ਮਾਨ ਸਰਕਾਰ ਨੇ ਹੁਣ ‘ਕੁੰਡੀ ਹਟਾਓ’ ਮੁਹਿੰਮ ਵਿੱਢੀ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਬਿਜਲੀ ਖੇਤਰ ਵਿਚ ਸੁਧਾਰਾਂ ਲਈ ‘ਕੁੰਡੀ ਹਟਾਓ’ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਪੰਜਾਬ ਵਿਚ ਹਰ ਵਰ੍ਹੇ ਔਸਤ 1200 ਕਰੋੜ ਰੁਪਏ ਦੀ ਬਿਜਲੀ ਚੋਰੀ ਹੋ ਰਹੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਪਾਵਰਕੌਮ ਨੂੰ ਬਿਜਲੀ ਚੋਰੀ ਰੋਕਣ ਲਈ ਫੌਰੀ ‘ਤੇ ਸਖਤ ਕਦਮ ਉਠਾਉਣ ਦੀ ਹਦਾਇਤ ਕੀਤੀ ਹੈ। ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦੌਰਾਨ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਜਲੀ ਚੋਰੀ ਰੋਕਣ ਲਈ ਵੀ ਮੁਹਿੰਮ ਵਿੱਢ ਦਿੱਤੀ ਹੈ। ਦੱਸਣਯੋਗ ਹੈ ਕਿ ਪਾਵਰਕੌਮ ਨੇ ਤਰਨ ਤਾਰਨ ਜਿਲ੍ਹੇ ਦੇ ਭਿੱਖੀਵਿੰਡ ਵਿਚ ਇਕ ਡੇਰੇ ‘ਚ ਚੱਲ ਰਹੀ ਸਿੱਧੀ ਕੁੰਡੀ ਫੜੀ ਹੈ ਜਿੱਥੇ ਪ੍ਰਾਈਵੇਟ ਟਰਾਂਸਫਾਰਮਰ ਰੱਖ ਕੇ ਸਿੱਧੀ ਵੱਡੀ ਲਾਈਨ ਤੋਂ ਕੁੰਡੀ ਪਾਈ ਹੋਈ ਸੀ। ਇਸ ਡੇਰੇ ਵਿਚ 17 ਏ.ਸੀ., ਸੱਤ ਗੀਜ਼ਰ, ਚਾਰ ਮੋਟਰਾਂ, 196 ਬੱਲਬ ਅਤੇ 67 ਪੱਖੇ ਫੜੇ ਗਏ ਹਨ। ਪਾਵਰਕੌਮ ਨੇ ਇਸ ਡੇਰੇ ਨੂੰ 26 ਲੱਖ ਰੁਪਏ ਦਾ ਨੋਟਿਸ ਭੇਜ ਦਿੱਤਾ ਹੈ।
ਪਾਵਰਕੌਮ ਨੇ ਲੁਧਿਆਣਾ ਦੀ ਗਿੱਲ ਰੋਡ ‘ਤੇ ਪੰਜਾਬ ਪੁਲਿਸ ਦੇ ਨਾਰਕੋਟਿਕਸ ਸੈੱਲ (ਥਾਣਾ) ‘ਤੇ ਛਾਪਾ ਮਾਰਿਆ ਜਿੱਥੇ ਸਿੱਧੀ ਕੁੰਡੀ ਚੱਲ ਰਹੀ ਸੀ। ਬਿਜਲੀ ਚੋਰੀ ਨਾਲ ਇਸ ਥਾਣੇ ਵਿਚ 7 ਏਸੀ ਚੱਲ ਰਹੇ ਸਨ। ਪਾਵਰਕੌਮ ਟੀਮ ਨੇ ਇਸ ਦੀਆਂ ਤਾਰਾਂ ਕੱਟ ਦਿੱਤੀਆਂ ਹਨ। ਥਾਣੇ ਨੂੰ ਹੁਣ ਜੁਰਮਾਨਾ ਪਾਇਆ ਜਾਣਾ ਹੈ। ਪਾਵਰਕੌਮ ਵੱਲੋਂ ਬਿਜਲੀ ਚੋਰੀ ਦੀ ਸੂਚਨਾ ਦੇਣ ਲਈ ਜਾਰੀ ਕੀਤੇ ਵਿਸ਼ੇਸ਼ ਵਟਸਐਪ ਨੰਬਰ 96461-75770 ‘ਤੇ ਬਿਜਲੀ ਚੋਰੀ ਦੀਆਂ ਸੂਚਨਾਵਾਂ ਦਾ ਹੜ੍ਹ ਆ ਗਿਆ ਹੈ। ਸੂਤਰ ਦੱਸਦੇ ਹਨ ਕਿ ਇਨ੍ਹਾਂ ਸੂਚਨਾਵਾਂ ਦੇ ਆਧਾਰ ‘ਤੇ ਪਾਵਰਕੌਮ ਵੱਲੋਂ ਟੀਮਾਂ ਭੇਜੀਆਂ ਜਾ ਰਹੀਆਂ ਹਨ।
