ਵਿਵੇਕ ਅਗਨੀਹੋਤਰੀ ਦਾ ਸਿੱਖ ਕਤਲੇਆਮ ਦਾ ਕਪਟੀ ਸ਼ੋਸ਼ਣ

ਗੁਰਪ੍ਰੀਤ ਸਿੰਘ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਵਿਵੇਕ ਅਗਨੀਹੋਤਰੀ ਦੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੇ ਕਸ਼ਮੀਰ ਬਾਰੇ ਬੜੀ ਕੋਝੀ ਚਰਚਾ ਛੇੜੀ ਸੀ। ਇਸ ਵਿਚ ਕਸ਼ਮੀਰ ਦੀਆਂ ਘਟਨਾਵਾਂ ਨੂੰ ਤੋੜ-ਮਰੋੜ ਕੇ ਅਤੇ ਹਿੰਦੂਤਵੀ ਰੰਗ ਵਿਚ ਪੇਸ਼ ਕੀਤਾ ਗਿਆ ਸੀ। ਹੁਣ ਇਹੀ ਫਿਲਮਸਾਜ਼ 1984 ਦੇ ਸਿੱਖ ਕਤਲੇਆਮ ਬਾਰੇ ਫਿਲਮ ‘ਦਿ ਦਿੱਲੀ ਫਾਈਲਜ਼’ ਬਣਾ ਰਿਹਾ ਹੈ। ਕੈਨੇਡਾ ਵੱਸਦੇ ਪੱਤਰਕਾਰ ਗੁਰਪ੍ਰੀਤ ਸਿੰਘ ਨੇ ਇਹ ਫਿਲਮ ਬਣਾਏ ਜਾਣ ਦੇ ਮਕਸਦ ਬਾਰੇ ਵਿਸਥਾਰ ਸਹਿਤ ਚਰਚਾ ਆਪਣੇ ਲੇਖ ਵਿਚ ਕੀਤੀ ਹੈ। ਇਸ ਲੇਖ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ।

ਵਿਵੇਕ ਅਗਨੀਹੋਤਰੀ ਦੀ ਆਉਣ ਵਾਲੀ ਫਿਲਮ ‘ਦਿ ਦਿੱਲੀ ਫਾਈਲਜ਼’ ਦੇ ਮੋਸ਼ਨ ਪੋਸਟਰ ਵਿਚ ਖੂਨ ਨਾਲ ਗੜੁੱਚ ਰਾਸ਼ਟਰੀ ਚਿੰਨ੍ਹ ਦੇ ਅੰਦਰ ਇਕ ਸਿੱਖ ਲੜਕੇ ਦਾ ਪਰਛਾਵਾਂ ਮਦਦ ਲਈ ਪੁਕਾਰਦਾ ਨਜ਼ਰ ਆਉਂਦਾ ਹੈ, ਇਸ ਦੇ ਪਿਛੋਕੜ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੂਲ ਮੰਤਰ ਦੀ ਆਵਾਜ਼ ਹੈ, ਉਸ ਤੋਂ ਬਾਅਦ ਫੌਜੀ ਬੂਟਾਂ ਦੀ ਪੈੜਚਾਲ, ਗੋਲੀਆਂ ਅਤੇ ਚੀਕਾਂ ਦੀ ਆਵਾਜ਼ ਹੈ। ਇਹ ਫਿਲਮ ਜੋ ਇਸ ਸਾਲ ਅਕਤੂਬਰ ਵਿਚ ਰਿਲੀਜ਼ ਕੀਤੀ ਜਾਣੀ ਹੈ, ਸਪਸ਼ਟ ਤੌਰ ‘ਤੇ ਨਵੰਬਰ 1984 ਦੇ ਸਿੱਖ ਕਤਲੇਆਮ ‘ਤੇ ਆਧਾਰਿਤ ਹੈ। ਹਾਲਾਂਕਿ ਅਗਨੀਹੋਤਰੀ ਨੇ ਦਾਅਵਾ ਕੀਤਾ ਹੈ ਕਿ ਇਹ ਆਮ ਤੌਰ ‘ਤੇ ਇਸ ਨੂੰ ਲੈ ਕੇ ਹੈ ਕਿ “ਇੰਨੇ ਸਾਲਾਂ ਤੋਂ ਦਿੱਲੀ ‘ਭਾਰਤ’ ਨੂੰ ਕਿਵੇਂ ਤਬਾਹ ਕਰਦੀ ਆ ਰਹੀ ਹੈ।” ਇਹ ‘ਦਿ ਤਾਸ਼ਕੰਦ ਫਾਈਲਜ਼’ ਜਿਸ ਨੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਮੌਤ ਬਾਰੇ ਬੇਹੂਦਾ ਅਟਕਲਪੱਚੂ ਲਗਾਏ ਅਤੇ ਕਸ਼ਮੀਰੀ ਪੰਡਤਾਂ ਦੀ ‘ਨਸਲਕੁਸ਼ੀ’ ਬਾਬਤ ‘ਦਿ ਕਸ਼ਮੀਰ ਫਾਈਲਜ਼’ ਤੋਂ ਬਾਅਦ ਇਤਿਹਾਸ ਨੂੰ ਸੋਧਣ ਵਾਲੀ ਉਸ ਦੀ ਤ੍ਰਿਲੜੀ ਦੀ ਅੰਤਿਮ ਕਿਸ਼ਤ ਹੋਵੇਗੀ।
