ਮਨੁ ਪਰਦੇਸੀ ਜੇ ਥੀਐ…

ਡਾ ਗੁਰਬਖ਼ਸ਼ ਸਿੰਘ ਭੰਡਾਲ
ਮਨੁੱਖੀ ਮਨ ਕਦੇ ਵੀ ਸਥਿਰ ਨਹੀਂ ਰਹਿੰਦਾ। ਇਕ ਭਟਕਣ ਉਸਦੀ ਤਰਬੀਅਤ ਦਾ ਹਿੱਸਾ ਅਤੇ ਇਸ ਭਟਕਣ ਕਾਰਨ ਹੀ ਜਿ਼ੰਦਗੀ ਨੂੰ ਨਵੇਂ ਰੰਗ, ਰੂਪ ਅਤੇ ਨਵੇਂ ਤਰੀਕੇ ਨਾਲ ਵਿਊਂਤਣ ਦਾ ਚਾਅ।

ਇਹ ਮਨੁੱਖੀ ਮਨ ਦੀ ਭਟਕਣ ਦਾ ਹੀ ਨਾਮ ਸੀ ਕਿ ਉਹ ਜੰਗਲਾਂ ਵੱਲੋਂ ਨਗਰਾਂ ਤੇ ਸ਼ਹਿਰਾਂ ਵੱਲ ਨੂੰ ਤੁਰਿਆ। ਬਹੁਤੀ ਵਾਰ ਆਪਣੀ ਵੱਖਰੀ ਪਛਾਣ ਵਾਲਾ ਮਨੁੱਖ ਸ਼ਹਿਰੀ ਜੰਗਲ ਵਿਚ ਆ ਕੇ ਗਵਾਚ ਹੀ ਗਿਆ।
ਪ੍ਰਦੇਸੀ ਹੋਣਾ, ਇਕ ਖਿੱਤੇ ਤੋਂ ਦੂਸਰੇ ਖਿੱਤੇ ਵੱਲ ਨੂੰ ਤਿਆਰੀ। ਆਪਣੀਆਂ ਤਾਂਘਾਂ ਨੂੰ ਪੂਰਨ ਲਈ ਨਵੇਂ ਅੰਬਰਾਂ ਦੀ ਤਲਾਸ਼ ਕਰਨਾ ਜਾਂ ਆਪਣੇ ਸੁਪਨਿਆਂ ਦੀ ਪਰਵਾਜ਼ ਨੂੰ ਨਵੇਂ ਅਰਥ ਦੇਣ ਲਈ ਨਿਸ਼ਚਿਤ ਦਾਇਰਿਆਂ ਨੂੰ ਤੋੜਨਾ। ਵਲਗਣਾਂ ਤੋਂ ਨਿਜ਼ਾਤ ਪਾਉਣੀ ਅਤੇ ਫਿਰ ਆਪਣੇ ਨਵੇਂ ਰਾਹਾਂ, ਥਾਵਾਂ ਤੇ ਗਰਾਵਾਂ ਦੀ ਤਲਾਸ਼ ਕਰਨਾ।
ਪ੍ਰਦੇਸੀ ਹੋਣਾ ਆਸਾਨ ਨਹੀਂ ਹੁੰਦਾ। ਭਾਵੇਂ ਇਹ ਪਿੰਡ ਤੋਂ ਸ਼ਹਿਰ, ਸ਼ਹਿਰ ਤੋਂ ਮਹਾਂਨਗਰ ਜਾਂ ਇਕ ਦੇਸ਼ ਤੋਂ ਦੂਸਰੇ ਦੇਸ਼ ਵਿਚ ਪ੍ਰਵਾਸ ਕਰਨਾ। ਇਸਦੀ ਪੀੜ ਤੇ ਪ੍ਰਾਪਤੀ ਨੂੰ ਇਕਸਾਰ ਹੀ ਹੰਢਾਉਣਾ ਪੈਂਦਾ।
ਪ੍ਰਦੇਸੀ ਹੋਣ ਤੋਂ ਬਹੁਤ ਕੁਝ ਬਦਲ ਜਾਂਦਾ। ਰਹਿਣ-ਸਹਿਣ, ਖਾਣਾ-ਪੀਣਾ, ਜੀਵਨ ਪ੍ਰਤੀ ਨਜ਼ਰੀਆ, ਆਲਾ-ਦੁਆਲਾ ਤੇ ਰਹਿਤਲ। ਬਹੁਤੀ ਵਾਰ ਤਾਂ ਮਨੁੱਖ ਹੀ ਬਦਲ ਜਾਂਦਾ ਜਦ ਉਸਦੀਆਂ ਆਦਤਾਂ, ਸਰੋਕਾਰ ਅਤੇ ਸਬੰਧ ਬਦਲ ਜਾਂਦੇ।
ਅਸੀਂ ਬਹੁਤੀ ਵਾਰ ਪ੍ਰਦੇਸੀ ਇਸ ਲਈ ਹੁੰਦੇ ਕਿਉਂਕਿ ਸਾਡੇ ਹਾਣ ਦਾ ਅੰਬਰ ਨਹੀਂ ਹੁੰਦਾ ਜਾਂ ਸਥਿਤੀਆਂ ਸਾਡੇ ਅਨੁਕੂਲ ਨਹੀਂ ਹੁੰਦੀਆਂ ਜਾਂ ਸੌੜੀਆਂ ਜਾਪਦੀਆਂ ਮੂਲ ਜਗ੍ਹਾ ਦੀਆਂ ਸੰਭਾਵਨਾਵਾਂ। ਦਰਅਸਲ ਸਾਡੇ ਸੁਪਨੇ ਬਹੁਤ ਵੱਡੇ ਹੁੰਦੇ ਜਿਨ੍ਹਾਂ ਦੀ ਪੂਰਤੀ ਖੁੱਲ੍ਹੇ ਅਸਮਾਨਾਂ ਵਿਚ ਉਚੇਰੀ ਉਡਾਣ ਭਰ ਕੇ ਹੀ ਸੰਭਵ ਹੁੰਦੀ।
ਕੁਝ ਲੋਕ ਸਿਰਫ਼ ਪ੍ਰਵਾਸ ਕਰਨ ਲਈ ਪ੍ਰਦੇਸੀ ਹੁੰਦੇ। ਜਿ਼ਆਦਾਤਰ ਅਜੇਹਾ ਪ੍ਰਦੇਸੀ ਹੋਣਾ ਜੀਵਨ ਦੀਆਂ ਮੂਲ ਲੋੜਾਂ ਦੀ ਅਪੂਰਤੀ ਵਿਚੋਂ ਪੈਦਾ ਹੁੰਦਾ। ਮਨੁੱਖ ਉਸ ਜਗ੍ਹਾ ਵੱਲ ਨੂੰ ਪ੍ਰਵਾਸ ਕਰਦਾ ਜਿੱਥੋਂ ਇਨ੍ਹਾਂ ਦੀ ਪੂਰਤੀ ਅਸਾਨੀ ਨਾਲ ਹੁੰਦੀ।
ਪ੍ਰਦੇਸੀ ਤਾਂ ਪੰਛੀ ਵੀ ਹੁੰਦੇ ਚੋਗ ਭਾਲਣ ਲਈ ਜਾਂ ਠੰਢੇ ਮੌਸਮਾਂ ਦੀ ਮਾਰ ਤੋਂ ਬਚਣ ਲਈ। ਇਹ ਪ੍ਰਵਾਸ ਅਸਥਾਈ ਹੂੰਦਾ ਪਰ ਫਰਕ ਹੁੰਦਾ ਹੈ ਅਸਥਾਈ ਪ੍ਰਦੇਸੀ ਹੋਣ ਅਤੇ ਪੱਕੇ ਪ੍ਰਦੇਸੀ ਹੋਣ ਵਿਚ। ਇਹ ਅੰਤਰ ਹੀ ਉਨ੍ਹਾਂ ਹਾਲਾਤ ਦੀ ਦਰਸ਼-ਬਿਆਨੀ ਕਰਦਾ ਜਿਨ੍ਹਾਂ ਕਰਕੇ ਕੋਈ ਸਦਾ ਲਈ ਜਾਂ ਕੁਝ ਸਮੇਂ ਲਈ ਪ੍ਰਦੇਸੀ ਹੁੰਦਾ।
ਪ੍ਰਦੇਸੀ ਹੋਣਾ ਬਹੁਤ ਔਖਾ। ਆਪਣਾ ਘਰ-ਬਾਹਰ, ਆਲਾ-ਦੁਆਲਾ ਅਤੇ ਮੋਹਭਿੱਜੀ ਫਿ਼ਜ਼ਾ ਤੋਂ ਦੂਰ ਜਾਣਾ ਜਿਸਨੇ ਤੁਹਾਨੂੰ ਸਾਹ ਅਰਪੇ, ਜਿ਼ੰਦਗੀ ਦਿੱਤੀ, ਜਿਸ `ਚ ਤੁਹਾਡੀਆਂ ਜੜ੍ਹਾਂ ਹੁੰਦੀਆਂ। ਤਾਂ ਹੀ ਬਚਪਨੀ ਯਾਦਾਂ ਸਦਾ ਤੁਹਾਡੇ ਅਚੇਤ ਵਿਚ ਰਹਿੰਦੀਆਂ ਭਾਵੇਂ ਤੁਸੀਂ ਕਿਧਰੇ ਵੀ ਚਲੇ ਜਾਓ।
ਜਦ ਇਕ ਪੁੱਤ ਪ੍ਰਦੇਸੀ ਹੁੰਦਾ ਤਾਂ ਉਹ ਮਾਪਿਆਂ ਦੇ ਦੀਦਿਆਂ ਵਿਚ ਲੰਮੀ ਉਡੀਕ ਧਰ ਜਾਂਦਾ। ਨਾਲ ਹੀ ਇਹ ਤੌਫ਼ਲਾ ਵੀ ਮਾਪਿਆਂ ਦੇ ਦਿਲਾਂ ਵਿਚ ਹੁੰਦਾ ਕਿ ਪਤਾ ਨਹੀਂ ਹੁਣ ਕਦੋਂ ਪੁੱਤ ਨਾਲ ਮਿਲਾਪ ਹੋਣਾ ਜਾਂ ਪੁੱਤ ਤੋਂ ਬਗੈਰ ਹੀ ਸਿਵਿਆਂ ਦੇ ਰਾਹ ਤੁਰ ਪੈਣਾ? ਪ੍ਰਦੇਸੀ ਬਣੇ ਪੁੱਤ ਨੂੰ ਰਾਹਾਂ ਦੇ ਬਿਖੜੇ ਪੈਂਡਿਆਂ ਹੀ ਨਾ ਖਾ ਜਾਣ। ਪੁੱਤ ਨੇ ਸਾਨੂੰ ਆਖਰੀ ਵਾਰ ਮੋਢਾ ਵੀ ਖਬਰੇ ਨਹੀਂ ਦੇਣਾ। ਜਦ ਕੋਈ ਦਲਾਲਾਂ ਦੇ ਢਹੇ ਚੜ੍ਹ ਕੇ ਘਰੋਂ ਬਾਹਰ ਨੂੰ ਪ੍ਰਦੇਸ ਜਾਣ ਲਈ ਪੈਰ ਰੱਖਦਾ ਤਾਂ ਉਹ ਜਿੰਦ ਨੂੰ ਤਲੀ `ਤੇ ਰੱਖ ਕੇ ਅੱਗ ਦਾ ਦਰਿਆ ਤਰਦਾ। ਇਸ ਅੱਗ ਦੇ ਦਰਿਆ ਵਿਚ ਕਈ ਵਾਰ ਬਹੁਤ ਕੁਝ ਸਵਾਹ ਹੋ ਜਾਂਦਾ ਜਿਸਨੇ ਉਮਰਾਂ ਦੀ ਪੀੜ ਬਣ ਜਾਣਾ ਹੁੰਦਾ। ਕਈ ਵਾਰ ਪ੍ਰਦੇਸੀ ਪੁੱਤ ਘਰ ਨਾਲੋਂ ਅਜੇਹਾ ਟੁੱਟਦਾ ਕਿ ਉਹ ਘਰ ਦੀਆਂ ਬਰੂਹਾਂ ਹੀ ਭੁੱਲ ਜਾਂਦਾ। ਉਸਦੇ ਚੇਤਿਆਂ ਵਿਚ ਸਿਰਫ਼ ਖੁਦ ਤੋਂ ਬੇਮੁਖੀ ਹੀ ਬਚਦੀ ਜੋ ਉਸਨੂੰ ਆਪਣੇ ਸਮੁੱਚ ਨਾਲੋਂ ਤੋੜ, ਉਸਦੀ ਅੰਦਰਲੀ ਟੁੱਟ-ਭੱਜ ਦਾ ਚਿੱਤਰਪੱਟ ਉਸਾਰਦੀ। ਧੀ ਦਾ ਪ੍ਰਦੇਸੀ ਹੋਣਾ ਕਦੇ ਉਸ ਬਾਪ ਨੂੰ ਪੁੱਛਣਾ ਜਿਸਨੇ ਉਸਨੂੰ ਲਾਡਾਂ ਨਾਲ ਪਾਲਦਿਆਂ ਉਸਦੀ ਹਰ ਤਮੰਨਾ ਦੀ ਪੂਰਤੀ ਨੂੰ ਪਰਮ-ਧਰਮ ਮੰਨਿਆ ਹੋਵੇ। ਜਦ ਇਹ ਪ੍ਰਦੇਸਣ ਧੀ ਦੁਸ਼ਵਾਰੀਆਂ ਭੋਗਦਿਆਂ, ਆਪਣੇ ਮਾਪਿਆਂ ਦੀਆਂ ਰਹਿਮਤਾਂ ਨੂੰ ਚੇਤੇ ਕਰਦੀ ਤਾਂ ਬਹੁਤ ਕੁਝ ਉਸਦੇ ਅੰਦਰ ਟੁੱਟਦਾ ਵੀ ਤੇ ਜੁੜਦਾ ਵੀ। ਇਸ ਭੰਨ-ਤੋੜ ਅਤੇ ਜੋੜ-ਜੁਗਤ ਵਿਚ ਹੀ ਬੁੱਲਾਂ ਨੂੰ ਸੀਤਿਆ ਰੱਖਦੀ ਤਾਂ ਕਿ ਮਾਪਿਆਂ ਨੂੰ ਪੀੜਾਂ ਵਣਜ ਕੇ ਉਨ੍ਹਾਂ ਦੀ ਆਖ਼ਰੀ ਉਮਰ ਨਾ ਰੋਲੇ। ਬੜੇ ਹੁੰਦੇ ਨੇ ਧੀਆਂ ਦੇ ਦੁੱਖ। ਧੀ ਦਾ ਇਕ ਹੀ ਅੱਥਰੂ ਬਾਪ ਨੂੰ ਧੁਰ ਤੀਕ ਗਾਲ਼ ਸਕਦਾ। ਜਦ ਕਿ ਉਸਦੇ ਵਿਹੜਿਉਂ ਆਇਆ ਖੇੜਿਆਂ ਦਾ ਬੁੱਲ੍ਹਾ ਉਸਨੂੰ ਉਮਰਾਂ ਦਾ ਵਰਦਾਨ ਦੇ ਜਾਂਦਾ। ਧੀਆਂ ਦਾ ਕੇਹਾ ਕਰਮ ਇਕ ਉਹ ਪ੍ਰਦੇਸੀ ਹੋਣ ਲਈ ਜਨਮਦੀਆਂ। ਇਨ੍ਹਾਂ ਪ੍ਰਦੇਸਣ ਧੀਆਂ ਦੇ ਦੁੱਖਾਂ ਵਿਚ ਮਾਵਾਂ ਦੇ ਮੁੱਖੜੇ `ਤੇ ਉਕਰੀ ਬੇਬਸੀ ਅਤੇ ਤਰਾਸਦੀ ਤਾਂ `ਵਾਵਾਂ ਵੀ ਕਹਿਣ ਤੋਂ ਤ੍ਰਿਹਣ ਲੱਗ ਪੈਂਦੀਆਂ। ਪੌਣਾਂ ਵੀ ਨਹੀਂ ਝੱਲ ਸਕਦੀਆਂ ਪ੍ਰਦੇਸ ਵਿਚ ਵੱਸਦੀਆਂ ਦੁਖੀ ਧੀਆਂ ਦੇ ਹਉਕਿਆਂ ਦਾ ਭਾਰ। ਪਰ ਜਦ `ਵਾ ਦੀ ਰੁਮਕਣੀ ਧੀਆਂ ਦੇ ਵਿਹੜਿਆਂ ਵਿਚਲੀ ਖੁਸ਼ਬੂ ਨੂੰ ਮਾਪਿਆਂ ਦੇ ਸਾਹਾਂ ਦੇ ਨਾਮ ਕਰਦੀ ਤਾਂ ਮਾਂ ਨੂੰ ਆਪਣੀੰ ਕੁੱਖ `ਤੇ ਨਾਜ਼ ਹੁੰਦਾ।
ਪ੍ਰਦੇਸੀ ਹੋਣਾ ਮਾੜਾ ਨਹੀਂ ਸਗੋਂ ਇਹ ਤਾਂ ਮਨੁੱਖੀ ਵਿਕਾਸ ਤੇ ਵਿਸਥਾਰ ਦਾ ਸਬੱਬ ਹੁੰਦਾ। ਪਰ ਲੋੜ ਹੈ ਕਿ ਪ੍ਰਦੇਸੀ ਹੁੰਦਿਆਂ ਵੀ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੀਏ। ਰਿਸ਼ਤਈ ਸੰਬੰਧਾਂ ਨੂੰ ਬਰਕਰਾਰ ਰੱਖੀਏ। ਮੂਲ ਨਾਲ ਜੁੜਿਆ ਮਨੁੱਖ ਕਦੇ ਵੀ ਖ਼ੁਦ ਨਾਲੋਂ ਨਹੀਂ ਟੁੱਟਦਾ ਕਿਉਂਕਿ ਉਸਦਾ ਖ਼ੁਦ ਹੀ ਉਸਦੇ ਮੂਲ ਨਾਲ ਜੁੜਿਆ ਹੁੰਦਾ।
ਅਸੀਂ ਸਾਰੇ ਹੀ ਪ੍ਰਦੇਸੀ ਹੁੰਦੇ ਹਾਂ। ਇਹ ਪਰਵਾਸ ਕਿਸੇ ਨਾ ਕਿਸੇ ਰੂਪ ਵਿਚ ਹੁੰਦਾ। ਕਦੇ ਇਹ ਵਿਚਾਰਾਂ ਦਾ ਪ੍ਰਵਾਸ ਹੁੰਦਾ, ਕਦੇ ਮੁਹਾਰਤ ਦਾ, ਕਦੇ ਸੋਝੀ ਦਾ, ਕਦੇ ਤੁਹਾਡੇ ਵਿਅਕਤੀਤਵ ਦਾ ਅਤੇ ਕਦੇ ਤੁਹਾਡੇ ਮਾਨਵੀ ਗੁਣਾਂ ਦਾ ਹੁੰਦਾ ਜਿਨ੍ਹਾਂ ਦੀ ਮਹਿਕ ਚੌਗਿਰਦੇ ਦੀ ਆਬੋ-ਹਵਾ ਨੂੰ ਵੀ ਮਹਿਕੀਲੀ ਬਣਾ ਦਿੰਦੀ।
ਜਦ ਕੋਈ ਪਤੀ ਪ੍ਰਦੇਸੀ ਹੋ ਜਾਵੇ ਤਾਂ ਸੇਜ ਉਡੀਕਦੀ ਕਿ ਕਦ ਇਸਨੂੰ ਵੱਟੋ-ਵੱਟ ਹੋਣ ਦਾ ਸੁਖਨ ਹਾਸਲ ਹੋਵੇਗਾ? ਕਦ ਕਾਲੀਆਂ ਰਾਤਾਂ ਵਿਚ ਚੰਨ ਉਗਮੇਗਾ? ਕਦੋਂ ਉਮਰ ਵਰਗੀ ਉਡੀਕ ਨੂੰ ਆਸ ਦਾ ਫ਼ਲ ਲੱਗੇਗਾ? ਕਦੋਂ ਮੁੱਕੇਗੀ ਕੰਧਾਂ `ਤੇ ਮਾਰੀਆਂ ਲੀਕਾਂ ਦੀ ਮਿਆਦ? ਕਦੋਂ ਮਿਲਣੀਆਂ ਮਿਲਾਪ ਦੀਆਂ ਘੜੀਆਂ ਅਤੇ ਪਿਆਰ ਭਿੱਜੇ ਪਲਾਂ ਵਿਚ ਖੁਦ ਨੂੰ ਤਰ-ਬ-ਤਰ ਕਰਨਾ? ਕਦ ਚਾਨਣੀ ਦੀ ਠੰਢੀ ਜਿਹੀ ਲੋਅ ਵਿਚ ਖੁਦ ਨੂੰ ਰੁਸ਼ਨਾਉਣਾ ਅਤੇ ਇਕ ਦੂਸਰੇ ਵਿਚ ਸਮਾਉਣਾ? ਬਹੁਤ ਪੀੜਤ ਕਰਦਾ ਹੈ ਸਿਲਵਟਾਂ ਤੋਂ ਸੱਖਣੀ ਸੇਜ `ਤੇ ਰਾਤ ਭਰ ਉਸਲਵੱਟੇ ਭੰਨਣੇ। ਖ਼ੁਦ ਨੂੰ ਖ਼ੁਦ ਦੇ ਸੇਕ ਵਿਚ ਸੇਕਣਾ। ਖੁਦ ਦੀ ਪਿਆਸ ਦੀ ਪੂਰਤੀ ਲਈ ਖ਼ੁਦ ਦੀਆਂ ਘੁੱਟਾਂ ਭਰਨੀਆਂ।
ਪ੍ਰਦੇਸੀ ਹੋਣ ਦਾ ਮਤਲਬ ਹੈ ਜਿ਼ੰਦਗੀ ਨੂੰ ਮੁੱਢ ਤੋਂ ਸ਼ੂਰੁ ਕਰਨਾ। ਆਲੇ-ਦੁਆਲੇ ਨੂੰ ਸਮਝਣਾ। ਇਸ ਦੀਆਂ ਬਹੁ-ਪਰਤਾਂ ਦੀ ਬੇਪਰਦਗੀ ਕਰਨਾ। ਇਨ੍ਹਾਂ ਨੂੰ ਪੜ੍ਹਨਾ ਅਤੇ ਇਸਦੀ ਇਬਾਰਤ ਵਿਚੋਂ ਖ਼ੁਦ ਦੀ ਨਿਸ਼ਾਨਦੇਹੀ ਕਰਨੀ। ਆਪਣੇ ਆਪ ਨੂੰ ਨਵੇਂ ਹਾਲਾਤ, ਸਰੋਕਾਰਾਂ, ਸਾਧਨਾਂ, ਸੁਪਨਿਆਂ ਅਤੇ ਸਫ਼ਲਤਾਵਾਂ ਦਾ ਹਾਣੀ ਬਣਾਉਣਾ। ਨਵੇਂ ਲੋਕਾਂ ਵਿਚ ਵਿਚਰਦਿਆਂ ਉਨ੍ਹਾਂ ਨਾਲ ਸਾਂਝਾਂ ਵਧਾਉਣੀਆਂ ਅਤੇ ਖੁਦ ਨੂੰ ਉਨ੍ਹਾਂ ਲੋਕਾਂ ਦੇ ਬਰਾਬਰ ਹੋਣ ਲਈ ਸਖ਼ਤ ਮਿਹਨਤ ਕਰਨਾ।
ਜਿ਼ਆਦਤਰ ਲੋਕ ਸਰੀਰਕ ਤੌਰ `ਤੇ ਪ੍ਰਵਾਸ ਕਰਦੇ। ਚੇਤੰਨ ਤੌਰ ਕਦੇ ਵੀ ਪ੍ਰਦੇਸੀ ਨਹੀਂ ਹੁੰਦੇ। ਉਹ ਆਪਣੀਆਂ ਧਾਰਨਾਵਾਂ, ਰਸਮੋ-ਰਿਵਾਜ਼, ਪੁਰਾਣੀਆਂ ਆਦਤਾਂ ਅਤੇ ਮੂਲ ਨਾਲ ਜੁੜਿਆ ਸਭ ਕੁਝ ਨਾਲ ਹੀ ਚੁੱਕੀ ਫਿਰਦੇ ਜਿਨ੍ਹਾਂ ਦੀ ਨਵੀਂ ਧਰਤੀ ਅਤੇ ਨਵੇਂ ਲੋਕਾਂ ਵਿਚ ਕੋਈ ਥਾਂ ਨਹੀਂ ਹੁੰਦੀ। ਜਦ ਅਸੀਂ ਪ੍ਰਦੇਸੀ ਹੁੰਦੇ ਤਾਂ ਸਾਨੂੰ ਹੀ ਉਨ੍ਹਾਂ ਲੋਕਾਂ, ਕਾਨੂੰਨਾਂ ਅਤੇ ਨਿਯਮਾਂ ਅਨੁਸਾਰ ਖ਼ੁਦ ਨੂੰ ਢਾਲਣਾ ਪਵੇਗਾ। ਨਾ ਕਿ ਆਪਣੀ ਆਦਤ ਅਨੁਸਾਰ ਉਨ੍ਹਾਂ ਦੇ ਕਾਨੂੰਨਾਂ ਜਾਂ ਵਰਤੋਂ-ਵਿਹਾਰ ਨੂੰ ਬਦਲਣ ਦੀ ਪ੍ਰਤੀਕਿਰਿਆ ਵਿਚ ਹੀ ਖੁਦ ਨੂੰ ਖਚਿੱਤ ਕਰਨਾ। ਜਿਹੜੇ ਪ੍ਰਦੇਸੀ ਨਵੀਂ ਧਰਤੀ ਦੇ ਨਿਯਮਾਂ ਤੇ ਜੀਵਨ-ਜਾਚ ਅਨੁਸਾਰ ਖ਼ੁਦ ਨੂੰ ਢਾਲ ਲੈਂਦੇ, ਉਹ ਜਿੰ਼ਦਗੀ ਵਿਚ ਬਹੁਤ ਕਾਮਯਾਬ ਹੁੰਦੇ। ਯਾਦ ਰੱਖਣਾ! ਖ਼ੁਦ ਨੂੰ ਹਰ ਸਥਿਤੀ ਵਿਚ ਪ੍ਰਵਰਤਿਤ ਕਰਦਿਆਂ, ਸੁਖ਼ਨ, ਸੰਵੇਦਨਾ, ਸਹਿਜ ਅਤੇ ਸੰਤੁਸ਼ਟੀ ਪ੍ਰਾਪਤ ਕਰਨ ਦਾ ਤਰੀਕਾ ਆ ਜਾਵੇ ਤਾਂ ਜੀਵਨ ਬਹੁਤ ਸੁੱਖਦਾਈ ਹੁੰਦਾ।
ਪਰ ਸਭ ਤੋਂ ਅਹਿਮ ਹੁੰਦਾ ਹੈ ਮਨੁੱਖ ਦਾ ਮਨ ਕਦੇ ਵੀ ਮਨੁੱਖ ਵਿਚੋਂ ਮਨਫ਼ੀ ਨਾ ਹੋਵੇ। ਨਾ ਹੀ ਕਦੇ ਪ੍ਰਵਾਸ ਕਰੇ ਕਿਉਂਕਿ ਖ਼ੁਦ ਨਾਲੋਂ ਹੀ ਪ੍ਰਦੇਸੀ ਹੋ ਕੇ ਸਮੁੱਚੀ ਪ੍ਰਕ੍ਰਿਤੀ ਹੀ ਪਰਾਈ ਹੋ ਜਾਂਦੀ ਹੈ। ਮਨੁੱਖ ਦਾ ਖੁ਼ਦ ਕੋਲੋਂ ਪਰਾਏ ਹੋਣਾ ਬਹੁਤ ਔਖਾ ਹੁੰਦਾ ਕਿਉਂਕਿ ਪਰਾਇਆਂ ਨਾਲ ਜਿ਼ੰਦਗੀ ਦੀ ਕਿਸ ਨਾਲ ਤਸ਼ਬੀਹ ਦੇਵੋਗੇ? ਆਪਣਿਆਂ ਨਾਲ ਤਾਂ ਜੀਵਨ ਨੂੰ ਜਿਊਣ ਜੋਗਾ ਕੀਤਾ ਜਾ ਸਕਦਾ।
ਪ੍ਰਦੇਸੀ ਤਾਂ ਚੰਨ ਤਾਰੇ ਹੁੰਦੇ। ਦਿਨ ਵੇਲੇ ਉਹ ਕਿਸੇ ਹੋਰ ਦੇਸ਼ ਵਿਚ ਹੁੰਦੇ ਅਤੇ ਰਾਤ ਨੂੰ ਸਾਡੇ ਦੇਸ਼ ਵਿਚ ਪਰਤ ਆਉਂਦੇ। ਕਦੇ ਚੰਨ ਪੁੰਨਿਆ ਦਾ ਸਿਰਨਾਵਾਂ ਹੁੰਦਾ ਪਰ ਕਦੇ ਉਹ ਮੱਸਿਆ ਦੀ ਕਾਲੀ ਰਾਤ ਦਾ ਹਰਫ਼ਨਾਮਾ ਵੀ ਹੁੰਦਾ। ਰੁੱਤਾਂ ਵੀ ਕਦੇ ਵੀ ਸਥਿਰ ਨਹੀਂ ਰਹਿੰਦੀਆਂ। ਸਦਾ ਯਾਤਰਾ ਵਿਚ। ਕਦੇ ਇਧਰ ਤੇ ਕਦੇ ਉਧਰ।, ਪਰਵਾਸੀ ਹੋਣਾ ਇਨ੍ਹਾਂ ਦਾ ਸੁਭਾਅ। ਅਮਰੀਕਾ ਵਿਚ ਸਰਦੀਆਂ ਪਰ ਆਸਟਰੇਲੀਆ ਵਿਚ ਗਰਮੀਆਂ। ਕਿਧਰੇ ਬਰਫ਼ਬਾਰੀ ਤੇ ਕਿਧਰੇ ਬਰਸਾਤਾਂ। ਬੱਦਲਾਂ ਦੀ ਪ੍ਰਵਾਸੀ ਆਦਤ ਨੂੰ ਕੌਣ ਨਹੀਂ ਜਾਣਦਾ। ਪਤਾ ਹੀ ਨਹੀਂ ਲੱਗਦਾ ਕਿ ਇਹ ਕਿਹੜੇ ਦੇਸ਼ੋਂ ਆਉਂਦੇ ਅਤੇ ਕਿਹੜੇ ਦੇਸ਼ਾਂ ਨੂੰ ਜਾਣ ਲਈ ਕਾਹਲੇ ਹੁੰਦੇ। ਇਹ ਪੌਣ ਕਦੇ ਪੁਰੇ ਦੀ ਪੌਣ ਹੁੰਦੀ ਅਤੇ ਕਦੇ ਪੱਛੋਂ ਦੀ `ਵਾਅ। ਸਦਾ ਪ੍ਰਦੇਸੀ ਹੋਣ ਦਾ ਚਾਅ। ਇਸ ਚਾਅ ਵਿਚ ਇਹ ਪੌਣ ਬਹੁਤ ਕੁਝ ਦੀ ਜਾਣਕਾਰੀ ਸਾਡੀ ਸੋਚ ਵਿਚ ਧਰ ਅਗਲੇ ਸਫ਼ਰ ਲਈ ਵਿਦਾ ਹੋ ਜਾਂਦੀ। ਦਰਿਆ ਦਾ ਪ੍ਰਵਾਸ ਦੇਖਣਾ ਕਿ ਕਿਵੇਂ ਪਹਾੜਾਂ ਤੋਂ ਤੁਰਦੇ, ਪ੍ਰਵਾਸ ਕਰ ਸਮੁੰਦਰ ਵਿਚ ਸਮਾਉਣ ਲਈ ਕਾਹਲੇ। ਇਸ ਕਾਹਲ ਵਿਚ ਹੀ ਖ਼ੁਦ ਨੂੰ ਬੇਪਛਾਣ ਕਰ ਲੈਂਦੇ। ਕਦੇ ਉਨ੍ਹਾਂ ਵਿਚ ਬਰੇਤੇ ਉਗਦੇ ਅਤੇ ਸਮੁੰਦਰ ਵਿਚ ਮਿਲ ਕੇ ਸਮੁੰਦਰ ਹੀ ਹੋ ਜਾਂਦੇ। ਸੋ ਲੋੜ ਹੈ ਕਿ ਜਦ ਵੀ ਅਸੀਂ ਪ੍ਰਵਾਸ ਕਰੀਏ ਪਰ ਪ੍ਰਵਾਸ ਵਿਚ ਖੁ਼ਦ ਦੀ ਪਛਾਣ ਨਾ ਭੁਲਾਈਏ। ਇਹ ਤੁਹਾਡੀ ਖ਼ੁਦ ਦੀ ਪਛਾਣ ਹੀ ਹੁੰਦੀ ਜਿਸ ਕਰਕੇ ਤੁਸੀਂ ਭੀੜ ਵਿਚੋਂ ਵੀ ਪਛਾਣੇ ਜਾਂਦੇ ਹੋ।
ਗੁਰਬਾਣੀ ਦਾ ਫੁਰਮਾਨ ਹੈ ਕਿ ‘ਮਨ ਪਰਦੇਸੀ ਜੇ ਥੀਐ ਤਾਂ ਦੇਸ ਪ੍ਰਾਇਆ’ ਦਾ ਮਤਲਬ ਹੈ ਕਿ ਜਦ ਮਨ ਪ੍ਰਮਾਤਮਾ ਤੋਂ ਦੂਰ ਹੋ ਜਾਂਦਾ ਤਾਂ ਉਹ ਸਮੁੱਚੀ ਦੁਨੀਆ ਤੋਂ ਹੀ ਦੂਰ ਹੋ ਜਾਂਦਾ। ਲੋੜ ਹੈ ਕਿ ਦੁਨੀਆ ਵਿਚ ਬੇਪਛਾਣ ਹੋਇਆਂ ਤੋਂ ਬਗੈਰ, ਪ੍ਰਦੇਸੀਪੁਣੇ ਨੂੰ ਨਵੇਂ ਅਰਥਾਂ ਰਾਹੀਂ ਪਰਿਭਾਸ਼ਤ ਕਰਨ ਦੀ।
ਪ੍ਰਵਾਸ ਦੌਰਾਨ ਆਪਣੀ ਸੋਚ ਦਾ ਨਵੀਨੀਕਰਨ ਤਾਂ ਕਰੋ ਪਰ ਇਸਨੂੰ ਕਦੇ ਵੀ ਪ੍ਰਦੇਸੀ ਨਾ ਕਰੋ। ਜੇ ਤੁਸੀਂ ਆਪਣੀ ਸੋਚ ਹੀ ਪ੍ਰਦੇਸੀ ਕਰ ਲਈ ਤੁਹਾਡੇ ਕੋਲ ਬਚੇਗਾ ਕੀ? ਕਿਵੇਂ ਤੁਸੀਂ ਆਪਣੇ ਆਪ ਦੇ ਰੂਬਰੂ ਹੋਵੋਗੇ? ਕਿਵੇਂ ਦੱਸੋਗੇ ਕਿ ਤੁਸੀਂ ਕੌਣ ਹੈ ਅਤੇ ਤੁਸੀਂ ਕਿਸ ਮੂਲ ਨਾਲ ਜੁੜੇ ਰਹੇ ਹੋ? ਜਿਹੜੇ ਲੋਕ ਪ੍ਰਦੇਸੀ ਹੁੰਦਿਆਂ ਵੀ ਆਪਣੀ ਪਛਾਣ `ਤੇ ਮਾਣ ਕਰਦੇ ਨੇ ਅਤੇ ਇਸ ਨਾਲੋਂ ਟੁੱਟਣ ਤੋਂ ਨਾਬਰ ਹੁੰਦੇ, ਉਹ ਦੁਨੀਆ ਸਾਹਵੇਂ ਇਕ ਨਵਾਂ ਬਿੰਬ ਸਿਰਜਦੇ। ਦੁਨੀਆ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਛਾਣ ਨੂੰ ਨਤਮਸਤਕ ਹੁੰਦੀ।
ਸੂਰਜ, ਚੰਨ ਤੇ ਤਾਰੇ ਵੀ ਪ੍ਰਦੇਸੀ ਹੁੰਦੇ ਭਾਵੇਂ ਕਿਸੇ ਦਾ ਪ੍ਰਦੇਸੀ ਹੋਣਾ ਇਕ ਦਿਨ ਦਾ ਹੋਵੇ, ਇਕ ਰਾਤ ਦਾ ਹੋਵੇ ਜਾਂ ਪੰਦਰਾਂ ਦਿਨਾਂ ਦਾ ਹੋਵੇ ਕਿਉਂਕਿ
ਚੰਨ ਵਰਗਾ ਇਕ ਜਿਊੜਾ,
ਨਿੱਤ ਪ੍ਰਦੇਸੀ ਹੋਵੇ।
ਕਿਸੇ ਨੂੰ ਚਾਨਣ ਰੁੱਤਾਂ,
ਕਿਸੇ ਲਈ `ਨ੍ਹੇਰਾ ਢੋਵੇ।
ਕਿਸੇ ਲਈ ਮੁੱਕ ਜਾਣ ਉਡੀਕਾਂ,
ਕਿਸੇ ਲਈ ਵਸਲ ਪਰੋਵੇ।
ਕਿਸੇ ਲਈ ਛੱਤ ਤੋਂ ਝਾਤੀਆਂ ਮਾਰੇ,
ਕਿਸੇ ਲਈ ਦਰ ਹੀ ਢੋਵੇ।
ਕਿਸੇ ਲਈ ਚੰਦਾ-ਮਾਮਾ ਬਣਦਾ,
ਕਿਸੇ ਲਈ ਰੂਹ ਦਾ ਮਾਹੀ।
ਕਿਸੇ ਲਈ ਮਾਰੂਥਲੀ ਉਜਾੜ,
ਕਿਸੇ ਲਈ ਫੁੱਲ ਕਪਾਹੀ।
ਕਿਸੇ ਲਈ ਮੱਥੇ ਦਾ ਟਿੱਕਾ,
ਜੀਵਨ-ਸਫ਼ਰ ਦਾ ਰਾਹੀ।
ਕਿਸੇ ਲਈ ਝੀਲ `ਚ ਬਣ ਪ੍ਰਛਾਵਾਂ,
ਗਾਵੇ ਨਾਦ ਇਲਾਹੀ।
ਚਾਨਣੀ ਰੁੱਤੇ ਚੰਨ ਹੱਸੇਂਦਾ,
ਮੱਸਿਆ ਭਰੇ ਹਟਕੋਰੇ।
ਕਦੇ ਤਲੀ `ਤੇ ਚਾਅ ਖੁਣੇਂਦਾ,
ਕਦੇ ਉਮਰ ਦੇ ਝੋਰੇ।
ਚਾਨਣੀ `ਚ ਕੋਈ ਬਹਿ ਉਡੀਕੇ,
ਸੱਜਣ ਹੱਥੀਂ ਤੋਰੇ।
ਜਿਸਦੀ ਅਣਹੋਂਦ `ਚ ਹੁਣ ਤੱਕ,
ਰੂਹ ਦੇ ਵਰਕੇ ਕੋਰੇ।
ਪ੍ਰਦੇਸੀ ਹੁੰਦਿਆਂ ਜੋ ਸਿਰਫ਼ ਵੇਸ਼-ਭੂਸ਼ਾ, ਲਿਬਾਸ, ਸੁੱਖ-ਸਹੂਲਤਾਂ ਅਤੇ ਧਨ-ਦੌਲਤ ਤੀਕ ਹੀ ਖ਼ੁਦ ਨੂੰ ਸੀਮਤ ਕਰ ਲੈਂਦੇ, ਉਹ ਪ੍ਰਦੇਸੀ ਹੋ ਕੇ ਵੀ ਪ੍ਰਦੇਸੀ ਨਹੀਂ ਹੁੰਦੇ। ਪ੍ਰਦੇਸੀ ਹੋਣ ਲਈ ਜ਼ਰੂਰੀ ਹੈ ਕਿ ਅਸੀਂ ਨਵੀਆਂ ਸੋਚਾਂ, ਨਵੇਂ ਦ੍ਰਿਸ਼ਟੀਕੋਣ, ਨਰੋਈਆਂ ਪਹਿਲਾਂ ਅਤੇ ਵੱਖਰੇ ਰੂਪ ਵਿਚ ਕਿਸੇ ਘਟਨਾ, ਕਿਰਿਆ ਜਾਂ ਕਰਮ ਨੂੰ ਦੇਖਣ, ਜਾਚਣ, ਸਮਝਣ ਅਤੇ ਸਮਝਾਉਣ ਦੇ ਕਾਬਲ ਹੋਈਏ। ਮਨੁੱਖੀ ਵਿਕਾਸ ਲਈ ਵਧੀਆ ਯੋਗਦਾਨ ਪਾ ਸਕੀਏ। ਇਸ `ਚੋਂ ਉਹ ਕੁਝ ਪ੍ਰਾਪਤ ਕਰ ਸਕੀਏ ਜਿਸ `ਤੇ ਪ੍ਰਦੇਸੀ ਹੁੰਦਿਆਂ ਮਾਣ ਕਰ ਸਕੀਏ।
ਪ੍ਰੇਦਸੀ ਹੋਣਾ ਤਾਂ ਹਰ ਕੋਈ ਲੋਚਦਾ ਪਰ ਸੁੰਦਰ ਰੂਪ ਅਤੇ ਸਮੁੱਚ ਵਿਚ ਪ੍ਰਦੇਸੀ ਹੋਣਾ ਬਹੁਤ ਵੀ ਵਿਰਲਿਆਂ ਦਾ ਨਸੀਬ। ਇਹ ਨਸੀਬ ਹੀ ਮਨੁੱਖੀ ਇਤਿਹਾਸ ਦੇ ਮਾਣਮੱਤੇ ਵਰਕੇ ਬਣਦਾ।
ਪ੍ਰਦੇਸੀ ਹੋ ਕੇ ਯਾਦ ਰੱਖੀਏ ਆਪਣੇ ਮਾਪਿਆਂ ਨੂੰ ਜਿਨ੍ਹਾਂ ਦੀਆਂ ਦੁਆਵਾਂ ਸਦਕਾ ਸਾਨੂੰ ਇਹ ਮੌਕਾ ਮਿਲਿਆ। ਕਦੇ ਕਦਾਈਂ ਵਤਨ ਪਰਤ ਕੇ ਉਨ੍ਹਾਂ ਦੀ ਨਿੱਘੀ ਬੁੱਕਲ `ਚ ਬਹਿ ਕੇ ਉਨ੍ਹਾਂ ਨੂੰ ਸੁਖਨ ਅਰਪਿਤ ਕਰਦੇ ਰਹੀਏ। ਚੇਤੇ ਰੱਖੀਏ ਉਨ੍ਹਾਂ ਖੇਤਾਂ, ਖੂਹਾਂ, ਖ਼ਲਿਆਣਾਂ ਅਤੇ ਖ਼ਰਾਸਾਂ ਨੂੰ ਜਿਨ੍ਹਾਂ ਨਾਲ ਕਦੇ ਜੁੜੀ ਹੁੰਦੀ ਸੀ ਸਾਡੀ ਜਿ਼ੰਦਗੀ। ਅਸੀਂ ਇਨ੍ਹਾਂ ਨਾਲ ਜੁੜਿਆਂ ਹੀ ਵੱਡੇ ਸੁਪਨੇ ਲਏ ਜਿਨ੍ਹਾਂ ਦੀ ਪੂਰਤੀ ਲਈ ਅਸੀਂ ਪ੍ਰਦੇਸੀ ਹੋਏ। ਆਪਣੀ ਯਾਦ ਦਾ ਹਿੱਸਾ ਬਣਾ ਰੱਖੀਏ ਉਨ੍ਹਾਂ ਪਿਆਰੇ ਆੜੀਆਂ ਨੂੰ ਜਿਨ੍ਹਾਂ ਦੀ ਸੰਗਤੀ-ਸੁਹਬਤ ਵਿਚੋਂ ਅਸੀਂ ਉਹ ਕੁਝ ਪ੍ਰਾਪਤ ਕਰ ਸਕੇ ਜਿਹੜਾ ਸਾਨੂੰ ਪ੍ਰਦੇਸ ਵਿਚ ਨਾ ਤਾਂ ਮਿਲਿਆ ਹੈ ਅਤੇ ਨਾ ਹੀ ਮਿਲਣਾ। ਉਹ ਬਚਪਨੀ ਮੁਹੱਬਤ, ਅਪਣੱਤ ਅਤੇ ਰੂਹ ਦਾ ਸਾਥ ਤੇ ਜਿਗਰੀ ਸੰਬੰਧ ਸਿਰਫ਼ ਬਚਪਨੀ ਸਾਥੀਆਂ ਨਾਲ ਹੀ ਹੁੰਦੇ। ਉਨ੍ਹਾਂ ਨੂੰ ਅਕਸਰ ਹੀ ਮਿਲਦੇ-ਗਿਲਦੇ ਰਹੀਏ ਤਾਂ ਕਿ ਸਾਡੀ ਔਕਾਤ ਸਾਨੂੰ ਸਦਾ ਯਾਦ ਰਹੇ।
ਹੁਣ ਦਿਨ ਵੇਲੇ ਪ੍ਰਦੇਸ ਵਿਚ ਬੈਠਾ ਹਾਂ। ਪਰ ਆਪਣੇ ਦੇਸ਼ ਵਿਚ ਹੋਵੇਗੀ ਚਾਨਣੀ ਰਾਤ। ਪਰ ਉਸ ਰਾਤ ਵਿਚ ਕਿੰਨੀ ਖਾਮੋਸ਼ੀ ਹੋਵੇਗੀ ਜਿਸਨੂੰ ਪੜ੍ਹਨਾ ਚਾਹੁੰਦਿਆਂ ਵੀ ਪੜ੍ਹ ਨਹੀਂ ਸਕਦਾ। ਮੈਂ ਚਾਨਣੀ ਨੂੰ ਨਿਹਾਰਨ ਲਈ ਉਸ ਛੱਤ `ਤੇ ਨਹੀਂ ਹੋਵਾਂਗਾ ਅਤੇ ਨਾ ਹੀ ਚਾਨਣੀ ਨੂੰ ਬੁੱਕੋ-ਬੁੱਕ ਪੀ ਅੰਤਰੀਵ ਨੂੰ ਰੋਸ਼ਨ ਕਰ ਰਿਹਾ ਹੋਵਾਂਗਾ। ਕਿੰਨੀ ਉਦਾਸ ਹੋਵੇਗੀ ਚਾਨਣੀ ਅਤੇ ਕਿੰਨੀ ਇਕੱਲਤਾ ਹੰਢਾਅ ਰਿਹਾ ਹੋਵੇਗਾ, ਚਾਨਣੀ ਵੰਡ ਰਿਹਾ ਅੰਬਰ ਦਾ ਚੰਨ ਆਪਣਿਆਂ ਦੀ ਸਹਿਹੋਂਦ ਤੋਂ ਬਗੈਰ?
ਇਹ ਯਾਦ ਰੱਖੀਏ ਕਿ ਮਨੁੱਖੀ ਜਨਮ ਵੀ ਸਿਰਫ਼ ਪ੍ਰਦੇਸ-ਪੁਣਾ। ਇਸਨੂੰ ਪੂਰਾ ਕਰਕੇ ਮਨੁੱਖ ਨੇ ਵਾਪਸ ਪਰਤ ਜਾਣਾ ਜਿਥੋਂ ਅਸੀਂ ਪ੍ਰਵਾਸ ਸ਼ੂਰੂ ਕੀਤਾ ਸੀ। ਆਪਣੀ ਆਖ਼ਰੀ ਮੰਜ਼ਲ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਵਾਰ ਵਾਰ ਮਰ ਕੇ ਜਿਊਣ ਨਾਲੋਂ ਇਕ ਵਾਰ ਮਰਨਾ ਬਹੁਤ ਅਹਿਮ ਹੁੰਦਾ। ਜਨਮ ਤਾਂ ਨਿਸ਼ਚਿਤ ਨਹੀਂ ਹੁੰਦਾ ਪਰ ਮੌਤ ਹਮੇਸ਼ਾ ਨਿਸ਼ਚਿਤ ਹੁੰਦੀ ਹੈ।