ਬੀਤੇ ਹਫ਼ਤੇ ਦੀ ‘ਪੰਜਾਬ ਟਾਈਮਜ਼’ (24 ਅਗਸਤ) ਵਿਚ ਗੁਰਦਿਆਲ ਸਿੰਘ ਬਲ ਦੇ ਲੰਮੇ ਲੇਖ ਦੀ ਤੀਜੀ ਕਿਸ਼ਤ ਪੜ੍ਹੀ। ਇਹ ਲੇਖ ਲੜੀ ਸੁਰਿੰਦਰ ਨੀਰ ਦੇ ਨਾਵਲ ‘ਮਾਇਆ’ ਦੀ ਚੀਰ-ਫਾੜ ਵਜੋਂ ਲਿਖੀ ਗਈ ਹੈ। ਕੌਮਾਂਤਰੀ ਸਾਹਿਤ ਪੜ੍ਹਾਕੂ ਹੋਣ ਨਾਤੇ ਸ੍ਰੀ ਬੱਲ ਨੇ ‘ਮਾਇਆ’ ਦੇ ਪਾਤਰਾਂ ਦੇ ਕਿਰਦਾਰਾਂ ਦੀ ਪੁਣ-ਛਾਣ ਕਰਦਿਆਂ ਜਗਤ ਪ੍ਰਸਿੱਧ ਨਾਵਲਾਂ ਦੇ ਬਿਰਤਾਂਤ ਨਾਲ ਉਨ੍ਹਾਂ ਦਾ ਟਾਕਰਾ ਵੀ ਕੀਤਾ ਹੈ। ਸ੍ਰੀ ਬੱਲ ਦੀ ਅਥਾਹ ਜਾਣਕਾਰੀ ਤੋਂ ਬਲਿਹਾਰ ਜਾਣ ਨੂੰ ਜੀ ਕਰਦਾ ਹੈ ਅਤੇ ਉਨ੍ਹਾਂ ਦੀ ਲਿਖਣ-ਸ਼ੈਲੀ ਆਪਣੀ ਮਿਸਾਲ ਆਪ ਹੈ, ਪਰ ਉਹ ਵੱਖ-ਵੱਖ ਨਾਵਲਾਂ ਦਾ ਵਿਸ਼ਲੇਸ਼ਣ ਕਰਦਿਆਂ ਉਕਾਈ ਖਾਂਦੇ ਜਾਪਦੇ ਹਨ, ਜਦੋਂ ਉਹ ਵੱਖ-ਵੱਖ ਸਭਿਆਚਾਰਾਂ ਤੋਂ ਉਪਜੇ ਵਾਕਿਆਤ ਨੂੰ ਇਕੋ ਨਜ਼ਰੀਏ ਨਾਲ ਮਾਪਣ ਦਾ ਯਤਨ ਕਰਦੇ ਹਨ।
ਮਿਸਾਲ ਵਜੋਂ ਤੀਜੀ ਕਿਸ਼ਤ ਵਿਚ ਉਹ ਔਰਤ ਨੂੰ ਮਿਲੀ ਆਜ਼ਾਦੀ ਦੀ ਗੱਲ ਕਰਦਿਆਂ ਲਿਖਦੇ ਹਨ ਕਿ ‘ਅੱਜਕੱਲ੍ਹ ਯੂਨੀਵਰਸਿਟੀ ਕੈਂਪਸ ਵਿਚ ਜੀਨ ਪਹਿਨੀ ਕੁੜੀਆਂ ਨੂੰ ਭੱਜ-ਭੱਜ ਕੇ ਆਪਣੇ ਹਾਣੀਆਂ ਨੂੰ ਮਿਲਦਿਆਂ ਜਦੋਂ ਦੇਖੀਦਾ ਹੈ ਤਾਂ ਮਨ ਨੂੰ ਬੇਹੱਦ ਤਸੱਲੀ ਹੁੰਦੀ ਹੈ æææ ਸਾਡੇ ਜਿਉਂਦੇ-ਜੀਅ ਕੁੜੀਆਂ ਨੂੰ ਸਵੈ-ਪ੍ਰਗਟਾਵੇ ਲਈ ਮਿਲੀ ਖੁੱਲ੍ਹ ਦਾ ਇਨਕਲਾਬ ਕੀ ਨਿੱਕੀ ਕਰਾਮਾਤ ਨਹੀਂ?’
ਇਹ ਦ੍ਰਿਸ਼ ਕਿਸੇ ਪੱਛਮੀ ਦੇਸ਼ ਦੀ ਯੂਨੀਵਰਸਿਟੀ ਵਿਚ ਤਾਂ ਮੰਨਿਆ ਜਾ ਸਕਦਾ ਹੈ, ਪਰ ਕੀ ਇਹ ਸਾਡੇ ਭਾਰਤ ਦੀ ਸੱਭਿਅਕ ਵਿਰਾਸਤ ਦੇ ਅਨੁਕੂਲ ਹੈ? ਕੀ ਕੁੜੀਆਂ ਲਈ ਸਵੈ-ਪ੍ਰਗਟਾਵੇ ਦਾ ਇਹੋ ਇਕ ਵਸੀਲਾ ਰਹਿ ਗਿਆ ਹੈ ਕਿ ਉਹ ਟਪੂਸੀਆਂ ਮਾਰਦੀਆਂ ਹੋਈਆਂ ਮੁੰਡਿਆਂ ਨੂੰ ਜੱਫੀਆਂ ਪਾਉਣ? ਜਿਸ ਸੀਨ ਨੂੰ ਸ੍ਰੀ ਬੱਲ ਬਾਗੋ-ਬਾਗ ਹੁੰਦਿਆਂ, ਨਿੱਕੀ ਕਰਾਮਾਤ ਦੱਸ ਰਹੇ ਹਨ, ਕੀ ਉਸੇ ਸੀਨ ਨੂੰ ਦੇਖ ਕੇ ਉਹ ਬਾਪ ਵੀ ਬਾਘੀਆਂ ਪਾਵੇਗਾ, ਜਿਸ ਦੀ ਆਪਣੀ ਧੀ ਉਸੇ ਕੈਂਪਸ ਦੀ ਵਿਦਿਆਰਥਣ ਹੋਵੇ?
ਮੰਨਿਆ ਕਿ ਨਾਵਲ ਕਹਾਣੀਆਂ ਵਿਚ ਸਥਾਨਕ ਸਮਾਜੀ ਵਰਤਾਰਿਆਂ ਦਾ ਹੀ ਪਰਤੌਅ ਹੁੰਦਾ ਹੈ, ਪਰ ਇਨ੍ਹਾਂ ਦੇ ਪਾਤਰਾਂ ਦੀ ਵਾਗਡੋਰ ਲੇਖਕ ਦੇ ਹੱਥ ਵਿਚ ਹੀ ਹੁੰਦੀ ਹੈ। ‘ਇਕ ਸੀ ਰਾਜਾ ਇੱਕ ਸੀ ਰਾਣੀ, ਦੋਨੋਂ ਮਰ ਗਏ ਖ਼ਤਮ ਕਹਾਣੀ’ ਕਹਿ ਕੇ ਉਹ ਗੱਲ ਮੁਕਾ ਵੀ ਸਕਦਾ ਹੈ ਤੇ ਰਾਜਿਆਂ ਦੀਆਂ ਰਾਣੀਆਂ ਪਿੱਛੇ ਆਪਸੀ ਲੜਾਈਆਂ ਨੂੰ ਲਮਕਾ-ਲਮਕਾ ਕੇ ਪੋਥੇ ਵੀ ਭਰ ਸਕਦਾ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਨਾਵਲੀ ਸੰਸਾਰ ਦੇ ਪਾਤਰਾਂ ਦੇ ਸੁਪਨ-ਸੰਸਾਰ ਨਾਲੋਂ ਯਥਾਰਥ ਕਿਤੇ ਭਿੰਨ ਹੁੰਦਾ ਹੈ, ਪਰ ਚੱਲ ਰਹੀ ਲੇਖ ਲੜੀ ਵਿਚ ਸ੍ਰੀ ਬੱਲ ਵੱਖ-ਵੱਖ ਨਾਵਲਾਂ ਦੇ ਪਾਤਰਾਂ ਨੂੰ ਯਥਾਰਥ ਵਜੋਂ ਚਿਤਵਦਿਆਂ ਆਪਣੀ ਲਿਖਤ ਨੂੰ ਲੱਸੀ ‘ਚ ਪਾਣੀ ਪਾਉਣ ਵਾਂਗ ਵਧਾਈ ਜਾ ਰਹੇ ਹਨ। ਮੈਨੂੰ ਤਾਂ ਇਹ ਵੀ ਸਮਝ ਨਹੀਂ ਆਉਂਦੀ ਕਿ ਪੰਜਾਬ ਟਾਈਮਜ਼ ਅਜਿਹੀ ਖਿਲਾਰੇ ਵਾਲੀ ਲਿਖਤ ਕਿਉਂ ਛਾਪੀ ਜਾ ਰਿਹਾ ਹੈ, ਜਦੋਂਕਿ ਇਹੋ ਥਾਂ ਪਾਠਕਾਂ ਦੀ ਦਿਲਚਸਪੀ ਵਾਲੀ ਹੋਰ ਸਮਗਰੀ ਲਈ ਵਰਤੀ ਜਾ ਸਕਦੀ ਹੈ। ਸੁਰਿੰਦਰ ਨੀਰ ਨੂੰ ਜਿਸ ਤਰ੍ਹਾਂ ਸ੍ਰੀ ਬੱਲ ਚੜ੍ਹਾ ਰਹੇ ਹਨ, ਮੈਨੂੰ ਤਾਂ ਇਹ ਨਹੀਂ ਸਮਝ ਨਹੀਂ ਆਉਂਦੀ ਕਿ ਕੀ ਉਹ ਦਾਸਤੋਵਸਕੀ ਹੈ, ਮੈਕਸਿਮ ਗੋਰਕੀ ਜਾਂ ਫਿਰ ਫਰਾਂਜ ਕਾਫਕਾ? ਸ੍ਰੀ ਬੱਲ ਜਿਹੇ ਦਰਵੇਸ਼ ਚਿੰਤਕਾਂ ਨੂੰ ਤਾਂ ਡੁੱਬਦੇ ਜਾ ਰਹੇ ਆਪਣੇ ਪੰਜਾਬ ਲਈ ਕੋਈ ਸਾਰਥਕ ਉਪਰਾਲੇ ਬੰਨ੍ਹਣ ਵਿਚ ਜੁੱਟ ਜਾਣਾ ਚਾਹੀਦਾ ਹੈ। ਨਾਟਕਾਂ ਨਾਵਲਾਂ ਦੀਆਂ ਕਹਾਣੀਆਂ ਦੇ ਪਾਣੀ ‘ਚ ਮਧਾਣੀ ਪਾਉਣ ਵਾਲੇ ਹੋਰ ਬਥੇਰੇ ਲਿਖਾਰੀ ਹਨ।
-ਕਮਿੱਕਰ ਸਿੰਘ ਹੇਵਰਡ
Leave a Reply