1984 ਦਾ ਕਤਲੇਆਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸ ਦੇ ਸਿੱਖ ਅੰਗ ਰੱਖਿਅਕਾਂ ਵੱਲੋਂ ਕਤਲ ਕਰ ਦੇਣ ਤੋਂ ਬਾਦ ਹੋਇਆ, ਜੋ ਸਿੱਖ ਧਰਮ ਦੇ ਸਭ ਤੋਂ ਪਾਵਨ ਅਸਥਾਨ, ਦਰਬਾਰ ਸਾਹਿਬ ਅੰਮ੍ਰਿਤਸਰ ਉੱਪਰ ਉਸ ਵੱਲੋਂ ਕਰਵਾਏ ਗਏ ਬੇਹੂਦਾ ਫੌਜੀ ਹਮਲੇ ਦਾ ਬਦਲਾ ਲੈਣਾ ਚਾਹੁੰਦੇ ਸਨ। ਸ਼੍ਰੀਮਤੀ ਗਾਂਧੀ ਨੇ ਦਾਅਵਾ ਕੀਤਾ ਸੀ ਕਿ ਸਾਕਾ ਨੀਲਾ ਤਾਰਾ ਬਾਗ਼ੀਆਂ ਨੂੰ ਬਾਹਰ ਕੱਢਣ ਲਈ ਸੀ ਜਿਨ੍ਹਾਂ ਨੇ ਕੰਪਲੈਕਸ ਦੇ ਅੰਦਰ ਹਥਿਆਰ ਜਮਾ੍ਹ ਕਰ ਰੱਖੇ ਸਨ, ਪਰ ਬਹੁਤ ਸਾਰੇ ਸਿੱਖਾਂ ਦਾ ਮੰਨਣਾ ਸੀ ਕਿ ਉਸ ਹਮਲੇ ਦਾ ਅਸਲ ਮਨੋਰਥ ਉਸ ਸਾਲ ਦੀਆਂ ਆਮ ਚੋਣਾਂ ਤੋਂ ਪਹਿਲਾਂ ਫਿਰਕੂ ਧਰੁਵੀਕਰਨ ਕਰਨਾ ਸੀ, ਉਨ੍ਹਾਂ ਨੇ ਇਸ ਨੂੰ ਸਿੱਖ ਘੱਟ ਗਿਣਤੀ ਨੂੰ ਸਬਕ ਸਿਖਾ ਕੇ ਹਿੰਦੂ ਵੋਟਾਂ ਪੱਕੀਆਂ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ।
ਪੰਜਾਬ ਲਈ ਧਾਰਮਿਕ ਅਤੇ ਖੇਤਰੀ ਰਿਆਇਤਾਂ ਲਈ ਸ਼ਾਂਤਮਈ ਅੰਦੋਲਨ ਵਿੱਢਣ ਵਾਲੀ ਨਰਮਪੰਥੀ ਸਿੱਖ ਲੀਡਰਸ਼ਿੱਪ ਨੇ ਸ਼੍ਰੀਮਤੀ ਗਾਂਧੀ ਅਤੇ ਉਸ ਦੀ ਕਾਂਗਰਸ ਪਾਰਟੀ ਉੱਪਰ ਕੱਟੜਪੰਥੀਆਂ ਦੀ ਪੁਸ਼ਤਪਨਾਹੀ ਕਰਨ ਅਤੇ ਉਨ੍ਹਾਂ ਨੂੰ ਦਰਬਾਰ ਸਾਹਿਬ ਕੰਪਲੈਕਸ ਨੂੰ ਆਪਣੇ ਗੜ੍ਹ ਵਿਚ ਬਦਲਣ ਦੀ ਇਜਾਜ਼ਤ ਦੇਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਇਹ ਸਿੱਖ ਕਾਜ ਨੂੰ ਕਮਜ਼ੋਰ ਕਰਨ ਅਤੇ ਹਿੰਦੂਆਂ ਤੋਂ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਸੀ, ਜਿਨ੍ਹਾਂ ਨੂੰ ਕੁਝ ਕੱਟੜਪੰਥੀਆਂ ਨੇ ਨਿਸ਼ਾਨਾ ਬਣਾਇਆ ਸੀ।
ਉਹ ਸਹੀ ਸਾਬਤ ਹੋਏ ਕਿਉਂਕਿ ਸ਼੍ਰੀਮਤੀ ਗਾਂਧੀ ਦੇ ਕਤਲ ਤੋਂ ਤੁਰੰਤ ਬਾਦ ਸਟੇਟ ਦੀ ਸਰਪ੍ਰਸਤੀ ਵਾਲੇ ਕਾਤਲ ਹਜੂਮਾਂ ਨੇ ਪੂਰੇ ਮੁਲਕ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ, ਜਿਸ ਵਿਚ ਸਿਰਫ ਦਿੱਲੀ ਵਿਚ ਹੀ ਤਿੰਨ ਹਜ਼ਾਰ ਲੋਕ ਕਤਲ ਕਰ ਦਿੱਤੇ ਗਏ। ਰਾਜੀਵ ਗਾਂਧੀ, ਜੋ ਆਪਣੀ ਮਾਂ ਤੋਂ ਬਾਦ ਪ੍ਰਧਾਨ ਮੰਤਰੀ ਬਣਿਆ ਅਤੇ ਜਿਸ ਨੇ ਕਤਲੇਆਮ ਨੂੰ ਇਹ ਕਹਿ ਕੇ ਜਾਇਜ਼ ਠਹਿਰਾਇਆ ਕਿ ‘‘ਜਦੋਂ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੀ ਹੈ’’, ਨੇ ਭਾਰਤ ਦੇ ਚੋਣ ਇਤਿਹਾਸ ਵਿਚ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ।
ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ 1984 ਦੀਆਂ ਘਿਣਾਉਣੀਆਂ ਘਟਨਾਵਾਂ ਨੂੰ ਆਪਣੇ ਮੁਫਾਦ ਲਈ ਵਰਤਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੱਤਾ। ਨਰਿੰਦਰ ਮੋਦੀ ਆਪਣੀਆਂ ਚੋਣ ਮੁਹਿੰਮਾਂ ਦੌਰਾਨ ਵੋਟਰਾਂ ਨੂੰ ਉਸ ਕਤਲੇਆਮ ਦੀ ਯਾਦ ਦਿਵਾਉਂਦਾ ਰਿਹਾ। ਮੋਦੀ ਨੇ ਉਨ੍ਹਾਂ ਘਟਨਾਵਾਂ ਨੂੰ ਦਹਿਸ਼ਤਵਾਦ ਕਰਾਰ ਦਿੱਤਾ, ਇਸ ਦੇ ਬਾਵਜੂਦ ਕਿ ਜਦੋਂ ਉਹ ਗੁਜਰਾਤ ਦਾ ਮੁੱਖ ਮੰਤਰੀ ਸੀ ਉਦੋਂ 2002 ਵਿਚ ਉਸ ਦੀ ਨਿਗਰਾਨੀ ਹੇਠ ਮੁਸਲਮਾਨਾਂ ਦਾ ਇਸੇ ਤਰ੍ਹਾਂ ਦਾ ਕਤਲੇਆਮ ਹੋਇਆ ਸੀ। ਹਾਲਾਂਕਿ ਮੋਦੀ ਉੱਪਰ ਕਦੇ ਵੀ ਰਸਮੀ ਤੌਰ ‘ਤੇ ਦੋਸ਼ ਨਹੀਂ ਲਗਾਏ ਗਏ, ਪਰ ਗੁਜਰਾਤ ਕਤਲੇਆਮ ਤੋਂ ਜ਼ਿੰਦਾ ਬਚ ਗਏ ਲੋਕ ਅਤੇ ਮਨੁੱਖੀ ਹੱਕਾਂ ਦੇ ਪਹਿਰੇਦਾਰ ਲਗਾਤਾਰ ਇਹ ਦਲੀਲ ਦਿੰਦੇ ਆ ਰਹੇ ਹਨ ਕਿ ਕਤਲੇਆਮ ਉਸ ਦੀ ਮਨਜ਼ੂਰੀ ਨਾਲ ਕੀਤਾ ਗਿਆ ਸੀ। ਨਤੀਜੇ ਵਜੋਂ, ਸੰਯੁਕਤ ਰਾਜ ਅਮਰੀਕਾ ਸਮੇਤ ਕਈ ਮੁਲਕਾਂ ਨੇ ਉਸ ਨੂੰ 2014 ਵਿਚ ਪ੍ਰਧਾਨ ਮੰਤਰੀ ਚੁਣੇ ਜਾਣ ਤੱਕ, ਇਕ ਦਹਾਕੇ ਤੋਂ ਵੱਧ ਸਮਾਂ ਵੀਜ਼ਾ ਨਹੀਂ ਦਿੱਤਾ।
ਹੁਣ ਇਹ ਗੱਲ ਸਮਝ ਪੈਂਦੀ ਹੈ ਕਿ ਬੀਜੇਪੀ ਦਾ ਸਰੇਆਮ ਹਮਾਇਤੀ ਅਗਨੀਹੋਤਰੀ ਇਕ ਅਜਿਹੇ ਵਿਸ਼ੇ ਉੱਪਰ ਫਿਲਮ ਕਿਉਂ ਬਣਾ ਰਿਹਾ ਹੈ ਜੋ ਕਾਂਗਰਸ ਦੀ ਭੈੜੀ ਤਸਵੀਰ ਪੇਸ਼ ਕਰਦੀ ਹੈ। ਉਸ ਦੀ ਫਿਲਮ ਦੀ ਕਸ਼ਮੀਰ ਫਾਈਲਜ਼ – ਜਿਸ ਦਾ ਭਾਜਪਾ ਦੇ ਆਗੂਆਂ ਨੇ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਅਤੇ ਜਿਸ ਨੂੰ ਭਾਜਪਾ ਦੀਆਂ ਕਈ ਰਾਜ ਸਰਕਾਰਾਂ ਨੇ ਟੈਕਸ ਤੋਂ ਛੋਟ ਦਿੱਤੀ – ਕਸ਼ਮੀਰ ਬਾਬਤ ਇਸ ਪਾਰਟੀ ਦੇ ਹਮਲਾਵਰ ਰੁਖ ਅਨੁਸਾਰ ਬਣਾਈ ਗਈ ਹੈ। ਉਸ ਦਾ ਉਦੇਸ਼ ਮੋਦੀ ਸਰਕਾਰ ਦੁਆਰਾ ਧਾਰਾ 370 ਨੂੰ ਰੱਦ ਕਰਨ ਨੂੰ ਜਾਇਜ਼ ਠਹਿਰਾਉਣਾ ਹੈ, ਇਕ ਸੰਵਿਧਾਨਕ ਵਿਵਸਥਾ ਜਿਸ ਨੇ ਭਾਰਤ ਦੇ ਇਕਲੌਤੇ ਮੁਸਲਿਮ ਬਹੁ-ਗਿਣਤੀ ਵਾਲੇ ਰਾਜ ਨੂੰ ਸੀਮਤ ਖੁਦਮੁਖਤਿਆਰੀ ਦਿੱਤੀ ਹੋਈ ਸੀ। ਅਗਨੀਹੋਤਰੀ ਦਰਸ਼ਕਾਂ ਨੂੰ ਇਹ ਯਕੀਨ ਦਿਵਾਉਣਾ ਚਾਹੁੰਦਾ ਹੈ ਕਿ ਕਸ਼ਮੀਰ ਵਿਚ ਸਵੈ-ਨਿਰਣੇ ਲਈ ਹਥਿਆਰਬੰਦ ਅੰਦੋਲਨ ਦੌਰਾਨ ਹਿੰਦੂਆਂ ਨਾਲ ਜੋ ਹੋਇਆ, ਉਹ ਨਸਲਕੁਸ਼ੀ ਸੀ, ਫਿਰ ਉਸ ਨੂੰ ਇਹ ਸਵਾਲ ਕਰਨਾ ਜਾਇਜ਼ ਹੈ ਕਿ ਕੀ ਉਹ 1984 ਦੇ ਕਤਲੇਆਮ ਲਈ ਇਹੀ ਸ਼ਬਦ ਵਰਤਣ ਦੀ ਹਿੰਮਤ ਕਰੇਗਾ? ਬਦੇਸ਼ਾਂ ‘ਚ ਵਸਦੇ ਸਿੱਖਾਂ ਵੱਲੋਂ ਅਜਿਹਾ ਕੀਤੇ ਜਾਣ ਦਾ ਭਾਰਤੀ ਸਰਕਾਰਾਂ, ਜਿਸ ਵਿਚ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਵੀ ਸ਼ਾਮਲ ਹਨ, ਸਖਤ ਵਿਰੋਧ ਕਰਦੀਆਂ ਰਹੀਆਂ ਹਨ।
