ਗੁਰਮੀਤ ਸਿੰਘ ਮਰਾੜ੍ਹ
ਫੋਨ: 95014-00397
ਮੈਂ ਪਿੰਡ ਵਿਚਲੀ ਕੋਆਪ੍ਰੇਟਿਵ ਸੁਸਾਇਟੀ ਦੀ ਕੰਧ ਉਪਰ ਲੱਗਿਆ ਪੋਸਟਰ ਪੜ੍ਹਨਾ ਸ਼ੁਰੂ ਕੀਤਾ ਤਾਂ ਅੱਖਾਂ ਅੱਗੇ ਹਨੇਰਾ ਆ ਗਿਆ। ਕੰਨਾਂ ‘ਚ ਛਾਂ-ਛਾਂ ਹੋਣ ਲੱਗੀ। ਮੈਨੂੰ ਲੱਗਾ ਜਿਵੇਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾ ਰਹੀ ਹੋਵੇ। ਜੇ ਧਰਤੀ ਵਿਹਲ ਦਿੰਦੀ ਮੈਂ ਥਾਏਂ ਗਰਕ ਜਾਂਦਾ। ਮੈਂ ਹੱਥ ਲਿਖਤ ਪੋਸਟਰ ਲਾਹ ਕੇ ਜੇਬ ‘ਚ ਪਾ ਲਿਆ।
ਪਹਿਲਾਂ ਤੋਂ ਹੀ ਦਹਿਲਿਆ ਪਿਆ ਮਨ ਹੋਰ ਦਹਿਲ ਗਿਆ। ਆਪਣਾ ਜਾਂ ਆਪਣੇ ਪਰਿਵਾਰ ਦੇ ਕਿਸੇ ਜੀਅ ਦੇ ਨੁਕਸਾਨ ਬਾਰੇ ਸੋਚਦਿਆਂ ਵੱਡੇ ਤੋਂ ਵੱਡੇ ਜਿਗਰੇ ਵਾਲੇ ਬੰਦੇ ਦਾ ਵੀ ਡੋਲ ਜਾਣਾ ਸੁਭਾਵਿਕ ਹੈ ਮੈਂ ਤਾਂ ਫਿਰ ਵੀ ਸੰਵੇਦਨਸ਼ੀਲ ਸਾਹਿਤਕ ਮਨੁੱਖ ਸਾਂ। ਮੈਨੂੰ ਕੁੱਝ ਸੁੱਝ ਨਹੀਂ ਸੀ ਰਿਹਾ। ਇਹ ਪੋਸਟਰ ਕਿਉਂ ਲਾਇਆ ਗਿਆ, ਕਦੋਂ ਲਾਇਆ ਗਿਆ ਤੇ ਕਿਸਨੇ ਲਾਇਆ? ਸਾਰੀ ਰਾਤ ਇਸੇ ਉਧੇੜ-ਬੁਣ ‘ਚ ਹੀ ਲੱਗਾ ਰਿਹਾ। ਨੀਂਦ ਅੱਖਾਂ ਦੇ ਨੇੜੇ ਨਾ ਫੜਕੀ। ਸਿਮਰ ਨਾਲ ਮੈਂ ਪੋਸਟਰ ਵਾਲੀ ਗੱਲ ਸਾਂਝੀ ਨਾ ਕੀਤੀ।
ਅਗਲੇ ਦਿਨ ਮੈਂ ਤੇ ਤਰਸੇਮ ਬਾਹਰ ਖੇਤਾਂ ਵੱਲ ਘੁੰਮਣ ਚਲੇ ਗਏ। ਮੈਂ ਪੋਸਟਰ ਜੇਬ ‘ਚੋਂ ਕੱਢ ਕੇ ਉਸਦੇ ਵੱਲ ਕਰ ਦਿੱਤਾ। ਹਰ ਨਿੱਕੀ-ਵੱਡੀ ਗੱਲ ਮੈਂ ਉਸ ਨਾਲ ਸਾਂਝੀ ਕਰ ਲੈਂਦਾ ਸਾਂ। ਉਸ ਨੇ ਗੁੱਛੀ-ਮੁੱਛੀ ਕੀਤਾ ਪੋਸਟਰ ਸਿੱਧਾ ਕਰ ਕੇ ਪੜ੍ਹਿਆ ਤੇ ਮੈਨੂੰ ਫੜਾ ਦਿੱਤਾ।
‘ਤੈਨੂੰ ਹਰ ਤਰ੍ਹਾਂ ਨਾਲ ਚੌਕਸ ਰਹਿਣਾ ਚਾਹੀਦੈ। ਥੋਡਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋ ਸਕਦੈ। ਬਚਾਅ ਵਿਚ ਹੀ ਬਚਾਅ ਐ। ਅੱਜ ਹੋਜੇ, ਕੱਲ੍ਹ ਹੋਜੇ, ਥੋਡੇ ‘ਤੇ ਅਟੈਕ ਹੋਊ ਜ਼ਰੂਰ।’ ਤਰਸੇਮ ਨੇ ਲਕੀਰਦਾਰ ਪੇਪਰ ‘ਤੇ ਗੰਦੀ ਜਿਹੀ ਲਿਖਾਈ ‘ਚ ਲਿਖੇ ਇਸ਼ਤਿਹਾਰ ਦੀ ਸ਼ਬਦਾਵਲੀ ਦੇ ਆਧਾਰ ‘ਤੇ ਆਪਣਾ ਨਿਰਣਾ ਸੁਣਾਇਆ।
ਇਸ ਨੂੰ ਅਜੇ ਦੋ ਕੁ ਦਿਨ ਹੀ ਹੋਏ ਸਨ ਕਿ ਪਿੰਡ ਦੀ ਕਿਸੇ ਹੋਰ ਸੱਥ ‘ਚ ਕੰਧ ਉਪਰ ਨਵਾਂ ਪੋਸਟਰ ਲਟਕਣ ਲੱਗਾ। ਲੋਕਾਂ ਦੀ ਨਿਗ੍ਹਾ ਪੈਣ ਤੋਂ ਪਹਿਲਾਂ ਹੀ ਸੂਚਨਾ ਮਿਲ ਗਈ ਤੇ ਮੈਂ ਤੁਰੰਤ ਲਾਹ ਕੇ ਜੇਬ ‘ਚ ਰੱਖ ਲਿਆ।
ਇਹ ਲਿਖਤ ਪਹਿਲੇ ਨਾਲੋਂ ਵੀ ਵੱਧ ਖਤਰਨਾਕ ਅਤੇ ਦੁੱਖ ਦੇਣ ਵਾਲੀ ਸੀ। ਇਸ ਵਿਚ ਸਾਡੇ ਬਾਹਰ ਜਾਣ, ਵਾਪਸ ਆਉਣ ਅਤੇ ਸਾਡੇ ਜਾਣ-ਆਉਣ ਦੇ ਟਿਕਾਣਿਆਂ ਬਾਰੇ ਲਿਖਿਆ ਗਿਆ ਸੀ। ਇਹ ਇਸ਼ਤਿਹਾਰ ਮੈਨੂੰ ਨਹੀਂ ਸਿਮਰ ਨੂੰ ਸੰਬੋਧਨ ਕੀਤਾ ਗਿਆ ਸੀ। ਧਮਕੀ ਦੇਣ ਵਾਲੇ ਨੇ ਲਿਖਿਆ ਸੀ ਕਿ ਤੈਨੂੰ ਬਹੁਤੇ ਦਿਨ ਰਹਿਣ ਨਹੀਂ ਦੇਣਾ।
ਇਸ ਇਸ਼ਤਿਹਾਰ ਦੀ ਸ਼ਬਦਾਵਲੀ ਨੇ ਤਾਂ ਮੇਰਾ ਅੰਦਰ ਹੋਰ ਵੀ ਹਿਲਾ ਦਿੱਤਾ। ਮਸੀਂ-ਮਸੀਂ ਤਾਂ ਜਿ਼ੰਦਗੀ ਦੀ ਗੱਡੀ ਲੀਹ ‘ਤੇ ਚੜ੍ਹਨ ਲੱਗੀ ਸੀ। ਦੋ ਮਹੀਨੇ ਪੰਜਾਬ ਤੋਂ ਬਾਹਰ ਅਤੇ ਪੰਜ ਛੇ ਮਹੀਨੇ ਘਰ ਤੋਂ ਬਾਹਰ ਇਧਰ-ਉਧਰ ਕੱਟੇ ਸਨ। ਮੇਰੇ ਤੇ ਸਿਮਰ ਦੇ ਫੈਸਲੇ ਨੂੰ ਮਾਨਤਾ ਨਹੀਂ ਸੀ ਮਿਲੀ। ਅਸੀਂ ਆਪਣੇ ਰਾਹਾਂ ਦੀ ਤਲਾਸ਼ ਆਪ ਕਰ ਲਈ ਸੀ। ਮੁਹੱਬਤ ਦੀ ਪਗਡੰਡੀ ‘ਤੇ ਤੁਰਦਿਆਂ ਇੱਕ-ਦੂਜੇ ਦਾ ਹੱਥ ਫੜ ਕੇ ਦੂਰ ਤੱਕ ਚੱਲਣ ਦਾ ਤਹੱਈਆ ਕਰ ਲਿਆ ਸੀ। ਜੇ ਸਾਡਾ ਇਹ ਫੈਸਲਾ ਸਮਾਜਿਕ ਵਲਗਣਾਂ ਨੂੰ ਮਨਜ਼ੂਰ ਨਹੀਂ ਸੀ ਤਾਂ ਸਮਾਜ ਦੀ ਕੋਈ ਰੋਕ ਸਾਨੂੰ ਵੀ ਕਤੱਈ ਮਨਜ਼ੂਰ ਨਹੀਂ ਸੀ। ਕਿਸੇ ਵੀ ਕਿਸਮ ਦੀਆਂ ਬੰਦਸ਼ਾਂ, ਵਧੀਕੀਆਂ ਤੇ ਧਮਕੀਆਂ ਸਾਨੂੰ ਆਪਣੇ ਫੈਸਲੇ ਤੋਂ ਥਿੜਕਾ ਨਹੀਂ ਸਨ ਸਕੀਆਂ।
ਇਹ ਉਹ ਦਿਨ ਸਨ ਜਦੋਂ ਸਾਡੇ ਖਿ਼ਲਾਫ਼ ਬੜੀ ਗੁਸਤਾਖ਼ ਹਵਾ ਚੱਲਣ ਲੱਗੀ ਸੀ। ਅਸੀਂ ਪੰਜਾਬ ਤੋਂ ਸੈਂਕੜੇ ਮੀਲ ਦੂਰ ਕਿਸੇ ਅਣਦੱਸੀ ਥਾਂ ਜਾ ਟਿਕਾਣੇ ਲਾਏ। ਉਦੋਂ ਅੱਜ ਵਾਂਗ ਪੰਜਾਬ ਦੀ ਪਰਾਲੀ ਦਾ ਧੂੰਆਂ ਵੀ ਦਿੱਲੀ ਵੱਲ ਨੂੰ ਨਹੀਂ ਸੀ ਜਾਣ ਲੱਗਾ। ਡੀ ਟੀ ਸੀ ਦੀਆਂ ਬੰਦੇ ਮਾਰਨ ਲਈ ਮਸ਼ਹੂਰ ਹੋਈਆਂ ਲਾਲ ਰੰਗੀਆਂ ਬੱਸਾਂ ਦਾ ਕਾਲਾ ਧੂੰਆਂ ਆਥਣ ਵੇਲੇ ਦਿੱਲੀ ‘ਤੇ ਕਾਲੀ ਛੱਤਰੀ ਤਾਣ ਦਿੰਦਾ ਸੀ। ਅਸੀਂ ਆਪਣੇ ਲਈ ਰੁਜ਼ਗਾਰ ਦੀ ਤਾਲਾਸ਼ ਕਰਦੇ ਦਿਨ ਭਰ ਦਿੱਲੀ ਦੀਆਂ ਇਨ੍ਹਾਂ ਬੱਸਾਂ ਦਾ ਕਾਲਾ ਧੂੰਆਂ ਫੱਕਦੇ। ਦਿੱਲੀ ਦੀਆਂ ਸੜਕਾਂ ਦੀ ਰੇਤ ਛਾਣਦੇ ਵੱਖ ਵੱਖ ਹਸਪਤਾਲਾਂ ‘ਚ ਨੌਕਰੀ ਲਈ ਅਪਲਾਈ ਕਰ ਆਉਂਦੇ। ਰੁਜ਼ਗਾਰ ਦੀ ਸਖ਼ਤ ਲੋੜ ਸੀ। ਘਰੋਂ ਲਿਆਂਦੇ ਪੈਸੇ ਬਰਫ ਵਾਂਗ ਖੁਰਦੇ ਜਾਂਦੇ ਸਨ। ਜਿਵੇਂ-ਜਿਵੇਂ ਪੈਸੇ ਘਟਦੇ ਜਾਂਦੇ, ਤਿਵੇਂ-ਤਿਵੇਂ ਚਿੰਤਾ ਵਧਦੀ ਜਾਂਦੀ ਸੀ।
ਭਟਕਣਾ ਦੇ ਇਨ੍ਹੀਂ ਦਿਨੀਂ ਡਾ. ਸਤਿੰਦਰ ਸਿੰਘ ਨੂਰ ਰੱਬ ਬਣ ਕੇ ਬਹੁੜਿਆ ਸੀ। ਪੰਜਾਬੀ ਅਕੈਡਮੀ ਵਿਚ ਨੌਕਰੀ ਹਾਸਲ ਕਰਨ ਲਈ ਉਨ੍ਹਾਂ ਦੀ ਮਦਦ ਮਿਲ ਗਈ ਸੀ। ਉਦੋਂ ਪ੍ਰੀਤਮ ਸਿੰਘ ਬਤਰਾ ਅਕਾਦਮੀ ਦੇ ਸਕੱਤਰ ਸਨ। ਡਾ. ਨੂਰ ਨੇ ਉਨ੍ਹਾਂ ਕੋਲ ਮੇਰੀ ਸਿਫਾਰਸ਼ ਕੀਤੀ ਸੀ। ਸਕੱਤਰ ਸਾਹਿਬ ਦੇ ਆਖੇ ਮੈਂ ਆਪਣੀ ਗੁਲਾਬੀ ਜਿਹੀ ਅੰਗਰੇਜ਼ੀ ‘ਚ ਅਰਜ਼ੀ ਲਿਖ ਦਿੱਤੀ। ਅਰਜ਼ੀ ਪੜ੍ਹਦਿਆਂ ਉਹ ਕੁੱਝ ਚਿਰ ਕੰਨ ਦੇ ਕੋਲ ਖੁਰਕ ਕਰਦਾ ਰਿਹਾ ਤੇ ਫੇਰ ਹੌਲੀ ਜਿਹੇ ਬੋਲਿਆ, ‘ਤੁਹਾਡੀ ਅੰਗਰੇਜ਼ੀ ‘ਤੇ ਪੂਰੀ ਪਕੜ ਨਹੀਂ।’
‘ਜੀ ਸਰ!’ ਮੈਨੂੰ ਨੌਕਰੀ ਦੀ ਆਸ ਜਾਂਦੀ ਦਿਖਾਈ ਦਿੱਤੀ।
‘ਖੈਰ ਇਹ ਕੋਈ ਐਨਾ ਵੱਡਾ ਇਸ਼ੂ ਨਹੀਂ ਹੈ। ਅੰਗਰੇਜ਼ੀ ਚੀਜ਼ ਹੀ ਐਸੀ ਹੈ ਜਿਸਦੀ ਪੇਂਡੂ ਬੈਕਗਰਾਊਂਡ ਵਾਲਿਆਂ ਨਾਲ ਘੱਟ ਬਣਦੀ ਹੈ। ਹੌਲੀ ਹੌਲੀ ਪ੍ਰੈਕਟਿਸ ਨਾਲ ਇੰਪਰੂਵ ਹੋ ਜਾਊ। ਇਹ ਇੰਪਰੂਵ ਕਰਨੀ ਜ਼ਰੂਰੀ ਵੀ ਹੋ ਜਾਂਦੀ। ਦਿੱਲੀ ਸਰਕਾਰ ਨਾਲ ਸਾਰਾ ਪੱਤਰ ਵਿਹਾਰ ਅੰਗਰੇਜ਼ੀ ‘ਚ ਹੀ ਹੁੰਦਾ ਹੈ ਬੱਟ ਤੁਸੀਂ ਬੇਫਿਕਰ ਰਹੋ। ਜਦੋਂ ਨੂਰ ਸਾਹਿਬ ਨੇ ਹੁਕਮ ਲਾਇਆ ਹੈ ਤਾਂ ਕੁੱਝ ਨਾ ਕੁੱਝ ਤਾਂ ਕਰਨਾ ਹੀ ਪਊ। ਤੁਸੀਂ ਡਾ. ਨੂਰ ਨਾਲ ਇਨਟੱਚ ਰਹਿਣਾ, ਅਸੀਂ ਉਨ੍ਹਾਂ ਨੂੰ ਫੋਨ ਕਰ ਦਿਆਂਗੇ।’ ਬਤਰਾ ਸਾਹਿਬ ਨੇ ਆਖਿਆ ਤਾਂ ਮੈਂ ਸਹਿਮਤੀ ‘ਚ ਆਪਣਾ ਸਿਰ ਹਿਲਾ ਦਿੱਤਾ।
ਬਤਰਾ ਵਲੋਂ ਭਰੇ ਹੁੰਗਾਰੇ ਸਦਕਾ ਮੈਨੂੰ ਔਖੇ ਦਿਨਾਂ ਦੇ ਲੰਘ ਜਾਣ ਦਾ ਭਰੋਸਾ ਹੋਣ ਲੱਗਾ। ਹੋਰ ਲੇਖਕਾਂ ਵਾਂਗ ਮੈਂ ਵੀ ਇਸ ਮਹਾਂਨਗਰ ਵਿਚ ਜਜ਼ਬ ਹੋ ਜਾਣ ਦੇ ਸੁਪਨੇ ਵੇਖਣ ਲੱਗਾ। ਮੈਨੂੰ ਦਿੱਲੀ ਰਹਿੰਦੇ ਗੁਰਬਚਨ ਸਿੰਘ ਭੁੱਲਰ, ਗੁਰਦੇਵ ਰੁਪਾਣਾ, ਨਛੱਤਰ ਤੇ ਅਜੀਤ ਕੌਰ ਵਰਗੇ ਨਾਮਵਰ ਲੇਖਕ ਚੇਤੇ ਆਏ। ਦਿੱਲੀ ‘ਚ ਲੇਖਕਾਂ ਦੀਆਂ ਲੱਗਦੀਆਂ ਵੱਡੀਆਂ ਵੱਡੀਆਂ ਮਹਿਫਲਾਂ ਅੱਖਾਂ ਮੂਹਰੇ ਆਈਆਂ ਜਿਹੜੀਆਂ ਮੈਂ ਅਖਬਾਰਾਂ ਜਾਂ ਰਸਾਲਿਆਂ ‘ਚੋਂ ਪੜ੍ਹਦਾ ਰਹਿੰਦਾ ਸਾਂ। ਲਾਲ ਕਿਲੇ ਤੋਂ ਲੈ ਕੇ ਪਾਰਲੀਮੈਂਟ ਦੀ ਗੋਲ ਇਮਾਰਤ ਤੱਕ ਮੇਰਾ ਜਿ਼ਹਨ ਮੱਲ ਖਲੋਤੇ।
ਪੰਜਾਬ ਤੋਂ ਬਾਹਰ ਸਾਡੇ ਟਿਕਾਣੇ ਦਾ ਕਿਸੇ ਨੂੰ ਦੱਸਣਾ ਵਾਜਬ ਵੀ ਨਹੀਂ ਸੀ। ਅਸੀਂ ਇਸ ਮਾਮਲੇ ‘ਚ ਪਹਿਲਾਂ ਹੀ ਬਥੇਰੇ ਦੁੱਖ ਭੋਗ ਲਏ ਸਨ। ਘਰ ‘ਚ ਜੇ ਭੂਆ ਨੂੰ ਪਤਾ ਲੱਗ ਜਾਂਦਾ ਤਾਂ ਸਾਡੇ ਲਈ ਇੱਕ ਵਾਰ ਫੇਰ ਵੱਡੀ ਮੁਸੀਬਤ ਬਣ ਸਕਦੀ ਸੀ। ਹੋ ਸਕਦੈ, ਜਾਨੀ ਨੁਕਸਾਨ ਹੋ ਜਾਂਦਾ। ਹੋ ਸਕਦਾ ਦੁਬਾਰਾ ਵਿਛੜ ਜਾਂਦੇ। ਫਿਰ ਤਾਂ ਮਿਲਣ ਦਾ ਕੋਈ ਸਬੱਬ ਵੀ ਨਹੀਂ ਸੀ ਬਚਣਾ।
ਇੱਕ ਦਿਨ ਆਥਣੇ ਜਿਹੇ ਅਸੀਂ ਪੰਜਾਬ ਦੇ ਹਾਲਾਤ ਦੀ ਸੂਹ ਲੈਣ ਲਈ ਤਰਸੇਮ ਨੂੰ ਫੋਨ ਕੀਤਾ।
‘ਕਿੱਥੇ ਏਂ?’
‘ਪੰਜਾਬ ਤੋਂ ਬਹੁਤ ਦੂਰ।’
‘ਜਿੱਥੇ ਵੀ ਏਂ ਰਾਤੋ-ਰਾਤ ਪਿੰਡ ਪਹੁੰਚ ਜਾ। ਤੇਰੇ ਫਾਦਰ ਬਹੁਤ ਸੀਰੀਅਸ ਨੇ। ਸਮਝ ਲਾ ਤੈਨੂੰ ਹੀ ਉਡੀਕ ਰਹੇ ਆ।’
ਤਰਸੇਮ ਦੇ ਇੰਨਾ ਆਖਣ ਨਾਲ ਮੈਨੂੰ ਫੋਨ ਸੁਣਨਾ ਮੁਸ਼ਕਲ ਹੋ ਗਿਆ। ਅੱਗੇ ਉਹ ਕੀ ਆਖਦਾ ਰਿਹਾ ਮੈਨੂੰ ਕੁੱਝ ਸੁਣਾਈ ਨਾ ਦਿੱਤਾ। ਮੈਂ ਪੀ ਸੀ ਓ ਤੋਂ ਬਾਹਰ ਨਿਕਲਦਿਆਂ ਹੀ ਸਿਮਰ ਦੇ ਮੋਢੇ ‘ਤੇ ਸਿਰ ਰੱਖ ਕੇ ਧਾਹਾਂ ਮਾਰਨ ਲੱਗਾ।
‘ਪਾਪਾ ਜੀ ਨਹੀਂ ਹਨ।’
‘ਆਏਂ ਕਿਉਂ ਸੋਚਦੈਂ? ਆਪਾਂ ਹੁਣੇ ਹੀ ਪਿੰਡ ਚੱਲ ਪੈਂਦੇ ਹਾਂ। ਉਨ੍ਹਾਂ ਨੂੰ ਪਟਿਆਲੇ ਲੈ ਆਵਾਂਗੇ। ਰਾਜਿੰਦਰਾ ‘ਚ ਦਾਖਲ ਕਰਵਾ ਦਿਆਂਗੇ।’ ਸਿਮਰ ਨੇ ਹੌਸਲਾ ਦਿੱਤਾ ਸੀ।
ਅਸੀਂ ਰਾਤੋ-ਰਾਤ ਹੀ ਪਿੰਡ ਨੂੰ ਚਾਲੇ ਪਾ ਦਿੱਤੇ। ਸਾਰੇ ਰਾਹ ਅਸੀਂ ਪਾਪਾ ਜੀ ਨੂੰ ਰਾਜਿੰਦਰਾ ਹਸਪਤਾਲ ‘ਚ ਦਾਖਲ ਕਰਾਉਣ ਦੀਆਂ ਸਕੀਮਾਂ ਘੜਦੇ ਰਹੇ। ਏਥੇ ਸਿਮਰ ਦੀ ਬਹੁਤ ਜਿ਼ਆਦਾ ਜਾਣ-ਪਛਾਣ ਸੀ। ਰਾਜਿੰਦਰਾ ਤੋਂ ਹੀ ਉਸਨੇ ਆਪਣੀ ਟਰੇਨਿੰਗ ਕੀਤੀ ਸੀ। ਬੱਸ ਵਿਚ ਬੈਠਿਆਂ ਮੈਂ ਬਹੁਤ ਦੂਰ ਪਹੁੰਚਿਆ ਹੋਇਆ ਸਾਂ। ਕਦੇ ਕਦੇ ਮੈਨੂੰ ਜਾਪਦਾ ਜਿਵੇਂ ਪਾਪਾ ਜੀ ਹਸਪਤਾਲ ਦੇ ਬੈੱਡ ‘ਤੇ ਬੇਹੋਸ਼ ਪਏ ਹੋਣ। ਕਦੇ ਉਨ੍ਹਾਂ ਦੀ ਸਿਵਿਆਂ ‘ਚ ਬਲਦੀ ਹੋਈ ਚਿਖਾ ਦਿਖਾਈ ਦਿੰਦੀ। ਜੇ ਇੱਕ ਪਲ ਮਨ ਹੌਸਲਾ ਫੜਦਾ ਤਾਂ ਦੂਜੇ ਹੀ ਪਲ ਉਨ੍ਹਾਂ ਦੇ ਇਸ ਦੁਨੀਆਂ ‘ਚ ਨਾ ਹੋਣ ਦਾ ਸੋਚ ਕੇ ਹੰਝੂਆਂ ਦੇ ਸਾਗਰ ਵਿਚ ਡੁੱਬਣ-ਤਰਨ ਲੱਗਦਾ।
ਜੀਅ ਕਰਦਾ ਉੱਡ ਕੇ ਪਿੰਡ ਪਹੁੰਚ ਜਾਵਾਂ। ਮੈਨੂੰ ਪਾਪਾ ਜੀ ਦਾ ਗੁਸੈਲ ਚਿਹਰਾ ਘੂਰਦਾ ਨਜ਼ਰ ਆਉਂਦਾ। ਕਦੇ ਅਰਧ ਬੇਹੋਸ਼ੀ ਦੀ ਹਾਲਤ ਵਿਚ ਬੁੜਬੁੜਾਉਂਦੇ ਤੇ ਮੈਨੂੰ ਆਵਾਜ਼ਾਂ ਮਾਰਦੇ ਦਿਖਾਈ ਦਿੰਦੇ। ਆਪਣੇ ਜਵਾਨ ਪੁੱਤਰ ਦੇ ਇੰਜ ਬਿਨਾ ਦੱਸੇ ਤੁਰ ਜਾਣ ਦੀ ਪੀੜ ਉਨ੍ਹਾਂ ਦੇ ਚਿਹਰੇ ਤੋਂ ਝਲਕਦੀ ਦਿਖਾਈ ਦਿੰਦੀ। ਮੈਂ ਸਾਰੇ ਰਾਹ ਸੋਚਾਂ ਦੇ ਸਮੁੰਦਰ ‘ਚ ਗੋਤੇ ਖਾਂਦਾ ਰਿਹਾ। ਸਿਮਰ ਚੁੱਪ ਕਰਾਉਂਦੀ ਰਹੀ। ਮੈਂ ਆਪਣੇ-ਆਪ ਨੂੰ ਕੋਸ ਰਿਹਾ ਸਾਂ ਕਿ ਪਾਪਾ ਜੀ ਬਾਰੇ ਗੰਭੀਰਤਾ ਨਾਲ ਸੋਚਿਆ ਹੀ ਨਹੀਂ ਸੀ।
ਅਸੀਂ ਅਜੇ ਮੋਗੇ ਹੀ ਸਾਂ ਜਦੋਂ ਵਾਪਰ ਚੁੱਕੀ ਭਾਵੀ ਬਾਰੇ ਪਤਾ ਲੱਗ ਗਿਆ। ਬਾਪ ਤਾਂ ਕਈ ਦਿਨ ਪਹਿਲਾਂ ਹੀ ਬੜੇ ਲੰਮੇ ਸਫਰ ‘ਤੇ ਨਿਕਲ ਚੁੱਕਾ ਸੀ। ਉਸਦੀ ਤਾਂ ਰਾਖ ਵੀ ਨੇੜਲੇ ਦਰਿਆ ਵਿਚ ਵਹਾਈ ਜਾ ਚੁੱਕੀ ਸੀ। ਮੈਂ ਹੁਣ ਉਨ੍ਹਾਂ ਨੂੰ ਮਹਿਜ਼ ਦੀਵਾਰ ‘ਤੇ ਤਸਵੀਰ ਬਣ ਕੇ ਲਟਕਦਿਆਂ ਹੀ ਦੇਖ ਸਕਦਾ ਸਾਂ। ਭਾਰੀ ਭਰਕਮ ਦੇਹ ਵਾਲਾ ਬਾਪ ਘਰ ਦੀਆਂ ਸਾਰੀਆਂ ਜਿੰ਼ਮੇਵਾਰੀਆਂ ਤੋਂ ਮੁਕਤੀ ਪਾ ਗਿਆ ਸੀ। ਹੁਣ ਉਸਨੇ ‘ਆਪਾਂ ਅਹਿ ਕਰਾਂਗੇ, ਆਪਾਂ ਔਹ ਕਰਾਂਗੇ’ ਵਰਗੀਆਂ ਸਕੀਮਾਂ ਕਦੇ ਨਹੀਂ ਸੀ ਘੜਨੀਆਂ।
ਜਿਉਂਦੇ-ਜੀਅ ਉਹ ਬਹੁਤ ਸਕੀਮਾਂ ਘੜਦਾ, ਜਿਨ੍ਹਾਂ ‘ਚੋਂ ਮੁਸ਼ਕਲ ਨਾਲ ਇੱਕ ਅੱਧ ਪੂਰੀ ਹੁੰਦੀ। ਮੈਨੂੰ ਉਸ ਦੀਆਂ ਹਵਾਈ ਸਕੀਮਾਂ ਸੁਣ ਕੇ ਗੁੱਸਾ ਵੀ ਆਉਂਦਾ। ਉਹ ਅਜਿਹੀਆਂ ਸਕੀਮਾਂ ਆਂਢ-ਗੁਆਂਢ ਨਾਲ ਵੀ ਸਾਂਝੀਆਂ ਕਰਨ ਬਹਿ ਜਾਂਦਾ। ਕਦੇ ਆਖਦਾ, ‘ਰਿਟਾਇਰਮੈਂਟ ‘ਤੇ ਜੀਪ ਲੈ ਆਉਣੀ ਐ।’ ਕਦੇ ਘਰਦੇ ਜੀਆਂ ਦੇ ਵਤੀਰੇ ਤੋਂ ਦੁਖੀ ਹੋ ਕੇ ਪੋਤਿਆਂ ਨੂੰ ਬੁੱਕਲ ‘ਚ ਲੈ ਕੇ ਐਲਾਨ ਕਰਦਾ, ‘ਸ਼ਹਿਰ ਰਹਿਣ ਲੱਗ ਜਾਣਾ ਲਵੀ ਸ਼ਨੀ ਨੂੰ ਲੈ ਕੇ। ਤੁਸੀਂ ਖਾਇਓ ਇੱਥੇ ਧੱਕੇ।’ ਲਵੀ ਤੇ ਸ਼ਨੀ ਮੇਰੇ ਛੋਟੇ ਭਰਾ ਦੇ ਜਵਾਕ ਸਨ। ਕਈ ਵਾਰ ਗਲੀ ਮੁਹੱਲੇ ਵਾਲੇ ਸਾਨੂੰ ਛੇੜਨ ਲੱਗ ਜਾਂਦੇ, ‘ਜੀਪ ਕਦੋਂ ਲਿਆਉਣੀ ਐ ਫਿਰ? ਮਹਿੰਦਰਾ ਲਿਆਉਣੀ ਕਿ ਫੌਜ ‘ਚੋਂ ਨਿਲਾਮੀ ਆਲੀ?’
‘ਥੋਨੂੰ ਕੌਣ ਕਹਿੰਦਾ ਅਸੀਂ ਜੀਪ ਲਿਆਉਣੀ ਐ?’
‘ਥੋਡਾ ਭਾਪਾ ਈ ਆਂਹਦਾ। ਉਹਨੇ ਤਾਂ ਸਾਰੇ ਪਿੰਡ ‘ਚ ਰੌਲਾ ਪਾਇਆ ਹੋਇਆ।’
‘ਪਾਪੇ ਨੂੰ ਪਤਾ ਹੋਊ ਜਾਂ ਥੋਨੂੰ ਪਤਾ ਹੋਊ ਜਿਨ੍ਹਾਂ ਨਾਲ ਗੁਰਮਤੇ ਕਰਦੈ। ਸਾਨੂੰ ਤਾਂ ਪਤਾ ਨ੍ਹੀ ਕਿਸੇ ਗੱਲ ਦਾ।’ ਅਸੀਂ ਚਿੜ੍ਹ ਜਾਂਦੇ।
ਹੁਣ ਸਕੀਮਾਂ ਘੜ੍ਹਨ ਵਾਲਾ ਬਾਪ ਇਸ ਦੁਨੀਆਂ ‘ਤੇ ਨਹੀਂ ਸੀ ਰਿਹਾ। ਮੈਂ ਘਰ ਦੇ ਕਮਰਿਆਂ ‘ਚੋਂ ਕਮਲਿਆਂ ਵਾਂਗ ਬਾਪ ਨੂੰ ਭਾਲਦਾ ਫਿਰਦਾ ਸਾਂ। ਮੈਨੂੰ ਵਾਰ-ਵਾਰ ਭੁਲੇਖਾ ਪੈਂਦਾ, ਜਿਵੇਂ ਉਸ ਨੇ ਘਰ ਦੇ ਕਿਸੇ ਖੂੰਝੇ ‘ਚੋਂ ਆਵਾਜ਼ ਮਾਰੀ ਹੋਵੇ, ‘ਆ ਗਿਐਂ? ਦੱਸ ਤਾਂ ਜਾਂਦਾ ਜਾਣ ਲੱਗਾ। ਕੁਛ ਦੇ ਕੇ ਈ ਤੋਰਦਾ? ਚੱਲ ਚੰਗਾ ਕੀਤਾ ਆ ਗਿਐਂ। ਹੁਣ ਫਿਕਰ ਨਾ ਕਰੀਂ। ਰਾਹ ‘ਤੇ ਬੈਠਕ ਪਾ ਲਵਾਂਗੇ। ਸਿਮਰ ਨੂੰ ਕਲੀਨਿਕ ਖੋਲ੍ਹ ਦਿਆਂਗੇ। ਟੌਪ ਦਾ ਕੰਮ ਚੱਲੂ।’
ਚੰਗੇ ਮੂੜ੍ਹ ‘ਚ ਆਇਆ ਉਹ ਮੇਰੇ ਨਾਲ ਐਹੋ ਜਿਹੀਆਂ ਗੱਲਾਂ ਕਰ ਲੈਂਦਾ ਸੀ।
ਹੁਣ ਅਜਿਹਾ ਕੁੱਝ ਵੀ ਨਹੀਂ ਸੀ ਹੋਣਾ। ਆਪਣੇ ਅੰਦਰਲੇ ਖਲਾਅ ਨੂੰ ਕਿਵੇਂ ਭਰ ਸਕਾਂਗਾ? ਕਾਸ਼! ਮੈਂ ਬਾਪ ਦਾ ਆਖਰੀ ਵਾਰ ਮੂੰਹ ਵੇਖ ਲਿਆ ਹੁੰਦਾ। ਉਸਦੀ ਛਾਤੀ ਨਾਲ ਲੱਗ ਕੇ ਆਪਣੇ ਦਰਦ ਨੂੰ ਹੰਝੂਆਂ ਦੇ ਰੂਪ ‘ਚ ਪਿਘਲਾ ਕੇ ਬਾਹਰ ਕੱਢ ਲਿਆ ਹੁੰਦਾ ਤਾਂ ਮੇਰੇ ਅੰਦਰ ਗਮ ਦਾ ਗੋਲਾ ਨਾ ਬੱਝਦਾ। ਜੇ ਆਪਣੇ ਹੱਥੀਂ ਬਾਪ ਦੀ ਚਿਖਾ ਨੂੰ ਅਗਨੀ ਵਿਖਾਈ ਹੁੰਦੀ ਤਾਂ ਹੁਣ ਕਮਲਿਆਂ ਵਾਂਗ ਉਸਨੂੰ ਏਧਰ-ਓਧਰ ਨਾ ਟੋਲਦਾ।
ਮੈਂ ਤਾਂ ਖੁੱਲ੍ਹ ਕੇ ਰੋ ਵੀ ਨਹੀਂ ਸੀ ਸਕਦਾ। ਗਹੁ ਨਾਲ ਝਾਕਦੀਆਂ ਨਿਗਾਹਾਂ ਮੈਨੂੰ ਘੂਰਦੀਆਂ ਜਾਪਦੀਆਂ, ‘ਵੇਖ ਕਿਵੇਂ ਖੇਖਣ ਕਰਦੈ। ਉਦੋਂ ਸੋਚਿਆ ਨ੍ਹੀ ਪਿਛਲਿਆਂ ਦਾ ਕੀ ਬਣੂ। ਪਤਾ ਨ੍ਹੀ ਕਿੱਥੇ ਟਿੱਭ ਗਿਆ ਸੀ ਬਿਗਾਨੀ ਧੀ ਨੂੰ ਲੈ ਕੇ। ਬਾਵਾ ਸਿਹੁੰ ਦਾ ਤਾਂ ਦਿਲ ਈ ਪੁੱਛਿਆ ਜਾਣਦਾ ਹੋਊ। ਸੌ ਚੰਗੀਆਂ ਮਾੜੀਆਂ ਸੋਚਾਂ ਡਮਾਕ ‘ਚ ਆਉਂਦੀਆਂ ਹੋਣਗੀਆਂ ਵਈ ਕਿਸੇ ਨੇ ਮਾਰ ਕੇ ਈ ਨਾ ਖਪਾਤਾ ਹੋਵੇ। ਜਵਾਨ ਪੁੱਤ ਘਰੋਂ ਗੈਬ ਹੋ ਜੇ ਮਾਂ-ਬਾਪ ਨੂੰ ਚੈਨ ਆਉਂਦੀ ਕਿਤੇ? ਕੀ ਪਤਾ ਅੰਦਰੇ-ਅੰਦਰ ਏਹੀ ਹਉਕਾ ਖਿੱਚ ਗਿਆ ਹੋਵੇ।’
ਕਦੇ ਮੇਰਾ ਜੀਅ ਕਰਦਾ ਭਰਾਵਾਂ ਜਾਂ ਰਿਸ਼ਤੇਦਾਰ ਨੂੰ ਪੁੱਛਾਂ, ‘ਪਾਪਾ ਜੀ ਮੈਨੂੰ ਯਾਦ ਨ੍ਹੀ ਸੀ ਕਰਦੇ?’ ਪੁੱਛਦਾ ਵੀ ਕਿਵੇਂ? ਮੈਨੂੰ ਪਾਪਾ ਜੀ ਦੇ ਪਲ ‘ਚ ਤੋਲਾ ਤੇ ਪਲ ‘ਚ ਮਾਸਾ ਹੋ ਜਾਣ ਵਾਲੇ ਸੁਭਾਅ ਦਾ ਪਤਾ ਸੀ। ਉਹ ਉਭਾਸਰ ਕੇ ਕਿਸੇ ਨੂੰ ਕੁੱਝ ਨਹੀਂ ਸੀ ਕਹਿੰਦੇ ਪਰ ਅੰਦਰੇ-ਅੰਦਰ ਘੁਲਦੇ ਜ਼ਰੂਰ ਰਹਿੰਦੇ।
ਇੰਜ ਬੜੀ ਵੱਡੀ ਕੀਮਤ ਤਾਰ ਕੇ ਮੈਂ ਤੇ ਸਿਮਰ ਇਕੱਠੇ ਹੋਏ ਸਾਂ। ਘਰ ਦਾ ਮਾਹੌਲ ਤਣਾਅ ਭਰਿਆ ਸੀ। ਭਰਾ ਤੇ ਖਾਸ ਕਰ ਭਰਜਾਈਆਂ ਘੁੱਟੀਆਂ-ਘੁੱਟੀਆਂ ਫਿਰਦੀਆਂ। ਪਿੰਡ ਰਹਿੰਦੀ ਭੂਆ ਨੇ ਅੱਗ ‘ਤੇ ਫੂਸ ਪਾਇਆ ਹੋਇਆ ਸੀ। ਉਸ ਨੇ ਮੇਰੇ ਖਿਲਾਫ਼ ਸਾਰਿਆਂ ਨੂੰ ਭੜਕਾ ਦਿੱਤਾ। ਉਹ ਪਹਿਲਾਂ ਤੋਂ ਹੀ ਦਿਲ ਲੂਹਣ ਵਾਲੀਆਂ ਸੜੀਆਂ-ਭੁੱਜੀਆਂ ਗੱਲਾਂ ਕਰਨ ਦੀ ਆਦੀ ਰਹੀ ਹੈ। ਉਸ ਦੇ ਸੜੀਅਲ ਸੁਭਾਅ ਨੇ ਅੱਧੇ ਪਿੰਡ ਨੂੰ ਵਖ਼ਤ ਪਾਇਆ ਹੋਇਆ ਸੀ। ਉਹ ਪੁਰਾਣੀਆਂ ਹਿੰਦੀ ਫਿਲਮਾਂ ਦੀ ਖਲਨਾਇਕਾ ਵਾਂਗ ਹਰ ਵੇਲੇ ਅੱਗ ਮਚਾਈ ਰੱਖਦੀ। ਆਪਣੇ ਨੰਬਰ ਬਣਾਉਣ ਲਈ ਉਹ ਸ਼ਰੀਕੇ ‘ਚੋਂ ਭਰਾ ਲੱਗਦੇ ਇੱਕ ਕਾਂਗਰਸੀ ਆਗੂ ਨੂੰ ਸਾਡੇ ਖਿਲਾਫ਼ ਭੜਕਾਉਂਦੀ ਤੇ ਬਿਨਾ ਵਜ੍ਹਾ ਸਾਡੇ ਨਾਲ ਵੈਰ ਪਵਾਈ ਰੱਖਦੀ। ਲੰਮਾ ਸਮਾਂ ਇਹ ਆਗੂ ਸਾਡੀ ਜਾਨ ਦਾ ਵੈਰੀ ਬਣਿਆ ਰਿਹਾ। ਭੂਆ ਨੇ ਉਸਦੇ ਦਿਮਾਗ ‘ਚ ਕੁੱਟ-ਕੁੱਟ ਕੇ ਭਰ ਦਿੱਤਾ ਕਿ ਅਸੀਂ ਉਸਦੀ ਚੋਣਾਂ ‘ਚ ਮਦਦ ਨਹੀਂ ਕੀਤੀ। ਇਹ ਗੱਲ ਦਰੁਸਤ ਨਹੀਂ ਸੀ। ਸਾਡੇ ਸਾਰੇ ਪਰਿਵਾਰ ਨੇ ਹੀ ਉਸਦੇ ਇਲੈਕਸ਼ਨ ਸਮੇਂ ਦਿਨ-ਰਾਤ ਇੱਕ ਕੀਤਾ ਸੀ।
ਭੂਆ ਦੀ ਸਾਰੀ ਉਮਰ ਬੀਬੀ ਨਾਲ ਨਹੀਂ ਸੀ ਬਣੀ। ਬੀਬੀ ਨੂੰ ਜਿਉਂਦੇ ਜੀਅ ਟਿੰਡੀ ਦੇ ਬੀਅ ‘ਤੇ ਚੜ੍ਹਾਈ ਰੱਖਣ ਵਾਲੀ ਭੂਆ ਹੁਣ ਘਰ ਦੀ ਮਾਲਕਣ ਬਣ ਗਈ। ਆਪਣੇ ਹੁਨਰ ਨਾਲ ਉਸ ਨੇ ਭਤੀਜਿਆਂ ਤੇ ਭਤੀਜ ਨੂੰਹਾਂ ਨੂੰ ਉਂਗਲਾਂ ‘ਤੇ ਚੜ੍ਹਾ ਲਿਆ ਸੀ। ਮੇਰੇ ਮੂੰਹ ‘ਤੇ ਭਾਵੇਂ ਮਿੱਠੀ ਮੋਮਣੀ ਬਣ ਜਾਂਦੀ ਪਰ ਅੱਗੋਂ ਪਿੱਛੋਂ ਸਿਮਰ ਨੂੰ ਬੁਰਾ ਭਲਾ ਬੋਲਦੀ ਤੇ ਘੜੂਸਾਂ ਛੱਡਦੀ, ‘ਕੀ ਲੋੜ ਸੀ ਥੋਨੂੰ ਵਿਆਹ ਕਰਾਉਣ ਦੀ? ਫਿਰ ਤੁਰ ਲਿਆ ਸੀ ਠੀਕ ਸੀ। ਅਸੀਂ ਤਾਂ ਆਵਦੀ ਮਰਜ਼ੀ ਨਾਲ ਵਿਆਹ ਕਰਨਾ ਸੀ ਆਵਦੇ ਮੁੰਡੇ ਦਾ।…ਆਵਦੀ ਭਤੀਜੀ ਦੇ ਰਿਸ਼ਤੇ ਲਈ ਜ਼ੋਰ ਲਾਉਂਦੀ ਸੀ। ਵਾਧੂ ਦਾਜ ਦਹੇਜ ਦੇਣਾ ਸੀ ਅਗਲਿਆਂ ਨੇ।’ ਭੂਆ ਲਾ ਲਾ ਕੇ ਦਿਲ ਭੁੰਨਣ ਵਾਲੀਆਂ ਗੱਲਾਂ ਕਰਦੀ। ਉਸਦੀ ਰੀਸੇ ਭਰਜਾਈਆਂ ਵੀ ਮਾਂ-ਬਾਪ ਛੱਡ ਕੇ ਆਈ ਸਿਮਰ ਨਾਲ ਹਮਦਰਦੀ ਕਰਨ ਦੀ ਬਜਾਏ ਜਿ਼ਦਾਂ ਕਰਦੀਆਂ ਜਿਸ ਕਰਕੇ ਉਸਦਾ ਸੁਭਾਅ ਚਿੜਚਿੜਾ ਹੁੰਦਾ ਜਾਂਦਾ ਸੀ। ਸਿਮਰ ਕਈ ਵਾਰ ਮੇਰੇ ਨਾਲ ਉੱਚਾ ਨੀਵਾਂ ਹੋ ਜਾਂਦੀ।
ਘਰਦਿਆਂ ਦਾ ਅਭੱਦਰ ਵਤੀਰਾ ਸਿਮਰ ਨੂੰ ਪਾਗਲਪਨ ਵੱਲ ਧੱਕਦਾ ਜਾ ਰਿਹਾ ਸੀ। ਕਵਿਤਾਵਾਂ ਦੀ ਥਾਂ ਰੋਣ ਕੁਰਲਾਣ ਨੇ ਲੈ ਲਈ ਸੀ। ਦਰਅਸਲ ਭੂਆ ਦੀ ਮਨਸ਼ਾ ਸਿਮਰਜੀਤ ਨੂੰ ਤੰਗ ਕਰ ਕੇ ਭਜਾਉਣ ਦੀ ਸੀ। ਸਿਮਰ ਤੋਂ ਮੇਰਾ ਖਹਿੜਾ ਛੁਡਾਉਣ ਲਈ ਤਾਂ ਉਸਨੇ ਕਿਸੇ ਬੂਬਨੇ ਸਾਧ ਤੋਂ ਤਾਵੀਜ਼ ਵੀ ਕਰਾ ਕੇ ਮੇਰੇ ਕਮਰੇ ਦੇ ਪੱਖੇ ਨਾਲ ਲਟਕਾਇਆ ਸੀ। ਇੱਕ ਦਿਨ ਅਚਾਨਕ ਮੇਰੀ ਨਿਗਾਹ ਇਸ ਤਾਵੀਜ਼ ‘ਤੇ ਚਲੇ ਗਈ। ਭੂਆ ਤੋਂ ਇਸ ਬਾਰੇ ਪੁੱਛਿਆ ਤਾਂ ਉਹ ਪੋਚੇ ਪਾਉਣ ਲੱਗੀ, ‘ਇਹ ਤਾਂ ਕਿਸੇ ਸਾਧ ਨੇ ਥੋਡੇ ਭਾਪੇ ਨੂੰ ਦਿੱਤਾ ਸੀ ਜਦੋਂ ਥੋਡੀ ਬੀਬੀ ਜਿ਼ਆਦਾ ਬਿਮਾਰ ਸੀ।’
‘ਭੂਆ! ਲਾ ਲਓ ਜਿੰਨਾ ਜ਼ੋਰ ਲੱਗਦੈ। ਜੇ ਇਸ ਘਰ ਦੀ ਨੂੰਹ ਬਣੂ ਤਾਂ ਸਿਮਰ, ਨਹੀਂ ਹੋਰ ਕੋਈ ਨ੍ਹੀ ਇਸ ਕਮਰੇ ‘ਚ ਆਉਂਦੀ। ਨਾਲੇ ਸੁਣ ਲਾ, ਮੈਂ ਇਹ ਤਾਵੀਜ਼ ਲਾਹੁਣਾ ਨ੍ਹੀ। ਇਹ ਏਸੇ ਤਰ੍ਹਾਂ ਲਟਕਦਾ ਰਹੂ। ਵੇਹਨੇ ਆਂ ਤੇਰੇ ਬੂਬਨੇ ਸਾਧ ਦੇ ਤਾਵੀਜ਼ ‘ਚ ਜਿ਼ਆਦਾ ਸ਼ਕਤੀ ਐ ਕਿ ਸਾਡੇ ਪਿਆਰ ‘ਚ।’
ਵੱਡੀ ਭੂਆ ਵੀ ਆਪਣੀ ਇਸ ਭੈਣ ਦੀਆਂ ਗੱਲਾਂ ‘ਚ ਆ ਗਈ ਸੀ। ਉਹ ਵੀ ਮੇਰੇ ਛੋਟੇ ਭਰਾ ਨੂੰ ਭੜਕਾ ਦਿੰਦੀ, ‘ਗੁਰਮੀਤ ਦਾ ਫਰਜ਼ ਬਣਦਾ ਸੀ ਪਹਿਲਾਂ ਤੈਨੂੰ ਸੈੱਟ ਕਰਦਾ। ਉਹਨੂੰ ਤਾਂ ਆਵਦਾ ਵਿਆਹ ਕਰਾਉਣ ਦੀ ਪੈਗੀ।’ ਇਹ ਭਰਾ ਮੇਰੇ ਤੋਂ ਕਈ ਵਰੇ੍ਹ ਪਹਿਲਾਂ ਵਿਆਹਿਆ ਜਾ ਚੁੱਕਾ ਸੀ ਤੇ ਉਸਦੇ ਦੋ ਜੁਆਕ ਵੀ ਸਨ।
‘ਲੈ ਕੀ ਫਰਕ ਪੈ ਜਾਂਦਾ ਜੇ ਤੈਨੂੰ ਦੋ ਲੱਖ ਲਾ ਕੇ ਟੈਂਪੂ ਪਾ ਦਿੰਦਾ।’ ਪਿੰਡ ਵਾਲੀ ਕਾਰਜ ਮੁਖਤਿਆਰ ਭੂਆ ਕਿਵੇਂ ਪਿੱਛੇ ਰਹਿੰਦੀ। ਉਹਦੀ ਚੁੱਕ ‘ਚ ਆਇਆ ਛੋਟਾ ਭਰਾ ਗਾਹਲਾਂ ਕੱਢਦਾ ਤੇ ਖਰੂਦ ਕਰਨ ਲੱਗਦਾ। ਕਈ ਵਾਰ ਭੂਆ ਸਾਡੀਆਂ ਲੋੜ ਵਾਲੀਆਂ ਚੀਜ਼ਾਂ ਹੀ ਲੁਕਾ ਦਿੰਦੀ। ਉਸਨੇ ਸਿਮਰ ਦਾ ਸੂਟ ਚੁੱਕ ਕੇ ਰਿਸ਼ਤੇਦਾਰੀ ‘ਚ ਕਿਸੇ ਕੁੜੀ ਨੂੰ ਦੇ ਦਿੱਤਾ। ਉਸ ਕੋਲ ਸੀ ਵੀ ਗੁਜ਼ਾਰੇ ਜੋਗੇ ਤਿੰਨ ਕੁ ਸੂਟ। ਮੇਰੀ ਇੱਕ ਪੈਂਟ ਵੀ ਉਸਨੇ ਆਪਣੀ ਪੇਟੀ ‘ਚ ਲੁਕਾ ਲਈ ਜੋ ਮੈਂ ਲੜ ਕੇ ਕਢਵਾ ਲਈ।
