ਡਾæ ਵੇਦ ਪ੍ਰਕਾਸ਼ ਵਟੁਕ 13 ਅਪਰੈਲ 1932 ਨੂੰ ਫਜ਼ਲਪੁਰ (ਸੁੰਦਰ ਨਗਰ) ਮੇਰਠ (ਯੂæਪੀæ) ਵਿਚ ਦੇਸ਼ ਭਗਤ ਪਰਿਵਾਰ ਵਿਚ ਪੈਦਾ ਹੋਏ। ਉਨ੍ਹਾਂ ਪਹਿਲਾਂ ਆਗਰਾ ਅਤੇ ਫਿਰ ਹਾਰਵਰਡ ਯੂਨੀਵਰਸਿਟੀ ਤੋਂ ਤਾਲੀਮ ਲਈ। ਪੀਐਚæਡੀæ ਉਨ੍ਹਾਂ ਲੰਦਨ ਸਕੂਲ ਆਫ਼ ਓਰੀਐਂਟਲ ਐਂਡ ਅਫਰੀਕਨ ਸਟੱਡੀਜ਼ ਤੋਂ ਕੀਤੀ। ਉਨ੍ਹਾਂ ਅਮਰੀਕਾ ਦੀ ਕੋਲੋਰਾਡੋ, ਸ਼ਿਕਾਗੋ, ਬਰਕਲੇ (ਕੈਲੀਫੋਰਨੀਆ) ਯੂਨੀਵਰਸਿਟੀ ਵਿਚ ਢਾਈ ਦਹਾਕੇ ਪੜ੍ਹਾਇਆ ਤੇ ਇਥੋਂ ਹੀ ਉਹ ਰਿਟਾਇਰ ਹੋਏ। ਉਨ੍ਹਾਂ ਕੈਲੀਫੋਰਨੀਆ ਰਹਿੰਦਿਆਂ ਗ਼ਦਰ ਪਾਰਟੀ ‘ਤੇ ਖੋਜ ਭਰਪੂਰ ਕੰਮ ਕੀਤਾ। ਉਨ੍ਹਾਂ ਗ਼ਦਰ ਪਾਰਟੀ ਦੇ ਹਫਤਾਵਾਰੀ ਪੰਜਾਬੀ ਅਖ਼ਬਾਰ ‘ਗਦਰ’ ਜੋ 1913-14 ਵਿਚ ਸਾਨ ਫਰਾਂਸਿਸਕੋ ਤੋਂ ਕੱਢਿਆ ਗਿਆ ਸੀ ਤੇ ਜਿਸ ਦੇ ਐਡੀਟਰ ਲਾਲਾ ਹਰਦਿਆਲ ਸਨ, ਸਕੈਨ ਕਰ ਕੇ ਕਿਤਾਬ ਦੇ ਰੂਪ ਵਿਚ ਤਿਆਰ ਕਰ ਦਿੱਤਾ ਹੈ ਤਾਂ ਕਿ ਲੋਕ ਅਸਲੀ ਤੇ ਇਤਿਹਾਸਕ ਦਸਤਾਵੇਜ਼ ਪੜ੍ਹ ਸਕਣ। ਇਸ ਕਿਤਾਬ ਵਿਚ ਉਨ੍ਹਾਂ ਭੂਮਿਕਾ ਵਜੋਂ ਲੰਮਾ ਲੇਖ ਲਿਖਿਆ ਜੋ ਗ਼ਦਰ ਸ਼ਤਾਬਦੀ ਮੌਕੇ ਕਸ਼ਮੀਰ ਸਿੰਘ ਕਾਂਗਣਾ (ਬੇਕਰਜ਼ਫੀਲਡ, ਫੋਨ: 661-331-5651) ਦੇ ਉਦਮ ਨਾਲ ਛਾਪਿਆ ਜਾ ਰਿਹਾ ਹੈ। ਇਸ ਵਿਚ ਗਦਰ ਦੇ ਪਿਛੋਕੜ ਬਾਰੇ ਭਰਪੂਰ ਵੇਰਵੇ ਹਨ।
ਡਾæ ਵੇਦ ਪ੍ਰਕਾਸ਼ ਵਟੁਕ
ਡਾਇਰੈਕਟਰ, ਫੋਕਲੋਰ ਇੰਸਟੀਚਿਊਟ ਬਰਕਲੇ, ਕੈਲੀਫੋਰਨੀਆ
ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਗਦਰ ਪਾਰਟੀ ਦੀ ਭੂਮਿਕਾ ਇਤਿਹਾਸ ਦਾ ਸੁਨਹਿਰੀ ਹਿੱਸਾ ਹੈ। 19ਵੀਂ ਸਦੀ ਦੇ ਅੰਤ ਅਤੇ 20ਵੀਂ ਸਦੀ ਦੇ ਸ਼ੁਰੂ ਵਿਚ ਕੁਝ ਹਜ਼ਾਰ ਭਾਰਤੀ, ਬਹੁਤੇ ਪੰਜਾਬੀ ਤੇ ਉਨ੍ਹਾਂ ਵਿਚੋਂ ਵੀ 90 ਫੀਸਦੀ ਸਿੱਖ, ਅਮਰੀਕਾ ਅਤੇ ਕੈਨੇਡਾ ਗਏ ਸਨ। ਬਹੁਤੀ ਗਿਣਤੀ ਪੰਜਾਬੀ ਕਿਸਾਨਾਂ ਤੇ ਮਜ਼ਦੂਰਾਂ ਦੀ ਸੀ। ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਤੋਂ ਕੈਨੇਡਾ ਅਤੇ ਅਮਰੀਕਾ ਦੀਆਂ ਖੁੱਲ੍ਹੀਆਂ-ਡੁੱਲ੍ਹੀਆਂ ਜ਼ਮੀਨਾਂ ਬਾਰੇ ਸੁਣਿਆ ਹੋਇਆ ਸੀ ਅਤੇ ਉਥੇ ਮਜ਼ਦੂਰੀ ਵੀ ਭਾਰਤ ਦੀ ਨਿਸਬਤ ਕਿਤੇ ਵੱਧ ਸੀ। ਇਹ ਉਹ ਸਮਾਂ ਸੀ ਜਦੋਂ ਬਰਤਾਨਵੀ ਸਾਮਰਾਜ ਦੀਆਂ ਗਲਤ ਨੀਤੀਆਂ ਕਾਰਨ ਭਾਰਤ ਦੀ ਆਰਥਿਕ ਹਾਲਤ ਬਹੁਤ ਬੁਰੀ ਤਰ੍ਹਾਂ ਤਹਿਸ-ਨਹਿਸ ਹੋ ਚੁੱਕੀ ਸੀ। ਕਿਸਾਨ ਕਰਜ਼ੇ ਦੇ ਬੋਝ ਹੇਠ ਦੱਬੇ ਜਾ ਰਹੇ ਸਨ। ਘਰੇਲੂ ਉਦਯੋਗ ਤੇ ਹੋਰ ਛੋਟੇ-ਮੋਟੇ ਧੰਦੇ ਬੰਦ ਹੋ ਚੁੱਕੇ ਸਨ। ਪਲੇਗ, ਹੈਜ਼ਾ ਵਰਗੀਆਂ ਮਾਰੂ ਬਿਮਾਰੀਆਂ ਅਤੇ ਭਿਆਨਕ ਕਾਲ ਪੈ ਜਾਣ ਕਰ ਕੇ ਆਬਾਦੀ ਦਾ ਬਹੁਤ ਵੱਡਾ ਹਿੱਸਾ ਮੌਤ ਦੇ ਮੂੰਹ ਵਿਚ ਚਲਾ ਗਿਆ ਸੀ। 1891 ਤੋਂ 1901 ਈਸਵੀ ਤੱਕ ਭਾਰਤੀ ਆਬਾਦੀ ਕਈ ਫੀਸਦੀ ਘਟ ਗਈ ਸੀ। ਨੌਜਵਾਨਾਂ ਲਈ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਦੋ ਹੀ ਸਾਧਨ ਰਹਿ ਗਏ ਸਨ। ਫੌਜ ਦੀ ਨੌਕਰੀ ਜਾਂ ਫਿਰ ਵਿਦੇਸ਼ਾਂ ਵਿਚ ਜਾ ਕੇ ਕੰਮ ਕਰਨਾ। ਲੱਖਾਂ ਪੰਜਾਬੀ ਨੌਜਵਾਨ ਫੌਜ ਵਿਚ ਭਰਤੀ ਹੋ ਗਏ। ਹਜ਼ਾਰਾਂ ਦੱਖਣੀ ਪੂਰਬੀ ਏਸ਼ੀਆ ਵਿਚ ਜਾ ਕੇ ਸਿਪਾਹੀਪੁਣਾ ਤੇ ਚੌਕੀਦਾਰੀ ਕਰਨ ਲੱਗੇ। ਕੈਨੇਡਾ ਅਤੇ ਅਮਰੀਕਾ ਦੀ ਚਮਕ-ਦਮਕ ਦੀਆਂ ਕਹਾਣੀਆਂ ਨੇ ਉਨ੍ਹਾਂ ਨੂੰ ਆਪਣੇ ਵੱਲ ਖਿੱਚਣਾ ਸ਼ੁਰੂ ਕੀਤਾ। ਉਹ ਗਰੀਬੀ ਦੀ ਦਲ-ਦਲ ਵਿਚ ਫਸੇ ਨਰਕੀ ਜੀਵਨ ਨੂੰ ਸਵਰਗ ਬਣਾਉਣ ਲਈ ਆਪਣੇ ਘਰ-ਘਾਟ, ਜ਼ਮੀਨ-ਜਾਇਦਾਦ ਗਹਿਣੇ ਪਾ ਜਾਂ ਵੇਚ-ਵੱਟ ਕੇ ਜਾਂ ਸ਼ਾਹੂਕਾਰਾਂ ਤੋਂ ਕਰਜ਼ਾ ਲੈ ਕੇ ਕੈਨੇਡਾ ਅਮਰੀਕਾ ਦੇ ਪੱਛਮੀ ਸਾਹਿਲ ਦੀਆਂ ਬੰਦਰਗਾਹਾਂ ‘ਤੇ ਜਾ ਉਤਰਦੇ। ਉਨ੍ਹਾਂ ਦੇ ਮੋਢਿਆਂ ‘ਤੇ ਲਟਕਦੀ ਛੋਟੀ ਜਿਹੀ ਪੋਟਲੀ, ਹੱਥ ਵਿਚ ਲੋਹੇ ਦਾ ਟਰੰਕ ਅਤੇ ਮਨਾਂ ਵਿਚ ਹੁੰਦਾ ਸੀ ਸੁਨਹਿਰੀ ਭਵਿੱਖ ਦਾ ਸੁਪਨਾ। ਇਸ ਤਰ੍ਹਾਂ ਦੋ ਮਹੀਨੇ ਦੀ ਯਾਤਰਾ ਬਾਅਦ ਉਹ ਅਜਨਬੀ ਧਰਤੀ ‘ਤੇ ਪੈਰ ਰੱਖਦੇ।
ਪਰਾਈ ਧਰਤੀ ਉਨ੍ਹਾਂ ਦੀ ਆਮਦ ‘ਤੇ ਓਨੀ ਖੁਸ਼ੀ ਨਹੀਂ ਸੀ ਜਿੰਨਾ ਉਹ ਉਸ ਧਰਤੀ ਨੂੰ ਪਾਉਣ ਲਈ ਕਾਹਲੇ ਸਨ। ਅਮਰੀਕਾ ਦੇ ਪੂਰਬੀ ਕੰਡੇ ‘ਤੇ ਆਜ਼ਾਦੀ ਦੀ ਮਸ਼ਾਲ ਹੱਥ ਵਿਚ ਫੜੀ ‘ਆਜ਼ਾਦੀ ਦੀ ਦੇਵੀ’ ਦਾ ਬੁੱਤ ਹੈ। ਚੀਨੀ ਦੇਸ਼ ਨਿਕਾਲਾ ਕਾਨੂੰਨ ਪਾਸ ਕਰਨ ਤੋਂ ਚਾਰ ਵਰ੍ਹੇ ਮਗਰੋਂ ਹੀ ਅਮਰੀਕੀ ਸਰਕਾਰ ਨੇ ਇਸ ਬੁੱਤ ਦੀ ਨਕਾਬ-ਕਸ਼ੀ ਕੀਤੀ ਸੀ ਜਿਸ ‘ਤੇ ਅੰਗਰੇਜ਼ੀ ਵਿਚ ਇਹ ਸ਼ਬਦ ਲਿਖੇ ਹੋਏ ਹਨ,
ਮੈਨੂੰ ਸੌਂਪ ਦਿਓ
ਆਪਣੇ ਥੱਕੇ ਹਾਰੇ ਗਰੀਬ ਜਨਸਮੂਹ
ਜਿਨ੍ਹਾਂ ਦੇ ਮਨਾਂ ਵਿਚ
ਆਜ਼ਾਦੀ ਨਾਲ ਸਾਹ ਲੈਣ ਦੀ ਤਾਂਘ ਹੈ।
ਆਪਣੇ ਖੌਲਦੇ ਤੂਫਾਨ ਦੀ ਝੱਗ ਵਾਂਗ।
ਮੇਰੇ ਕੋਲ ਭੇਜ ਦਿਓ
ਉਹ ਬੇਘਰੇ ਘਬਰਾਏ (ਭੌਂਚਲੇ) ਹਜ਼ਾਰਾਂ ਲੋਕ।
ਮੈਂ ਸੋਨੇ ਦੇ ਦੁਆਰ ਕੋਲ,
ਉਨ੍ਹਾਂ ਦੀ ਉਡੀਕ ਵਿਚ ਮਸ਼ਾਲ ਲਈ ਖੜ੍ਹੀ ਹਾਂ।
ਪਰ, ਅਮਰੀਕਾ ਦੇ ਹੱਥ ਉਨ੍ਹਾਂ ਲੋਕਾਂ ਦੇ ਸਵਾਗਤ ਲਈ ਨਾ ਉਠ ਸਕੇ ਜੋ ਯੂਰਪੀ ਗੋਰੇ ਨਹੀਂ ਸਨ। ਜਿੰਨੀ ਵਿਸ਼ਾਲ ਭੂਮੀ ਸੀ, ਉਨੇ ਹੀ ਉਸ ‘ਤੇ ਅਧਿਕਾਰ ਜਮਾਉਣ ਵਾਲੇ ਗੋਰੇ ਲੋਕ ਤੰਗਦਿਲ ਸਨ। ਉਨ੍ਹਾਂ ਨੂੰ 300 ਸਾਲ ਤੋਂ ਗੁਲਾਮ ਬਣਾ ਕੇ ਲਿਆਂਦੇ ਕਾਲੇ ਅਫਰੀਕਨ ਲੋਕ ਪੂਰਨ ਨਾਗਰਿਕ ਰੂਪ ਵਿਚ ਮਨਜ਼ੂਰ ਨਹੀਂ ਸਨ ਤੇ ਨਾ ਹੀ 19ਵੀਂ ਸਦੀ ਦੇ 5ਵੇਂ ਦਹਾਕੇ ਵਿਚ ਆਏ ਚੀਨੀ ਮੂਲ ਦੇ ਲੋਕ। ਜੋ ਉਸ ਧਰਤੀ ਦੇ ਮੂਲ ਨਿਵਾਸੀ ਸਨ, ਉਨ੍ਹਾਂ ਦੀ ਗੋਰਿਆਂ ਦੇ ਸਮਾਜ ਵਿਚ ਕੋਈ ਥਾਂ ਹੀ ਨਹੀਂ ਸੀ। ਬੱਸ ਉਹ ਇਕ ਸੀਮਤ ਖੇਤਰ ਵਿਚ ਕੈਦ ਹੋ ਕੇ ਰਹਿ ਗਏ ਜੋ ਉਨ੍ਹਾਂ ਲਈ ਰਾਖਵਾਂ ਕਰ ਦਿੱਤਾ ਗਿਆ ਸੀ।
ਜਿਉਂ-ਜਿਉਂ ਭਾਰਤੀਆਂ ਦੇ ਦਲ ਆਉਂਦੇ ਗਏ, ਤਿਉਂ-ਤਿਉਂ ਉਨ੍ਹਾਂ ਦੇ ਵਿਰੋਧ ਵਿਚ ਆਵਾਜ਼ ਵੀ ਉਚੀ ਹੁੰਦੀ ਗਈ। 1910 ਤੱਕ ਦਸ ਹਜ਼ਾਰ ਭਾਰਤੀਆਂ ਦੀ ਆਮਦ ਨੂੰ ‘ਹਿੰਦੂ’ ਹਮਲਾ ਐਲਾਨ ਕੀਤਾ ਗਿਆ। ਉਨ੍ਹਾਂ ਨੂੰ ਗੰਦੇ, ਜਾਹਲ ਅਤੇ ਘਟੀਆ ਦਰਜੇ ਦੇ ਲੋਕ ਦੱਸਿਆ ਗਿਆ। ਗੋਰਿਆਂ ਦੀਆਂ ਕਈ ਸੰਸਥਾਵਾਂ ਅਤੇ ਸਮਾਚਾਰ ਪੱਤਰਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹੋ ਜਿਹੇ ਅਸੱਭਿਅਕ ਲੋਕ ਕਦੀ ਪੱਛਮੀ ਦੁਨੀਆਂ ਦਾ ਅੰਗ ਨਹੀਂ ਬਣ ਸਕਦੇ। ਗੋਰੇ ਮਜ਼ਦੂਰਾਂ ਨੇ ਵੀ ਭਾਰਤੀਆਂ ਦੀ ਨਿਖੇਧੀ ਕੀਤੀ ਕਿ ਉਹ ਘੱਟ ਮਜ਼ਦੂਰੀ ‘ਤੇ ਕੰਮ ਕਰ ਕੇ ਉਨ੍ਹਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਸਰਕਾਰੀ ਤੌਰ ‘ਤੇ ਭਾਰਤੀਆਂ ਦੇ ਦਾਖਲੇ ਖਿਲਾਫ ਕਾਨੂੰਨ ਬਣਾਏ ਜਾਣ ਲੱਗੇ। ਉਨ੍ਹਾਂ ਨੂੰ ਨਾਗਰਿਕਤਾ ਦੇ ਨਾਲ-ਨਾਲ ਜ਼ਮੀਨ ਦੀ ਮਾਲਕੀ ਅਤੇ ਅਮਰੀਕੀ ਔਰਤਾਂ ਨਾਲ ਵਿਆਹ ਕਰਨਾ ਆਦਿ ਮਨੁੱਖੀ ਅਧਿਕਾਰਾਂ ਤੋਂ ਵੀ ਵਾਂਝਿਆ ਕਰ ਦਿੱਤਾ ਗਿਆ। ਕਈ ਥਾਂਵਾਂ ‘ਤੇ ਉਨ੍ਹਾਂ ਖ਼ਿਲਾਫ਼ ਦੰਗੇ ਹੋਏ। ਸਭ ਤੋਂ ਭਿਆਨਕ ਦੰਗਾ 1907 ਵਿਚ ਵਾਸ਼ਿੰਗਟਨ ਸਟੇਟ ਦੇ ਬਲਿੰਘਮ ਸ਼ਹਿਰ ਵਿਚ ਹੋਇਆ। ਉਥੇ ਚਾਰ ਪੰਜ ਸੌ ਗੋਰੇ ਗੁੰਡਿਆਂ ਦੀ ਭੀੜ ਨੇ ਰਾਤ ਨੂੰ ਭਾਰਤੀਆਂ ਦੀ ਰਿਹਾਇਸ਼ ‘ਤੇ ਹਮਲਾ ਬੋਲ ਦਿੱਤਾ। ਪੰਜਾਬੀ ਮਜ਼ਦੂਰਾਂ ਦੇ ਘਰ-ਘਾਟ ਤੇ ਸਭ ਸਾਮਾਨ ਸਾੜ ਦਿੱਤਾ ਗਿਆ। ਉਨ੍ਹਾਂ ਸ਼ਹਿਰ ਦੀ ਹੱਦ ਤੋਂ ਬਾਹਰ ਪਨਾਹ ਲਈ। ਬਹੁਤ ਸਾਰੇ ਸੁਰੱਖਿਆ ਦੇ ਨਾਂ ਹੇਠ ਜੇਲ੍ਹ ਭੇਜ ਦਿੱਤੇ ਗਏ। ਐਸੋਸੀਏਟਿਡ ਪ੍ਰੈਸ (ਏæਪੀæ) ਅਨੁਸਾਰ, “ਬੁਰੀ ਤਰ੍ਹਾਂ ਕੁੱਟੇ ਗਏ ‘ਹਿੰਦੂ’ ਹਸਪਤਾਲ ਵਿਚ ਹਨ। ਚਾਰ ਸੌ ਬੁਰੀ ਤਰ੍ਹਾਂ ਭੈਅਭੀਤ ਜੇਲ੍ਹ ਅਤੇ ਸਿਟੀ ਹਾਲ ਦੇ ਬਰਾਂਡੇ ਵਿਚ ਹਨ। ਸੱਤ ਸੌ ਪੰਜਾਹ ਭਾਰਤੀ ਕਿਤੇ ਬਲਿੰਘਮ ਅਤੇ ਬ੍ਰਿਟਿਸ਼ ਕੋਲੰਬੀਆ ਦੇ ਬੀਚ ‘ਤੇ ਹਨ। ਭੁੱਖੇ ਪਿਆਸੇ, ਅੱਧ ਨੰਗੇ ਜ਼ਖ਼ਮੀ ਕੈਨੇਡਾ ਵੱਲ ਰਵਾਨਾ ਹੋ ਰਹੇ ਹਨ। ਪੁਲਿਸ ਬੇਵੱਸ ਹੈ। ਸਾਰੀ ਸੱਤਾ ਨੂੰ ਜਿਵੇਂ ਅਧਰੰਗ ਹੋ ਗਿਆ ਹੋਵੇ। ਇਹ ਬੇਸਹਾਰਾ ਲੋਕ ਪੁੱਛਦੇ ਹਨ ਕਿ ਅਸੀਂ ਕੀ ਗੁਨਾਹ ਕੀਤਾ ਹੈ ਜੋ ਅਮਰੀਕਾ ਦੇ ਸਵਰਗ ਵਿਚ ਨਰਕ ਭੋਗ ਰਹੇ ਹਾਂ?”
ਨਰਕ ਤਾਂ ਚੀਨੀ, ਜਪਾਨੀ ਮੂਲ ਦੇ ਲੋਕ ਵੀ ਭੋਗ ਰਹੇ ਸਨ, ਪਰ ਉਨ੍ਹਾਂ ਦੇ ਵਤਨ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਦੇ ਹਿੱਤਾਂ ਲਈ ਅਮਰੀਕਾ ਦੀ ਸਰਕਾਰ ‘ਤੇ ਦਬਾਅ ਪਾਉਂਦੀਆਂ ਰਹਿੰਦੀਆਂ ਸਨ। ਭਾਰਤੀ ਲੋਕਾਂ ਉਪਰ ਬ੍ਰਿਟਿਸ਼ ਭਾਰਤੀ ਸਰਕਾਰ ਉਲਟਾ ਨਜ਼ਰ ਰੱਖਣ ਲਈ ਆਖਦੀ ਸੀ, ਤਾਂ ਕਿ ਉਨ੍ਹਾਂ ਨੂੰ ਕਿਤੇ ਆਜ਼ਾਦੀ ਦੀ ਹਵਾ ਨਾ ਲੱਗ ਜਾਵੇ। ਅੰਤ ਆਪਣੇ ਰੋਜ਼ਾਨਾ ਦੇ ਨਿੱਜੀ ਤਜਰਬੇ ਨਾਲ, ਕੁਝ ਲਾਲਾ ਹਰਦਿਆਲ ਜਿਹੇ ਵਿਦਵਾਨ ਤੇ ਯੂਨੀਵਰਸਿਟੀ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੀ ਪ੍ਰੇਰਨਾ ਤੇ ਸਾਥ ਨਾਲ ਭਾਰਤੀ ਪਰਵਾਸੀ ਇਸ ਨਤੀਜੇ ‘ਤੇ ਪਹੁੰਚੇ ਕਿ ਇਸ ਦੁਰ-ਦਸ਼ਾ ਦਾ ਕਾਰਨ ਉਨ੍ਹਾਂ ਦੇ ਦੇਸ਼ ਦੀ ਗੁਲਾਮੀ ਹੈ। ਜਦ ਤੱਕ ਭਾਰਤ ਅੰਗਰੇਜ਼ਾਂ ਦਾ ਗੁਲਾਮ ਰਹੇਗਾ, ਉਦੋਂ ਤੱਕ ਭਾਰਤ ਵਾਸੀਆਂ ਨੂੰ ਕਿਸੇ ਵੀ ਦੇਸ਼ ਵਿਚ ਇੱਜ਼ਤ ਮਾਣ ਨਹੀਂ ਮਿਲ ਸਕਦਾ। ਇਸ ਲਈ ਹੁਣ ਪਹਿਲਾ ਫਰਜ਼ ਭਾਰਤ ਨੂੰ ਆਜ਼ਾਦ ਕਰਵਾਉਣ ਦਾ ਹੈ।
ਜਦ ਮਨਾਂ ਵਿਚ ਇਹ ਪੱਕੀ ਧਾਰਨਾ ਬੈਠ ਗਈ ਤਾਂ ਮਾਰਚ 1913 ਵਿਚ ਇਕ ਮੀਟਿੰਗ ਓਰੇਗਾਨ ਸਟੇਟ ਦੇ ਸ਼ਹਿਰ ਆਸਟੋਰੀਆ ਵਿਚ ਹੋਈ। ਉਥੇ ਭਾਰਤੀਆਂ ਵਿਚ ਦੇਸ਼ ਭਗਤੀ ਅਤੇ ਕੁਰਬਾਨੀ ਦੀ ਭਾਵਨਾ ਪੈਦਾ ਕਰਨ ਲਈ ਸੰਸਥਾ ਦੀ ਨੀਂਹ ਰੱਖੀ ਗਈ ਜਿਸ ਦਾ ਨਾਂ ‘ਹਿੰਦ ਐਸੋਸੀਏਸ਼ਨ ਆਫ ਦਿ ਪੈਸਿਫਿਕ ਕੋਸਟ’ ਰੱਖਿਆ ਗਿਆ। ਇਸ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਜਨਰਲ ਸਕੱਤਰ ਲਾਲਾ ਹਰਦਿਆਲ ਅਤੇ ਖ਼ਜ਼ਾਨਚੀ ਪੰਡਿਤ ਕਾਸ਼ੀ ਰਾਮ ਮੜ੍ਹੋਲੀ ਨੂੰ ਬਣਾਇਆ ਗਿਆ। ਮੀਟਿੰਗ ਵਿਚ ਫੈਸਲਾ ਹੋਇਆ ਕਿ ਸੰਸਥਾ ਦਾ ਕੇਂਦਰੀ ਦਫ਼ਤਰ ‘ਯੁਗਾਂਤਰ ਆਸ਼ਰਮ’ ਸਾਨ ਫਰਾਂਸਿਸਕੋ ਵਿਚ ਹੋਵੇਗਾ। ਅਖ਼ਬਾਰ ਕੱਢਣ ਦਾ ਫੈਸਲਾ ਵੀ ਹੋਇਆ ਜਿਸ ਦਾ ਨਾਂ 1857 ਦੀ ਕ੍ਰਾਂਤੀ ਦੇ ਨਾਂ ਉਤੇ ‘ਗ਼ਦਰ’ ਰੱਖਿਆ ਗਿਆ। ਇਸ ਦਾ ਸੰਪਾਦਕ ਲਾਲਾ ਹਰਦਿਆਲ ਨੂੰ ਬਣਾਇਆ ਗਿਆ।
ਪਹਿਲੀ ਨਵੰਬਰ 1913 ਨੂੰ ਬਰਕਲੇ ਦੇ ਸ਼ੇਟਕ ਹੋਟਲ ਵਿਚ ਵੱਡਾ ਸਮਾਗਮ ਕਰ ਕੇ ‘ਗ਼ਦਰ’ ਦਾ ਪਹਿਲਾ ਅੰਕ ਜਾਰੀ ਕੀਤਾ ਗਿਆ। ਇਹ ਉਰਦੂ ਦੀ ਫਾਰਸੀ ਲਿਪੀ ਵਿਚ ਸੀ। ਇਸ ਸਮਾਰੋਹ ਵਿਚ ਭਾਰਤੀ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਤੇ ਵਿਦਵਾਨਾਂ ਤੋਂ ਇਲਾਵਾ ਅਮਰੀਕੀ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ, ਲੇਖਕ ਅਤੇ ਸਮਾਚਾਰ ਪੱਤਰਾਂ ਦੇ ਸੰਪਾਦਕ ਆਦਿ ਬੁੱਧੀਜੀਵੀਆਂ ਨੇ ਹਿੱਸਾ ਲਿਆ।
ਆਪਣੇ ਉਦਘਾਟਨੀ ਭਾਸ਼ਣ ਵਿਚ ਲਾਲਾ ਹਰਦਿਆਲ ਨੇ ਕਿਹਾ, “ਅੱਜ ਭਾਰਤ ਦੇ ਇਤਿਹਾਸ ਵਿਚ ਨਵੇਂ ਯੁੱਗ ਦਾ ਅਰੰਭ ਹੋ ਰਿਹਾ ਹੈ। ਅੱਜ ਵਿਦੇਸ਼ੀ ਧਰਤੀ ‘ਤੇ ਭਾਰਤੀ ਭਾਸ਼ਾ ਵਿਚ ਅੰਗਰੇਜ਼ੀ ਸਾਮਰਾਜ ਵਿਰੁਧ ਜੰਗ ਸ਼ੁਰੂ ਹੋ ਰਹੀ ਹੈ। ਕਲਮ ਦੀ ਸ਼ਕਤੀ ਰਾਹੀਂ ਅੱਜ ਤੋਪ ਦੇ ਗੋਲੇ ਵਾਂਗ ਧਮਾਕਾ ਹੋ ਰਿਹਾ ਹੈ। ਇਹ ਅਖ਼ਬਾਰ ਅੰਗਰੇਜ਼ੀ ਸਾਮਰਾਜ ਦਾ ਦੁਸ਼ਮਣ ਹੈ ਅਤੇ ਭਾਰਤੀ ਨੌਜਵਾਨਾਂ ਲਈ ਵੰਗਾਰ ਦਾ ਬਿਗਲ। ਉਠੋ! ਹਥਿਆਰ ਉਠਾਓ ਅਤੇ ਆਜ਼ਾਦੀ ਲਈ ਜੰਗ ਕਰੋ।æææਸਾਡਾ ਨਾਮ ਹੈ ‘ਗ਼ਦਰ’ ਅਤੇ ਸਾਡਾ ਕੰਮ ਵੀ ਗ਼ਦਰ ਹੈ। ਅਸੀਂ ਇਸ ਅਖ਼ਬਾਰ ਦੇ ਹਰ ਅੰਕ ਵਿਚ ਵਿਦੇਸ਼ੀ ਸਰਕਾਰ ਦਾ ਕੱਚਾ ਚਿੱਠਾ ਖੋਲ੍ਹਾਂਗੇ। ਅਸੀਂ ਦੁਨੀਆਂ ਨੂੰ ਦੱਸ ਦਿਆਂਗੇ ਕਿ ਅੰਗਰੇਜ਼ੀ ਸਰਕਾਰ ਹਰ ਸਾਲ ਭਾਰਤ ਵਿਚੋਂ ਪੰਜਾਹ ਕਰੋੜ ਰੁਪਏ ਲੁੱਟ ਕੇ ਇੰਗਲੈਂਡ ਲੈ ਜਾਂਦੀ ਹੈ। ਇਸ ਕਾਰਨ ਅੱਜ ਭਾਰਤੀ ਲੋਕ ਇੰਨੇ ਗਰੀਬ ਹੋ ਗਏ ਹਨ ਕਿ ਉਨ੍ਹਾਂ ਦੀ ਰੋਜ਼ਾਨਾ ਔਸਤ ਆਮਦਨ ਫੀ ਬੰਦਾ ਪੰਜ ਪੈਸੇ ਹੈ। ਖੇਤੀ ਉਤੇ 65 ਫੀਸਦੀ ਲਗਾਨ ਦਾ ਬੋਝ ਲੱਦ ਦਿੱਤਾ ਗਿਆ ਹੈ। ਆਪਣੇ ਸਮਰਾਜ ਨੂੰ ਬਚਾਉਣ ਲਈ ਜ਼ਾਲਮ ਸਰਕਾਰ ਹਰ ਸਾਲ 29 ਕਰੋੜ ਰੁਪਏ ਖ਼ਰਚ ਕਰਦੀ ਹੈ।æææਅੰਗਰੇਜ਼ੀ ਰਾਜ ਵਿਚ ਕਾਲ ਪੈ ਰਹੇ ਹਨ, ਭੁੱਖਮਰੀ ਵਧ ਰਹੀ ਹੈ। ਪਿਛਲੇ ਦਸਾਂ ਸਾਲਾਂ ਵਿਚ ਕਾਲ ਨਾਲ 2 ਕਰੋੜ ਲੋਕਾਂ ਦੀ ਮੌਤ ਹੋਈ ਹੈ। ਸੋਲਾਂ ਸਾਲਾਂ ਵਿਚ ਅੱਠ ਲੱਖ ਲੋਕ ਪਲੇਗ ਅਤੇ ਹੈਜ਼ੇ ਨਾਲ ਮਾਰੇ ਗਏ ਹਨ।