ਡਾ. ਕੁਲਦੀਪ ਸਿੰਘ
ਫੋਨ: +91-98151-15429
‘ਪੰਜਾਬ ਟਾਈਮਜ਼’ ਨੂੰ ਬੁਲੰਦੀਆਂ ‘ਤੇ ਲੈ ਕੇ ਜਾਣ ਵਾਲੇ ਪੱਤਰਕਾਰ ਅਮੋਲਕ ਸਿੰਘ ਜੰਮੂ ਦੀਆਂ ਲਿਖਤਾਂ ਅਤੇ ਉਨ੍ਹਾਂ ਦੇ ਪੱਤਰਕਾਰੀ ਦੇ ਖੇਤਰ ਵਿਚ ਯੋਗਦਾਨ ਬਾਰੇ ਚਰਚਾ ਕਰਦੀ ਕਿਤਾਬ ‘ਅਮੋਲਕ ਹੀਰਾ’ ਦਾ ਸੰਪਾਦਨ ‘ਪੰਜਾਬੀ ਟ੍ਰਿਬਿਊਨ’ ਦੇ ਸਾਬਕਾ ਸੰਪਾਦਕ ਸੁਰਿੰਦਰ ਸਿੰਘ ਤੇਜ ਨੇ ਕੀਤਾ ਹੈ। ਇਸ ਕਿਤਾਬ ਅਤੇ ਇਸ ਅੰਦਰ ਸਮੋਏ ਵੱਖ-ਵੱਖ ਵਿਚਾਰਾਂ ਬਾਰੇ ਚਰਚਾ ਪੰਜਾਬੀ ਯੂਨੀਵਰਿਸਟੀ, ਪਟਿਆਲਾ ਤੋਂ ਸੇਵਾਮੁਕਤ ਹੋਏ ਡਾ. ਕੁਲਦੀਪ ਸਿੰਘ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।
ਪੁਸਤਕ ਦਾ ਸਿਰਲੇਖ ‘ਅਮੋਲਕ ਹੀਰਾ’ ਦੇਖਣ ਨੂੰ ਨਿਆਰਾ ਜਿਹਾ ਲੱਗਦਾ ਹੈ ਕਿਉਂਕਿ ਜਦੋਂ ਕਿਸੇ ਦੇ ਸਾਹਮਣੇ ‘ਹੀਰਾ’ ਸ਼ਬਦ ਆਉਂਦਾ ਹੈ ਤਾਂ ਸੁਣਨ, ਦੇਖਣ ਅਤੇ ਪੜ੍ਹਨ ਵਾਲਾ ਮਹਿਸੂਸ ਕਰਨ ਲੱਗਦਾ ਹੈ ਕਿ ਇਸ ਵਿਚ ਜ਼ਰੂਰ ਕੋਈ ਅਜਿਹੀ ਖੂਬੀ ਹੋਵੇਗੀ ਜਿਸ ਕਰਕੇ ਕਿਸੇ ਸ਼ਖਸ ਨਾਲ ਅਜਿਹਾ ਸ਼ਬਦ ਜੋੜਿਆ ਗਿਆ ਹੈ। ਇਸ ਕਿਤਾਬ ਨੂੰ ਪੜ੍ਹਦਿਆਂ ਵਾਚਦਿਆਂ ਇੰਝ ਜਾਪਦਾ ਹੈ ਕਿ ਉਘੇ ਵਿਦਵਾਨ ਸਾਰਤਰ ਨੇ ਸੱਚ ਹੀ ਲਿਖਿਆ ਸੀ: ‘ਹਰ ਸਥਿਤੀ ਵਿਚ ਕੋਈ ਨਾ ਕੋਈ ਬਦਲ ਪਿਆ ਹੁੰਦਾ ਹੈ, ਤੁਹਾਡੀ ਦੇਖਣ ਵਾਲੀ ਅੱਖ ਚਾਹੀਦੀ ਹੈ।’ ਅਕਸਰ ਹੀ ਬਹੁਤੀਆਂ ਅੱਖਾਂ ਵਾਪਰ ਰਹੇ ਨੂੰ ਦੇਖਣ ਤੇ ਸਮਝਣ ਤੋਂ ਅਸਮਰੱਥ ਹੁੰਦੀਆਂ ਹਨ ਕਿਉਂਕਿ ਉਨ੍ਹਾਂ ਦੀ ਦ੍ਰਿਸ਼ਟੀ ਵਿਚ ਜਾਂ ਊਣਤਾਈ ਹੁੰਦੀ ਹੈ ਜਾਂ ਫਿਰ ਉਹ ਸਥਿਤੀਆਂ ਨਾਲ ਦੋ ਚਾਰ ਹੋਣ ਤੋਂ ਤ੍ਰਭਕਦੇ ਹੁੰਦੇ ਹਨ। ਜਿਸ ਤਰ੍ਹਾਂ ਨਾਲ ਅਮੋਲਕ ਸਿੰਘ ਜੰਮੂ ਇਕ ਪਾਸੇ ਵੱਖ-ਵੱਖ ਸਮਿਆਂ ‘ਤੇ ਆਪਣੀ ਨੌਕਰੀ ਦੌਰਾਨ ਵਿਰੋਧਤਾਈਆਂ ਨਾਲ ਭਿੜਦਾ ਹੈ, ਵਾਰ-ਵਾਰ ਉਸ ਦਾ ਖੂਨ ਖੌਲਦਾ ਹੈ ਅਤੇ ਕਈ ਵਾਰੀ ਇੰਝ ਵੀ ਸੋਚਣ ਲੱਗਦਾ ਹੈ ਕਿ ਕਿਸੇ ਛੱਪੜ ਦੇ ਖੜ੍ਹੇ ਪਾਣੀ ਵਾਂਗ ਵਾਰ-ਵਾਰ ਪ੍ਰਸਥਿਤੀਆਂ ਅਤੇ ਸੰਸਥਾਵਾਂ ਉਸ ਨੂੰ ਘੇਰ ਰਹੀਆਂ ਹਨ।
ਪਰ ਅਮੋਲਕ ਅੰਦਰ ਸ਼ਬਦਾਂ ਦੀ ਅਥਾਹ ਸਮਰੱਥਾ ਹੈ ਜਿਸ ਨੂੰ ਨਿਖਾਰਦਿਆਂ, ਬੁਣਦਿਆਂ ਤੇ ਆਵਾਜ਼ ਦਿੰਦਿਆਂ ਉਸ ਅੰਦਰ ਇਸ ਤਰ੍ਹਾਂ ਦੀ ਜਾਨ ਪੈ ਜਾਂਦੀ ਹੈ, ਜਿਵੇਂ ਸ਼ਾਇਦ ਇਸ ਧਰਤੀ ‘ਤੇ ਸ਼ਬਦਾਂ ਨੂੰ ਬੀੜਨ ਵਾਸਤੇ ਹੀ ਆਇਆ ਹੋਵੇ। ਜੀਵਨ ਦਾ ਸਫਰ ਵੀ ਸ਼ਬਦਾਂ ਨੂੰ ਬੀੜਨ ਵਾਸਤੇ ਜੀਵਕਾ ਲਈ ਬਤੌਰ ਪਰੂਫ-ਰੀਡਰ ਸ਼ੁਰੂ ਹੋਇਆ। ਸ਼ਬਦਾਂ ਦੀਆਂ ਵੰਨਗੀਆਂ ਨੂੰ ਪੜ੍ਹਦਿਆਂ ਤੇ ਸੁਧਾਰਦਿਆਂ ਇਨ੍ਹਾਂ ਵਿਚੋਂ ਆਪਣੇ ਆਪ ਨੂੰ ਖੋਜਣ ਲੱਗਾ। ਜਿਨ੍ਹਾਂ ਨਾਲ ਉਸ ਨੇ ਅਤੀਤ ਦੀ ਹਰ ਘਟਨਾ ਨੂੰ ਕਲਮਬੱਧ ਹੀ ਨਹੀਂ ਕੀਤਾ ਸਗੋਂ ਅਜਿਹੇ ਚੌਖਟੇ ਵਿਚ ਰੱਖ ਕੇ ਨਿਖਾਰਿਆ ਜੋ ਉਸ ਦੀ ਜ਼ਿੰਦਗੀ ਦੇ ਸਫਰ ਦਾ ਸਾਥੀ ਬਣ ਗਿਆ।