ਅਸੀਂ ਤਾਂ ਘਰੇਲੂ ਹਾਲਾਤ ਦੀ ਵਜ੍ਹਾ ਨਾਲ ਪਹਿਲਾਂ ਹੀ ਚੱਕੀ ਦੇ ਪੁੜਾਂ ਵਿਚਾਲੇ ਫਸੇ ਪਏ ਸਾਂ, ਉੱਤੋਂ ਪਿੰਡ ਦੀਆਂ ਕੰਧਾਂ ‘ਤੇ ਧਮਕੀ ਭਰੇ ਪੱਤਰ ਲੱਗਣ ਲੱਗੇ ਸਨ। ਇੰਜ ਲੱਗਦਾ ਸੀ ਜਿਵੇਂ ਗਲੀਆਂ ਦੇ ਕੱਖ ਵੀ ਵੈਰੀ ਬਣ ਗਏ ਹੋਣ।
ਸਿਮਰਜੀਤ ਦੀ ਡਿਊਟੀ ਫਰੀਦਕੋਟ ਮੈਡੀਕਲ ਕਾਲਜ ਤੇ ਹਸਪਤਾਲ ਦੇ ਓਪਰੇਸ਼ਨ ਵਾਰਡ ‘ਚ ਸੀ। ਡਿਊਟੀ ਸਵੇਰੇ ਅੱਠ ਵਜੇ ਸ਼ੁਰੂ ਹੁੰਦੀ। ਪੋਹ ਮਾਘ ਦੇ ਧੁੰਦ ਤੇ ਕੋਰੇ ਵਾਲੇ ਦਿਨਾਂ ‘ਚ ਮੈਂ ਉਸਨੂੰ ਸਵੇਰੇ ਪੰਜ ਵਜੇ ਸਕੂਟਰ ‘ਤੇ ਮੋਗੇ ਛੱਡ ਕੇ ਆਉਂਦਾ ਜਿੱਥੋਂ ਉਹ ਬੱਸ ਫੜ ਕੇ ਫਰੀਦਕੋਟ ਜਾਂਦੀ। ਓਪਰੇਸ਼ਨ ਥੀਏਟਰ ‘ਚ ਸਾਰੀ ਦਿਹਾੜੀ ਖੜ੍ਹੀ ਲੱਤ ਡਿਉਟੀ ਕਰ ਕੇ ਦੇਰ ਰਾਤ ਘਰ ਪਰਤਦੀ। ਜਦੋਂ ਤੱਕ ਉਹ ਘਰ ਨਾ ਆ ਜਾਂਦੀ, ਦਿਲ ਡਰ ਨਾਲ ਧੜਕਦਾ ਰਹਿੰਦਾ।
ਇਨ੍ਹਾਂ ਦਿਨਾਂ ‘ਚ ਅਖਬਾਰ ਪੜ੍ਹਨ ਤੋਂ ਵੀ ਡਰ ਲੱਗਣ ਲੱਗ ਪਿਆ ਸੀ। ਅਖਬਾਰ ‘ਚ ਆਨਰ ਕਿਲਿੰਗ ਦੀ ਕੋਈ ਨਾ ਕੋਈ ਖਬਰ ਛਪੀ ਹੀ ਹੁੰਦੀ। ਮੈਂ ਕਾਹਲੀ-ਕਾਹਲੀ ਅਗਲਾ ਪੰਨਾ ਪਲਟ ਦਿੰਦਾ। ਅਜਿਹੀ ਖ਼ਬਰ ਧੁਰ ਅੰਦਰ ਤੱਕ ਹਿਲਾ ਜਾਂਦੀ। ਆਪਣੇ ਜਾਂ ਸਿਮਰ ਨਾਲ ਵਾਪਰ ਜਾਣ ਵਾਲੀ ਕਿਸੇ ਬੁਰੀ ਘਟਨਾ ਦਾ ਖਿਆਲ ਆਉਂਦਾ ਰਹਿੰਦਾ। ਸਾਰਾ ਦਿਨ ਖਬਰ ‘ਚ ਹੀ ਉਲਝਿਆ ਅਨਹੋਣੀ ਤੋਂ ਬਚਣ ਦੀਆਂ ਸਕੀਮਾਂ ਘੜਦਾ ਰਹਿੰਦਾ।
ਸਿਮਰ ਘਰ ਆਉਂਦੀ ਤਾਂ ਜਾਨ ‘ਚ ਜਾਨ ਆਉਂਦੀ। ਦੇਰ ਰਾਤ ਤੱਕ ਉਸਦੇ ਹੱਥਾਂ ਨੂੰ ਆਪਣੇ ਹੱਥਾਂ ‘ਚ ਲੈ ਕੇ ਪਲੋਸਦਾ। ਆਪਣੀ ਮਾਨਸਿਕ ਹਾਲਤ ਉਸ ਅੱਗੇ ਜ਼ਾਹਰ ਨਹੀਂ ਸੀ ਕਰ ਸਕਦਾ। ਉਸਦੇ ਅੰਦਰ ਚੱਲ ਰਹੀ ਟੁੱਟ-ਭੱਜ ਨੂੰ ਸਮਝਦਾ ਜ਼ਰੂਰ ਸਾਂ ਪਰ ਕਰ ਕੁੱਝ ਨਹੀਂ ਸੀ ਸਕਦਾ। ਉਸਦੇ ਪੀਲੇ ਪੈਂਦੇ ਜਾ ਰਹੇ ਰੰਗ ਨੇ ਚਿਹਰੇ ਦੀ ਲਿਸ਼ਕ ਧੁੰਦਲੀ ਕਰ ਦਿੱਤੀ। ਉਹ ਹੱਡੀਆਂ ਦੀ ਮੁੱਠ ਬਣਦੀ ਜਾ ਰਹੀ ਸੀ।
ਨਿੱਤ ਆਉਣ-ਜਾਣ ਦੇ ਝੰਜਟ ਤੋਂ ਖਹਿੜਾ ਛੁਡਾਉਣ ਲਈ ਸਿਮਰ ਨੇ ਵਰਕਿੰਗ ਵਿਮੈੱਨ ਹੋਸਟਲ ‘ਚ ਕਮਰਾ ਲੈ ਕੇ ਰਹਿਣਾ ਸ਼ੁਰੂ ਕਰ ਦਿੱਤਾ। ਉਹ ਦੂਜੇ-ਤੀਜੇ ਦਿਨ ਘਰ ਆ ਜਾਂਦੀ। ਜਿਸ ਦਿਨ ਨਾ ਆਉਣਾ ਹੁੰਦਾ, ਦੱਸ ਜਾਂਦੀ। ਇੱਕ ਦਿਨ ਸੱਤ ਵਜੇ ਵਾਲੀ ਅਖੀਰਲੀ ਬੱਸ ਵੀ ਲੰਘ ਗਈ ਪਰ ਉਹ ਨਾ ਆਈ। ਮੈਨੂੰ ਹੱਥਾਂ ਪੈਰਾਂ ਦੀ ਪੈ ਗਈ। ਦਿਮਾਗ ਪੁੱਠੀਆਂ-ਸਿੱਧੀਆਂ ਗੱਲਾਂ ਸੋਚਣ ਲੱਗਾ। ਭਰ ਸਿਆਲੂ ਦਿਨ ਸਨ। ਸੱਤ ਵਜੇ ਹੀ ਕਾਲੀ ਸ਼ਾਹ ਰਾਤ ਧਰਤੀ ‘ਤੇ ਉਤਰ ਆਈ ਸੀ। ਚਾਰ-ਚੁਫੇਰੇ ਮੜੀਆਂ ਵਰਗੀ ਚੁੱਪ ਪਸਰੀ ਸੀ। ਨਿਆਣੇ-ਸਿਆਣੇ ਰੋਟੀ ਟੁੱਕ ਖਾ ਕੇ ਰਜਾਈਆਂ ‘ਚ ਜਾ ਵੜੇ ਸਨ। ਔਰਤਾਂ ਨੇ ਭਾਂਡੇ-ਟੀਂਡੇ ਨਿਬੇੜ ਕੇ ਤਵੇ ਮੂਧੇ ਮਾਰ ਦਿੱਤੇ ਸਨ। ਜਦੋਂ ਮੈਂ ਸਕੂਟਰ ਫਰੀਦਕੋਟ ਨੂੰ ਸਿੱਧਾ ਕੀਤਾ, ਪਿੰਡ ਦੇ ਬਹੁਤੇ ਘਰਾਂ ਦੀਆਂ ਬੱਤੀਆਂ ਬੁੱਝ ਗਈਆਂ ਸਨ। ਫਰੀਦਕੋਟ ਘਰ ਤੋਂ ਪੈਂਹਟ ਕਿਲੋਮੀਟਰ ਸੀ। ਮੇਰੀ ਸੋਚ ਦੇ ਘੋੜੇ ਸਕੂਟਰ ਨਾਲੋਂ ਵੀ ਕਈ ਗੁਣਾ ਵੱਧ ਤੇਜ਼ ਦੌੜ ਰਹੇ ਸਨ। ਪਤਾ ਨਹੀਂ ਕਿਉਂ ਮੈਨੂੰ ਆਪਣਾ ਸਭ ਕੁੱਝ ਲੁੱਟਿਆ ਗਿਆ ਮਹਿਸੂਸ ਹੋਈ ਜਾਂਦਾ ਸੀ। ਬੁਰੇ-ਬੁਰੇ ਖਿਆਲ ਆਂਦਰਾਂ ਕੁਤਰੀ ਜਾਂਦੇ ਸਨ। ਖਿਆਲਾਂ ‘ਚ ਗਵਾਚੇ ਨੂੰ ਪਤਾ ਹੀ ਨਾ ਲੱਗਾ ਕਦੋਂ ਫਰੀਦਕੋਟ ਦੀ ਜੂਹ ‘ਚ ਆ ਪੁੱਜਿਆ ਸਾਂ। ਹਰੀਕੇ ਨੇੜੇ ਸਤਲੁਜ ਦਰਿਆ ‘ਚੋਂ ਨਿਕਲਣ ਵਾਲੀਆਂ ਜੌੜੀਆਂ ਨਹਿਰਾਂ ਸਾਹਮਣੇ ਦਿਖਾਈ ਦੇਣ ਲੱਗੀਆਂ। ਮੇਰਾ ਹੱਥ ਰੇਸ ਵਾਲੇ ਮੁੱਠੇ ਨੂੰ ਹੋਰ ਜ਼ੋਰ ਨਾਲ ਮਰੋੜਨ ਲੱਗਾ। ਅਚਾਨਕ ‘ਧੜਾਕ!’ ਦੀ ਉੱਚੀ ਆਵਾਜ਼ ਆਈ। ਸਕੂਟਰ ਦਾ ਮੂਹਰਲਾ ਪਹੀਆ ਸੜਕ ਵਿਚਲੇ ਡੂੰਘੇ ਖੱਡੇ ‘ਚ ਜਾ ਵੱਜਾ। ਮੌਤ ਦਾ ਦੈਂਤ ਅੱਖਾਂ ਅੱਗੇ ਤਾਂਡਵ ਨਾਚ ਕਰਨ ਲੱਗਾ। ਸਕੂਟਰ ਬੇਕਾਬੂ ਹੋ ਕੇ ਵੱਡੀ ਨਹਿਰ ‘ਚ ਜਾਂਦਾ ਲੱਗਾ। ਸਕੂਟਰ ਦੇ ਕਲੱਚ, ਬਰੇਕ ਤੇ ਰੇਸ ਭਾਵੇਂ ਮੇਰੇ ਕੋਲ ਸਨ ਪਰ ਹੁਣ ਮੇਰੇ ਕਰਨ ਵਾਲਾ ਕੁੱਝ ਵੀ ਨਹੀਂ ਸੀ। ਮੈਂ ਅੱਖਾਂ ਮੀਚ ਲਈਆਂ।
ਸਕੂਟਰ ਨਹਿਰ ਦੇ ਡੂੰਘੇ ਪਾਣੀਆਂ ‘ਚ ਨਹੀਂ ਫਰੀਦਕੋਟ ਦੇ ਵਰਕਿੰਗ ਵਿਮੈੱਨ ਹੋਸਟਲ ‘ਚ ਲੈ ਆਇਆ ਸੀ। ਡਿਕਡੋਲੇ ਖਾਂਦਾ ਸਕੂਟਰ ਕਿਵੇਂ ਪੁਲ ‘ਤੇ ਚੜ੍ਹਿਆ, ਮੈਨੂੰ ਕੁੱਝ ਪਤਾ ਹੀ ਨਾ ਲੱਗਾ। ਸਿਮਰ ਮੇਰੇ ਸਾਹਮਣੇ ਖੜ੍ਹੀ ਸੀ ਪਰ ਮੈਨੂੰ ਯਕੀਨ ਨਹੀਂ ਸੀ ਹੋ ਰਿਹਾ। ਮੇਰਾ ਦਿਲ ਅਜੇ ਵੀ ਧੱਕ-ਧੱਕ ਕਰੀ ਜਾਂਦਾ ਸੀ। ਮੇਰਾ ਰੋਣ ਨਿਕਲ ਚੱਲਿਆ ਸੀ ਪਰ ਹੋਸਟਲ ‘ਚ ਮੌਜੂਦ ਨੌਕਰੀਸ਼ੁਦਾ ਔਰਤਾਂ ਨੂੰ ਵੇਖ ਪੂਰਾ ਜ਼ੋਰ ਲਾ ਕੇ ਡੱਕ ਲਿਆ। ਐਨੀ ਰਾਤ ਗਏ ਮੈਨੂੰ ਹੋਸਟਲ ‘ਚ ਵੇਖ ਕੇ ਸਿਮਰ ਵੀ ਇੱਕ ਵਾਰ ਤਾਂ ਘਬਰਾ ਗਈ। ਉਸਨੇ ਆਉਣ ਦਾ ਕਾਰਨ ਪੁੱਛਿਆ ਤਾਂ ਮੇਰਾ ਡੱਕਿਆ ਗੁੱਸਾ ਬਾਹਰ ਆ ਗਿਆ।
‘ਮੈਂ ਆਉਣ ਲੱਗੀ ਦੱਸ ਕੇ ਤਾਂ ਆਈ ਸਾਂ ਕਿ ਅੱਜ ਨਹੀਂ ਆਉਣਾ।’ ਉਹ ਆਪਣੇ ਨਾ ਆਉਣ ਬਾਰੇ ਸਫਾਈਆਂ ਦੇਣ ਲੱਗੀ ਪਰ ਮੈਂ ਤਾਂ ਕੁੱਝ ਸੁਣ ਹੀ ਨਹੀਂ ਸਾਂ ਰਿਹਾ।
ਮੌਕੇ ਦੀ ਨਜ਼ਾਕਤ ਵੇਖਦਿਆਂ ਹੋਸਟਲ ਇੰਚਾਰਜ ਨੇ ਰੂਲਾਂ ਤੋਂ ਬਾਹਰ ਜਾ ਕੇ ਵੀ ਮੈਨੂੰ ਸਿਮਰ ਦੇ ਕਮਰੇ ‘ਚ ਰਹਿਣ ਦੀ ਆਗਿਆ ਦੇ ਦਿੱਤੀ ਸੀ। ਦਿਲ ਦਿਮਾਗ ‘ਤੇ ਛਾਈ ਦਹਿਸ਼ਤ ਦਾ ਆਲਮ ਇਹ ਸੀ ਕਿ ਸਾਰੀ ਰਾਤ ਸਿਮਰ ਨੂੰ ਮੇਰੇ ਦਿਲ ਦੀ ਫਟੱਕ ਫਟੱਕ ਵੱਜਦੀ ਧੜਕਣ ਸੁਣਦੀ ਰਹੀ।
ਧਮਕੀ ਭਰੇ ਪੱਤਰਾਂ ਦੀ ਸੰਖਿਆ ਦਿਨੋਂ-ਦਿਨ ਵਧਦੀ ਜਾਂਦੀ ਸੀ। ਇਸ਼ਤਿਹਾਰਾਂ ਵਿਚਲੀ ਭਾਸ਼ਾ ਵੀ ਦਿਨੋ-ਦਿਨ ਜ਼ਹਿਰੀਲੀ ਤੇ ਭੱਦੀ ਹੋ ਰਹੀ ਸੀ। ਇਸ਼ਤਿਹਾਰ ਲਾਉਣ ਵਾਲੇ ਦਾ ਕੋਈ ਪਤਾ ਨਹੀਂ ਸੀ ਲੱਗ ਰਿਹਾ। ਸਥਿਤੀ ਵੇਦ ਪ੍ਰਕਾਸ਼ ਦੇ ਜਾਸੂਸੀ ਨਾਵਲਾਂ ਵਰਗੀ ਹੋਈ ਪਈ ਸੀ। ਓਧਰ ਸਾਡੀ ਮਾਨਸਿਕ ਹਾਲਤ ਦਿਨੋ-ਦਿਨ ਖਰਾਬ ਹੋਈ ਜਾਂਦੀ ਸੀ। ਪੜ੍ਹਨ-ਲਿਖਣ ‘ਚ ਉੱਕਾ ਹੀ ਮਨ ਨਹੀਂ ਸੀ ਲੱਗ ਰਿਹਾ। ਉੱਤੋਂ ਤੀਜੇ ਦਿਨ ਕੋਈ ਨਾ ਕੋਈ ਟੈਸਟ ਆਇਆ ਹੀ ਰਹਿੰਦਾ ਜਿਸਦੀ ਤਿਆਰੀ ਕਰਨੀ ਜ਼ਰੂਰੀ ਹੁੰਦੀ ਸੀ। ਮੈਂ ਕਿੰਨਾ-ਕਿੰਨਾ ਚਿਰ ਕਿਤਾਬ ਖੋਲ੍ਹ ਕੇ ਬੈਠਾ ਰਹਿੰਦਾ ਪਰ ਧਿਆਨ ਮੁੜ ਮੁੜ ਕੇ ਬਾਹਰਲੇ ਬੂਹੇ ਵੱਲ ਚਲਾ ਜਾਂਦਾ। ਬੂਹੇ ਦੇ ਨਾਲ ਕਰਕੇ ਇੱਕ ਅੱਧਖੜ ਜਿਹੀ ਡੇਕ ਸੀ। ਮੈਨੂੰ ਮੌਤ ਦਾ ਪਰਿੰਦਾ ਡੇਕ ਦੀ ਟਾਹਣੀ ‘ਤੇ ਸ਼ਹਿ ਲਾ ਕੇ ਬੈਠਾ ਦਿਖਾਈ ਦਿੰਦਾ।
ਮੈਂ ਯੂ ਜੀ ਸੀ ਵਲੋਂ ਕਾਲਜ ਲੈਕਚਰਾਰ ਦੀ ਯੋਗਤਾ ਲਈ ਨਿਰਧਾਰਤ ਕੀਤੇ ਨੈੱਟ ਦੀ ਤਿਆਰੀ ਕਰ ਰਿਹਾ ਸਾਂ। ਮੇਰੀ ਇਹ ਤਿਆਰੀ ਵੀ ਅੱਧ ਵਿਚਾਲੇ ਲਟਕਣ ਲੱਗੀ। ਮੈਂ ਅਖਬਾਰਾਂ-ਰਸਾਲਿਆਂ ਨੂੰ ਧੜਾ-ਧੜ ਲੇਖ ਤੇ ਹੋਰ ਰਚਨਾਵਾਂ ਭੇਜਦਾ ਸਾਂ, ਉਹ ਵੀ ਲਗਪਗ ਬੰਦ ਹੋ ਗਈਆਂ। ਅਖਬਾਰਾਂ ਤੋਂ ਮਿਲਣ ਵਾਲੇ ਪੈਸੇ ਹੀ ਰੁਜ਼ਗਾਰ ਦਾ ਨਿੱਕਾ ਜਿਹਾ ਵਸੀਲਾ ਸਨ। ਆਥਣ ਨੇ ਰਾਤ ਵੱਲ ਨੂੰ ਕੁੱਝ ਕਦਮ ਹੀ ਪੁੱਟੇ ਹੋਣਗੇ ਜਦੋਂ ਘਰ ਦਾ ਬੂਹਾ ਦੋ-ਤਿੰਨ ਵਾਰ ਖੜਕਿਆ।