æææਦੇਸੀ ਰਿਆਸਤਾਂ ਅੰਗਰੇਜ਼ੀ ਰਾਜ ਵਿਚ ਮਿਲਾਉਣ ਲਈ ਉਨ੍ਹਾਂ ਵਿਚ ਫੁੱਟ, ਆਪਸੀ ਝਗੜੇ ਅਤੇ ਬੇਈਮਾਨੀ ਦੀਆਂ ਨੀਤੀਆਂ ਘੜੀਆਂ ਜਾ ਰਹੀਆਂ ਹਨ। ਭਾਰਤੀਆਂ ਦਾ ਕਤਲ ਕਰਨ ਵਾਲੇ ਜਾਂ ਭਾਰਤੀ ਔਰਤਾਂ ਦੀ ਇੱਜ਼ਤ ਲੁੱਟਣ ਵਾਲੇ ਅੰਗਰੇਜ਼ਾਂ ਨੂੰ ਕੋਈ ਸਜ਼ਾ ਨਹੀਂ ਮਿਲਦੀ।æææਦੋਸਤੋ! ਬ੍ਰਿਟਿਸ਼ ਭਾਰਤ ਦੀ ਆਬਾਦੀ 24 ਕਰੋੜ ਹੈ। 6 ਕਰੋੜ ਭਾਰਤੀ ਦੇਸੀ ਰਿਆਸਤਾਂ ਵਿਚ ਰਹਿੰਦੇ ਹਨ ਅਤੇ ਅੰਗਰੇਜ਼ ਅਫਸਰ, ਵਲੰਟੀਅਰ ਕੁੱਲ 1,18,562 ਹਨ। 50 ਸਾਲ ਤੋਂ ਉਪਰ ਹੋ ਗਏ ਜਦੋਂ 1857 ਦਾ ਗ਼ਦਰ ਹੋਇਆ ਸੀ। ਸਮਾਂ ਆ ਗਿਆ ਹੈ ਕਿ ਅੰਗਰੇਜ਼ੀ ਰਾਜ ਦੇ ਇਸ ਜ਼ਹਿਰੀਲੇ ਸੱਪ ਦਾ ਫਨ ਕੁਚਲ ਦੇਈਏ। ਸਭ ਇਕ ਹੋ ਕੇ ਹਥਿਆਰ ਉਠਾਓ! ਵਕਤ ਆ ਗਿਆ ਹੈ ਕਿ ਆਪਣੇ ਫੌਜੀ ਭਰਾਵਾਂ ਨੂੰ ਦੱਸੀਏ ਕਿ ਇਹ ਪੈਸਾ ਜੋ ਫੌਜਾਂ ‘ਤੇ ਖਰਚ ਹੁੰਦਾ ਹੈ, ਉਹ ਸਾਡਾ ਸਭ ਦਾ ਹੈ। ਇਹ ਹਥਿਆਰ ਜਿਸ ਪੈਸੇ ਨਾਲ ਖਰੀਦੇ ਜਾਂਦੇ ਹਨ, ਉਹ ਸਾਡਾ ਹੈ। ਇਹ ਸਿਪਾਹੀ ਜਿਨ੍ਹਾਂ ਦਾ ਲਹੂ ਡੁੱਲ੍ਹਦਾ ਹੈ, ਉਹ ਸਾਡੇ ਹਨ; ਪਰ ਕਿਸ ਲਈ ਦਿੰਦੇ ਹੋ ਤੁਸੀਂ ਆਪਣੀਆਂ ਜਾਨਾਂ? ਇਹ ਕੁਰਬਾਨੀ ਦੇਸ਼ ਲਈ, ਆਪਣੇ ਸਾਂਝੇ ਹਿੱਤਾਂ ਲਈ ਅਤੇ ਆਜ਼ਾਦੀ ਲਈ ਹੋਣੀ ਚਾਹੀਦੀ ਹੈ। ਉਹ ਵਕਤ ਹੁਣ ਦੂਰ ਨਹੀਂ, ਜਦੋਂ ਕਲਮ ਦੀ ਥਾਂ ਬੰਦੂਕ ਹੋਵੇਗੀ ਅਤੇ ਸਿਆਹੀ ਦੀ ਥਾਂ ਖੂਨ ਹੋਵੇਗਾ।”
ਸਭਾ ਵਿਚ ਹਾਜ਼ਰ ਭਾਰਤ ਦੀ ਆਜ਼ਾਦੀ ਦੇ ਸਮਰਥਕ ਅਮਰੀਕਨਾਂ ਨੇ ਵਧਾਈ ਦਿੱਤੀ ਅਤੇ ਚਿਤਾਵਨੀ ਵੀ ਕਿ ਉਤੇਜਿਤ ਲੇਖ, ਜੋਸ਼ੀਲੇ ਭਾਸ਼ਣ ਅਤੇ ਅਤੀਤ ਦੀ ਗੌਰਵ ਗਾਥਾ ਹੀ ਕਾਫੀ ਨਹੀਂ ਹੈ। ਭਾਰਤ ਦਾ ਨਕਸ਼ਾ ਅਮਰੀਕਨ ਇਨਕਲਾਬ ਵਾਲੇ ਰੰਗ ਵਿਚ ਰੰਗਣਾ ਪਵੇਗਾ। ਕ੍ਰਾਂਤੀ ਦੀ ਤਿਆਰੀ ਕਰੋ, ਆਜ਼ਾਦੀ ਸੰਗਰਾਮ ਵਿਚ ਅਸੀਂ ਤੁਹਾਡੇ ਨਾਲ ਹਾਂ।
ਗਦਰ ਪਾਰਟੀ ਦੇ ਬਾਨੀ ਤੇ ਪਹਿਲੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਉਸ ਦਿਨ ਖੁਸ਼ੀ ਵਿਚ ਝੂਮ ਉਠੇ ਸਨ, “ਗ਼ਦਰੀਆਂ ਦੀ ਕਾਮਯਾਬੀ ਦੀ ਇਹ ਪਹਿਲੀ ਪੌੜੀ ਹੈ। ਜਨਤਾ ਦੀ ਖਾਤਰ ਜਨਤਾ ਦੇ ਲੀਡਰਾਂ ਦੀ ਸਾਂਝੀ ਹਿੱਸੇਦਾਰੀ ਅਤੇ ਬਰਾਬਰ ਦੀ ਮਿਹਨਤ ਦਾ ਫਲ।”
ਇਸ ਤਰ੍ਹਾਂ ਸ਼ੁਰੂ ਹੋਇਆ ਸੀ ਹਫ਼ਤਾਵਾਰੀ ‘ਗ਼ਦਰ।’ ਪਹਿਲਾਂ ਉਰਦੂ ਵਿਚ ਅਤੇ ਫਿਰ ਮਹੀਨੇ ਬਾਅਦ ਪੰਜਾਬੀ ਵਿਚ। ਕਿਤੇ-ਕਿਤੇ ਦੋ ਚਾਰ ਪਰਚਿਆਂ ਦਾ ਸਾਰ-ਅੰਸ਼ ਹਿੰਦੀ, ਗੁਜਰਾਤੀ, ਪਸ਼ਤੋ ਅਤੇ ਅੰਗਰੇਜ਼ੀ ਵਿਚ ਛਾਪ ਦਿੱਤਾ ਜਾਂਦਾ ਸੀ। ਭਾਰਤੀ ਪੱਤਰਕਾਰੀ ਵਿਚ ‘ਗ਼ਦਰ’ ਵਰਗਾ ਪਰਚਾ ਸ਼ਾਇਦ ਹੀ ਕੋਈ ਹੋਵੇ ਜੋ ਲਾਲਾ ਹਰਦਿਆਲ ਵਰਗੇ ਫਿਲਾਸਫਰ, ਮੌਲਵੀ ਬਰਕਤ ਉਲਾ ਵਰਗੇ ਧਾਰਮਿਕ ਗਿਆਨ ਦੇ ਮਾਹਿਰ, ਸਿਰੜੀ ਨੌਜਵਾਨ ਕਰਤਾਰ ਸਿੰਘ ਸਰਾਭਾ ਅਤੇ ਕਿਸਾਨਾਂ ਮਜ਼ਦੂਰਾਂ ਦੇ ਬਰਾਬਰ ਸਹਿਯੋਗ ਨਾਲ ਚੱਲਦਾ ਹੋਵੇ। ‘ਗ਼ਦਰ’ ਦਾ ਹਰ ਅੰਕ ਸਿਰਫ਼ ਅੱਠ ਸਫਿਆਂ ਦਾ ਹੁੰਦਾ ਸੀ। ਇਸ ਦਾ ਕੋਈ ਮੁੱਲ ਨਹੀਂ ਸੀ ਹੁੰਦਾ ਅਤੇ ਨਾ ਹੀ ਉਸ ਵਿਚ ਵਪਾਰਕ ਇਸ਼ਤਿਹਾਰ ਹੁੰਦੇ ਸਨ। ਹਾਂ, ਕਦੀ-ਕਦੀ ਇਹ ਇਸ਼ਤਿਹਾਰ ਜ਼ਰੂਰ ਛਪਦਾ ਸੀ,
ਜ਼ਰੂਰਤ ਹੈ: ਭਾਰਤ ਵਿਚ ਬਗਾਵਤ ਕਰਨ ਲਈ ਨਿੱਡਰ ਅਤੇ ਦਲੇਰ ਸਿਪਾਹੀਆਂ ਦੀ।
ਤਨਖਾਹ: ਮੌਤ
ਸਨਮਾਨ: ਸ਼ਹਾਦਤ ਅਤੇ ਆਜ਼ਾਦੀ
ਸਥਾਨ: ਭਾਰਤ ਦੀ ਰਣਭੂਮੀ
ਫਿਰ ‘ਗ਼ਦਰ’ ਛੇਤੀ ਹੀ ਦੁਨੀਆਂ ਭਰ ਵਿਚ ਜਿਥੇ ਕਿਤੇ ਵੀ ਭਾਰਤੀ ਰਹਿੰਦੇ ਸਨ, ਉਨ੍ਹਾਂ ਵਿਚ ਇੰਨਾ ਹਰਮਨ ਪਿਆਰਾ ਹੋ ਗਿਆ ਕਿ ਇਸ ਦੀ ਮੰਗ ਬਹੁਤ ਵਧ ਗਈ। ਹਰ ਪਾਸੇ ਤੋਂ ਪੈਸਾ ਧੜਾ-ਧੜ ਗ਼ਦਰ ਆਸ਼ਰਮ ਭੇਜਿਆ ਜਾਣ ਲੱਗਾ। ਪਰਵਾਸੀ ਭਾਰਤੀ 90 ਫੀਸਦੀ ਅਨਪੜ੍ਹ ਸਨ। ਉਹ ਇਕੱਠੇ ਹੋ ਟੋਲੀਆਂ ਬੰਨ੍ਹ ‘ਗ਼ਦਰ’ ਬੜੇ ਉਤਸ਼ਾਹ ਤੇ ਚਾਵਾਂ ਨਾਲ ਪੜ੍ਹਦੇ ਤੇ ਸੁਣਦੇ। ਫਿਰ ਅਨਪੜ੍ਹ ਲੋਕ ਪੜ੍ਹਨਾ ਤੇ ਲਿਖਣਾ ਸਿੱਖਣ ਲੱਗੇ। ਅਖ਼ਬਾਰ ਦਾ ਹਰ ਅੰਕ ਵੱਡੀ ਗਿਣਤੀ ਵਿਚ ਭਾਰਤ ਵੀ ਭੇਜਿਆ ਜਾਂਦਾ। ਅੰਗਰੇਜ਼ੀ ਸਰਕਾਰ ਵੱਲੋਂ ਅਨੇਕਾਂ ਬੰਦਿਸ਼ਾਂ ਦੇ ਬਾਵਜੂਦ ਕਿਸੇ ਨਾ ਕਿਸੇ ਤਰੀਕੇ ਭਾਰਤ ਭੇਜਣ ਦੇ ਪ੍ਰਬੰਧ ਕੀਤੇ ਜਾਂਦੇ। ‘ਗ਼ਦਰ’ ਦੁਨੀਆਂ ਭਰ ਵਿਚ ਇੰਨਾ ਹਰਮਨ ਪਿਆਰਾ ਹੋ ਗਿਆ ਕਿ ਬ੍ਰਿਟਿਸ਼ ਸਰਕਾਰ ਦੀ ਨੀਂਦ ਹਰਾਮ ਹੋ ਗਈ। ਉਸ ਨੇ ਅਮਰੀਕਾ ਦੀ ਸਰਕਾਰ ਉਤੇ ਦਬਾਅ ਪਾਇਆ ਕਿ ਉਹ ਪਰਵਾਸੀ ਭਾਰਤੀਆਂ ‘ਤੇ ਸਖ਼ਤ ਨਜ਼ਰ ਰੱਖੇ।
‘ਗ਼ਦਰ’ ਦੇ ਪਹਿਲੇ ਸਫ਼ੇ ਦਾ ਅੱਧਾ ਹਿੱਸਾ ‘ਅੰਗਰੇਜ਼ੀ ਰਾਜ ਦਾ ਕੱਚਾ ਚਿੱਠਾ’ ਕਾਲਮ ਨੂੰ ਸਮਰਪਿਤ ਸੀ। ਇਸ ਕਾਲਮ ਵਿਚ ਬਾਰਾਂ ਪੱਕੇ ਨੁਕਤੇ ਲਿਖੇ ਜਾਂਦੇ ਸਨ। ਇਹ ਨੁਕਤੇ ਲਾਲਾ ਹਰਦਿਆਲ ਦੇ ਗ਼ਦਰ ਸਮਾਰੋਹ ਮੌਕੇ ਦਿੱਤੇ ਭਾਸ਼ਣ ਦੇ ਆਧਾਰ ‘ਤੇ ਸਨ। ਮੁੱਖ ਨੁਕਤੇ ਅੰਗਰੇਜ਼ਾਂ ਦੁਆਰਾ ਦੇਸ਼ ਨੂੰ ਲਗਾਤਾਰ ਲੁੱਟਣ, ਵਿਦਿਆ ਤੇ ਸਿਹਤ ਦੀ ਥਾਂ ਫੌਜਾਂ ਉਪਰ ਧਨ ਖਰਚ ਕਰਨ, ਹਿੰਦੂ-ਮੁਸਲਮਾਨਾਂ ਵਿਚ ਦੁਫੇੜ ਪਾਉਣ, ਬ੍ਰਿਟਿਸ਼ ਨੀਤੀਆਂ ਕਾਰਨ ਹਰ ਦਸਾਂ ਬਾਰਾਂ ਸਾਲਾਂ ਵਿਚ ਕਾਲ ਨਾਲ ਕਰੋੜਾਂ ਲੋਕਾਂ ਦੀ ਮੌਤ ਦਾ ਹੋਣਾ, ਭਾਰਤੀ ਪੈਸੇ ਤੇ ਨੌਜਵਾਨਾਂ ਦੇ ਲਹੂ ਦੀ ਬਿਨਾ ‘ਤੇ ਹੋਰਨਾਂ ਮੁਲਕਾਂ ਦੀ ਮਦਦ ਕਰਨਾ, ਦੇਸੀ ਰਿਆਸਤਾਂ ਨੂੰ ਹੜੱਪਣ ਲਈ ਸਾਜਿਸ਼ ਕਰਨਾ ਆਦਿ ਸਨ। 12ਵਾਂ ਨੁਕਤਾ ਸੀ- 1857 ਦੇ ਗ਼ਦਰ ਨੂੰ 56 ਸਾਲ ਹੋ ਗਏ ਹਨ, ਹੁਣ ਦੂਜੇ ਗ਼ਦਰ ਦੀ ਛੇਤੀ ਲੋੜ ਹੈ।
ਦੂਜੇ ਕਾਲਮ ਦਾ ਸਿਰਲੇਖ ਸੀ, ‘ਅੰਕੜਿਆਂ ਦੀ ਗਵਾਹੀ।’ ਇਸ ਵਿਚ ਵੱਖ-ਵੱਖ ਨੀਤੀਆਂ ਕਾਰਨ ਭਾਰਤੀਆਂ ਦੀ ਹੋਈ ਮੌਤ ਦਾ ਵੇਰਵਾ ਹੁੰਦਾ ਸੀ। ਨਾਲ ਹੀ ਸਰਕਾਰ ਦੀ ਲੁੱਟ-ਮਾਰ ਅਤੇ ਫਜ਼ੂਲ ਖਰਚੀ ਦਾ ਵਿਸ਼ਲੇਸ਼ਣ ਹੁੰਦਾ ਸੀ। ਤੀਜਾ ਕਾਲਮ ‘ਤਵਾਰੀਖ ਗ਼ਦਰ 1857’ ਸੀ। ਇਹ ਮਜ਼ਮੂਨ ਵੀਰ ਸਾਵਰਕਰ ਦੀ ਜ਼ਬਤ ਕੀਤੀ ਪ੍ਰਸਿੱਧ ਕਿਤਾਬ ੀਨਦਅਿਨ ੱਅਰ ਾ ੀਨਦeਪeਨਦeਨਚe 1857 (ਆਜ਼ਾਦੀ ਲਈ ਹਿੰਦ ਦੀ ਲੜਾਈ) ਦਾ ਉਰਦੂ ਤੇ ਪੰਜਾਬੀ ਵਿਚ ਅਨੁਵਾਦ ਸੀ।
ਅਖ਼ਬਾਰ ਦੇ ਖਾਸ ਹਿੱਸੇ ਵਿਚ ਦੇਸ਼-ਵਿਦੇਸ਼ ਦੇ ਸਮਾਚਾਰ ਅਤੇ ਗੰਭੀਰ ਲੇਖ ਆਦਿ ਹੁੰਦੇ ਸਨ। ਇਨ੍ਹਾਂ ਲੇਖਾਂ ਵਿਚ ਭਾਰਤ ਵਿਚ ਕ੍ਰਾਂਤੀ ਕਿਸ ਤਰ੍ਹਾਂ, ਕਦੋਂ ਤੇ ਕਿਸ ਦੇ ਰਾਹੀਂ ਕੀਤੀ ਜਾਵੇ; ਕਿਸ ਤਰ੍ਹਾਂ ਢੁੱਕਵੇਂ ਸਾਧਨ ਜੁਟਾਏ ਜਾਣ; ਫੌਜਾਂ ਵਿਚ ਭਾਰਤੀ ਨੌਜਵਾਨਾਂ ਨੂੰ ਬ੍ਰਿਟਿਸ਼ ਸਾਮਰਾਜ ਵਿਰੁਧ ਅਤੇ ਦੇਸ਼ ਭਗਤੀ ਦੇ ਪੱਖ ਵਿਚ ਜੋਸ਼ ਪੈਦਾ ਕੀਤਾ ਜਾਵੇ ਆਦਿ ਵਿਸ਼ਿਆਂ ‘ਤੇ ਚਰਚਾ ਹੁੰਦੀ ਸੀ। ਸੁਤੰਤਰਤਾ ਸੰਗਰਾਮ ਲਈ ਹੋਰ ਦੇਸ਼ਾਂ ਤੋਂ ਕੀ-ਕੀ ਸਿੱਖਿਆ ਜਾਵੇ; ਬਰਤਾਨੀਆ ਵਿਰੋਧੀ ਦੇਸ਼ਾਂ ਜਰਮਨੀ, ਆਇਰਲੈਂਡ ਆਦਿ ਨਾਲ ਕਿਹੋ ਜਿਹੇ ਸਬੰਧ ਹੋਣ; ਇਹੋ ਜਿਹੇ ਕੂਟਨੀਤਿਕ ਵਿਸ਼ਿਆਂ ਉਪਰ ਵੀ ਵਿਚਾਰ ਕੀਤੀ ਜਾਂਦੀ। ਮੁੱਖ ਮਕਸਦ ਭਾਰਤੀ ਸਮਾਜ ਵਿਚ ਨਾ ਬਰਾਬਰੀ ਜਾਤ-ਪਾਤ ਅਤੇ ਧਰਮਾਂ ਦੀ ਆਪਸੀ ਨਫ਼ਰਤ ਵਿਰੁਧ ਜਾਗਰੂਕਤਾ ਪੈਦਾ ਕਰਨਾ ਸੀ। ਗ਼ਦਰੀਆਂ ਨੇ ਜਿਸ ਭਾਰਤ ਦੀ ਕਲਪਨਾ ਕੀਤੀ ਸੀ, ਉਹ ਸੰਯੁਕਤ ਭਾਰਤ ਸੀ ਜੋ ਪਰਜਾਤੰਤਰ ਹੋਣ ਦੇ ਨਾਲ-ਨਾਲ ਨਿਰਪੱਖ, ਵਰਗ-ਜਾਤ ਅਤੇ ਲੁੱਟ-ਖਸੁੱਟ ਤੋਂ ਰਹਿਤ ਹੋਵੇ।
‘ਯੁਗਾਂਤਰ ਆਸ਼ਰਮ’ ਅਜਿਹੇ ਭਾਰਤ ਦਾ ਛੋਟਾ ਰੂਪ ਹੀ ਸੀ। ਇਹ ਲੋਕ ਇਕ-ਦੂਜੇ ਨੂੰ ਧਾਰਮਿਕ ਬੋਲ-ਚਾਲ ਦੀ ਥਾਂ ‘ਵੰਦੇ ਮਾਤ੍ਰਮ’ ਆਖ ਕੇ ਬੁਲਾਉਂਦੇ ਅਤੇ ਮਿਲਦੇ ਸਨ। ਜੁੱਤੀਆਂ ਅਤੇ ਧਰਮ ਨੂੰ ਉਹ ਦਰਵਾਜ਼ੇ ਤੋਂ ਬਾਹਰ ਹੀ ਛੱਡ ਆਉਂਦੇ ਸਨ। ਇਕੱਠੇ ਪਕਾਉਂਦੇ, ਇਕੱਠੇ ਖਾਂਦੇ ਅਤੇ ਮਿਲ ਕੇ ਗਦਰ ਅਖ਼ਬਾਰ ਛਾਪਦੇ। ਸੁਭਾਗ ਨਾਲ ਜਿਥੇ ਲਾਲਾ ਹਰਦਿਆਲ, ਮੌਲਵੀ ਬਰਕਤ ਉੱਲਾ ਅਤੇ ਭਾਈ ਭਗਵਾਨ ਸਿੰਘ ਵਰਗੇ ਫਿਲਾਸਫਰ ਤੇ ਵਿਦਵਾਨ ਸਨ, ਉਥੇ ਸਿਰੜੀ ਕਿਸਾਨ ਹਰੀ ਸਿੰਘ ਉਸਮਾਨ ਵਰਗੇ ਤਿਆਗੀ ਵੀ ਸਨ ਜਿਨ੍ਹਾਂ ਆਪਣੀ ਕਮਾਈ ਅਤੇ ਜਾਇਦਾਦ ਗ਼ਦਰ ਪਾਰਟੀ ਨੂੰ ਦਾਨ ਕਰ ਦਿੱਤੀ ਸੀ। ਇਨ੍ਹਾਂ ਵਿਚ ਸੀ ਨੌਜਵਾਨ ਵਿਦਿਆਰਥੀ ਅਤੇ ਸਖ਼ਤ ਮਿਹਨਤੀ ਕਰਤਾਰ ਸਿੰਘ ਸਰਾਭਾ ਜਿਸ ਨੇ 19 ਸਾਲ ਦੀ ਉਮਰ ਵਿਚ ਸ਼ਹੀਦੀ ਪਾਈ। ਇਨ੍ਹਾਂ ਨਾਲ ਅਮਰੀਕਾ ਵਿਚ ਵਸੇ ਦੋ ਦਲਿਤ ਪਰਵਾਸੀ ਵੀ ਸਨ। ਇਨ੍ਹਾਂ ਵਿਚੋਂ ਇਕ ਸਨ ਮੰਗੂ ਰਾਮ ਜਿਨ੍ਹਾਂ ਨੂੰ ਭਾਰਤ ਵਿਚ ਪੜ੍ਹਨ ਲਈ ਸਕੂਲ ਦੇ ਕਮਰੇ ਦੇ ਬਾਹਰ ਬੈਠਣਾ ਪੈਂਦਾ ਸੀ। ਉਸ ਨੇ ਇਸ ਮਾਹੌਲ ਵਿਚ ਰਹਿੰਦਿਆਂ ਖੁਸ਼ੀ ਵਿਚ ਆਖਿਆ, “ਮੈਂ ਆਪਣੇ ਜੀਵਨ ਵਿਚ ਪਹਿਲੀ ਵਾਰ ਆਪਣੇ ਆਪ ਨੂੰ ਬਰਾਬਰ ਅਤੇ ਆਜ਼ਾਦ ਮਨੁੱਖ ਦੇ ਰੂਪ ਵਿਚ ਦੇਖਿਆ ਹੈ।” ਇਸੇ ਹੀ ਪਾਰਟੀ ਨੇ ਮੰਗੂ ਰਾਮ ਅਤੇ ਚਾਰ ਹੋਰ ਸਾਥੀਆਂ ਦੀ ਅਗਵਾਈ ਹੇਠ ਹਥਿਆਰਾਂ ਨਾਲ ਭਰਿਆ ਜਹਾਜ਼ ਭਾਰਤ ਲੈ ਜਾਣ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਸੀ। ਮੰਦੇ ਭਾਗੀਂ ਭਾਰਤ ਪਹੁੰਚਣ ‘ਤੇ ਇਸ ਦੇਸ਼ ਭਗਤ ਨੂੰ ਸਮਾਜ ਨੇ ਫਿਰ ਵੀ ਅਛੂਤ ਹੀ ਮੰਨਿਆ। ਆਪਣੇ ਆਪ ਨੂੰ ਇਸ ਸਰਾਪ ਤੋਂ ਮੁਕਤ ਕਰਨ ਲਈ ਉਨ੍ਹਾਂ ਆਦਿ ਧਰਮ ਮੰਡਲ ਬਣਾ ਕੇ ਦਲਿਤਾਂ ਵਿਚ ਸੁਤੰਤਰਤਾ ਅਤੇ ਆਤਮ-ਵਿਸ਼ਵਾਸ ਪੈਦਾ ਕਰਨ ਲਈ ਅੰਦੋਲਨ ਚਲਾਇਆ।
‘ਗ਼ਦਰ’ ਅਖ਼ਬਾਰ ਦੇ ਛਪਣ ਉਪਰੰਤ ਗ਼ਦਰ ਪਾਰਟੀ ਨੇ ਕਈ ਛੋਟੀਆਂ-ਛੋਟੀਆਂ ਕਿਤਾਬਾਂ ਵੀ ਛਾਪੀਆਂ। ਇਨ੍ਹਾਂ ਵਿਚ ਸਨ ‘ਗੁਲਾਮੀ ਦਾ ਜ਼ਹਿਰ’, ‘ਨਵਾਂ ਜ਼ਮਾਨੇ ਦੇ ਨਵੇਂ ਆਦਰਸ਼’, ‘ਜ਼ੁਲਮ! ‘ਗੋਰੇ ਸ਼ਾਹੀ ਜ਼ੁਲਮ’, ‘ਹਿੰਦੂ ਨਸਲ ਦੀ ਸਮਾਜਕ ਜਾਤ ਅਤੇ ਬਰਾਬਰੀ ਦੇ ਅਰਥ।’ ਇਨ੍ਹਾਂ ਸਭ ਵਿਚ ਜਿਥੇ ਬ੍ਰਿਟਿਸ਼ ਸਾਮਰਾਜ ਵਿਰੁਧ ਨਫ਼ਰਤ ਦੀ ਅੱਗ ਸੀ, ਉਥੇ ਭਾਰਤ ਸਮਾਜ ਦੀ ਪਿਛੇ ਖਿੱਚੂ, ਗਲੀ-ਸੜੀ ਵਿਵਸਥਾ ਦੀ ਤਿੱਖੀ ਆਲੋਚਨਾ ਅਤੇ ਨਵੇਂ ਤਰਕਸ਼ੀਲ ਸਮਾਜ, ਨਵੇਂ ਰਾਜ ਦੀ ਸਥਾਪਨਾ ਬਾਰੇ ਵੀ ਜਾਣਕਾਰੀ ਸੀ। ਇਨ੍ਹਾਂ ਰਚਨਾਵਾਂ ਨੇ ਪਰਵਾਸੀ ਭਾਰਤੀ ਸਮਾਜ ਨੂੰ ਰੱਬ ਆਸਰੇ ਅਤੇ ਕਿਸਮਤ ਦੀ ਨਿਰਾਸ਼ਾ ਵਿਚੋਂ ਕੱਢ ਕੇ ਆਤਮ-ਵਿਸ਼ਵਾਸੀ ਅਤੇ ਕ੍ਰਾਂਤੀਕਾਰੀ ਸਮਾਜ ਵਿਚ ਬਦਲ ਦਿੱਤਾ।
‘ਗ਼ਦਰ’ ਦਾ ਸਭ ਤੋਂ ਪ੍ਰਭਾਵਸ਼ਾਲੀ ਹਿੱਸਾ ਸੀ ਉਸ ਵਿਚ ਛਪਣ ਵਾਲੀਆਂ ਕਵਿਤਾਵਾਂ। ਇਨ੍ਹਾਂ ਕਵਿਤਾਵਾਂ ਦੀ ਰਚਨਾ ਲੋਕ ਗੀਤਾਂ ਦੀ ਪਰੰਪਰਾ ਅਨੁਸਾਰ ਲੋਕ ਛੰਦਾਂ ਵਿਚ ਕੀਤੀ ਗਈ ਸੀ। ਇਹ ਦਿਲਾਂ ‘ਤੇ ਸਿੱਧਾ ਅਸਰ ਕਰਦੀਆਂ। ਇਨ੍ਹਾਂ ਕਵਿਤਾਵਾਂ ਵਿਚ ਉਸ ਭਾਰਤ ਦਾ ਵਰਣਨ ਸੀ ਜੋ ਕਦੀ ਸਭਿਅਤਾ, ਸੰਸਕ੍ਰਿਤੀ, ਗਿਆਨ, ਵਿਗਿਆਨ, ਦੌਲਤ ਅਤੇ ਸਨਮਾਨ ਵਿਚ ਦੁਨੀਆ ਭਰ ਵਿਚੋਂ ਸਿਰਮੌਰ ਸੀ; ਪਰ ਗੁਲਾਮੀ ਦੇ ਜੂਲੇ ਹੇਠ ਆਪਣੀ ਤਾਕਤ, ਸਮਰੱਥਾ ਸਭ ਕੁਝ ਗੁਆ ਬੈਠਾ ਸੀ। ਇਨ੍ਹਾਂ ਕਵਿਤਾਵਾਂ ਵਿਚ ਪਰਵਾਸੀ ਭਾਰਤੀਆਂ ਦਾ ਦਰਦ ਦੋ ਧਾਰੀ ਤਲਵਾਰ ਵਾਂਗ ਹੈ ਜਿਨ੍ਹਾਂ ਦਾ ਇੱਜ਼ਤ-ਮਾਣ ਨਾ ਆਪਣੇ ਦੇਸ਼ ਵਿਚ ਸੀ ਅਤੇ ਨਾ ਹੀ ਪਰਦੇਸ ਵਿਚ,
ਦੇਸ਼ ਪੈਣ ਧੱਕੇ, ਬਾਹਰ ਮਿਲੇ ਢੋਈ ਨਾ,
ਸਾਡਾ ਪਰਦੇਸੀਆਂ ਦਾ ਦੇਸ ਕੋਈ ਨਾ।
ਇਸ ਤਰ੍ਹਾਂ ਘਰੋਂ ਬੇਘਰ ਹੋਣ ਦਾ ਦੁੱਖ ਉਨ੍ਹਾਂ ਨੂੰ ਵੱਢ-ਵੱਢ ਖਾਂਦਾ। ਇਹ ਦੁੱਖ ਹੋਰ ਵੀ ਕਰੁਣਾਮਈ ਹੋ ਜਾਂਦਾ ਜਦੋਂ ਉਨ੍ਹਾਂ ਨੂੰ ਪਰਦੇਸਾਂ ਵਿਚ ਨਸਲਵਾਦ ਦੇ ਜ਼ਹਿਰੀਲੇ ਬੋਲ ਸੁਣਨੇ ਪੈਂਦੇ,
ਭਲਾ ਜੀਵਣੇ ਦਾ ਕਾਹਦਾ ਹਾਲ ਸਾਡਾ,
ਸਾਡੇ ਕੁੱਤਿਆਂ ਤੋਂ ਭੈੜੇ ਹਾਲ ਹੋ ਗਏ।
ਕੁਲੀ ਕੁਲੀ ਕਹਿ ਕੇ ਦੁਨੀਆ ਨੱਕ ਚਾੜ੍ਹੇ,
ਵੀਰੋ ਅਸੀਂ ਬੇਸ਼ਰਮ ਕਮਾਲ ਹੋ ਗਏ।
ਦੁੱਖ ਤਾਂ ਇਸ ਗੱਲ ਦਾ ਵੀ ਸੀ ਕਿ ਭਾਰਤ ਵਿਚ ਬ੍ਰਿਟਿਸ਼ ਸਾਮਰਾਜ, ਭਾਰਤੀਆਂ ਦੇ ਧਨ ਨਾਲ ਹੀ ਉਨ੍ਹਾਂ ‘ਤੇ ਜ਼ੁਲਮ ਕਰਦਾ,
ਸਾਡੇ ਪੈਸੇ ਨਾਲ ਸਾਡਾ ਸਿਰ ਕੁੱਟ ਕੇ,
ਜ਼ਾਲਮ ਫਰੰਗੀ ਲੈ ਗਏ ਦੇਸ ਲੁੱਟ ਕੇ।
—
ਪੈਸਾ ਸੂਤ ਸਾਰਾ ਹਿੰਦ ਦੇਸ਼ ਵਾਲਾ,
ਇੰਗਲੈਂਡ ਵਿਚ ਲਈ ਜਾਣ ਲੋਕੋ।
ਲੁੱਟੀ ਲਈ ਜਾਂਦੇ ਦਿਨ ਰਾਤ ਡਾਕੂ,
ਭੁੱਖੇ ਮਰਨ ਗਰੀਬ ਕਿਸਾਨ ਲੋਕੋ।
ਇਸ ਲੁੱਟ ਦਾ ਪ੍ਰਭਾਵ ਇਹ ਪਿਆ,
ਭਾਰਤ ਵਿਚ ਨਾ ਢੂੰਡਿਆ ਮਿਲੇ ਕੌਡੀ,
ਮਾਲਾ ਮਾਲ ਹੋ ਗਿਆ ਇੰਗਲਸਤਾਨ ਵੀਰੋ।
ਕੁੱਤੇ ਖਾਣ ਫਿਰੰਗੀ ਦੇ ਪੇਟ ਭਰ ਕੇ,
ਭੁੱਖੇ ਹਿੰਦ ਦੇ ਮਰਨ ਇਨਸਾਨ ਵੀਰੋ।
ਇਸ ਗਰੀਬੀ ਨੇ ਉਨ੍ਹਾਂ ਨੂੰ ਰੋਜ਼ੀ-ਰੋਟੀ ਦੀ ਭਾਲ ਵਿਚ ਸੱਤ ਸਮੁੰਦਰੋਂ ਪਾਰ ਜਾਣ ਲਈ ਮਜਬੂਰ ਕੀਤਾ ਸੀ,æææਤੇ ਉਥੇ ਉਨ੍ਹਾਂ ਨੂੰ ਮਿਲਦੀ ਘ੍ਰਿਣਾ, ਫਿਟਕਾਰ, ਦੁੱਖ ਅਤੇ ਹੋਰ ਸਜ਼ਾ। ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਜਿਨ੍ਹਾਂ ਲੋਕਾਂ ਨਾਲ ਆਪਣੇ ਦੇਸ਼ ਵਿਚ ਕੁੱਤਿਆਂ ਤੋਂ ਵੀ ਭੈੜਾ ਸਲੂਕ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਵਿਦੇਸ਼ਾਂ ਵਿਚ ਵੀ ਚੰਗੇ ਸਲੂਕ ਦੀ ਆਸ ਨਹੀਂ ਰੱਖਣੀ ਚਾਹੀਦੀ; ਉਸ ਦੇਸ਼ ਵਿਚ ਤਾਂ ਬਿਲਕੁਲ ਹੀ ਨਹੀਂ ਜਿਥੇ ਲੋਕ ਗੁਲਾਮੀ ਨੂੰ ਨਫ਼ਰਤ ਕਰਦੇ ਹਨ। ਉਹ ਸਮਝ ਗਏ ਕਿ ਗੁਲਾਮਾਂ ਦਾ ਕੋਈ ਮਹਜ਼ਬ ਨਹੀਂ ਹੁੰਦਾ ਤੇ ਨਾ ਹੀ ਉਨ੍ਹਾਂ ਦੀ ਕੋਈ ਇੱਜ਼ਤ ਹੁੰਦੀ ਹੈ। ਅਮਰੀਕੀ ਗੋਰਿਆਂ ਦੀਆਂ ਨਜ਼ਰਾਂ ਵਿਚ ਤਾਂ ਉਹ ਗੰਦੇ ਕੱਪੜੇ ਨਾਲ ਸਿਰ ਢੱਕੀ, ‘ਦਾੜ੍ਹੀ ਮੁੱਛਾਂ ਵਾਲੀ ਕਾਲੀ ਕਾਇਰ ਭੇਡ ਵਰਗੀਆਂ ਔਰਤਾਂ’ ਹਨ; ਬੇਸ਼ੱਕ ਉਹ ਬ੍ਰਿਟਿਸ਼ ਸਾਮਰਾਜ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਦੇ ਦੇਣ, ਗੋਰਿਆਂ ਦੇ ਦਿਮਾਗ ਵਿਚ ਕਾਲੇ ਗੁਲਾਮ ਹੀ ਹਨ,
ਦੁਨੀਆ ਵਿਚ ਨਾਮ ਗੁਲਾਮ ਸਾਡਾ,
ਸਾਡਾ ਝੂਲਦਾ ਨਹੀਂ ਨਿਸ਼ਾਨ ਵੀਰੋ।
ਭੇਡਾਂ ਵਾਂਗ ਤੁਰਦੇ ਅੱਗੇ ਗੋਰਿਆਂ ਦੇ,
ਸਾਨੂੰ ਕਰੇ ਮਖੌਲ ਜਹਾਨ ਵੀਰੋ।
ਕਾਲਾ ਦੇਖ ਗ਼ੁਲਾਮੀ ਦਾ ਦਾਗ ਮੱਥੇ,
ਧੱਕੇ ਮਾਰਦਾ ਕੁਲ ਜਹਾਨ ਵੀਰੋ।
ਕੀਤੇ ਯੁੱਧ ਬੜੇ ਖਾਤਿਰ ਗੋਰਿਆਂ ਦੇ,
ਹੋਈ ਭੁੱਲ ਬੜੀ ਅਣਜਾਣ ਵੀਰੋ।
ਇਸੇ ਕਾਰਨ ਆਪਸੀ ਭੇਦਭਾਵ ਤੇ ਫੁੱਟ ਕਰ ਕੇ ਅਸੀਂ 1857 ਦਾ ਯੁੱਧ ਹਾਰ ਗਏ ਅਤੇ ਗੁਲਾਮ ਰਹੇ। ਹੁਣ ਇਸ ਭੁੱਲ ਨੂੰ ਸੁਧਾਰਨ ਦਾ ਇਕੋ ਇਕ ਰਸਤਾ ਹੈ- ਸਿਰ ਹਥੇਲੀ ‘ਤੇ ਰੱਖ ਕੇ ਗ਼ਦਰ ਕਰਨਾ,
ਸਭੇ ਗਲਤੀਆਂ ਤੇ ਪਾਪ ਜਾਣ ਧੋਤੇ,
ਖਾਤਿਰ ਲੜਾਂਗੇ ਜਾ ਹਿੰਦੋਸਤਾਨ ਵੀਰੋ।
ਕਸਮ ਹਿੰਦੂਆਂ ਵੇਦ ਗ੍ਰੰਥ ਵਾਲੀ,
ਮੁਸਲਮਾਨ ਨੂੰ ਕਸਮ ਕੁਰਾਨ ਵੀਰੋ।
æææਤੇ ਚਿਤਾਵਨੀ ਦਿੰਦੇ ਹੋਏ ਗਦਰੀਆਂ ਨੇ ਕਿਹਾ,
ਜਿਹੜਾ ਲੜੇ ਨਾ ਨਾਲ ਫਰੰਗੀਆਂ ਦੇ,
ਸੋਈ ਤੁਖਮ ਹਰਾਮ ਸ਼ੈਤਾਨ ਵੀਰੋ।
ਇਉਂ ਪਰਵਾਸੀ ਭਾਰਤੀਆਂ ਦੇ ਮਨਾਂ ਵਿਚ ਇਹ ਬੈਠ ਗਿਆ ਕਿ ਗ਼ਦਰ ਤੋਂ ਸਿਵਾ ਆਪਣੀ ਇੱਜ਼ਤ, ਸਨਮਾਨ ਅਤੇ ਗੌਰਵ ਨੂੰ ਪਾਉਣ, ਬਚਾਉਣ ਦਾ ਕੋਈ ਰਸਤਾ ਨਹੀਂ ਹੈ। ਕੇਵਲ ਬਗਾਵਤ ਲਈ ਤਿਆਰੀ ਕਰਨਾ ਇਕੋ ਇਕ ਉਦੇਸ਼ ਅਤੇ ਗ਼ਦਰ ਲਈ ਅਰਦਾਸ ਹੀ ਇਕੋ ਇਕ ਜਾਪ ਸੀ। “ਜੇ ਤੁਸੀਂ ਕੋਈ ਗੱਲ ਕਰਦੇ ਹੋ ਤਾਂ ਗ਼ਦਰ ਦੀ ਗੱਲ ਕਰੋ; ਜੇ ਸੁਪਨਾ ਵੇਖਦੇ ਹੋ ਤਾਂ ਗ਼ਦਰ ਦਾ ਸੁਪਨਾ ਵੇਖੋ; ਜੋ ਕੁਝ ਖਾਂਦੇ ਹੋ ਤਾਂ ਗ਼ਦਰ ਲਈ ਖਾਓ। ਮਜ਼੍ਹਬਾਂ ਦੇ ਝਗੜੇ ਜਾਂ ਵੇਦ ਕੁਰਾਨ ਦੇ ਝਗੜਿਆਂ ਵਿਚ ਫਸੇ ਰਹਿਣਾ ਮੂਰਖਤਾ ਹੈ।” ਗ਼ਦਰੀਆਂ ਦੀ ਸਲਾਹ ਮਜ਼੍ਹਬੀ ਜਨੂੰਨੀਆਂ ਤੋਂ ਦੂਰ ਰਹਿਣ ਦੀ ਸੀ ਜੋ ਲੋਕਾਂ ਨੂੰ ਹਕੀਕਤ ਤੋਂ ਭਟਕਾ ਰਹੇ ਸਨ,
ਸਾਨੂੰ ਲੋੜ ਨਾ ਪੰਡਤਾਂ ਕਾਜ਼ੀਆਂ ਦੀ,
ਨਹੀਂ ਸ਼ੌਂਕ ਹੈ ਬੇੜਾ ਡੁਬਾਵਣੇ ਦਾ।
ਜਪ ਜਾਪ ਦਾ ਵਕਤ ਬਤੀਤ ਹੋਇਆ,
ਸਮਾਂ ਆ ਗਿਆ ਤੇਗ ਉਠਾਵਣੇ ਦਾ।
ਇਹੀ ਨਹੀਂ, ਕੁਝ ਧਾਰਮਿਕ ਲੀਡਰਾਂ ਬਾਰੇ ਇਸ ਤਰ੍ਹਾਂ ਵੀ ਕਿਹਾ,
ਤੁਸੀਂ ਝਗੜਿਆਂ ਵਿਚ ਮਸ਼ਗੂਲ ਹੋਏ,
ਜਿਵੇਂ ਕੰਮ ਜਨਾਨੀਆਂ ਰੰਡੀਆਂ ਦਾ।
ਗਏ ਗਰਕ ਹਿੰਦੂ-ਮੁਸਲਮਾਨ ਸਾਰੇ,
ਆਇਆ ਜਦੋਂ ਦਾ ਰਾਜ ਫਰੰਗੀਆਂ ਦਾ।
—
ਆਪਸ ਵਿਚ ਲੜਨਾ ਮੰਦਾ ਕੰਮ ਫੜਿਆ,
ਝਗੜੇ ਝਗੜ ਹਿੰਦੂ ਮੁਸਲਮਾਨ ਵਾਲੇ।
ਹੀਰਾ ਹਿੰਦ ਹੀਰਾ ਖਾਕ ਰੋਲ ਦਿੱਤਾ,
ਰੌਲੇ ਘੱਤ ਕੇ ਵੇਦ ਕੁਰਾਨ ਵਾਲੇ।
ਗ਼ਦਰੀਆਂ ਨੂੰ ਅਹਿਸਾਸ ਹੋ ਗਿਆ ਸੀ ਕਿ ਸਾਨੂੰ ਗੁਲਾਮ ਬਣਾਉਣ ਲਈ, ਸੁਤੰਤਰਤਾ ਸੰਗਰਾਮਾਂ ਦੀ ਅਸਫਲਤਾ ਅਤੇ ਗੁਲਾਮ ਬਣਾਈ ਰੱਖਣ ਲਈ ਗ਼ਦਾਰ ਭਾਰਤੀ ਵੀ ਉਨੇ ਹੀ ਦੋਸ਼ੀ ਹਨ, ਜਿੰਨੇ ਬ੍ਰਿਟਿਸ਼; ਬਲਕਿ ਉਨ੍ਹਾਂ ਨਾਲੋਂ ਵੀ ਵੱਧ। ਬ੍ਰਿਟਿਸ਼ ਲੁੱਟਦੇ ਹਨ ਤਾਂ ਆਪਣੇ ਦੇਸ਼ ਲਈ, ਪਰ ਇਹ ਗ਼ਦਾਰ ਤਾਂ ਮਾਤਘਾਤੀ ਹਨ। ਉਨ੍ਹਾਂ ਪ੍ਰਤੀ ਗ਼ਦਰੀਆਂ ਵਿਚ ਗਹਿਰੀ ਨਫ਼ਰਤ ਭਰੀ ਹੋਈ ਸੀ। ਮਕਸਦ ਦੀ ਪ੍ਰਾਪਤੀ ਲਈ ਅਜਿਹੇ ਦੇਸ਼ਘਾਤੀ, ਚੰਡਾਲ, ਸਵਾਰਥੀ, ਭਾੜੇ ਦੇ ਟੱਟੂ ਅਤੇ ਟੋਡੀ ਬੱਚਿਆਂ ਦਾ ਖਾਤਮਾ ਕਰਨਾ ਉਨ੍ਹਾਂ ਦੇ ਏਜੰਡੇ ਦਾ ਖਾਸ ਹਿੱਸਾ ਸੀ। ਗ਼ਦਾਰਾਂ ਨਾਲ ਸਿੱਝਣ ਲਈ ਉਹ ਪਹਿਲ ‘ਤੇ ਸਨ,
ਪਿੱਛੋਂ ਦੇਖਾਂਗੇ ਵੱਲ ਫਰੰਗੀਆਂ ਦੇ,
ਪਹਿਲਾਂ ਦੇਸ਼ਘਾਤੀ ਸਮਝਾ ਲਈਏ।
ਤੇ ਹੋਰ æææ
ਉਨ੍ਹਾਂ ਤੁਖ਼ਮ ਹਰਾਮ ਦੇ ਪੁੱਤ ਜਾਣੋ,
ਮਦਦ ਕਰਨ ਜੋ ਇਸ ਸਰਕਾਰ ਵਾਲੀ।
ਜਾਤ-ਪਾਤ, ਭਾਸ਼ਾ, ਧਰਮ ਅਤੇ ਪ੍ਰਾਂਤਾਂ ਦੇ ਆਧਾਰ ‘ਤੇ ਵੰਡੀਆਂ ਪਾਉਣ ਵਾਲੇ ਅਨਸਰਾਂ ਦੇ ਗ਼ਦਰੀ ਸਖ਼ਤ ਵਿਰੋਧੀ ਸਨ। ਉਨ੍ਹਾਂ ਨੇ ਆਪਣੀ ਪਛਾਣ, ਆਪਣਾ ਸਾਰਾ ਵਜੂਦ, ਆਪਣੇ ਆਪ ਨੂੰ ਹਿੰਦੁਸਤਾਨੀ ਆਖ ਕੇ ਉਸ ਵਿਚ ਸਮੋ ਲਿਆ। ਗ਼ਦਰ ਦੇ ਨੌਜਵਾਨ ਮਹਾਂਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਲਿਖਿਆ ਸੀ,
