਲਈ ਆਖਿਆ।
-’ਵਾਹ ਜੀ ਸਰਕਾਰ ਜੀ ਵਾਹ..! ਬੱਲੇ ਬੱਲੇ…! ਜੇ ਮੰਤਰੀ ਆਉਣ ਨਾਲ ਸ਼ਹਿਰ ਦੀ ਐਨੀ ਰੂਹ ਬਦਲ ਸਕਦੀ ਐ ਤਾਂ ਸਰਕਾਰ ਨਿੱਤ ਈ ਕੋਈ ਨਾ ਕੋਈ ਮੰਤਰੀ-ਛੰਤਰੀ ਸੱਦ ਲਿਆ ਕਰੋ, ਸ਼ਹਿਰ ਦੀ ਜੂਨ ਤਾਂ ਸੁਧਰੇ। ਪਰ ਸਰਕਾਰ ਜਦੋਂ ਮੰਤਰੀ ਆ ਕੇ ਮੁੜ ਗਿਆ, ਫੇਰ ਰੂੜੀਆਂ ਫਿਰ ਐਥੇ ਲਿਆ ਲਾਵੋਂਗੇ?’
-’ਤੈਨੂੰ ਗੱਲਾਂ ਬਹੁਤ ਆਉਂਦੀਐਂ।’
-’ਹੋਰ ਗੌਰਮਿੰਟ ਜੀ ਮੈਨੂੰ ਮਨੀਆਡਰ ਆਉਣੇਂ ਐਂ..?’
ਸਿਪਾਹੀ ਨੇ ਸੱਭਿਆਚਾਰ ਦੇ ਟੰਬੇ ਵਰਗੇ ਹੱਡ ‘ਤੇ ਡੰਡਾ ਮਾਰਿਆ। ‘ਟਣਨ’ ਦੀ ਅਵਾਜ਼ ਆਈ।
-’ਜੇ ਦਿਲ ਖੁਸ਼ ਹੁੰਦੈ ਇਕ ਹੋਰ ਮਾਰਲੋ ਜੀ। ਪਰ ਸਰਕਾਰ ਇਹ ਦੱਸ ਦਿਓ ਬਈ ਉਥੇ ਤਾਂ ਨ੍ਹੀ ਕਿਸੇ ਬਾਵਰੀਆਂ ਆਲੇ ਗਾਇਕ ਜਾਂ ਬਲਾਊਜ਼ ਚੱਡੀ ਆਲੀ ਬੀਬੀ ਨੇ ਨੱਚਣਾ? ਨਹੀਂ ਮੈਂ ਫਿਰ ਮੁੜ ਕੇ ਖੇਤ ਜਾ ਵੜਦੈਂ!’
-’ਚੱਲ ਭੱਜ ਐਥੋਂ…! ਨਹੀਂ ਚੱਕ ਕੇ ਸਾਲਿਆ ਅੰਦਰ ਦੇ ਦਿਆਂਗੇ…!’
-’ਕੋਈ ‘ਤਬਾਰ ਨ੍ਹੀ ਭਾਈ, ਆਬਦੀ ਇੱਜਤ ਆਬਦੇ ਹੱਥ।’ ਸੱਭਿਆਚਾਰ ਨੇ ਮਨ ’ਚ ਕਿਹਾ।
-’ਚੰਗਾ ਜੀ ਫੇਰ ਸਾਸਰੀਕਾਲ ਸਰਕਾਰ ਜੀ!’ ਸੱਭਿਆਚਾਰ ਸਾਈਕਲ ‘ਤੇ ਚੜ੍ਹ ਤੁਰ ਗਿਆ।
ਸੱਭਿਆਚਾਰ ਜੀ ਅਜੇ ਗਏ ਹੀ ਸਨ ਕਿ ਇਕ ਸੋਹਣੀ ਸੁਨੱਖੀ ਕੁੜੀ ਲੇਡੀ ਸਾਈਕਲ ‘ਤੇ ਆਉਂਦੀ ਦਿਸੀ। ਸਿਪਾਹੀ ਦੇ ‘ਕੁੱਤੇ ਫ਼ੇਲ੍ਹ’ ਹੋਣ ਵਾਲੇ ਹੋ ਗਏ।
-’ਆਪਾਂ ਕੌਣ ਐਂ ਜੀ…?’ ਉਹ ਕੁੜੀ ਦੇ ਕਾਫ਼ੀ ਨੇੜੇ ਹੋ ਕੇ ਬੋਲਿਆ। ਮੂੰਹ ‘ਚੋਂ ਲਾਲ਼ ਟਪਕੀ ਅਤੇ ਬਾਛਾਂ ਖਿੱਲਰ ਗਈਆਂ।
-’ਕੀ ਮਤਲਬ..?’ ਉਸ ਦੀ ਵੰਝਲੀ ਵਰਗੀ ਅਵਾਜ਼ ਟਣਕੀ। ਭਰ ਜੁਆਨ, ਗਰਨੇਡ ਵਰਗੀ ਕੁੜੀ ਦੀਆਂ ਜੋਬਨ-ਮੱਤੀਆਂ ਛਾਤੀਆਂ ਨੇ ਗਿੱਧਾ ਪਾਇਆ।
-’ਥੋਡਾ ਸ਼ੁਭ ਨਾਮ? ਐਥੇ ਕੀ ਕਰਨ ਆਏ ਓਂ??’
