ਮਹਿੰਗਾਈ 8 ਸਾਲਾਂ ਦੇ ਸਿਖਰਲੇ ਪੱਧਰ `ਤੇ ਪਹੁੰਚੀ

ਨਵੀਂ ਦਿੱਲੀ: ਖੁਰਾਕੀ ਵਸਤਾਂ ਤੇ ਈਂਧਣ ਕੀਮਤਾਂ ਵਿਚ ਉਛਾਲ ਨਾਲ ਪ੍ਰਚੂਨ ਮਹਿੰਗਾਈ ਅਪਰੈਲ ਵਿਚ 7.79 ਫੀਸਦ ਦੇ ਅੰਕੜੇ ਨਾਲ ਪਿਛਲੇ ਅੱਠ ਸਾਲਾਂ ਵਿਚ ਸਿਖਰਲੇ ਪੱਧਰ ‘ਤੇ ਪੁੱਜ ਗਈ ਹੈ। ਇਹੀ ਵਜ੍ਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੂੰ ਅਗਲੇ ਮਹੀਨੇ ਹੋਣ ਵਾਲੀ ਆਪਣੀ ਸਮੀਖਿਆ ਮੀਟਿੰਗ ਦੌਰਾਨ ਨੀਤੀਗਤ ਵਿਆਜ ਦਰਾਂ ਨੂੰ ਇਕ ਵਾਰ ਫਿਰ ਵਧਾਉਣਾ ਪੈ ਸਕਦਾ ਹੈ। ਵਧਦੀ ਮਹਿੰਗਾਈ ਕਰਕੇ ਆਰ.ਬੀ.ਆਈ. ਨੇ ਪਿਛਲੇ ਹਫਤੇ ਰੈਪੋ ਦਰਾਂ ਵਿਚ 40 ਆਧਾਰ ਅੰਕਾਂ ਦਾ ਵਾਧਾ ਕਰਕੇ ਇਸ ਨੂੰ 4 ਤੋਂ 4.40 ਫੀਸਦ ਕਰ ਦਿੱਤਾ ਸੀ।

ਇਸ ਦੌਰਾਨ ਕੇਂਦਰੀ ਵਿੱਤ ਮੰਤਰਾਲਾ ਆਸਵੰਦ ਹੈ ਕਿ ਆਰ.ਬੀ.ਆਈ. ਤੇ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਨਾਲ ਵਧਦੀ ਮਹਿੰਗਾਈ ਨੂੰ ਠੱਲ੍ਹ ਪਾਉਣ ਤੇ ਕਾਬੂ ਵਿਚ ਰੱਖਣ ‘ਚ ਮਦਦ ਮਿਲੇਗੀ। ਮੰਤਰਾਲੇ ਦਾ ਮੰਨਣਾ ਹੈ ਕਿ ਮੰਗ ਵਿਚ ਹੌਲੀ-ਹੌਲੀ ਸੁਧਾਰ ਆਉਣ ਲੱਗਾ ਹੈ ਤੇ ਮਹਿੰਗਾਈ ਦੇ ਲਗਾਤਾਰ ਸਿਖਰਲੇ ਪੱਧਰ ‘ਤੇ ਬਣੇ ਰਹਿਣ ਦਾ ਜੋਖਮ ਬਹੁਤ ਘੱਟ ਹੈ। ਰੂਸ-ਯੂਕਰੇਨ ਜੰਗ ਕਰਕੇ ਪਿਛਲੇ ਚਾਰ ਮਹੀਨਿਆਂ ਤੋਂ ਮਹਿੰਗਾਈ 6 ਫੀਸਦ ਤੋਂ ਵੱਧ ਹੈ, ਜਿਸ ਨੂੰ ਆਰ.ਬੀ.ਆਈ. ਲਈ ਸੁਖਾਵੀਂ ਸਥਿਤੀ ਨਹੀਂ ਮੰਨਿਆ ਜਾ ਸਕਦਾ।
ਇਸ ਤੋਂ ਪਹਿਲਾਂ ਖਪਤਕਾਰ ਕੀਮਤ ਸੂਚਕ ਅੰਕ (ਸੀ.ਪੀ.ਆਈ.) ਆਧਾਰਿਤ ਪ੍ਰਚੂਨ ਮਹਿੰਗਾਈ ਦਰ ਮਈ 2014 ਵਿਚ ਰਿਕਾਰਡ 8.33 ਫੀਸਦ ਦਰਜ ਕੀਤੀ ਗਈ ਸੀ। ਇਸ ਸਾਲ ਮਾਰਚ ਵਿਚ ਸੀ.ਪੀ.ਆਈ. ਮਹਿੰਗਾਈ 6.95 ਫੀਸਦ ਸੀ ਜਦੋਂਕਿ ਪਿਛਲੇ ਸਾਲ ਅਪਰੈਲ ‘ਚ ਇਹ ਅੰਕੜਾ 4.23 ਫੀਸਦ ਸੀ।