ਜੋ ਕੋਈ ਪੂਛੇ ਕਿ ਕੌਣ ਹੋ ਤੁਮ,
ਤੋ ਕਹਿ ਦੋ ਬਾਗੀ ਹੈ ਨਾਮ ਅਪਨਾ।
ਜ਼ੁਲਮ ਮਿਟਾਨਾ ਹਮਾਰਾ ਪੇਸ਼ਾ,
ਗ਼ਦਰ ਕਰਨਾ ਹੈ ਕਾਮ ਅਪਨਾ।
ਨਮਾਜ਼ ਸੰਧਿਆ ਯਹੀ ਹਮਾਰੀ,
ਔਰ ਪਾਠ ਪੂਜਾ ਸਭੀ ਯਹੀ ਹੈ।
ਧਰਮ ਕਰਮ ਸਭ ਯਹੀ ਹੈ ਹਮਾਰਾ,
ਯਹੀ ਖੁਦਾ ਹੈ ਔਰ ਰਾਮ ਅਪਨਾ।
ਹੋਰ ਇਸ ਤਰ੍ਹਾਂ ਵੀ,
ਨਾ ਹਿੰਦੂ ਹੈਂ ਨਾ ਮੁਸਲਮਾਨ,
ਨਾ ਹੀ ਤੁਰਕਸਤਾਨੀ ਹੈਂ।
ਯਹਾਂ ਜਿਤਨੇ ਵੀ ਹੈਂ ਹਮ,
ਸਭ ਹਿੰਦੁਸਤਾਨੀ ਹੈਂ।
16 ਨਵੰਬਰ 1915 ਨੂੰ ਜਦੋਂ 19 ਸਾਲ ਦੀ ਉਮਰ ਵਿਚ ਕਰਤਾਰ ਸਿੰਘ ਸਰਾਭਾ ਨੇ ਸ਼ਹਾਦਤ ਪਾਈ ਤਾਂ ਫਾਂਸੀ ਦੇ ਫੰਦੇ ਨੂੰ ਚੁੰਮਦਿਆਂ ਉਨ੍ਹਾਂ ਗਾਇਆ,
ਯਹੀ ਪਾਓਗੇ ਮਹਿਸ਼ਰ ਮੇਂ ਜ਼ੁਬਾਂ ਮੇਰੀ, ਬਿਆਂ ਮੇਰਾ।
ਮੈਂ ਬੰਦਾ ਹਿੰਦ ਵਾਲੋਂ ਕਾ ਹੂੰ, ਹੈ ਹਿੰਦੋਸਤਾਂ ਮੇਰਾ।
ਮੈਂ ਹਿੰਦੀ, ਠੇਠ ਹਿੰਦੀ, ਖੂਨ ਹਿੰਦੀ, ਜਾਤ ਹਿੰਦੀ ਹੂੰ,
ਯਹੀ ਮਜ਼ਹਬ, ਯਹੀ ਫਿਰਕਾ, ਯਹੀ ਹੈ ਖਾਨਦਾਂ ਮੇਰਾ।
ਮੈਂ ਇਸ ਉਜੜੇ ਹੂਏ ਭਾਰਤ ਕੇ ਖੰਡਰ ਕਾ ਏਕ ਜ਼ੱਰਾ ਹੂੰ,
ਯਹੀ ਬਸ ਏਕ ਪਤਾ ਮੇਰਾ, ਯਹੀ ਨਾਮੋ ਨਿਸ਼ਾਂ ਮੇਰਾ।
—
‘ਗ਼ਦਰ’ ਅਖ਼ਬਾਰ ਵਿਚ ਛਪੀਆਂ ਇਨਕਲਾਬੀ ਰਾਸ਼ਟਰੀ ਕਵਿਤਾਵਾਂ ਦਾ ਸੰਗ੍ਰਹਿ ‘ਗ਼ਦਰ ਦੀ ਗੂੰਜ’ ਨਾਂ ਹੇਠ ਬਹੁਤ ਸਾਰੀਆਂ ਕਿਤਾਬਾਂ ਛਾਪੀਆਂ ਗਈਆਂ। ਹਿੰਦੀ, ਉਰਦੂ ਕਵਿਤਾਵਾਂ ਦਾ ਸੰਗ੍ਰਹਿ ‘ਦੇਸ਼ ਭਗਤਾਂ ਦੀ ਬਾਣੀ’ ਕਰ ਕੇ ਛਾਪਿਆ ਗਿਆ। ਇਨ੍ਹਾਂ ਕਿਤਾਬਾਂ ਦੀਆਂ ਕਈ ਹਜ਼ਾਰ ਕਾਪੀਆਂ ਮੁਫ਼ਤ ਵਿਚ ਵੰਡੀਆਂ ਗਈਆਂ। ਉਨ੍ਹਾਂ ਵਿਚਲੀਆਂ ਕਵਿਤਾਵਾਂ ਦੇਸ਼ ਭਗਤਾਂ ਦੀ ਜ਼ੁਬਾਨ ‘ਤੇ ਗੂੰਜਣ ਲੱਗੀਆਂ। ਦਿਨ ਤਿਉਹਾਰ ਅਤੇ ਜਲਸਿਆਂ ਵਿਚ ਇਹ ਪੜ੍ਹੀਆਂ ਅਤੇ ਸੁਣੀਆਂ ਜਾਣ ਲੱਗੀਆਂ। ਜਦੋਂ 4 ਅਗਸਤ 1914 ਨੂੰ ਪਹਿਲੇ ਵਿਸ਼ਵ ਯੁੱਧ ਦਾ ਐਲਾਨ ਹੋਇਆ ਤਾਂ ਹਜ਼ਾਰਾਂ, ਗ਼ਦਰੀ ਦੇਸ਼ ਭਗਤ ਆਪਣੀ ਜਾਇਦਾਦ, ਗ਼ਦਰ ਆਸ਼ਰਮ ਨੂੰ ਦਾਨ ਕਰ ਭਾਰਤ ਚਲੇ ਗਏ। ਉਹ ਗ਼ਦਰ ਦੀ ਗੂੰਜ ਦੇ ਗੀਤ ਗਾਉਂਦੇ, ਆਜ਼ਾਦੀ ਲਈ ਲੜ ਮਰਨ ਖਾਤਰ ਉਨ੍ਹਾਂ ਦੇ ਖੂਨ ਜੋਸ਼ ਵਿਚ ਸੀ। ਕਰਤਾਰ ਸਿੰਘ ਸਰਾਭਾ ਵਾਂਗ ਉਹ ਵੀ ਜਾਣਦੇ ਸਨ ਕਿ ਉਨ੍ਹਾਂ ਦਾ ਰਾਹ ਕੰਡਿਆਂ ਭਰਿਆ ਹੈ,
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ,
ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।
ਆਜ਼ਾਦੀ ਦੇ ਇਹ ਪ੍ਰਵਾਨੇ ਦੇਸ਼ ਤੋਂ ਮਰ ਮਿਟਣ ਲਈ ਕਾਹਲੇ ਸਨ। ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਉਨ੍ਹਾਂ ਦਾ ਖੂਨ ਕਦੀ ਬੇਕਾਰ ਨਹੀਂ ਜਾਵੇਗਾ। ਉਨ੍ਹਾਂ ਨੂੰ ਰਾਮ ਚੰਦਰ ਪੇਸ਼ਾਵਰੀ ਦੇ ਸ਼ਬਦਾਂ ‘ਤੇ ਪੂਰਾ ਭਰੋਸਾ ਸੀ,
ਹਮਾਰਾ ਹਿੰਦ ਭੀ ਫੂਲੇ ਫਲੇਗਾ ਏਕ ਦਿਨ ਲੇਕਿਨ,
ਮਿਲੇਂਗੇ ਖਾਕ ਮੇ ਲਾਖੋਂ ਹਮਾਰੇ ਗੁਲ ਬਦਨ ਪਹਿਲੇ।
ਤੇ ਕਰਤਾਰ ਸਿੰਘ ਸਰਾਭਾ ਦੀ ਦਲੇਰੀ ਇਨ੍ਹਾਂ ਸਤਰਾਂ ਵਿਚ ਦੇਖੀ ਜਾ ਸਕਦੀ ਹੈ,
ਜ਼ੁਬਾਨੇ ਖ਼ਲਕ ਸੇ ਸੁਨ ਕਰ ਖੁਸ਼ ਹੋਨਾ ਮੇਰੀ ਮਾਤਾ,
ਚੜ੍ਹੇ ਫਾਂਸੀ ਪੇ ਹੱਸ ਹੱਸ ਕਰ ਤੇਰੇ ਲਖਤੇ-ਜਿਗਰ ਹੋਂਗੇ।
16 ਨਵੰਬਰ 1916 ਨੂੰ ਲਾਹੌਰ ਸੈਂਟਰਲ ਜੇਲ੍ਹ ਵਿਚ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਜਗਤ ਸਿੰਘ ਆਦਿ ਸੱਤ ਸੂਰਮੇ ਫਾਂਸੀ ਦੇ ਰੱਸੇ ਚੁੰਮ ਕੇ ਸ਼ਹੀਦ ਹੋ ਗਏ। ਉਮਰ ਕੈਦ ਦੀ ਸਜ਼ਾ ਪਾਉਣ ਵਾਲਿਆਂ ਨੂੰ ਸ਼ਹੀਦ ਨਾਂ ਹੋਣ ਦਾ ਅਫ਼ਸੋਸ ਸੀ। ਉਨ੍ਹਾਂ ਵਿਚੋਂ ਇਕ ਪੰਡਿਤ ਜਗਤ ਰਾਮ ਨੇ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ‘ਤੇ ਕਿਹਾ ਸੀ,
ਫਖ਼ਰ ਹੈ ਭਾਰਤ ਕੋ, ਏ ਕਰਤਾਰ ਤੂੰ ਜਾਤਾ ਹੈ ਆਜ।
ਜਗਤ ਔਰ ਪਿੰਗਲੇ ਕੋ ਭੀ ਤੂੰ ਸਾਥ ਲੇ ਜਾਤਾ ਹੈ ਆਜ।
ਹਮ ਤੁਮਾਰੇ ਮਿਸ਼ਨ ਕੋ ਪੂਰਾ ਕਰੇਂਗੇ ਸਾਥੀਓ,
ਕਸਮ ਹਰ ਹਿੰਦੀ ਤੁਮਾਰੇ ਖੂਨ ਸੇ ਖਾਤਾ ਹੈ ਆਜ।
ਕਾਸ਼! ਅੱਜ ਉਨ੍ਹਾਂ ਸ਼ਹੀਦਾਂ ਦੇ ਸੁਪਨਿਆਂ ਦੇ ਭਾਰਤ ਨੂੰ ਸਾਕਾਰ ਕਰਨ ਲਈ ਉਸ ਕਸਮ ਨੂੰ ਹਰ ਭਾਰਤੀ ਨਿਭਾ ਸਕਦਾ!
Leave a Reply