‘ਕੌਣ?’ ਮੈਂ ਪੁੱਛਿਆ ਪਰ ਬਾਹਰੋਂ ਕੋਈ ਜਵਾਬ ਨਾ ਆਇਆ। ਕੁੱਝ ਪਲ ਦੀ ਚੁੱਪ ਤੋਂ ਬਾਅਦ ਬੂਹਾ ਫੇਰ ਜ਼ੋਰ ਜ਼ੋਰ ਦੀ ਖੜਕਣ ਲੱਗਾ। ਮੈਂ ਧੜਕਦੇ ਦਿਲ ਨੂੰ ਥਾਂ ਸਿਰ ਕੀਤਾ ਤੇ ਹੱਥ ‘ਚ ਬਰਛੀ ਲੈ ਕੇ ਕਮਾਂਡੋ ਵਾਂਗ ਬੂਹਾ ਜਾ ਖੋਲ੍ਹਿਆ। ਬਾਹਰ ਤਾਂ ਕੋਈ ਵੀ ਨਹੀਂ ਸੀ। ਦੂਰ ਕਿਧਰੋਂ ‘ਦਗੜ ਦਗੜ’ ਕਰਦੀ ਆਵਾਜ਼ ਸੁਣਾਈ ਦਿੱਤੀ। ਮੈਂ ਦੌੜਦੇ ਕਦਮਾਂ ਦਾ ਪਿੱਛਾ ਕਰਨ ਦਾ ਯਤਨ ਕੀਤਾ ਪਰ ਉਹ ਪਰਛਾਵਾਂ ਰਾਤ ਦੇ ਸੰਘਣੇ ਹਨੇ੍ਹਰੇ ‘ਚ ਗੁਆਚ ਗਿਆ।
ਫਿਰ ਅਜਿਹੀ ਘਟਨਾ ਹਰ ਦੂਜੇ-ਚੌਥੇ ਦਿਨ ਦੁਹਰਾਈ ਜਾਣ ਲੱਗੀ। ਘਰ ਦੇ ਸਾਰੇ ਜੀਅ ਆਪੋ-ਆਪਣੇ ਰੰਗਾਂ ‘ਚ ਮਸਤ ਸਨ। ਕਿਸੇ ਨੂੰ ਵੀ ਸਾਡੇ ਨਾਲ ਵਰਤ ਰਹੀ ਭਾਵੀ ਦਾ ਗਿਆਨ ਨਹੀਂ ਸੀ। ਹੋ ਸਕਦਾ ਕਿਸੇ ਨੂੰ ਪਤਾ ਵੀ ਹੋਵੇ। ਜੇ ਕਿਸੇ ਨੂੰ ਪਤਾ ਵੀ ਸੀ ਤਾਂ ਉਹ ਕੰਨਾਂ ਮੁੱਢ ਮਾਰੀ ਬੈਠਾ ਸੀ। ਘਰ ਦਾ ਸਾਰਾ ਮਾਹੌਲ ਹੀ ਸਾਜਿ਼ਸ਼ੀ ਹੋਇਆ ਪਿਆ ਸੀ। ਉੱਥੇ ਮੇਰੇ ਲਈ ਹਮਦਰਦੀ ਘੱਟ ਗੁੱਸਾ ਵਧੇਰੇ ਸੀ। ਘਰਦਿਆਂ ਦੇ ਗੁੱਸੇ ਦਾ ਕਾਰਨ ਵੀ ਸਮਝ ਨਹੀਂ ਸੀ ਆਉਂਦਾ। ਭੂਆ ਦੀ ਸੀਖ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਸਿਰ ਚੜ੍ਹੀ ਰਹਿੰਦੀ। ਮੈਂ ਹੈਰਾਨ ਹੁੰਦਾ ਕਿ ਇੱਕ ਅਨਪੜ੍ਹ ਔਰਤ ਪੜ੍ਹਿਆਂ-ਲਿਖਿਆਂ ਨੂੰ ਊਰੀ ਵਾਂਗ ਘੁਮਾਈ ਫਿਰਦੀ ਸੀ। ਭੂਆ ਇੱਕ ਸਾਜਿ਼ਸ਼ ਤਹਿਤ ਕੰਮ ਕਰਦੀ। ਉਹ ਸਾਨੂੰ ਘਰੋਂ ਕੱਢ ਕੇ ਸਾਡੀ ਥਾਂ ‘ਤੇ ਕਬਜ਼ਾ ਕਰਨ ਦੀ ਤਾਕ ‘ਚ ਸੀ। ਆਨੇ-ਬਹਾਨੇ ਸਾਨੂੰ ਘਰ ਛੱਡ ਜਾਣ ਲਈ ਆਖਦੀ ਵੀ ਰਹਿੰਦੀ। ਮੇਰੀ ਹਾਜ਼ਰੀ ਉਸਨੂੰ ਤੰਗ ਕਰਦੀ ਸੀ। ਮੇਰੇ ਹੁੰਦਿਆਂ ਉਸ ਦੀਆਂ ਮਨਮਾਨੀਆਂ ਚੱਲਣੀਆਂ ਨਹੀਂ ਸਨ।
ਇੱਕ ਦਿਨ ਮੈਂ ਨੈੱਟ ਦੀ ਤਿਆਰੀ ਕਰਨ ਦਾ ਯਤਨ ਕਰ ਰਿਹਾ ਸਾਂ ਕਿ ਤਰਸੇਮ ਆ ਗਿਆ। ਉਸਨੇ ਰੈਕ ‘ਚੋਂ ਆਪਣੀ ਪਸੰਦ ਦੀਆਂ ਕਿਤਾਬਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਹੋਰ ਕਿਤਾਬਾਂ ਦੇ ਨਾਲ ਅੰਮ੍ਰਿਤਾ ਪ੍ਰੀਤਮ ਦਾ ਕਹਾਣੀ ਸੰਗ੍ਰਹਿ ‘ਜੰਗਲੀ ਬੂਟੀ’ ਵੀ ਚੁੱਕ ਲਈ। ਮੈਂ ਇਹ ਕਿਤਾਬ ਬੜੀ ਸਾਂਭ-ਸਾਂਭ ਕੇ ਰੱਖਦਾ ਸਾਂ। ਮੇਰੇ ਲਈ ਤਾਂ ਇਹ ਇੱਕ ਇਤਿਹਾਸਕ ਸਰਮਾਇਆ ਸੀ। ਜਦੋਂ ਮੈਂ ਤੇ ਸਿਮਰ ਅੰਮ੍ਰਿਤਾ ਜੀ ਨੂੰ ਉਨ੍ਹਾਂ ਦੇ ਦਿੱਲੀ ਵਾਲੇ ਕੇ-25 ਹੌਜ਼ ਖਾਸ ਵਾਲੇ ਘਰ ਮਿਲਣ ਗਏ ਸਾਂ ਤਾਂ ਇਹ ਪੁਸਤਕ ਅੰਮ੍ਰਿਤਾ ਤੇ ਇਮਰੋਜ਼ ਹੁਰਾਂ ਨੇ ਬੜੇ ਮੋਹ ਨਾਲ ਪਹਿਲੇ ਪੰਨੇ ‘ਤੇ ਮੁਹੱਬਤੀ ਸ਼ਬਦ ਲਿਖ ਕੇ ਭੇਟ ਕੀਤੀ ਸੀ। ਇਮਰੋਜ਼ ਨੇ ਸਾਨੂੰ ਬੜੀ ਰੀਝ ਨਾਲ ਸਾਰਾ ਘਰ ਦਿਖਾਇਆ ਸੀ। ਪੂਰਾ ਘਰ ਇਮਰੋਜ਼ ਦੀਆਂ ਸ਼ਾਨਦਾਰ ਪੇਂਟਿੰਗਜ਼ ਨਾਲ ਸਿ਼ੰਗਾਰਿਆ ਹੋਇਆ ਸੀ। ਜਿਵੇਂ ਘਰ ਨਾ ਹੋ ਕੇ ਦੋਵਾਂ ਦੀ ਮੁਹੱਬਤ ਦਾ ਕੋਈ ਅਜਾਇਬਘਰ ਹੋਵੇ। ਘਰ ਦਿਖਾਉਣ ਤੋਂ ਬਾਅਦ ਇਮਰੋਜ਼ ਨੇ ਆਪਣੇ ਹੱਥੀਂ ਅਦਰਕ ਵਾਲੀ ਬਹੁਤ ਹੀ ਸੁਆਦੀ ਚਾਹ ਬਣਾ ਕੇ ਪਿਆਈ। ਕਈ ਘੰਟੇ ਅਸੀਂ ਦੋਵਾਂ ਦੀਆਂ ਪਰੀ ਲੋਕ ਵਰਗੀਆਂ ਗੱਲਾਂ ਸੁਣਦੇ ਰਹੇ ਸਾਂ। ‘ਜੰਗਲੀ ਬੂਟੀ’ ਉਸ ਮਿਲਣੀ ਦੀ ਖੂਬਸੂਰਤ ਯਾਦ ਸੀ।
ਹੁਣ ਜਦੋਂ ਇਹ ਪੁਸਤਕ ਤਰਸੇਮ ਨੇ ਚੁੱਕੀ ਤਾਂ ਮੇਰਾ ਦਿਲ ਘਟਨ ਲੱਗਾ। ‘ਪਰ ਘਰ ਗਈ ਨਾ ਬਹੁੜਦੀ, ਪੋਥੀ ਕਾਨੀ ਨਾਰ’ ਦਾ ਅਖਾਣ ਚੇਤੇ ਆ ਗਿਆ। ਉਹ ਪਹਿਲਾਂ ਵੀ ਬਹੁਤ ਸਾਰੀਆਂ ਬਹੁਮੁੱਲੀਆਂ ਕਿਤਾਬਾਂ ਗੁਆ ਚੁੱਕਾ ਸੀ। ਕਿਤਾਬ ਲਿਜਾ ਕੇ ਸੰਭਾਲਣੀ ਉਸਦੀ ਆਦਤ ਦਾ ਹਿੱਸਾ ਨਹੀਂ ਸੀ। ਮੈਂ ਦੁਚਿਤੀ ਵਿਚ ਤਾਂ ਸਾਂ ਪਰ ਕਿਤਾਬ ਦੇਣ ਤੋਂ ਨਾਂਹ ਕਰਨਾ ਮੈਨੂੰ ਦੋਸਤੀ ਦੀ ਤੌਹੀਨ ਜਾਪਿਆ।
‘ਯਾਰ, ਹਾਅ ਕੀ ਪੜ੍ਹਦਾ ਰਹਿਨੈ?’
‘ਯੂ ਜੀ ਸੀ ਦੇ ਨੈੱਟ ਦੀ ਤਿਆਰੀ ਕਰ ਰਿਹਾਂ।’
‘ਤੇਰੇ ਟੈਸਟ ਈ ਨ੍ਹੀ ਮੁੱਕਦੇ। ਕੀ ਐਵੇਂ ਝੱਖ ਮਾਰੀ ਜਾਨੈ। ਨੌਕਰੀ-ਨੂਕਰੀ ਤਾਂ ਮਿਲਣੀ ਨ੍ਹੀ।’ ਇਹ ਗੱਲ ਉਹ ਪਹਿਲਾਂ ਵੀ ਕਿੰਨੀ ਦਫ਼ਾ ਆਖ ਚੁੱਕੈ, ਤਰਸੇਮ ਨੂੰ ਖੁਦ ਵੀ ਯਾਦ ਨਹੀਂ ਸੀ।
‘ਨਹੀਂ ਮਿਲਦੀ ਤਾਂ ਨਾ ਮਿਲੇ। ਨੌਕਰੀ ਮਿਲਣੀ ਕੋਈ ਜ਼ਰੂਰੀ ਤਾਂ ਨ੍ਹੀ। ਆਹ ਕਿਤਾਬਾਂ ਪੜ੍ਹ ਕੇ ਜਿਹੜਾ ਗਿਆਨ ਹਾਸਲ ਹੋਜੂ, ਉਹ ਤਾਂ ਨ੍ਹੀ ਖੋਹ ਸਕਦੀ ਕੋਈ ਸਰਕਾਰ?’ ਮੈਂ ਆਖ ਤਾਂ ਦਿੱਤਾ ਪਰ ਉਸਦੀ ਆਖੀ ਗੱਲ ਦਾ ਅਸਰ ਦਿਮਾਗ ‘ਤੇ ਹੋ ਹੀ ਜਾਂਦਾ ਸੀ।
‘ਤਰਸੇਮ, ਮੈਨੂੰ ਸਮਝ ਨ੍ਹੀ ਲੱਗਦੀ ਮੇਰੇ ਨਾਲ ਹੋ ਕੀ ਰਿਹੈ? ਪਹਿਲਾਂ ਪਿੰਡ ਦੇ ਸਾਂਝੇ ਥਾਂ ‘ਤੇ ਪੋਸਟਰ ਲੱਗਦੇ ਸਨ। ਫਿਰ ਘਰ ਦੇ ਨੇੜੇ ਲੱਗਣ ਲੱਗੇ। ਹੁਣ ਕੋਈ ਹਨੇਰਾ ਹੋਏ ਜੋ਼ਰ ਜੋ਼ਰ ਦੀ ਦਰਵਾਜ਼ਾ ਖੜਕਾਉਣ ਲੱਗਦੈ। ਬੂਹਾ ਖੋਲ੍ਹਦਾਂ, ਖੜਕਾਉਣ ਵਾਲਾ ਭੂਤ ਵਾਂਗ ਰਾਤ ਦੇ ਹਨੇਰੇ ‘ਚ ਗਾਇਬ ਹੋ ਜਾਂਦੈ।’
‘ਇਹ ਕੀ ਗੱਲ ਹੋਈ?’ ਉਹ ਕੁੱਝ ਚਿਰ ਸ਼ਸ਼ੋਪੰਜ ‘ਚ ਪਿਆ ਰਿਹਾ।
‘ਇਹ ਤਾਂ ਬੜੀ ਖਤਰਨਾਕ ਸਥਿਤੀ ਐ। ਏਸ ਹਿਸਾਬ ਨਾਲ ਤਾਂ ਥੋਡਾ ਕੋਈ ਨੁਕਸਾਨ ਵੀ ਹੋ ਸਕਦੈ।’ ਉਹ ਚਿੰਤਾਤੁਰ ਜਾਪਦਾ ਸੀ।
‘ਪਰ ਇਹ ਹੋਇਆ ਕੌਣ?’
‘ਹੋਣੈ ਕੌਣ, ਕੋਈ ਆਵਦਾ ਈ ਹੋਊ। ਆਵਦੇ ਤੋਂ ਬਿਨਾ ਹੋਰ ਕਿਸੇ ਨੂੰ ਥੋਡਾ ਕੀ ਭੇਤ?’
‘ਆਵਦਾ?’ ਮੈਂ ਸਵਾਲ ਬਣਿਆ ਹੋਇਆ ਸਾਂ।
‘ਓਹੀ ਹੋਣਗੇ। ਹੋਰ ਕੀਹਨੇ ਹੋਣਾ? ਪਿੰਡ ਦਾ ਬੰਦਾ ਵੀ ਨਾਲ ਹੋਊ ਉਨ੍ਹਾਂ ਦੇ।’
‘ਨਹੀਂ ਯਾਰ, ਉਹ ਨ੍ਹੀ ਹੋ ਸਕਦੇ। ਜੇ ਉਨ੍ਹਾਂ ਨੇ ਸਾਡਾ ਨੁਕਸਾਨ ਕਰਨਾ ਹੁੰਦਾ ਹੁਣ ਨੂੰ ਕਰ ਦਿੰਦੇ। ਅਸੀਂ ਕਿੰਨਾ ਕੁ ਬਚਾਅ ਕਰ ਸਕਦੇ ਸਾਂ? ਨਾਲੇ ਮੈਂ ਜਾਣਦਾ ਹਾਂ ਉਨ੍ਹਾਂ ਨੂੰ। ਆਵਦੀ ਧੀ ਨੂੰ ਭਲਾ ਕਿਉਂ ਮਾਰਨਗੇ? ਅਗਲਿਆਂ ਨੇ ਨਾਤਾ ਤੋੜ ਲਿਆ ਗੱਲ ਖਤਮ।’ ਮੈਂ ਅੱਧਮੰਨੇ ਜਿਹੇ ਮਨ ਨਾਲ ਆਖਿਆ ਸੀ।
‘ਤੈਨੂੰ ਕੀ ਪਤਾ। ਖੋਰ ਨ੍ਹੀ ਗੁਆਉਂਦਾ ਹੁੰਦਾ ਕੋਈ ਵੀ।’ ਉਹ ਜੰਗਲੀ ਬੂਟੀ ਪੁਸਤਕ ਦੇ ਵਰਕੇ ਪਲਟਣ ਲੱਗਾ। ਅੰਮ੍ਰਿਤਾ ਤੇ ਇਮਰੋਜ਼ ਵਲੋਂ ਦਿੱਤੇ ਆਟੋਗ੍ਰਾਫਾਂ ‘ਤੇ ਆ ਕੇ ਉਸਦੀ ਨਿਗ੍ਹਾ ਜੰਮ ਗਈ ਸੀ।
‘ਸੀਰਾ ਵੀ ਹੋ ਸਕਦੈ!’ ਤਰਸੇਮ ਨੇ ਅਗਲਾ ਡੱਕਾ ਸੁੱਟਿਆ। ਉਸਨੇ ਮੇਰੇ ਸ਼ਰੀਕੇ ‘ਚੋਂ ਲੱਗਦੇ ਭਰਾ ਦਾ ਨਾਂ ਸ਼ੱਕੀਆਂ ‘ਚ ਰੱਖ ਦਿੱਤਾ ਸੀ।
‘ਉਹਨੂੰ ਕੀ ਤਕਲੀਫ਼ ਹੋਈ? ਉਹਦੇ ਨਾਲ ਕਦੇ ਉੱਚੀ ਨੀਵੀਂ ਹੋਈ ਤਾਂ ਹੈਨੀ। ਮੇਰੇ ਨਾਲ ਤਾਂ ਉਹ ਤਰੀਕਾਂ ‘ਤੇ ਵੀ ਜਾਂਦਾ ਰਿਹੈ।’
‘ਤੈਨੂੰ ਨ੍ਹੀ ਪਤਾ ਉਦ੍ਹਾ। ਅੰਦਰੋ ਬੜਾ ਈਰਖਾਲੂ ਐ। ਹੋ ਸਕਦੈ ਕੋਈ ਪੁਰਾਣੀ ਗੱਲ ਚੇਤੇ ਆ ਗਈ ਹੋਵੇ।’
‘ਹੋ ਸਕਦੈ।’ ਮੈਂ ਜੱਕੋ-ਤੱਕੀ ‘ਚ ਪੈ ਗਿਆ ਤੇ ਸੀਰੇ ਨਾਲ ਲੰਬੇ ਸਮੇਂ ਦੇ ਆਪਣੇ ਸਬੰਧਾਂ ਬਾਰੇ ਸੋਚਣ ਲੱਗਾ।
‘ਇਹ ਐਮ ਐਲ ਏ ਕਿਆਂ ਦਾ ਕਾਰਾ ਵੀ ਹੋ ਸਕਦਾ। ਕਿੰਨਾ ਕੁੱਝ ਤਾਂ ਕੀਤਾ ਉਨ੍ਹਾਂ ਨੇ ਥੋਡੇ ਨਾਲ।’
‘ਹਾਂ! ਹੋ ਸਕਦੈ। ਪਰ ਹੁਣ ਤਾਂ ਉਨ੍ਹਾਂ ਨਾਲੋਂ ਸਬੰਧ ਤੋੜਿਆਂ ਵੀ ਕਿੰਨੇ ਸਾਲ ਹੋਗੇ?’ ਤਰਸੇਮ ਦੀ ਗੱਲ ਨਾਲ ਸਹਿਮਤੀ ਪ੍ਰਗਟ ਕਰਨ ਲੱਗਾ ਵੀ ਸ਼ੱਕ ‘ਚ ਹੋ ਗਿਆ ਸਾਂ।
‘ਦੇਖ! ਐਹੋ ਜਿਹੇ ਮੌਕੇ ਨੂੰ ਅਗਲਾ ਦੁਸ਼ਮਣੀ ਕੱਢਣ ਲਈ ਵਰਤ ਲੈਂਦਾ। ਉਨ੍ਹਾਂ ਨੂੰ ਪਤੈ ਨਾਂ ਤਾਂ ਸਿਮਰ ਦੇ ਘਰਦਿਆਂ ਦਾ ਹੀ ਲੱਗ ਜਾਣਾ। ਹੈ ਕ’ਨ੍ਹੀ?’
