ਫਰੀਦਕੋਟ: ਬੇਅਦਬੀ ਕਾਂਡ ਵਿਚ ਸਾਜਿਸ਼ਕਾਰ ਵਜੋਂ ਨਾਮਜ਼ਦ ਕੀਤੇ ਗਏ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਚੱਲਦੇ ਮੁਕੱਦਮੇ ਤੱਕ ਜ਼ਮਾਨਤ ‘ਤੇ ਰਿਹਾਅ ਕਰਨ ਦਾ ਹੁਕਮ ਦਿੱਤਾ। ਵਿਸ਼ੇਸ਼ ਜਾਂਚ ਟੀਮ ਡੇਰਾ ਮੁਖੀ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਨ, ਇਸ ਦੇ ਪੱਤਰੇ ਗਲੀਆਂ ਵਿਚ ਖਿਲਾਰਨ ਅਤੇ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਵਿਚ ਮੁੱਖ ਸਾਜਿਸ਼ਕਾਰ ਵਜੋਂ ਨਾਮਜ਼ਦ ਕਰ ਚੁੱਕੀ ਹੈ ਅਤੇ ਇਨ੍ਹਾਂ ਤਿੰਨਾਂ ਮੁਕੱਦਮਿਆਂ ਵਿਚ ਚਲਾਨ ਵੀ ਅਦਾਲਤ ਵਿਚ ਪੇਸ਼ ਹੋ ਗਿਆ ਹੈ।
ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ ਦੇ ਮਾਮਲੇ ਵਿਚ ਡੇਰਾ ਮੁਖੀ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਗਈ ਸੀ। ਅਦਾਲਤ ਨੇ ਇਤਰਾਜ਼ਯੋਗ ਪੋਸਟਰ ਲਗਵਾਉਣ ਅਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਵਿਚ ਖਿਲਾਰਨ ਦੇ ਮਾਮਲੇ ਵਿਚ ਵੀ ਚੱਲਦੇ ਮੁਕੱਦਮੇ ਤੱਕ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਆਪਣੇ ਹੁਕਮ ਵਿਚ ਡੇਰਾ ਮੁਖੀ ਨੂੰ ਸ਼ਰਤਾਂ ਤਹਿਤ ਜ਼ਮਾਨਤ ਦਿੰਦਿਆਂ ਕਿਹਾ ਕਿ ਉਹ ਜੇਕਰ ਜ਼ਮਾਨਤ ‘ਤੇ ਜੇਲ੍ਹ ਵਿਚੋਂ ਬਾਹਰ ਆਉਂਦਾ ਹੈ ਤਾਂ ਕਿਸੇ ਵੀ ਤਰ੍ਹਾਂ ਮਾਮਲੇ ਦੀ ਸੁਣਵਾਈ ਨੂੰ ਪ੍ਰਭਾਵਿਤ ਨਹੀਂ ਕਰੇਗਾ ਅਤੇ ਬਿਨਾਂ ਆਗਿਆ ਵਿਦੇਸ਼ ਨਹੀਂ ਜਾ ਸਕਦਾ। ਅਦਾਲਤ ਨੇ ਡੇਰਾ ਮੁਖੀ ਨੂੰ ਲੋੜ ਪੈਣ ‘ਤੇ ਜਾਂਚ ਟੀਮ ਸਾਹਮਣੇ ਪੇਸ਼ ਹੋਣ ਦੇ ਵੀ ਨਿਰਦੇਸ਼ ਦਿੱਤੇ ਹਨ। ਜਾਂਚ ਟੀਮ ਨੇ ਡੇਰਾ ਮੁਖੀ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਜੇਕਰ ਡੇਰਾ ਮੁਖੀ ਨੂੰ ਇਨ੍ਹਾਂ ਮਾਮਲਿਆਂ ਵਿਚ ਜ਼ਮਾਨਤ ਮਿਲਦੀ ਹੈ ਤਾਂ ਉਹ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਇਸੇ ਤਰ੍ਹਾਂ ਵਧੀਕ ਸੈਸ਼ਨ ਜੱਜ ਦੀ ਅਦਾਲਤ ਵਿਚ ਬਹਿਬਲ ਗੋਲੀ ਕਾਂਡ ਦੀ ਸੁਣਵਾਈ ਹੋਈ। ਸੁਣਵਾਈ ਦੌਰਾਨ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਪਰਮਰਾਜ ਸਿੰਘ ਉਮਰਾਨੰਗਲ ਅਦਾਲਤ ਸਾਹਮਣੇ ਪੇਸ਼ ਨਹੀਂ ਹੋਏ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਚਾਰ ਜੂਨ ਤੱਕ ਮੁਲਤਵੀ ਕਰਦਿਆਂ ਮੁਲਜ਼ਮਾਂ ਨੂੰ ਹਦਾਇਤ ਕੀਤੀ ਕਿ ਉਹ ਅਗਲੀ ਤਰੀਕ ‘ਤੇ ਅਦਾਲਤ ਵਿਚ ਪੇਸ਼ ਹੋਣ ਤਾਂ ਕਿ ਮੁਕੱਦਮੇ ਦੀ ਸੁਣਵਾਈ ਬਕਾਇਦਾ ਤੌਰ ‘ਤੇ ਸ਼ੁਰੂ ਹੋ ਸਕੇ।
ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਦੀ ਸੁਣਵਾਈ 8 ਨੂੰ
ਅੰਮ੍ਰਿਤਸਰ: 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਵਿਚ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਅਦਾਲਤ ਨੇ ਅਗਲੀ ਸੁਣਵਾਈ 8 ਜੁਲਾਈ ਨੂੰ ਨਿਰਧਾਰਤ ਕੀਤੀ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦੇ ਸਾਬਕਾ ਸਹਾਇਕ ਸੁਪਰਵਾਈਜਰ ਕੰਵਲਜੀਤ ਸਿੰਘ ਨੇ ਵੀ ਇਸੇ ਮਾਮਲੇ ਵਿਚ ਇਕ ਦਰਖਾਸਤ ਦੇ ਕੇ ਨਿਆਂ ਦੀ ਮੰਗ ਕੀਤੀ ਹੈ। ਕੇਸ ਦੀ ਸੁਣਵਾਈ ਵੇਲੇ ਪਾਰਟੀ ਆਗੂ ਇਮਾਨ ਸਿੰਘ ਮਾਨ ਨੇ ਆਖਿਆ ਕਿ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਨੇ ਹੁਣ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਹੈ। ਇਸ ਦੌਰਾਨ ਨਿਆਂ ਪ੍ਰਾਪਤ ਕਰਨ ਲਈ ਜੁਡੀਸ਼ਲ ਕਮਿਸ਼ਨ ਵਿਚ ਦਰਖਾਸਤ ਦੇਣ ਪੁੱਜੇ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦੇ ਸਾਬਕਾ ਸਹਾਇਕ ਸੁਪਰਵਾਈਜਰ ਕੰਵਲਜੀਤ ਸਿੰਘ ਨੇ ਇਕ ਹਲਫੀਆ ਬਿਆਨ ਸੌਂਪਦਿਆਂ ਦੋਸ਼ ਲਾਇਆ ਹੈ ਕਿ ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਉਸ ਨੂੰ ਸ਼ਿਕਾਰ ਬਣਾਇਆ ਗਿਆ ਹੈ, ਜਦਕਿ ਉਸ ਨੇ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀਆਂ ਦੇ ਕਹਿਣ ‘ਤੇ ਹੀ ਲੋਕਾਂ ਨੂੰ ਪਾਵਨ ਸਰੂਪ ਦਿੱਤੇ ਸਨ। ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਸੇਵਾਮੁਕਤੀ ਵੇਲੇ ਵੀ ਬਣਦੇ ਲਾਭ ਨਹੀਂ ਦਿੱਤੇ ਗਏ।