ਜੇਕਰ ਅਸੀਂ ਇਹ ਵੀ ਮੰਨ ਲਈਏ ਕਿ ਸਿੱਖ ਭਾਈਚਾਰੇ ਦੇ ਅੰਦਰ ਘੁਸਣ ‘ਚ ਭਾਜਪਾ ਦੀ ਮਦਦ ਕਰਨ ਲਈ ਅਗਨੀਹੋਤਰੀ 1984 ਨੂੰ ਨਸਲਕੁਸ਼ੀ ਕਹਿਣ ਲਈ ਤਿਆਰ ਹੈ, ਤਾਂ ਅਗਲਾ ਸਵਾਲ ਇਹ ਹੋਵੇਗਾ ਕਿ ਕੀ ਉਸ ਵਿਚ ਹਿੰਸਾ ਵਿਚ ਭਾਜਪਾ ਦੀ ਸ਼ਮੂਲੀਅਤ ਨੂੰ ਦਿਖਾਉਣ ਦੀ ਹਿੰਮਤ ਹੈ? ਪਾਰਟੀ ਦੇ ਦੋ ਸਭ ਤੋਂ ਸੀਨੀਅਰ ਆਗੂਆਂ, ਅਟਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ, ਨੇ ਸਰਕਾਰ ਤੋਂ ਦਰਬਾਰ ਸਾਹਿਬ ਵਿਚ ਫੌਜ ਭੇਜਣ ਦੀ ਮੰਗ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਕੀਤੇ ਸਨ। ਕਤਲੇਆਮ ਤੋਂ ਬਾਦ ਦਰਜ ਕੀਤੀਆਂ ਪਹਿਲੀਆਂ ਐੱਫ.ਆਈ.ਆਰ ਵਿਚ ਵਾਜਪਾਈ ਦੇ ਪੋਲਿੰਗ ਏਜੰਟ ਸਮੇਤ ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਲਗਭਗ 50 ਆਗੂਆਂ ਦੇ ਨਾਮ ਸ਼ਾਮਿਲ ਸਨ। ਜੇਕਰ ਦਿੱਲੀ ਫਾਈਲਜ਼ ਸੱਚਮੁੱਚ ਸਾਡੇ ਇਤਿਹਾਸ ਦਾ ਈਮਾਨਦਾਰ ਲੇਖਾਜੋਖਾ ਹੈ, ਜਿਸ ਦੀ ਸੰਭਾਵਨਾ ਨਹੀਂ ਹੈ, ਤਾਂ ਕੀ ਅਗਨੀਹੋਤਰੀ ਦੋਮੂੰਹੀ ਮੋਦੀ ਸਰਕਾਰ ਦਾ ਪਰਦਾਫਾਸ਼ ਕਰਨ ਲਈ ਕੁਝ ਦਮ ਦਿਖਾਏਗਾ ਜਿਸ ਨੇ ਸੰਘ ਦੇ ਉਸ ਮਰਹੂਮ ਆਗੂ ਚੰਡਿਕਾਦਾਸ ਅੰਮ੍ਰਿਤਰਾਓ ਦੇਸ਼ਮੁਖ ਨੂੰ ਭਾਰਤ ਦਾ ਸਰਵਉੱਚ ਨਾਗਰਿਕ ਸਨਮਾਨ ਦਿੱਤਾ ਸੀ, ਜਿਸ ਨੇ ਸਾਕਾ ਨੀਲਾ ਤਾਰਾ ਅਤੇ 1984 ਦੇ ਕਤਲੇਆਮ ਨੂੰ ਬੇਸ਼ਰਮੀ ਨਾਲ ਜਾਇਜ਼ ਠਹਿਰਾਇਆ ਸੀ? ਜਾਂ ਕੀ ਉਹ ਤਾਂ ਬੱਸ ਭਾਜਪਾ ਨੂੰ ਕਾਂਗਰਸ ਨੂੰ ਭੰਡਣ ਲਈ ਪ੍ਰਚਾਰ ਦਾ ਇਕ ਹੋਰ ਸੰਦ ਦੇਣਾ ਚਾਹੁੰਦਾ ਹੈ?
ਹੋਰ ਦੇਖੋ, ਕਤਲੇਆਮ ਤੋਂ ਬਾਦ ਭਾਜਪਾ ਦੀ ਵੋਟ ਕਾਂਗਰਸ ਨੂੰ ਪਈ, ਜਿਸ ਨਾਲ ਰਾਜੀਵ ਗਾਂਧੀ ਦੀ ਹੂੰਝਾ ਫੇਰੂ ਜਿੱਤ ਯਕੀਨੀ ਹੋ ਗਈ। ਕਿਉਂਕਿ ਅਗਨੀਹੋਤਰੀ ਨੇ ‘ਦਿ ਕਸ਼ਮੀਰ ਫਾਈਲਜ਼’ ਵਿਚ ਸਾਰੇ ਕਸ਼ਮੀਰੀ ਮੁਸਲਮਾਨਾਂ ਨੂੰ ਇਕੋ ਰੱਸੇ ਬੰਨ੍ਹਣ ਦਾ ਤਰੀਕਾ ਚੁਣਿਆ ਹੈ, ਇਹ ਪੁੱਛਣਾ ਵਾਜਬ ਨਹੀਂ ਹੈ ਕਿ ਕੀ ਉਹ ਕਿਸੇ ਇਕ ਸਿਆਸੀ ਪਾਰਟੀ ਨੂੰ ਸਾਰਾ ਦੋਸ਼ ਦੇਣ ਦੀ ਬਜਾਏ ਹਿੰਦੂ ਬਹੁਗਿਣਤੀਵਾਦ ਦਾ ਪਰਦਾਫਾਸ਼ ਕਰੇਗਾ ਜੋ ਸਿੱਖ ਵਿਰੋਧੀ ਕਤਲੇਆਮ ਦੇ ਪਿੱਛੇ ਇਕ ਤਾਕਤ ਵਜੋਂ ਕੰਮ ਕਰ ਰਹੀ ਸੀ?
ਅਗਨੀਹੋਤਰੀ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਨਾਲ ਅਸਹਿਮਤ ਲੋਕਾਂ ਨੂੰ ਭੰਡਣ ਲਈ ‘‘ਸ਼ਹਿਰੀ ਨਕਸਲੀ’’ ਸ਼ਬਦ ਪ੍ਰਚਲਤ ਕੀਤਾ। ਜਿਨ੍ਹਾਂ ਲੋਕਾਂ ਦੀ ਉਸ ਨੇ ਇਸ ਸ਼ਬਦ ਰਾਹੀਂ ਕਿਰਦਾਰਕੁਸ਼ੀ ਕੀਤੀ ਉਨ੍ਹਾਂ ਵਿਚ ਪੱਤਰਕਾਰ ਤੋਂ ਕਾਰਕੁਨ ਬਣੇ ਗੌਤਮ ਨਵਲੱਖਾ ਵੀ ਹਨ, ਜਿਸ ਨੇ 1984 ਦੇ ਕਤਲੇਆਮ ਬਾਰੇ ਪਹਿਲੀ ਪ੍ਰਮਾਣਿਕ ਫੀਲਡ ਰਿਪੋਰਟ ਤਿਆਰ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਨਵਲੱਖਾ ਇਸ ਸਮੇਂ ਜੇਲ੍ਹ ਵਿਚ ਬੰਦ ਹਨ ਅਤੇ ਉਸ ਨੂੰ ਜੇਲ੍ਹ ‘ਚ ਸਾੜਨ ਲਈ ਜਾਬਰ ਗੈਰਕਾਨੂੰਨੀ ਸਰਗਰਮੀਆਂ (ਰੋਕੂ) ਕਾਨੂੰਨ ਲਗਾਇਆ ਗਿਆ ਹੈ। ਨਵਲੱਖਾ ਦੀ ਗ੍ਰਿਫਤਾਰੀ ਦਾ ਵਿਰੋਧ ਕਰਨ ਵਾਲਿਆਂ ਉੱਪਰ ਹਮਲਾ ਕਰਨ ਵਾਲੇ ਅਗਨੀਹੋਤਰੀ ਨੂੰ ਨਵਲੱਖਾ ਵਰਗੇ ਲੋਕਾਂ ਲਈ ਆਪਣੀ ਨਫਰਤ ਨੂੰ 1984 ਦੇ ਪੀੜਤਾਂ ਨਾਲ ਆਪਣੀ ਸਪੱਸ਼ਟ ਇਕਜੁੱਟਤਾ ਦੇ ਤਹਿਤ ਹੱਲ ਕਰਨਾ ਚਾਹੀਦਾ ਹੈ। ਹਾਲਾਂਕਿ, ਮਜ਼ਲੂਮ ਕਸ਼ਮੀਰੀ ਮੁਸਲਮਾਨਾਂ ਦੇ ਹੱਕ ‘ਚ ਡੱਟਣ ਵਾਲੇ ਖੱਬੇਪੱਖੀ ਕਾਰਕੁਨਾਂ ਨੂੰ ਦੀ ਕਸ਼ਮੀਰ ਫਾਈਲਜ਼ ਵਿਚ ਭੰਡਣ ਦੇ ਉਸ ਦੇ ਅਮਲ ਨੂੰ ਦੇਖਦੇ ਹੋਏ ਇਸ ਦੀ ਸੰਭਾਵਨਾ ਬਿਲਕੁਲ ਨਹੀਂ ਹੈ।
ਅਗਨੀਹੋਤਰੀ ਦੀ ਮੋਦੀ ਸਰਕਾਰ ਨਾਲ ਖੜ੍ਹਨ ਵਾਲੇ ਕਾਰਕੁਨਾਂ ਲਈ ਨਫਰਤ ਉਨ੍ਹਾਂ ਸਿੱਖ ਕਿਸਾਨਾਂ ਤੱਕ ਜਾ ਪਹੁੰਚੀ ਜਿਨ੍ਹਾਂ ਨੇ ਇਕ ਸਾਲ ਤੋਂ ਵਧੇਰੇ ਸਮਾਂ ਅੰਦੋਲਨ ਲੜ ਕੇ ਨਹੱਕ ਖੇਤੀ ਕਾਨੂੰਨ ਰੱਦ ਕਰਾਏ। ਉਹ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਸ਼ਖਸਾਂ ਵਿਚ ਸ਼ਾਮਿਲ ਸੀ ਜਿਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਵੱਖਵਾਦੀ ਕਰਾਰ ਦੇ ਕੇ ਉਨ੍ਹਾਂ ਦਾ ਅਕਸ ਵਿਗਾੜਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਵਿਰੁੱਧ ਨਫਰਤ ਭੜਕਾਈ। ਅੰਦੋਲਨ ਵਿਰੁੱਧ ਨਫਰਤ ਭੜਕਾਉਣ ਵਾਲੇ ਬਹੁਤ ਸਾਰੇ ਸ਼ਖਸ 1984 ਦੀਆਂ ਘਟਨਾਵਾਂ ਨੂੰ ਦੁਹਰਾਉਣ ਦੀਆਂ ਧਮਕੀਆਂ ਵੀ ਦੇ ਰਹੇ ਸਨ। ਕੀ ਉਹ ਹੁਣ ਉਨ੍ਹਾਂ ਪਾਪਾਂ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਕਤਲੇਆਮ ‘84 ਦੀਆਂ ਯਾਦਾਂ ਨੂੰ ਬਾਕਸ ਆਫਿਸ ਉੱਪਰ ਕੈਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਇਹ ਤਾਂ ਸਿਰਫ ਉਹੀ ਦੱਸ ਸਕਦਾ ਹੈ।