ਗੱਲ ਮੈਨੂੰ ਜਚ ਗਈ ਸੀ। ਮੈਂ ਐਮ ਐਲ ਏ ਨਾਲ ਆਪਣੇ ਸਬੰਧਾਂ ਬਾਰੇ ਸੋਚਣ ਲੱਗਾ। ਐਮ ਐਲ ਏ ਸਾਹਿਬ ਦਾ ਰਾਜਨੀਤਕ ਜੀਵਨ ਖਾਤਮੇ ਵੱਲ ਸੀ। ਇਸ ਵਿਚ ਉਸਦੀਆਂ ਹੋਰ ਆਦਤਾਂ ਤੋਂ ਇਲਾਵਾ ਹਾਲਾਤ ਦਾ ਵੀ ਅਹਿਮ ਰੋਲ ਸੀ। ਪੰਜਾਬ ਵਿਚਲੇ ਸੰਤਾਪ ਭਰੇ ਦੌਰ ਨੇ ਕਾਂਗਰਸ ਦੀ ਹਾਲਤ ਪਾਣੀਓਂ ਪਤਲੀ ਕਰ ਦਿੱਤੀ ਹੋਈ ਸੀ। ਤੇਜ਼ੀ ਨਾਲ ਉਭਰ ਰਹੀ ਨਵੀਂ ਪਾਰਟੀ ਨੇ ਕਾਂਗਰਸ ਦਾ ਆਧਾਰ ਰਹੀ ਦਲਿਤ ਵੋਟ ਖਿਸਕਾ ਲਈ ਸੀ। ਐਮ ਐਲ ਏ ਸਾਹਿਬ ਆਪਣੇ ਰਾਜਨੀਤਕ ਪਤਨ ਲਈ ਮੈਨੂੰ ਕਿਤੇ ਵੱਧ ਜਿੰ਼ਮੇਵਾਰ ਸਮਝਦੇ ਸਨ।
ਉਨ੍ਹਾਂ ਦਿਨਾਂ ‘ਚ ਹਜ਼ਾਰਾਂ ਨੌਜੁਆਨ ਜਵਾਨੀ ਦੇ ਜੋਸ਼ ‘ਚ ਵੱਡੀਆਂ ਰਾਜਨੀਤਕ ਤਬਦੀਲੀਆਂ ਕਰਨ ਲਈ ਉਤਾਰੂ ਹੋਏ ਫਿਰਦੇ ਸਨ। ਉਹ ਸਮਝਣ ਲੱਗੇ ਸਨ ਕਿ ਰਾਜਨੀਤਕ ਪਾਰਟੀਆਂ ਨੇ ਦਲਿਤ ਲੋਕਾਂ ਨੂੰ ਵੋਟ ਤੋਂ ਵਧ ਕੇ ਕੁੱਝ ਨਹੀਂ ਸਮਝਿਆ। ਰਵਾਇਤੀ ਪੂੰਜੀਵਾਦੀ ਪਾਰਟੀਆਂ ਵਲੋਂ ਰਾਖਵੀਆਂ ਸੀਟਾਂ ਤੋਂ ਚੁਣੇ ਐਮ ਐਲ ਏ ਤੇ ਐਮ ਪੀ ਗਰੀਬ ਸਮਾਜ ਦੀ ਬਿਹਤਰੀ ਵੱਲ ਘੱਟ, ਆਪਣੀ ਕੁਰਸੀ ਬਚਾਉਣ ਵੱਲ ਵੱਧ ਲੱਗੇ ਰਹਿੰਦੇ। ਉਨ੍ਹਾਂ ਦੀ ਐਨੀ ਹੈਸੀਅਤ ਵੀ ਨਹੀਂ ਹੁੰਦੀ ਕਿ ਉਹ ਗਰੀਬ ਪੱਖੀ ਨੀਤੀਆਂ ਬਣਵਾ ਕੇ ਲਾਗੂ ਕਰਵਾ ਸਕਣ। ਸਾਰਾ ਧਿਆਨ ਅਗਲੀ ਵਾਰ ਪਾਰਟੀ ਦੀ ਟਿਕਟ ਹਾਸਲ ਕਰਨ ‘ਤੇ ਹੀ ਕੇਂਦਰਿਤ ਰਹਿੰਦਾ ਹੈ।
ਦਲਿਤਾਂ ‘ਚ ਆਈ ਨਵੀਂ ਚੇਤਨਾ ਨੇ ਵਿਵਸਥਾ ਦੇ ਪਰਿਵਰਤਨ ਲਈ ਲੋਕਾਂ ਅੰਦਰ ਬਾਰੂਦ ਭਰ ਦਿੱਤਾ ਸੀ। ਰਾਜਨੀਤਕ ਉਥਲ-ਪੁਥਲ ਕਰਨ ਦੇ ਸੁਪਨੇ ਲਈ ਫਿਰਦੇ ਲੋਕਾਂ ਦੇ ਹਜ਼ਾਰਾਂ ਸਾਈਕਲਾਂ-ਸਕੂਟਰਾਂ ਦੇ ਕਾਫ਼ਲੇ ਦਿੱਲੀ ਦੇ ਲਾਲ ਕਿਲੇ ‘ਤੇ ਕਬਜ਼ੇ ਦੇ ਨਾਅਰੇ ਮਾਰਦੇ ਪਿੰਡਾਂ ਤੇ ਸ਼ਹਿਰਾਂ ‘ਚ ਮਾਰਚ ਕਰਦੇ। ਝੁੱਗੀਆਂ-ਝੌਂਪੜੀਆਂ ਨੂੰ ਰਾਜ ਭਾਗ ਵਾਲੇ ਤਖ਼ਤ ‘ਤੇ ਬਹਾਉਣ ਦੇ ਸੁਪਨੇ ਲੈਂਦਿਆਂ ਅਸੀਂ ਵੱਡੇ ਵੱਡੇ ਧੁਰੰਤਰਾਂ ਨਾਲ ਟਕਰਾ ਗਏ ਸਾਂ। ਪੂਰੇ ਦੇਸ਼ ‘ਚ ਕਾਂਗਰਸ ਦੀ ਸੱਤਾ ਦਾ ਸਿੰਘਾਸਣ ਡੋਲਣ ਲੱਗਾ। ਗਰੀਬ ਵੋਟ ਕਾਂਗਰਸ ਨਾਲੋਂ ਟੁੱਟ ਕੇ ‘ਦੇਸ਼ ਕਾ ਨੇਤਾ ਕੈਸਾ ਹੋ…ਜੈਸਾ ਹੋ’ ਦੇ ਨਾਅਰੇ ਮਾਰਨ ਲੱਗੀ। ਇੱਕੋ ਬੰਦੇ ਨੇ ਦਿਨ-ਰਾਤ ਦੀ ਮਿਹਨਤ ਨਾਲ ਪਾਰਟੀ ਖੜ੍ਹੀ ਕਰ ਕੇ ਸਦੀ ਪੁਰਾਣੀ ਪਾਰਟੀ ਦੀਆਂ ਜੜ੍ਹਾਂ ‘ਚ ਤੇਲ ਚੋਅ ਦਿੱਤਾ। ਉਨ੍ਹਾਂ ਦੇ ਹੱਥਾਂ ‘ਚ ‘ਹੱਥ’ ਦੀ ਥਾਵੇਂ ‘ਹਾਥੀ’ ਵਾਲੇ ਝੰਡੇ ਆ ਗਏ ਸਨ।
ਅਜਿਹੇ ਸਮੇਂ ਜਦੋਂ ਦੇਸ਼ ਪੱਧਰ ‘ਤੇ ਹੀ ਕਾਂਗਰਸ ਦੀ ਹਾਲਤ ਵੈਂਟੀਲੇਟਰ ‘ਤੇ ਪਏ ਮਰੀਜ਼ ਵਰਗੀ ਹੋ ਗਈ ਸੀ, ਇੱਕ ਛੋਟੇ ਜਿਹੇ ਸੂਬੇ ਦੇ ਐਮ ਐਲ ਏ ਦਾ ਰਾਜਨੀਤਕ ਜੀਵਨ ਕਿੰਨਾ ਕੁ ਚਿਰ ਬਚ ਸਕਦਾ ਸੀ। ਇਹ ਵਿਧਾਇਕ ਕਿਉਂਕਿ ਸਾਡੇ ਸ਼ਰੀਕੇ ‘ਚੋਂ ਸੀ, ਆਪਣੀ ਰਾਜਨੀਤਕ ਪਾਰਟੀ ਦੇ ਖਾਤਮੇ ਲਈ ਮੈਨੂੰ ਜਿ਼ੰਮੇਵਾਰ ਠਹਿਰਾਉਣਾ ਉਸ ਲਈ ਸੌਖਾ ਸੀ। ਇਹ ਵਿਧਾਇਕ ਸਾਡੇ ਪਰਿਵਾਰ ਨਾਲ ਕਿੰਨਾ ਕੁ ਖਹਿੰਦਾ ਰਿਹਾ ਸੀ ਤੇ ਕਿਵੇਂ ਸਾਨੂੰ ਤੰਗ ਪਰੇਸ਼ਾਨ ਕਰਦਾ ਰਿਹਾ ਸੀ, ਇਹ ਇਕ ਲੰਬੀ ਕਹਾਣੀ ਹੈ।
‘ਹੋ ਸਕਦਾ ਐਮ ਐਲ ਏ ਕਾ ਹੀ ਹੱਥ ਹੋਵੇ, ਪਰ ਹੁਣ ਮੈਂ ਕੀ ਕਰਾਂ?’ ਮੈਂ ਸੋਚਾਂ ‘ਚੋਂ ਬਾਹਰ ਆਉਂਦਿਆਂ ਆਪਣਾ ਫਿਕਰ ਤਰਸੇਮ ਅੱਗੇ ਰੱਖ ਦਿੱਤਾ।
‘ਮੇਰੇ ਹਿਸਾਬ ਨਾਲ ਤੂੰ ਸਿਮਰਜੀਤ ਤੋਂ ਨੌਕਰੀ ਛੁਡਾ ਲੈ। ਐਨੀ ਦੂਰ ਡਿਊਟੀ ਕਰਨ ਜਾਂਦੀ ਹੈ, ਕੋਈ ਦੁਰਘਟਨਾ ਹੋ ਜਾਊ।’ ਕਿਤਾਬ ਦੇ ਵਰਕੇ ਉਲੱਦਦਾ ਤਰਸੇਮ ਤਾਂ ਚਲਾ ਗਿਆ ਪਰ ਮੈਨੂੰ ਚਿੰਤਾ ਦੀ ਡੂੰਘੀ ਖੱਡ ‘ਚ ਧੱਕ ਗਿਆ।
ਮੇਰੀ ਚਿੰਤਾ ਵਾਜਬ ਸੀ। ਜੇਕਰ ਸਾਡੇ ‘ਚੋਂ ਇੱਕ ਦਾ ਵੀ ਨੁਕਸਾਨ ਹੋ ਜਾਂਦਾ ਤਾਂ ਦੂਸਰੇ ਦੀ ਜਿ਼ੰਦਗੀ ਆਪਣੇ ਆਪ ਹੀ ਖ਼ਤਮ ਹੋ ਜਾਣੀ ਸੀ। ਮੈਂ ਆਪਣੇ ਕੁੱਝ ਫਿਕਰ ਸਿਮਰ ਨਾਲ ਸਾਂਝੇ ਕਰ ਲੈਂਦਾ ਪਰ ਬਹੁਤੇ ਸੀਨੇ ‘ਚ ਹੀ ਦਫ਼ਨ ਕਰ ਲੈਂਦਾ। ਮੇਰਾ ਸੁਭਾਅ ਪਹਿਲਾਂ ਤੋਂ ਹੀ ਚੁੱਪ ਰਹਿਣਾ ਸੀ ਪਰ ਹੁਣ ਕੁੱਝ ਵਧੇਰੇ ਹੀ ਅੰਤਰਮੁਖੀ ਹੁੰਦਾ ਜਾ ਰਿਹਾ ਸਾਂ। ਮੇਰਾ ਅੰਦਰ ਹੀ ਅੰਦਰ ਸਿਮਟਦੇ ਜਾਣਾ ਸਿਮਰ ਨੂੰ ਦੁਖੀ ਕਰਦਾ। ਉਸ ਨੂੰ ਜਾਪਦਾ, ਜਿਵੇਂ ਮੈਂ ਉਸਤੋਂ ਭਗੌੜਾ ਹੋ ਰਿਹਾ ਹੋਵਾਂ। ਜਿਵੇਂ ਉਸ ਖਿਲਾਫ਼ ਘਰ ‘ਚ ਚੱਲਦੀਆਂ ਸਾਜਿ਼ਸ਼ੀ ਲਹਿਰਾਂ ‘ਚ ਸ਼ਾਮਲ ਹੋ ਗਿਆ ਹੋਵਾਂ। ਮੈਂ ਆਪਣੇ-ਆਪ ਨੂੰ ਆਲੇ-ਦੁਆਲੇ ਨਾਲੋਂ ਤੋੜਨ ਲੱਗਾ। ਬਹੁਤ ਸਾਰੇ ਖਾਸ ਦੋਸਤਾਂ ਨੂੰ ਵੀ ਸ਼ੱਕ ਦੀ ਨਿਗਾਹ ਨਾਲ ਦੇਖਣ ਲੱਗਾ। ਮੇਰੀਆਂ ਅੱਖਾਂ ਉੱਪਰ ਸ਼ੱਕ ਦੀਆਂ ਐਨਕਾਂ ਪੱਕੇ ਤੌਰ ‘ਤੇ ਲੱਗ ਗਈਆਂ ਸਨ।
ਮੈਂ ਸਿਮਰ ਦੀ ਬਦਲੀ ਘਰ ਦੇ ਨੇੜੇ ਕਰਵਾਉਣ ਲਈ ਕੋਸਿ਼ਸ਼ਾਂ ਆਰੰਭ ਦਿੱਤੀਆਂ। ਤਰਸੇਮ ਦੀ ਘਰਵਾਲੀ ਵੀ ਫਰੀਦਕੋਟ ਮੈਡੀਕਲ ਕਾਲਜ ਵਿਚ ਹੀ ਨੌਕਰੀ ਕਰਦੀ ਸੀ। ਉਹ ਵੀ ਇਲਾਕੇ ਦੇ ਪਹੁੰਚ ਵਾਲੇ ਲੀਡਰਾਂ ਰਾਹੀਂ ਬਦਲੀ ਵਾਸਤੇ ਜੋ਼ਰ ਮਾਰਨ ਲੱਗਾ। ਬਦਲੀ ਕਰਵਾਉਣ ਲਈ ਉਨ੍ਹਾਂ ਦਿਨਾਂ ‘ਚ ਪੈਸਿਆਂ ਦਾ ਖਾਸਾ ਆਦਾਨ-ਪ੍ਰਦਾਨ ਚੱਲਣ ਦੇ ਚਰਚੇ ਸਨ। ਤਰਸੇਮ ਘਰਵਾਲੀ ਦੀ ਬਦਲੀ ਕਰਵਾਉਣ ਲਈ ਗਾਂਧੀ ਬਾਬੇ ਦੀ ਸਹਾਇਤਾ ਵੀ ਲੈ ਰਿਹਾ ਸੀ ਪਰ ਸਾਡੇ ਕੋਲ ਗਾਂਧੀ ਬਾਬਾ ਕਿੱਥੇ ਸੀ? ਗਾਂਧੀ ਨਾਲ ਤਾਂ ਮੁੱਢ ਤੋਂ ਹੀ ਨਹੀਂ ਸੀ ਬਣੀ। ਨਾ ਉਸਦੀ ਵਿਚਾਰਧਾਰਾ ਨਾਲ ਤੇ ਨਾ ਹੀ ਉਸਦੀ ਫੋਟੋ ਵਾਲੇ ਨੋਟਾਂ ਨਾਲ।
