ਕਰਨਾਟਕ ਸਰਕਾਰ ਨੇ ਸ਼ਹੀਦ-ਏ-ਆਜ਼ਮ ਬਾਰੇ ਲੇਖ ਸਿਲੇਬਸ `ਚੋਂ ਹਟਾਇਆ

ਨਵੀਂ ਦਿੱਲੀ: ਕਰਨਾਟਕ ਸਰਕਾਰ ਨੇ 10ਵੀਂ ਦੀ ਕੰਨੜ ਦੀ ਕਿਤਾਬ ਵਿਚ ਸੋਧ ਕਰਕੇ ਨਵਾਂ ਸਿਲੇਬਸ ਜੋੜਿਆ ਹੈ, ਜਿਸ ਦਾ ਆਮ ਆਦਮੀ ਪਾਰਟੀ ਆਗੂਆਂ ਵੱਲੋਂ ਵਿਰੋਧ ਕੀਤਾ ਗਿਆ ਹੈ। ਇਸ ਦੌਰਾਨ ਖਰੜ ਤੋਂ ਆਪ ਵਿਧਾਇਕ ਅਨਮੋਲ ਗਗਨ ਮਾਨ ਤੇ ਜਲਾਲਾਬਾਦ ਤੋਂ ‘ਆਪ’ ਵਿਧਾਇਕ ਜਗਦੀਪ ਸਿੰਘ ਗੋਲਡੀ ਨੇ ਵੀ ਇਸ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹੀਦ ਭਗਤ ਸਿੰਘ ਜੀ ਦਾ ਨਾਂ ਕਰਨਾਟਕ ਦੇ ਸਕੂਲਾਂ ਦੀਆਂ ਕਿਤਾਬਾਂ ਵਿਚ ਹਟਾਉਣਾ ਭਾਜਪਾ ਦੀ ਮਾਨਸਿਕਤਾ ਦਰਸਾਉਂਦਾ ਹੈ। ਦੇਸ਼ ਵਿਚ ਕਦੇ ਵੀ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਅਪਮਾਨ ਸਹਿਣ ਨਹੀਂ ਕਰੇਗਾ। ਭਾਜਪਾ ਸਰਕਾਰ ਤੁਰਤ ਦੇਸ਼ ਵਿਰੋਧੀ ਫੈਸਲਾ ਵਾਪਸ ਲਵੇ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਕੂਲ ਦੀ ਕਿਤਾਬ ਵਿਚੋਂ ਸ਼ਹੀਦੇ ਆਜ਼ਮ ਭਗਤ ਸਿੰਘ ਬਾਰੇ ਪਾਠ ਨੂੰ ਹਟਾਉਣ ਲਈ ਕਰਨਾਟਕ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਉਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਮਹਾਨ ਆਜ਼ਾਦੀ ਘੁਲਾਟੀਏ ਦੀ ਸ਼ਹਾਦਤ ਦਾ ਅਪਮਾਨ ਹੈ ਅਤੇ ਕਰਨਾਟਕ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ। ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਟਵੀਟ ਕੀਤਾ ਕਿ ਦੇਸ਼ ਆਪਣੇ ਸ਼ਹੀਦਾਂ ਦਾ ਇਸ ਤਰ੍ਹਾਂ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ।
ਉਨ੍ਹਾਂ ਭਾਜਪਾ ਨੂੰ ਸਵਾਲ ਕੀਤਾ ਕਿ ਉਸ ਦੇ ਲੋਕ ਭਗਤ ਸਿੰਘ ਨੂੰ ਇੰਨੀ ਨਫਰਤ ਕਿਉਂ ਕਰਦੇ ਹਨ। ਆਲ ਇੰਡੀਆ ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ (ਏ.ਆਈ.ਡੀ.ਐਸ.ਓ.) ਅਤੇ ਆਲ ਇੰਡੀਆ ਸੇਵ ਐਜੂਕੇਸ਼ਨ ਕਮੇਟੀ (ਏ.ਆਈ.ਐਸ.ਈ.ਸੀ.) ਸਮੇਤ ਕੁਝ ਸੰਗਠਨਾਂ ਨੇ ਦਾਅਵਾ ਕੀਤਾ ਹੈ ਕਿ ਕਰਨਾਟਕ ਸਰਕਾਰ ਨੇ ਸਕੂਲ ਦੀ ਕਿਤਾਬ ਵਿਚੋਂ ਭਗਤ ਸਿੰਘ ਬਾਰੇ ਪਾਠ ਹਟਾ ਦਿੱਤਾ ਹੈ ਅਤੇ 10ਵੀਂ ਜਮਾਤ ਦੀ ਸੋਧੀ ਕੰਨੜ ਕਿਤਾਬ ਵਿਚ ਆਰ.ਐਸ.ਐਸ. ਸੰਸਥਾਪਕ ਕੇਸ਼ਵ ਬਲੀਰਾਮ ਹੇਡਗੇਵਾਰ ਦਾ ਭਾਸ਼ਨ ਸ਼ਾਮਲ ਕੀਤਾ ਹੈ।