ਕੌਮੀ ਅੰਕੜਾ ਦਫਤਰ ਵੱਲੋਂ ਜਾਰੀ ਡੇਟਾ ਮੁਤਾਬਕ ਖੁਰਾਕੀ ਵਸਤਾਂ ਦੀ ਮਹਿੰਗਾਈ ਦਾ ਮਾਰਚ ਵਿਚ ਜਿਹੜਾ ਅੰਕੜਾ 7.68 ਫੀਸਦ ਸੀ, ਉਹ ਅਪਰੈਲ ਵਿਚ ਵਧ ਕੇ 8.38 ਹੋ ਗਿਆ। ਹਾਲਾਂਕਿ ਪਿਛਲੇ ਸਾਲ ਮਾਰਚ ਵਿਚ ਖੁਰਾਕੀ (ਵਸਤਾਂ ਦੀ) ਮਹਿੰਗਾਈ 1.96 ਫੀਸਦ ਸੀ। ਸਬਜ਼ੀਆਂ ਦੀ ਮਹਿੰਗਾਈ ਦਰ ਮਾਰਚ ਵਿਚ 11.64 ਫੀਸਦ ਸੀ ਜੋ ਅਪਰੈਲ ਵਿਚ ਵਧ ਕੇ 15.41 ਫੀਸਦ ਹੋ ਗਈ। ਖਾਣ ਵਾਲੇ ਤੇਲਾਂ ਤੇ ਬਨਸਪਤੀ ਘਿਓ ਦੀ ਮਹਿੰਗਾਈ 17.28 ਫੀਸਦ ਰਹੀ। ਇਸ ਸਾਲ ਜਨਵਰੀ ਤੋਂ ਪ੍ਰਚੂਨ ਮਹਿੰਗਾਈ 6 ਫੀਸਦ ਤੋਂ ਉਪਰ ਹੈ। ਸਰਕਾਰੀ ਅੰਕੜਿਆਂ ਮੁਤਾਬਕ ਸਨਅਤੀ ਉਤਪਾਦਨ ਮਾਰਚ ਵਿਚ 1.9 ਫੀਸਦ ਅਤੇ ਵਿੱਤੀ ਸਾਲ 2021-22 ਵਿਚ 11.3 ਫੀਸਦ ਵਧਿਆ। ਆਰ.ਬੀ.ਆਈ. ਨੇ ਪਹਿਲਾਂ ਵਿੱਤੀ ਸਾਲ 2022-23 ਵਿਚ ਮਹਿੰਗਾਈ ਦਰ 4.5 ਫੀਸਦ ਰਹਿਣ ਦੀ ਪੇਸ਼ੀਨਗੋਈ ਕੀਤੀ ਸੀ, ਪਰ ਰੂਸ-ਯੂਕਰੇਨ ਵਿਵਾਦ ਕਰਕੇ ਮਗਰੋੋਂ ਇਨ੍ਹਾਂ ਅਨੁਮਾਨਾਂ ਨੂੰ ਸੁਧਾਰ ਕੇ 5.7 ਫੀਸਦ ਕਰ ਦਿੱਤਾ।
ਇਸ ਦੌਰਾਨ ਸਰਕਾਰ ਨੇ ਆਰ.ਬੀ.ਆਈ. ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਮਹਿੰਗਾਈ ਦਰ ਚਾਰ ਫੀਸਦ ਦੇ ਪੱਧਰ ‘ਤੇ ਰਹੇ, ਜਿਸ ਵਿਚ ਉਪਰ ਹੇਠਾਂ ਦੋ ਫੀਸਦ ਦੀ ਗੁੰਜਾਇਸ਼ ਹੋ ਸਕਦੀ ਹੈ। ਆਰ.ਬੀ.ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਮੌਜੂਦਾ ਭੂ-ਸਿਆਸੀ ਹਾਲਾਤ ਕਰਕੇ ਖੁਰਾਕੀ ਕੀਮਤਾਂ ਦੀਆਂ ਵਸਤਾਂ ਵਿਚ ਵਾਧੇ ਦਾ ਉਲਟ ਅਸਰ ਘਰੇਲੂ ਬਾਜ਼ਾਰ ‘ਤੇ ਵੀ ਨਜ਼ਰ ਆਉਣ ਲੱਗਾ ਹੈ ਅਤੇ ਅੱਗੋਂ ਵੀ ਮਹਿੰਗਾਈ ਦਾ ਦਬਾਅ ਜਾਰੀ ਰਹਿਣ ਦੀ ਸੰਭਾਵਨਾ ਹੈ।