ਪਾਵਰਕੌਮ ਟੀਮਾਂ ਨੇ ਹੋਰ ਵੀ ਡੇਰੇ ਤੇ ਧਾਰਮਿਕ ਅਸਥਾਨ ਬਿਜਲੀ ਚੋਰੀ ਕਰਦੇ ਫੜੇ ਹਨ। ਬਠਿੰਡਾ ਦੇ ਐਸ.ਐਸ.ਪੀ. ਨੇ ਪਹਿਲਕਦਮੀ ਕਰਦਿਆਂ ਸਮੂਹ ਪੁਲਿਸ ਦਫਤਰਾਂ ਅਤੇ ਥਾਣਿਆਂ ਨੂੰ ਲਿਖਤੀ ਹੁਕਮ ਜਾਰੀ ਕਰ ਦਿੱਤੇ ਹਨ ਕਿ ਜਿੱਥੇ ਕਿਤੇ ਵੀ ਪੁਲਿਸ ਇਮਾਰਤ ਵਿਚ ਅਣਅਧਿਕਾਰਤ ਏਸੀ ਚੱਲ ਰਹੇ ਹਨ, ਉਨ੍ਹਾਂ ਨੂੰ ਫੌਰੀ ਹਟਾ ਦਿੱਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਕਿਸੇ ਪੁਲਿਸ ਇਮਾਰਤ ਵਿਚ ਅਣਅਧਿਕਾਰਤ ਏਸੀ ਪਾਵਰਕੌਮ ਦੀ ਚੈਕਿੰਗ ਦੌਰਾਨ ਫੜਿਆ ਜਾਂਦਾ ਹੈ ਤਾਂ ਉਸ ਦਾ ਸਾਰਾ ਜੁਰਮਾਨਾ ਸਬੰਧਤ ਅਧਿਕਾਰੀ ਨੂੰ ਪੱਲਿਓਂ ਤਾਰਨਾ ਪਵੇਗਾ।
ਪ੍ਰਾਪਤ ਵੇਰਵਿਆਂ ਅਨੁਸਾਰ ਪਾਵਰਕੌਮ ਨੇ ‘ਕੁੰਡੀ ਹਟਾਓ’ ਮੁਹਿੰਮ ਤਹਿਤ ਬਿਜਲੀ ਚੋਰੀ ਕਰਨ ਵਾਲੇ 584 ਖਪਤਕਾਰਾਂ ਨੂੰ 88 ਲੱਖ ਰੁਪਏ ਦੇ ਜਰਮਾਨੇ ਪਾਏ ਹਨ। ਅੰਮ੍ਰਿਤਸਰ ਦੀ ਉਦੋਕੇ ਸਬ-ਡਿਵੀਜ਼ਨ ਵਿਚ ਪੈਂਦੇ ਡੇਰਾ ਸਰਹਾਲਾ ਨੇੜੇ ਜੈਂਤੀਪੁਰ ਦੀ ਜਦੋਂ ਚੈਕਿੰਗ ਕੀਤੀ ਗਈ ਤਾਂ ਕਰੀਬ 29 ਕਿੱਲੋਵਾਟ ਲੋਡ ਮੀਟਰ ਨੂੰ ਬਾਈਪਾਸ ਕਰਕੇ ਸਿੱਧਾ ਚੱਲ ਰਿਹਾ ਸੀ। ਇਸ ਡੇਰੇ ਨੂੰ ਬਿਜਲੀ ਚੋਰੀ ਬਦਲੇ 5.12 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਲੁਧਿਆਣਾ ਦੇ ਜਮਾਲਪੁਰ ‘ਚ ਇਕ ਧਾਰਮਿਕ ਥਾਂ ‘ਤੇ ਸਿੱਧੀ ਕੁੰਡੀ ਲਗਾ ਕੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ ਜਿਸ ਨੂੰ 9.43 ਲੱਖ ਰੁਪਏ ਜੁਰਮਾਨਾ ਪਾਇਆ ਗਿਆ ਹੈ। ਲੁਧਿਆਣਾ ਦੇ ਗਿੱਲ ਰੋਡ ਥਾਣੇ ਨੂੰ ਬਿਜਲੀ ਚੋਰੀ ਦੇ ਕੇਸ ‘ਚ 8 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਇਸੇ ਤਰ੍ਹਾਂ ਹੀ ਜਲੰਧਰ ਦੇ ਪੀ.ਏ.ਪੀ. ਕੰਪਲੈਕਸ ਦੇ 23 ਘਰਾਂ ਵਿਚ ਬਿਜਲੀ ਚੋਰੀ ਫੜੀ ਗਈ ਹੈ ਜਿਨ੍ਹਾਂ 6.23 ਲੱਖ ਦੇ ਜਰਮਾਨੇ ਪਾਏ ਗਏ ਹਨ।