ਬਦਲੀਆਂ ਦੀ ਆਖਰੀ ਤਾਰੀਖ ਵਾਲੇ ਦਿਨ ਸਿਮਰ ਦੀ ਬਦਲੀ ਜ਼ੀਰੇ ਨੇੜੇ ਪਿੰਡ ਕੱਸੋਆਣਾ ਦੇ ਸਿਵਲ ਹਸਪਤਾਲ ਦੀ ਹੋ ਗਈ ਪਰ ਗਾਂਧੀ ਬਾਬਾ ਤਰਸੇਮ ਦੇ ਕਿਸੇ ਕੰਮ ਨਾ ਆਇਆ। ਮੈਨੂੰ ਇਸ ਗੱਲ ਦਾ ਬੜਾ ਦੁੱਖ ਸੀ। ਜਿਵੇਂ ਮੈਂ ਤੇ ਸਿਮਰ ਨੇ ਮੁਸ਼ਕਲਾਂ ਹੰਢਾਈਆਂ ਸਨ, ਤਰਸੇਮ ਤੇ ਉਸਦੀ ਪਤਨੀ ਨੇ ਵੀ ਬੜੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਸੀ। ਬੜੇ ਔਖੇ ਹੋ ਕੇ ਆਪਣਾ ਵਿਆਹ ਨੇਪਰੇ ਚਾੜ੍ਹਿਆ ਸੀ। ਬੜੇ ਯੁੱਧਾਂ ਨਾਲ ਆਪਣੇ ਸਹੁਰਿਆਂ ਨੂੰ ਵਿਆਹ ਲਈ ਰਾਜ਼ੀ ਕੀਤਾ ਸੀ। ਉਸਦੇ ਸੰਘਰਸ਼ ਦਾ ਮੈਂ ਚਸ਼ਮਦੀਦ ਗਵਾਹ ਸਾਂ।
ਤਰਸੇਮ ਦੇ ਵਿਆਹ ਵਿਚ ਆਰਥਿਕ ਪਾੜੇ ਤੋਂ ਇਲਾਵਾ ਹੋਰ ਕੋਈ ਵੱਡੀ ਅੜਚਨ ਨਹੀਂ ਸੀ। ਦੋਵਾਂ ਦੇ ਘਰਦਿਆਂ ਦਾ ਆਰਥਿਕ ਪੱਖ ਸ਼ਾਇਦ ਹਾਣ ਦਾ ਨਹੀਂ ਸੀ। ਤਰਸੇਮ ਵਲੋਂ ਇਧਰੋਂ-ਉਧਰੋਂ ਬੰਦੇ ਪਾ ਕੇ ਕੁੜੀ ਵਾਲਿਆਂ ਨੂੰ ਮਨਾਉਣ ਦੇ ਯਤਨ ਕੀਤੇ ਜਾ ਰਹੇ ਸਨ ਪਰ ਕਿਸੇ ਵੀ ਸੰਭਾਵੀ ਖ਼ਤਰੇ ਨੂੰ ਧਿਆਨ ‘ਚ ਰੱਖਦਿਆਂ ਉਸਨੇ ਕੋਰਟ ਮੈਰਿਜ ਕਰਵਾਉਣ ਦਾ ਨਿਰਣਾ ਲੈ ਲਿਆ। ਅਦਾਲਤੀ ਕਾਰਵਾਈ ਵਾਲੀ ਸਾਰੀ ਨੱਠ-ਭੱਜ ਕਰਨ ਦੀ ਜਿੰ਼ਮੇਵਾਰੀ ਮੇਰੇ ਜੁੰਮੇ ਸੀ। ਮੈਂ ਆਪਣੇ ਬਹੁਤ ਹੀ ਨਜ਼ਦੀਕੀ ਅਤੇ ਜਨ ਸਿਹਤ ਮਹਿਕਮੇ ਦੇ ਮੁਲਾਜ਼ਮ ਆਗੂ ਕਿਰਪਾਲ ਸਿੰਘ ਸੰਧੂ ਨੂੰ ਨਾਲ ਲੈ ਕੇ ਉਸਦੇ ਵਕੀਲ ਭਰਾ ਹਰਦਿਆਲ ਸਿੰਘ ਨਾਲ ਗੱਲ ਕੀਤੀ। ਅਦਾਲਤੀ ਕਾਰਵਾਈ ਲਈ ਮੋਗੇ ਦੀਆਂ ਕਚਹਿਰੀਆਂ ਚੁਣ ਲਈਆਂ। ਦੋਵਾਂ ਦੇ ਬਾਲਗ ਹੋਣ ਸਬੰਧੀ ਤੇ ਆਪਣੀ ਮਰਜ਼ੀ ਨਾਲ ਵਿਆਹ ਕਰਾਉਣ ਸਬੰਧੀ ਨੇੜਲੇ ਰਿਸ਼ਤੇਦਾਰਾਂ ਦੀਆਂ ਗਵਾਹੀਆਂ ਦੀ ਜ਼ਰੂਰਤ ਸੀ। ਤਰਸੇਮ ਦੇ ਨੇੜਲੇ ਰਿਸ਼ਤੇਦਾਰ ਵਜੋਂ ਗਵਾਹੀ ਮੈਂ ਤੇ ਬਾਈ ਕਿਰਪਾਲ ਸਿੰਘ ਨੇ ਪਾ ਦਿੱਤੀ। ਖੈਰ ਬਾਅਦ ‘ਚ ਇਸ ਅਦਾਲਤੀ ਪਰਚੱਟੂ ਦੀ ਲੋੜ ਨਾ ਪਈ। ਉਸਦੇ ਸਹੁਰੇ ਮੰਨ ਗਏ ਤੇ ਵਿਆਹ ਪੂਰੀ ਧੂਮ-ਧਾਮ ਨਾਲ ਹੋਇਆ ਸੀ।
ਕੱਸੋਆਣੇ ਬਦਲੀ ਹੋ ਜਾਣ ਨਾਲ ਸਾਡੀ ਜਾਨ ਸੌਖੀ ਹੋ ਜਾਵੇਗੀ। ਮੈਂ ਚੰਡੀਗੜ੍ਹੋਂ ਛਪਦੇ ਪੰਜਾਬੀ ਅਖਬਾਰ ਲਈ ਪੱਤਰਕਾਰ ਸਾਂ। ਪੱਤਰਕਾਰੀ ਦਾ ਪ੍ਰਭਾਵ ਵਰਤਦਿਆਂ ਫਿਰੋਜ਼ਪੁਰ ਵਾਲੇ ਸਿਵਲ ਸਰਜਨ ਤੋਂ ਸਿਮਰ ਦੀ ਆਰਜ਼ੀ ਡਿਊਟੀ ਕੱਸੋਆਣੇ ਤੋਂ ਕੋਟ ਈਸੇ ਖਾਂ ਦੀ ਲੁਆ ਲਈ। ਸਮਾਂ ਖਤਮ ਹੁੰਦਿਆਂ ਹੀ ਦੁਬਾਰਾ ਵਧਾ ਲੈਂਦੇ। ਕੋਟ ਈਸੇ ਖਾਂ ਤਾਂ ਘਰ ਵਾਲੀ ਗੱਲ ਸੀ। ਜਿੰ਼ਦਗੀ ਦੇ ਬੇਲਿਆਂ ‘ਚ ਮਿੱਠੀ-ਮਿੱਠੀ ਹਵਾ ਰੁਮਕਣ ਦੀ ਸੰਭਾਵਨਾ ਬਣਨ ਲੱਗੀ।
ਅਜੇ ਬਹੁਤੇ ਦਿਨ ਨਹੀਂ ਸੀ ਬੀਤੇ ਜਦੋਂ ਤਨ-ਮਨ ਲੂਹ ਸੁੱਟਣ ਵਾਲਾ ਤੱਤੀ ਹਵਾ ਦਾ ਬੁੱਲ੍ਹਾ ਨੀਲਾ ਲਿਫਾਫਾ ਬਣ ਕੇ ਘਰ ਦੀਆਂ ਬਰੂਹਾਂ ਆ ਲੰਘਿਆ। ਉਦੋਂ ਅਖਬਾਰਾਂ ਰਸਾਲਿਆਂ ‘ਚ ਛਪਦੀਆਂ ਰਚਨਾਵਾਂ ਕਾਰਨ ਘਰ ‘ਚ ਪਾਠਕਾਂ ਜਾਂ ਸਾਹਿਤਕ ਦੋਸਤਾਂ ਦੇ ਨੀਲੇ-ਪੀਲੇ ਲਿਫਾਫੇ ਆਮ ਹੀ ਆਇਆ ਕਰਦੇ ਸਨ। ਉਹ ਲਿਫਾਫਾ ਵੀ ਮੈਂ ਪਹਿਲੇ ਲਿਫਾਫਿਆਂ ਵਾਂਗ ਬੜੇ ਮੋਹ ਤੇ ਉਮੰਗ ਨਾਲ ਖੋਲ੍ਹਿਆ ਸੀ। ਇਹ ਕਿਸੇ ਪਾਠਕ ਜਾਂ ਸਾਹਿਤਕ ਬੇਲੀ ਦਾ ਮੁਹੱਬਤਨਾਮਾ ਨਹੀਂ ਸੀ, ਬਲਕਿ ਇਸਦੀ ਇਬਾਰਤ ਬਿਲਕੁੱਲ ਉਹੋ ਜਿਹੀ ਸੀ, ਜਿਹੋ ਜਿਹੀ ਪਿਛਲੇ ਸਮੇਂ ਤੋਂ ਕੰਧ ‘ਤੇ ਚਿਪਕਦੇ ਆ ਰਹੇ ਇਸ਼ਤਿਹਾਰਾਂ ਦੀ ਸੀ, ‘ਕੀ ਸਮਝਦੇ ਓਂ ਫਰੀਦਕੋਟ ਤੋਂ ਬਦਲੀ ਕਰਵਾ ਕੇ ਬਚ ਜਾਉਂਗੇ? ਇਹ ਤੁਹਾਡੀ ਭੁੱਲ ਹੈ। ਭਾਵੇਂ ਪਤਾਲ ‘ਚ ਲੁਕ ਜਾਵੋ, ਥੋਨੂੰ ਛੱਡਣਾ ਨ੍ਹੀ।’
ਥੋੜ੍ਹੇ ਦਿਨਾਂ ਬਾਅਦ ਫੇਰ ਅਜਿਹੇ ਦਿਲ ਲੂਹਣ ਵਾਲੇ ਖਤ ਨੇ ਘਰ ਦੇ ਬੂਹੇ ‘ਤੇ ਆਣ ਦਸਤਕ ਦਿੱਤੀ, ‘ਥੋਨੂੰ ਜਿਉਣ ਦਾ ਕੋਈ ਹੱਕ ਨ੍ਹੀ। ਤੁਸੀਂ ਕੀ ਸੋਚਦਂੇ, ਸਾਨੂੰ ਕਿਤੇ ਥੋਡੇ ਟਿਕਾਣਿਆਂ ਦਾ ਪਤਾ ਨ੍ਹੀ? ਸਾਨੂੰ ਸਾਰਾ ਪਤਾ ਐ। ਤੁਸੀਂ ਸਾਥੋਂ ਵੀਹਰੇ ਨ੍ਹੀਂ। ਅਸੀਂ ਤਾਂ ਥੋਡੇ ਮੂੰਹ ਵੱਲੀਂ ਵੇਂਹਦੇ ਸੀਗੇ। ਅਸੀਂ ਸੋਚਦੇ ਸੀ ਤੁਸੀਂ ਦੂਰ ਕਿਧਰੇ ਦਫ਼ਾ ਹੋ ਜਾਉਂਗੇ। ਪਰ ਥੋਡੀ ਮੌਤ ਥੋਨੂੰ ਘੇਰ ਕੇ ਇੱਥੇ ਲੈ ਆਈ ਹੈ। ਥੋਡੇ ਦਿਨ ਨੇੜੇ ਈ ਆ। ਚੁਗਲੋ ਦਾਣਾ ਪਾਣੀ ਜਿਹੜਾ ਚਾਰ ਦਿਨ ਚੁਗਣਾ।’
ਫਿਰ ਇੱਕ ਹੋਰ ਤੇ ਇੱਕ ਹੋਰ। ਪਹਿਲੇ ਖ਼ਤ ਦੀ ਦਹਿਸ਼ਤ ਅਜੇ ਦਿਲ ਦਿਮਾਗ ਤੋਂ ਲੱਥੀ ਨਹੀਂ ਸੀ ਹੁੰਦੀ ਕਿ ਨਵਾਂ ਖ਼ਤ ਮੌਤ ਦਾ ਪ੍ਰਵਾਨਾ ਲੈ ਕੇ ਆ ਬਹੁੜਦਾ। ਨਵੀਂ ਇਬਾਰਤ ਤੇ ਨਵੀਂ ਲਿਖਾਈ। ਪਹਿਲਾਂ ਨਾਲੋਂ ਵੀ ਖ਼ਤਰਨਾਕ ਤੇ ਭੱਦੀਆਂ ਗਾਹਲਾਂ ਕੱਢੀਆਂ ਹੁੰਦੀਆਂ। ਖ਼ਤ ਦਾ ਮਤਲਬ ਧਮਕੀ ਤੇ ਖੌ਼ਫ ਬਣ ਕੇ ਰਹਿ ਗਿਆ। ਉਹ ਦਿਨ ਤਾਂ ਬੜੀ ਦੂਰ ਰਹਿ ਗਏ ਸਨ ਜਦੋਂ ਮੱਥੇ ‘ਤੇ ਮੋਹ ਦੇ ਦੀਵੇ ਬਾਲ ਕੇ ਖ਼ਤ ਦੀ ਉਡੀਕ ਕਰੀਦੀ ਸੀ। ਬੂਹੇ ਦੇ ਬਾਹਰ ਵੱਜਦੀ ਸਾਈਕਲ ਦੀ ਘੰਟੀ ਦੀ ਧੁਨ ਮਿੱਠੀ ਤੇ ਪਿਆਰੀ ਲੱਗਦੀ। ਡਾਕੀਆ ਅਰਸ਼ੋਂ ਉਤਰਿਆ ਫਰਿਸ਼ਤਾ ਲੱਗਦਾ। ਉਸਦੀ ਆਵਾਜ਼ ਸੁਣਨ ਲਈ ਕੰਨ ਬਾਹਰਲੇ ਬੂਹੇ ਵੱਲ ਲੱਗੇ ਰਹਿੰਦੇ ਸਨ।
ਹੁਣ ਤਾਂ ਡਾਕੀਏ ਦੇ ਸਾਈਕਲ ਦੀ ਘੰਟੀ ਜਿਵੇਂ ਤ੍ਰਾਹ ਕੱਢ ਦਿੰਦੀ। ਇੱਕ ਵਕਤ ਸੀ ਜਦੋਂ ਉਹ ਮੁਹੱਬਤ ਨਾਲ ਭਰਿਆ ਖ਼ਤ ਹੱਥ ‘ਚ ਫੜਾਉਂਦਾ ਤਾਂ ਉਸਦੇ ਹੱਥ ਚੁੰਮ ਲੈਣ ਨੂੰ ਜੀਅ ਕਰਦਾ। ਜੇ ਉਡੀਕਿਆ ਖ਼ਤ ਦੋ ਚਾਰ ਦਿਨ ਨਾ ਆਉਂਦਾ ਤਾਂ ਮੈਂ ਆਨੇ-ਬਹਾਨੇ ਡਾਕੀਏ ਦੇ ਘਰ ਗੇੜਾ ਮਾਰ ਆਉਂਦਾ। ਉਨ੍ਹਾਂ ਦਿਨਾਂ ‘ਚ ਕਈ ਕਈ ਸਫਿਆਂ ਦੇ ਖ਼ਤ ਵੀ ਛੋਟੇ ਲੱਗਦੇ ਪਰ ਹੁਣ ਤਾਂ ਟੈਸਟ ਇੰਟਰਵਿਊ ਵਾਲੇ ਪੱਤਰ ਵੀ ਚੰਗੇ ਨਹੀਂ ਸਨ ਲੱਗਦੇ। ਕਈ ਵਾਰ ਜੀਅ ਕਰਦਾ ਡਾਕੀਏ ਤੋਂ ਖ਼ਤ ਫੜਨ ਤੋਂ ਨਾਂਹ ਕਰ ਦੇਵਾਂ। ਉਂਝ ਵੀ ਡਾਕੀਆ ਮੇਰੇ ਨਾਲ ਹੀ ਪੜ੍ਹਦਾ ਰਿਹਾ ਸੀ ਤੇ ਹਮੇਸ਼ਾਂ ਜਮਾਤੀ ਹੋਣ ਦੇ ਮਾਣ ਨਾਲ ਹੀ ਮੇਰੇ ਕੋਲ ਆਉਂਦਾ ਸੀ। ਮੈਂ ਵੀ ਉਸਨੂੰ ਮੱਲੋ-ਮੱਲੀ ਚਾਹ-ਪਾਣੀ ਲਈ ਰੋਕ ਲੈਂਦਾ। ਪਰ ਹੁਣ…ਹੁਣ ਤਾਂ ਉਸਦਾ ਆਉਣਾ ਬੋਝ ਲੱਗਦਾ ਸੀ। ਹੁਣ ਤਾਂ ਇਹੀ ਸੋਚਦਾ ਰਹਿੰਦਾ ਕਿ ਦਹਿਸ਼ਤ ਭਰੇ ਇਹ ਦਿਨ ਕਿੰਨੇ ਕੁ ਦਿਨ ਘੇਰਾ ਪਾਈ ਰੱਖਣਗੇ?
ਗੱਲ ਅਜੇ ਇੱਥੇ ਥੋੜ੍ਹਾ ਮੁੱਕਣੀ ਸੀ? ਸ਼ਰੀਕੇ ਭਾਈਚਾਰੇ, ਖਾਸ ਕਰ ਤੀਵੀਆਂ ਨੂੰ ਕੰਧਾਂ ‘ਤੇ ਲੱਗਦੇ ਇਸ਼ਤਿਹਾਰਾਂ ਤੇ ਆਉਂਦੀਆਂ ਧਮਕੀਆਂ ਦਾ ਪਤਾ ਲੱਗਣਾ ਸੀ। ਔਰਤਾਂ ਨੇ ਇੱਕ ਦੂਜੀ ਨਾਲ ਘੁਸਰ-ਮੁਸਰ ਕਰਨੀ ਸੀ। ਸਾਰਾ ਸਾਰਾ ਦਿਨ ਘਰੋਂ ਆਵਾਰਾ ਰਹਿਣ ਵਾਲੀਆਂ ਕਈ ‘ਬੀਬੀਆਂ’ ਨੇ ਵੀ ਸਤੀ-ਸਵਿਤਰੀਆਂ ਬਣ ਕੇ ਮਿਸ਼ਕ ਮੀਣੀਆਂ ਅੱਖਾਂ ਨਾਲ ਝਾਕਣਾ ਸੀ। ਅਜੇ ਤਾਂ ਏਧਰੋਂ-ਓਧਰੋਂ, ‘ਕੀ ਪਤਾ ਕੌਣ ਲਾਉਂਦਾ? ਆਵਾਰਾ ਤਾਂ ਹੈਗੇ। ਕੋਈ ਗੱਲ ਤਾਂ ਹੋਊ? ਪਤਾ ਨ੍ਹੀ ਕਿੱਥੇ ਕਿੱਥੇ ਧੱਕੇ ਖਾਂਦੇ ਰਹੇ ਹੋਣਗੇ?’ ਵਰਗੀਆਂ ਗੱਲਾਂ ਉੱਡ ਉੱਡ ਕੇ ਸਾਡੇ ਕੋਲ ਆਉਣੀਆਂ ਸਨ। ਅਜੇ ਅਸੀਂ ਪਾਗਲ ਨਹੀਂ ਸੀ ਹੋਏ। ਅਜੇ ਤਾਂ ਘਰਦੇ ਮਾਹੌਲ ਨੇ ਹੋਰ ਤਣਾਅ ਨਾਲ ਭਰਨਾ ਸੀ। ਅਜੇ ਤਾਂ ਸਾਰੇ ਰਿਸ਼ਤੇਦਾਰਾਂ ਨੇ ਇਕੱਠੇ ਹੋ ਕੇ ਸਾਡੇ ਖਿ਼ਲਾਫ਼ ਸਾਂਝੇ ‘ਸੰਘ’ ਦੀ ਸਥਾਪਨਾ ਕਰਨੀ ਸੀ।
ਜਿ਼ੰਦਗੀ ਨੇ ਅਜੇ ਹੋਰ ਬਹੁਤ ਸਾਰੀਆਂ ਚੁਣੌਤੀਆਂ ਪੇਸ਼ ਕਰਨੀਆਂ ਸਨ। ਰਿਸ਼ਤੇਦਾਰਾਂ ਨੇ ਇਕੱਠੇ ਹੋ ਕੇ ਵੰਡ-ਵੰਡਾਈ ਕਰਨੀ ਸੀ। ਮਾਂ ਦਾ ਸੰਦੂਕ ਮੈਂ ਮੰਗ ਕੇ ਆਪਣੇ ਹਿੱਸੇ ‘ਚ ਲੈਣਾ ਸੀ। ਦੋ-ਚਾਰ ਭਾਂਡਿਆਂ-ਟੀਂਡਿਆਂ ਦੇ ਨਾਲ ਨਾਲ ਸਭ ਤੋਂ ਛੋਟੇ ਭਾਈ ਨੇ ਵੀ ਸਾਡੇ ਹਿੱਸੇ ਆਉਣਾ ਸੀ। ਫੌਜ ‘ਚ ਨੌਕਰੀ ਕਰਦੇ ਇਸ ਕੁਆਰੇ ਭਰਾ ਨੂੰ ਆਪਣੇ ਨਾਲ ਰੱਖਣ ਦੇ ਫੈਸਲੇ ਨੇ ਅੱਗੇ ਚੱਲ ਕੇ ਮੇਰੇ ਗਲੇ ਦੀ ਹੱਡੀ ਬਣਨਾ ਸੀ। ਭੂਆ ਤੇ ਭੈਣ ਵਰਗੀਆਂ ਕਈ ਰਿਸ਼ਤੇਦਾਰੀਆਂ ਨੇ ਸਾਨੂੰ ਛੱਜ ‘ਚ ਪਾ ਕੇ ਛੱਟਣਾ ਸੀ। ਵੀਹ ਕਮਾ ਕੇ ਚਾਲੀ ਖਰਚ ਕਰਨ ਵਾਲੇ ਇਸ ਭਰਾ ਦੀ ਕਮਾਈ ਖਾਣ ਦੇ ਦੋਸ਼ ਲੱਗਣੇ ਸਨ। ਸਿਮਰ ਲਈ ਇਹ ਤਾਅਨੇ ਹੋਰ ਵੀ ਤਕਲੀਫ਼ਦੇਹ ਹੋਣੇ ਸਨ। ਉਸਨੂੰ ਭੈਣ ਵਰਗੀਆਂ ਨੇ, ‘ਮੇਰੇ ਭਰਾ ਦੀ ਕਮਾਈ ਖਾਈ ਜਾਂਦੀ ਐ। ਇਹਨੇ ਕੁੱਛ ਨ੍ਹੀ ਬਣਨ ਦੇਣਾ ਏਹਦਾ।’ ਵਰਗੇ ਤਾਅਨੇ ਮਾਰਨੇ ਸਨ। ਤਣਾਅ ਕਾਰਨ ਪੈਦਾ ਹੋਏ ਜ਼ਹਿਰੀਲੇ ਨਸ਼ਤਰਾਂ ਨੇ ਮੇਰੇ ਤੇ ਸਿਮਰ ਵਿਚਕਾਰ ਆ ਖੜ੍ਹਨਾ ਸੀ। ਅਜੇ ਜਿਉਣ ਤੋਂ ਮਨ ਉਚਾਟ ਹੋਣਾ ਬਾਕੀ ਸੀ। ਅਜੇ ਤਾਂ ਦਿਮਾਗ ‘ਚ ਖੁਦਕਸ਼ੀ ਵਰਗੇ ਖਿਆਲ ਆਉਣੇ ਸ਼ੁਰੂ ਹੋਣੇ ਸਨ।
ਇਨ੍ਹਾਂ ਦਿਨਾਂ ‘ਚ ਹੀ ਮੈਂ ਇੱਕ ਹੋਰ ਮੁਸੀਬਤ ਹੱਥੀਂ ਸਹੇੜ ਲੈਣੀ ਸੀ। ਕੀ ਰਾਸ਼ਨ, ਕੀ ਕੱਪੜਿਆਂ ਵਾਲੀ ਤੇ ਕੀ ਡਾਕਟਰ-ਪਿੰਡ ਦੀ ਐਸੀ ਕਿਹੜੀ ਦੁਕਾਨ ਸੀ, ਜਿਸਦੇ ਉਧਾਰ ਵਾਲੇ ਖਾਤੇ ‘ਚ ਟੱਬਰ ਦੀ ਲਾਲ ਐਂਟਰੀ ਨਹੀਂ ਸੀ ਹੋਈ ਪਈ। ਜਦੋਂ ਦੀ ਬੀਬੀ ਦੀ ਮੌਤ ਹੋਈ ਸੀ, ਰਿਸ਼ਤੇਦਾਰਾਂ ਨੇ ਘਰ ਨੂੰ ਸੰਨ੍ਹ ਲਾਈ ਹੋਈ ਸੀ।ਮਨਮਰਜ਼ੀ ਦੇ ਕੱਪੜੇ ਪੜਵਾਏ ਸਨ। ਜੀ ਆਇਆ ਰਾਸ਼ਨ-ਪਾਣੀ ਵਰਤਿਆ ਸੀ। ਪਾਪਾ ਜੀ ਦੀ ਮੌਤ ਤੋਂ ਬਾਅਦ ਦੁਕਾਨਾਂ ਵਾਲੇ ਘਰ ਗੇੜਾ ਮਾਰਨ ਲੱਗੇ। ਪਾਪਾ ਜੀ ਦੇ ਨਾਂ ‘ਤੇ ਕੁੱਝ ਪੈਸੇ ਜਮ੍ਹਾਂ ਸਨ। ਕੇਵਲ ਸੱਤ ਕੁ ਹਜ਼ਾਰ। ਪਤਾ ਨਹੀਂ ਕਿਵੇਂ ਬਚੇ ਰਹਿ ਗਏ ਸਨ?
ਦੁਕਾਨਾਂ ਵਾਲਿਆਂ ਨੂੰ ਦੇਣ ਲਈ, ਰਿਸ਼ਤੇਦਾਰਾਂ ਦੀ ਸਹਿਮਤੀ ਨਾਲ ਮੈਂ ਭੱਜ-ਨੱਸ ਕੇ ਕਾਗਜ਼-ਪੱਤਰ ਤਿਆਰ ਕੀਤੇ, ਪੈਸੇ ਕਢਵਾਏ ਤੇ ਦੁਕਾਨਾਂ ਦਾ ਕੁੱਝ ਉਧਾਰ ਲਾਹ ਦਿੱਤਾ। ਇਨ੍ਹਾਂ ਪੈਸਿਆਂ ਨੇ ਘਰ ‘ਚ ਫੇਰ ਧਮੱਚੜ ਪੁਆ ਦਿੱਤਾ। ‘ਖਾ ਗਏਪਾਪਾ ਜੀ ਦੀ ਕਮਾਈ ਖਾ ਗਏ।’ ਦਾ ਰੌਲਾ ਪੈ ਗਿਆ। ਸਾਰੀ ਉਮਰ ਪਾਪਾ ਜੀ ਨੂੰ ਚੂੰਡ-ਚੂੰਡ ਖਾਣ ਵਾਲੇ ਵੀ ਮੇਰੇ ‘ਤੇ ਅਜਿਹੇ ਦੋਸ਼ ਲਾ ਰਹੇ ਸਨ। ਇਨ੍ਹਾਂ ਦੁਕਾਨਾਂ ‘ਚੋਂ ਮੈਂ ਤਾਂ ਕੁੱਝ ਨਹੀਂ ਸੀ ਲਿਆ। ਮੈਂ ਕੀ ਲੈਣਾ ਸੀ ਪੈਸਿਆਂ ਦੇ ਪੰਗੇ ‘ਚ ਪੈ ਕੇ? ਇਨ੍ਹਾਂ ਨਿਗੂਣੇ ਪੈਸਿਆਂ ਨੇ ਅੱਗੇ ਚੱਲ ਕੇ ਪਤਾ ਨਹੀਂ ਕਿੰਨੀ ਕੁ ਮਾਨਸਿਕ ਪੀੜਾ ਦੇਣੀ ਸੀ। ‘ਚਾਰ ਸੌ ਵੀਹ ਕੀਤੀ ਐ। ਝੂਠਾ ਕੇਸ ਬਣਦਾ ਇਹਦੇ ‘ਤੇ। ਪੈਸੇ ਖਾ ਗਿਆ ਹੇਰਾਫੇਰੀ ਨਾਲ ਕਢਵਾ ਕੇ।’ ਜਿੰਨਾ ਦਿਮਾਗੀ ਤਵਾਜ਼ਨ ਹੋਰ ਵਿਗਾੜਨਾ ਸੀ।
ਇਹ ਉਹ ਦਿਨ ਸਨ। ਜਦੋਂ ਸਰਕਾਰੀ ਨੌਕਰੀਆਂ ਦੀ ਸ਼ਰੇਆਮ ਬੋਲੀ ਲੱਗਣ ਦੇ ਚਰਚੇ ਸਨ। ਪੀ ਪੀ ਐਸ ਸੀ ‘ਚ ਸਿੱਧੂ ਦਾ ਰਾਜ ਚੱਲਦਾ ਸੀ। ਬਾਕੀ ਭਰਤੀਆਂ ਲਈ ਵੱਡੇ ਘਰ ਬੈਠ ਕੇ ਲਿਸਟਾਂ ਤਿਆਰ ਹੁੰਦੀਆਂ। ਵਿਦਿਅਕ ਯੋਗਤਾ ਦੀ ਥਾਵੇਂ ਨੋਟਾਂ ਦੀਆਂ ਥੈਲੀਆਂ ਹੀ ਅਸਲ ਯੋਗਤਾ ਬਣ ਗਈਆਂ ਸਨ। ਟੈਸਟ/ਇੰਟਰਵਿਊ ਡਰਾਮੇ ਤੋਂ ਵੱਧ ਕੁੱਝ ਨਹੀਂ ਸਨ ਰਹਿ ਗਏ। ਇਹ ਉਹ ਦਿਨ ਸਨ ਜਦੋਂ ਡਿਗਰੀਆਂ ਮਹਿਜ਼ ਕਾਗਜ਼ ਦੇ ਟੁਕੜੇ ਜਾਪਣ ਲੱਗੀਆਂ ਸਨ।
ਮੇਰੇ ਲਈ ਇਹ ਘੋਰ ਨਿਰਾਸ਼ਾ ਦੇ ਦਿਨ ਸਨ। ਧਮਕੀ ਭਰੀਆਂ ਚਿੱਠੀਆਂ ਕੰਧਾਂ ‘ਤੇ ਲੱਗਦੇ ਭੱਦੇ ਅਤੇ ਸਾਨੂੰ ਦੋਵਾਂ ਨੂੰ ਚਰਿੱਤਰਹੀਣ ਦਰਸਾਉਣ ਵਾਲੇ ਇਸ਼ਤਿਹਾਰਾਂ ਤੇ ਰਾਤ ਨੂੰ ਦਰਵਾਜ਼ੇ ‘ਤੇ ਹੁੰਦੀ ਡਰਾਉਣੀ ‘ਠੱਕ-ਠੱਕ’ ਦੇ ਦਿਨ ਸਨ। ਸਾਰਾ ਆਲਾ ਦੁਆਲਾ ਆਪਣਾ ਵੈਰੀ ਹੋਇਆ ਲੱਗਦਾ ਸੀ। ਇਨ੍ਹਾਂ ਦਿਨਾਂ ‘ਚ ਜੇ ਕੋਈ ਦਰਦੀ ਨਜ਼ਰ ਆਉਂਦਾ ਤਾਂ ਉਹ ਸੀ ‘ਤਰਸੇਮ’। ਉਹ ਆਥਣੇ ਜਿਹੇ ਮੇਰੇ ਵੱਲ ਆ ਜਾਂਦਾ। ਅਸੀਂ ਦੂਰ ਖੇਤਾਂ ਵੱਲ ਨਿਕਲ ਜਾਂਦੇ। ਮੈਂ ਨਵੇਂ ਆਏ ਧਮਕੀ ਪੱਤਰ, ਕੰਧ ‘ਤੇ ਤਾਜ਼ੇ ਲੱਗੇ ਇਸ਼ਤਿਹਾਰ ਅਤੇ ਬੂਹੇ ‘ਚ ਵੱਜੇ ਧੱਕਿਆਂ ਬਾਰੇ ਦੱਸਦਾ। ਚਿੰਤਾ ਨਾਲ ਉਹ ਸੱਜੇ ਅਗੂੰਠੇ ਅਤੇ ਉਂਗਲ ਨਾਲ ਆਪਣੀਆਂ ਪੁੜਪੜੀਆਂ ਘੁੱਟਦਾ। ਮੋਢੇ ‘ਤੇ ਹੱਥ ਰੱਖ ਕੇ ਮੇਰੇ ਨਾਲ ਹਮਦਰਦੀ ਪ੍ਰਗਟ ਕਰਦਾ। ਮੈਨੂੰ ਦਹਿਸ਼ਤ ਭਰੇ ਦਿਨਾਂ ‘ਚ ਚੌਕਸ ਰਹਿਣ ਲਈ ਆਖਦਾ। ਤਰਸੇਮ ਬਿਨਾ ਕੌਣ ਸੀ ਜਿਸ ਨਾਲ ਦੁੱਖ ਸਾਂਝਾ ਕਰਦਾ?
***
ਪਿੰਡ ਦੀ ਉਹੀ ਸਾਂਝੀ ਥਾਂ ਸੀ ਜਿੱਥੇ ਸਾਡੇ ਖਿ਼ਲਾਫ਼ ਸਭ ਤੋਂ ਪਹਿਲਾਂ ਕਈ ਵਾਰ ਇਸ਼ਤਿਹਾਰ ਚਿਪਕੇ ਸਨ। ਬਹੁਤ ਸਾਰੇ ਲੋਕ ਖੜੇ੍ਹ ਸਨ ਪਿੰਡ ਦੀ ਇਸ ਸਾਂਝੀ ਥਾਂ ‘ਤੇ। ਸਭ ਤੋਂ ਛੋਟਾ ਭਰਾ ਸੀ। ਚਾਚੇ ਦਾ ਪੁੱਤ ਸੀਰਾ ਵੀ ੳੱੁਥੇ ਹੀ ਸੀ। ਭਰੇ ਇਕੱਠ ‘ਚ ਇੱਕ ਸ਼ਖਸ ਮੇਰੇ ਮੂਹਰੇ ਮੁਜਰਮਾਂ ਵਾਂਗ ਹੱਥ ਬੰਨ੍ਹੀ ਤੇ ਸਿਰ ਝੁਕਾਈ ਖੜ੍ਹਾ ਸੀ। ਉਸਦਾ ਗੋਰਾ ਨਿਸ਼ੋਹ ਰੰਗ ਸ਼ਰਮ ਤੇ ਡਰ ਨਾਲ ਪੀਲਾ ਹੋਇਆ ਪਿਆ ਸੀ। ਮੇਰੀਆਂ ਅੱਖਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਸੀ ਪੈ ਰਹੀ ਉਸ ‘ਚ। ਛੋਟੇ ਭਰਾ ਅਤੇ ਚਾਚੇ ਦੇ ਪੁੱਤ ਦੀਆਂ ਅੱਖਾਂ ‘ਚ ਬਲਦੀ ਅੱਗ ਨੂੰ ਮੈਂ ਹੱਥ ਦੇ ਇਸ਼ਾਰੇ ਨਾਲ ਮੱਚਣ ਤੋਂ ਰੋਕ ਦਿੱਤਾ ਸੀ।
ਪਿੰਡ ਦੀ ਉਹੀ ਥਾਂ ਹੁਣ ਉਸ ਸ਼ਖਸ ਨੂੰ ਬੇਨਕਾਬ ਕਰੀ ਖੜ੍ਹੀ ਸੀ ਜਿਸਨੇ ਪਿਛਲੇ ਇੱਕ ਸਾਲ ਤੋਂ ਸਾਨੂੰ ਅੱਗ ਦੀ ਭੱਠੀ ‘ਚ ਝੋਕਿਆ ਹੋਇਆ ਸੀ। ਇਹ ਸ਼ਖਸ ਕੰਧਾਂ ‘ਤੇ ਇਸ਼ਤਿਹਾਰ ਲਾਉਂਦਾ, ਧਮਕੀ ਭਰੇ ਪੱਤਰ ਪਾਉਂਦਾ, ਬੂਹਾ ਖੜਕਾ ਕੇ ਹਨੇਰੇ ‘ਚ ਗਾਇਬ ਹੋ ਜਾਂਦਾ ਸੀ। ਭੂਆ ਕੋਲ ਬਹਿ ਕੇ ਸਾਜਿ਼ਸ਼ਾਂ ਘੜ ਜਾਂਦਾ। ਇਹ ਸ਼ਖਸ ਹੁਣ ਮੇਰੇ ਅੱਗੇ ਹੱਥ ਬੰਨ੍ਹ ਕੇ ਮੌਤ ਵਰਗੀ ਬੇਸ਼ਰਮੀ ਧਾਰੀ ਖੜ੍ਹਾ ਸੀ। ਦੁੱਖ ਤੇ ਹੈਰਾਨੀ ਇਸ ਗੱਲ ਦੀ ਕਿ ਇਹ ਸ਼ਖਸ, ਇਹ ਕਹਿੰਦਿਆਂ ਅਜਿਹੀਆਂ ਖੇਡਾਂ ਖੇਡਦਾ ਸੀ, ‘ਸਾਡੀ ਜਾਤ ਦੀ ਕੁੜੀ ਨਾਲ ਵਿਆਹ ਕਰਾ ਲਿਆ। ਹੁਣ ਇਹ ਸਾਰੀ ਉਮਰ ਸਾਨੂੰ ਏਸੇ ਗੱਲ ਦੇ ਮੇਹਣੇ ਮਾਰਿਆ ਕਰੂ।’
ਇਹ ਸ਼ਖਸ ਕੋਈ ਹੋਰ ਨਹੀਂ, ਉਹੀ ਸੀ ਜਿਸਨੂੰ ਮੈਂ ਆਪਣਾ ਸਭ ਤੋਂ ਵੱਡਾ ਦਰਦੀ ਸਮਝਦਾ ਆਇਆ ਸਾਂ।