-’ਮੇਰਾ ਨਾਂ ਤੰਦਰੁਸਤੀ! ਐਥੇ ਤੇਰੇ ਸ਼ਹਿਰ ਦੀ ਸਫ਼ਾਈ ਦੇਖ ਕੇ ਆਈਂ ਐਂ!’ ਉਸ ਦੇ ਕੇਸੂ ਬੁੱਲ੍ਹ ਹਿੱਲੇ।
-’ਅੱਜ ਕਿਹੋ ਜਿਹੇ ਬੰਦਿਆਂ ਨਾਲ ਵਾਹ ਪਈ ਜਾਂਦੈ?’ ਸਿਪਾਹੀ ਕਮਲ਼ਾ ਹੋਇਆ ਖੜ੍ਹਾ ਸੀ।
-’ਚੱਲ ਜਾਣ ਦੇ! ਜਿੱਦੇਂ ਮੰਤਰੀ ਆ ਕੇ ਮੁੜ ਗਿਆ, ਇਹ ਆਪੇ ਮੁੜਜੂਗੀ। ਦੇਖ ਲੈਣ ਦੇ ਇਹਨੂੰ ਇੱਕ ਅੱਧਾ ਦਿਨ ਤੁਰ ਫਿਰ ਕੇ ਮੇਲਾ, ਦਫ਼ਾ ਕਰ!’ ਦੂਜੇ ਸਿਪਾਹੀ ਨੇ ਕਿਹਾ।
-’ਜਾਓ ਜੀ..!’ ਸਿਪਾਹੀ ਨੇ ਰਾਹ ਦਿੱਤਾ ਤਾਂ ਉਹ ਸਾਈਕਲ ਰੋੜ੍ਹ ਤੁਰ ਗਈ।
-’ਤੋਰ ਸਹੁਰੀ ਦੀ ਸੱਪ ਅਰਗੀ ਐ!’ ਸਿਪਾਹੀ ਡਿੱਗਣ ਵਾਲਾ ਹੋਇਆ ਖੜ੍ਹਾ ਸੀ।
-’ਹੋਵੇ ਨਾ…? ਜੁਆਨੀ ਤਾਂ ਸਾਲੀ ਗਧੇ ‘ਤੇ ਆਈ ਨ੍ਹੀ ਮਾਨ..!’ ਦੂਜਾ ਬੋਲਿਆ।
-’ਤੇਰੇ ਆਲੀ ਤਾਂ ਹੁਣ ਡੰਡ ਬੈਠਕਾਂ ਕੱਢਣੋਂ ਰਹੀ, ਉਹ ਤਾਂ ਭਾਈ ਸਾਹ ਜੇ ਵਰੋਲ਼ਦੀ ਫਿਰਦੀ ਐ!’
-’ਉਹ ਤਾਂ ਇਹਦੀਆਂ ਰੋਟੀਆਂ ਪਕਾਈ ਚੱਲੇ, ਵਾਹ ਭਲੀ ਐ!’