ਪਹਿਲਾਂ ਹੀ, ਸਿੱਖ ਭਾਈਚਾਰੇ ਦੇ ਇਕ ਹਿੱਸੇ – ਖਾਸ ਤੌਰ ‘ਤੇ ਜੋ ਭਾਜਪਾ ਨਾਲ ਜੁੜਿਆ ਹੋਇਆ ਹੈ – ਨੇ ਦਿੱਲੀ ਫਾਈਲਜ਼ ਬਣਾਏ ਜਾਣ ਉੱਪਰ ਉਤਸ਼ਾਹ ਜ਼ਾਹਿਰ ਕੀਤਾ ਹੈ। ਇਨ੍ਹਾਂ ਵਿੱਚੋਂ ਇਕ ਭਾਜਪਾ ਵਿਧਾਇਕ ਮਨਜਿੰਦਰ ਸਿੰਘ ਸਿਰਸੇ ਨੇ ਫਿਲਮ ਲਈ ਫੰਡ ਦੇਣ ਦੀ ਪੇਸ਼ਕਸ਼ ਕੀਤੀ ਹੈ। ਐਡਵੋਕੇਟ ਅਤੇ ਲੇਖਕ ਹਰਵਿੰਦਰ ਸਿੰਘ ਫੂਲਕਾ, ਜੋ ਕਈ ਸਾਲ ‘84 ਦੇ ਪੀੜਤਾਂ ਦੀ ਅਦਾਲਤਾਂ ‘ਚ ਨੁਮਾਇੰਦਗੀ ਕਰਦਾ ਰਿਹਾ ਅਤੇ ਕੁਝ ਚਿਰ ਲਈ ਆਮ ਆਦਮੀ ਪਾਰਟੀ ਵਿਚ ਵੀ ਸ਼ਾਮਲ ਰਿਹਾ, ਨੇ ਫਿਲਮ ਦੇ ਐਲਾਨ ਦਾ ਸਵਾਗਤ ਕੀਤਾ ਹੈ।
ਜਦੋਂ ਇਹ ਸਿੱਖ ਆਗੂ ਦੀ ਦਿੱਲੀ ਫਾਈਲਜ਼ ਦੀਆਂ ਖਬਰਾਂ ਉੱਪਰ ਕੱਛਾਂ ਵਜਾ ਰਹੇ ਸਨ ਤਾਂ ਉਦੋਂ ਸਿਰਫ ਉੱਘੀ ਮਾਰਕਸਵਾਦੀ ਨੇਤਾ ਬਰਿੰਦਾ ਕਰਾਤ ਹੀ ਰਾਜਧਾਨੀ ਵਿਚ ਮੁਸਲਮਾਨ ਭਾਈਚਾਰੇ ਨਾਲ ਖੜ੍ਹੀ ਹੋਈ ਜਦੋਂ ਇਕ ਮੁਸਲਿਮ ਇਲਾਕੇ ਵਿਚ ਦੁਕਾਨਾਂ ਅਤੇ ਮਕਾਨਾਂ ਨੂੰ ਬੁਲਡੋਜਰ ਨਾਲ ਢਾਹਿਆ ਜਾ ਰਿਹਾ ਸੀ। ਮਿਉਂਸਪਲ ਅਧਿਕਾਰੀਆਂ ਨੇ ਇਸ ਨੂੰ ਨਜਾਇਜ਼ ਕਬਜ਼ਿਆਂ ਵਿਰੁੱਧ ਮੁਹਿੰਮ ਦਾ ਨਾਮ ਦਿੱਤਾ, ਜਿਸ ਦੀ ਉਚਿਤ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਨਾ ਕਰਨ ਅਤੇ ਮੁਸਲਮਾਨਾਂ ਨੂੰ ਡਰਾਉਣ ਦੀ ਮੁਹਿੰਮ ਦਾ ਹਿੱਸਾ ਹੋਣ ਕਾਰਨ ਤਿੱਖੀ ਆਲੋਚਨਾ ਹੋਈ ਹੈ। ਇਸੇ ਬਰਿੰਦਾ ਕਰਾਤ ਨੇ 2005 ‘ਚ ਕਤਲੇਆਮ ‘84 ਬਾਰੇ ਬਣੀ ਫਿਲਮ ਅਮੂ ਵਿਚ ਇਕ ਮਹੱਤਵਪੂਰਨ ਕਿਰਦਾਰ ਨਿਭਾਇਆ ਸੀ। ਉਸ ਦੀ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ ਕਤਲੇਆਮ ‘84 ਦੌਰਾਨ ਕਲਕੱਤਾ ਵਿਚ ਬਹੁਤ ਸਾਰੇ ਸਿੱਖਾਂ ਦੀਆਂ ਜਾਨਾਂ ਬਚਾਈਆਂ ਸਨ। ਇਹ ਅਗਨੀਹੋਤਰੀ ਲਈ ਇਕ ਹੋਰ ਜਾਇਜ਼ ਸਵਾਲ ਖੜ੍ਹਾ ਕਰਦਾ ਹੈ: ਉਹ ਮੌਜੂਦਾ ਹਾਲਾਤ ਵਿਚ ਦਿੱਲੀ ਫਾਈਲਜ਼ ਬਣਾਉਣ ਲਈ ਏਨਾ ਤਾਹੂ ਕਿਉਂ ਹੈ, ਜਦੋਂ ਕਿ ਪਿਛਲੇ ਸਮੇਂ ਵਿਚ ਇਸ ਵਿਸ਼ੇ ‘ਤੇ ਬਹੁਤ ਸਾਰੀਆਂ ਚੰਗੀਆਂ ਅਤੇ ਵਾਜਬ ਫਿਲਮਾਂ ਬਣ ਚੁੱਕੀਆਂ ਹਨ? ਅਮੂ ਤੋਂ ਇਲਾਵਾ, ਇਸ ਵਿਸ਼ੇ ਉੱਪਰ ਬਣੀਆਂ ਫਿਲਮਾਂ ਵਿਚ ਮਾਚਿਸ (1996), ਹਵਾਏਂ (2003), ਕਾਇਆ ਤਰਨ (2004), ਮੇਮਸਾਹਿਬ (2008), ਕੁਸ਼ (2013) ਅਤੇ ‘47 ਤੋਂ 84 (2014) ਸ਼ਾਮਲ ਹਨ।
ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਸਿੱਖ ਭਾਈਚਾਰੇ ਦੇ ਆਪੇ ਬਣੇ ਦਰਬਾਨਾਂ ਨੇ ਇਕ ਮਹਾਨ ਕਾਰਜ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰ ਦਿੱਤਾ ਹੈ ਅਤੇ ਉਹ ਭਾਜਪਾ ਦੇ ਪੈਰੋਕਾਰ ਦੀ ਪਹੁੰਚ ਦੀ ਨੁਕਤਾਚੀਨੀ ਕੀਤੇ ਬਿਨਾਂ ਉਸ ਦਾ ਬੇਸ਼ਰਮੀ ਨਾਲ ਗੁਣਗਾਣ ਕਰ ਰਹੇ ਹਨ। ਸਿੱਖ ਧਰਮ ਕਿਸੇ ਨਾਲ ਵੀ ਅਤੇ ਕਿਤੇ ਵੀ ਬੇਇਨਸਾਫੀ ਦੇ ਵਿਰੁੱਧ ਖੜ੍ਹੇ ਹੋਣ ਦੀ ਸਿੱਖਿਆ ਦਿੰਦਾ ਹੈ, ਅਤੇ ਉਨ੍ਹਾਂ ਦੇ ਆਪਣੇ ਭਾਈਚਾਰੇ ਨੂੰ ਰਾਜ ਦੀ ਸਰਪ੍ਰਸਤੀ ਵਾਲੀ ਜਿਸ ਹਿੰਸਾ ਦੇ ਅਨੁਭਵ ‘ਚੋਂ ਗੁਜ਼ਰਨਾ ਪਿਆ, ਇਸ ਦੇ ਬਾਵਜੂਦ ਉਨ੍ਹਾਂ ਨੇ ਉਦੋਂ ਪਾਸਾ ਵੱਟ ਲੈਣ ਦਾ ਰਾਹ ਚੁਣਿਆ ਜਦੋਂ ਮੁਸਲਮਾਨਾਂ ਨੂੰ ਸਿਨੇਮਾ ਅਤੇ ਰਾਸ਼ਟਰੀ ਰਾਜਧਾਨੀ ਦੀਆਂ ਗਲੀਆਂ ਵਿਚ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਆਪਣੀ ਜ਼ਮੀਰ ਦੀ ਆਵਾਜ਼ ਸੁਣਨ ਦੀ ਬਜਾਏ ਉਹ ਮੋਦੀ ਨਾਲ ਮਿਲ ਕੇ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਦੀ ਚਾਰ ਸੌ ਸਾਲਾ ਪ੍ਰਕਾਸ਼ ਦਿਹਾੜਾ ਮਨਾਉਂਦੇ ਰਹੇ, ਜੋ ਸਿਰਫ ਤੇ ਸਿਰਫ ਦੋ ਘੱਟ ਗਿਣਤੀ ਭਾਈਚਾਰਿਆਂ ਵਿਚ ਵੰਡੀਆਂ ਪਾਉਣ ਲਈ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਚਾਹੁੰਦਾ ਹੈ।
ਭਾਵੇਂ ਕਿ ਸਾਰੇ ਦਸ ਗੁਰੂ ਸਾਹਿਬਾਨ ਨੇ ਹਿੰਦੂ ਕੱਟੜਪੰਥੀਆਂ ਦਾ ਵਿਰੋਧ ਕੀਤਾ ਪਰ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਹਿੰਦੂਆਂ ਨੂੰ ਮੁਸਲਮਾਨ ਹੁਕਮਰਾਨਾਂ ਤੋਂ ਬਚਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਇਹ ਸਿਰਫ ਇਤਫਾਕ ਸੀ ਕਿ ਉਸ ਵਕਤ ਦੇ ਹਾਕਮ ਮੁਸਲਮਾਨ ਸਨ ਅਤੇ ਪਰਜਾ ਹਿੰਦੂ ਸੀ; ਮੁੱਦਾ ਠੱਗ ਰਾਜ ਦਾ ਵਿਰੋਧ ਕਰਨਾ ਸੀ। ਜੇ ਕਰ ਗੁਰੂ ਸਾਹਿਬ ਅੱਜ ਹੁੰਦੇ ਤਾਂ ਉਹ ਭਾਰਤ ਦੇ ਮੁਸਲਮਾਨਾਂ ਦੇ ਹੱਕ ‘ਚ ਖੜ੍ਹੇ ਹੁੰਦੇ।
ਇਸ ਦਾ ਮਤਲਬ ਇਹ ਨਹੀਂ ਕਿ ਸਾਰੇ ਸਿੱਖ ਅਗਨੀਹੋਤਰੀ ਦੀ ਫਿਲਮ ਦਾ ਬਾਹਾਂ ਅੱਡ ਕੇ ਸਵਾਗਤ ਕਰਨਗੇ। ਐਸੇ ਸਿੱਖ ਹਨ ਜੋ ਪਹਿਲਾਂ ਹੀ ਆਪਣਾ ਸੰਦੇਹ ਦਰਜ ਕਰਵਾ ਚੁੱਕੇ ਹਨ। ਸਿੱਖ ਜੈਨੋਸਾਈਡ ਇੰਡੀਆ – 1984: ਏ ਬਲੈਕ ਸਪਾਟ ਆਨ ਡੈਮੋਕਰੇਸੀ ਦੇ ਲੇਖਕ ਅਜਮੇਰ ਸਿੰਘ ਰੰਧਾਵਾ ਉਨ੍ਹਾਂ ਵਿੱਚੋਂ ਇਕ ਹਨ। ਲੜੀਵਾਰ ਫੇਸਬੁੱਕ ਪੋਸਟਾਂ ਵਿਚ ਰੰਧਾਵਾ ਨੇ ਅਗਨੀਹੋਤਰੀ ਦਾ ਵਿਰੋਧ ਕੀਤਾ ਅਤੇ ਧਮਕੀ ਵੀ ਦਿੱਤੀ ਕਿ ਜੇਕਰ ਫਿਲਮ ਵਿਚ ‘‘ਝੂਠ ‘ਤੇ ਬਣਾਏ ਗਏ ਨਾਟਕੀ ਦ੍ਰਿਸ਼ ਸ਼ਾਮਲ ਕੀਤੇ ਗਏ’’ ਤਾਂ ਉਹ ਕਾਨੂੰਨੀ ਕਾਰਵਾਈ ਦਾ ਰਾਹ ਅਖਤਿਆਰ ਕਰੇਗਾ। ਲਿਹਾਜ਼ਾ ਦਿੱਲੀ ਫਾਈਲਜ਼, ਜਿਸ ਦੇ ਹਮਾਇਤੀ ਵੀ ਹਨ ਅਤੇ ਆਲੋਚਕ ਵੀ, ਆਲਮੀ ਸਿੱਖ ਭਾਈਚਾਰੇ ਵਿਚ ਵੰਡੀਆਂ ਪਾਉਣ ਦੀ ਸਮਰੱਥਾ ਰੱਖਦੀ ਹੈ।
ਬੇਸ਼ੱਕ ਸਿੱਖਾਂ ਦੇ ਸਿਆਸੀ ਵਿਚਾਰ ਕਿਸੇ ਵੀ ਹੋਰ ਭਾਈਚਾਰੇ ਦੀ ਤਰ੍ਹਾਂ ਹੀ ਵੰਨ-ਸੁਵੰਨੇ ਹਨ, ਪਰ ਪੰਜਾਬ ਨੇ ਵਿਧਾਨ ਸਭਾ ਚੋਣਾਂ ਵਿਚ ਮੋਦੀ ਅਤੇ ਭਾਜਪਾ ਨੂੰ ਲਗਾਤਾਰ ਨਕਾਰਿਆ ਹੈ। ਕਿਉਂਕਿ ਜਦੋਂ ਸਿੱਖਾਂ ਦੀ ਗੱਲ ਆਉਂਦੀ ਹੈ ਤਾਂ ਭਾਜਪਾ ਉਨ੍ਹਾਂ ਦੀ ਵੱਖਰੀ ਪਛਾਣ ਤੋਂ ਇਨਕਾਰੀ ਹੈ ਅਤੇ ਉਨ੍ਹਾਂ ਨੂੰ ਹਿੰਦੂ ਸਮੂਹ ਦਾ ਹਿੱਸਾ ਮੰਨਦੀ ਹੈ, ਇਸ ਕਾਰਨ ਵਿਦਵਾਨਾਂ ਅਤੇ ਕਾਰਕੁਨਾਂ ਨੇ ਭਾਜਪਾ ਦੇ ਸਿੱਖਾਂ ਨੂੰ ਨਿਗਲ ਜਾਣ ਦੇ ਏਜੰਡੇ ਦਾ ਵਿਰੋਧ ਕੀਤਾ ਹੈ। ਜੇਕਰ ਅਗਨੀਹੋਤਰੀ ਸਿੱਖਾਂ ਵਿਚ ਮੱਤਭੇਦ ਪੈਦਾ ਕਰਨ ਵਿਚ ਕਾਮਯਾਬ ਹੋ ਜਾਂਦਾ ਹੈ ਤਾਂ ਇਸ ਦਾ ਲੰਬੇ ਸਮੇਂ ਵਿਚ ਭਾਜਪਾ ਨੂੰ ਫਾਇਦਾ ਹੋਵੇਗਾ।
ਅਸੀਂ ਸਾਰੇ ਜਾਣਦੇ ਹਾਂ ਕਿ ਕਾਂਗਰਸ ਕਤਲੇਆਮ ‘84 ਦੀ ਖਲਨਾਇਕ ਤਾਂ ਹੈ ਹੀ, ਇਹ ਇਸ ਦੀ ਮਾਸਟਰ ਮਾਈਂਡ ਸੀ, ਪਰ ਇਹ ਸਾਨੂੰ ਅਗਨੀਹੋਤਰੀ ਵਰਗਾ ਭਾਜਪਾ ਦਾ ਪੈਰੋਕਾਰ ਚੇਤੇ ਕਰਾਵੇ ਇਸ ਦੀ ਸਾਨੂੰ ਲੋੜ ਨਹੀਂ ਹੈ। ਇਸ ਦੀ ਬਜਾਏ, ਉਸ ਨੂੰ ਇਕ ਐਸੇ ਵਿਸ਼ੇ ਫਿਲਮ ਬਣਾਉਣ ਬਾਰੇ ਸੋਚਣ ਤੋਂ ਪਹਿਲਾਂ, ਜੋ ਸਿੱਖਾਂ ਲਈ ਸੰਵੇਦਨਸ਼ੀਲ ਹੈ, ਆਪਣੇ ਵਿਚਾਰਾਂ ਅਤੇ ਆਪਣੀ ਪਿਆਰੀ ਧਿਰ ਦੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ।