ਲਾਸ ਵੇਗਸ `ਚ ਪਹਿਲੇ ਦਸਤਾਰਧਾਰੀ ਪੁਲਿਸ ਅਫਸਰ ਦੀ ਭਰਤੀ

ਲਾਸ ਵੇਗਸ: ਲਾਸ ਵੇਗਸ ਮੈਟਰੋਪਾਲਿਟਨ ਪੁਲਿਸ ਵਿਭਾਗ ਨੇ 46 ਨਵੇਂ ਪੁਲਿਸ ਅਫਸਰ ਭਰਤੀ ਕੀਤੇ ਹਨ ਜਿਨ੍ਹਾਂ ਵਿਚ ਦਸਤਾਰਧਾਰੀ ਸਿੱਖ ਨੌਜਵਾਨ ਕਬੀਰ ਸਿੰਘ ਕੰਬੋਜ ਵੀ ਸ਼ਾਮਿਲ ਹੈ। ਲਾਸ ਵੇਗਸ ਪੁਲਿਸ ਵਿਚ ਕਬੀਰ ਸਿੰਘ ਕੰਬੋਜ ਪਹਿਲਾ ਦਸਤਾਰਧਾਰੀ ਸਿੱਖ ਪੁਲਿਸ ਅਫਸਰ ਹੈ।

ਇਥੋਂ ਦੇ ਓਰਲੀਨਜ਼ ਹੋਟਲ ਅਤੇ ਕੈਸੀਨੋ ਵਿਚ ਹੋਏ ਗਰੈਜੂਏਸ਼ਨ ਸਮਾਗਮ ਦੌਰਾਨ ਨਵੇਂ ਪੁਲਿਸ ਅਫਸਰਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ।
ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ 46 ਵਿਚੋਂ 21 ਗਰੈਜੂਏਟ ਪੰਜਾਬੀ, ਸਪੈਨਿਸ਼, ਰੂਸੀ, ਬੁਲਗਾਰੀਅਨ, ਟੈਗਾਲੌਗ, ਕੈਂਟਨੀਜ਼, ਵੀਅਤਨਾਮੀ ਆਦਿ ਬੋਲੀਆਂ ਬੋਲ ਸਕਦੇ ਹਨ। ਇਨ੍ਹਾਂ ਵਿਚੋਂ 40 ਲੜਕੇ ਅਤੇ 6 ਲੜਕੀਆਂ ਹਨ।
ਕਬੀਰ ਸਿੰਘ ਕੰਬੋਜ ਲਾਸ ਵੇਗਸ ਆਉਣ ਤੋਂ ਪਹਿਲਾਂ ਦੱਖਣੀ ਕੈਲੀਫੋਰਨੀਆ ਦੀ ਔਰੇਂਜ ਕਾਊਂਟੀ ਦੇ ਸਕੂਲ ਤੇ ਕਾਲਜ ਵਿਚ ਪੜ੍ਹਿਆ। ਉਸ ਨੇ ਕਿਹਾ ਕਿ ਇਸ ਰੁਤਬੇ ਤੱਕ ਪੁੱਜਣ ਵਿਚ ਉਸ ਦੇ ਮਾਪਿਆਂ, ਮਿੱਤਰਾਂ-ਦੋਸਤਾਂ, ਖਾਸਕਰ ਪਤਨੀ ਅੰਜਲੀ ਦਾ ਵੱਡਾ ਯੋਗਦਾਨ ਹੈ। ਉਸ ਦੇ ਦੇ ਪਿਤਾ ਹਰਜਿੰਦਰ ਸਿੰਘ ਕੰਬੋਜ ਨੇ ਕਿਹਾ ਕਿ ਉਸ ਨੂੰ ਪੁੱਤਰ ਦੀ ਪ੍ਰਾਪਤੀ ‘ਤੇ ਮਾਣ ਹੈ। ਇਹ ਅਸਲ ਵਿਚ ਸਮੁੱਚੇ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਇਸੇ ਦੌਰਾਨ ਭਾਈਚਾਰੇ ਦੇ ਆਗੂਆਂ ਨੇ ਕਬੀਰ ਸਿੰਘ ਕੰਬੋਜ ਨੂੰ ਗੁਰਦੁਆਰੇ ਸਨਮਾਨਤ ਕਰਨ ਦੀ ਮੰਗ ਰੱਖੀ ਹੈ।