ਪੁਲਸ ਵਾਲਿਆਂ ਨੇ ਅੱਗੇ ਕਰੋਲ਼ੇ ਦੇਣੇ ਸ਼ੁਰੂ ਕਰ ਦਿੱਤੇ। ਰਿਕਸ਼ੇ ਵਾਲਿਆਂ ਦੇ ਹੱਡ ਕੁੱਟੇ, ਰੇੜ੍ਹੀਆਂ ਵਾਲਿਆਂ ਦੇ ਮੌਰ ਸੇਕੇ, ਅਖੀਰ ਇੱਕ ਸੜਕ ਦੇ ਇੱਕ ਖੂੰਜੇ ਪਈ ਇੱਕ ਬਿਰਧ ਮਾਈ ਨੂੰ ਜਾ ਉਠਾਇਆ। ਮਾਈ ਦੀ ਪੁੱਛ-ਗਿੱਛ ਸ਼ੁਰੂ ਹੋ ਗਈ।
-’ਮਾਈ ਤੂੰ ਐਥੇ ਬੈਠੀ ਕੀ ਕਰਦੀ ਐਂਂ?’
-’ਆਬਦੇ ਜਣਦਿਆਂ ਨੂੰ ਰੋਨੀਂ ਐਂ, ਪੁੱਤ…!’ ਮਾਈ ਅਤੀਅੰਤ ਦੁਖੀ ਹੋਈ ਬੋਲੀ।
-’ਕੌਣ ਐਂ ਤੂੰ?’ ਝੁੱਗੀਆਂ ਕੋਲੇ ਸੜਕ ਕੰਢੇ ਬੈਠੀ ਇਸ ਬਿਰਧ ਮਾਈ ਦੇ ਡੰਡਾ ਮਾਰਨੋਂ ਸੰਕੋਚ ਕਰਦਿਆਂ ਠਾਣੇਦਾਰ ਨੇ ਪੁੱਛਿਆ।
-’ਪੁੱਤ ਮੈਂ ਅਜਾਦੀ ਐਂ!’ ਉਸ ਦੀਆਂ ਝੁਰੜੀਆਂ ਭਰੇ ਮੂੰਹ ‘ਚੋਂ ਮੁਰਦਾ ਅਵਾਜ਼ ਨਿਕਲੀ।
-’ਕਿੱਥੇ ਰਹਿਨੀ ਐਂ?’
-’ਝੁੱਗੀਆਂ ਝੌਂਪੜੀਆਂ ‘ਚ। ਕਦੇ ਬਿਮਾਰਾਂ ਕੋਲੇ ਤੇ ਕਦੇ ਗਰੀਬ ਗੁਰਬਿਆਂ ‘ਚ। ਕਦੇ ਕਦੇ ਸੜਕ ਦੇ ਕਿਨਾਰੇ। ਕਦੇ ਛੱਪੜ ਦੇ ਕੰਢੇ। ਕਦੇ ਸਿਵਿਆਂ ‘ਚ। ਕਦੇ ਕਿਤੇ-ਕਦੇ ਕਿਤੇ, ਹੋਰ ਦੱਸ ਪੁੱਤ?’
-’ਕਿਹੜਾ ਪਿੰਡ ਐ?’
-’ਕੋਈ ਨ੍ਹੀ ਪੁੱਤ! ਬੇਪਿੰਡੀ ਤੇ ਬੇਘਰੀ ਐਂ ਮੈਂ, ਟੱਪਰੀਵਾਸ ਐਂ ਮੈਂ ਤਾਂ…!’
-’ਐਥੇ ਕੀ ਕਰਦੀ ਐਂ?’
-’ਮੇਰੇ ਪੁੱਤ ਮੈਨੂੰ ਛੱਡ ਕੇ ਤੁਰ ਗਏ, ਉਨ੍ਹਾਂ ਨੂੰ ‘ਡੀਕਦੀ ਆਂ ਪੁੱਤਾ!’ ਉਹ ਡੁਸਕ ਪਈ। ਬੁਝੀਆਂ ਅੱਖਾਂ ‘ਚ ਪਤਾ ਨਹੀਂ ਕਿੱਥੋਂ ਜਲ ਆ ਗਿਆ ਸੀ।
-’ਕੀ ਕਿਹੈ..? ਛੱਡ ਕੇ ਤੁਰਗੇ..?’
-’ਵੇ ਆਹੋ..! ਬੜੇ ਚੰਗੇ, ‘ਲੈਕ’ ਪੁੱਤ ਸੀ ਮੇਰੇ!’
-’ਉਹ ਚੰਗੇ ਪੁੱਤ ਕਾਹਦੇ ਹੋਏ ਮਾਈ, ਜਿਹੜੇ ਮਾਂ ਨੂੰ ਈ ਛੱਡ ਕੇ ਤੁਰਗੇ?’
-’ਵੇ ਪੁੱਤਾ ਤੂੰ ਨ੍ਹੀ ਸਮਝ ਸਕਦਾ ਇਹ ਘਾਣੀਂ! ਤੂੰ ਅਜੇ ਨਿਆਣੈਂ ਪੁੱਤ!’
-’ਕੀ ਨਾਂ ਐਂ ਉਨ੍ਹਾਂ ਦਾ, ਖ਼ਬਰ ਲਈਏ?’ ਹੌਲਦਾਰ ਬੋਲਿਆ।
-’ਸ਼ੇਰ ਬਹਾਦਰ ਭਗਤ ਸਿੰਘ! ਸੂਰਮਾਂ ਕਰਤਾਰ ਸਿੰਘ ਸਰਾਭਾ-!’
-’ਬੁੜ੍ਹੀਏ ਤੇਰਾ ਦਿਮਾਗ ਤਾਂ ਨ੍ਹੀ ਖਰਾਬ ਹੋ ਗਿਆ?’
-’ਪੁੱਤ ਮੇਰਿਆ ਡਮਾਕ ਖਰਾਬ ਨ੍ਹੀ ਹੋਇਆ। ਡਮਾਕ ਖਰਾਬ ਕਰਤਾ ਮੇਰਾ ਅੱਗ ਲੱਗੜਾ। ਤਾਹੀਂ ਤਾਂ ਕਮਲੀ ਹੋਈ ਫਿਰਦੀ ਆਂ। ਤੂੰ ਪੁੱਤ ਅਜੇ ਨਿਆਣੈਂ ਬਹੁਤ, ਤੈਨੂੰ ਕੀ-ਕੀ ਸਮਝਾਵਾਂ?’
-’ਕੀਹਨੇ ਖਰਾਬ ਕਰਤਾ ਤੇਰਾ ਦਿਮਾਗ?’ ਠਾਣੇਦਾਰ ਵਿਅੰਗਮਈ ਹੱਸਿਆ। ਉਸ ਨੂੰ ਯਕੀਨ ਹੋ ਗਿਆ ਸੀ ਕਿ ਇਹ ਬੁੜ੍ਹੀ ਪਾਗਲ ਹੈ।
-’ਵੇ ਆਹ ਜਿਹੜੇ ਝੰਡੀ ਆਲੀਆਂ ਕਾਰਾਂ ‘ਚ ਜਬਕਦੇ ਫਿਰਦੇ ਐ। ਕੀ ਕਹਿੰਦੇ ਐ ਇਹਨਾਂ ਅੱਗ ਲੱਗੜਿਆਂ ਨੂੰ? ਮੰਤਰੀ-ਮੰਤਰੀ!’
-’ਬੇਬੇ ਤੇਰੇ ਨਾਲ ਬਿਰਧ ਕਰਕੇ ਲਿਹਾਜ ਕਰਦੈਂ। ਤੂੰ ਹੁਣ ਕਿਰਪਾ ਕਰ, ਇਥੋਂ ਪਰ੍ਹੇ ਹੋਜਾ!’ ਠਾਣੇਦਾਰ ਨੇ ਡੰਡਾ ਘੁੰਮਾਉਂਦਿਆਂ ਕਿਹਾ।
-’ਵੇ ਕਾਹਤੋਂ ਜਿਉਣ ਜੋਕਰਿਆ, ਕਾਹਤੋਂ ਪਰ੍ਹੇ ਹੋਜਾਂ ਮੈਂ? ਮੈਂ ਅਜਾਦੀ ਆਂ ਪੁੱਤ!’
-’ਮਾਈ ਇੱਥੋਂ ਦੀ ਮੰਤਰੀ ਨੇ ਗੁਜਰਨੈਂ।’
-’ਵੇ ਤੇਰੇ ਮੰਤਰੀ-ਸ਼ੰਤਰੀ ਪਿੱਛੋਂ ਗੁਜਰਦੇ ਹੁਣ ‘ਗੁਜਰ’ ਜਾਣ! ਪਰ ਮੈਂ ਪਿੱਛੇ ਕਿਉਂ ਹਟਾਂ? ਮੈਂ ਸਾਰੇ ਹਿੰਦੋਸਤਾਨ ਦੀ ਮਾਂ ਐਂ?’
-’ਉਏ ਮੁੰਡਿਓ ਇਹ ਬੁੜ੍ਹੀ ਆਪਣੀਆਂ ਪੇਟੀਆਂ ਲੁਹਾਊਗੀ, ਮੰਤਰੀ ਜੀ ਦੇ ਲੰਘਣ ਤੱਕ ਇਹਨੂੰ ਆਸੇ-ਪਾਸੇ ਕਰੋ!’ ਠਾਣੇਦਾਰ ਨੇ ਸਿਪਾਹੀਆਂ ਨੂੰ ਅਬਦਾਲੀ ਹੁਕਮ ਕੀਤਾ।
-’ਵੇ ਮੈਂ ਤੇਰੇ ਮੰਤਰੀ ਦੇ ਕੀ ਗੋਲ਼ੀ ਮਾਰਦੀ ਆਂ? ਮੇਰਾ ਨਾਂ ਲੈ ਲੈ ਕੇ ਤਾਂ ਉਹ ਮੇਰੀ ਜਨਤਾ ਨੂੰ ਲੁੱਟੀ ਜਾਂਦੇ ਐ ਟੁੱਟ ਪੈਣੇਂ। ਇਨ੍ਹਾਂ ਨੂੰ ਲੱਗਜੇ ਇਨ੍ਹਾਂ ਨੂੰ ਅੱਗ ਨਪੁੱਤੇ ਦਿਆਂ ਨੂੰ!’
-’ਚੱਲ ਮਾਈ ਖੜ੍ਹੀ ਹੋ!’ ਠਾਣੇਦਾਰ ਦੇ ਇਸ਼ਾਰੇ ‘ਤੇ ਇੱਕ ਸਿਪਾਹੀ ਨੇ ਬਿਰਧ ਦੀ ਬਾਂਹ ਫੜ ਕੇ ਉਠਾਉਣਾ ਚਾਹਿਆ। ਪਰ ਉਹ ਉਠ ਨਾ ਸਕੀ।
-’ਵੇ ਮੈਥੋਂ ਨ੍ਹੀ ਉਠਿਆ ਜਾਣਾ ਜਿਉਣ ਜੋਕਰਿਆ! ਮੇਰਾ ਇੱਕ ਪਾਸਾ ਮਾਰਿਆ ਵਿਐ!!’ ਉਹ ਬਿਲਕ ਉਠੀ।
-’ਚੱਲ ਮਾਈ ਤੈਨੂੰ ਦੁਆਈ ਬੂਟੀ ਦਿਵਾਈਏ, ਠੀਕ ਹੋਜੇਂਗੀ।’ ਸਿਪਾਹੀ ਨੇ ਫਿਰ ਉਠਾਉਣ ਲਈ ਹਿੰਮਤ ਕੀਤੀ।
-’ਵੇ ਹੁਣ ਤੂੰ ਮੈਨੂੰ ਕਿੱਥੋਂ ਦੁਆਈ ਦੁਆਵੇਂਗਾ ਕਮਲਿਆ ਪੁੱਤਾ? ਮੇਰਾ ਪਾਸਾ ਤਾਂ 1947 ਦਾ ਮਾਰਿਆ ਵਿਐ! ਵੇ ਕੀ-ਕੀ ਤੈਨੂੰ ਦੁੱਖ ਦੱਸਾਂ ਵੇ ਮੇਰਿਆ ਕਮਲਿਆ ਪੁੱਤਾ…!’ ਮਾਈ ਨੇ ਮੁਰਦਈ ਅਵਾਜ਼ ਵਿੱਚ ਵੈਣ ਪਾਉਣੇ ਸ਼ੁਰੂ ਕਰ ਦਿੱਤੇ।
-’………।’ ਸਿਪਾਹੀ ਬੇਵੱਸ ਹੋਇਆ ਖੜ੍ਹਾ ਸੀ।
-’ਮੈਨੂੰ ਤਾਂ ਰੋਗ ਈ ਬਾਹਲੇ ਐ…! 1947 ਤੋਂ ਲੈ ਕੇ ਹੁਣ ਤੱਕ ਦਾਣੇ ਮਾਂਗੂੰ ਭੁੱਜਦੀ ਆਉਨੀਂ ਐਂ ਪੁੱਤ! ਭੁੱਜਦੀ ਆਉਨੀ ਆਂ ਦਾਣੇ ਮਾਂਗੂੰ! ਬਥੇਰੀਆਂ ‘ਵਾਂਵਾਂ ਵਗੀਆਂ ਮੇਰੇ ਐਸ ਪਿੰਡੇ ‘ਤੇ ਪੁੱਤ! ਮਾੜੇ ਕਰਮਾਂ ਕਰਕੇ ਫੇਰ ਵੀ ਬਚਦੀ ਰਹੀ, ਆਹ ਬੁਰੇ ਦਿਨ ਦੇਖਣ ਆਸਤੇ ਪੁੱਤ, ਹੁਣ ਤੁਸੀਂ ਨ੍ਹੀ ਟਿਕਣ ਦਿੰਦੇ…!’
