ਗੁਲਜ਼ਾਰ ਸਿੰਘ ਸੰਧੂ
ਮੇਰੇ ਮਿੱਤਰ ਫਿਕਰ ਤੌਂਸਵੀ ਨੇ ਆਪਣੇ ਕਾਲਮ ਦਾ ਨਾਂ ‘ਪਿਆਜ਼ ਕੇ ਛਿਲਕੇ’ ਰਖਿਆ ਹੋਇਆ ਸੀ। ਉਸ ਨੇ ਹਰ ਆਏ ਦਿਨ ਕਿਸੇ ਨਾ ਕਿਸੇ ਘਟਨਾ-ਕ੍ਰਮ ਦੀ ਚੀਰ ਫਾੜ ਕਰਨੀ ਹੁੰਦੀ ਸੀ। ਜਦੋਂ ਉਸ ਨੂੰ ਕੋਈ ਗੱਲ ਨਾ ਸੁੱਝਦੀ ਉਹ ਕਾਫੀ ਹਾਊਸ ਦੀਆਂ ਵੱਖ ਵੱਖ ਮੰਡਲੀਆਂ ਵਿਚ ਹਾਜ਼ਰੀ ਭਰਦਾ। ਕਾਫੀ ਪੀਣ ਲਈ ਨਹੀਂ, ਆਪਣੇ ਕੰਮ ਦਾ ਛਿਲਕਾ ਲੱਭਣ ਲਈ। ਉਸ ਦੀਆਂ ਅੱਖਾਂ ਵਿਚ ਹੰਝੂ ਭਰੀ ਉਦਾਸੀ ਹੁੰਦੀ ਆਪਣੇ ਅੰਦਰ ਦੇ ਪਿਆਜ਼ ਨੂੰ ਨਾ ਛਿੱਲ ਸਕਣ ਦੀ। ਉਸ ਨੂੰ ਗੰਢੇ ਦੇ ਉਸ ਛਿਲਕੇ ਦੀ ਲੋੜ ਹੁੰਦੀ ਜੋ ਅੱਖਾਂ ਵਿਚ ਹੰਝੂ ਨਾ ਲਿਆਵੇ।
ਅੱਜ ਗੰਢੇ ਦੀਆਂ ਕੀਮਤਾਂ ਨੇ ਸੁਆਣੀਆਂ ਦੀਆਂ ਅੱਖਾਂ ਵਿਚ ਹੰਝੂ ਲੈ ਆਂਦੇ ਹਨ। ਗੰਢਾ ਛਿਲਣ ਕਾਰਨ ਨਹੀਂ, ਗੰਢਾ ਨਾ ਛਿੱਲ ਸਕਣ ਕਾਰਨ। 1976 ਵਿਚ ਮੈਂ ਅਜਿਹੇ ਹੰਝੂ ਮਾਲਦੀਵ ਦੀਆਂ ਸੁਆਣੀਆਂ ਦੇ ਤੱਕੇ ਸਨ। ਜਿਸ ਮਹੀਨੇ ਮੈਂ ਉਥੇ ਗਿਆ, ਗੰਢਾ ਨਹੀਂ ਆਇਆ-ਨਾ ਸ੍ਰੀਲੰਕਾ ਤੋਂ ਤੇ ਨਾ ਹੀ ਭਾਰਤ ਤੋਂ। ਉਨ੍ਹਾਂ ਦੀ ਆਪਣੀ ਧਰਤੀ ਵਿਚ ਹੁੰਦਾ ਨਹੀਂ ਸੀ। ਕਈ ਦਿਨ ਇਸ ਦਾ ਮੁੱਲ ਡੇਢ ਸੌ ਰੁਪਏ ਕਿਲੋ ਰਿਹਾ ਜਦੋਂ ਤੱਕ ਤ੍ਰਿਵੈਂਦਰਮ ਰਾਹੀਂ ਨਾਸਿਕ ਦਾ ਗੰਢਾ ਉਥੇ ਨਹੀਂ ਪਹੁੰਚਿਆ। ਨਾਸਿਕ (ਭਾਰਤ) ਗੰਢੇ ਦਾ ਗੜ੍ਹ ਹੈ। ਪਿੰਪਾਲ ਗਾਓਂ ਤੇ ਲਾਸਜਾਲ ਗਾਉਂ ਦੀਆਂ ਗੰਢਾ ਮੰਡੀਆਂ ਪ੍ਰ੍ਰਸਿੱਧ ਹਨ। ਭਾਰਤ ਦਾ 33% ਗੰਢਾ ਮਹਾਰਾਸ਼ਟਰ ਪੈਦਾ ਕਰਦਾ ਹੈ, 18% ਕਰਨਾਟਕ ਤੇ 10% ਗੁਜਰਾਤ। ਮੇਰੇ ਪੰਜਾਬ ਦਾ ਯੋਗਦਾਨ ਤਾਂ 1æ9% ਹੈ।
ਭਾਰਤ ਸਰਕਾਰ ਨੇ ਅਪ੍ਰੈਲ-ਜੂਨ ਦੇ ਤਿੰਨ ਮਹੀਨਿਆਂ ਵਿਚ 50 ਲੱਖ ਕੁਇੰਟਲ ਤੋਂ ਵੱਧ ਗੰਢਾ 15æ18 ਰੁਪਏ ਪ੍ਰਤੀ ਕਿਲੋਗ੍ਰਾਮ ਵਿਦੇਸ਼ ਭੇਜ ਛੱਡਿਆ। ਲਾਸਾਲ ਗਾਓਂ ਮੰਡੀ ਵਿਚ ਇਸ ਦਾ ਭਾਅ 4500 ਰੁਪਏ ਪ੍ਰਤੀ ਕੁਇੰਟਲ ਹੋ ਗਿਆ। 70 ਰੁਪਏ ਪ੍ਰਤੀ ਕਿਲੋ। ਛਿਲਕੇ ਲੱਭਣ ਵਾਲੀ ਫਿਕਰ ਤੌਂਸਵੀ ਦੀ ਆਤਮਾ ਦਾ ਕੀ ਹਾਲ ਹੋਵੇਗਾ? ਹੁਣ ਸਰਕਾਰ ਦੇ ਵਿਦੇਸ਼ਾਂ ਤੋਂ ਗੰਢਾ ਮੰਗਾਉਣ ਦੇ ਐਲਾਨ ਨੇ ਵਪਾਰੀਆਂ ਦਾ ਲੁਕਾਇਆ ਹੋਇਆ ਗੰਢਾ ਮੰਡੀ ਵਿਚ ਲੈ ਆਂਦਾ ਹੈ। ਗੰਢੇ ਦਾ ਭਾਅ 70 ਰੁਪਏ ਤੋਂ ਉਤਰ ਕੇ 50 ‘ਤੇ ਆ ਗਿਆ ਹੈ। ਇਸ ਦਾ ਅਸਰ ਫਿਕਰ ਤੌਂਸਵੀ ਦੀ ਧਰਤ ਉਤੇ ਹੋਣਾ ਲਾਜ਼ਮੀ ਹੈ ਜਿੱਥੇ ਅਸੀਂ ਰਹਿੰਦੇ ਹਾਂ। ਸਰਕਾਰ ਨੂੰ ਚਾਹੀਦਾ ਹੈ ਕਿ ਜਮ੍ਹਾਂ ਖੋਰਾਂ ਤੇ ਏਜੰਟਾਂ ਲਈ ਕੱਢਿਆ ਡੰਡਾ ਨਾ ਸੁੱਟ ਦੇਵੇ। ਬੜੀ ਛੇਤੀ ਨਿਰਾਸ਼ਾ ਦੇ ਹੰਝੂ ਖੁਸ਼ੀ ਦੇ ਹੰਝੂ ਹੋ ਜਾਣਗੇ।
