ਬਲਰਾਜ ਸਾਹਨੀ
ਲੜਾਈ ਦੇ ਜ਼ਮਾਨੇ ਵਿਚ ਉੱਘੇ ਕਲਾਕਾਰਾਂ ਤੇ ਸੰਸਥਾਵਾਂ ਨੂੰ ਵੀ ਅੰਗਰੇਜ਼ੀ ਸਰਕਾਰ ਫਿਲਮ ਬਣਾਉਣ ਦੇ ਲਾਈਸੈਂਸ ਦੇ ਛੱਡਦੀ ਸੀ, ਤੇ ਜੰਗ ਦੀ ਹਿਮਾਇਤ ਕਰਨ ਵਾਲਿਆਂ ਨੂੰ ਆਰਥਕ ਸਹਾਇਤਾ ਵੀ ਪਰ ਪ੍ਰਾਪੇਗੈਂਡਾ ਫਿਲਮਾਂ ਬਣਾਉਣ ਤੋਂ ਪ੍ਰੋਡਿਊਸਰ ਯਰਕਦੇ ਸਨ ਕਿਉਂਕਿ ਲੋਕ ਅਜਿਹੀਆਂ ਫਿਲਮਾਂ ਪਸੰਦ ਨਹੀਂ ਸਨ ਕਰਦੇ। ਕੇਵਲ ‘ਨਿਊ ਥੀਏਟਰਜ਼’ ਦੀ ਇਸ ਤਰ੍ਹਾਂ ਦੀ ਇਕ ਫਿਲਮ ‘ਮਾਈ ਸਿਸਟਰ’ ਹੀ ਕਾਮਯਾਬ ਹੋਈ ਸੀ, ਉਹ ਵੀ ਸਹਿਗਲ ਦੀ ਐਕਟਿੰਗ ਦੇ ਸਹਾਰੇ। ਉਦੇ ਸ਼ੰਕਰ, ਸਾਧਨਾ ਬੋਸ ਆਦਿ ਨੇ ਵੀ ਲਾਈਸੈਂਸ ਲੈ ਕੇ ਫਿਲਮਾਂ ਬਣਾਈਆਂ।
ਇਕ ਲਾਈਸੈਂਸ ਰਫੀਕ ਅਨਵਰ ਨੂੰ ਵੀ ਮਿਲਿਆ ਜਿਸ ਨੇ ਬੁੱਧ ਭਗਵਾਨ ਦੇ ਜੀਵਨ ਉਤੇ ਆਧਾਰਤ ਸਾਧਾਰਨ ਜਿਹਾ ਨਰਿਤ-ਨਾਟ ਲੰਡਨ ਦੇ ਇਕ ਥੀਏਟਰ ਵਿਚ ਪੇਸ਼ ਕੀਤਾ ਸੀ। ਓਦੋਂ ਉਹ ਮੇਰੇ ਨਾਲ ਬੀ.ਬੀ.ਸੀ. ਵਿਚ ਕੰਮ ਕਰਦਾ ਹੁੰਦਾ ਸੀ। ਰਫੀਕ ਦੇ ਲਾਈਸੈਂਸ ਉਤੇ ਅਖੀਰ ਚੇਤਨ ਅਨੰਦ ਨੂੰ ‘ਨੀਚਾ ਨਗਰ’ ਬਣਾਉਣ ਦਾ ਮੌਕਾ ਮਿਲ ਗਿਆ ਪਰ ਇਸ ਸ਼ਰਤ ਉਤੇ ਕਿ ਹੀਰੋ ਰਫੀਕ ਖੁਦ ਹੋਵੇਗਾ। ਮੈਨੂੰ ਹੀਰੋ ਬਣਾਉਣ ਦਾ ਸ਼ੌਕ ਚੇਤਨ ਨੂੰ ਛੱਡਣਾ ਪਿਆ, ਤੇ ਦਮੋ ਇਕੱਲਿਆਂ ਪਿਕਚਰ ਵਿਚ ਕੰਮ ਕਰਨ ਨੂੰ ਤਿਆਰ ਨਾ ਹੋਈ। ਇਸ ਲਈ ਹੀਰੋਇਨ ਲਈ ਚੇਤਨ ਲਾਹੌਰੋਂ ਨਵੀਂ ਲੜਕੀ ਲਿਆਇਆ ਜਿਸ ਦਾ ਨਾਂ ਕਾਮਿਨੀ ਕੌਸ਼ਲ ਸੀ। ਉਹਨੇ ਐਸਾ ਕਮਾਲ ਦਾ ਅਭਿਨੈ ਕੀਤਾ ਕਿ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਉਸ ਦੀਆਂ ਧੁੰਮਾਂ ਪੈ ਗਈਆਂ।
ਏਸ ਦੌਰ ਵਿਚ ਕ੍ਰਿਸ਼ਨ ਚੰਦਰ ਨੇ ਵੀ ਆਪਣੇ ਨਾਟਕ ‘ਸਰਾਏ ਕੇ ਬਾਹਰ’ ਦੇ ਆਧਾਰ ਉਤੇ ਫਿਲਮ ਬਣਾਈ। ਆਪ ਹੀ ਉਸ ਨੂੰ ਡਾਇਰੈਕਟ ਵੀ ਕੀਤਾ। ਮਹਾਨ ਪ੍ਰਗਤੀਵਾਦੀ ਕਵੀ ਵਿਰੇਂਦਰ ਨਾਥ ਚੱਟੋਪਾਧਿਆਏ ਦੇ ਕਦਮਾਂ ਵਿਚ ਉਹਨਾਂ ਦੇ ਇਕ ਉਪਾਸ਼ਕ ਨੇ ‘ਆਜ਼ਾਦੀ’ ਦੀ ਆਦਰਸ਼ਕ ਫਿਲਮ ਬਣਾਉਣ ਲਈ ਆਪਣਾ ਸਾਰਾ ਸਰਮਾਇਆ ਧਰ ਦਿਤਾ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਫਿਲਮੀ ਇਤਿਹਾਸ ਦੇ ਉਸ ਮੋੜ ਉਤੇ ਉੱਚ ਪੱਧਰੀ ਫਿਲਮਾਂ ਬਣਾਉਣ ਲਈ ਸਹੂਲਤਾਂ ਦੀ ਕੋਈ ਘਾਟ ਨਹੀਂ ਸੀ ਸਗੋਂ ਸਹੂਲਤਾਂ ਅੱਗੇ ਵਧ ਕੇ ਬੁਧੀਵਾਨਾਂ ਨੂੰ ਜੱਫੇ ਮਾਰ ਰਹੀਆਂ ਸਨ। ਜੇ ਸੁਯੋਗਤਾ ਨਾਲ ਉਹਨਾਂ ਨੂੰ ਵਰਤਿਆ ਜਾਂਦਾ ਤਾਂ ਅਜ ਹਿੰਦੀ ਫਿਲਮਾਂ ਦੀ ਪੱਧਰ ਕੁਝ ਹੋਰ ਹੋਣੀ ਸੀ ਪਰ ਨਾ ਤਾਂ ਉਹਨਾਂ ਨੇ ਫਿਲਮੀ ਮਾਧਿਅਮ ਦੀਆਂ ਵਿਸ਼ੇਸ਼ ਲੋੜਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਤੇ ਨਾ ਹੀ ਆਪਣੇ ਨਿੱਜੀ ਜੀਵਨ ਨੂੰ ਕਿਸੇ ਸੰਜਮ ਵਿਚ ਰੱਖਿਆ। ਉਹਨਾਂ ਦੀ ਬਣਾਈ ਹਰ ਫਿਲਮ ਨੇ ਲੋਕਾਂ ਦੀਆਂ ਆਸਾਂ ਉਤੇ ਪਾਣੀ ਫੇਰਿਆ। ਨਾ ਸਿਰਫ ਇਹ, ਸਗੋਂ ਆਪਣੀਆਂ ਗਲਤਕਾਰੀਆਂ ਲਈ ਵੀ ਸਾਡੇ ਬੁਧੀਵਾਨ ਉਤਨੇ ਹੀ ਬਦਨਾਮ ਹੋਏ, ਜਿਤਨਾ ਉਹ ਆਪਣੀਆਂ ਲਿਖਤਾਂ ਵਿਚ ਫਿਲਮੀ ਸੇਠਾਂ ਨੂੰ ਕਰਦੇ ਸਨ। ਇਸ ਕਾਰਨ ਅੱਜਕੱਲ੍ਹ ਜਦੋਂ ਵੀ ਮੈਂ ਕਿਸੇ ਨੂੰ ਲੋਕਾਂ ਦੇ ਨੀਵੇਂ ਸੁਆਦਾਂ ਤੇ ਪ੍ਰੋਡਿਊਸਰਾਂ ਦੀਆਂ ਜ਼ਾਹਿਲ ਮੰਗਾਂ ਨੂੰ ਦੋਸ਼ ਦੇਂਦਿਆਂ ਵੇਖਦਾ ਹਾਂ, ਤਾਂ ਮੇਰਾ ਮਨ ਰੋਸ ਨਾਲ ਭਰ ਜਾਂਦਾ ਹੈ ਕਿਉਂਕਿ ਮੈਂ ਸੁਨਹਿਰੀ ਮੌਕਿਆਂ ਨੂੰ ਭੋ ਦੇ ਭਾਅ ਗੁਆਚਦਿਆਂ ਆਪਣੀ ਅੱਖੀਂ ਵੇਖਿਆ ਹੈ।
ਖਵਾਜਾ ਅਹਿਮਦ ਅੱਬਾਸ ਤੇ ਸਾਠੇ ਦੀ ਹਿੰਮਤ ਨਾਲ ‘ਪੀਪਲਜ਼ ਥੀਏਟਰ’ ਨੂੰ ਵੀ ਫਿਲਮ ਬਣਾਉਣ ਦਾ ਲਾਈਸੈਂਸ ਮਿਲ ਗਿਆ। ਏਸੇ ਦੇ ਫਲਸਰੂਪ ‘ਧਰਤੀ ਕੇ ਲਾਲ’ ਫਿਲਮ ਵਜੂਦ ਵਿਚ ਆਈ ਜੋ ਮੇਰੇ ਫਿਲਮੀ ਜੀਵਨ ਦਾ ਪਹਿਲਾ ਮਹਤੱਵਪੂਰਨ ਤਜਰਬਾ ਸੀ।
‘ਧਰਤੀ ਕੇ ਲਾਲ’ ਦੀ ਸਾਰੀ ਵਿਉਂਤ ਖਵਾਜਾ ਅਹਿਮਦ ਅੱਬਾਸ ਨੇ ਬਣਾਈ ਸੀ। ਉਹੀ ਇਸ ਦੇ ਲੇਖਕ ਤੇ ਨਿਰਦੇਸ਼ਕ ਸਨ। ਇਪਟਾ ਦੇ ਤਿੰਨ ਪ੍ਰਾਂਤਿਕ ਰੰਗਮੰਚ ਦੇ ਨਿਰਦੇਸ਼ਕਾਂ ਨੂੰ ਉਹਨਾਂ ਦਾ ਸਹਿਯੋਗੀ ਮੁਕਰਰ ਕੀਤਾ ਗਿਆ। ਉਹ ਸਨ- ਬੰਗਾਲ ਤੋਂ ਸ਼ੰਭੂ ਮਿਤਰਾ, ਮਹਾਰਾਸ਼ਟਰ ਤੋਂ ਬਸੰਤ ਗੁਪਤੇ, ਤੇ ਬੰਬਈ ਤੋਂ ਮੈਂ। ਬੰਗਾਲ ਦੇ ਕਾਲ ਬਾਰੇ ਤਿੰਨ ਪੁਸਤਕਾਂ ਸ਼ਾਹਕਾਰ ਮੰਨੀਆਂ ਜਾਂਦੀਆਂ ਸਨ- ਬਿਜੋਨ ਭੱਟਾਚਾਰੀਆਂ ਦੇ ਦੋ ਨਾਟਕ ‘ਜ਼ਬਾਨ ਬੰਦੀ’ ਤੇ ‘ਨਬਾਨੋ’ ਅਤੇ ਕ੍ਰਿਸ਼ਨ ਚੰਦਰ ਦਾ ਕਾਵਿਮਈ ਨਾਵਲ ‘ਅੰਨਦਾਤਾ’। ਇਹਨਾਂ ਤਿੰਨਾਂ ਨੂੰ ਇਸ ਫਿਲਮ ਦਾ ਆਧਾਰ ਬਣਾਇਆ ਗਿਆ ਪਰ ਜਦੋਂ ਅੱਬਾਸ ਨੇ ਚਿੱਤਰ-ਕਥਾ ਦਾ ਪਹਿਲਾ ਪਾਠਾਂਤਰ ਤਿਆਰ ਕੀਤਾ ਤਾਂ ਬਹੁਤ ਸਾਰੇ ਸਾਥੀਆਂ, ਖਾਸਕਰ ਮੈਨੂੰ ਤੇ ਸ਼ੰਭੂ ਮਿਤਰਾ ਨੂੰ ਸਖਤ ਨਿਰਾਸਤਾ ਹੋਈ। ਜਿੰਨਾ ਅੱਬਾਸ ਦੇ ਨਾਟਕਾਂ ਦਾ ਮੈਂ ਉਤਸ਼ਾਹੀ ਪ੍ਰਸੰਸਕ ਹਾਂ, ਓਨਾ ਹੀ ਉਸ ਦੀਆਂ ਫਿਲਮਾਂ ਦਾ ਨੁਕਤਾਚੀਨ ਵੀ। ਫਿਲਮ ਨਿਰਮਾਣ ਦੀ ਜੋ ਪਰਿਭਾਸ਼ਾ ਅੱਬਾਸ ਆਪਣੇ ਮਨ ਵਿਚ ਧਾਰੀ ਬੈਠਾ ਹੈ, ਉਹ ਸ਼ਾਂਤਾ ਰਾਮ ਦੀ ਤਕਨੀਕ ਵਾਂਗ ਅਸਲੋਂ ਹੀ ਗੈਰ-ਫਿਲਮੀ, ਗਲਤ ਤੇ ਫਰਸੂਦਾ ਹੈ। ਅੱਬਾਸ ਕਥਾ-ਵਸਤੂ ਦੇ ਹਰ ਅੰਗ ਨੂੰ ਸੁਭਾਵਕ ਢੰਗ ਨਾਲ ਉਸਾਰਨ ਦੀ ਥਾਂ ਚਟਪਟੇ ਮਕਾਲਮੇ (ਸੰਵਾਦ), ਸੂਚਕ ਅਲੰਕਾਰ ਤੇ ਬਨਾਵਟੀ ਧਮਾਕਿਆਂ ਦੇ ਲਾਲਚ ਵਿਚ ਪੈ ਜਾਂਦਾ ਹੈ। ਇਰਾਦੇ ਉਸ ਦੇ ਬੜੇ ਨੇਕ ਤੇ ਅਗਾਂਹਵਧੂ ਹੁੰਦੇ ਹਨ ਪਰ ਨਤੀਜੇ ਬੋਰੀਅਤ ਪੈਦਾ ਕਰਦੇ ਹਨ। ਦਰਸ਼ਕ ਉਸ ਦੀਆਂ ਫਿਲਮਾਂ ਵਿਚ ਖੁੱਭਦਾ ਨਹੀਂ। ਉਸ ਨੂੰ ਇੰਜ ਮਹਿਸੂਸ ਹੁੰਦਾ ਹੈ, ਜਿਵੇਂ ਅੱਬਾਸ ਧੌਣ ਤੋਂ ਫੜ ਉਸ ਦਾ ਮਨੋਰੰਜਨ ਕਰਾ ਰਿਹਾ ਹੋਵੇ। ਕਿਸੇ ਨਾ ਕਿਸੇ ਹੱਦ ਤਕ ਇਹ ਰੋਗ ਹਿੰਦੀ ਫਿਲਮਾਂ ਦੇ ਸਾਰੇ ਨਿਰਮਾਤਾਵਾਂ ਨੂੰ ਚੰਬੜਿਆ ਹੋਇਆ ਹੈ। ਉਹ ਉਸ ਕੁਚੱਜੀ ਮਾਂ ਵਾਂਗਰ ਹਨ ਜੋ ਰੋਂਦੇ ਬਾਲ ਨੂੰ ਕੇਵਲ ਲੁਰ-ਲੁਰ ਕਰ ਕੇ ਤੇ ਛਣਕਣੇ ਵਜਾ ਕੇ ਹੀ ਵਰਚਾਉਣਾ ਜਾਣਦੀ ਹੈ। ਲੋਕਾਂ ਨੂੰ ਕਹਾਣੀ ਵਿਚ, ਬਿਨਾਂ ਮਿਰਚ ਮਸਾਲੇ ਲਾਏ, ਕਿਵੇਂ ਕੀਲ ਕੇ ਰੱਖੀਦਾ ਹੈ, ਇਹ ਜਾਚ ਇਹਨਾਂ ਨੂੰ ਅਜੇ ਤਕ ਨਹੀਂ ਆਈ। ਹਾਲੀਵੁਡ ਦੇ ਫਿਲਮਕਾਰਾਂ ਦੀ ਖਾਸੀਅਤ ਇਹ ਹੈ ਕਿ ਉਹ ਝੂਠ ਨੂੰ ਵੀ ਸੱਚ ਬਣਾ ਕੇ ਪੇਸ਼ ਕਰ ਸਕਦੇ ਹਨ ਪਰ ਸਾਡੇ ਹੁਨਰਮੰਦਾਂ ਦੇ ਹੱਥ ਵਿਚ ਸੱਚ ਵੀ ਝੂਠ ਜਾਪਣ ਲਗ ਜਾਂਦਾ ਹੈ ਕਿਉਂਕਿ ਜਦੋਂ ਤੀਕਰ ਇਹ ਚੰਗਾ ਵਿਖਾਲਾ ਨਾ ਕਰ ਲੈਣ, ਇਹਨਾਂ ਨੂੰ ਤਕਨੀਕ ਦਾ ਸੁਆਦ ਹੀ ਨਹੀਂ ਆਉਂਦਾ।
ਅੱਬਾਸ ਨੇ ਆਪਣੀ ਸੋਚ ਦੇ ਆਧਾਰ ਉਤੇ ਸਕਰੀਨ-ਪਲੇ ਨਹੀਂ ਸੀ ਬਣਾਇਆ ਸਗੋਂ ਪਰਲ ਬੱਕ ਦੀ ‘ਗੁੱਡ ਅਰਥ’ ਤੇ ਸਟਾਈਨਬੈੱਕ ਦੀ ‘ਗਰੇਪਸ ਆਫ ਰੈਥ’ ਤੇ ਹੋਰ ਖੌਰੇ ਕਿਥੋਂ-ਕਿਥੋਂ ਦੇ ਮਸਾਲੇ ਆਨੇ-ਬਹਾਨੇ ਘੁਸੇੜ ਛੱਡੇ ਸਨ ਜਿਵੇਂ ਬਿਜੋਨ ਭੱਟਾਚਾਰਜੀ ਤੇ ਕ੍ਰਿਸ਼ਨ ਚੰਦਰ ਦੀਆਂ ਰਚਨਾਵਾਂ ਉਪਰ ਪੂਰਾ ਵਿਸ਼ਵਾਸ ਨਾ ਹੋਵੇ। ਸਾਨੂੰ ਉਹ ਸਕਰੀਨ-ਪਲੇ ਅਜੀਬ ਖਿਚੜੀ ਜਿਹੀ ਜਾਪਿਆ।
ਸ਼ੰਭੂ ਮਿਤਰਾ ਤੇ ਮੈਂ ਯਥਾਰਥਵਾਦੀ ਤਕਨੀਕ ਦਾ ਵਧੇਰੇ ਗਿਆਨ ਰੱਖਦੇ ਸਾਂ। ਬਣੀਆਂ-ਬਣਾਈਆਂ ਲੀਕਾਂ ਉਤੇ ਤੁਰਨ ਤੋਂ ਸਾਨੂੰ ਚਿੜ ਸੀ ਪਰ ਇਕ ਗੱਲ ਸਾਨੂੰ ਵੀ ਭੁੱਲੀ ਹੋਈ ਸੀ। ਉਹ ਇਹ ਕਿ ਬੰਗਾਲ ਦਾ ਕਾਲ ਕੋਈ ਮਨੋਰੰਜਨ ਦਾ ਵਿਸ਼ਾ ਨਹੀਂ ਸੀ, ਤੇ ਫਿਲਮ ਵਿਚ ਮਨੋਰੰਜਨ ਲੋਕਾਂ ਦੀ ਪਹਿਲੀ ਮੰਗ ਹੁੰਦੀ ਹੈ। ਅੱਬਾਸ ਸਹੀ ਰਾਹ ਉਤੇ ਕਦਮ ਪੁੱਟਣ ਤੋਂ ਯਰਕ ਰਿਹਾ ਸੀ, ਤੇ ਅਸੀਂ ਇਕ ਦੀ ਥਾਂ ਦਸ ਕਦਮ ਇਕੱਠੇ ਪੁੱਟਣਾ ਚਾਹੁੰਦੇ ਸਾਂ। ਜ਼ਰੂਰਤ ਸੀ ਇਕ ਦੂਜੇ ਦੇ ਦ੍ਰਿਸ਼ਟੀਕੋਣ ਨੂੰ ਧੀਰਜ ਨਾਲ ਸਮਝਣ ਦੀ ਅਤੇ ਕੋਈ ਸਾਂਝਾ ਦ੍ਰਿਸ਼ਟੀਕੋਣ ਉਸਾਰਨ ਦੀ ਪਰ ਅਜਿਹਾ ਧੀਰਜ ਉਮਰ ਤੇ ਅਨੁਭਵ ਨਾਲ ਆਉਂਦਾ ਹੈ। ਪੜ੍ਹੇ ਹੋਏ ਅਸੀਂ ਹੈ ਸਾਂ ਪਰ ਗੁੜੇ ਹੋਏ ਨਹੀਂ ਸਾਂ। ਬਹਿਸ ਕਰਨ ਦੀ ਥਾਂ ਅਸੀਂ ਝਗੜਦੇ ਸਾਂ। ਦੂਜੇ ਦਾ ਦਿਲ ਜਿੱਤਣ ਦੀ ਥਾਂ ਅਸੀਂ ਆਪਣੀ ਜਿੱਤ ਮੰਨਵਾਉਣਾ ਚਾਹੁੰਦੇ ਸਾਂ।
ਅੱਬਾਸ ਦਾ ਦਾਅਵਾ ਸੀ ਕਿ ਉਹ ਫਿਲਮਾਂ ਨੂੰ ਬਿਹਤਰ ਜਾਣਦਾ ਹੈ। ਸਾਨੂੰ ਹੈਂਕੜ ਸੀ ਕਿ ਅਸੀਂ ਜਨਤਾ ਦੇ ਕਲਾਕਾਰ ਹਾਂ, ਇਨਕਲਾਬੀ ਹਾਂ, ਆਪਣੇ ਅਸੂਲਾਂ ਨਾਲ ਬੇ-ਇਨਸਾਫੀ ਨਹੀਂ ਬਰਦਾਸ਼ਤ ਕਰ ਸਕਦੇ। ਕਮਿਊਨਿਸਟ ਪਾਰਟੀ ਦੀ ਜਥੇਬੰਦੀ ਸਾਡੀ ਪਿੱਠ ਉਤੇ ਸੀ ਜਿਸ ਦੇ ਸਹਿਯੋਗ ਤੋਂ ਬਿਨਾਂ ਫਿਲਮ ਦਾ ਬਣਨਾ ਸੰਭਵ ਨਹੀਂ ਸੀ। ਸੋ, ਅਸੀਂ ਕਿਉਂ ਨਾ ਉਛਲ-ਉਛਲ ਕੇ ਅੱਬਾਸ ਨੂੰ ਨਕੇਲ ਪਾਉਂਦੇ!
‘ਧਰਤੀ ਕੇ ਲਾਲ’ ਕੇਂਦਰੀ ਇਪਟਾ ਦੀ ਯੋਜਨਾ ਸੀ, ਤੇ ਇਸ ਅੰਦਰ ਬੰਗਾਲੀ ਕਲਾਕਾਰਾਂ ਦਾ ਪਲੜਾ ਸਭ ਤੋਂ ਭਾਰਾ ਸੀ। ਕਾਲ ਪੀੜਤਾਂ ਬਾਰੇ ਉਹਨਾਂ ਤੋਂ ਚੰਗੇਰਾ ਮਾਰਗ ਦਰਸ਼ਨ ਕੌਣ ਕਰ ਸਕਦਾ ਸੀ? ਪਰ ਮੁਸ਼ਕਲ ਇਹ ਆ ਬਣੀ ਕਿ ਹਿੰਦੀ ਉਹਨਾਂ ਵਿਚੋਂ ਕੋਈ ਵੀ ਚੱਜ ਦੀ ਨਹੀਂ ਸੀ ਜਾਣਦਾ। ਏਸ ਕਾਰਨ ਬਹਿਸਾਂ ਤੇ ਕੰਮ ਦੋਵੇਂ ਅਮੁੱਕ ਸਿਰ-ਖਪਾਈ ਦੀ ਸ਼ਕਲ ਅਖਤਿਆਰ ਕਰ ਗਏ। ਕਿਤਨਾ-ਕਿਤਨਾ ਚਿਰ ਕੈਮਰਾਮੈਨ ਤੇ ਟੈਕਨੀਸ਼ੀਅਨ ਹੱਥ ਉਤੇ ਹੱਥ ਧਰ ਕੇ ਸਾਡੇ ਫੈਸਲਿਆਂ ਨੂੰ ਉਡੀਕਦੇ। ਕਦੇ ਅੱਬਾਸ ਕੁੜ੍ਹਦਾ ਕਲਪਦਾ ਸਟੂਡੀਓ ਤੋਂ ਬਾਹਰ ਦੌੜ ਜਾਂਦਾ ਤੇ ਅਸੀਂ ਪਿਛੇ-ਪਿਛੇ ਉਸ ਨੂੰ ਮਨਾਉਣ ਤੁਰ ਪੈਂਦੇ, ਤੇ ਕਈ ਵਾਰੀ ਅਸੀਂ ਰੁੱਸ ਬੈਠਦੇ ਤੇ ਉਹ ਸਾਡੇ ਮਿੰਨਤਾਂ-ਤਰਲੇ ਕਰਦਾ। ਸ਼ੂਟਿੰਗ ਦੌਰਾਨ ਇਹੋ ਜਿਹੇ ਤਮਾਸ਼ੇ ਆਰਥਕ ਦ੍ਰਿਸ਼ਟੀਕੋਣ ਤੋਂ ਬੜੇ ਮਹਿੰਗੇ ਪੈਂਦੇ ਹਨ ਪਰ ਇਸ ਗੱਲ ਦਾ ਮੇਰੇ ਜਿਹੇ ‘ਸਹਿਯੋਗੀ ਨਿਰਦੇਸ਼ਕਾਂ’ ਨੂੰ ਨਾ ਇਲਮ ਸੀ, ਨਾ ਖਿਆਲ। ਜੇ ਇਸ ਦੇ ਬਾਵਜੂਦ ਬੇੜੀ ਅਧ-ਵਿਚਕਾਰ ਨਹੀਂ ਡੁੱਬੀ ਤਾਂ ਇਸ ਦਾ ਇਕੋ-ਇਕ ਕਾਰਨ ਸੀ, ਇਪਟਾ ਤੇ ਕਮਿਊਨਿਸਟ ਪਾਰਟੀ ਦਾ ਅਦ੍ਰਿਸ਼ ਡਸਿਪਲਿਨ ਜੋ ਹਰ ਮੈਂਬਰ ਨੂੰ ਹੱਦ ਵਿਚ ਰੱਖਦਾ ਸੀ।
ਇਕ ਪਾਸੇ ਜਿੱਥੇ ਮੇਰਾ ਅੱਬਾਸ ਦੀਆਂ ਫਿਲਮੀ ਗੁਮਰਾਹੀਆਂ ਦਾ ਹੋਰ ਵੀ ਸਖਤੀ ਨਾਲ ਆਲੋਚਨਾ ਕਰਨ ਉਤੇ ਦਿਲ ਕਰਦਾ ਹੈ, ਉਥੇ ਮੈਂ ਉਸ ਦੀ ਅਦੁੱਤੀ ਸਹਿਣਸ਼ੀਲਤਾ ਤੇ ਦੋਸਤ-ਪਰਵਰੀ ਦੀ ਦਾਦ ਦਿੱਤੇ ਬਿਨਾਂ ਵੀ ਨਹੀਂ ਰਹਿ ਸਕਦਾ। ਬੰਬਈ ਵਿਚ ਕਲਾਕਾਰਾਂ ਦੀ ਸਫ ਵਿਚ ਖਲੋਣ ਜੋਗੀ ਥਾਂ ਮੈਨੂੰ ਅੱਬਾਸ ਦੀ ਮਿਹਰਬਾਨੀ ਨਾਲ ਨਸੀਬ ਹੋਈ ਸੀ, ਤੇ ਬਦਲੇ ਵਿਚ ਮੈਂ ਕੁੱਛੜ ਬਹਿ ਕੇ ਉਸ ਦੀ ਦਾੜ੍ਹੀ ਪੁੱਟ ਰਿਹਾ ਸਾਂ ਪਰ ਫੇਰ ਵੀ ਜਣੇ ਨੇ ਸੀਅ ਨਹੀਂ ਸੀ ਕੀਤੀ। (ਚੱਲਦਾ)