ਬਿਰਧ ਮਾਤਾ ਦੀ ਗੱਲ ਅਧੂਰੀ ਹੀ ਸੀ ਕਿ ‘ਮੰਤਰੀ ਜੀ-ਜਿ਼ੰਦਾਬਾਦ..!’ ਦਾ ਰੌਲਾ ਮੱਚ ਗਿਆ।
ਸਾਰੀ ਪੁਲਸ ਮੰਤਰੀ ਜੀ ਦੇ ‘ਸੁਆਗਤ’ ਲਈ ਜੁਟ ਗਈ।
ਮੰਤਰੀ ਜੀ ਸਟੇਜ ‘ਤੇ ਦਮਗੱਜੇ ਮਾਰ ਰਹੇ ਸਨ।
-’ਸਾਡਾ ਦੇਸ਼ ਅੱਜ ਦੁਨੀਆਂ ਦੀ ਚੌਥੀ ਤਾਕਤਵਰ ਪਾਵਰ ਹੈ! ਹਮਰੇ ਪਾਸ ਪ੍ਰਮਾਣੂੰ ਸ਼ਕਤੀ ਹੈ…।’
ਮੰਤਰੀ ਜੀ ਦੇ ਭਾਸ਼ਣ ਤੋਂ ਬਾਅਦ ਵਾਰੀ ਆਈ ਚਾਪਲੂਸਾਂ ਦੀ ਅਤੇ ਫਿਰ ਵਾਰੀ ਆਈ ਗਾਇਕ ਜੋੜੀ ਦੀ।
ਸਟੇਜ ‘ਤੇ ‘ਸੱਭਿਆਚਾਰਕ ਗੀਤ’ ਚੱਲ ਰਿਹਾ ਸੀ।
-’ਨਾਲੋਂ ਜਾ ਕੇ ਨਾਇਣ ਚੱਕ ਲਈ- ਮੈਂ ਤਾਂ ਸੋਚਿਆ ਪਟੋਲ੍ਹਾ ਹੱਥ ਆ ਗਿਆ…!’ ਗੀਤ ਸੁਣ ਕੇ ਟਰੱਕਾਂ ਵਾਲੇ ‘ਜੈਹਿੰਦ’ ਕਹਿਣਾ ਭੁੱਲ ਗਏ ਸਨ। ਇਕ ਪਾਸੇ ਬਿਰਧ ਅਜ਼ਾਦੀ ਅਤੇ ਦੂਜੇ ਪਾਸੇ ਸੱਭਿਆਚਾਰ ਭੁੱਖੇ-ਤਿਹਾਏ ਇੱਕ ਦੂਜੇ ਵੱਲ ਦੇਖ ਰਹੇ ਸਨ। ਖੂੰਜੇ ਖੜ੍ਹੀ ਤੰਦਰੁਸਤੀ ਉਨ੍ਹਾਂ ਵੱਲ ਦੇਖ ਦੇਖ ਕੇ ਝੁਰੀ ਜਾ ਰਹੀ ਸੀ।