‘ਅਮੋਲਕ ਹੀਰਾ’ ਪੁਸਤਕ ਦੇ ਪਹਿਲੇ ਪੰਜ ਅਧਿਆਇਆਂ ਨੂੰ ਪੜ੍ਹਦਿਆਂ ਇੰਝ ਮਹਿਸੂਸ ਹੁੰਦਾ ਹੈ ਕਿ ਕਿਸ ਤਰ੍ਹਾਂ ਯੂਨੀਵਰਸਿਟੀਆਂ ਵਿਚ ਨਵੇਂ ਕਿਸਮ ਦੇ ਟੱਬਰਾਂ ਦੀ ਸਿਰਜਣਾ ਹੁੰਦੀ ਹੈ ਜਿਸ ਨੂੰ ਉਹ ਕਮਲਿਆਂ ਦੇ ਟੱਬਰ ਅਤੇ ਉਸ ਦੇ ਆਰ-ਪਾਰ ਬਿਖੇਰ ਕੇ ਦੇਖਦਾ ਅਤੇ ਲਿਖਦਾ ਹੈ। ਵਿਰਾਸਤ ‘ਚ ਮਿਲੇ ਆਪਣੇ ਪਿੰਡ ਕੁੱਤੇਵੱਢ ਵਾਲੀ ਸਥਿਤੀ ਤੇ ਉਸ ਦੇ ਇਰਦ-ਗਿਰਦ ਫੈਲੇ ਪਾਤਰ ਕਿਸ ਤਰ੍ਹਾਂ ਉਸ ਦੇ ਅੰਦਰ ਦੀ ਸਮਾਜਕ ਟੁੱਟ-ਭੱਜ ਦਾ ਅਹਿਸਾਸ ਕਰਾਉਂਦੇ ਹਨ। ਜੀਵਨ ਦੀਆਂ ਸੰਘਰਸ਼ੀ ਪੈੜਾਂ ਉਸ ਦਾ ਕਦੇ ਵੀ ਸਾਥ ਨਹੀਂ ਛੱਡਦੀਆਂ। ਵਾਰ-ਵਾਰ ਉਹ ਨਿਹੱਥਲ ਤਾਂ ਹੁੰਦਾ ਹੈ ਪਰ ਉਸ ਅੰਦਰਲੀ ਸ਼ਬਦਾਂ ਦੀ ਤਾਕਤ ਹਰ ਇਕ ਨਾਲ ਦਸਤਪੰਜਾ ਲੈਣ ਲਈ ਉਸ ਨੂੰ ਪ੍ਰੇਰਦੀ ਹੈ। ਇਸ ਕਰਕੇ ਉਸ ਦੀ ਸਮੁੱਚੀ ਲਿਖਤ ਵਿਚ ਮਾਨਵੀ ਰਿਸ਼ਤਿਆਂ ਦੀ ਟੁੱਟ-ਭੱਜ ਤੋਂ ਲੈ ਕੇ ਰਾਜਨੀਤੀ ਦੀਆਂ ਅੰਦਰਲੀਆਂ ਪ੍ਰਸਥਿਤੀਆਂ ਤੇ ਉਨ੍ਹਾਂ ਵਿਚੋਂ ਉਤਪੰਨ ਹੁੰਦੀਆਂ ਤ੍ਰਾਸਦੀਆਂ ਉਸ ਲਈ ਨਵੇਂ ਢੰਗ ਨਾਲ ਸੋਚਣ ਦੀ ਸੋਝੀ ਪੈਦਾ ਕਰਦੀਆਂ ਹਨ।
ਦੁਨੀਆ ਦੇ ਪ੍ਰਸਿੱਧ ਵਿਗਿਆਨੀ ਸਟੀਫਨ ਹਾਕਿੰਗ ਨੂੰ ਲੱਗੀ ਬਿਮਾਰੀ ਜਿਸ ਕਾਰਨ ਮਨੁੱਖ ਦੇ ਸਰੀਰ ਦੀਆਂ ਸਾਰੀਆਂ ਗਤੀਵਿਧੀਆਂ ਬੰਦ ਹੋ ਜਾਂਦੀਆਂ ਹਨ ਪਰ ਇਕੱਲਾ ਦਿਮਾਗ ਹੀ ਕੰਮ ਕਰਦਾ ਹੈ, ਅਮੋਲਕ ਸਿੰਘ ਨੂੰ ਲੱਗ ਗਈ ਸੀ। ਅਜਿਹੀ ਭਿਆਨਕ ਬਿਮਾਰੀ ਨਾਲ ਜੂਝਣਾ ਅਤੇ ਦੂਜੇ ਪਾਸੇ ਆਪਣੀ ਸਿਰਜਣਾ ਨੂੰ ਬਰਕਰਾਰ ਰੱਖਦਿਆਂ ਸਾਧਨਾ ਦੇ ਤੌਰ ‘ਤੇ ਕਾਰਜ ਕਰਨਾ ਪੰਜਾਬੀ ਜ਼ਬਾਨ ਦੇ ਮੁੱਲਵਾਨ ਇਨਸਾਨ ਅਮੋਲਕ ਸਿੰਘ ਜੰਮੂ ਦੇ ਹਿੱਸੇ ਆਇਆ ਸੀ। ਉਸ ਦੇ ਘੇਰੇ ਦੀ ਵਿਸ਼ਾਲਤਾ ਸਿਰਫ ਪੰਜਾਬ ਦੀਆਂ ਦੀਵਾਰਾਂ ਤੱਕ ਸੀਮਤ ਨਹੀਂ ਸੀ ਸਗੋਂ ਅਮਰੀਕਾ ਵਿਚ ਸ਼ਿਕਾਗੋ ਤੋਂ ‘ਪੰਜਾਬ ਟਾਈਮਜ਼’ ਪ੍ਰਕਾਸ਼ਿਤ ਕਰ ਕੇ ਉਸ ਨੇ ਪੂਰੀ ਦੁਨੀਆਂ ਵਿਚ ਫੈਲੇ ਪੰਜਾਬੀਆਂ ਦੇ ਦਿਲਾਂ ਵਿਚ ਆਪਣਾ ਨਾਮ ਦਰਜ ਕਰਵਾ ਲਿਆ। ਉਸ ਦੀ ਲੇਖਣੀ ਦੇ ਸਫਰ ਅਤੇ ਉਸ ‘ਚੋਂ ਪ੍ਰੇਰਨਾ ਲੈਣ ਵਾਲੇ ਪੰਜਾਬੀ ਦੇ ਪ੍ਰਸਿੱਧ ਲੇਖਕਾਂ ਵਿਚ ਗੁਰਦਿਆਲ ਬੱਲ, ਪ੍ਰਿੰ. ਸਰਵਣ ਸਿੰਘ, ਪ੍ਰੋ. ਹਰਪਾਲ ਸਿੰਘ, ਬੂਟਾ ਸਿੰਘ ਅਤੇ ਕਰਮਜੀਤ ਸਿੰਘ ਹਨ। ਇਨ੍ਹਾਂ ਲੇਖਕਾਂ ਨੇ ਇਸ ਪੁਸਤਕ ਵਿਚ ਆਪਣੀਆਂ ਲਿਖਤਾਂ ਰਾਹੀਂ ਅਮੋਲਕ ਸਿੰਘ ਨੂੰ ਯਾਦ ਕੀਤਾ ਹੈ। ਸਿਰੜ ਦਾ ਮੁਜੱਸਮਾ ਅਮੋਲਕ ਸਿੰਘ, ਪੱਤਰਕਾਰੀ ਦਾ ਅਮੋਲਕ ਹੀਰਾ, ਅਮੋਲਕ ਅਤੇ ਪੰਜਾਬ ਯੂਨੀਵਰਸਿਟੀ ਦੇ ਰੁਮਾਂਚਿਕ ਦਿਨ, ਚਿੱਕੜ ਵਿਚ ਖਿੜਿਆ ਕੰਵਲ ‘ਪੰਜਾਬ ਟਾਈਮਜ਼’, ਸੂਖਮ ਸਰੀਰ ਦੀ ਵਿਰਾਟ ਕਰਾਮਾਤ, ਅੰਤ ਤੱਕ ਜੂਝਣ ਵਾਲਾ ਇਨਸਾਨ ਆਦਿ ਅਜਿਹੀਆਂ ਲਿਖਤਾਂ ਹਨ ਜਿਹੜੀਆਂ ਪੜ੍ਹਦਿਆਂ ਤੇ ਵਾਚਦਿਆਂ ਇਹ ਅਹਿਸਾਸ ਕਰਵਾਉਂਦੀਆਂ ਹਨ ਕਿ ਜੀਵਨ ਦੀਆਂ ਸੈਂਕੜੇ ਤੰਗੀਆਂ ਤਰੁੱਟੀਆਂ ਅਤੇ ਸਿਹਤ ਦੀਆਂ ਅਲਾਮਤਾਂ ਸਿਰਜਣਸ਼ੀਲ ਇਨਸਾਨ ਦੇ ਰਾਹ ਵਿਚ ਅੜਿੱਕਾ ਨਹੀਂ ਬਣ ਸਕਦੀਆਂ। ਇਸ ਕਰਕੇ ਸ਼ਾਇਦ ਕਿਸੇ ਸਮੇਂ ਕਾਰਲ ਮਾਰਕਸ ਨੇ ਲਿਖਿਆ ਸੀ, ‘ਵੱਖ-ਵੱਖ ਸਮਿਆਂ ਤੇ ਸਥਿਤੀਆਂ ਨਾਲ ਦੋ ਚਾਰ ਹੋਣ ਵਾਲੇ ਅਜਿਹੇ ਇਨਸਾਨਾਂ ਦੀ ਜ਼ਰੂਰਤ ਹੁੰਦੀ ਹੈ ਜੋ ਨਿਢਾਲ ਕਰ ਕੇ ਵਾਰ-ਵਾਰ ਸੁੱਟਣ ਵਾਲੀਆਂ ਉੱਚੀਆਂ ਪਹਾੜੀਆਂ ਨੂੰ ਸਰ ਕਰਨ ਦਾ ਜੇਰਾ ਰੱਖਦੇ ਹੋਣ। ਜਿਨ੍ਹਾਂ ਅੰਦਰ ਦੂਰ ਤੱਕ ਜਗਮਗਾਉਂਦੀ ਰੌਸ਼ਨੀ ਦੇਖਣ ਅਤੇ ਸਮਝਣ ਦਾ ਬਲ ਹੋਵੇ।’ ਇੰਝ ਜਾਪਦਾ ਹੈ ਕਿ ਅਮੋਲਕ ਸਿੰਘ ਨੇ ਆਪਣੇ ਸਮੁੱਚੇ ਜੀਵਨ ਸੰਘਰਸ਼ ਦੌਰਾਨ ਸਥਿਤੀਆਂ ਨੂੰ ਮੋੜਾ ਦੇਣ ਦਾ ਫੈਸਲਾ ਕੀਤਾ ਹੋਇਆ ਸੀ।
ਇਸ ਕਰਕੇ ਹੀ ਉਹ ਬੇਬਾਕ ਹੋ ਕੇ ਲਿਖਦੇ, ਸੋਚਦੇ ਅਤੇ ਕਾਰਜ ਕਰਦੇ ਰਹੇ। ਅਮੋਲਕ ਸਿੰਘ ਦੇ ਸਮੁੱਚੇ ਜੀਵਨ ਸਫਰ ਵਿਚ ਉਸ ਦੀ ਪਤਨੀ ਜਸਪ੍ਰੀਤ ਬਾਰੇ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਉਹ ਵੀ ਸਮਝ ਗਈ ਸੀ ਕਿ ਇਹ ਸੱਚੀਂ ਹੀ ਇਕ ਕਿਸਮ ਦਾ ਹੀਰਾ ਹੈ ਜਿਸ ਨੂੰ ਤਰਾਸ਼ਣ ਵਿਚ ਮੈਂ ਕੀ ਯੋਗਦਾਨ ਪਾ ਸਕਦੀ ਹਾਂ; ਮੈਂ ਤਾਂ ਉਸ ਦੇ ਸ਼ਬਦਾਂ ਨੂੰ ਅਚਨਚੇਤ ਬਾਹਰ ਨਿਕਲਣ ਵਾਸਤੇ ਮਾਹੌਲ ਹੀ ਦੇ ਸਕਦੀ ਹਾਂ। ਅਮੋਲਕ ਦੇ ਸਫਰ ਦੇ ਸੰਗੀ ਸਾਥੀ ‘ਪੰਜਾਬ ਟਾਈਮਜ਼’ ਰਾਹੀਂ ਉਸ ਨੂੰ ਬੇਹੱਦ ਪਿਆਰ ਹੀ ਨਹੀਂ ਦੇ ਰਹੇ ਸਨ ਸਗੋਂ ਉਸ ਵੱਲੋਂ ਪੰਜਾਬੀ ਲੇਖਣੀ ਅੰਦਰ ਸਿਰਜੇ ਜਾ ਰਹੇ ਨਵੇਂ ਵਿਚਾਰਾਂ ਅਤੇ ਉਨ੍ਹਾਂ ਵਿਚਲੇ ਟਕਰਾਵਾਂ ਨੂੰ ਪੰਜਾਬੀ ਸਮਾਜ ਅੱਗੇ ਰੱਖਣ ਦਾ ਜੇਰਾ ਵੀ ਦੇ ਰਹੇ ਸਨ। ਇਸ ਪੁਸਤਕ ਦੇ 270 ਪੰਨੇ ਅਮੋਲਕ ਦੇ ਜੀਵਨ ਦੀ ਸੰਘਰਸ਼ਮਈ ਗਾਥਾ ਨੂੰ ਬਿਆਨਦੇ ਹਨ। ਅਗਲੇ ਪੰਨਿਆਂ ਵਿਚ ਪੰਜਾਬ ਦੀ ਹੋਣੀ ਨਾਲ ਜੁੜੀਆਂ ਲਿਖਤਾਂ ਵੀ ਦਰਜ ਕੀਤੀਆਂ ਗਈਆਂ ਹਨ। ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਜਨੀਤਕ ਬਰਬਾਦੀ ਦੀ ਕਹਾਣੀ, ਆਨੰਦਪੁਰ ਦੇ ਮਤੇ ਤੋਂ ਲੈ ਕੇ ਸਿੱਖਾਂ ਦੀਆਂ ਰਾਜਨੀਤਕ ਅਕਾਂਖਿਆਵਾਂ ਦੇ ਸਫਰ ਦੇ ਨਾਲ ਨਾਲ ਪੰਜਾਬੀ ਸਭਿਆਚਾਰ ਦੀ ਮੌਲਿਕਤਾ, ਦਰਵੇਸ਼ ਲਾਲੀ ਬਾਬੇ ਦੇ ਪ੍ਰਸੰਗ ਵਿਚ ਭੂਤਵਾੜੇ ਦੀ ਗਾਥਾ, ਹਿੰਦੂ ਰਾਸ਼ਟਰ ਦਾ ਅਵਚੇਨਤ ਤੇ ਪੰਜਾਬੀ, ਭਗਤ ਦੀ ਸ਼ਹਾਦਤ ਬਾਰੇ ਡਾ. ਭੀਮ ਰਾਓ ਅੰਬੇਡਕਰ ਦੇ ਵਿਚਾਰ ਅਤੇ ਗੌਰੀ ਲੰਕੇਸ਼ ਦਾ ਕਤਲ ਤਾਂ ਸੰਦੇਸ਼ ਹੈ ਆਦਿ ਮੁੱਲਵਾਨ ਲਿਖਤਾਂ ਹਨ। ਪੰਜਾਬ ਨਾਲ ਜੁੜੇ ਮਸਲਿਆਂ ਨੂੰ ਕੌਮਾਂਤਰੀ ਚੌਖਟੇ ਵਿਚ ‘ਪੰਜਾਬ ਟਾਈਮਜ਼’ ਰਾਹੀਂ ਪੇਸ਼ ਕਰਨਾ ਆਪਣੇ ਆਪ ‘ਚ ਮੁੱਲਵਾਨ ਕਾਰਜ ਹੋਣ ਕਰਕੇ ਇਸ ਪੁਸਤਕ ਦਾ ਹਿੱਸਾ ਹੈ। ਵਿਸ਼ਵੀ ਪੂੰਜੀ ਦੇ ਦੌਰ ਵਿਚ ਪੰਜਾਬ ਦੀਆਂ ਆਰਥਿਕ ਬੁਨਿਆਦਾਂ ਬੁਰੀ ਤਰ੍ਹਾਂ ਹਿੱਲ ਗਈਆਂ ਹਨ। ਇਹ ਪੁਸਤਕ ਸੰਘਰਸ਼ਮਈ ਵਿਅਕਤੀਤਵ ਦੀ ਸਿਰਜਣਾ ਦੀ ਸਮਰੱਥਾ ਦਰਸਾਉਣ ਵਾਲੀ ਵੀ ਹੈ ਅਤੇ ਇਸ ਦੇ ਨਾਲ ਹੀ ਭਵਿੱਖ ਵਿਚ ਕੀਤੇ ਜਾਣ ਵਾਲੇ ਕਾਰਜਾਂ ਲਈ ‘ਪੰਜਾਬ ਟਾਈਮਜ਼’ ਵਰਗੇ ਖੁੱਲ੍ਹੇ ਪਲੇਟਫਾਰਮਾਂ ਦਾ ਅਹਿਸਾਸ ਵੀ ਕਰਵਾਉਂਦੀ ਹੈ ਕਿ ਕਿਸ ਤਰ੍ਹਾਂ ਚੌਖਟਿਆਂ ਤੋਂ ਪਾਰ ਹੋ ਕੇ ਸੋਚਣ ਨਾਲ ਹੀ ਅਜੋਕੇ ਪੰਜਾਬ ਦਾ ਭਲਾ ਹੋ ਸਕਦਾ ਹੈ। ਇਸ ਮੁੱਲਵਾਨ ਪੁਸਤਕ ਦੀ ਪੜ੍ਹਤ ਪੰਜਾਬੀ ਪਾਠਕਾਂ, ਲੇਖਕਾਂ ਅਤੇ ਵੱਖ-ਵੱਖ ਖੇਤਰਾਂ ਦੇ ਵਿਚਾਰਵਾਨਾਂ ਲਈ ਨਵੇਂ ਢੰਗ ਨਾਲ ਲਿਖਣ ਅਤੇ ਸੋਚਣ ਵਾਸਤੇ ਪ੍ਰੇਰਦੀ ਹੈ। ਇਸ ਕਿਤਾਬ ਦਾ ਸੰਪਾਦਕ ‘ਪੰਜਾਬੀ ਟ੍ਰਿਬਿਊਨ’ ਦੇ ਸਾਬਕਾ ਸੰਪਾਦਕ ਸੁਰਿੰਦਰ ਸਿੰਘ ਤੇਜ ਨੇ ਕੀਤਾ ਹੈ ਅਤੇ ਇਹ ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ ਨੇ ਛਾਪੀ ਹੈ।