ਦੁਬਈ ਤੋਂ ਆਇਆ ਪ੍ਰਾਹੁਣਾ: ਅੱਜ ਕੱਲ ਪੰਜਾਬੀ ਲੇਖਿਕਾ ਕਾਨਾ ਸਿੰਘ ਦਾ ਬੇਟਾ ਹਰਦੀਪ ਅਨੰਤ ਚੰਡੀਗੜ੍ਹ ਹੈ। ਉਸ ਨੂੰ ਦੁਬਈ ਰਹਿੰਦਿਆਂ ਕਈ ਸਾਲ ਹੋ ਗਏ ਹਨ। ਇਕ ਰੂਬਰੂ ਪ੍ਰੋਗਰਾਮ ਵਿਚ ਉਸ ਨੇ ਦੱਸਿਆ ਕਿ ਉਥੇ ਭਾਰਤੀਆਂ ਦੇ ਉਦਮ ਦੀ ਬੜੀ ਕਦਰ ਪੈਂਦੀ ਹੈ। ਪੰਜਾਬੀਆਂ ਦੀ ਖਾਸ ਕਰਕੇ। ਉਥੋਂ ਦੀ ਸਰਕਾਰ ਨੇ ਆਪਣੇ ਇਸਲਾਮੀ ਦੇਸ਼ ਦੁਬਈ ਵਿਖੇ ਆਲੀਸ਼ਾਨ ਗੁਰਦੁਆਰਾ ਬਣਾਉਣ ਦੀ ਖੁੱਲ੍ਹ ਦਿੱਤੀ। ਉਥੋਂ ਦਾ ਸ਼ੇਖ ਗੁਰਦੁਆਰੇ ਵਿਚ ਲੰਗਰ ਛਕ ਕੇ ਆਇਆ। ਇਹ ਵੀ ਦੱਸਿਆ ਕਿ ਉਥੋਂ ਦੀਆਂ ਮੁਸਲਮਾਨ ਔਰਤਾਂ ਦਾ ਪਹਿਰਾਵਾ ਯੂਰਪ ਦੀਆਂ ਮੇਮਾਂ ਨੂੰ ਮਾਤ ਪਾਉਂਦਾ ਹੈ। ਹਾਰ ਸ਼ਿੰਗਾਰ ਵੀ। ਉਨ੍ਹਾਂ ਦਾ ਅਸਲੀ ਗਹਿਣਾ ਉਨ੍ਹਾਂ ਦੀ ਸ਼ਰਮ ਤੇ ਸਲੀਕਾ ਹੈ। ਇਹ ਸਲੀਕਾ ਹਰਦੀਪ ਦੇ ਨਾਲ ਆਈ ਉਸ ਦੀ ਅੱਠ ਸਾਲਾ ਬਿਟੀਆ ਜ਼ਾਵੀਆ ਵਿਚ ਵੀ ਵੇਖਣ ਨੂੰ ਮਿਲਿਆ। ਉਸ ਨੂੰ ਦੁੱਖ ਹੈ ਕਿ ਨਵੇਂ ਗਏ ਪੰਜਾਬੀ ਇਸ ਤੋਂ ਜਾਣੂ ਨਹੀਂ ਹੁੰਦੇ। ਜਦੋਂ ਉਹ ਸ਼ਰਮਾਕਲ ਮੁਸਲਮਾਨੀਆਂ ਨੂੰ ਅੱਖਾਂ ਪਾੜ ਪਾੜ ਵੇਖਦੇ ਹਨ ਤਾਂ ਪਹਿਲੋਂ ਵੱਸੇ ਪੰਜਾਬੀਆਂ ਨੂੰ ਬੜੀ ਸ਼ਰਮ ਆਉਂਦੀ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਇਥੋਂ ਜਾਣ ਵਾਲਿਆਂ ਨੂੰ ਠੀਕ ਤਰ੍ਹਾਂ ਤਿਆਰ ਕਰਕੇ ਉਧਰ ਭੇਜੀਏ।
ਨਵਾਜ਼ ਸ਼ਰੀਫ ਦੀਆਂ ਮੁਸ਼ਕਲਾਂ: ਚੜ੍ਹਦੇ ਜੂਨ ਮਹੀਨੇ ਨਵਾਜ਼ ਸ਼ਰੀਫ ਨੇ ਪਾਕਿਸਤਾਨ ਦੀ ਵਾਗਡੋਰ ਮੁੜ ਸੰਭਾਲੀ ਤਾਂ ਭਾਰਤ ਨੇ ਇਸ ਨੂੰ ਆਗਮਨ ਕਰਕੇ ਜਾਣਿਆ। ਸ਼ਰੀਫ ਨੇ ਆਪਣੀ ਪਾਰਟੀ ਤੋਂ ਉਪਰ ਉਠ ਕੇ ਰਾਸ਼ਟਰਵਾਦੀ ਬਲੋਚ ਨੇਤਾ ਡਾæ ਮਲਿਕ ਨੂੰ ਬਲੋਚਿਸਤਾਨ ਦਾ ਮੁਖ ਮੰਤਰੀ ਥਾਪ ਕੇ ਤੇ ਪਖਤੂਨੀ ਖੈਬਰ ਵਿਚ ਮੌਲਾਨਾ ਫਜ਼ਲਉਲ ਰਹਿਮਾਨ ਦੀ ਥਾਂ ਆਪਣੇ ਰਹਿ ਚੁੱਕੇ ਰਕੀਬ ਇਮਰਾਨ ਖਾਨ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਕੇ ਵਧੀਆ ਸ਼ੁਰੂਆਤ ਕੀਤੀ ਹੈ। ਪਰ ਅਤਿਵਾਦੀ ਅਨਸਰ ਉਸ ਦੀ ਪੇਸ਼ ਨਹੀਂ ਜਾਣ ਦਿੰਦੇ। ਇਕੱਲੇ ਖੈਬਰ ਵਿਚ ਪੁਲਿਸ ਅਤੇ ਸੁਰੱਖਿਆ ਅਮਲੇ ਦੇ ਕਾਰਕੁਨਾਂ ਸਮੇਤ ਦਰਜਨਾਂ ਮਾਸੂਮਾਂ ਦੀ ਜਾਨ ਜਾ ਚੁੱਕੀ ਹੈ। ਵਪਾਰਕ ਰਾਜਧਾਨੀ ਵਜੋਂ ਜਾਣੀ ਜਾਂਦੀ ਕਰਾਚੀ ਵਿਚ ਹਰ ਆਏ ਦਿਨ ਧਮਾਕਾ ਹੋ ਰਿਹਾ ਹੈ।
ਜਦ ਸ਼ਰੀਫ ਨੇ ਸਰਬ ਪਾਰਟੀ ਕਾਨਫਰੰਸ ਬੁਲਾਉਣ ਦੀ ਸੋਚੀ ਤਾਂ ਵਾਰ ਵਾਰ ਅੱਗੇ ਪਾਉਣੀ ਪੈ ਰਹੀ ਹੈ। ਇਮਰਾਨ ਖਾਨ ਵੀ ਪੈਰ ਘਸੀਟ ਰਿਹਾ ਹੈ। ਡੇਢ ਦਰਜਨ ਟੋਲੀਆਂ ਵਿਚ ਵੰਡੇ ਤਾਲਿਬਾਨ ਵਾਰਤਾਲਾਪ ਲਈ ਅਸੰਭਵ ਸ਼ਰਤਾਂ ਰੱਖ ਰਹੇ ਹਨ। ਸੈਨਾ ਮੁਖੀ ਜਨਰਲ ਕਿਆਨੀ ਦੀ ਕਮਾਂਡ ਵਾਲੀ ਪਾਕਿਸਤਾਨੀ ਸੈਨਾ ਕਸ਼ਮੀਰ ਵਿਚ ਕੰਟਰੋਲ ਰੇਖਾ ਦੀ ਉਲੰਘਣਾ ਕਰਨੋ ਬਾਜ਼ ਨਹੀਂ ਆ ਰਹੀ। ਇਸ ਦਾ ਕਾਰਨ ਉਸ ਦੀ ਹੋਣ ਵਾਲੀ ਸੇਵਾ ਮੁਕਤੀ ਵੀ ਹੈ। ਭਾਰਤ-ਪਾਕਿ ਵਰਤਾਲਾਪ ਵਾਲੀ ਗੱਲ ਸਿਰੇ ਨਹੀਂ ਲੱਗ ਰਹੀ। ਜਨਰਲ ਕਿਆਨੀ ਵੀ ਕਹਿ ਰਿਹਾ ਹੈ ਕਿ ਪਾਕਿਸਤਾਨ ਨੂੰ ਅੰਦਰੂਨੀ ਅਤਿਵਾਦੀਆਂ ਕੋਲੋਂ ਭਾਰਤ ਨਾਲੋਂ ਵੱਧ ਖਤਰਾ ਹੈ। ਆਰਥਕ ਮੰਦਹਾਲੀ, ਅਤਿਵਾਦ, ਰਿਸ਼ਵਤਖੋਰੀ, ਮਹਿੰਗਾਈ ਤੇ ਬਿਜਲਈ ਸੋਮਿਆਂ ਦੇ ਸੁੰਗੜਨ ਕਾਰਨ ਜਨਤਾ ਦੇ ਸਾਹ ਸੂਤੇ ਪਏ ਹਨ। ਇਸ ਸਭ ਕੁਝ ਦੇ ਹੁੰਦਿਆਂ ਵੀ ਨਵਾਜ਼ ਸ਼ਰੀਫ ਨੇ ਹੌਸਲਾ ਨਹੀਂ ਹਾਰਿਆ। ਹਾਰਨਾ ਵੀ ਨਹੀਂ ਚਾਹੀਦਾ। ਉਹਦਾ ਕਹਿਣਾ ਹੈ ਕਿ ਦੋਨਾਂ ਦੇਸ਼ਾਂ ਨੂੰ ਜੰਗ ਦੀ ਥਾਂ ਸ਼ਾਂਤੀ ਬਣਾਈ ਰਖਣੀ ਚਾਹੀਦੀ ਹੈ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਦੋ ਟੁਕ ਤੋੜ-ਵਿਛੋੜਾ ਕਰਨ ਦੀ ਥਾਂ ਸਹਿਜ ਤੋਂ ਕੰਮ ਲਵੇ ਅਤੇ ਭਗਵੀਂ ਲਹਿਰ ਦੇ ਪ੍ਰਭਾਵ ਹੇਠ ਆ ਕੇ ਕੋਈ ਗਲਤ ਫੈਸਲਾ ਨਾ ਲਵੇ। ਕੰਟਰੋਲ ਰੇਖਾ ਦੀ ਸਾਂਭ ਸੰਭਾਲ ਲਈ ਸਾਡੀ ਸੈਨਾ ਕਾਫੀ ਹੈ। ਇਸ ਨੂੰ ਚਿੰਤਾ ਦਾ ਕੇਂਦਰ ਨਾ ਬਣਨ ਦੇਵੇ। ਗਵਾਂਢੀ ਦੇ ਦੁੱਖ ਨੂੰ ਆਪਣਾ ਦੁੱਖ ਸਮਝੇ। ਬਹੁਤੀਆਂ ਗੱਲਾਂ ਦਾ ਨਿਤਾਰਾ ਮਿਲ ਬੈਠਿਆਂ ਹੀ ਹੁੰਦਾ ਹੈ। ਮੂੰਹ ਵੱਟਿਆਂ ਨਹੀਂ। ਔਖੀ ਘੜੀ ਵਿਚ ਉਹ ਕਿਸੇ ਹੋਰ ਨੂੰ ਹੱਥ ਫੜਾ ਬੈਠੇ ਤਾਂ ਉਸ ਦਾ ਨਤੀਜਾ ਬਹੁਤ ਮਾੜਾ ਵੀ ਹੋ ਸਕਦਾ ਹੈ।
ਅੰਤਿਕਾ: (ਮਲਿਕਜ਼ਾਦਾ ਮੰਜ਼ੂਰ ਅਹਿਮਦ)
ਅਜੀਬ ਦਰਦ ਕਾ ਰਿਸ਼ਤਾ ਹੈ, ਕਿ ਸਾਰੀ ਦੁਨੀਆ ਮੇਂ
ਕਹੀਂ ਹੋ ਜਲਤਾ ਮਕਾਂ, ਅਪਨਾ ਘਰ ਲਗੇ ਹੈ ਮੁਝੇ।
Leave a Reply