ਸੁਨੀਲ ਜਾਖੜ ਨੇ ਕਾਂਗਰਸ ਨੂੰ ਅਲਵਿਦਾ ਆਖੀ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ। ਜਾਖੜ ਨੇ ਕਾਂਗਰਸ ਨੂੰ ‘ਗੁੱਡ ਲੱਕ ਐਂਡ ਗੁੱਡ ਬਾਏ` ਆਖ ਕੇ ਆਪਣੇ ਫੇਸਬੁੱਕ ਪੇਜ `ਤੇ ਦਿਲ ਦੀ ਗੱਲ ਰੱਖੀ।

ਪੰਜਾਬ `ਚ ਕਾਂਗਰਸ ਲਈ ਇਹ ਵੱਡਾ ਝਟਕਾ ਹੈ ਕਿਉਂਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਾਂਗਰਸ ਛੱਡ ਚੁੱਕੇ ਹਨ ਅਤੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਖਿਲਾਫ ਅਨੁਸ਼ਾਸਨੀ ਕਾਰਵਾਈ ਬਕਾਇਆ ਪਈ ਹੈ।
ਸ੍ਰੀ ਜਾਖੜ ਨੇ ਭਵਿੱਖ ਦੇ ਸਿਆਸੀ ਸਫ਼ਰ ਬਾਰੇ ਪੱਤੇ ਅਜੇ ਨਹੀਂ ਖੋਲ੍ਹੇ ਹਨ ਪਰ ਸਾਰੀਆਂ ਸਿਆਸੀ ਧਿਰਾਂ ਦੀਆਂ ਨਜ਼ਰਾਂ ਉਨ੍ਹਾਂ ‘ਤੇ ਟਿਕ ਗਈਆਂ ਹਨ। ਪੰਜਾਬ ਦੇ ਸਿਆਸੀ ਪਿੜ ਵਿਚ ਸੁਨੀਲ ਜਾਖੜ ਦਾ ਅਕਸ ਸਾਫ-ਸੁਥਰਾ ਰਿਹਾ ਹੈ ਅਤੇ ਉਹ ਵੱਡੇ ਹਿੰਦੂ ਚਿਹਰੇ ਵਜੋਂ ਪਛਾਣੇ ਜਾਂਦੇ ਹਨ। ਕੁਝ ਦਿਨ ਪਹਿਲਾਂ ਕਾਂਗਰਸ ਹਾਈਕਮਾਨ ਨੇ ਉਨ੍ਹਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਦੇ ਹੋਏ ਸਾਰੇ ਅਹੁਦੇ ਵਾਪਸ ਲੈ ਲਏ ਸਨ। ਜਾਖੜ ਨੇ ਲਾਈਵ ਹੋ ਕੇ ਸੋਨੀਆ ਗਾਂਧੀ ਨੂੰ ਖਰੀਆਂ-ਖਰੀਆਂ ਸੁਣਾਈਆਂ ਅਤੇ ਅੰਬਿਕਾ ਸੋਨੀ ਖਿਲਾਫ ਵਿੰਨ੍ਹ-ਵਿੰਨ੍ਹ ਕੇ ਨਿਸ਼ਾਨੇ ਲਾਏ।
ਜਾਖੜ ਪਰਿਵਾਰ ਵੱਲੋਂ ਕਾਂਗਰਸ ਨੂੰ ਦਿੱਤੇ ਗਏ 50 ਵਰ੍ਹਿਆਂ ਦਾ ਉਨ੍ਹਾਂ ਜ਼ਿਕਰ ਕੀਤਾ। ਉਨ੍ਹਾਂ ਦੀਆਂ ਗੱਲਾਂ ‘ਚ ਦਰਦ ਵੀ ਦਿਖਿਆ ਅਤੇ ਪਾਰਟੀ ਪ੍ਰਤੀ ਰੰਜ ਵੀ ਨਜ਼ਰ ਆਇਆ। ਜਦੋਂ ਅਮਰਿੰਦਰ ਸਿੰਘ ਤੋਂ ਅਸਤੀਫਾ ਲੈਣ ਮਗਰੋਂ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਬਣਾਏ ਜਾਣ ਦੀ ਗੱਲ ਤੁਰੀ ਸੀ ਤਾਂ ਉਦੋਂ ਅੰਬਿਕਾ ਸੋਨੀ ਨੇ ਬਿਆਨ ਦਾਗ ਦਿੱਤਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਸਿੱਖ ਚਿਹਰਾ ਹੋਣਾ ਚਾਹੀਦਾ ਹੈ। ਉਨ੍ਹਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਕਿਹਾ,”ਪੂਰੇ ਮੁਲਕ ਵਿਚ ਸਿਆਸਤ ਕਰੋ ਪ੍ਰੰਤੂ ਪੰਜਾਬ ਨੂੰ ਬਖ਼ਸ਼ ਦਿਓ। ਪੰਜਾਬ ਦੇ ਬਹੁਤ ਬੁਰੇ ਹਾਲਾਤ ਦੇਖੇ ਹਨ ਅਤੇ ਪੰਜਾਬ ਨੂੰ ਧਰਮ ਦੇ ਨਜ਼ਰੀਏ ਤੋਂ ਨਹੀਂ ਦੇਖਿਆ ਜਾ ਸਕਦਾ ਹੈ।
ਸੂਬੇ ਵਿਚ ਸਭ ਇਕ ਹਨ।“ ਉਨ੍ਹਾਂ ਕਿਹਾ ਕਿ ਅੰਬਿਕਾ ਸੋਨੀ ਨੇ ਹਿੰਦੂਆਂ ਨੂੰ ਬਦਨਾਮ ਕੀਤਾ ਕਿ ਜੇ ਹਿੰਦੂ ਮੁੱਖ ਮੰਤਰੀ ਬਣ ਗਿਆ ਤਾਂ ਪੰਜਾਬ ਵਿਚ ਅੱਗ ਲੱਗ ਜਾਵੇਗੀ ਜਦੋਂ ਕਿ ਇਹ ਕੰਮ ਤਾਂ ਅਤਿਵਾਦ ਦੇ ਦੌਰ ਵਿਚ ਏਕੇ-47 ਵੀ ਨਹੀਂ ਕਰ ਸਕੀ ਸੀ। ਜਾਖੜ ਨੇ ਕਿਹਾ ਕਿ ਦਿੱਲੀ ਵਿਚ ਬੈਠੇ ਆਗੂਆਂ ਨੇ ਪੰਜਾਬ ‘ਚ ਕਾਂਗਰਸ ਦਾ ਬੁਰਾ ਹਾਲ ਕੀਤਾ ਅਤੇ ਸੂਬੇ ਨੂੰ ਅਪਮਾਨਿਤ ਕੀਤਾ।
ਅੰਬਿਕਾ ਸੋਨੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਤੱਕ ਅਜਿਹੇ ਨੇਤਾਵਾਂ ਨੂੰ ਹਟਾਇਆ ਨਹੀਂ ਜਾਂਦਾ, ਉਦੋਂ ਤੱਕ ਪੰਜਾਬ ਤਾਂ ਕੀ, ਦੂਸਰੇ ਸੂਬਿਆਂ ਵਿਚ ਵੀ ਕਾਂਗਰਸ ਦੀ ਸਥਿਤੀ ਸੁਧਰਨ ਵਾਲੀ ਨਹੀਂ ਹੈ। ਉਨ੍ਹਾਂ ਕਾਂਗਰਸ ਵੱਲੋਂ ਲਾਏ ਪੰਜਾਬ ਇੰਚਾਰਜਾਂ ਦੀ ਭੂਮਿਕਾ ਦੀ ਗੱਲ ਵੀ ਰੱਖੀ। ਜਾਖੜ ਨੇ ਕਿਹਾ ਕਿ ਕਾਂਗਰਸ ਚਾਪਲੂਸਾਂ ਵਿਚ ਘਿਰੀ ਹੋਈ ਹੈ।
ਜਾਖੜ ਨੇ ਸੋਨੀਆ ਗਾਂਧੀ ਨੂੰ ਕਿਹਾ ‘ਤੁਸੀਂ ਸਬੰਧ ਨਹੀਂ ਤੋੜੇ, ਮੇਰਾ ਦਿਲ ਤੋੜਿਆ ਹੈ।‘ ਉਨ੍ਹਾਂ ਇਕ ਸ਼ੇਅਰ ਵੀ ਸੁਣਾਇਆ, ‘ਦਿਲ ਭੀ ਤੋੜਾ ਤੋ ਸਲੀਕੇ ਸੇ ਨਾ ਤੋੜਾ ਤੁਮ ਨੇ, ਬੇਵਫਾਈ ਕੇ ਭੀ ਆਦਾਬ ਹੁਆ ਕਰਤੇ ਹੈਂ।‘ ਉਨ੍ਹਾਂ ਕਿਹਾ ਕਿ ਨੋਟਿਸ ਭੇਜਣ ਦੀ ਥਾਂ ‘ਤੇ ਹਾਈਕਮਾਨ ਉਸ ਨਾਲ ਗੱਲ ਕਰ ਸਕਦੀ ਸੀ। ‘ਉਸ ਤਾਰਿਕ ਅਨਵਰ ਨੇ ਮੇਰੇ ਖਿਲਾਫ ਅਨੁਸ਼ਾਸਨੀ ਕਾਰਵਾਈ ਦੀ ਸਿਫਾਰਸ਼ ਕੀਤੀ ਜਿਸ ਨੇ 20 ਸਾਲ ਪਹਿਲਾਂ ਇਹ ਆਖ ਕੇ ਕਾਂਗਰਸ ਛੱਡ ਦਿੱਤੀ ਸੀ ਕਿ ਉਸ ਨੂੰ ਵਿਦੇਸ਼ੀ ਮਹਿਲਾ ਦੀ ਪ੍ਰਧਾਨਗੀ ਕਬੂਲ ਨਹੀਂ ਹੈ।‘ ਉਨ੍ਹਾਂ ਕਿਹਾ ਕਿ ਅੰਬਿਕਾ ਸੋਨੀ ਨੇ ਵੀ ਔਖੇ ਵੇਲਿਆਂ ਵਿਚ ਕਾਂਗਰਸ ਦਾ ਸਾਥ ਛੱਡਿਆ ਸੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਪਾਰਟੀ ਦੀ ਕਮਾਨ ਸੰਭਾਲਣੀ ਚਾਹੀਦੀ ਹੈ ਅਤੇ ਚਿੰਤਨ ਸ਼ਿਵਿਰ ਵਿਚੋਂ ਕੁਝ ਵੀ ਨਹੀਂ ਨਿਕਲਣ ਵਾਲਾ ਹੈ।
ਸੁਨੀਲ ਜਾਖੜ ਦਾ ਸਿਆਸੀ ਸਫ਼ਰ
ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਦੇ ਪਿਤਾ ਬਲਰਾਮ ਜਾਖੜ ਦੋ ਵਾਰ ਲੋਕ ਸਭਾ ਦੇ ਸਪੀਕਰ ਅਤੇ ਕੇਂਦਰੀ ਖੇਤੀ ਮੰਤਰੀ ਰਹੇ। ਇਸ ਤੋਂ ਇਲਾਵਾਵ ਉਹ ਸਾਲ 2004 ਤੋਂ ਲੈ ਕੇ 2009 ਤੱਕ ਮੱਧ ਪ੍ਰਦੇਸ਼ ਦੇ ਰਾਜਪਾਲ ਵੀ ਰਹੇ। 1954 ਵਿਚ ਜੰਮੇ ਸੁਨੀਲ ਜਾਖੜ ਨੇ 2002 ਵਿਚ ਪੰਜਾਬ ਦੀ ਸਿਆਸਤ ਵਿਚ ਕਦਮ ਰੱਖਿਆ ਸੀ। ਉਹ ਲਗਾਤਾਰ 2002, 2007, 2012 ਵਿਚ ਅਬੋਹਰ ਹਲਕੇ ਤੋਂ ਵਿਧਾਇਕ ਬਣੇ। 2012 ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਹ ਵਿਰੋੋਧੀ ਧਿਰ ਦੇ ਨੇਤਾ ਚੁਣੇ ਗਏ ਸਨ। 2017 ਵਿਚ ਉਹ ਗੁਰਦਾਸਪੁਰ ਹਲਕੇ ਦੀ ਜ਼ਿਮਨੀ ਚੋਣ ਜਿੱਤ ਕੇ ਲੋਕ ਸਭਾ ਪਹੁੰਚੇ ਸਨ। ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ।
ਜਾਖੜ ਦੀ ਹਮਾਇਤ `ਚ ਖੜ੍ਹੇ ਨਜਵੋਤ ਸਿੱਧੂ
ਸਾਬਕਾ ਪ੍ਰਧਾਨ ਨਜਵੋਤ ਸਿੱਧੂ ਸੁਨੀਲ ਜਾਖੜ ਦੀ ਹਮਾਇਤ ‘ਤੇ ਖੜ੍ਹੇ ਨਜ਼ਰ ਆਏ। ਜਾਖੜ ਵੱਲੋਂ ਕਾਂਗਰਸ ਨੂੰ ਅਲਵਿਦਾ ਆਖਣ ਮਗਰੋਂ ਸਿੱਧੂ ਨੇ ਟਵੀਟ ਕਰਕੇ ਹਾਈਕਮਾਨ ਨੂੰ ਸੋਨੇ ਦੇ ਗਹਿਣੇ ਵਰਗੇ ਜਾਖੜ ਨੂੰ ਨਾ ਗੁਆਉਣ ਦੀ ਨਸੀਹਤ ਦਿੱਤੀ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਹਰ ਮਸਲੇ ਦਾ ਹੱਲ ਗੱਲਬਾਤ ਜਰੀਏ ਨਿਕਲ ਸਕਦਾ ਹੈ, ਇਸ ਲਈ ਜਾਖੜ ਵਰਗੇ ਆਗੂ ਨੂੰ ਗੁਆਇਆ ਨਹੀਂ ਜਾਣਾ ਚਾਹੀਦਾ ਹੈ।