ਭਗਵੰਤ ਮਾਨ ਵੱਲੋਂ ਜੇਲ੍ਹਾਂ `ਚ ਵੀ.ਆਈ.ਪੀ. ਕਲਚਰ ਖਤਮ ਕਰਨ ਦਾ ਐਲਾਨ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇਲ੍ਹਾਂ ਵਿਚੋਂ ਵੀ.ਆਈ.ਪੀ. ਸੱਭਿਆਚਾਰ ਨੂੰ ਜੜ੍ਹੋਂ ਮਿਟਾਉਣ ਲਈ ਪੰਜਾਬ ਸਰਕਾਰ ਨੇ ਸਾਰੇ ਵੀ.ਆਈ.ਪੀ. ਸੈੱਲਾਂ ਨੂੰ ਖਤਮ ਕਰਨ ਅਤੇ ਇਨ੍ਹਾਂ ਨੂੰ ਪ੍ਰਬੰਧਕੀ ਬਲਾਕਾਂ ਵਿਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿਚ ਬੰਦੀਆਂ ਨੂੰ ਅਦਾਲਤਾਂ ਨੇ ਕਾਨੂੰਨ ਤੋੜਨ ਬਦਲੇ ਸਜ਼ਾਵਾਂ ਦਿੱਤੀਆਂ ਹਨ ਅਤੇ ਉਹ ਜੇਲ੍ਹਾਂ ਵਿਚ ਬੈਠੇ ਸਹੂਲਤਾਂ ਦਾ ਆਨੰਦ ਨਹੀਂ ਮਾਣ ਸਕਦੇ। ਭਗਵੰਤ ਮਾਨ ਨੇ ਕਿਹਾ ਕਿ ਜੇਲ੍ਹਾਂ ਨੂੰ ਹੁਣ ਅਸਲ ਵਿਚ ਸੁਧਾਰ ਘਰ ਬਣਾਇਆ ਜਾਵੇਗਾ, ਜਿਥੇ ਅਪਰਾਧੀਆਂ ਨੂੰ ਆਪਣੇ ਕੀਤੇ ਗੁਨਾਹਾਂ ਦੀ ਅਸਲ ਮਾਅਨਿਆਂ ਵਿਚ ਸਜ਼ਾ ਭੁਗਤਣੀ ਪਵੇਗੀ।
ਸੂਬੇ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਕਈ ਜੇਲ੍ਹਾਂ ਦੇ ਦੌਰੇ ਕੀਤੇ ਸਨ ਤੇ ਸਰਕਾਰ ਨੇ ਵਧੀਕ ਡੀ.ਜੀ.ਪੀ. ਜੇਲ੍ਹ ਵਜੋਂ ਵਰਿੰਦਰ ਕੁਮਾਰ ਨੂੰ ਤਾਇਨਾਤ ਕੀਤਾ ਸੀ। ਪੰਜਾਬ ਦੀਆਂ ਜੇਲ੍ਹਾਂ ਅਕਸਰ ਸੁਰਖੀਆਂ ਵਿਚ ਰਹੀਆਂ ਹਨ। ਜੇਲ੍ਹਾਂ ਵਿਚ ਨਸ਼ੇ ਅਤੇ ਮੋਬਾਈਲ ਫੋਨ ਪਹੁੰਚਣੇ ਹੀ ਬੁਝਾਰਤ ਨਹੀਂ ਬਣਿਆ ਰਹਿੰਦਾ, ਸਗੋਂ ਜੇਲ੍ਹਾਂ ਵਿਚੋਂ ਅਪਰਾਧੀਆਂ ਵੱਲੋਂ ਗੈਰ-ਕਾਨੂੰਨੀ ਗਤੀਵਿਧੀਆਂ ਚਲਾਉਣ ਦੇ ਦੋਸ਼ ਵੀ ਲੱਗਦੇ ਹਨ। ਪੰਜਾਬ ਸਰਕਾਰ ਨੇ ਜੇਲ੍ਹਾਂ ਵਿਚੋਂ ਗਤੀਵਿਧੀਆਂ ਚਲਾਉਂਦੇ ਗੈਂਗਸਟਰਾਂ ਤੇ ਅਪਰਾਧੀਆਂ ਦੇ ਗਠਜੋੜ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਜੇਲ੍ਹਾਂ ਵਿਚੋਂ 710 ਮੋਬਾਈਲ ਫੋਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ 16 ਮਾਰਚ ਤੋਂ 10 ਮਈ ਤੱਕ ਵਿਸ਼ੇਸ਼ ਮੁਹਿੰਮ ਚਲਾਈ ਗਈ।
ਇਸ ਤਹਿਤ ਕੈਦੀਆਂ ਤੋਂ 710 ਦੇ ਕਰੀਬ ਮੋਬਾਈਲ ਫੋਨ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ 16 ਤੋਂ 31 ਮਾਰਚ ਤੱਕ 166 ਮੋਬਾਈਲ ਫੋਨ ਬਰਾਮਦ ਕੀਤੇ ਗਏ। ਪਹਿਲੀ ਤੋਂ 30 ਅਪਰੈਲ ਤੱਕ 354 ਮੋਬਾਈਲ ਬਰਾਮਦ ਹੋਏ। ਇਸ ਤੋਂ ਇਲਾਵਾ ਪਹਿਲੀ ਤੋਂ 10 ਮਈ ਤੱਕ 190 ਮੋਬਾਈਲ ਫੋਨ ਬਰਾਮਦ ਕੀਤੇ ਗਏ।
ਸ੍ਰੀ ਮਾਨ ਨੇ ਦੱਸਿਆ ਕਿ ਇਨ੍ਹਾਂ ਫੋਨਾਂ ਦੀ ਵਰਤੋਂ ਗੈਂਗਸਟਰ ਜਾਂ ਸਮੱਗਲਰ ਜੇਲ੍ਹਾਂ ਤੋਂ ਆਪਣੀਆਂ ਕਾਰਵਾਈਆਂ ਚਲਾਉਣ ਲਈ ਕਰਦੇ ਸਨ। ਮੁੱਖ ਮੰਤਰੀ ਨੇ ਦੱਸਿਆ ਕਿ ਜਿਨ੍ਹਾਂ ਦੇ ਨਾਂ ਉਤੇ ਇਹ ਫੋਨ ਨੰਬਰ ਚੱਲ ਰਹੇ ਹਨ, ਉਨ੍ਹਾਂ ਨੂੰ ਫੜਨ ਲਈ ਜਾਂਚ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਜੇਲ੍ਹਾਂ ਵਿਚੋਂ ਮੋਬਾਈਲ ਬਰਾਮਦ ਹੋਏ ਹਨ, ਉਨ੍ਹਾਂ ਦੇ ਅਧਿਕਾਰੀਆਂ ਤੇ ਸਟਾਫ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਵੇਗੀ।